27 April 2024

ਆਪਣੀ ਪੈੜ ਦਾ ਚੇਤਾ – ਗੁਰਮੀਤ ਸਿੰਘ ਸੰਧੂ

ਆਪਣੀ ਪੈੜ ਦਾ ਚੇਤਾ

-ਗੁਰਮੀਤ ਸਿੰਘ ਸੰਧੂ-

1972 ਦੀ ਗਲ ਹੈ। ਮੈਂ ਉਹਨਾਂ ਦਿਨਾਂ ਵਿਚ ਸਾਊਥਾਲ ਹੀ ਰਹਿੰਦਾ ਸਾਂ। ਪਾਰਕ ਐਵਨਿਊ ਦੇ ਉਸ ਘਰ ਦੇ ਬਜੁਰਗ ਮਾਲਕ ਸਮਰਾ ਜੋੜੀ ਨਾਲ ਮੇਰਾ ਬੜਾ ਨੇੜਲਾ ਸਬੰਧ ਬਣ ਗਿਆ ਸੀ ।ਇਹ ਘਰ ਉਹਨਾਂ ਪੰਦਰਾਂ ਵਰ੍ਹੇ ਪਹਿਲਾਂ ਖਰੀਦਿਆ ਸੀ। ਮਮੂਲੀ ਕਿਸ਼ਤ ਦਾ ਬਹੁਤਾ ਮਾਇਕ ਬੋਝ ਨਾਂ ਹੋਣ ਕਰਕੇ ਮੇਰੇ ਸਿਵਾ ਉਸ ਘਰ ਵਿਚ ਹੋਰ ਕਿਰਾਏਦਾਰ ਰੱਖਣ ਦੀ ਉਹਨਾਂ ਨੂੰ ਲੋੜ ਨਹੀਂ ਪਈ। ਧੀ ਨੌਟਿੰਘਮ ਵਿਆਹੀ ਹੋਈ ਸੀ, ਜਿਹੜੀ ਬੱਚਾ ਜੰਮਣ ਸਾਰ ਹੀ ਰੱਬ ਨੂੰ ਪਿਆਰੀ ਹੋ ਗਈ, ਉਹਦੇ ਪਤੀ ਨੇ ਦੂਸਰਾ ਵਿਆਹ ਕਰਵਾ ਲਿਆ, ਦੋਹਤਾ ਇਹ ਲੈ ਆਏ ਸਨ। ਵੱਡਾ ਲੜਕਾ ਕੈਨੇਡਾ ਚਲਾ ਗਿਆ ਸੀ। ਦੁਸਰਾ ਲੰਡਨ ਯੁਨੀਵਰਸਿਟੀ ‘ਚ ਪੜ੍ਹਦਾ ਸੀ, ਜਿਹੜਾ ਕਦੀ ਕਦਾਈਂ ਹੀ ਗੇੜਾ ਮਾਰਦਾ। ਉਹ ਮੈਨੂੰ ਵੀ ਆਪਣਾ ਪੁੱਤਰ ਹੀ ਸਮਝਦੇ ਅਤੇ ਮੇਰੇ ਖਾਣ ਪੀਣ ਦਾ ਖਿਆਲ ਵੀ ਰਖਦੇ । ਉਸ ਸਾਲ ਗਰਮੀ ਕਾਫੀ ਨਿੱਘ ਲੇ ਕੇ ਆਈ ਸੀ, ਅਪਰੈਲ ਵਿਚ ਹੀ ਕੋਟ ਸੁਆਟਰ ਲਹਿ ਗਏ ਸਨ। ਘਰਾਂ ਪਾਰਕਾਂ ਵਿਚ ਫੁਲ ਬੂਟੇ ਟਹਿਕ ਪਏ ਸਨ, ਚਾਰੇ ਪਾਸੇ ਹਰਿਆਵਲ ਪਸਰ ਰਹੀ ਸੀ। ਮੇਰੇ ਲੈਂਡ ਲਾਰਡ ਸਮਰਾ ਸਾਹਿਬ ਦਾ ਇਕ ਰਿਸ਼ਤੇਦਾਰ ਦਿੱਲੀ ਪੁਲਸ ਵਿਚ ਸੀਨੀਅਰ ਅਧਿਕਾਰੀ ਸੀ, ਉਹ ਇੰਟਰਪੋਲ ਦੀ ਕਿਸੇ ਕੌਮਾਂਤਰੀ ਕਾਨਫਰੰਸ ਵਿਚ ਭਾਗ ਲੈਣ ਲਈ ਸਕਾਟਲੈਂਡ ਯਾਰਡ ਦੇ ਸੱਦੇ ‘ਤੇ ਲੰਡਨ ਆਇਆ ਸੀ। ਕਾਨਫਰੰਸ ਖਤਮ ਹੋਈ, ਉਹ ਸਮਰਾ ਸਾਹਿਬ ਦੇ ਘਰ ਕੁਝ ਦਿਨਾਂ ਲਈ ਮਹਿਮਾਨ ਬਣ ਕੇ ਆ ਗਿਆ। ਮੈਂ ਬਹਾਰ ਦੇ ਮੌਸਮ ਦਾ ਅਨੰਦ ਲੈਣ ਲਈ ਪਹਿਲਾਂ ਹੀ ਛੁੱਟੀਆਂ ‘ਤੇ ਸਾਂ। ਸਮਰਾ ਸਾਹਿਬ ਕਹਿਣ ਲਗੇ ‘ਜੇ ਤੇਰਾ ਹੋਰ ਕੋਈ ਪ੍ਰੋਗਰਾਮ ਨਹੀਂ ਤਾਂ ਭਾਈ ਸਾਹਿਬ ਨੂੰ ਲੰਡਨ ਹੀ ਵਿਖਾ ਦੇ‘। ਪੈਸੇ ਖਰਚ ਕੇ ਛੁੱਟੀਆਂ ‘ਤੇ ਜਾਣ ਦੀ ਸਮੱਰਥਾ ਓਦੋਂ ਮੇਰੇ ਵਿਚ ਨਹੀਂ ਸੀ। ਸਮਰਾ ਸਾਹਿਬ ਦੇ ਵੱਡੇ ਪੁਲਸ ਅਫਸਰ ਰਿਸ਼ਤੇਦਾਰ ਨਾਲ ਮੁਫਤ ਘੁੱਮਣ ਫਿਰਨ ਦਾ ਸੱਦਾ ਪਰਵਾਨ ਕਰਨ ਵਿਚ ਮੈਨੂੰ ਕੀ ਇਤਰਾਜ਼ ਹੋਣਾ ਸੀ? ਅਸੀਂ ਸਵੇਰੇ ਹੀ 207 ਨੰਬਰ ਬਸ ਲੈ ਕੇ ਈਲਿੰਗ ਬਰਾਡਵੇ ਸਟੇਸ਼ਨ ‘ਤੇ ਪਹੁਚੰਦੇ, ਉਥੋਂ ਅੰਡਰ ਗਰਾਊਂਡ ਟਰੇਨ ਰਾਹੀਂ ਮਸ਼ਹੂਰ ਥਾਵਾਂ ਦੇਖਣ ਲਈ ਜਾਂਦੇ। ਟਰਫਾਲਗਰ ਸੁਕੇਅਰ, ਪਿਕਾਡਿਲੀ ਸਰਕਸ, ਆਕਸਫੋਰਡ ਸਟਰੀਟ, ਹਾਈਡ ਪਾਰਕ, ਮੈਡਮ ਟੂਸਾਰਡ, ਅਲਬਰਟ ਮਿਊਜੀਅਮ, ਬਿਗ ਬੈਨ, ਲੰਡਨ ਬਰਿਜ ਅਸੀਂ ਹਫਤੇ ਭਰ ਵਿਚ ਵੇਖ ਲਏ ਸਨ। ਇਹਨਾਂ ਦਿਨਾਂ ਵਿਚ ਇਕੱਠੇ ਰਹਿੰਦਿਆਂ ਅਸੀਂ ਕਾਫੀ ਘੁਲ ਮਿਲ ਗਏ ਸਾਂ। ਮੈਨੂੰ ਉਹ ਕੋਈ ਵੱਡਾ ਆਈ. ਪੀ. ਐਸ ਅਫਸਰ ਨਹੀਂ ਸੀ ਜਾਪਦਾ, ਅਤੇ ਉਹ ਵੀ ਮੈਨੂੰ ਆਪਣਾ ਨਿੱਕਾ ਭਰਾ ਹੀ ਸਮਝਦਾ ਸੀ। ਉਹਦਾ ਕੋਈ ਕਾਲਜ ਵੇਲੇ ਦਾ ਜਮਾਤੀ ਵੈਸਟ ਈਲਿੰਗ ਰਹਿੰਦਾ ਸੀ। ਆਪਣੇ ਉਸ ਜਮਾਤੀ ਨੂੰ ਮਿਲਣ ਜਾਣ ਲਈ ਵੀ ਉਹਨੇ ਮੈਨੂੰ ਨਾਲ ਹੀ ਰਖਿਆ। ਐਤਵਾਰ ਦਾ ਦਿਨ ਸੀ, ਦੁਪਹਿਰ ਦੇ ਖਾਣੇ ਦੀ ‘ਦਾਅਵਤ ‘ਤੇ ਅਸੀਂ 11 ਕੁ ਵਜੇ ਉਹਨਾਂ ਦੇ ਘਰ ਪਹੁੰਚੇ । ਪੁਰਾਣੇ ਜਮਾਤੀ ਵਰ੍ਹਿਆਂ ਬਾਦ ਗਲਵਕੜੀ ਪਾ ਕੇ ਮਿਲੇ ਸਨ। ਉਹਦੇ ਦੋਸਤ ਨੇ ਆਪਣੀ ਪਤਨੀ, ਵੀਹ ਕੁ ਵਰ੍ਹਿਆਂ ਦੀ ਧੀ ਅਤੇ ਅਠਾਰਾਂ ਕੁ ਸਾਲ ਦੇ ਪੁੱਤਰ ਨੂੰ ਮਿਲਾਇਆ। ਕੁਝ ਪਲਾਂ ਬਾਦ ਪੁਲਸ ਅਫਸਰ ਨੇ ਮੇਰੇ ਬਾਰੇ ਦਸਿਆ।

‘ਇਹ ਆਪਣਾ ਅਜ਼ੀਜ ਹੈ। ਪਿਛੋਂ ਇਹਦਾ ਪਿੰਡ ਲੁਧਿਆਣੇ ਜ਼ਿਲੇ ‘ਚ ਹੈ ਸਾਹਨੇਵਾਲ।’
‘ਸਾਹਨੇਵਾਲ! ਧਰਮਿੰਦਰ ਦਾ ਪਿੰਡ।‘
ਕੁੜੀ ਅਤੇ ਮੁੰਡਾ ਇਕੋ ਸਾਹ ਬੋਲ ਪਏ।
‘ਹਾਂ’ ਮੇਰੇ ਮੂਹੋਂ ਨਿਕਲਿਆ।

‘ਤੁਸੀਂ ਧਰਮਿੰਦਰ ਨੂੰ ਜਾਣਦੇ ਹੋ!‘

ਕੁੜੀ ਵਲੋਂ ਇਹ ਦੂਸਰਾ ਸਵਾਲ ਸੀ, ਅਤੇ ਉਹਦੇ ਚਿਹਰੇ ‘ਤੇ ਉਤਸੁਕਤਾ ਅਤੇ ਹੈਰਾਨੀ ਦੇ ਚਿੰਨ ਉਭਰ ਆਏ ਸਨ। ਮੈਨੂੰ ਲਗਾ ਜਿਵੇਂ ਧਰਮ ਵੀਰ ਜੀ ਮੇਰੇ ‘ਚ ਸਮਾ ਗਏ ਹੋਣ। ਸਤਾਈਵੇਂ ਵਰ੍ਹੇ ਦੀ ਦਹਿਲੀਜ਼ ‘ਤੇ ਖਲੋਤਾ ਮੇਰਾ ਵਜੂਦ ਜਿਵੇਂ ਧਰਮਿੰਦਰ ਹੀ ਬਣ ਗਿਆ ਹੋਵੇ। ਮੇਰੇ ਸਰੀਰ ਵਿਚ ਇਕ ਅਜੀਬ ਝੁਨਝੁਨਾਹਟ ਪੈਦਾ ਹੋ ਰਹੀ ਸੀ। ਕੁੜੀ ਦੀਆਂ ਝੀਲ ਵਰਗੀਆਂ ਅੱਖਾਂ ਮੇਰੇ ਧੁਰ ਅੰਦਰ ਲਹਿ ਗਈਆਂ ਸਨ, ਜਿਵੇਂ ਉਹਨੂੰ ਸ਼ਾਖਸ਼ਾਤ ਧਰਮਿੰਦਰ ਦੇ ਦਰਸ਼ਨ ਹੋ ਗਏ ਹੋਣ। ਪੁਲਸ ਅਫਸਰ ਨੇ ਮੇਰੀ ਅਤੇ ਕੁੜੀ ਦੀ ਹਾਲਤ ਨੂੰ ਭਾਂਪ ਲਿਆ ਸੀ, ਉਹਨੇ ਝੱਟ ਆਖਿਆ ‘ਆਹੋ ਬੜੀ ਚੰਗੀ ਤਰ੍ਹਾਂ ਜਾਣਦੈ ਇਹ ਧਰਮਿੰਦਰ ਨੂੰ‘। ਮੇਰੇ ਸਾਹ ‘ਚ ਸਾਹ ਆਇਆ ਤਾਂ ਮੇਰੇ ਮੂਹੋਂ ਨਿਕਲਿਆ’ ਫਿਲਮਾਂ ਵਿਚ ਜਾਣ ਤੋਂ ਪਹਿਲਾਂ ਧਰਮ ਵੀਰ ਜੀ ਪਿੰਡ ਹੀ ਤਾਂ ਹੁੰਦੇ ਸੀ‘। ਪੁਲਸ ਅਫਸਰ ਸਾਡੀ ਇਸ ਭਾਵੁਕ ਵਾਰਤਾਲਾਪ ਵਿਚ ਵਿਘਨ ਨਹੀਂ ਸੀ ਪਾਉਣਾ ਚਾਹੁੰਦਾ, ਉਹਨੇ ਆਪਣੇ ਦੋਸਤ ਅਤੇ ਉਹਦੀ ਪਤਨੀ ਨੂੰ ਕਿਹਾ‘ ਚਲੋ ਆਪਾਂ ਬਾਹਰ ਬੈਠਦੇ ਹਾਂ। ਸਾਨੂੰ ਫਰੰਟ ਰੂਮ ਵਿਚ ਛੱਡ ਕੇ, ਉਹ ਸਾਰੇ ਪਿਛਲੇ ਯਾਰਡ ਵਿਚ ਜਾ ਬੈਠੇ। ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਧਰਮਿੰਦਰ ਦੇ ਪਿੰਡ ਦਾ ਹੋਣਾ ਕਿੰਨੇ ਗੌਰਵ ਦੀ ਗੱਲ ਹੈ। ਇੰਜ ਪਹਿਲਾਂ ਵੀ ਕਈ ਵਾਰੀ ਹੋਇਆ ਸੀ, ਜਦੋਂ ਮੇਰੇ ਪਿਛੋਕੜ ਸਬੰਧੀ ਕੋਈ ਮੈਨੂੰ ਪੁਛਦਾ, ਮੇਰੇ ਪਿੰਡ ਦਾ ਨਾਂ ਦੱਸਣ ‘ਤੇ, ਝੱਟ ਅਗੋਂ ਇਹ ਸੁਨਣ ਨੂੰ ਮਿਲਦਾ। ‘ਅੱਛਾ! ਤਾਂ ਤੁਸੀਂ ਧਰਮਿੰਦਰ ਦੇ ਪਿੰਡ ਦੇ ਓ‘।

ਇਸ ਤੋੱ ਪਿਛੋਂ ਹੋਰ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਪਰ ਅੱਜ ਤਾਂ ਮੇਰੇ ਸਾਹਮਣੇ ਬੈਠੀ ਕੁੜੀ ਧਰਮਿੰਦਰ ਦੇ ਜਾਦੂ ਵਿਚ ਏਨੀ ਰੰਗੀ ਹੋਈ ਸੀ ਕਿ ਉਹ ਆਪਣੇ ਚਹੇਤੇ ਹੀਰੋ ਬਾਬਤ ਬੜਾ ਕੁਝ ਜਾਨਣ ਲਈ ਕਾਹਲੀ ਸੀ। ਮੈਂ ਵੀ ਇਹਨਾਂ ਘੜੀਆਂ ਨੂੰ ਰੱਜ ਕੇ ਮਾਨਣਾ ਚਾਹੁੰਦਾ ਸਾਂ। ਮੈਂ ਧਰਮਿੰਦਰ ਦੇ ਫਿਲਮਾਂ ‘ਚ ਜਾਣ ਤੋਂ ਪਹਿਲਾਂ ਦੇ ਦਿਨਾਂ ਦੀਆਂ ਕੁਝ ਸੱਚੀਆਂ ਅਤੇ ਕੁਝ ਕਲਪਿਤ ਘਟਨਾਵਾਂ ਸੁਣਾਉਂਦਾ ਰਿਹਾ। ਜਿਸਦਾ ਅਸਰ ਮੈਂ ਨਾਲੋ ਨਾਲ ਉਸ ਕੁੜੀ ਦੇ ਚਿਹਰੇ ‘ਤੇ ਪੜ੍ਹ ਰਿਹਾ ਸਾਂ। ਪਤਾ ਨਹੀਂ ਕਦੋਂ ਉਹਦੀ ਮਾਂ ਸਾਡੇ ਅੱਗੇ ਚਾਹ ਅਤੇ ਮਿਠਾਈ ਰੱਖ ਗਈ ਸੀ ਅਤੇ ਜਦੋਂ ਦੋ ਵਜੇ ਉਹਨਾਂ ਖਾਣੇ ਲਈ ਸਾਨੂੰ ਵਾਜ ਮਾਰੀ, ਅਸੀਂ ਹਾਲੇ ਵੀ ਧਰਮਿੰਦਰ ਦੀਆਂ ਗਲਾਂ ਵਿਚ ਰੁਝੇ ਹੋਏ ਸਾਂ। ਉਹਨਾਂ ਤੋਂ ਵਿਛੜਨ ਲਗਿਆਂ ਕੁੜੀ ਦੀ ਮਾਂ ਨੇ ਆਖਿਆ ‘ਕਾਕਾ ਤੂੰ ਫਿਰ ਵੀ ਆਉਂਦਾ ਰਹੀਂ, ਨਾਲੇ ਸਾਡੇ ਬੱਚਿਆਂ ਦਾ ਵੀ ਦਿਲ ਲਗਾ ਰਹੂ‘ ਇਹ ਤਾਂ ਜਦੋਂ ਦੇ ਆਏ ਨੇ ਓਦਰੇ ਪਏ ਨੇ‘। ਕੁੜੀ ਨੇ ਮੇਰੀਆਂ ਅੱਖਾਂ ‘ਚ ਝਾਕ ਕੇ ਦੋਬਾਰਾ ਆਉਣ ਦਾ ਇਕਰਾਰ ਧਰਮਿੰਦਰ ਦਾ ਵਾਸਤਾ ਪਾ ਕੇ ਹੀ ਲਿਆ ਸੀ।

ਉਸੇ ਵਰੵੇ ਦੇ ਅੰਤ ਵਿਚ ਕੁੜੀ ਦਾ ਵਿਆਹ ਹੋ ਗਿਆ, ਇਕ ਦਿਨ ਅਚਾਨਕ ਉਹ ਮੈਨੂੰ ਡੁਮੀਨੀਅਨ ਸਿਨਮੇ ਵਿਚ ਆਪਣੇ ਪਤੀ ਨਾਲ ਧਰਮਿੰਦਰ ਦੀ ਨਵੀਂ ਰੀਲੀਜ ਹੋਈ ਫਿਲਮ ‘ਸੀਤਾ ਔਰ ਗੀਤਾ‘ ਦੇ ਸ਼ੋ ‘ਤੇ ਭੀੜ ‘ਚ ਖਲੋਤੀ ਦਿਸ ਪਈ। ਮੈਨੂੰ ਵੀ ਉਹਨੇ ਦੇਖ ਲਿਆ ਸੀ। ਸ਼ੋ ਖਤਮ ਹੋਇਆ ਸਿਨੇਮਾ ਹਾਲ ਦੇ ਬਾਹਰ ਖਲੋਤੀ ਉਹ ਮੈਨੂੰ ਉਡੀਕ ਰਹੀ ਸੀ। ਮੇਰੇ ਕੋਲ ਆਉਣ ‘ਤੇ ਆਪਣੇ ਪਤੀ ਨਾਲ ਮਿਲਾਇਆ। ਦਸਣ ਲਗੀ ਕਿ ਇਹ ਮੇਰੇ ਡੈਡੀ ਦੇ ਦੋਸਤ ਨੇ ਅਤੇ ਧਰਮਿੰਦਰ ਦੇ ਪਿੰਡ ਦੇ ਨੇ। ਏਨਾਂ ਆਖ ਕੇ ਉਹ ਕੁੜੀ ਤਾਂ ਭਾਵੇਂ ਚਲੀ ਗਈ ਪਰ ਧਰਮਿੰਦਰ ਦੀ ਫਿਲਮ ਵੇਖਣ ਆੲੈ ਸੈਕੜੇ ਦਰਸ਼ਕਾਂ ਵਿਚ ਮੇਰੀ ਪਹਿਚਾਣ, ਉਹਦੇ ਪਿੰਡ ਦਾ ਹੋਣ ਕਰਕੇ ਧਰਤੀ ‘ਤੇ ਮੇਰੇ ਪੈਰੇ ਨਹੀਂ ਸੀ ਲੱਗਣ ਦੇ ਰਹੀ।

ਨਵੰਬਰ 1974 ਵਿਚ ਮੇਰੇ ਵਿਆਹ ਵਾਲੇ ਦਿਨ ਲਾਵਾਂ ਤੋਂ ਬਾਅਦ ਮੇਰੀਆਂ ਸਾਲੀਆਂ ਨੇ ਮੈਨੂੰ ਮਖੌਲ ਕਰਨੇ ਸ਼ੁਰੂ ਕੀਤੇ । ਇਕ ਨੇ ਕਿਹਾ: ‘ਸਾਹਨੇਵਾਲ ਦੇ ਜੱਟ, ਧਰਮਿੰਦਰ ਤੋਂ ਨਹੀਂ ਘੱਟ,।

ਮੇਰੇ ਕੰਨੀਂ ਇਹ ਬੋਲ ਵੀ ਪਏ।

‘ਧਰਮਿੰਦਰ ਦੇ ਪਿੰਡ ਦੇ ਹੋ, ਕੋਈ ਡਾਇਲੌਗ ਹੀ ਸੁਣਾ ਦਿਓ‘

‘ਨੀ ਮੂਵੀ ਕੈਮਰਾ ਲਿਆਓ, ਇਹ ਤਾਂ ਤਾਂ ਹੀ ਮੂੰਹ ਖੋਹਲੂ‘। ਕਿਸੇ ਹੋਰ ਨੇ ਆਖਿਆ।ਅਤੇ ਮੇਰੀ ਜੁਬਾਨ ਨੂੰ ਤਾਂ ਜਿਵੇਂ ਤਾਲਾ ਹੀ ਲਗ ਗਿਆ ਸੀ।

ਹੰਸ ਰਾਜ ਮਹਿਲਾ ਵਿਦਿਆਲਾ ਜਲੰਧਰ ਤੋਂ ਮੇਰੀ ਜੀਵਨ ਸਾਥਣ ਰਾਜ ਨੇ ਬੀ ਏ ਕੀਤੀ ਸੀ ਅਤੇ ਵਿਆਹ ਤੋਂ ਥੋੜੇ ਦਿਨਾਂ ਬਾਦ ਕਨਵੋਕੇਸ਼ਨ ‘ਤੇ ਮੈਂ ਰਾਜ ਨਾਲ ਉਹਦੇ ਕਾਲਜ ਗਿਆ। ਸਮਾਗਮ ਤੋਂ ਬਾਦ ਕਾਲਜ ਦੇ ਲਾਅਨ ਵਿਚ ਬੈਠਿਆਂ ਰਾਜ ਦੀਆਂ ਜਮਾਤਣਾਂ ਚੋਂ ਇਕ ਨੇ ਬੜੇ ਨਖ਼ਰੇ ਨਾਲ ਆਖਿਆ।

‘ਰਾਜੀ ਸੁਣਿਆ ਤੇਰੇ ਸਹੁਰੇ ਧਰਮਿੰਦਰ ਦੇ ਪਿੰਡ ਨੇ, ਕਦੋਂ ਆਈਏ ਤੇਰੇ ਸਹੁਰਿਆਂ ਦਾ ਪਿੰਡ ਵੇਖਣ‘।

ਹਾਸਾ ਟੁਣਕਿਆ ਅਤੇ ਮੇਰੇ ਨਾਲ ਮੁਟਿਆਰ ਕੁੜੀਆਂ ਦੀ ਛੇੜ ਛਾੜ ਚਲਦੀ ਰਹੀ, ਬਹੁਤੀਆਂ ਧਰਮਿੰਦਰ ਬਾਰੇ ਹੀ ਜਾਨਣ ਦੀਆਂ ਇਛੁਕ ਸਨ ਅਤੇ ਮੈਂ ਉਹਨਾਂ ਦੇ ਝੁੰਡ ‘ਚ ਬੈਠਾ ਆਪਣੇ ਆਪ ਨੂੰ ਧਰਮਿੰਦਰ ਹੀ ਮਹਿਸੂਸ ਕਰ ਰਿਹਾ ਸਾਂ। ਮਹੀਨੇ ਕੁ ਬਾਦ ਮੈਂ ਅਤੇ ਰਾਜ ਆਪਣੀ ਛੋਟੀ ਭੈਣ ਨੂੰ ਮਿਲਣ ਚੰਡੀਗੜ੍ਹ ਗਏ, ਵਾਪਸੀ ‘ਤੇ ਬਸ ਵਿਚ ਬੈਠਿਆਂ ਰਾਜ ਨੇ ਅਚਾਨਕ ਸਵਾਲ ਕੀਤਾ।

‘ਏਨੇ ਦਿਨ ਹੋ ਗਏ ਨੇ ਆਪਣਾ ਵਿਆਹ ਹੋਏ ਨੂੰ, ਤੁਸੀਂ ਹਾਲੇ ਤਕ ਮੈਨੂੰ ਧਰਮਿੰਦਰ ਦਾ ਘਰ ਤਾਂ ਦਿਖਾਇਆ ਹੀ ਨਹੀਂ।’

ਬਸ ਨੂੰ ਕੁਹਾੜੇ ਪਹੁੰਚਿਦਿਆਂ ਚਾਰ ਵਜ ਗਏ ਸਨ। ਸਿਆਲ ਦੀ ਨਿੱਘੀ ਧੁਪ ਵਿਚ ਅਸੀਂ ਸਾਹਨੇਵਾਲ ਲਈ ਪੈਦਲ ਹੀ ਤੁਰ ਪਏ ਸਾਂ। ਪਿੰਡ ਪਹੁੰਚਦਿਆਂ ਹਨੇਰਾ ਪਸਰਨਾ ਸ਼ੁਰੂ ਹੋ ਗਿਆ ਸੀ, ਕਾਲੇ ਮਹਿਰ ਵਲੋਂ ਬਾਜਾਰ ਵੜਦਿਆਂ ਤ੍ਰਿਵੇਣੀ ਕੋਲੋਂ ਪ੍ਰਾਇਮਰੀ ਸਕੂਲ ਦੇ ਨਾਲ ਦੀ ਗਲੀ ਵਿਚੋਂ ਲੰਘ ਕੇ ਮੈਂ ਜਦੋਂ ਖੱਬੇ ਪਾਸੇ ਮੁੜ ਕੇ ਪਹਿਲੇ ਘਰ ਵਲ ਇਸ਼ਾਰਾ ਕੀਤਾ, ਤਾਂ ਰਾਜਿਆਂ ਕਾ ਸੀਤਲ ਲੰਘਿਆ ਜਾਂਦਾ ਬੋਲ ਪਿਆ ‘ਆਹੋ ਭਾਈ ਇਹੋ ਘਰ ਐ ਧਰਮਿੰਦਰ ਦਾ, ਇਥੋਂ ਹੀ ਗਿਆ ਸੀ ਉਹ ਬੰਬੇ‘। ਸਾਲ 2003 ਵਿਚ ਸਾਡੀ ਨੂੰਹ ਨੇ ਜਦੋਂ ਅਮਰੀਕਾ ਲਈ ਤੁਰਨਾ ਸੀ, ਉਹਦੀਆਂ ਭੈਣਾਂ , ਸਹੇਲੀਆਂ ਉਹਨੂੰ ਵਿਦਾ ਕਰਨ ਲਈ ਇਕ ਦਿਨ ਪਹਿਲਾਂ ਸਾਹਨੇਵਾਲ ਆ ਗਈਆਂ। ਉਹ ਜਦੋਂ ਚਾਹ ਪੀ ਹਟੀਆਂ ਮੇਰੀ ਨੂੰਹ ਮੈਨੂੰ ਆਖਣ ਲੱਗੀ।

‘ਡੈਡੀ ਇਹ ਸਾਰੀਆਂ ਧਰਮਿੰਦਰ ਅੰਕਲ ਦੀ ਕੋਠੀ ਦੇਖਣਾ ਚਾਹੁੰਦੀਆਂ, ਨਾਲੇ ਮੈਨੂੰ ਵੀ ਨਹੀਂ ਹਾਲੀ ਤੁਸੀਂ ਦਿਖਾਈ।’

ਮੇਰੇ ਦਿਲ ‘ਚੋਂ ਇਕ ਚੀਸ ਜਿਹੀ ਨਿਕਲੀ। ਪਿਛਲੇ ਉਨੱਤੀ ਵਰ੍ਹਿਆਂ ‘ਚ ਕਿੰਨਾ ਕੁਝ ਬਦਲ ਗਿਆ ਸੀ। ਧਰਮਿੰਦਰ ਦਾ ਜਿਹੜਾ ਘਰ ਮੈਂ ਕਦੀ ਆਪਣੀ ਪਤਨੀ ਨੂੰ ਦਿਖਾਇਆ ਸੀ, ਉਹਦੇ ਨਾਲੋਂ ਕਈ ਗੁਣਾਂ ਸੋਹਣੀਆਂ ਕੋਠੀਆਂ ਦੇ ਸੈਂਕੜੇ ਮਾਲਕ, ਇਹਨਾਂ ਵਰ੍ਹਿਆਂ ਵਿਚ ਪੰਜ ਸੱਤ ਕਿਲਿਆਂ ਵਾਲੇ ਜੱਟ, ਵੀ ਬਣ ਗਏ ਸਨ। ਧਰਮਿੰਦਰ ਨੂੰ ਕੀ ਪਤਾ ਸੀ ਕਿ ਬੰਬੇ ਵਿਚ ਕਈ ਮੰਜਲੀ ਕੋਠੀ ਤੋਂ ਇਲਾਵਾ ਸਾਹਨੇਵਾਲ ਵਿਚ ਵੀ ਉਹਦੀ ਕੋਠੀ ਨੂੰ ਵੇਖਣ ਲਈ ਲੋਕ ਆਉਣਗੇ?

ਧਰਮ ਦੇ ਵਡੇਰਿਆਂ ਦੀ ਜੰਮਣ ਭੌਂ ਲੁਧਿਆਣਾ ਜਿਲ੍ਹੇ ਦੇ ਕਸਬੇ ਪੱਖੋਵਾਲ ਦੇ ਨਜਦੀਕ ਦਿਓਲ ਜੱਟਾਂ ਦਾ ਪਿੰਡ ਡਾਂਗੋ ਸੀ। ਛੋਟੇ ਹੁੰਦਿਆਂ ਬੋਲੀ ਸੁਣਦੇ ਹੁੰਦੇ ਸਾਂ।

ਆਰੀ ਆਰੀ ਆਰੀ, ਪਿੰਡ ਜਗਰਾਵਾਂ ‘ਚ ਲਗਦੀ ਰੋਸ਼ਨੀ ਭਾਰੀ
ਵੈਲੀਆਂ ਦਾ ‘ਕੱਠ ਹੋ ਗਿਆ, ਬੋਤਲਾਂ ਮੰਗਾਲੀਆਂ ਚਾਲੀ
ਚਾਲੀਆਂ ‘ਚੋਂ ਇਕ ਬਚ ਗਈ, ਜਿਹੜੀ ਚੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਂਗੋਂ ਦਾ ਜਿਹਨੇ ਕੁੱਟਤੀ ਪੰਡੋਰੀ ਸਾਰੀ
ਹਰਕੁਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ

ਇਸੇ ਮੁਨਸ਼ੀ ਵਾਲੇ ਡਾਂਗੋਂ ਪਿੰਡ ਵਿਚ ਧਰਮਿੰਦਰ ਦੇ ਦਾਦੇ ਨੇ, ਕਿਸੇ ਆਰੀਆ ਸਮਾਜੀ ਪਰਚਾਰਕ ਦੇ ਅਸਰ ਹੇਠ ਆ ਕੇ, ਜਦੋਂ ਉਹਦਾ ਪੁੱਤਰ ਜੰਮਿਆ, ਉਹਦਾ ਨਾਂ ਕੇਵਲ ਕਰਿਸ਼ਨ ਰਖਿਆ। ਉਹਨਾਂ ਦੇ ਘਰ ਵਿਚ ਆਰੀਆ ਸਮਾਜੀ ਰਹੁ ਰੀਤਾਂ ਬਹੁਤੀ ਦੇਰ ਪ੍ਰਚਲਤ ਨਹੀਂ ਰਹੀਆਂ, ਭਾਵੇਂ ਉਹ ਸਾਰੀ ਉਮਰ ਮੋਨੇ ਹੀ ਰਹੇ ਅਤੇ ਉਹਨਾਂ ਦੇ ਦੋਵੇਂ ਪੁੱਤਰ ਵੀ। ਪਰ ਕੇਵਲ ਕਰਿਸ਼ਨ ਨੇ ਆਪਣੇ ਪੁੱਤਰਾਂ ਦੇ ਨਾਂ ਧਰਮ ਸਿੰਘ ਅਤੇ ਅਜੀਤ ਸਿੰਘ ਰੱਖੇ। ਬਾਦ ਵਿਚ ਸਾਰੇ ਕਾਰਜ ਸਿੱਖ ਮਰਿਯਾਦਾ ਅਨੁਸਾਰ ਹੀ ਹੁੰਦੇ ਰਹੇ। ਮਾਸਟਰ ਕੇਵਲ ਕਰਿਸ਼ਨ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਸਾਹਨੇਵਾਲ ਬਦਲ ਕੇ ਆ ਗਏ ਸਨ ਅਤੇ ਰੀਟਾਇਰ ਹੋਣ ਤਕ ਇਥੇ ਹੀ ਪੜ੍ਹਾਉਂਦੇ ਰਹੇ।

ਧਰਮਿੰਦਰ ਦਾ ਫਿਲਮਾਂ ਵਿਚ ਜਾਣ ਤੋਂ ਪਹਿਲਾਂ ਦਾ ਨਾਂ ਧਰਮ ਸੀ ਅਤੇ ਇਸੇ ਨਾਂ ਨਾਲ ਹੀ ਪਿੰਡ ਵਿਚ ਸਾਰੇ ਉਹਨੂੰ ਜਾਣਦੇ ਸਨ। ਉਹ ਉਮਰ ਵਿਚ ਮੇਰੇ ਨਾਲੋਂ ਭਾਵੇਂ ਨੌ ਵਰ੍ਹੇ ਹੀ ਵਡਾ ਸੀ ਪਰ ਉਹਦਾ ਗੰਭੀਰ ਅਤੇ ਸੰਗਾਊ ਚਿਹਰਾ ਹਮੇਸ਼ਾ ਉਹਦੇ ਬਹੁਤ ਵਡੇ ਹੋਣ ਦਾ ਭੁਲੇਖਾ ਪਾਉਂਦਾ ਸੀ। ਉਹਦਾ ਛੋਟਾ ਭਰਾ ਅਜੀਤ ਸਗੋਂ ਜਿਆਦਾ ਗਾਲੜੀ ਸੀ। ਧਰਮ ਭਾਵੇਂ ਸੋਹਣਾ ਤਾਂ ਰੱਜ ਕੇ ਹੈ ਹੀ ਸੀ, ਪਰ ਇਹਦੇ ਨਾਲ ਆਪਣੇ ਸਰੀਰ ਦੀ ਸਾਂਭ ਸੰਭਾਲ ਵਲ ਵੀ ਉਹਦਾ ਪੂਰਾ ਧਿਆਨ ਸੀ। ਖਤਰੀਆਂ ਦੀ ਧਰਮ ਸਾਲਾ ਨਾਲ ਮੁਸਲਮਾਨਾਂ ਦੇ ਤਕੀਏ ਵਾਲੀ ਥਾਂ ‘ਤੇ ਬਾਲੀਵਾਲ ਦੇ ਮੈਚ ਹਰ ਰੋਜ ਸ਼ਾਮ ਨੂੰ ਹੁੰਦੇ ਸਨ, ਜਿਹੜੀ ਵੀ ਟੀਮ ਵਿਚ ਧਰਮ ਅਤੇ ਅਜੀਤ ਹੁੰਦੇ ਉਹੀ ਟੀਮ ਜਿੱਤਦੀ। ਇਸ ਤੋਂ ਇਲਾਵਾ ਉਹਨੇ ਕਬੱਡੀ ਖੇਡੀ ਅਤੇ ਕੁਸਤੀ ਦੇ ਅਖਾੜੇ ਵਿਚ ਪਕੜਾਂ ਵੀ ਲਾਈਆਂ। ਇਸੇ ਪਿੰਡ ਦੀ ਫਿਜ਼ਾ ਵਿਚ ਉਹਨੇ ਬਚਪਨ ਗੁਜਾਰਿਆ। ਇਥੇ ਹੀ ਕਦੇ ਗੁੱਲੀ ਡੰਡਾ, ਸ਼ੱਕਰਭੁਰਜੀ, ਕੋਟਲਾ ਸ਼ਪਾਕੀ ਅਤੇ ਡੰਡ ਪਟਾਕਾ ਉਹਨੇ ਖੇਡੇ ਸਨ। ਇਥੇ ਹੀ ਬਸੰਤ ਦੇ ਦਿਨਾਂ ਵਿਚ ਪਤੰਗਾਂ ਨਾਲ ਉਹਨੇ ਪੇਚੇ ਪਾਏ ।ਇਥੇ ਹੀ ਬਾਬੂ ਸ਼ਾਮ ਲਾਲ ਦੇ ਚੌਤਰੇ ‘ਤੇ ਰਾਸ ਅਤੇ ਰਾਮਲੀਲਾ ਵਿਚ ਉਹ ਭਾਗ ਲੈਂਦਾ ਰਿਹਾ ਸੀ। ਸਾਹਨੇਵਾਲ ਦੀਆਂ ਗਲੀਆਂ ਵਿਚ ਖੇਡ ਕੇ ਉਹਨੇ ਜਵਾਨੀ ‘ਚ ਪੈਰ ਧਰਿਆ। ਇਸੇ ਪਿੰਡ ਦੀ ਹੀ ਕਿਸੇ ਮੁਟਿਆਰ ਨਾਲ ਧਰਮ ਦਾ ਪਹਿਲਾ ਇਸ਼ਕ ਹੋਇਆ ਸੀ। ਸ਼ਾਇਦ ਇਸੇ ਕਰਕੇ ਹੀ ਪਿੰਡ ਵਿਚ ਕੀ, ਬੰਨੇ ਚੰਨੇ ਵੀ ਉਹਦੇ ਸੁਹੱਪਣ ਅਤੇ ਗੁੰਦਵੇਂ ਸਰੀਰ ਦੇ ਚਰਚੇ ਸਨ। ਉਹਨਾਂ ਦਿਨਾਂ ਵਿਚ ਧਰਮਿੰਦਰ ਜਿਥੋਂ ਦੀ ਲੰਘਦਾ ਲੋਕ ਮੁੜ ਮੁੜ ਉਹਨੂੰ ਵੇਖਦੇ ਸਨ। ਸਨ। ਮੁੰਡਿਆਂ ਦੀ ਢਾਣੀ ਵਿਚ ਵੀ ਉਹਦੀ ਸਰਦਾਰੀ ਸੀ। ਗਰਮੀ ਦੇ ਦਿਨਾਂ ਵਿਚ ਰੇਲਵੇ ਸਟੇਸ਼ਨ ਦੇ ਪੁਲ ‘ਤੇ ਮਹਿਫਲ ਜੁੜਦੀ ਹੁੰਦੀ ਸੀ, ਜਿਸ ਵਿਚ ਧਰਮ, ਅਜੀਤ, ਭੰਤ(ਭਗਵਤ), ਮਾਸਟਰ ਸੁਰਜੀਤ, ਮੌੜਾਂ ਦਾ ਬਾਲ ਰਿਖੀ ਅਤੇ ਬਿੰਦੂ(ਬਰਿੰਦਰ) ਹੋਰੀ ਮੋਹਰੀ ਹੁੰਦੇ ਸਨ। ਇਹ ਸਾਰੇ ਓਦੋਂ ਉਰਦੂ ਵਿਚ ਸ਼ੇਅਰ ਲਿਖਦੇ ਹੁੰਦੇ ਸਨ ਅਤੇ ਇਸੇ ਮਹਿਫਲ ਵਿਚ ਉਹ ਸਾਰੇ ਸ਼ੇਅਰ ਪੜ੍ਹਦੇ, ਲਤੀਫੇ ਸੁਣਾਉਂਦੇ । ਉਹਨਾਂ ਦੁਆਲੇ ਛੋਟੇ ਵੱਡੇ ਸੁਨਣ ਵਾਲਿਆਂ ਦਾ ਖਾਸਾ ‘ਕਠ ਹੋ ਜਾਂਦਾ ਸੀ। ਧਰਮਿੰਦਰ ਦੇ ਧੁਰ ਚੇਤਿਆਂ ‘ਚ ਵਸੀ ਇਸ ਪਿੰਡ ਦੀ ਮਿੱਟੀ ਦੀ ਮਹਿਕ ਨੇ ੳਹੁਦਾ ਬੰਬੇ ਜਾ ਕੇ ਵੀ ਪਿਛਾ ਨਹੀਂ ਛੱਡਿਆ। ਜਦੋਂ ਕਦੀ ਵੀ ਉਹਨੂੰ ਕਿਸੇ ਨੇ ਉਹਦਾ ਪਿਛੋਕੜ ਪੁਛਿਆ ਉਹਨੇ ਆਪਣਾ ਪਿੰਡ ਸਾਹਨੇਵਾਲ ਹੀ ਦੱਸਿਆ ।

1954 ਵਿਚ ਜਦੋਂ ਉਹਦਾ ਵਿਆਹ ਬਨਭੌਰੇ ਪਿੰਡ ਦੀ ਪਰਕਾਸ਼ ਕੌਰ ਨਾਲ ਹੋਇਆ, ਧਰਮਿੰਦਰ ਦੀ ਉਮਰ ਮਸਾਂ 19 ਵਰ੍ਹਿਆਂ ਦੀ ਸੀ। ਦੋ ਸਾਲ ਬਾਦ ਅਜੈ ਸਿੰਘ(ਸੰਨੀ ਦਿਓਲ) ਦਾ ਜਨਮ ਵੀ ਧਰਮਮਿੰਦਰ ਦੇ ਸਾਹਨੇਵਾਲ ਰਹਿੰਦਿਆਂ ਹੀ ਹੋਇਆ ਸੀ। ਉਹਨਾਂ ਦਿਨਾਂ ਵਿਚ ਹੀ ਧਰਮਿੰਦਰ ਨੇ ਇਕ ਅਮਰੀਕਨ ਟਿਊਬੈਲ ਬੋਰਿੰਗ ਕੰਪਨੀ ਵਿਚ ਨੋਕਰੀ ਸ਼ੁਰੂ ਕੀਤੀ। ਧਰਮਿੰਦਰ ਦੇ ਪਿਤਾ ਚੌਧਰੀ ਕੇਵਲ ਕਰਿਸ਼ਨ ਓਦੋਂ ਸਾਹਨੇਵਾਲ ਪਰਾਇਮਰੀ ਸਕੂਲ ਦੇ ਹੈਡਮਾਸਟਰ ਸਨ। ਸਰਦੀਆਂ ਵਿਚ, ਸਕੂਲ ਦੇ ਨੌਮਾਹੀ ਇਮਤਿਹਾਨ ਹੋ ਰਹੇ ਸਨ। ਛੇਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਸ਼ਾਮਲ ਮੈਂ ਵੀ ਇਮਤਿਹਾਨ ਦੇ ਰਿਹਾ ਸਾਂ। ਡਾਕੀਏ ਨੇ ਲਿਆ ਕੇ ਜਿਹੜੀ ਚਿੱਠੀ ਮਾਸਟਰ ਕੇਵਲ ਕਰਿਸ਼ਨ ਨੂੰ ਦਿੱਤੀ, ਉਹ ਅਸਲ ਵਿਚ ਧਰਮ ਸਿੰਘ ਦਿਓਲ ਦੇ ਨਾਂ ਲਿਖੀ ਹੋਈ ਸੀ। ਮਾਸਟਰ ਨੇ ਚਿਠੀ ਤੋਂ ਅੰਦਾਜਾ ਲਾ ਲਿਆ ਸੀ, ਕਿ ਧਰਮ ਜਿਹੜੀਆਂ ਫੋਟੋਆਂ ਬੰਬਈ ਫਿਲਮ ਵਾਲਿਆਂ ਨੂੰ ਭੇਜਦਾ ਰਹਿੰਦੈ, ਉਹਨਾਂ ਵਲੋਂ ਕਿਸੇ ਦਾ ਜਵਾਬ ਹੋਵੇਗਾ। ਹੋਰ ਤਸੱਲੀ ਲਈ ਚੌਧਰੀ ਸਾਹਿਬ ਨੇ ਇਹ ਚਿੱਠੀ ਆਪਣੇ ਹੀ ਸਰਨਾਮੀਏ ਹਾਈ ਸਕੂਲ ਦੇ ਸੈਕਿੰਡ ਹੈਡ ਮਾਸਟਰ ਕੇਵਲ ਕਰਿਸ਼ਨ, ਜੋ ਕਿ ਇੰਗਲਿਸ਼ ਦੀ ਐਮ.ਏ ਸਨ, ਅੱਗੇ ਕਰ ਦਿੱਤੀ। ਖ਼ਤ ਵਿਚ ਲਿਖਿਆ ਸੀ ਕਿ ਫਿਲਮ ਫੇਅਰ- ਯੁਨਾਈਟਿਡ ਪ੍ਰੋਡੈਕਸ਼ਨ ਨੇ ਨਵੇਂ ਚਿਹਰਿਆਂ ਦੀ ਤਲਾਸ਼ ਦੇ ਮੁਕਾਬਲੇ ਲਈ ਧਰਮ ਦੀਆਂ ਭੇਜੀਆਂ ਫੋਟੌਆਂ ਪਸੰਦ ਕਰ ਲਈਆਂ ਨੇ, ਹੁਣ ਉਹਨਾਂ ਨੇ ਸਕਰੀਨ ਟੈਸਟ ਲਈ ਬੰਬੇ ਬੁਲਾਇਆ ਹੈ। ਧਰਮਿੰਦਰ ਦੇ ਪਿਤਾ ਜੀ ਨੂੰ ਉਹਦਾ ਫਿਲਮਾਂ ਵਿਚ ਜਾਣਾ ਉੱਕਾ ਪਸੰਦ ਨਹੀਂ ਸੀ। ਪਰ ਧਰਮਿੰਦਰ ਦੀ ਮਾਂ ਦੇ ਕਹਿਣ ‘ਤੇ ਆਖੀਰ ਚੌਧਰੀ ਸਾਹਿਬ ਨੂੰ ਇਜਾਜਤ ਦੇਣੀ ਹੀ ਪਈ।

ਸਾਹਨੇਵਾਲ ਵਿਚ ਬਹੁਤ ਘੱਟ ਲੋਕਾਂ ਨੂੰ ਪਤਾ ਲਗਾ ਜਦੋਂ ਉਹ ਲੁਧਿਾਆਣੇ ਸਟੋਸ਼ਨ ਤੋਂ ਫਲਾਇੰਗ ਮੇਲ ਵਿਚ ਬੈਠ ਕੇ ਫਿਲਮ ਨਗਰੀ ਬੰਬਈ ਲਈ ਰਵਾਨਾ ਹੋਇਆ। 1960 ਵਿਚ ਉਹਦੀ ਪਹਿਲੀ ਫਿਲਮ ‘ਦਿਲ ਵੀ ਤੇਰਾ ਹਮ ਵੀ ਤੇਰੇ‘ ਰੀਲੀਜ ਹੋਈ। ਅਸੀਂ ਉਹਨੀ ਦਿਨੀ ਲਖਨਊ ਰਹਿੰਦੇ ਸਾਂ। ਸਾਰਾ ਪਰਿਵਾਰ ਇਹ ਫਿਲਮ ਵੇਖਣ ਗਿਆ, ਯਕੀਨ ਨਹੀਂ ਸੀ ਆ ਰਿਹਾ, ਜਿਹੜੇ ਧਰਮ ਨੂੰ ਅਸੀਂ ਪਿੰਡ ਦੀਆਂ ਗਲੀਆਂ ਵਿਚ ਤੁਰੇ ਫਿਰਦੇ ਨੂੰ ਵੇਖਿਆ ਸੀ, ਉਹ ਹੁਣ ਪੜਦੇ ‘ਤੇ ਗੀਤ ਗਾਉਂਦਾ ਨਜ਼ਰ ਆ ਰਿਹਾ ਸੀ। ਇਹ ਫਿਲਮ ਬਾਕਸ ਆਫਿਸ ‘ਤੇ ਬਹੁਤੀ ਕਾਮਯਾਬ ਨਾ ਹੋਈ। ਪਰ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਉਹ ਫਿਲਮ ਨਗਰੀ ਵਿਚ ਡਟਿਆ ਰਿਹਾ। ਅਗਲੀਆਂ ਕੁਝ ਫਿਲਮਾਂ ‘ਚ ਭਾਵੇਂ ਉਹਨੂੰ ਨਾਇਕਾ ਪ੍ਰਧਾਨ ਫਿਲਮਾਂ ਵਿਚ ਕੰਮ ਕਰਨ ਲਈ ਮਜਬੂਰ ਹੋਣਾ ਪਿਆ, ਜਿਹਨਾਂ ਵਿਚ ਬੰਦਨੀ(ਨੂਤਨ ਨਾਲ), ਅਨਪੜ(ਮਾਲਾ ਸਿਨਹਾ ਨਾਲ) ਅਤੇ ਮੈਂ ਵੀ ਲੜਕੀ ਹੂੰ ਵਿਚ(ਮੀਨਾ ਕੁਮਾਰੀ ਨਾਲ)। ਇਥੋਂ ਤਕ ਕਿ ਆਈ ਮਿਲਨ ਕੀ ਬੇਲਾ ਵਿਚ ਰਜਿੰਦਰ ਕੁਮਾਰ ਮਾਲਾ ਸਿਨਹਾ ਦੀ ਜੋੜੀ ਨਾਲ ਸਾਈਡ ਹੀਰੋ ਜਿਹੇ ਤੀਸਰੇ ਦਰਜੇ ਦੇ ਕਿਰਦਾਰ ਵਾਲੀ ਭੁਮਿਕਾ ਵੀ ਨਿਭਾਉਣੀ ਪਈ। 1964 ਵਿਚ ‘ਹਕੀਕਤ‘ ਅਤੇ 1966 ਵਿਚ ‘ਫੁਲ ਔਰ ਪੱਥਰ‘ ਵਿਚ ਕੰਮ ਕਰਨ ਉਪਰੰਤ ਧਰਮਿੰਦਰ ਹੀਰੋ ਦੇ ਰੂਪ ਵਿਚ ਸਥਾਪਿਤ ਹੋ ਗਿਆ ਸੀ। ‘ਫੁਲ ਔਰ ਪੱਥਰ‘ ਵਿਚ ਧਰਮਿੰਦਰ ਨੇ ਜਦੋ ਆਪਣੀਂ ਕਮੀਜ ਲਾਹੀ ਤਾਂ ਸਾਰੇ ਭਾਰਤ ਵਿਚ ਉਹਦੇ ਗੁੰਦਵੇਂ ਸਰੀਰ ਦੀ ਚਰਚਾ ਨੇ. ਕਰੋੜਾਂ ਦੀ ਗਿਣਤੀ ਵਿਚ ਔਰਤਾਂ ਨੂੰ ਵਾਰ ਵਾਰ ੳਹੁਦੀ ਫਿਲਮ ਵੇਖਣ ਲਈ ਮਜਬੂਰ ਕਰ ਦਿੱਤਾ।

1964 ਵਿਚ ਹਕੀਕਤ ਫਿਲਮ ਦੀ ਸ਼ੁਟਿੰਗ ਦਾ ਬਹੁਤਾ ਹਿਸਾ ਲਦਾਖ ਵਿਚ ਫਿਲਮਾਇਆ ਗਿਆ ਸੀ। ਧਰਮਿੰਦਰ ਦੇ ਫਿਲਮੀ ਕੈਰੀਅਰ ਦੀ ਸਥਾਪਤੀ ਦੀ ਵੀ ਇਹੋ ਫਿਲਮ ਸੀ। ਸਾਡੇ ਬਾਪੂ ਜੀ, ਮੇਜਰ ਹੁਕਮ ਸਿੰਘ ਲਦਾਖ ਦੀ ਰਾਜਧਾਨੀ ਲੇਹ ਦੇ ਇਕੋ ਇਕ ਏਅਰਪੋਰਟ ਦੇ ਉਹਨੀ ਦਿਨੀ ਇਨਚਾਰਜ ਸਨ। ਮੋਸਮ ਦੀ ਅਨਿਸ਼ਚਿਤਾ ਕਰਕੇ ਸ਼ੁਟਿੰਗ ਵਿਚ ਜਿਆਦਾ ਦਿਨ ਲਗ ਰਹੇ ਸਨ। ਉਧਰ ਧਰਮਿੰਦਰ ਨੇ ਹੋਰ ਫਿਲਮਾਂ ਲਈ ਸਮਾਂ ਦਿੱਤਾ ਹੋਇਆ ਸੀ। ਹਕੀਕਤ ਦੀ ਸ਼ੁਟਿੰਗ ਨੂੰ ਵਿਚ ਛੱਡ ਕੇ ਉਹ ਬੰਬਈ ਜਾਣਾ ਚਹੁੰਦਾ ਸੀ। ਪਰ ਬੰਬਈ ਜਾਣ ਲਈ ਇਕੋ ਇਕ ਸੈਨਿਕ ਜਹਾਜ ਵਿਚ ਕਈ ਕਈ ਦਿਨ ਪਹਿਲਾਂ ਸੀਟਾਂ ਬੁਕ ਕਰਵਾਉਣੀਆਂ ਪੈਂਦੀਆਂ ਸਨ ਅਤੇ ਪਹਿਲ ਹਮੇਸ਼ਾ ਫੌਜੀਆਂ ਨੂੰ ਹੁੰਦੀ ਸੀ। ਧਰਮਿੰਦਰ ਨੂੰ ਇਕ ਨੌਜਵਾਨ ਲਫਟੈਨ ਨੇ ਦਸਿਆ ਕਿ ਏਅਰਪੋਰਟ ਦਾ ਇਨਚਾਰਜ ਇਕ ਸਿੱਖ ਅਫਸਰ ਹੈ, ਜੇਕਰ ਤੂੰ ਖੁਦ ਉਹਨੂੰ ਮਿਲ ਲਵੇਂ, ਤਾਂ ਤੇਰਾ ਕੰਮ ਬਣ ਸਕਦੈ। ਉਹ ਲਫਟੈਨ ਜਦੋਂ ਧਰਮਿੰਦਰ ਨੂੰ ਲੈ ਕੇ ਉਹਨਾਂ ਕੋਲ ਗਿਆ ਤਾਂ ਉਹ ਦੋਵੇਂ ਹੱਥ ਮਿਲਾੳਣ ਦੀ ਬਜਾਏ ਗਲੇ ਮਿਲ ਰਹੇ ਸਨ। ਕਿਸੇ ਫੌਜੀ ਦੀ ਸੀਟ ਕੈਂਸਲ ਕਰਵਾ ਕੇ ਉਸੇ ਦਿਨ ਸਾਡੇ ਬਾਪੂ ਜੀ ਨੇ ਉਹਨੂੰ ਬੰਬਈ ਭੇਜਿਆ ਸੀ।

1985 ਵਿਚ ਮੈ ਅਤੇ ਮਿਲਵਾਕੀ ਵਾਲਾ ਦਰਸ਼ਨ ਸਿੰਘ ਧਾਲੀਵਾਲ ਪੰਜਾਬ ਗਏ ਹੋਏ ਸਾਂ। ਉਸੇ ਸਾਲ ਹੀ ਧਾਲੀਵਾਲ ਨੇ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਆਪਣੇ ਬਾਪੂ ਜੀ ਸੂਬੇਦਾਰ ਕਰਤਾਰ ਸਿੰਘ ਸਾਹਿਤਕ ਇਨਾਮ ਦੇਣੇ ਸ਼ੁਰੂ ਕੀਤੇ ਸਨ। ਵਾਪਸ ਅਮਰੀਕਾ ਆਉਣ ਵੇਲੇ ਦਰਸ਼ਨ ਨੇ ਕਾਂਗਰਸ ਲੀਡਰ ਐਚ.ਐਸ ਹੰਸਪਾਲ ਨੂੰ ਮਿਲਣਾ ਸੀ, ਜਿਹੜਾ ਉਹਨਾਂ ਦਿਨਾਂ ਵਿਚ ਰਾਜ ਸਭਾ ਦਾ ਮੈਂਬਰ ਹੁੰਦਾ ਸੀ। ਹੰਸਪਾਲ ਕੁਝ ਦਿਨਾਂ ਲਈ ਰੁਝਿਆਂ ਹੋਇਆ ਸੀ। ਅਸੀਂ ਬੰਬਈ ਘੁੰਮਣ ਚਲੇ ਗਏ। ਸੰਨ ਐਂਡ ਸੈਂਡ ਹੋਟਲ ਵਿਚ ਆਪਣਾ ਸਮਾਨ ਟਿਕਾ ਕੇ ਜੁਹੂ ਬੀਚ ਦੇ ਕੰਢੇ ਕੱਕੀ ਰੇਤ ‘ਤੇ ਤੁਰਦਿਆਂ ਦਰਸ਼ਨ ਨੇ ਮੈਨੂੰ ਕਿਹਾ ‘ਯਾਰ ਤੂੰ ਕਹਿੰਦਾ ਰਹਿਨੈ ਧਰਮਿੰਦਰ ਮੇਰਾ ਪੇਂਡੂ ਹੈ, ਤਾਂ ਮੰਨੀਏ ਜੇ ਉਹਨੂੰ ਮਿਲਾਵੇਂ।’

‘ਚਲ ਚੱਲੀਏ’ ਮੇਰੇ ਮੂਹੋਂ ਸੁਭਾਵਕ ਹੀ ਨਿਕਲ ਗਿਆ ਸੀ। ਟੈਕਸੀ ਫੜੀ ਅਤੇ ਡਰਾਈਵਰ ਨੂੰ ਧਰਮਿੰਦਰ ਦੇ ਬੰਗਲੇ ਜਾਣ ਲਈ ਕਿਹਾ। ਮੈਂ ਅੱਜ ਪਹਿਲੀ ਵਾਰ ਧਰਮਿੰਦਰ ਨੂੰ ਮਿਲਣਾ ਸੀ। ਕਦੀ ਛੋਟੇ ਹੁੰਦਿਆਂ ਉਹਦੇ ਨਾਲ ਇਕ ਅੱਧ ਵਾਰ ਗਲ ਹੋਈ ਹੋਵੇਗੀ, ਨਹੀਂ ਉਹਨੂੰ ਲੰਘਦੇ ਜਾਂਦੇ ਨੂੰ ਹੀ ਵੇਖਿਆ ਕਰਦੇ ਸਾਂ। ਮਨ ਵਿਚ ਡਰ ਸੀ, ਕਿਧਰੇ ਉਹਦਾ ਚੌਕੀਦਾਰ ਬਾਹਰੋਂ ਹੀ ਨਾ ਟਰਕਾ ਦਏ, ਜਾਂ ਅੰਦਰੋਂ ਹੀ ਨਾਂਹ ਹੋ ਜਾਵੇ ਕਿ ਅਸੀਂ ਨਹੀਂ ਜਾਣਦੇ ਇਹਨੂੰ। ਉਂਜ ਮੈਂ ਸੁਣਿਆ ਹੋਇਆ ਸੀ ਕਿ ਸਾਡੇ ਪਿੰਡ ਦੇ ਕਈ ਬੰਦੇ ਉਹਦੇ ਕੋਲ ਮਹੀਨਿਆਂ ਤਕ ਜਾ ਕੇ ਰਹਿ ਆਉਂਦੇ ਨੇ। ਮੈਨੂੰ ਇਹ ਵੀ ਕਿਸੇ ਨੇ ਦਸਿਆ ਸੀ, ਪਈ ਇਕ ਵਾਰੀ ਇੰਗਲੈਂਡ ਦਾ ਇਕ ਪਰਿਵਾਰ ਬੰਬੇ ੲੈਅਰਪੋਰਟ ਤੋ ਟੈਕਸੀ ਲੈ ਕੇ ਸਿੱਧਾ ਧਰਮਿੰਦਰ ਦੇ ਘਰ ਪਹੁੰਚ ਗਿਆ। ਬਾਲ ਬੱਚਿਆਂ ਸਮੇਤ ਟੈਕਸੀ ਵਿਚੋਂ ਉਤਰਨ ਵਾਲੇ ਨੂੰਂ ਚੌਕੀਦਾਰ ਨੇ ਸਾਹਿਬ ਦਾ ਰਿਸ਼ਤੇਦਾਰ ਸਮਝ ਕੇ ਝੱਟ ਗੇਟ ਖੋਲ੍ਹ ਦਿੱਤਾ। ਗੈਸਟ ਰੂਮ ਵਿਚ ਸਮਾਨ ਰਖਵਾ ਕੇ ਉਹਨਾਂ ਦੇ ਖਾਣ ਪੀਣ, ਬੈਠਣ ਸੌਣ ਦਾ ਪ੍ਰਬੰਧ ਕਰ ਦਿੱਤਾ ਗਿਆ। ਘੁੰਮਣ ਫਿਰਨ ਲਈ ਕਾਰ ਸਮੇਤ ਡਰਾਈਵਰ ਮਿਲ ਗਿਆ। ਧਰਮਿੰਦਰ ਨਾਲ ਫੋਟੋਆਂ ਵੀ ਉਹਨਾਂ ਖਿਚਵਾਈਆਂ, ਅਜੀਤ ਨੂੰ ਵੀ ਮਿਲੇ। ਹਫਤੇ ਬਾਦ ਉਹਨਾਂ ਕਾਰ ਵਿਚ ਸਮਾਨ ਰਖਿਆ, ਡਰਾਈਵਰ ਉਹਨਾਂ ਨੂੰ ਪੰਜਾਬ ਜਾਣ ਵਾਲੀ ਗੱਡੀ ਚੜ੍ਹਾ ਆਇਆ। ਦੋ ਤਿੰਨ ਦਿਨਾਂ ਬਾਦ ਧਰਮਿੰਦਰ ਨੇ ਅਜੀਤ ਨੂੰ ਪੁਛਿਆ ਕਿ ਤੇਰੇ ਗੈਸਟ ਨਹੀਂ ਦਿਸਦੇ। ਹੈਂ! ਅਜੀਤ ਨੇ ਦਸਿਆ ਕਿ ਉਹ ਤਾਂ ਉਹਨਾਂ ਨੂੰ ਧਰਮਿੰਦਰ ਦੇ ਵਾਕਫਕਾਰ ਸਮਝਦਾ ਸੀ। ਡਰ ਅਤੇ ਆਸ ਦੇ ਫੁਰਨਿਆਂ ਦੀ ਲੜੀ ਉਦੋਂ ਟੱਟੀ ਜਦੋਂ ਅਮੀਤਾਬ ਬੱਚਨ ਦਾ ਬੰਗਲਾ ਲੰਘ ਕੇ ਧਰਮਿੰਦਰ ਦੀ ਕਈ ਮੰਜਲੀ ਅਲੀਸਾਨ ਕੋਠੀ ਅੱਗੇ ਜਾ ਕੇ ਸਾਡੀ ਟੈਕਸੀ ਰੁਕੀ। ਆਪਣਾ, ਬਾਪੂ ਜੀ ਦਾ ਅਤੇ ਨਾਲ ਹੀ ਬਾਬਾ ਜੀ ਦਾ ਨਾਂ ਲਿਖ ਕੇ ਚਿਟ ਗੋਰਖੇ ਚੌਕੀਦਾਰ ਦੇ ਹੱਥ ਫੜਾਈ। ਕੁਝ ਪਲਾਂ ਵਿਚ ਹੀ ਅੰਦਰੋਂ ਧਰਮਿੰਦਰ ਦੇ ਸੈਕਟਰੀ ਨੇ ਆ ਕੇ ਪੁਛਿਆ। ‘ਤੁਸੀਂ ਆਏ ਹੋ ਸਾਹਨੇਵਾਲ ਤੋਂ‘। ਮੇਰੇ ਹਾਂ ਕਹਿਣ ‘ਤੇ, ਸਾਨੂੰ ਅੰਦਰ ਲੈ ਜਾ ਕੇ ਗੈਸਟ ਰੂਮ ਵਿਚ ਬੈਠਾਇਆ। ਨੌਕਰ ਕੋਲਡ ਡਰਿੰਕ ਲਿਆਇਆ। ਉਸ ਤੋਂ ਬਾਦ ਚਾਹ ਪੇਸਟਰੀ, ਕੇਕ, ਬਦਾਮ ਅਤੇ ਕਾਜੂ ਰਖ ਗਿਆ। ਦਰਸ਼ਨ ਨੇ ਮੈਨੂੰ ਟਕੋਰ ਲਾਈ, ਇਹ ਸਾਰਾ ਕੁਝ ਤਾਂ ਸਨ ਐਂਡ ਸੈਂਡ ਦੇ ਬਹਿਰਿਆਂ ਨੇ ਵੀ ਲਿਆ ਦੇਣਾ ਸੀ। ਕਿਥੇ ਹੈ ਹੀਰੋ? ਏਨੇ ਨੂੰ ਅਜੀਤ ਆ ਗਿਆ, ਬਗਲਗੀਰ ਹੋ ਕੇ ਮਿਲਿਆ। ਮੁਆਫ ਕਰੀਂ ਛੋਟੇ ਭਾਈ, ਕੁਝ ਬੰਦੇ ਬੈਠੇ ਸੀ, ਉਹਨਾਂ ਨੂੰ ਭੁਗਤਾਣ ‘ਚ ਟਾਈਮ ਲਗ ਗਿਆ। ਫਿਰ ੳਹੁਨੇ ਪਿੰਡ ਦੀਆਂ ਗਲਾਂ ਛੇੜ ਲਈਆਂ। ਪੁਰਾਣੇ ਬਜੁਰਗਾਂ ਦੀਆਂ, ਆਪਣੇ ਹਾਣੀਆਂ ਦੀਆਂ। ਇਹਨਾਂ ਗਲਾਂ ਵਿਚ ਦਰਸ਼ਨ ਦੀ ਕੋਈ ਦਿਲਚਸਪੀ ਨਹੀਂ ਸੀ, ਉਹਨੇ ਮੈਨੂੰ ਕੂਹਣੀ ਮਾਰੀ। ‘ਵੀਰ ਜੀ, ਧਰੰਿਮੰਦਰ ਵੀਰ ਜੀ ਨੂੰ ਵੀ ਮਿਲਾਓ।’

ਮੈਂ ਆਖਿਆ। ਅਜੀਤ ਨੇ ਸੈਕਟਰੀ ਨੂੰ ਬੁਲਾ ਕੇ ਕਿਹਾ ਜਿਹੜੇ ਚੌਧਰੀ ਚਰਨ ਸਿੰਘ ਦੀ ਪਾਰਟੀ ਦੇ ਬੰਦੇ ਮੇਰਠ ਤੋਂ ਆਏ ਨੇ, ਉਹਨਾਂ ਤੋਂ ਪਹਿਲਾਂ ਟਾਈਮ ਇਧਰ ਦੇਣਾ ਹੈ। ਫਿਰ ਅਜੀਤ ਮੈਨੂੰ ਕੋਠੀ ਦੀ ਦੂਸਰੀ ਮੰਜਲ ‘ਤੇ ਲੈ ਗਿਆ। ਧਰਮਿੰਦਰ ਦੇ ਮਾਤਾ ਜੀ ਨੂੰ ਮਿਲਾਇਆ। ਉਹਨਾਂ ਸਾਡੇ ਮਾਤਾ ਜੀ ਅਤੇ ਪਰਿਵਾਰ ਦੀ ਸੁਖ ਸਾਂਦ ਪੁਛੀ। ਉਹ ਪਿੰਡ ਦੀਆਂ ਹੋਰ ਗੱਲਾਂ ਵੀ ਜਾਨਣੀਆਂ ਚਾਹੁੰਦੇ ਸਨ। ਪਰ ਮੈਨੂੰ ਤਾਂ ਆਪ ਪਿੰਡ ਛੱਡਿਆਂ 17 ਵਰ੍ਹੇ ਹੋ ਗਏ ਸਨ। ਉਥੋਂ ਵਿਹਲੇ ਹੋ ਕੇ ਜਦੋਂ ਮੈਂ ਦੋਬਾਰਾ ਗੈਸਟ ਰੂਮ ਵਿਚ ਆ ਕੇ ਹਾਲੀ ਬੈਠਾ ਹੀ ਸੀ। ਧਰਮਿੰਦਰ ਸਾਹਮਣੇ ਪੌੜੀਆਂ ਉੱਤਰ ਕੇ ਆਉਂਦਾ ਦਿਸਿਆ। ਸਿਧਾ ਸਾਡੇ ਕੋਲ ਆਇਆ ਗਲਵਕਵੀ ਪਾ ਕੇ ਮਿਲਿਆ। ਢੇਰ ਸਾਰੀਆਂ ਗਲਾਂ ਪੰਜਾਬ ਦੇ ਹਾਲਾਤ ਅਤੇ ਫਿਲਮਾਂ ਬਾਰੇ ਅਸੀਂ ਕਰਦੇ ਰਹੇ। ਉਹਨੇ ਸਾਡੇ ਬਾਪੂ ਜੀ ਵਲੋਂ ਹਕੀਕਤ ਦੀ ਸ਼ੁਟਿੰਗ ਵੇਲੇ ਪਰਹੁਣਚਾਰੀ ਦਾ ਜ਼ਿਕਰ ਵੀ ਕੀਤਾ, ਖਾਸ ਕਰਕੇ ਲੇਹ ਤੋਂ ਬੰਬਈ ਲਈ ਫਲਾਈਟ ਦੇ ਪ੍ਰਬੰਧ ਦਾ ਵੀ। ਘੰਟੇ ਤੋਂ ਉਪਰ ਹੋ ਗਿਆ ਸੀ, ਸੈਕਟਰੀ ਨੇ ਆ ਕੇ ਦਸਿਆ ਕਿ ਸ਼ੂਟਿੰਗ ਲਈ ਸਟੂਡੀਓ ਤੋਂ ਫੋਨ ਆ ਰਹੇ ਹਨ। ‘ਯਾਰ ਸ਼ੁਟਿੰਗਾਂ ਤਾਂ ਚਲੀ ਜਾਣੀਆਂ ਨੇ, ਆਹ ਬੰਦੇ ਏਡੀ ਦੂਰੋਂ ਅਮਰੀਕਾ ਤੋਂ ਆਏ ਨੇ‘।ਧਰਮਿੰਦਰ ਨੇ ਸੈਕਟਰੀ ਨੂੰ ਆਖਿਆ।

ਸਾਡੇ ਜ਼ੋਰ ਦੇਣ ‘ਤੇ ਹੀ ਉਹ ਫਿਲਮ ਸਿਟੀ ਲਈ ਰਵਾਨਾ ਹੋਇਆ। ਦੁਪਿਹਰ ਦਾ ਖਾਣਾ ਅਜੀਤ ਨੇ ਸਾਡੇ ਨਾਲ ਖਾਧਾ। ਸ਼ਾਮ ਨੂੰ ਮਿਲ ਬੈਠਣ ਲਈ ਧਰਮਿੰਦਰ ਉਚੇਚਾ ਆਖ ਕੇ ਗਿਆ ਸੀ। ਪਰ ਅਸੀਂ ਆਪਣੇ ਤੌਰ ‘ਤੇ ਹਾਲੇ ਬੰਬਈ ਦੀਆਂ ਗਲੀਆਂ ਦੀ ਧੂੜ ਫੱਕਣੀ ਸੀ, ਉਸੇ ਸ਼ਾਮ ਵਾਪਸ ਜਾਣ ਦਾ ਬਹਾਨਾ ਲਾ ਕੇ ਮੁਆਫੀ ਮੰਗ ਲਈ। ਅਜੀਤ ਕੋਲੋਂ ਵਿਦਾ ਹੋਣ ਤੋਂ ਪਹਿਲਾਂ ਮਾਸਟਰ ਜੀ ਨੂੰ ਮਿਲਣ ਦੀ ਇੱਛਾ ਉਹਨੂੰ ਦਸੀ। ਉਹ ਬਾਹਰ ਲਾਅਨ ਵਿਚ ਟਹਿਲਦੇ ਮੈਨੂੰ ਦਿਖਾਈ ਦਿੱਤੇ। ਮੈਂ ਜਾ ਕੇ ਉਹਨਾਂ ਦੇ ਪੈਰੀਂ ਹੱਥ ਲਾਉਣਾ ਚਾਹਿਆ, ਪਰ ੳਹੁਨਾਂ ਗੋਡਿਆਂ ਕੋਲੋਂ ਹੀ ਮੇਰੇ ਹੱਥ ਫੜ ਲਏ। ‘’ਸਰਦਾਰ ਜੀ ਇਹ ਕੀ ਕਰਦੇ ਹੋ?‘ ਉਹ ਰੋਬ੍ਹ ਨਾਲ ਬੋਲੇ। ਉਹਨਾਂ ਸ਼ਾਇਦ ਸਮਝਿਆ ਕਿ ਧਰਮਿੰਦਰ ਦਾ ਕੋਈ ਫੈਨ, ਬਹੁਤਾ ਹੇਜਲਾ ਬਣਨ ਦੀ ਕੋਸ਼ਿਸ ਕਰ ਰਿਹੈ। ਮੈਨੂੰ ਉਹਨਾਂ ਦਾ ਪੁਰਾਣਾ ਜਲਾਲ ਯਾਦ ਆ ਗਿਆ, ਜੋਂ ਜਮਾਤ ਵਿਚ ਵੜਦਿਆਂ ਸਾਰ ਹੀ ਉਹਨਾਂ ਦਾ ਹੁੰਦਾ ਸੀ। ਮੈਂ ਕਿਹਾ ‘ਜੀ ਮੈਂ ਤਾਂ ਤੁਹਾਡਾ ਸ਼ਗਿਰਦ ਹਾਂ। ਤਹਾਡੇ ਕੋਲ ਸਾਹਨੇਵਾਲ ਸਕੂਲ ਵਿਚ ਪੜ੍ਹਦਾ ਰਿਹਾਂ।’

ਆਪਣਾ ਅਤੇ ਬਜੁਰਗਾਂ ਦਾ ਨਾਂ ਦਸਿਆ। ੳਹੁਨਾਂ ਦੇ ਚੇਤਿਆਂ ਵਿਚ ਤੀਹ ਵਰ੍ਹਿਆਂ ਬਾਦ ਕਿਸੇ ਮਾੜਚੂ ਜਿਹੇ ਬਾਲ ਵਿਦਿਆਰਥੀ ਦਾ ਖਿਆਲ ਆਉਣ ਦੀ ਬਹੁਤੀ ਸੰਭਾਵਨਾ ਨਹੀਂ ਸੀ, ਪਰ ਬਜੁਰਗਾਂ ਦੇ ਹਵਾਲੇ ਨਾਲ ਉਹ ਝੱਟ ਜਾਣ ਗਏ। ਮੇਰੀ ਪਿੱਠ ‘ਤੇ ਥਾਪੜਾ ਦਿੱਤਾ। ਸਾਹਨੇਵਾਲ ਵਿਚ ਬੀਤਾਏ ਦਿਨਾਂ ਦੀ ਯਾਦ ਤਾਜਾ ਕਰਕੇ ਉਹ ਭਾਵੁਕ ਹੋ ਗਏ।

‘ਮੈਨੂੰ ਬੜਾ ਮਾਣ ਦਿੱਤੈ, ਉਸ ਨੱਗਰ ਨੇ।’ ਇਹ ਉਹਨਾਂ ਦੇ ਆਖਰੀ ਬੋਲ ਸਨ।
**
(ਪਹਿਲੀ ਵਾਰ ਛਪਿਅਾ 20 ਦਸੰਬਰ 2006)
(ਦੂਜੀ ਵਾਰ ਛਪਿਆ 13 ਅਕਾੂਬਰ 2021)
***
440
***

About the author

ਗੁਰਮੀਤ ਸਿੰਘ ਸੰਧੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ