17 September 2024

ਹੈ ਕੋਈ “ਮਾਈ ਦਾ ਲਾਲ” – ਜੋ ਸੱਚ ਬੋਲ ਸਕੇ !!—ਕੇਹਰ ਸ਼ਰੀਫ਼

ਮਾਮਲਾ ‘ਸਾਹਿਤਕ’ ਇਨਾਮਾਂ ਦਾ !!

ਸਾਹਿਤਕ ਇਨਾਮਾਂ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਛੋਟੇ, ਵੱਡੇ ਇਨਾਮ, ਪੁਰਸਕਾਰ ਸਭ ਇਸ ਵਿਚ ਸ਼ਾਮਲ ਹਨ। ਇਸ “ਖੇਤਰ” ਅੰਦਰ ਜੋ ਚਿੱਕੜ ਹੈ ਉਹ ਸਭ ਦੂਜਿਆਂ ‘ਤੇ ਹੀ ਸੁੱਟਣਾ ਚਾਹੁੰਦੇ ਹਨ, ਇਸ ਗੰਦ ਦਾ ਕੋਈ ਇਕ “ਛਿੱਟਾ” ਵੀ ਆਪਣੇ-ਆਪ ‘ਤੇ ਨਹੀਂ ਪੈਣ ਦਿੰਦੇ। ਆਪ ਸਭ “ਦੁੱਧ-ਧੋਤੇ” ਹੋਣ ਦਾ ਲੁਕਵਾਂ ਦਾਅਵਾ ਵੀ ਨਹੀਂ ਕਰਦੇ। ਬਸ! ਇੱਥੇ ਚੁੱਪ ਹੋ ਜਾਂਦੇ ਹਨ। ਕਾਰਨ ਕੀ ਹਨ ? ਕੀ ਇਸ ਨੂੰ ਪਖੰਡ ਜਾਂ ਬੇਈਮਾਨੀ ਨਾ ਸਮਝਿਆ ਜਾਵੇ ? ਬਹੁਤਾ ਰੌਲ਼ਾ ਸਾਹਿਤ ਅਕਾਦਮੀ ( ਤੇ ਭਾਸ਼ਾ ਵਿਭਾਗ ਵਾਲੇ ਵੀ) ਦੇ “ਕਾਰਨਾਮਿਆਂ” ਦਾ ਪੈ ਰਿਹਾ ਹੈ। ਹੁਣ ਜਸਵੀਰ ਭੁੱਲਰ ਵਲੋਂ “ਖਿੱਦੋ” ਨਾਮ ਦਾ ਨਾਵਲ ( ਕਈ ਇਸ ਨੂੰ ਨਾਵਲ ਵੀ ਨਹੀਂ ਮੰਨਦੇ – ਖ਼ੈਰ ਉਨ੍ਹਾਂ ਦੀ ਮਰਜ਼ੀ ) ਲਿਖਿਆ ਹੈ, ਕਾਫੀ “ਭੇਤ” ਨਸ਼ਰ ਹੋਏ ਹਨ। “ਖਿੱਦੋ” ਬਾਰੇ ਲਿਖਣ ਵਾਲੇ ਤਾਂ ਬਹੁਤੇ ਪਛਾਣੇ ਜਾ ਰਹੇ “ਬੀਬੇ ਚਿਹਰਿਆਂ” ‘ਤੇ ਵੀ ਉਂਗਲ ਰੱਖ ਰਹੇ ਹਨ। ਆਮ ਤੌਰ ‘ਤੇ ਮੰਨਿਆਂ ਜਾ ਰਿਹਾ ਕਿ ਜਸਵੀਰ ਹੋਰਾਂ ਨੇ ਜੋ ਲਿਖਿਆ ਇਹ ਸਭ ਲੰਮੇ ਸਮੇਂ ਤੋਂ ਸ਼ਰੇਆਮ ਵਾਪਰ ਰਿਹਾ ਹੈ, ਇਸ ਗੱਲ ਨੂੰ ਕਿਸੇ ਨੇ ਵੀ ਨਹੀਂ ਨਕਾਰਿਆ। ਇਕ ਸਵਾਲ ਹੋਰ ਪੈਦਾ ਹੋ ਰਿਹਾ ਹੈ ਜੋ ਵਿਚਾਰਿਆ ਜਾਣਾ ਵੀ ਜ਼ਰੂਰੀ ਹੈ। ਬਹੁਤ ਵੱਡੀ ਗਿਣਤੀ ਇਹ ਕਹਿ ਰਹੀ ਹੈ ਕਿ ਇਨਾਮ ਜੁਗਾੜ ਨਾਲ ਮਿਲਦੇ ਹਨ। ਪੈਸਾ ਤੇ ਦੇਹ ਦੇ ਵਰਤੇ ਜਾਣ ਦਾ ਜ਼ਿਕਰ ਹੁੰਦਾ ਹੈ। ਮਰਦ ਤੇ ਔਰਤ ਲੇਖਕ ( ਬਹੁਤ ਸਾਰੇ ) ਇਸ “ਹਮਾਮ” ਵਿਚ ਸ਼ਾਮਲ (ਨੰਗੇ) ਹਨ। ਇਨਾਮ ਦੇਣ ਦਾ ਫੈਸਲਾ ਕਰਨ ਵਾਲੇ ਅਤੇ ਇਨਾਮ ਪ੍ਰਾਪਤ ਕਰਨ ਵਾਲੇ ਬਹੁਤੇ ਅਜੇ ਜੀਊਂਦੇ ਹੀ ਹਨ, ਜੇ ਉਹ ਸੱਚਮੁੱਚ ਜੀਊਂਦੇ ਹਨ, ਅਤੇ ਉਨ੍ਹਾਂ ਦੀ ਜ਼ਮੀਰ ਅਜੇ ਮਰੀ ਨਾ ਹੋਵੇ ਤਾਂ ਇਹ ਦੱਸਣ ਦੀ ਖੇਚਲ ਕਰਨ ਕਿ ਉਨ੍ਹਾਂ ਨੇ ਇਨਾਮ ਦੇਣ ਵੇਲੇ ਜਿਨ੍ਹਾਂ ਨਾਵਾਂ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ (ਉਹ ਨਾਮ ਜਰੂਰ ਲਿਖਣ) ਉਸ ਦੇ ਕੀ ਕਾਰਨ ਸਨ, ਕਿਹੜੇ ਮਿੱਥੇ ਹੋਏ “ਮਿਆਰ” ਪਰਖੇ ਜਾਂ “ਵਰਤੇ” ਸਨ ? ਕਿਸਦੀ ਦੇਹ ਚੱਲੀ ਕਿਸਦਾ ਪੈਸਾ ਚੱਲਿਆ? ਕਿਸਦਾ ਜੁਗਾੜ ਚੱਲਿਆ? ਉਨ੍ਹਾਂ ਨੇ ਆਪ ਕਿਹੜੇ ਜੁਗਾੜ ਨਾਲ ਇਨਾਮ ਪ੍ਰਾਪਤ ਕੀਤਾ ? ਜਿਨ੍ਹਾਂ ਸਾਹਿਤਕ ਰਚਨਾਵਾਂ ਨੂੰ ਰੱਦ ਕੀਤਾ ਉਨ੍ਹਾਂ ਰਚਨਾਵਾਂ ਦਾ ਇਨਾਮ ਲਈ ਚੁਣੀਆਂ ਰਚਨਾਵਾਂ ਤੋਂ “ਮੁੱਲ” ਕਿਵੇਂ ਘੱਟ ਸੀ ? ਜੇ ਉਹ ਇਹ ਨਹੀਂ ਦੱਸ ਸਕਦੇ ਤਾਂ ਉਹ ਬੇ-ਈਮਾਨ ਕਹੇ ਜਾਣ ਦੇ ਯੋਗ / ਕਾਬਲ ਗਿਣੇ ਜਾ ਸਕਦੇ ਹਨ। ਫੇਰ ਉਹ ਆਪਣੀ ਕਲਮ ਨੂੰ ਬਾਂਝ ਸਮਝ ਕੇ ਖੁਦਕੁਸ਼ੀ ਕਰ ਹੀ ਲੈਣ ਦੇਣ – ਪਰ, ਜੇ ਸੱਚ-ਪੁੱਤਰ / ਧੀਆਂ ਹਨ ਤਾਂ ਸੱਚ ਬੋਲਣ।

ਹੋ ਸਕਦਾ ਬਾਕੀ ਭਾਸ਼ਾਵਾਂ ਵਿਚ ਵੀ ਅਜਿਹਾ ਹੁੰਦਾ ਹੋਵੇ, ਜੋ ਸੰਭਵ ਹੈ। ਪੰਜਾਬੀ ਵਾਲਿਆਂ ਨੂੰ ਚਾਹੀਦਾ ਹੈ ਉਹ ਪਹਿਲ ਕਰਨ ਤੇ ਆਪਣੀ ਭਾਸ਼ਾ ਵਿਚ ਇਸ ਕੁਲੱਛਣ ਦਾ ਆਪਣਾ ਸੱਚ ਨੰਗਾ ਕਰਨ। ਕਹਿੰਦੇ ਪੰਜਾਬੀ ਅਗਵਾਈ ਕਰਦੇ ਹੁੰਦੇ ਆ – “ਸਾਹਿਤਕਾਰੋ” ਵਾਰੀ ਆਈ ਐ ਤਾਂ ਕਰੋ ਅਗਵਾਈ – ਬੋਲੋ ਸੱਚ।

ਹੁਣ ਦੇਖਦੇ ਹਾਂ ਪੰਜਾਬੀ ਵਿਚ ਹੈ ਕੋਈ ਸੱਚ ਪੁੱਤਰ/ ਧੀ ਜੋ ਹਿੱਕ ਠੋਕ ਕੇ ਕਹੇ ਕਿ ਇਨਾਮ ਲੈਣ ਲਈ ਮੈਂ ਜੁਗਾੜ ਕੀਤਾ ਜਾਂ ਮੈਂ ਜੁਗਾੜ ਨਹੀਂ ਕੀਤਾ, ਇਹ ਵੀ ਦੱਸੇ ਕਿ ਜੇ ਜੁਗਾੜ ਨਹੀਂ ਕੀਤਾ ਤਾਂ ਇਨਾਮ ਕਿਵੇਂ ਮਿਲਿਆ? ਫੈਸਲੇ ਵਾਲੀ ਜੀਊਰੀ ਦੇ ਮੈਂਬਰ “ਬਣਨ ਵਾਲੇ” ਵੀ ਦੱਸਣ ਉਨ੍ਹਾਂ ਦੀ ਮੈਂਬਰ ਬਣਨ ਦੀ “ਸਪੈਸ਼ਲ ਯੋਗਤਾ” ਕੀ ਸੀ? ਕਿਸੇ ਯੂਨੀਵਰਸਿਟੀ ਦਾ ਅਧਿਆਪਕ ਹੋਣਾ ਇਨਾਮ ਯੋਗ ਸਾਹਿਤ ਪਰਖਣ ਦੀ ਕੋਈ ਯੋਗਤਾ ਨਹੀਂ। ਮੂੰਹ ਵਿਚ ਘੁੰਙਣੀਆਂ ਪਾ ਕੇ ਬੈਠਣ ਵਾਲੇ ਇਤਹਾਸ ਦੇ ਦੋਸ਼ੀ ਰਹਿਣਗੇ।

ਇਨਾਮਾਂ ਵਾਲੇ ਸੂਰਮਿਉਂ ! ਨਿੱਤਰੋ ਮੈਦਾਨੇ ਤੇ ਕਰੋ ਸੱਚ – ਝੂਠ ਦਾ ਨਿਤਾਰਾ।

***
5 ਸਤੰਬਰ 2021
***
416
***

kehar sharif

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →