19 June 2024

ਅਵਤਾਰ ਦਾ ਕਾਵਿ-ਸੰਗ੍ਰਹਿ – ‘ਅਸੀਂ ਕਾਲੇ ਲੋਕ ਸਦੀਂਦੇ’ – ਹਰਬਖਸ਼ ਮਕਸੂਦਪੁਰੀ

ਅਵਤਾਰ ਜੰਡਿਆਲਵੀ ਦਾ ਕਾਵਿ-ਸੰਗ੍ਰਹਿ – ‘ਅਸੀਂ ਕਾਲੇ ਲੋਕ ਸਦੀਂਦੇ’ – ਹਰਬਖਸ਼ ਮਕਸੂਦਪੁਰੀ

ਅਵਤਾਰ ਜੰਡਿਆਲਵੀ
      ਅਵਤਾਰ ਜੰਡਿਆਲਵੀ

“ਅਸੀਂ ਕਾਲੇ ਲੋਕ ਸਦੀਂਦੇ” (2002 ਨਵਯੁਗ ਪ੍ਰਕਾਸਨ) ਅਵਤਾਰ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਉਸਦਾ ਪਹਿਲਾ ਕਾਵਿ ਸੰਗ੍ਰਹਿ ‘ਕਪਰ-ਛੱਲਾਂ’ 1961 ਵਿਚ ਤੇ ਦੂਜਾ ‘ਮੇਰੇ ਪਰਤ ਆਉਣ ਤਕ’ 1981 ਦੇ ਨੇੜੇ ਤੇੜੇ ਛਪਿਆ ਸੀ ਤੇ ਇਹ ਤੀਜਾ ਕਾਵਿ-ਸੰਗ੍ਰਹਿ ਹੁਣ 2002 ਦੇ ਅਖੀਰ ਵਿਚ ਛਪਿਆ ਹੈ। ਅਵਤਾਰ ਨੇ ਇਨ੍ਹਾਂ ਤਿੰਨਾਂ ਕਾਵਿ-ਸੰਗ੍ਰਹਿਾਂ ਵਿਚ ਵਿਚ ਵੀਹ ਵੀਹ ਸਾਲ ਦਾ ਅੰਤਰਾਲ ਹੈ। ਇਸਤੋਂ ਇਹੀ ਜਾਪਦਾ ਹੈ ਕਿ ਅਵਤਾਰ ਆਪਣੇ ਰਚਨਾਤਮਕ ਕਾਰਜ ਵਿਚ ਬੜੀ ਧੀਮੀ ਚਾਲੇ ਤੁਰਿਆ ਹੈ। ਇਹ ਧੀਮੀ ਚਾਲ ਉਸਦੇ ਸੁਭਾ ਦਾ ਹਿੱਸਾ ਹੈ। ਉਹ ਕੱਚੀਆਂ ਪਿੱਲੀਆਂ ਕਵਿਤਾਵਾਂ ਰਚ ਕੇ ਸਸਤੀ ਵਾਹ ਵਾਹ ਖਟਣ ਦੀ ਇੱਛਾ ਨਹੀਂ ਰਖਦਾ। ਮੈਂ ਉਸਦੀਆਂ ਇਹ ਤਿੰਨੇ ਕਾਵਿ-ਪੁਸਤਕਾਂ ਪੜ੍ਹੀਆਂ ਹੀ ਨਹੀਂ, ਇਨ੍ਹਾਂ ਨੂੰ ਸਮਝਿਆ ਤੇ ਮਾਣਿਆ ਵੀ ਹੈ। ਇਸ ਤਜੁਰਬੇ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਅਵਤਾਰ ਉਸ ਸਮੇਂ ਹੀ ਕਵਿਤਾ ਲਿਖਦਾ ਹੈ, ਜਦੋਂ ਉਸਦਾ ਦਿਲ ਤੇ ਦਿਮਾਗ ਦੋਵੇਂ ਪੂਰੀ ਤਰ੍ਹਾਂ ਪ੍ਰਚੰਡ ਤੇ ਉਤਸ਼ਾਹਤ ਹੋਣ ਤੇ ਕਵਿਤਾ ਆਪ ਉਸਨੂੰ ਲਿਖਣ ਲਈ ਮਜਬੂਰ ਕਰ ਦੇਵੇ। ਇਹੀ ਕਾਰਣ ਹੈ ਕਿ ਉਸਦੀ ਕਵਿਤਾ ਵਿਚ ਸਰੋਦੀ ਗੁਣ ਸਿਖਰ ਤੇ ਹੁੰਦੇ ਹਨ। ਜਿਥੇ ਵੀ ਉਹ ਪੂਰੀ ਤਰ੍ਹਾਂ ਭਾਵਕ ਹੁੰਦਾ ਹੈ, ਉਥੇ ਉਸਦੀ ਕਵਿਤਾ ਗੀਤ ਦਾ ਰੂਪ ਧਾਰਣ ਕਰ ਲੈਂਦੀ ਹੈ। ਕਿਉਂਕਿ ਉਹ ‘ਕਪਰ-ਛੱਲਾਂ’ ਵਿੱਚ ਨਿੱਜੀ ਪਿਆਰ ਦੇ ਤਜੁਰਬੇ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦਾ ਹੈ, ਇਸ ਲਈ ਉਥੇ ਉਹ ਸਰੋਦੀ ਵੀ ਬਹੁਤਾ ਹੈ ਤੇ ਬਹੁਤੀ ਵੇਰ ਛੰਦ ਨੂੰ ਵੀ ਪੂਰੀ ਤਰ੍ਹਾਂ ਨਿਭਾਉਂਦਾ ਹੈ। ਇਹ ਗੱਲ ਵੀ ਦੇਖਣ ਵਾਲੀ ਹੈ ਕਿ ਛੰਦ ਤੇ ਸਰੋਦ ਉਸਦੀ ਕਵਿਤਾ ਦੇ ਵਿਸ਼ੇ ਦੇ ਅਨੁਭਵ ‘ਚੋਂ ਪੈਦਾ ਹੁੰਦੇ ਹਨ, ਕਵਿਤਾ ਦੇ ਵਿਸ਼ੇ ਤੇ ਕਿਤੇ ਵੀ ਭਾਰੂ ਨਹੀਂ ਹੁੰਦੇ। ‘ਮੇਰੇ ਪਰਤ ਆਉਣ ਤੱਕ’ ਵਿਚ ਉਹਦਾ ਅਨੁਭਵ ਕੇਵਲ ਆਪਣਾ ਨਹੀਂ, ਉਸ ਵਰਗੇ ਹੋਰ ਪਰਵਾਸੀ ਪੰਜਾਬੀਆਂ ਦਾ ਸਾਂਝਾ ਅਨੁਭਵ ਹੈ ਤੇ ਉਹ ਇਸ ਪਰਵਾਸ ਪਿੱਛੇ ਲੁਕੇ ਕਾਰਨਾਂ ਦੀ ਸੂਝ ਵੀ ਰੱਖਦਾ ਹੈ। ਇਸ ਲਈ ਇਸ ਸੰਗ੍ਰਹਿ ਵਿਚ ਉਸਦੀ ਕਵਿਤਾ ਆਪਣੇ ਅਨੁਭਵ ਅਤੇ ਉਸ ਵਰਗੇ ਹੋਰ ਪੰਜਾਬੀ ਪਰਵਾਸੀਆਂ ਦੇ ਸਾਂਝੇ ਅਨੁਭਵ ਤੇ ਸੂਝ ਦਾ ਸੁਮੇਲ ਹੈ। ‘ਅਸੀਂ ਕਾਲੇ ਲੋਕ ਸਦੀਂਦੇ’ ਵਿਚ ਪੁਜ ਕੇ ਉਸਦੀ ਰਚਨਾ ਪ੍ਰਕਿਰਿਆ ਵਿਚ ਅਨੁਭਵ ਨਾਲੋਂ ਚਿੰਤਨ ਵਧੇਰੇ ਹਿੱਸਾ ਪਾਉਂਦਾ ਹੈ, ਕਿਉਂਕਿ ਜਬਰੀ ਬੰਦੀ ਬਣਾ ਕੇ ਗ਼ੁਲਾਮਾਂ ਦੇ ਤੌਰ ਤੇ ਵੇਚੇ ਗਏ ਅਫਰੀਕਨਾਂ ਦਾ ਅਨੁਭਵ ਉਸਦਾ ਆਪਣਾ ਅਨੁਭਵ ਨਹੀਂ ਸੀ। ਉਨ੍ਹਾਂ ਦੇ ਦੁਖ ਦਰਦ ਨੂੰ ਸਮਝਣ ਲਈ ਅਨੁਭਵ ਨਾਲੋਂ ਚਿੰਤਨ ਨੇ ਵਧੇਰੇ ਹਿੱਸਾ ਪਾਉਣਾ ਹੀ ਸੀ। ਚਿੰਤਨ ਤੋਂ ਬਿਨਾਂ ਉਨ੍ਹਾਂ ਦੇ ਦਰਦ ਨੂੰ ਸਮਝਣ ਲਈ ਹੋਰ ਕੋਈ ਰਾਹ ਵੀ ਨਹੀਂ ਸੀ, ਫੇਰ ਵੀ ਉਸਦੇ ਹੰਡੀਂ ਹੰਢਾਏ ਦਰਦ ਦਾ ਅਨੁਭਵ ਉਨ੍ਹਾਂ ਦੇ ਦਰਦ ਨੂੰ ਸਮਝਣ ਦੇ ਯਤਨ ਵਿਚ ਸਹਾਈ ਅਵੱਸ਼ ਹੁੰਦਾ ਹੈ।

    ‘ਅਸੀਂ ਕਾਲੇ ਲੋਕ ਸਦੀਂਦੇ’ ਛਪਣ ਤੋਂ ਬਹੁਤ ਚਿਰ ਪਹਿਲਾਂ ਇਹ ਗੱਲ ਫੈਲ ਚੁਕੀ ਸੀ ਕਿ ਅਵਤਾਰ ਇਸ ਨਾਉਂ ਦੀ ਲੰਮੀ ਕਵਿਤਾ ਲਿਖ ਰਿਹਾ ਹੈ। ਉਸ ਦੀ ਇਹ ਕਿਤਾਬ ਧਿਆਨ ਨਾਲ ਪੜ੍ਹਨ ਉਪ੍ਰੰਤ ਇਹ ਗੱਲ ਠੀਕ ਵੀ ਜਾਪਦੀ ਹੈ ਹੈ ਕਿ ਉਸ ਨੇ ਅਫਰੀਕਾ ਵਿੱਚੋਂ ਜਬਰੀ ਚੁੱਕੇ ਗਏ ਤੇ ਦੂਰ-ਦੁਰਾਡੇ ਮੁਲਕ ਅਮਰੀਕਾ ਵਿਚ ਗ਼ੁਲਾਮਾਂ ਦੇ ਤੌਰ ਤੇ ਵੇਚੇ ਗਏ ਲੋਕਾਂ ਬਾਰੇ ਲੰਮੀ ਕਵਿਤਾ ਲਿਖੀ ਵੀ ਸੀ। ਜੇ ਤੁਸੀਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ ‘ਸਾਗਰ ਬੇੜਾ’, ‘ਬੰਦਰਗਾਹ’, ‘ਸੁਪਨਾ’ ਤੇ ‘ਵਾਜਾਂ’ ਨੂੰ ਧਿਆਨ ਨਾਲ ਪੜ੍ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਇਹ ਕਵਿਤਾਵਾਂ ਇੱਕੋ ਲੰਮੀ ਕਵਿਤਾ ਦੇ ਟੁਕੜੇ ਹਨ। ਕਿਉਂਕਿ ਅਵਤਾਰ ਦਾ ਇਰਾਦਾ ਕੇਵਲ ਅਫਰੀਕਨ ਮਹਾਂਦੀਪ ਵਿਚੋਂ ਗ਼ੁਲਾਮ ਬਣਾਏ ਲੋਕਾਂ ਬਾਰੇ ਹੀ ਕਵਿਤਾ ਲਿਖਣਾ ਨਹੀਂ ਸੀ, ਸਗੋਂ ਪਰਵਾਸ ਧਾਰਨ ਕਰਨ ਵਾਲੇ ਸਾਰੇ ਕਾਲੇ, ਭੂਰੇ ਤੇ ਕਣਕਵੰਨੇੇ ਲੋਕਾਂ ਵਾਰੇ ਲਿਖਣਾ ਸੀ, ਇਸ ਲਈ ਉਸਨੇ ਇਸ ਲੰਮੀ ਕਵਿਤਾ ਨੂੰ ਕਈ ਕਵਿਤਾਵਾਂ ਵਿੱਚ ਵੰਡ ਦਿਤਾ ਤੇ ਇਕਰੱਸਤਾ ਤੇ ਲਗਾਤਾਰਤਾ ਨੂੰ ਤੋੜ੍ਹਨ ਲਈ, ਅਜ ਦੇ ਪਰਵਾਸੀਆਂ ਨਾਲ ਸੰਬੰਧਤ ਕਵਿਤਾਵਾਂ ਇਨ੍ਹਾਂ ਵਿਚ ਬੀੜ ਦਿੱਤੀਆਂ। ਅੱਜ ਦੇ ਪਰਵਾਸੀਆਂ ਬਾਰੇ ਲਿਖੀਆਂ ਕਵਿਤਾਵਾਂ ਕਵੀ ਦੇ ਨਿਜੀ ਅਨੁਭਵ ਤੇ ਉਸ ਵਰਗੇ ਹੋਰ ਪਰਵਾਸੀ ਪੰਜਾਬੀਆਂ ਦੇ ਅਨੁਭਵ ਤੇ ਅਧਾਰਤ ਸਨ ਇਸ ਲਈ ਇਨ੍ਹਾਂ ਕਵਿਤਾਵਾਂ ਵਿੱਚ ਚਿੰਤਨ ਨਾਲੋਂ ਅਨੁਭਵ ਦਾ ਸੇਕ ਵਧੇਰੇ ਸੀ, ਅਜੇਹਾ ਕਰ ਕੇ ਅਵਤਾਰ ਨੇ ਇਨ੍ਹਾਂ ਸਮੁਚੀਆਂ ਕਵਿਤਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿਤਾ ਹੈ।

    ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ‘ਪੱਛਮ’ ਇਕ ਭਾਂਤ ਇਸ ਕਾਵਿ-ਸੰਗ੍ਰਹਿ ਦੀ ਪ੍ਰਸਤਾਵਨਾ ਹੈ। ਇਸ ਵਿਚ ਲੋਕਾਂ ਨੂੰ ਪੱਛਮ ਵਲ ਨੂੰ ਜਾਣ ਲਈ ਨਹੀਂ ਕਿਹਾ ਗਿਆ ਹੈ, ਸਗੋਂ ਇਸ ਕਵਿਤਾ ਵਿਚ ਇੱਹ ਤਿੱਖਾ ਵਿਅੰਗ ਹੈ ਕਿ ਜਦ ਤੀਜੀ ਦੁਨੀਆ ਦੀਆਂ ਹਕੂਮਤਾਂ ਦੀ ਝਾਕ ਸਦਾ ਪੱਛਮ ਵਲ ਲੱਗੀ ਰਹਿੰਦੀ ਹੈ, ਜਦ ਇਨ੍ਹਾਂ ਦੇਸਾਂ ਦੇ ਹਾਕਮ ਵੀ ਪੱਛਮੀ ਦੇਸਾਂ ਦੀ ਝੋਲੀ ਪਏ ਹੋਏ ਹਨ, ਜਦ ਪੱਛਮ ਦੇ ਧਨਾਢਾਂ ਨੇ ਤੀਜੀ ਦੁਨੀਆ ਦੀ ਰਾਜਨੀਤੀ ਨਾਲ ਯਾਰੀ ਲਾਈ ਹੋਈ ਹੈ ਤਾਂ ਤੀਜੀ ਦੁਨੀਆ ਦੇ ਜਵਾਨਾਂ ਲਈ ਹੋਰ ਰਾਹ ਵੀ ਕਿਹੜਾ ਰਹਿ ਗਿਆ ਹੈ, ਪੱਛਮ ਵਲ ਜਾਣ ਤੋਂ ਬਿਨਾਂ। ਇਹ ਛੋਟੀ ਜਿਹੀ ਕਵਿਤਾ ਧਿਆਨ ਵਿਚ ਰੱਖੇ ਬਿਨਾਂ ਤੁਸੀਂ ਅਵਤਾਰ ਦੀਆਂ ਸਮੁੱਚੀਆਂ ਕਵਿਤਾਵਾਂ ਵਿਚਲੇ ਸੁਨੇਹੇ ਨੂੰ ਨਹੀਂ ਪਾ ਸਕਦੇ, ਇਸ ਲਈ ਮੈਂ ਇਹ ਕਵਿਤਾ ਸਾਰੀ ਦੀ ਸਾਰੀ ਹੇਠਾਂ ਦੇ ਰਿਹਾ ਹਾਂ:-

ਪੱਛਮ ਵਲ ਨੂੰ ਜਾਈਂ ਜਵਾਨਾਂ
ਪੱਛਮ ਵਲ ਨੂੰ ਜਾਈ।
ਪੱਛਮ ਵਲ ਨੂੰ ਬੱਦਲ ਜਾਂਦੇ
ਪੱਛਮ ਵਲ ਨੂੰ ਪੌਣਾਂ।
ਪੱਛਮ ਵਲ ਨੂੰ ਜਾਂਦੇ ਪੰਛੀ
ਮੁੜ ਨਾ ਜਿਨ੍ਹਾਂ ਨੇ ਆਉਣਾ
ਪੱਛਮ ਵਲ ਨੂੰ ਗਏ ਜਹਾਜ਼ੀ
ਪੱਛਮ ਵਲ ਲੁਟੇਰੇ
ਪੱਛਮ ਵਲ ਨੂੰ ਗਏ ਮੁਸਾਫਰ
ਜਿੱਥੇ ਸੁਖ ਵਥੇਰੇ।
ਪੱਛਮ ਵਲ ਨੂੰ ਗਈ ਹਕੂਮਤ
ਪੱਛਮ ਵਲ ਨੂੰ ਰਾਣੇ
ਪੱਛਮ ਵਲ ਲੋਕਾਈ ਜਾਂਦੀ
ਪੱਛਮ ਵਲ ਜਰਵਾਣੇ।
ਪੱਛਮ ਵਲ ਨੂੰ ਗਏ ਮਸੀਹੇ
ਪੱਛਮ ਵਲ ਵਪਾਰੀ
ਪੱਛਮ ਦਿਆਂ ਧਨਾਡਾਂ ਲਾਈ
ਨਾਲ ਸਿਆਸਤ ਯਾਰੀ।

    ਇਹ ਤਾਂ ਹੈ ਅੱਜ ਦੀ ਹਾਲਤ, ਜਦੋਂ ਲੋਕੀਂ ਆਪਣੀ ਮਰਜ਼ੀ ਨਾਲ ਪੱਛਮ ਵਲ ਜਾ ਰਹੇ ਹਨ, ਪਰ ਸਦਾ ਇਵੇਂ ਨਹੀਂ ਸੀ ਹੁੰਦਾ। ਉਹ ਵੀ ਸਮਾਂ ਸੀ, ਜਦੋਂ ਲੋਕ ਪੱਛਮ ਵਲ ਆਪਣੀ ਮਰਜ਼ੀ ਨਾਲ ਨਹੀਂ ਸੀ ਜਾਂਦੇ, ਸਗੋਂ ਉਨ੍ਹਾਂ ਨੂੰ ਜਬਰੀ ਬੰਦੀ ਬਣਾ ਕੇ ਸਮੁੰਦਰੀ ਬੇੜਿਆਂ ਵਿਚ ਭਰ ਕੇ ਲੈ ਜਾਇਆ ਜਾਂਦਾ ਸੀ ਤੇ ਅਮ੍ਰੀਕਾ ਦੀਆਂ ਮੰਡੀਆਂ ਵਿਚ ਗ਼ੁਲਾਮਾਂ ਦੇ ਤੌਰ ਤੇ ਵੇਚਿਆ ਜਾਂਦਾ ਸੀ। ਇਸ ਸੰਗ੍ਰਹਿ ਦੀ ਦੂਜੀ ਕਵਿਤਾ ਪਹਿਲੀ ਦਾ ਉਲਟ ਹੈ। ਇਹ ਕਵਿਤਾ ‘ਸਾਗਰ-ਬੇੜਾ’ ਪੜ੍ਹ ਕੇ ਅਤਿ ਘਿਨਾਉਣੇ ਜ਼ੁਲਮ ਦੀ ਤਸਵੀਰ ਅੱਖਾਂ ਅੱਗੇ ਫੈਲਣੀ ਸ਼ੁਰੂ ਹੋ ਜਾਂਦੀ ਹੈ, ਜਹਾਜ਼ ਦੇ ਤਹਿਖਾਨੇ ਵਿਚ ਖੜਕਦੇ ਸੰਗਲ, ਹਵਾ ਵਿਚ ਘੁਲਦੀਆਂ ਸਿਸਕੀਆਂ, ਪਿੰਡਾਂ ਨਾਲੋਂ ਮੋਹ ਦੀਆਂ ਟੁਟਦੀਆਂ ਤੰਦਾਂ, ਨੰਗੇ ਪਿੰਡਿਆਂ ਤੇ ਵਰ੍ਹਦੇ ਸਪਾਂ ਵਰਗੇ ਛੈਂਟੇ, ਅੱਖਾਂ ਅੱਗੇ ਸਾਕਾਰ ਹੋ ਜਾਂਦੇ ਹਨ। ਇਨ੍ਹਾਂ ਬੰਦੀ ਬਣਾਏ ਮੁੰਡਿਆਂ ਨੂੰ ਗ਼ੁਲਾਮੀ ਲਈ ਖਰੀਦਣ ਵਾਲੇ ਇਨ੍ਹਾਂ ਦਾ ਮੁੱਲ ਇਨ੍ਹਾਂ ਦੀਆਂ ਲੱਤਾਂ ਤੇ ਡੌਲਿਆਂ ਨੂੰ ਪਰਖ ਕੇ ਪਾਉਂਦੇ ਸਨ। ਬਸ ਉਨ੍ਹਾਂ ਦੇ ਸਿਰ ਤੋਂ ਬਿਨਾਂ ਬਾਕੀ ਸਾਰਾ ਸਰੀਰ ਉਨ੍ਹਾਂ ਲਈ ਵਰਤਣ ਯੋਗ ਹੁੰਦਾ ਸੀ। ਇਨ੍ਹਾਂ ਬੰਦੀਆਂ ਦੇ ਭਰੇ ਜਹਾਜ਼ ਜਦੋਂ ਬੰਦਰਗਾਹਾਂ ਤੇ ਲਗਦੇ ਸਨ ਤਾਂ ਇਨ੍ਹਾਂ ਨੂੰ ਆਪਣੇ ਅਜ਼ਾਦ ਜੀਵਨ ਦੇ ਗੁਆਚ ਜਾਣ ਦਾ ਅਹਿਸਾਸ ਜਾਗਦਾ ਸੀ। ਕਵਿਤਾ ‘ਬੰਦਰਗਾਹ’ ਦੀਆ ਇਹ ਸਤਰਾਂ ਪੜ੍ਹੋ:-

ਬੰਦਰਗਾਹਾਂ ਦੇ ਦਰ ਖੁਲ੍ਹੇ
ਮਰੇ ਮਰੇ ਹੋਏ ਫਿਰਦੇ ਬੁੱਲੇ
ਕਿੱਥੇ ਹੈ ਨ੍ਹੇਰੀ ਹੰਕਾਰੀ
ਨਾਲ ਜਿਹਦੇ ਸੀ ਸਾਡੀ ਯਾਰੀ
ਕਿੱਥੇ ਹੈ ਸੂਰਜ ਦੀ ਟਿੱਕੀ
ਕਿੱਥੇ ਹੈ ਕੋਈ ਝਾਂਜਰ ਨਿਕੀ
ਬੰਦਰਗਾਹੀਂ ਭਰੀ ਉਦਾਸੀ
ਢਲਦੀ ਉਮਰਾ ਜੇਹੀ ਉਬਾਸੀ

    ਇਸਤਰ੍ਹਾਂ ਇਨ੍ਹਾਂ ਬੰਦੀ ਬਣਾਏ ਗਏ ਮੁੰਡਿਆਂ ਅੰਦਰ ਢਲਦੀ ਉਮਰ ਦਾ ਅਹਿਸਾਸ ਜਾਗਦਾ ਸੀ ਤੇ ਜਹਾਜ਼ ਬੰਦਰਗਾਹਾਂ ਤੇ ਲਗਦੇ, ਅੱਗੇ ਤੁਰਦੇ ਜਾਂਦੇ ਸਨ।

    ਅਮ੍ਰੀਕਾ ਨੂੰ ਆਬਾਦ ਕਰਨ ਲਈ ਇਸ ਜਬਰੀ ਪਰਵਾਸ ਦੀ ਵਿਥਿਆ ਦਸ ਕੇ ਅਵਤਾਰ ਅਗਲੀ ਕਵਿਤਾ ‘ਵੀਜ਼ਾ’ ਵਿਚ ਫੇਰ ਵਰਤਮਾਨ ਵਲ ਮੁੜਦਾ ਹੈ। ਇਹ ਕਵਿਤਾ ਇਸ ਤੋਂ ਪਹਿਲਾਂ ਦਿੱਤੀਆਂ ਦੋਹਾਂ ਕਵਿਤਾਵਾਂ ਦਾ ਪ੍ਰਤੀ-ਪ੍ਰਸਤਾਵ ਹੈ। ਕਦੀਂ ਉਹ ਸਮਾਂ ਸੀ ਕਿ ਅਫਰੀਕਾ ਵਿਚੋਂ ਮੁੰਡੇ ਫੜ ਕੇ ਜਬਰੀ ਗ਼ੁਲਾਮ ਬਣਾਉਣ ਲਈ ਲੈ ਜਾਏ ਜਾਂਦੇ ਸਨ, ਹੁਣ ਇਹ ਸਮਾਂ ਵੀ ਆ ਗਿਆ ਹੈ ਕਿ ਤੀਜੀ ਦੁਨੀਆ ਦੇ ਮੁੰਡੇ ਆਪ ਆਪਣੀ ਮਰਜ਼ੀ ਨਾਲ ਪੱਛਮੀ ਦੇਸਾਂ ਵਿਚ ਆਉਣ ਲਈ ਤੀਂਘੜਦੇ ਹਨ, ਚੋਰੀ ਆਉਂਦੇ ਹਨ, ਸੈਰ ਸਪਾਟੇ ਦੇ ਬਹਾਨੇ ਤੇ ਵਿਆਹਾਂ ਸ਼ਾਦੀਆਂ ਵਿਚ ਸ਼ਾਮਲ ਹੋਣ ਤੇ ਮਰਗਾਂ ਉਤੇ ਆਖਰੀ ਰਸਮਾਂ ਵਿਚ ਸ਼ਾਮਲ ਹੋਣ ਦੇ ਬਹਾਨੇ ਪੱਛਮੀ ਦੇਸਾਂ ਵਿਚ ਆ ਕੇ ਚੁੱਭੀ ਮਾਰ ਜਾਂਦੇ ਹਨ ਤੇ ਕਾਨੂੰਨ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਇੱਥੇ ਗ਼ੈਰ ਕਾਨੂੰਨੀ ਤੌਰ ਤੇ ਕੰਮ ਕਰਦੇ ਹਨ। ਪਰ ਜਿਨ੍ਹਾਂ ਨੂੰ ਇਨ੍ਹਾਂ ਦੇਸਾਂ ਵਿਚ ਆਉਣ ਦਾ ਵੀਜ਼ਾ ਮਿਲ ਜਾਂਦਾ ਹੈ, ਉਹ ਤਾਂ ਆਪਣੇ ਆਪ ਨੂੰ ਅਤਿ ਭਾਗਸ਼ਾਲੀ ਸਮਝਦੇ ਹਨ। ਉਹ ਸਮਝਦੇ ਹਨ, ਉਨ੍ਹਾਂ ਦੇ ਹੱਥ ਜੰਨਤ ਦਾ ਪਾਸਪੋਰਟ ਆ ਗਿਆ ਹੈ ਅਤੇ ਟੱਬਰ ਦੀ ਰੋਟੀ ਤੇ ਕਪੜੇ ਦਾ ਸਵਾਲ ਵੀ ਹੱਲ ਹੋ ਗਿਆ ਹੈ। ਉਹ ਆਪਣੀ ਕਿਸਮਤ ਨੂੰ ਉਨ੍ਹਾਂ ਮੁੰਡਿਆਂ ਨਾਲ ਮੇਲ ਕੇ ਦੇਖਦੇ ਹਨ, ਜਿਹੜੇ ਮੈਕਸੀਕੋ ਦੇ ਜੰਗਲਾਂ ਵਿੱਚੋਂ, ਅਮ੍ਰੀਕਾ ਪੁੱਜਣ ਲਈ ਮੁਸੀਬਤਾਂ ਝਾਗਦੇ ਫੜੇ ਜਾਂਦੇ ਹਨ ਤੇ ਜਿਹੜੇ ਹਵਾਈ ਜਹਾਜ਼ਾਂ ਨਾਲ ਲਟਕ ਕੇ ਵੀ ਪੱਛਮ ਵਿਚ ਪੁੱਜ ਜਾਣ ਦੇ ਯਤਨਾਂ ਵਿੱਚ ਜਾਨਾਂ ਗੁਆ ਲੈਂਦੇ ਹਨ। ਉਨ੍ਹਾਂ ਦੇ ਮੂੰਹੋਂ ਅਵਤਾਰ ਨੇ ਇਸ ਕਵਿਤਾ ਦੇ ਅੰਤ ਵਿਚ ਅਜੇਹੀ ਗੱਲ ਵੀ ਕਹਾਈ ਹੈ, ਜਿਸ ਤੋਂ ਪੱਛਮ ਵਲ ਲੱਗੀ ਦੌੜ ਦੇ ਕਾਰਨਾਂ ਦਾ ਪਤਾ ਲੱਗ ਜਾਂਦਾ ਹੈ:-

ਆ ਵੀਜ਼ੇ ਦਾ ਜਸ਼ਨ ਮਨਾਈਏ
ਜੇ ਦੁਨੀਆਂ ਤੇ ਥੋੜਾਂ
ਤਾਂ ਵੀਜ਼ੇ ਦੀਆਂ ਲੋੜਾਂ

    ਇਹ ਗੱਲ ਹੈ ਵੀ ਐਨ ਠੀਕ। ਥੋੜਾਂ ਹੀ ਆਦਮੀ ਨੂੰ ਆਪਣਾ ਘਰ ਤੇ ਦੇਸ ਛਡਣ ਲਈ ਮਜਬੂਰ ਕਰਦੀਆਂ ਹਨ। ਪਰ ਇਨ੍ਹਾਂ ਸਤਰਾਂ ਤੋਂਅਵਤਾਰ ਜੰਡਿਆਲਵੀ ਠੀਕ ਪਹਿਲਾਂ ਜਿਹੜੀ ਗੱਲ ਉਨ੍ਹਾਂ ਦੇ ਮੂੰਹੋਂ ਕਹਾਈ ਹੈ, ਉਹ ਉਨ੍ਹਾਂ ਦੀ ਖੁਸ਼ਫ਼ਹਿਮੀ ਦੀ ਸਿਖਰ ਹੈ- ‘ਕਾਲੇ ਦੀ ਹੁਣ ਕਰਨ ਗ਼ੁਲਾਮੀ, ਪੂਰਬ ਪੱਛਮ ਦੋਵੇਂ’। ਹਾਲੀਂ ਤਾਂ ਹਰ ਪਾਸੇ ਪੱਛਮ ਦੀ ਚੜ੍ਹਤਲ ਹੈ। ਕਾਲੇ, ਗੋਰੇ ਦੀ ਬਰਾਬਰੀ ਦੀ ਗੱਲ ਵੀ ਹਾਲੀਂ ਸੰਭਵ ਨਹੀਂ ਦਿਸਦੀ। ਭਵਿਖ ਵਿਚ ਸ਼ਾਇਦ ਸੰਭਵ ਹੋ ਜਾਵੇ, ਪਰ ਪੂਰਬ ਪੱਛਮ ਦੋਵੇਂ ਕਾਲੇ ਦੀ ਗ਼ੁਲਾਮੀ ਕਰਨਗੇ, ਇਹ ਵੀ ਕਦੀਂ ਸੰਭਵ ਹੋ ਸਕੇਗਾ? ਇਸਦਾ ਉੱਤਰ ਤਾ ਭਵਿਖ ਦੇ ਪੇਟ ਵਿਚ ਹੈ, ਹਾਲ ਦੀ ਘੜੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਅੱਜ ਦੇ ਸਮੇਂ ਦਾ ਇੱਕ ਸਚ ਇਹ ਵੀ ਹੈ ਕਿ ਪੱਛਮ ਵਿਚ ਆਉਣ ਲਈ ਵੀਜ਼ਾ ਤਾਂ ਮਿਲ ਜਾਣਾ ਸੰਭਵ ਹੈ, ਪਰ ਗੋਰੇ ਲੋਕਾਂ ਦੀ ਕਾਲਿਆਂ ਪ੍ਰਤੀ ਨਫਰਤ ਤੋਂ ਕਿਵੇਂ ਬਚਿਆ ਜਾਵੇ। ਰੰਗ ਦੇ ਭੇਦ ਭਾਵ ਨੂੰ ਦੇਖ ਕੇ ਇੱਕ ਵੇਰ ਤਾਂ ਜੀਅ ਕਰਦਾ ਹੈ ਕਿ ਰਾਤੋ ਰਾਤ ਕਾਲੇ ਤੋਂ ਗੋਰੇ ਬਣ ਜਾਈਏ, ਕਿਉਂਕਿ ਇਸ ਕਾਲੇ ਰੰਗ ਦੇ ਕਾਰਨ ਹੀ ਯੂਰਪ, ਅਮ੍ਰੀਕਾ ਅਤੇ ਕੈਨੇਡਾ ਦੀਆਂ ਧਰਤੀਆਂ ਤੇ ਸਸਤੇ ਭਾਅ ਵਿਕਣਾ ਪੈਂਦਾ ਹੈ। ਪਰ ਗੋਰਾ ਰੰਗ ਦੁਕਾਨਾਂ ਤੋਂ ਤਾਂ ਖਰੀਦਿਆ ਨਹੀਂ ਜਾ ਸਕਦਾ। ਫੇਰ ਇੱਕੋ ਇੱਕ ਰਾਹ ਸਖਤ ਮਿਹਨਤ ਕਰ ਕੇ ਇਸ ਯੋਗ ਹੋਣ ਵਿੱਚ ਹੈ ਕਿ ਆਪਣੀ ਮਿਹਨਤ ਨੂੰ ਇੰਝ ਸਸਤੇ ਭਾਅ ਵੇਚਣ ਦੀ ਲੋੜ ਨਾ ਰਹਿ ਜਾਵੇ। ਇਹ ਵੀ ਅਸਲੀਅਤ ਹੈ ਕਿ ਪੈਸੇ ਵਾਲੇ ਤੇ ਖ਼ੁਦਮੁਖ਼ਤਿਆਰ ਬੰਦੇ ਦੇ ਰੰਗ ਦੀ ਪੜਤਾਲ ਕੋਈ ਨਹੀਂ ਕਰਦਾ। ਪਰ ਅਜੇਹੀ ਸੂਰਤ ਤਕ ਪਹੁੰਚਣ ਲਈ ਉਮਰਾਂ ਲਗ ਜਾਂਦੀਆਂ ਹਨ। ਇਸ ਸੰਧਰਭ ਵਿਚ ਅਵਤਾਰ ਦੀ ਕਵਿਤਾ ‘ਗੋਰਾ ਰੰਗ ਡੱਬੀਆਂ ਵਿਚ ਆਇਆ’ ਦੀਆਂ ਇਨ੍ਹਾਂ ਸਤਰਾਂ ਵਲ ਧਿਆਨ ਦੇਣ ਦੀ ਲੋੜ ਹੈ:-

ਧੂੰਏ-ਨਗਰੀ ਵਸਣ
ਨੀਂਦਾਂ ਰੁੱਸੀਆਂ
ਡੰਗ ਦੇ ਡੰਗ ਦੀ ਰੋਟੀ
ਮਾਲਕ ਬਖਸ਼ਦੇ
ਹਾਰ-ਸ਼ਿੰਗਾਰ ਨਾ ਭਾਵਣ
ਕਾਲੇ ਕਿੰਝ ਖਰੀਦਣ ਡੱਬੀਆਂ
ਇਸ ਤੋਂ ਅਗਲੀ ਕਵਿਤਾ ਵਿਚ ਅਵਤਾਰ ਫੇਰ ਪੁਰਾਣੇ ਸਮਿਆਂ ਵਲ ਮੁੜਦਾ ਹੈ। ਗ਼ੁਲਾਮੀ ਲਈ ਬੰਦੀ ਬਣਾਏ ਗਏ ਮੁੰਡੇ ਆਪਣੀ ਧਰਤੀ ਦੇ ਤੇ ਅਜ਼ਾਦੀ ਦੇ ਸੁਪਨੇ ਦੇਖਦੇ ਹਨ, ਉਹ ਸੁਪਨੇ ਹੀ ਤਾਂ ਲੈ ਸਕਦੇ ਸਨ ਹੋਰ ਕਰ ਵੀ ਕੀ ਸਕਦੇ ਸਨ:-
ਇਹ ਕੀ ਤੱਕਿਆ ਅਸੀਂ ਅਜੂਬਾ
ਕਿਰ ਗਈਆਂ ਬਣ ਰੇਤ ਜੰਜ਼ੀਰਾ
ਸੌਂ ਗਏ ਗੂੜੀ ਨੀਂਦ ਜਹਾਜ਼ੀ
ਆਪਣੀ ਮਿੱਟੀ ਮੱਥੇ ਲਾਈ
ਦੂਰ ਦੁਰਾਡੇ ਮੋਰ ਬੋਲਦਾ

    ਜਦੋਂ ਸੁਪਨੇ ਟੁਟਦੇ ਹਨ ਤੇ ਕੌੜੀ ਅਸਲੀਅਤ ਸਾਹਮਣੇ ਆ ਖੜੀ ਹੁੰਦੀ ਹੈ ਤਾਂ ਉਹ ਬੰਦੀ ਭਾਵੁਕਤਾ ਦੇ ਵਹਿਣ ਵਿਚ ਵਹਿ ਕੇ ਉਸ ਸਭ ਕੁਝ ਨੂੰ ਆਵਾਜ਼ਾਂ ਮਾਰਦੇ ਹਨ ਜੋ ਕੁਝ ਉਨ੍ਹਾਂ ਦੀ ਧਰਤੀ ਉਤੇ ਪਿੱਛੇ ਰਹਿ ਗਿਆ ਹੁੰਦਾ ਹੈ। ‘ਅਵਾਜ਼ਾਂ’ ਕਵਿਤਾ ਸਰੋਦੀ ਕਵਿਤਾ ਹੈ। ਇਹ ਕਵਿਤਾ, ਅਵਤਾਰ ਦੀ ਕਾਵਿ ਸ਼ਾਸ਼ਤਰ ਦੀ ਸੂਝ ਦਾ ਬਹੁਤ ਹੀ ਖੂਬਸੂਰਤ ਨਮੂਨਾ ਹੈ। ਇਸ ਵਿਚ ਵਰਤੀ ਕਲਾ ਦੇ ਕਮਾਲ ਦੀ ਪਕਿਆਈ ਆਵਾਸੀ ਪੰਜਾਬੀ ਸਾਹਿਤ ਵਿਚ ਬਹੁਤ ਘੱਟ ਪਰਾਪਤ ਹੁੰਦੀ ਹੈ। ਇਸ ਕਵਿਤਾ ਵਿੱਚੋਂ ਕੱੁਝ ਸਤਰਾਂ ਹਾਜ਼ਰ ਹਨ:

ਦੂਰ ਕਿਧਰੇ
ਚੋਟੀਆਂ ਤੋਂ ਤਿਲਕਦੀ
ਹੋਈ ਧੁਪ
ਵਾਜਾਂ ਮਾਰਦੀ ਹੈ
ਟੂਣੇਹਾਰੀ ਟਿੱਬਿਆਂ
ਤੇ ਫੈਲਦੀ
ਹੋਈ ਚੁੱਪ
ਵਾਜ਼ਾਂ ਮਾਰਦੀ ਹੈ
ਤਾਰਿਆਂ ਦੀ ਰੌਸ਼ਨੀ ਵਿਚ
ਧੁਲ ਰਹੇ ਅਸਮਾਨ
‘ਵਾਜ਼ਾਂ ਮਾਰਦੇ ਹਨ
ਹਰੀ ਭਰੀ
ਵਾਦੀ ਦੇ ਕੰਢੇ
ਝੁਲ ਰਹੇ ਤੂਫਾਨ
‘ਵਾਜ਼ਾਂ ਮਾਰਦੇ ਹਨ

    ਇਸ ਦੇ ਮੁਕਾਬਲੇ ਵਿਚ ਪਰਦੇਸਾਂ ਵਿਚ ਮਿਲਦਾ ਕੀ ਹੈ? ਅਵਤਾਰ ਦੀ ਕਵਿਤਾ ‘ਬਲੈਕ ਬਾਅ’ ਸਪਸ਼ਟ ਕਰ ਦਿੰਦੀ ਹੈ। ਇਹ ‘ਬਲੈਕ ਬਾਅ’ ਦਾ ਰੌਲਾ ਪਾਉਣ ਵਾਲੇ ਉਹੀ ਹਨ, ਜੋ :-

ਚਿਰ ਹੋਇਆ ਇਹ ਇੱਲਾਂ
ਆਈਆਂ ਸਨ ਏਸ਼ੀਆ ਦੇ ਮੈਦਾਨ
ਚੁਗ ਗਈਆਂ ਸਨ
ਅਫਰੀਕਾ ਦੀਆਂ ਖਾਣਾ।
ਲੱਭ ਲਿਤਾੜ ਆਈਆਂ ਸਨ
ਨਵੀਂ ਨਵੀਂ ਦੁਨੀਆ।
ਬੁਝਾ ਆਈਆਂ ਸਨ,
ਹੁਸੀਨ ਸ਼ਹਿਰਾਂ ਦੇ ਹੁਸੀਨ
ਦਰਵਾਜ਼ਿਆਂ ‘ਚ ਜਗਦੇ ਚਰਾਗ
ਤੇ ਰੱਜੇ ਹੋਏ ਢਿੱਡਾਂ ਵਿਚੋਂ
ਚੀਕ ਨਿਕਲੀ ਸੀ
ਬਲੈਕ ਬਾਅ… ਬਲੈਕ ਬਾਅ

    ਉਪ੍ਰੋਕਤ ਸਤਰਾਂ ਤੋਂ ਏਸ਼ੀਆ ਦੀ ਗ਼ਰੀਬੀ ਤੇ ਪਛੜੇਵੇਂ ਦੇ ਕਾਰਨਾਂ ਦਾ ਪਤਾ ਲਗਦਾ ਹੈ। ਇਹੀ ‘ਬਲੈਕ ਬਾਅ’ ਦਾ ਰੌਲਾ ਪਾਉਣ ਵਾਲੇ ਪੱਛਮ ਤੋਂ ਗਏ ਧਾੜਵੀ ਹੀ ਸਨ ਜਿਨ੍ਹਾਂ ਨੇ ਏਸ਼ੀਆ ਦੇ ਦੇਸਾਂ ਨੂੰ ਬੁਰੀ ਤਰ੍ਹਾਂ ਲੁਟ ਕੇ ਕੰਗਾਲ ਬਣਾ ਦਿਤਾ ਸੀ। ਬਲੈਕ ਬਾਅ ਦੇ ਉੱਤਰ ਵਿਚ ਕਾਲੇ ਲੋਕ ਆਪਣੇ ਆਪ ਨੂੰ ਤਸੱਲੀ ਦਿੰਦੇ ਹਨ ਕਿ ਕਾਲਾ ਰੰਗ ਵੀ ਤਾਂ ਸੁੰਦਰ ਹੁੰਦਾ ਹੈ। ਗੀਤਾ ਦਾ ਰਚਨਹਾਰ ਭਗਵਾਨ ਕ੍ਰਿਸ਼ਨ ਵੀ ਤਾਂ ਕਾਲਾ ਸੀ, ਫੇਰ ਵੀ ਉਸ ਉੱਤੇ, ਗੋਪੀਆਂ ਜਾਨ ਦਿੰਦੀਆਂ ਸਨ। ਗੋਰੀ ਰਾਧਾ ਤਾਂ ਉਸ ਕਾਲੇ ਕ੍ਰਿਸ਼ਨ ਲਈ ਹੋਰ ਗੋਰੀ ਬਣਨ ਲਈ ਯਤਨਸ਼ੀਲ ਰਹਿੰਦੀ ਸੀ (ਦੇਖੋ ਕਵਿਤਾ ਕ੍ਰਿਸ਼ਨ) ਤੇ ਹੁਣ ਤਕ ਵੀ ਇਸ ਕਾਲੇ ਕ੍ਰਿਸ਼ਨ ਦੀ ਚਰਨ-ਧੂੜ ਮਸਤਕ ਲਾਉਣ ਲਈ ਲੋਕੀਂ ਤੱਤਪਰ ਰਹਿੰਦੇ ਹਨ। ਇਹੀ ਗੱਲ ਤਾਂ ਪੱਛਮ ਵਿਚ ਵਸਦੇ ਨੀਗਰੋ ਨਸਲ ਦੇ ਲੋਕ ਕਹਿੰਦੇ ਹਨ, ਜਦੋਂ ਉਹ ‘ਬਲੈਕ ਇਜ਼ ਬੀਉਟੀਫੁਲ’ ਦਾ ਨਾਅਰਾ ਲਾਉਂਦੇ ਹਨ।

    ਨਾ ਰੰਗ ਨਸਲ ਦਾ ਭੇਦ, ਨਾ ਪੱਛਮ ਦੇ ਦੇਸਾਂ ਦੀ ਬੋਲੀ ਤੇ ਸਭਿਆਚਾਰ ਦਾ ਵੱਖਰੇਵਾਂ ਕੋਈ ਫਰਕ ਪਾਉਂਦਾ ਹੈ। ਪੂਰਬ ਦੇ ਦੇਸਾਂ ਤੋਂ ਪੱਛਮ ਵਲ ਨੂੰ ਪਰਵਾਸ ਘਟਣ ਦੀ ਥਾਂ ਦਿਨ ਪੁਰ ਦਿਨ ਵਧ ਰਿਹਾ ਹੈ। ਪੂਰਬ ਦੀ ਲੁਟ ਨਾਲ ਆਫਰੇ ਇਨ੍ਹਾਂ ਦੇਸਾਂ ਦੀ ਚਮਕ ਦੀ ਖਿਚ ਦੇ ਬੱਧੇ ਲੋਕੀਂ ਮੌਤ ਦੀ ਵੀ ਪਰਵਾਹ ਨਹੀਂ ਕਰਦੇ, ਪਤਾ ਨਹੀਂ ਕਿੰਨੇ ਬੇੜੀਆਂ ਦੇ ਡੱੁਬਣ ਨਾਲ ਸਮੁੰਦਰ ਵਿਚ ਹੀ ਦਫਨ ਹੋ ਜਾਂਦੇ ਹਨ ਤੇ ਕਿੰਨੇ ਟਰੱਕਾਂ ਵਿੱਚ ਤੂੜੇ ਹੋਏ ਹੀ ਸਾਹ ਘੁਟ ਹੋਣ ਨਾਲ ਖਤਮ ਹੋ ਜਾਂਦੇ ਹਨ। ਸਮੁੰਦਰ ਕੰਢੇ ਲੱਗੇ, ਇਸ ਤਰ੍ਹਾਂ ਦੇ ਇੱਕ ਟਰੱਕ ਵਿੱਚੋਂ ਚਾਲੀ ਏਸ਼ੀਅਨ ਜਵਾਨਾਂ ਦੀਆਂ ਲਾਸ਼ਾਂ ਮਿਲਦੀਆਂ ਹਨ। ਇਨ੍ਹਾਂ ਅਣਆਈ ਮੌਤ ਮਰ ਗਏ ਜਵਾਨਾਂ ਦੀ ਮੌਤ ‘ਤੇ ਅਵਤਾਰ ‘ਆਏ ਕਰਨ ਕਮਾਈ’ ਵਿਚ ਖੂਨ ਦੇ ਅਥਰੂ ਰੋਂਦਾ ਹੈ।
ਜਦੋਂ ਅਸਲੀ ਜੀਵਨ ਮਿਲਦਾ ਨਹੀਂ, ਸੁਪਨੇ ਟੁਟਦੇ ਹਨ ਤੇ ਗ਼ੰੁਮ ਗਏ ਗੁਆਚ ਗਏ ਸਮੇਂ ਦਾ ਦਰਦ ਜਾਗਦਾ ਹੈ, ਤਾਂ ਬੰਦਾ ਆਪਣੇ ਅੰਦਰ ਖਿਲਾਅ ਮਹਿਸੂਸ ਕਰਦਾ ਹੈ। ਜਦੋਂ ਬੰਦੇ ਦੇ ਅੰਦਰ ਖਿਲਾਅ ਪੈਦਾ ਹੋ ਜਾਂਦਾ ਹੈ, ਤਾਂ ਉਸਦੀ ਹਾਲਤ ਅਵਤਾਰ ਦੀ ਕਵਿਤਾ ‘ਖਿਲਾਅ’ ਵਰਗੀ ਹੋ ਜਾਂਦੀ ਹੈ। ਇਸ ਖੂਬਸੂਰਤ ਕਵਿਤਾ ਦੀਆਂ ਇਹ ਸਤਰਾਂ ਪੜ੍ਹੋ:-

ਜਨਾਜ਼ੇ ਤਾਂ ਕਿਸੇ ਨਾਲ
ਰਿਸ਼ਤੇ ਦੀ ਨਿਸ਼ਾਨੀ ਹਨ
ਅਸਾਂ ਨੂੰ ਤਾਂ ਕਿਸੇ ਕਿਣਕੇ
ਦੇ ਸੰਗ ਦਾ ਮੋਹ ਨਹੀਂ ਹੋਇਆ
ਇਸੇ ਲਈ ਕੋਈ ਨਹੀਂ ਰੋਇਆ

    ਅਵਤਾਰ ਨੂੰ ਪਤਾ ਹੈ ਕਿ ਇਹ ਖਿਲਾਅ ਸਦਾ ਨਹੀਂ ਰਹਿਣਾ ਤੇ ਬੰਧਨ ਵੀ ਆਖਰ ਟੁੱਟਣੇ ਹਨ। ਨਾ ਕੈਦਾਂ ਨਾ ਜ਼ੰਜੀਰਾਂ ਮਨੁੱਖ ਦੀ ਅਜ਼ਾਦੀ ਦੀ ਤਾਂਘ ਦੇ ਰਸਤੇ ਵਿਚ ਸਦਾ ਦੀਵਾਰਾਂ ਬਣੀਆਂ ਰਹਿ ਸਕਦੀਆਂ ਹਨ। ਅਵਤਾਰ ਨੇ ਆਪਣੀ ਕਵਿਤਾ ‘ਨੈਲਸਨ’ ਵਿਚ ਇਸ ਗੱਲ ਨੂੰ ਭਲੀ ਭਾਂਤ ਜ਼ਾਹਰ ਕਰ ਦਿੱਤਾ ਹੈ। ਨੈਲਸਨ ਮੰਡੇਲਾ 28 ਸਾਲ ਬੰਦੀਖਾਨੇ ਵਿਚ ਰਿਹਾ। ਜਵਾਨੀ ਜੇਲ੍ਹ ਅੰਦਰ ਰੋਲ ਕੇ ਵੀ ਅੰਤ ਉਸਨੇ ਆਪਣੇ ਆਜ਼ਾਦੀ ਤੇ ਬਰਾਬਰੀ ਦੇ ਸੁਪਨੇ ਨੂੰ ਸਾਕਾਰ ਕਰ ਹੀ ਲਿਆ। ਪਰ ਸਾਰੀ ਦੁਨੀਆਂ ਵਿਚ ਆ ਰਹੇ ਸਮਾਜਕ ਤੇ ਆਰਥਕ ਪ੍ਰੀਵਰਤਨ ਵੀ ਇਸ ਵਿਚ ਸਹਾਈ ਹੁੰਦੇ ਹਨ। ਨੈਲਸਨ ਮੰਡੇਲਾ ਵਰਗੇ ਸਿਰੜੀ ਅਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਵੀ ਇਸ ਪ੍ਰੀਵਰਤਨ ਦੀ ਰਫਤਾਰ ਨੂੰ ਤੇਜ਼ ਕਰਨ ਵਿਚ ਮੁੱਲਵਾਨ ਹਿੱਸਾ ਪਾਉਂਦੀ ਹੈ। ਇਥੇ ਦੇਖਣ ਵਾਲੀ ਇਕ ਹੋਰ ਗੱਲ ਵੀ ਹੈ, ਅਵਤਾਰ ਨੇ ਇਸ ਕਵਿਤਾ ਵਿਚ ਨੈਲਸਨ ਮੰਡੇਲਾ ਨੂੰ ਉਸਦੇ ਪਹਿਲੇ ਨਾਉਂ ‘ਨੈਲਸਨ’ ਨਾਲ ਹੀ ਸੰਬੋਧਨ ਕੀਤਾ ਹੈ। ਇਸ ਛੋਟੀ ਜੇਹੀ ਗੱਲ ਨਾਲ ਹੀ ਅਵਤਾਰ ਨੇ ਆਪਣੇ ਆਪ ਨੂੰ ਤੇ ਆਪਣੇ ਰਾਹੀਂ ਆਪਣੇ ਲੋਕਾਂ ਨੂੰ ਨੈਲਸਨ ਮੰਡੇਲਾ ਨਾਲ ਜੋੜ ਲਿਆ ਹੈ। ਇਸਤਰ੍ਹਾਂ ਨੈਲਸਨ ਮੰਡੇਲਾ ਦੀ ਜੱਦੋਜਿਹਦ ਤੇ ਉਸਦੀ ਕਾਮਯਾਬੀ ਸਾਡੀ ਆਪਣੀ ਜੱਦੋਜਿਹਦ ਤੇ ਕਾਮਯਾਬੀ ਬਣ ਗਈ ਹੈ।
ਨੈਲਸਨ ਮੰਡੇਲੇ ਵਰਗੇ ਸਿਰੜੀ ਸੁਤੰਤਰਤਾ ਸੰਗਰਾਮੀਆਂ ਦੀ ਹੀ ਦੇਣ ਹੈ ਤੇ ਇਸਦੇ ਨਾਲ ਹੀ, ਸਾਰੀ ਦੁਨੀਆ ਦੇ ਆਜ਼ਾਦੀ ਤੇ ਬਰਾਬਰੀ ਦੇ ਇੱਛੁਕ ਲੋਕਾਂ ਦੀ ਉਸ ਨਾਲ ਹਮਦਰਦੀ ਦੀ ਹੀ ਦੇਣ ਹੈ ਕਿ ‘ਕੂ ਕਲੱਕਸ ਕਲਾਂ’ ਵਰਗੀਆਂ ਨਸਲਵਾਦੀ ਜਥੇਬੰਦੀਆਂ ਦੇ ਦਿਨ ਵੀ ਹੁਣ ਲੱਦ ਗਏ ਹਨ। ਇਸੇ ਨਾਉਂ ਦੀ ਕਵਿਤਾ ਵਿੱਚ ਅਵਤਾਰ ਕਹਿੰਦਾ ਹੈ:-

ਰੰਗ ਵਿਤਕਰਾ ਭੁਲ ਗਈ ਹੈ
ਦੁਨੀਆ ਅੱਜ ਦੀ
ਹੁਣ ਜਿਹੜੇ ਫੁੱਲ ਖਿੜ ਰਹੇ ਹਨ
ਬਹੁ-ਰੰਗੇ ਹਨ

    ਅਵਤਾਰ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇਸ ਪ੍ਰੀਵਰਤਨ ਵਿੱਚ ਵਿਗਿਆਨਕ ਉਨਤੀ ਨੇ ਵੀ ਹਿੱਸਾ ਪਾਇਆ ਹੈ। ਕੰਪਊਟਰ ਤੇ ਇੰਟਰਨੈਟ ਨੇ ਦੇਸਾਂ ਤੇ ਕੌਮਾਂ ਦੀਆਂ ਹੱਦਾਂ ਮੇਟਣ ਦਾ ਕਾਰਜ ਅਰੰਭ ਵੀ ਕਰ ਦਿੱਤਾ ਹੈ। ਅਵਤਾਰ ਆਪਣੀ ਕਵਿਤਾ ਡਾਟ ਕੌਮ ਵਿਚ ਕਹਿੰਦਾ ਹੈ:-

ਡਾਟ ਕੌਮ ਇਹ ਨਹੀਂ ਜਾਣਦਾ
ਕਿਹੜੇ ਰੰਗ ਦੀ ਉਂਗਲ
ਉਸਨੂੰ ਤੋਰ ਰਹੀ ਹੈ
ਕਿਹੜੇ ਰੰਗ ਦੀਆਂ ਅੱਖਾਂ
ਉਸਦੇ ਰੰਗ ਨਿਹਾਰਨ।
ਡਾਟ ਕੌਮ ਦਰਵਾਜ਼ਾ ਖੋਲ੍ਹੀ
ਦੇਖ ਰਿਹਾ ਹੈ
ਉਸ ਦੁਨੀਆ ਦੇ ਅਜਬ ਨਜ਼ਾਰੇ,
ਜਿਥੇ ਨਾ ਕੋਈ ਜੰਜ਼ੀਰਾਂ
ਨਾ ਕੋਈ ਹੱਦਾਂ ਅਤੇ ਲਕੀਰਾਂ

    ਹਾਲੀਂ ਤਾਂ ਇਹ ਸੰਭਾਵੀ ਸੁਪਨਾ ਹੈ, ਜਿਸਦੇ ਸਾਕਾਰ ਹੋਣ ਤੋਂ ਪਹਿਲਾਂ ਪਤਾ ਨਹੀਂ ਕੀ ਹੋ ਜਾਵੇ। ਇਸੇ ਵਿਗਿਆਨਕ ਉਨਤੀ ਨੇ ਸਰਬਨਾਸਕ ਹਥਿਆਰ ਵੀ ਤਾਂ ਲੋਕਾਂ ਦੇ ਦੁਸਮਣਾਂ ਦੇ ਹੱਥਾਂ ਵਿਚ ਦੇ ਦਿੱਤੇ ਹਨ। ਪਰ ਸੁਪਨੇ ਲੈਣ ਨਾਲ ਹੀ ਤਾਂ ਯਥਾਰਥਕ ਕਾਰਜਸ਼ੀਲਤਾ ਵਲ ਵਧਣ ਲਈ ਇਰਾਦੇ ਬਣਾਉਣ ਲਈ ਜ਼ਮੀਨ ਤਿਆਰ ਹੁੰਦੀ ਹੈ। ਅਵਤਾਰ ਦੀ ਕਵਿਤਾ ‘ਸੁਪਨਾ’ ਇਹੀ ਤਾਂ ਦਸਦੀ ਹੈ। ਅਵਤਾਰ ਇਸ ਬਾਰੇ ਵੀ ਚੇਤਨ ਹੈ ਕਿ ਵਿਗਿਆਨਕ ਉਨਤੀ ਨਾਲ ਸੰਚਾਰ, ਯਾਤਾਯਾਤ ਤੇ ਚਕਿੱਤਸਾ ਵਿਚ ਉਨਤੀ ਦੀਆਂ ਅਥਾਹ ਸੰਭਾਵਨਾ ਪੈਦਾ ਹੋ ਗਈਆਂ ਹਨ। ਇਸ ਸਭ ਕੁਝ ਦੇ ਹੋਣ ਤੇ ਵੀ ਜੀਵਨ ਵਿੱਚੋਂ ਰਸ ਗੁਆਚਦਾ ਜਾ ਰਿਹਾ ਹੈ। ਆਪਾਧਾਪੀ ਇੰਨੀ ਵਧ ਗਈ ਹੈ ਕਿ ਨਾ ਦੋਸਤੀ ਦਾ ਪਤਾ ਲਗਦਾ ਹੈ ਨਾ ਦੁਸ਼ਮਣੀ ਦਾ। ਕੁਝ ਇਸਤਰ੍ਹਾਂ ਦੀ ਹਾਲਤ ਨੂੰ ਅਵਤਾਰ ਨੇ ਕਵਿਤਾ ‘ਫਾਸਲਾ’ ਵਿੱਚ ਇਸਤਰ੍ਹਾਂ ਦਰਸਾਇਆ ਹੈ:-

ਹੁਣ ਪਤਾ ਨਹੀਂ ਕਦੋਂ
ਦਿਲ ਦੇ ਦੁਆਰ
ਢੋ ਲੈਂਦੇ ਨੇ ਲੋਕ
ਸ਼ਾਮ ਤੋਂ ਪਹਿਲਾਂ ਹੀ
ਗ਼ੈਰਾਂ ਨਾਲ
ਹੋ ਲੈਂਦੇ ਨੇ ਲੋਕ

    ਕੁਝ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਕਿ ਰਾਮ ਤੇ ਰਾਵਣ ਦੋਹਾਂ ਦੇ ਚਿਹਰੇ ਇੱਕੋ ਹੀ ਭਾਅ ਮਾਰਦੇ ਲਗਦੇ ਨੇ, ਕਿਉਂਕਿ:-

ਤੇਜ਼ ਰਫਤਾਰੀ ਦੇ ਯੁਗ ਵਿਚ
ਪਿਆਰ ਪਿੱਛੇ ਰਹਿ ਗਿਆ
ਗ਼ਰਜ਼ ਅੱਗੇ ਆ ਗਈ
ਤੇ ਯਾਰ ਪਿੱਛੇ ਰਹਿ ਗਿਆ

    ਇਸ ਵਿਕਸਿਤ ਪੂੰਜੀਵਾਦੀ ਪ੍ਰਬੰਧ ਵਿਚ ਰਹਿ ਰਹੇ ਮਨੁੱਖ ਦੀ ਕਦਰ ਘਟਾਈ ਬਾਰੇ ਇਸ ਸੰਗ੍ਰਹਿ ਵਿਚ, ਹੋਰ ਵੀ ਕਈ ਕਵਿਤਾਵਾਂ ਹਨ, ਜਿਵੇਂ ‘ਤੈਨੂੰ ਕੀ ਦਸੀਏ’, ‘ਮੁਲਾਕਾਤਾਂ’ ਆਦਿ। ਇਸ ਤੋਂ ਜ਼ਰਾ ਹੋਰ ਅੱਗੇ ਵੱਧ ਕੇ ਕੁਝ ਕਵਿਤਾਵਾਂ ਮਾਪਿਆਂ ਤੇ ਔਲਾਦ ਵਿਚ ਪੈ ਗਈਆਂ ਤੇ੍ਰੜਾਂ ਨੂੰ ਪਰਗਟ ਕਰਦੀਆਂ ਹਨ, ਜਿਵੇਂ ‘ਬੇਟੀਏ’ ਤੇ ‘ਬਾਬਲ’। ਇਨ੍ਹਾਂ ਦੋਹਾਂ ਕਵਿਤਾਵਾਂ ਵਿਚ ਲੋਕ-ਗੀਤਾਂ ਵਰਗੀ ਸਾਧਾਰਨਤਾ ਤੇ ਸੁਹਜ ਦੋਵੇਂ ਮਿਲਦੇ ਹਨ। ਅਜੇਹੀਆਂ ਕਵਿਤਾਵਾਂ ਕਵੀ ਦੇ ਨਿਜੀ ਅਨੁਭਵ ਤੇ ਉਸ ਵਰਗੇ ਉਸ ਦੁਆਲੇ ਵਸਦੇ ਹੋਰ ਪੰਜਾਬੀ ਬੰਦਿਆ ਦੇ ਅਨੁਭਵ ਨੂੰ ਪਰਗਟ ਕਰਦੀਆਂ ਹਨ, ਇਸ ਲਈ ਇਨ੍ਹਾਂ ਵਿਚ ਭਾਵੁਕਤਾ ਵੀ ਹੈ ਤੇ ਵਿਸ਼ਾਦ ਵੀ। ਇਨ੍ਹਾਂ ਕਵਿਤਾਵਾਂ ਦਾ ਲੋਕ-ਗੀਤਪਨ ਤੁਸੀਂ ਆਪ ਹੀ ਦੇਖ ਲਵੋ:-

ਤੁਰੀ ਤੁਰੀ ਜਾਂਦੀਏ ਨੀ ਬੇਟੀਏ
ਮੈਂ ਤੇਰੇ ਨਾਲ ਦਿਲ ਦੀ ਕਰਾਂ।
ਉਂਝ ਕਿੰਨਾ ਹੋ ਗਿਆ ਸਮਾਂ।
ਖਿੜੀ ਖਿੜੀ ਜਾਂਦੀਏ ਨੀ ਬੇਟੀਏ
ਬਾਗਾਂ ਵਿਚ ਫੁੱਲ ਨੇ ਹਜ਼ਾਰ।
ਕਿਹੜਾ ਤੇਰੀ ਅੱਖ ਦਾ ਸ਼ਿੰਗਾਰ।
ਵਧੀ ਵਧੀ ਜਾਂਦੀਏ ਨੀ ਬੇਟੀਏ
ਕਿਥੋਂ ਤੇਰਾ ਲਭੀਏ ਲਿਬਾਸ।
ਹੈ ਨਾ ਕਿਸੇ ਹੁਨਰੀ ਦੇ ਪਾਸ।
ਵਰੀ ਵਰੀ ਜਾਂਦੀ ਨੀ ਬੇਟੀਏ
ਕਰਾਂ ਇਕ ਭੇਤ ਵਾਲੀ ਬਾਤ।
ਕਿੰਨੀ ਤੇਰੀ ਚਾਹੀਦੀ ਬਰਾਤ।
ਰੁੱਸੀ ਰੁੱਸੀ ਜਾਂਦੀ ਨੀ ਬੇਟੀਏ
ਬਾਹਰ ਬੜੇ ਝੁਲਦੇ ਤੂਫਾਨ
ਜਿਨ੍ਹਾਂ ਕੋਲੋਂ ਕੰਬਦੀ ਏ ਜਾਨ।

    ਬੇਟੀ ਨੂੰ ਵੱਧਦੀ ਫੁਲਦੀ ਦੇਖ ਕੇ ਜਿਸ ਤਰ੍ਹਾਂ ਦੇ ਵੀ ਫਿਕਰ ਕਿਸੇ ਪਿਉ ਨੂੰ ਹੋ ਸਕਦੇ ਹਨ, ਸਾਰੇ ਦੇ ਸਾਰੇ ਇਸ ਛੋਟੇ ਜਿਹੇ ਗੀਤ ਵਿਚ ਸਮੋਏ ਹੋਏ ਹਨ। ਬਾਬਲ ਨਾਉਂ ਦੀ ਕਵਿਤਾ ਭਾਵੇਂ ਛੰਦ-ਪ੍ਰਬੰਧ ਵਿਚ ਬੱਧੀ ਹੋਈ ਨਹੀਂ, ਫੇਰ ਵੀ ਇਸ ਵਿਚ ਲੋਕ ਗੀਤ ਵਾਲੇ ਹੋਰ ਸਾਰੇ ਗੁਣ ਹਨ। ਇਹ ਕਵਿਤਾ ਛੰਦ-ਰਹਿਤ ਵੀ ਇਸ ਕਰਕੇ ਹੈ ਕਿ ਇਹ ਵਿਕਸਤ ਪੂੰਜੀਵਾਦੀ ਪ੍ਰਬੰਧ ਵਿਚ ਜੰਮੀ ਪਲੀ ਕੁੜੀ ਦੇ ਮੂੰਹੋਂ ਕਹਾਈ ਗਈ ਹੈ।
ਇਹ ਠੀਕ ਹੈ ਕਿ ਕਵੀ ਵਿਸ਼ਾਦਗ੍ਰਸਤ ਹਾਲਤ ਵਿਚ ਘਿਰਿਆ ਹੋਇਆ ਹੈ, ਫੇਰ ਵੀ ਉਸਦੀ ਲੋਚਾ ਇਸ ਤੋਂ ਪਾਰ ਜਾਣ ਦੀ ਹੈ।ਇਸ ਅਵਸਥਾ ਵਿਚੋਂ ਨਿਕਲਣ ਦਾ ਇੱਕ ਹੀ ਰਸਤਾ ਹੈ ਕਿ ਨੀਰਸਤਾ ਘਟਾਉਣ ਲਈ ਕੁਝ ਨਵਾਂ ਕੀਤਾ ਜਾਵੇ। ਅਵਤਾਰ ਦੀ ਕਵਿਤਾ ‘ਕੁੱਝ ਨਵਾਂ’ ਵਿਚ ਬਗਾਵਤੀ ਸੁਰਾਂ ਵੀ ਜਾਗਦੀਆਂ ਹਨ ਇਸ ਬੁਢੇ ਚੌਗਿਰਦੇ ਦੇ ਖਿਲਾਫ, ਜਿਸ ਵਿਚ ਜ਼ਿੰਦਗੀ ਬੇਰਸੀ ਦੀ ਭੇਟ ਚੜ੍ਹਦੀ ਜਾ ਰਹੀ ਹੈ:-

ਆਓ! ਸੜਕਾਂ ਤੇ ਬਰਾਜੇ
ਮੀਲ ਪੱਥਰ ਤੋੜ ਦਈਏ
ਆਓ! ਘੜੀਆਂ ਦੀ
ਇਸ ਬੇਸੁਰੀ ਟਿੱਕ ਟਿੱਕ
ਦਾ ਗਲਾ ਘੁਟੀਏ।
ਕੁਝ ਨਵਾਂ ਪੈਦਾ ਕਰੋ
ਕਿ ‘ਹੁਣ ‘ਦੇ ਕੈਦੀ ਹੋ ਗਏ ਹਾਂ

    ਕਵੀ ਹੁਣ ਅੱਧ-ਅਧੂਰਾ ਨਹੀਂ ਜੀਣਾ ਚਾਹੁੰਦਾ। ਉਸਦੀ ਲੋਚਾ ਪੂਰਾ ਜੀਣ ਦੀ ਹੈ। ਇਹ ਲੋਚਾ ਹੂਕ ਬਣ ਕੇ ਉਸਦੇ ਅੰਦਰੋਂ ਨਿਕਲਦੀ ਹੈ। ‘ਅੱਧੀਆਂ ਗੱਲਾਂ’ ਨਾਉਂ ਦੀ ਕਵਿਤਾ ਅਸਲ ਵਿਚ ਗੀਤ ਹੀ ਹੈ, ਜਿਹੜਾ ਇਸ ਤਰ੍ਹਾਂ ਹੂਕ ਬਣ ਕੇ ਉਸਦੇ ਅੰਦਰੋਂ ਨਿਕਲਿਆ ਹੈ:-

ਅੱਧੀਆਂ ਗੱਲਾਂ ਕਰ ਕਰ ਥੱਕੇ
ਅਧੀਆਂ ਮੌਤਾਂ ਮਰ ਮਰ ਅੱਕੇ
ਅਜ ਕੋਈ ਪੂਰੀ ਮੌਤ ਜਾਂ
ਜਾਂ ਪੂਰੀ ਗੱਲ ਸੁਣਾਓ ਰਾਮ ਜੀ!

    ਇਸ ਵਿਕਸਤ ਪੂੰਜੀਦਾਰੀ ਪ੍ਰਬੰਧ ਵਿਚ ਚਿਰਾਂ ਤੋਂ ਰਹਿੰਦਾ ਬੰਦਾ ਜਦੋਂ ਪੌਂਡਾਂ ਨਾਲ ਆਪਣੀਆਂ ਭਰੀਆਂ ਜੇਬਾਂ ਦੇਖਦਾ ਹੈ ਤਾਂ ਪਲ ਕੁ ਲਈ ਤਾਂ ਉਸਨੂੰ ਮਹਿਸੂਸ ਹੁੰਦਾ ਹੈ ਕਿ ਉਹ ਪੌਂਡਾਂ ਦਾ ਗ਼ੁਲਾਮ ਬਣ ਗਿਆ ਹੈ, ਤਾਂ ਹੀ ਤਾਂ ਕਵਿਤਾ ‘ਪੌਂਡ ਬੋਲਿਆ’ ਵਿਚ ਅਵਤਾਰ ਕਹਿੰਦਾ ਹੈ:-

ਨਿੱਕੇ ਹੁੰਦੇ ਤੂੰ ਜੋ
ਚਾਰ ਕਤੇਬਾਂ ਪੜ੍ਹੀਆਂ
ਕਿੱਥੇ ਗਈਆ?
ਸਤਲੁਜ ਕੰਢੇ ਤੇਰੇ ਪੁਰਖਾਂ
ਤੇਗਾਂ ਮਾਰ ਲੜਾਈਆਂ ਲੜੀਆਂ
ਕਿੱਥੇ ਗਈਆਂ?

    ਉਸਨੂੰ ਦੇਸ ਪਿਆਰ ਦੇ ਸੁਪਨਿਆਂ ਦੇ ਨਾਲ ਨਾਲ ਆਪਣੇ ਬਚਪਨ ਦੇ ਸਮੇਂ ਦਾ ਪੰਜਾਬ ਵੀ ਚੇਤੇ ਆਉਂਦਾ ਹੈ। ਪਰ ਉਸਨੂੰ ਪੌਂਡ ਦੀ ਤਾਕਤ ਦਾ ਵੀ ਪਤਾ ਹੈ, ਜਿਹੜੀ ਤਾਕਤ ਅੱਜ ਪੱਛਮ ਦੇ ਧਨਾਢ ਪੂਰਬ ਦੇ ਮੁਲਕਾਂ ਵਿਚ ਵਰਤ ਰਹੇ ਹਨ। ਕੀਤਾ ਵੀ ਕੀ ਜਾਵੇ ਜਦੋਂ ਪੂਰਬ ਦੇ ਲੀਡਰ ਹੀ ਪੌਂਡਾਂ ਲਈ ਵਿਕਣ ਲੱਗ ਪਏ ਹਨ। ਅਜੇਹੀ ਹਾਲਤ ਵਿਚ ਦੇਸ-ਪਿਆਰ ਵਰਗੇ ਜਜ਼ਬੇ ਦੀ ਕੀ ਕਦਰ ਰਹਿ ਗਈ ਹੈ ਤੇ ਕੌਣ ਉਸ ਦੇਸ ਵਿਚ ਵਾਪਸ ਜਾਣਾ ਚਾਹੇਗਾ, ਜਿੱਥੇ ਦੇ ਮੁੰਡਿਆਂ ਦੀਆਂ ਹੇੜ੍ਹਾਂ ਇੱਧਰ ਆਉਣ ਲਈ ਕਾਹਲੀਆਂ ਪਈਆਂ ਹੋਈਆਂ ਹਨ, ਜਿੱਥੇ ਪੌਂਡ ਤੇ ਡਾਲਰ ਦੀ ਪੂਜਾ ਹੋਣ ਲੱਗ ਪਈ ਹੈ, ਉੱਥੇ ਜਾ ਕੇ ਵੀ ਤਾਂ ਪਰਵਾਸੀ ਬੰਦਾ ਪਰਦੇਸੀ ਹੀ ਮਹਿਸੂਸ ਕਰਦਾ ਹੈ। ਪੱਛਮੀ ਕਦਰਾਂ ਕੀਮਤਾਂ ਦਾ ਉੱਥੇੇ ਵੀ ਇੰਨਾ ਕੁ ਬੋਲ ਬਾਲਾ ਹੋ ਗਿਆ ਹੈ ਕਿ ਹੁਣ ਕੋਈ ਵੀ ਕਿਸੇ ਦਾ ਕੁਝ ਨਹੀਂ ਲਗਦਾ। ਜਦੋਂ ਮਨ ਪਰਦੇਸੀ ਹੋ ਜਾਵੇ ਤਾਂ ਆਪਣਾ ਦੇਸ ਵੀ ਪਰਾਇਆ ਲੱਗਣ ਲੱਗ ਪੈਂਦਾ ਹੈ। ਅਵਤਾਰ ‘ਉਡੀਕ’ ਕਵਿਤਾ ਵਿਚ ਕੁਝ ਇਸਤਰ੍ਹਾਂ ਦੇ ਅਨੁਭਵ ਨੂੰ ਹੀ ਪਰਗਟ ਕਰਦਾ ਹੈ:-

ਪ੍ਰਦੇਸ ਕਿਸੇ ਸਾਗਰੋਂ ਪਾਰਲੀ
ਧਰਤੀ ਜਾਂ ਟੁਕੜੇ ਦਾ
ਨਾਮ ਹੀ ਨਹੀਂ ਮਾਂ!
ਇਹ ਦੇਸ ਦੇ ਵੀ
ਐਨ ਵਿਚਕਾਰ ਰਹਿੰਦਾ ਹੈ

    ਗੱਲ ਦੇਸ ਜਾਂ ਪਰਦੇਸ ਦੀ ਨਹੀਂ, ਉਸ ਪ੍ਰਬੰਧ ਦੀ ਹੈ, ਜਿਹੜਾ ਮਨੁੱਖ ਨੂੰ ਦੂਜੇ ਮਨੁੱਖ ਲਈ ਅਜਨਬੀ ਬਣਾ ਦਿੰਦਾ ਹੈ। ਹੁਣ ਤਾਂ ਕੋਲ ਰਹਿੰਦੇ ਭੈਣ ਭਰਾ ਤੇ ਨੇੜਲੇ ਰਿਸ਼ਤੇਦਾਰ, ਦੇਸ ਵਿਚ ਹੀ ਅਜਨਬੀ ਬਣ ਗਏ ਹਨ। ਹੁਣ ਉਹ ਸਾਂਝੇ ਟੱਬਰ ਸਾਂਝੇ ਭਾਈਚਾਰੇ ਟੁੱਟ ਭਜ ਗਏ ਹਨ, ਜਿਨ੍ਹਾਂ ਦਾ ਨਿਘ ਮਾਣਨ ਦੀ ਇੱਛਾ ਲੈ ਕੇ ਪਰਵਾਸੀ ਦੇਸ ਵਾਪਸ ਜਾਂਦੇ ਹਨ। ਜਿਸ ਅਜਨੀਬੀਅਤ ਤੋਂ ਉਪਰਾਮ ਹੋ ਕੇ ਪਰਵਾਸੀ ਦੇਸ ਜਾਂਦਾ ਹੈ, ਉੱਥੇ ਵੀ ਉਸਨੂੰ ਉਹੀ ਅਜਨਬੀਅਤ ਮੱਥੇ ਲਗਦੀ ਹੈ। ਅਵਤਾਰ ਆਪਣੀ ਕਵਿਤਾ ‘ਸਾਂਝ’ ਵਿਚ ਕਹਿੰਦਾ ਹੈ:-

ਤੁਹਾਡੇ ਨਾਲ ਸਾਂਝ ਹੈ
ਸਿਰਫ ਭੂਰੀ ਦਾਹੜੀ
ਤੇ ਕੁਝ ਕੁਝ ਕਾਲੀਆਂ ਅੱਖਾਂ
ਤੁਹਾਡੇ ਕੋਲ ਬੈਠਾ ਉਂਝ ਮੈਂ
ਇੱਕ ਅਜਨਬੀ ਹੁੰਨਾ
ਅਵਤਾਰ ਦੀ ਕਵਿਤਾ ‘ਮੇਰੇ ਚੋਂ’ ਵਿਚ ਜਿਹੜੀ ਇਹ ਗੱਲ ਹੈ:-
ਮੈਂ ਹਬਸ਼ੀ ਹਾਂ ਗੋਰੀ ਦੁਨੀਆ
ਭੋਗਣ ਲੱਗਾ
ਮੈਂ ਹੁਣ ਕੰਜ ਕੁਆਰੇ ਪੱਤਣ
ਚੁੰਮ ਰਿਹਾ ਹਾਂ
ਤੀਜੀ ਦੁਨੀਆ ਦਾ ਇਹ ਸ਼ਮਲਾ
ਉੱਚਾ ਕਰ ਕੇ
ਪਹਿਲੀ ਦੁਨੀਆ ਦੇ ਬਜ਼ਾਰੀਂ
ਘੁੰਮ ਰਿਹਾ ਹਾਂ

    ਇਸ ਵਿਚ ਤਿੱਖਾ ਵਿਅੰਗ ਹੈ ਉਸ ਬੰਦੇ ਤੇ, ਜਿਹੜਾ ਹਾਲੀਂ ਤੱਕ ਵੀ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਮੌਤ ਵਰਗੇ ਅਹਿਸਾਸ ਦਾ ਅਨੁਭਵ ਕਰਦਾ ਹੈ। ਇੱਥੇ ਮੈਂ ਅਵਤਾਰ ਦੀ ਕਵਿਤਾ ‘ਜੜ੍ਹਾਂ’ ਪੂਰੀ ਦੀ ਪੂਰੀ ਦੇ ਰਿਹਾ ਹਾਂ:-

ਜੜ੍ਹਾਂ ਦੇ ਕੋਲ ਤਾਂ ਹੈ ਮੇਰਾ ਜੀਵਨ
ਜੜ੍ਹਾਂ ਤੋਂ ਟੁੱਟ ਕੇ ਮਰ ਜਾਣ ਦੀ
ਨੀਯਤ ਨਹੀਂ ਹੈ।
ਜੜ੍ਹਾਂ ਰਾਹੀਂ ਹੀ ਪਾਣੀ ਦੁਧ ਪੀਂਦੇ ਨੇ
ਮੇਰੇ ਪੱਤੇ
ਜੜ੍ਹਾਂ ਤੋਂ ਬਾਝ ਪੀਲੇ ਭੂਕ ਹੋ
ਝੜ੍ਹ ਜਾਣਗੇ ਇੱਕ ਦਿਨ।
ਜੜ੍ਹਾਂ ਬੋਲੀ ਮੇਰੀ
ਬਸਤਰ ਮੇਰੇ
ਮਾਂ ਬਾਪ ਤੇ ਕਸਬਾ ਮੇਰਾ।
ਤੁਸੀਂ ਤਾਂ ਰੂਪ ਮੇਰਾ
ਟਾਹਣੀਆਂ ਵਿਚ
ਦੇਖਦੇ ਹੋ
ਜੜ੍ਹਾਂ ਦੇ ਕੋਲ ਹੀ ਤਾਂ ਹੈ
ਮੇਰਾ ਜੀਵਨ।

ਜੜ੍ਹਾਂ ਤੋਂ ਵਿਗੋਚੇ ਬੰਦਿਆਂ ਦਾ ਅੰਤ ਕੇਹੋ ਜਿਹਾ ਹੁੰਦਾ ਹੈ, ਅਵਤਾਰ ਦੀ ਕਵਿਤਾ ‘ਸਾਡੇ ਜਨਾਜ਼ੇ’ ਵਿਚ ਪੂਰੀ ਤਸਵੀਰਕਸ਼ੀ ਕੀਤੀ ਗਈ ਹੈ। ਇਸ ਕਵਿਤਾ ਵਿੱਚੋਂ ਕੁਝ ਸਤਰਾਂ ਦੇਖੋ:-

ਕੁਝ ਏਹੋ ਜੇਹੇ ਹੀ ਹੋ ਸਕਦੇ ਨੇ
ਸਾਡੇ ਜਨਾਜ਼ੇ।
ਲਕੜ ਦੀਆਂ ਲੱਤਾਂ ਨਾਲ ਤੁਰਦੇ
ਹੰਭੇ ਹੋਏ ਮਿੱਤਰ।
ਮੀਂਹ ‘ਚ ਭਿਜੀਆਂ ਸੁਪਨਿਆਂ
ਦੀਆਂ ਘਸਮੈਲੀਆਂ ਚਾਦਰਾਂ।
ਘਰ ਤੋਂ ਸ਼ਮਸ਼ਾਨ ਤਕ ਫੈਲੀ
ਬੇਬਸੀ ਦੀ ਦਲਦਲ।
ਗਲੀਆਂ ਦੇ ਮੋੜਾਂ ਤੇ ਖੜੀਆਂ
ਚਿੱਟੀਆਂ ਹੈਰਤੀ ਨਜ਼ਰਾਂ।
ਪਰਦੇਸ ਦੀ ਚਾਂਦੀ ਨਾਲ
ਚੁੰਧਿਆਈਆਂ ਹੋਈਆਂ ਅੱਖਾਂ।
ਡਾਲਰਾਂ ਦੇ ਥੱਬਿਆਂ ਨਾਲ
ਖਰੀਦੇ ਹੋਏ ਜੁੱਸੇ।
ਚਿਮਨੀਆਂ ਦੇ ਧੂੰਏ ਨਾਲ
ਰਲ ਮਿਲ ਗਈਆਂ ਆਹਾਂ।

    ਹਾਂ! ਇਹੋ ਜੇਹਾ ਹੀ ਅੰਤ ਹੁੰਦਾ ਹੈ ਆਪਣੀ ਧਰਤੀ ਨਾਲੋਂ ਵਿਛੜੇ ਲੋਕਾਂ ਦਾ।
ਉਪ੍ਰੋਕਤ ਵਿਚਾਰ ਤੋਂ ਪਿੱਛੋਂ ਅੰਤ ਵਿਚ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਅਵਤਾਰ ਨੇ ਇਸ ਕਾਵਿ-ਸੰਗ੍ਰਹਿ ਵਿਚ ਆਪਣੇ ਘਰਾਂ ਤੇ ਦੇਸਾਂ ਵਿੱਚੋਂ ਜਬਰੀ ਬੰਦੀ ਬਣਾ ਕੇ ਅਮ੍ਰੀਕਾ ਵਿਚ ਗ਼ੁਲਾਮਾਂ ਦੇ ਤੌਰ ‘ਤੇ ਵੇਚੇ ਜਾਣ ਵਾਲੇ ਕਾਲੇ ਲੋਕਾਂ ਦੇ ਦੁੱਖਾਂ ਦਰਦਾਂ ਤੇ ਉਨ੍ਹਾਂ ਤੇ ਹੁੰਦੇ ਅਸਹਿ ਤੇ ਘਿਨਾਉਣੇ ਜ਼ੁਲਮਾਂ ਤੋਂ ਲੈ ਕੇ ਅੱਜ ਦੇ ਕਾਲੇ (ਜਿਨ੍ਹਾਂ ਵਿੱਚ ਭੂਰੇ ਤੇ ਕਣਕਵੰਨੇ ਲੋਕ ਵੀ ਸ਼ਾਮਿਲ ਹਨ) ਜਿਹੜੇ ਪਿਛਲੇ ਪੰਜਾਹਾਂ ਕੁ ਸਾਲਾਂ ਤੋਂ, ਆਪਣੀ ਮਰਜ਼ੀ ਨਾਲ ਪੱਛਮ ਵਲ ਵਹੀਰਾਂ ਘੱਤੀ ਆ ਰਹੇ ਹਨ, ਦੀਆਂ ਔਖਿਆਈਆਂ, ਤਕਲੀਫਾਂ ਤੇ ਉਨ੍ਹਾਂ ਨਾਲ ਹੁੰਦੇ ਰੰਗ ਨਸਲ ਦੇ ਕਾਰਨ ਵਿਤਕਰੇ ਤੇ ਨਫਰਤ ਤੱਕ ਨੂੰ ਜ਼ਬਾਨ ਦਿੱਤੀ ਹੈ, ਇਸ ਦੇ ਨਾਲ ਨਾਲ ਹੀ ਉਸਨੇ ਇਨ੍ਹਾਂ ਲੋਕਾਂ ਦੇ ਡਰਾਂ, ਵਿਸਵਿਸਆਂ, ਅਕਾਂਖਿਆਵਾਂ ਤੇ ਦੁਬਿਧਾਵਾਂ ਨੂੰ ਵੀ ਦਰਸਾਇਆ ਹੈ। ਜੇ ਅਵਤਾਰ ਇੱਥੇ ਹੀ ਬਸ ਕਰ ਦਿੰਦਾ, ਤਾਂ ਗੱਲ ਅਧੂਰੀ ਰਹਿ ਜਾਣੀ ਸੀ। ਇਸ ਲਈ ਉਸਨੇ ਨਸਲਵਾਦ ਦੇ ਖਿਲਾਫ ਤੇ ਚਿੱਟੇ ਲੋਕਾਂ ਦੇ ਦਾਬੇ ਦੇ ਵਿਰੁਧ ਅੰਦੋਲਨ ਦੀ ਗੱਲ ਵੀ ਕੀਤੀ ਹੈ ਤੇ ਪੂਰਬ ਵਲੋਂ ਪੱਛਮ ਵਲ ਨੂੰ ਪਰਵਾਸ ਦੇ ਪਿੱਛੇ ਲੁਕੇ ਕਾਰਨਾਂ ਨੂੰ ਵੀ ਸੁਝਾਉਣ ਦਾ ਯਤਨ ਕੀਤਾ ਹੈ। ਅਜੇਹਾ ਸਭ ਕੁਝ ਕਰਦਿਆਂ ਵੀ ਉਸਨੇ ਸਦਾ ਕਲਾ ਨੂੰ ਪਹਿਲ ਦਿੱਤੀ ਹੈ ਤੇ ਉਹ ਕਿਤੇ ਵੀ ਪ੍ਰਚਾਰ ਕਰਦਾ ਨਹੀਂ ਦਿਸਦਾ।
**
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ ਸੰਨ 2002)
(ਦੂਜੀ ਵਾਰ ਸਤੰਬਰ 2021)

***
315
***

ਹਰਬਖ਼ਸ਼ ਸਿੰਘ ਮਕਸੂਦਪੁਰੀ

View all posts by ਹਰਬਖ਼ਸ਼ ਸਿੰਘ ਮਕਸੂਦਪੁਰੀ →