ਸਿਰਜਣਾ ਦੀ ਸਾਂਝਕਾਨਾ ਸਿੰਘ |
ਬੰਬਈ ਦੇ ਵਰਸੋਵਾ ਤੱਟ ਦੀ ਸਰਬੋਤਮ ਬਸਤੀ ‘ਸਾਤ ਬੰਗਲਾ’ ਦੇ ਮੱਧ ਵਿੱਚ ਸਥਿਤ ਸੀ ਗਵਾਲੀਅਰ ਪੈਲੇਸ-ਗਵਾਲੀਅਰ ਦੇ ਰਾਜੇ ਦਾ ਮਹੱਲ ਜੋ ਰਾਜੇ ਨੇ ਸਾਗਰ-ਕੰਢੇ ਤਫ਼ਰੀਹ ਕਰਨ ਲਈ ਖਾਸ ਤੌਰ ਤੇ ਆਪਣੇ ਲਈ ਬਣਵਾਇਆ ਸੀ ਤੇ ਇਸ ਦੇ ਖੱਬੇ ਹੱਥ ਨਾਲ ਲਗਦਾ ਗਵਾਲੀਅਰ ਹਾਊਸ ਆਪਣੇ ਸੇਵਕਾਂ, ਅਹਿਲਕਾਰਾਂ ਲਈ। ਹੁਣ ਇਸ ਮਹੱਲ (ਜੋ ਹੁਣ ਬੰਗਲਾ ਅਖਵਾਉਂਦਾ ਸੀ) ਦਾ ਮਾਲਕ ਇੱਕ ਗੁਜਰਾਤੀ ਸੇਠ ਸੀ। ਇਮਾਰਤ ਦੇ ਥਲਵੇਂ, ਸਭ ਤੋਂ ਵੱਡੇ ਤੇ ਪਰਮੁੱਖ ਭਾਗ ਵਿੱਚ ਰਹਿੰਦਾ ਸੀ, ਅਸ਼ਕ। ਓਮ ਪ੍ਰਕਾਸ਼ ਅਸ਼ਕ। ਸਾਹਿਰ ਲੁਧਿਆਣਵੀ ਦਾ ਹਮ-ਉਮਰ ਅਤੇ ਲੰਗੋਟੀਆ ਯਾਰ। ਉਹਦੇ ਵਾਂਗ ਹੀ ਇਕੱਲਾ ਤੇ ਆਦੀ ਛੜਾ। ਉਹ ਫਿਲਮਾਂ ਦਾ ਸਕਰਿਪਟ ਰਾਈਟਰ ਸੀ ਸ਼ਾਇਦ, ਸੰਵਾਦ-ਲਿਖਾਰੀ। ਚਾਂਦ ਉਸ ਦਾ ਰਸੋਈਆ ਸੀ, ਨੌਕਰ। ਪਰ ਨੌਕਰਾਂ ਵਾਲੀ ਉਸ ਵਿੱਚ ਕੋਈ ਗੱਲ ਨਹੀਂ ਸੀ। ਸੂਖਮ ਸਰੀਰ, ਗੋਰਾ-ਚਿੱਟਾ, ਕਾਲੇ ਘੁੰਗਰਾਲੇ ਵਾਲ, ਅੱਪ-ਟੂ-ਡੇਟ ਤੇ ਖੂਬਸੂਰਤ ਉਰਦੂ ਲਹਿਜਾ, ਸਗਵਾਂ ਹੀਰੋ ਸੀ ਚਾਂਦ। ਅਸ਼ਕ ਦਾ ਲਾਡਲਾ (ਅਸ਼ਕ ਆਪਣੀ ਵਸੀਅਤ ਦਾ ਕੁੱਝ ਭਾਗ ਚਾਂਦ ਦੇ ਨਾਂ ਕਰ ਗਿਆ ਸੀ), ਕਰਤਾ-ਧਰਤਾ, ਮੁਖਤਿਆਰ। ਬੰਗਲੇ ਤੇ ਉਸ ਦੇ ਆਊਟ ਹਾਊਸਾਂ ਵਿੱਚ ਵਸਦੇ ਪਰਵਾਰਾਂ ਦਾ ਚਹੇਤਾ, ਭਾਈਜਾਨਾਂ ਦਾ ਦੋਸਤ ਅਤੇ ਭਾਬੀਜਾਨਾਂ ਦਾ ਦੇਵਰ ਸੀ ਚਾਂਦ। ਬੰਗਲੇ ਦੀ ਪਹਿਲੀ ਛੱਤ ਉੱਤੇ, ਅਸ਼ਕ ਵਾਲੇ ਭਾਗ ਦੇ ਐਨ੍ਹ ਉੱਪਰ ਵਾਲੇ ਸੈੱਟ ਵਿੱਚ ਰਹਿੰਦੇ ਸਨ ਭਾਟੀਆ ਸਾਹਿਬ ਤੇ ਅਸੀਂ ਉਹਨਾਂ ਦੇ ਸਬ ਟੈਂਨੈਂਟ ਸਾਂ, ਕਿਰਾਏਦਾਰਾਂ ਦੇ ਕਿਰਾਏਦਾਰ।
ਸੱਜ-ਵਿਆਹੇ ਜੋੜੇ ਵਜੋਂ ਅਸਾਂ ਏਸੇ ਘਰ ਵਿੱਚ ਪ੍ਰਵੇਸ਼ ਕੀਤਾ ਸੀ। ਬੈੱਡ ਰੂਮ ਤੇ ਹਾਲ ਵਿਚਕਾਰਲੇ ਬੂਹੇ ਨੂੰ ਪੱਕੇ ਤੌਰ `ਤੇ ਬੰਦ ਕਰਕੇ ਅਗਲਾ ਸੌਣ ਕਮਰਾ ਤੇ ਰਸੋਈ ਉਹਨਾਂ ਸਾਨੂੰ ਦੇ ਦਿਤੀ ਸੀ ਪਰ ਲੌਬੀ ਦੇ ਆਖਰੀ ਕੋਨੇ ਵਿੱਚ ਤੇ ਕਮਰੇ ਤੋਂ ਕਾਫੀ ਦੂਰ ਹੋਣ ਕਾਰਨ ਬਾਦ ਵਿੱਚ ਮੈਂ ਰਸੋਈ ਨੂੰ ਸਟੋਰ ਵਿੱਚ ਤਬਦੀਲ ਕਰ ਲਿਆ ਸੀ ਤੇ ਉਸ ਵਿਸ਼ਾਲ ਕਮਰੇ ਦੇ ਸਾਹਮਣੇ ਵਾਲੇ ਕੋਨੇ ਨਾਲ ਲਗਦੀ ਖਿੜਕੀ ਮੂਹਰੇ ਹੀ ਰਸੋਈ-ਮੇਜ਼ ਲਗਾ ਲਿਆ ਸੀ। ਅਜੋਕੇ ਤਿੰਨ ਕਮਰਿਆਂ ਵਾਲੇ ਫਲੈਟਾਂ ਤੋਂ ਵੀ ਵੱਡੇ ਖੇਤਰਫਲ ਵਾਲੇ ਉਸ ਕਮਰੇ ਵਿੱਚ ਖਾਣ, ਬੈਠਣ, ਸੌਣ ਅਤੇ ਰਸੋਈ-ਕੋਨਿਆਂ ਦੀ ਵੰਡ ਕਰਕੇ ਅਸਾਂ ਆਪਣੀਆਂ ਲੋੜਾਂ ਅਨੁਸਾਰ ਉਸ ਨੂੰ ਕਾਫੀ ਖੂਬਸੂਰਤ ਤੇ ਅਰਾਮਦੇਹ ਬਣਾ ਲਿਆ ਸੀ। ਸਾਡੇ ਏਸ ਘਰ ਦੇ ਐਨ੍ਹ ਥੱਲੇ ਸੀ ਅਸ਼ਕ ਦੀ ਉਹ ਬੈਠਕ ਜਿੱਥੇ ਅਕਸਰ ਸ਼ਾਮੀਂ ਤਾਸ਼-ਪੱਤੇ ਖੇਡੇ ਜਾਂਦੇ ਤੇ ਮਹਿਫਲਾਂ ਲਗਦੀਆਂ। ਸੰਗੀਤ, ਪੱਤੇ, ਸਿਗਰਟਾਂ ਦੀ ਬੂ, ਬਹਿਸਾਂ-ਮੁਬਾਹਿਸੇ ਤੇ ਫਿਲਮ-ਜਗਤ ਦੇ ਲੋਕਾਂ ਦੀ ਆਵਾਜਾਈ … ਆਪਣੇ ਘਰ ਦੇ ਹੇਠਾਂ ਦੇ ਇਸ ਸਾਹਿਤਕ ਅਰ ਸਿਨੇ ਸੰਸਾਰ ਦੇ ਮਿਲੇ-ਜੁਲੇ ਮਾਹੌਲ ਦਾ ਮੈਨੂੰ ਬੜਾ ਸਹਾਰਾ ਸੀ, ਮੈਨੂੰ ਜਿਸ ਨੂੰ ਅਖਬਾਰਾਂ, ਫੈਮਿਨਾ ਅਤੇ ਰੀਡਰਜ਼ ਡਾਇਜੈਸਟ ਆਦਿ ਅੰਗਰੇਜ਼ੀ ਰਿਸਾਲਿਆਂ ਤੋਂ ਸਿਵਾ ਹੋਰ ਕੋਈ ਵੀ ਪੁਸਤਕ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਪੰਜਾਬੀ ਤਾਂ ਅਸਲੋਂ ਹੀ ਵਿਵਰਜਿਤ ਸੀ। “ਕਿਤਾਬਾਂ ਵਿੱਚ ਕੇਵਲ ਇਸ਼ਕ-ਮੁਸ਼ਕ ਦੀਆਂ ਗੱਲਾਂ ਹੁੰਦੀਆਂ ਨੇ ਤੇ ਪੰਜਾਬੀ ਭਾਸ਼ਾ ਵਿੱਚ ਨਿਰਾ ਲੁੱਚ-ਪੁਣਾ”, ਜੀਤ ਦਾ ਮੱਤ ਸੀ। ਉਹਦੇ ਵਿਚਾਰ-ਅਨੁਸਾਰ ਹੀਰ ਵਾਰਿਸ ਤਾਂ ਸਭ ਤੋਂ ‘ਫੌਸ਼’ ਕਹਾਣੀ ਸੀ। ਰੇਡਿਓ ਤੇ ‘ਵਿਵਿਧ ਭਾਰਤੀ ਦੇ ਸੰਗੀਤ’ ਅਤੇ ‘ਹਵਾ ਮਹਿਲ’ ਆਦਿ ਪ੍ਰੋਗਰਾਮਾਂ ਦੇ ਨਾਟਕ ਹੀ ਮੇਰੀ ਸਾਹਿਤਕ ਭੁੱਖ ਦੀ ਤ੍ਰਿਪਤੀ ਕਰਦੇ ਸਨ। ਸਾਹਮਣੇ ਠਾਠਾਂ ਮਾਰਦਾ ਮਹਾਨ ਅਰਬ ਸਾਗਰ ਜਿਸ ਦੀਆਂ ਛੱਲਾਂ ਉੱਛਲ ਉੱਛਲ ਬੰਗਲੇ ਦੇ ਦਾਲਾਨ ਵੀ ਕਈ ਵੇਰਾਂ ਜਲਥਲ ਕਰ ਜਾਂਦੀਆਂ; ਸਮੁੰਦਰੀ ਹਵਾ ਦੇ ਵੇਗ ਨਾਲ ਗਗਨ-ਚੁੰਬੀ ਨਾਰੀਅਲ ਦੇ ਬ੍ਰਿਛਾਂ ਦੀ ਸਾਂ ਸਾਂ, ਖੜਖੜ, ਇਕੱਲੀ ਉਦਾਸ ਸਾਗਰ-ਕੰਢੇ, ਰਾਜੇ ਦੇ ਮਹੱਲ ਦੇ ਉਸ ਕੋਨੇ ਵਿੱਚ ਨਜ਼ਰਬੰਦ ਜਿਹੀ ਸਾਂ ਮੈਂ, ਜਿਸ ਦੇ ਠੀਕ ਥੱਲੇ ਸੀ ਉਹ ਜੀਵਨ ਭਰਪੂਰ ਬੈਠਕ, ਉਸ ਸ਼ਾਂਤ ਉਦਾਸ ਤੇ ਬਾਹਲੀ ਵੇਰਾਂ ਤੂਫ਼ਾਨੀ ਖੌਫ਼ਨਾਕ ਵਾਤਾਵਰਣ ਵਿੱਚ ਇੱਕ ਮਾਤਰ ਚਹਿਲ ਪਹਿਲ ਦਾ ਅੱਡਾ, ਮਾਨੋਂ ਸੁਤੇ ਪਏ ਗਵਾਲੀਅਰ ਪੈਲੇਸ ਦਾ ਧੜਕਦਾ ਦਿਲ। ਚਿੱਟੇ-ਦੁੱਧ ਕੁਰਤੇ ਪਜਾਮੇ ਵਿੱਚ ਸੰਧੂਰੀ ਭਾਅ ਮਾਰਦਾ ਗੰਦਮੀ ਚਿਹਰਾ, ਤਿੱਖਾ ਨੱਕ, ਰੋਸ਼ਨ ਮੱਥਾ ਤੇ ਲਾਖੇ ਹੋਠ (ਇਹ ਉਸਦਾ ਅਸਲੀ ਰੂਪ ਸੀ ਜਾਂ ਮੇਰੀ ਕਲਪਨਾ ਦੀ ਸਿਰਜਣਾ, ਕਹਿ ਨਹੀਂ ਸਕਦੀ। ਉਹਦੇ ਚਿਹਰੇ ਵੱਲ ਸਿੱਧੇ ਤੌਰ ਤੇ ਵੇਖਣ ਦੀ ਹਿੰਮਤ ਮੈਨੂੰ ਕਦੇ ਨਹੀਂ ਸੀ ਹੋਈ। ਬੱਸ ਦੂਰੋਂ, ਉਡਦੀ ਉਡਦੀ ਨਜ਼ਰ, ਕੇਵਲ ਚਾਲ ਢਾਲ ਤੋਂ ਹੀ ਪਛਾਣਦੀ ਮੈਂ ਸਾਂ ਉਸਨੂੰ। ਅਕਸਰ ਦਿਨੇ ਦਸ ਬਾਰਾਂ ਵਜੇ ਦੇ ਕਰੀਬ ਦੂਰੋਂ ਸਾਹਮਣਿਓਂ ਸੜਕ ਤੋਂ ਤੁਰਿਆ ਆਉਂਦਾ ਦਿਸਦਾ ਸੀ ਸਾਹਿਰ, ਸਾਹਿਰ ਲੁਧਿਆਣਵੀ। ਗਵਾਲੀਅਰ ਪੈਲੇਸ ਕੋਲੋਂ ਸਮੁੰਦਰ-ਤੱਟ ਨੂੰ ਜਾਂਦੇ ਮੁੱਖ ਚੌੜੇ ਰਸਤੇ ਨੂੰ ਛੱਡਕੇ ਓਸੇ ਹੱਥ ਤੇ ਦੋ ਤਿੰਨ ਬੰਗਲਿਆਂ ਦੀ ਵਿੱਥ ਉੱਤੇ ਸੀ ਉਸ ਦਾ ਬੰਗਲਾ। ਜਾਂਦਿਆਂ ਕਦੇ ਨਹੀਂ ਸੀ ਡਿੱਠਾ। ਪਤਾ ਨਹੀਂ ਉਹ ਵਾਪਸ ਘਰ ਕਦੋਂ ਪਰਤਦਾ ਸੀ? ਅਸ਼ਕ ਘਰ ਹੋਵੇ ਜਾਂ ਨਾਂਹ, ਸਾਹਿਰ ਅਕਸਰ ਏਧਰ ਹੀ ਹੁੰਦਾ ਸੀ। ਗੇਟੋਂ ਅੰਦਰ ਵੜਦਿਆਂ ਐਨ੍ਹ ਸਾਹਮਣੇ ਹੀ ਤਾਂ ਪੈਂਦਾ ਸੀ ਅਸ਼ਕ ਦਾ ਘਰ। ਖੁੱਲ੍ਹੇ ਬੂਹੇ, ਖੁੱਲ੍ਹੀਆਂ ਬਾਰੀਆਂ। ਛੜਿਆਂ ਦਾ ਕੀ ਓਹਲਾ! ਇਸਤ੍ਰੀ ਕਦੇ ਨਹੀਂ ਸੀ ਵੇਖੀ ਕੋਈ। ਬੰਦੇ ਹੀ ਬੰਦੇ। ਛੜੇ ਜਾਂ ਛੜਿਆਂ ਵਰਗੇ। ਪਰ ਆਂਢ-ਗੁਆਂਢ ਵਿੱਚ ਕਿਸੇ ਲਈ ਉਹ ਕੋਈ ਸਮੱਸਿਆ ਨਹੀਂ ਸਨ। ਸਭ ਤੋਂ ਨਿਆਰੇ ਹੀ ਰਹਿੰਦੇ। ਨਾ ਤਾਂ ਅਸ਼ਕ ਹੀ ਕੂਇਆ ਸੀ ਕਦੇ ਕਿਸੇ ਇਸਤ੍ਰੀ ਨਾਲ ਤੇ ਨਾ ਹੀ ਸਾਹਿਰ। ਅੱਵੱਲ ਤਾਂ ਅੱਖ ਭਰਕੇ ਵੇਖਦੇ ਹੀ ਨਹੀਂ ਸਨ ਕਿਸੇ ਵੱਲ ਤੇ ਜੇ ਕਿਤੇ ਭੁੱਲੇ ਚੁੱਕੇ ਸਾਹਮਣਾ ਹੋ ਹੀ ਜਾਂਦਾ ਤਾਂ ਠੰਢੀ, ਮਿੱਠੀ, ਸੀਤਲ ਸੁਖਾਵੀਂ ਸਤਿਕਾਰ ਭਰੀ ਨਜ਼ਰ ਨਾਲ। ਅਸੀਂ ਨਵੇਂ ਵਿਆਹੇ ਸਾਂ। ਦੋਵੇਂ ਸੋਹਣੇ ਤੇ ਸਮਾਰਟ। ਲੰਘਦਿਆਂ-ਪਲੰਘਦਿਆਂ ਅਕਸਰ ਸਾਹਿਰ ਨਾਲ ਮੇਲ ਹੋ ਜਾਂਦਾ। ‘ਹਾਇ ਹੈਲੋ’, ਪਰ ਮੇਰੇ ਪਤੀ ਨਾਲ ਹੀ। ਮੇਰੇ ਵੱਲ ਕੇਵਲ ਇੱਕ ਆਦਰ ਭਰੀ, ਨੀਵੀਂ ਪਾਈ, ਪੈਰ ਛੂੰਹਦੀ ਨਜ਼ਰ। ਮੂਕ ਪ੍ਰਸ਼ੰਸਾ! ਤੇ ਮੇਰਾ ਹੁੰਗਾਰਾ, ਗੁੰਗੀ ਨਮਸਕਾਰ! ਵਿਆਹ ਤੋਂ ਡੇਢ ਕੁ ਸਾਲ ਮਗਰੋਂ ਸਨੀ ਜੰਮਿਆ। ਸਾਡਾ ਪਲੇਠੀ ਦਾ ਪੁੱਤਰ। ਇੱਕ, ਡੇਢ, ਦੋ ਸਾਲਾਂ ਦਾ ਡਾਢਾ, ਅੱਥਰਾ। ਕੱਪ-ਪਲੇਟਾਂ ਚਮਚੇ-ਕਟੋਰੀਆਂ, ਬਾਲ-ਖਿਡੌਣੇ ਜੋ ਆਉਂਦਾ ਮੂੰਹ ਅੱਗੇ, ਵਗਾਹ ਮਾਰਦਾ ਖਿੜਕੀ ਤੋਂ ਥੱਲੇ, ਤੇ ਮੈਂ ਭਜਦੀ ਰਹਿੰਦੀ ਬੋਚਣ ਨੂੰ, ਚੁੱਕਣ ਨੂੰ। ਇੱਕ ਚੀਜ਼ ਚੁੱਕ ਕੇ ਪਰਤਦੀ ਨਾਂਹ ਕਿ ਦੂਜੀ ਥੱਲੇ। ਪਰੇਸ਼ਾਨ। ਹਫ਼ੀ ਹਫ਼ੀ। ਜੇ ਖਿੜਕੀਆਂ ਬੰਦ ਕਰਾਂ ਤਾਂ ਕਮਰਾ ਘੁੱਪ, ਜੇ ਬੂਹਾ ਬੰਦ ਰਖਾਂ ਤਾਂ ਸਨੀ ਪਿੱਟੇ। ਚੀਕ-ਚਿਹਾੜਾ, ਕੰਧਾਂ ਨਾਲ ਸਿਰ ਮਾਰੇ। ਕਿਸੇ ਵੀ ਪੱਜ ਬੂਹਾ ਖੁਲ੍ਹਿਆ ਨਹੀਂ ਕਿ ਉਹ ਥੱਲੇ ਦੌੜਿਆ ਨਹੀਂ, ਸ਼ੂਟ ਵਟਕੇ ਗੇਟੋਂ ਬਾਹਰ। ਸਮੁੰਦਰੀ ਨਜ਼ਾਰੇ ਪੱਖੋਂ ਤਾਂ ਬਹੁਤ ਹੀ ਆਕਰਸ਼ਕ ਸਥਿਤੀ ਸੀ ਗਵਾਲੀਅਰ ਪੈਲੇਸ ਦੀ ਪਰ ਸੜਕ ਵਾਲੇ ਪਾਸਿਓਂ ਬੜੇ ਖਤਰਨਾਕ ਮੋੜ ਤੇ ਸੀ। ਅੰਧੇਰੀ ਤੋਂ ਵਰਸੋਵੇ ਵੱਲ ਨੂੰ ਜਾਂਦੀਆਂ ਤੇਜ਼ ਸ਼ੂਕਦੀਆਂ ਬੱਸਾਂ, ਗੱਡੀਆਂ ਦੀ ਆਵਾਜਾਈ। ਦਿਲ ਧੱਕ ਕਰਕੇ ਰਹਿ ਜਾਂਦਾ। ਸਾਹਿਰ ਜੇ ਵੇਖ ਲੈਂਦਾ ਸਨੀ ਨੂੰ ਭਜਦਿਆਂ ਤਾਂ ਲਪਕ ਕੇ ਫੜ ਲੈਂਦਾ। ਮੇਰੀ ਘਬਰਾਹਟ ਦਾ ਉਸ ਨੂੰ ਪੂਰਾ ਅਹਿਸਾਸ ਹੁੰਦਾ ਸੀ, ਬਿਨਾਂ ਦੱਸੇ-ਬੋਲੇ। ਕਈ ਵੇਰਾਂ ਸਨੀ ਅਸ਼ਕ ਦੀ ਰਸੋਈ ਦੇ ਪਿਛਵਾੜੇ ਦੀਆਂ ਝਾੜੀਆਂ ਵਿੱਚ ਲੁੱਕ ਜਾਂਦਾ। ‘ਸਨੀ-ਸਨੀ’ ਮੈਂ ਕੋਲੋਂ ਦੀ ਕੂਕਦੀ ਲਭਦੀ ਗੇੜੇ ਮਾਰਦੀ ਰਹਿੰਦੀ। ਉਹ ਨਾ ਬੋਲਦਾ। ਮੈਂ ਘਬਰਾਅ ਜਾਂਦੀ। ਅਸ਼ਕ ਤੇ ਸਾਹਿਰ ਖੜ੍ਹੇ ਦਿਸਦੇ। ਨਿੰਮਾ ਨਿੰਮਾ ਮੁਸਕਰਾਂਦੇ। ਉਹਨਾਂ ਦੀ ਖਾਮੋਸ਼ ਮੁਸਕਰਾਹਟ ਤੇ ਮੈਨੂੰ ਸਨੀ ਦਾ ਅਤਾ-ਪਤਾ ਮਿਲ ਜਾਂਦਾ। ਮੈਂ ਉਸਨੂੰ ਲਭ ਲੈਂਦੀ। ਨਿੱਕਾ ਜਿਹਾ ਵਜੂਦ, ਸੁਹਲ-ਮਲੂਕ ਜਿੰਦੜੀ, ਅਨੀਮਿਕ ਤੇ ਉੱਪਰੋਂ ਉੱਚੀ ਅੱਡੀ ਦੀ ਚੱਪਲ (ਛੋਟੇ ਕੱਦ ਦੇ ਅਹਿਸਾਸ ਕਾਰਣ ਉੱਚੀ ਅੱਡੀ ਦੀ ਚੱਪਲ ਬਿਨਾਂ ਮੈਂ ਕਦੇ ਕਿਸੇ ਦੇ ਸਾਹਮਣੇ ਨਹੀਂ ਸੀ ਹੁੰਦੀ, ਘਰ ਵਿੱਚ ਵੀ ਨਹੀਂ)। ਤੇ ਏਸ ਚੱਪਲ ਨਾਲ ਦਰਜਨਾਂ ਵਾਰ ਕਾਹਲੀ ਕਾਹਲੀ ਬੰਗਲੇ ਦੀਆਂ ਉੱਚੀਆਂ ਉੱਚੀਆਂ ਦੂਹਰੀਆਂ ਪੌੜੀਆਂ ਨੂੰ ਦੁਲਾਂਘਣਾਂ ਤੇ ਸਨੀ ਪਿੱਛੇ ਭੱਜਣਾ-ਬੁਰੀ ਤਰ੍ਹਾਂ ਹੰਭ ਜਾਂਦੀ ਸਾਂ ਮੈਂ ਤੇ ਸਾਹਿਰ ਨੂੰ ਇਸ ਦਾ ਪੂਰਾ ਕਿਆਸ ਹੁੰਦਾ ਸੀ। ਮੂਕ ਹਮਦਰਦੀ! ਇਹ ਮੇਰਾ ਯਕੀਨ ਸੀ। ਢਾਈ ਸਾਲਾ ਸਨੀ ਸੰਗ ਭਾਲਦਾ ਸੀ। ਰੌਣਕਾਂ। ਹਾਣ-ਮਿੱਤਰ। ਸੜਕ ਉੱਤੇ, ਬਗੀਚੇ ਵਿੱਚ, ਸਾਗਰ-ਕੰਢੇ ਕਦੇ ਕਿਸੇ ਦੇ ‘ਬਾਬੇ’ (ਬੇਟੇ) ਦੇ ਮਗਰ ਭਜਦਾ ਤੇ ਕਦੇ ਕਿਸੇ ਦੀ ‘ਬੇਬੀ’ ਨੂੰ ਘਰ ਲਿਜਾਣ ਦੀ ਜ਼ਿੱਦ ਕਰਦਾ। ਛੱਤ `ਤੇ ਟੰਗਿਆ, ਨਿੱਕੇ ਜਿਹੇ ਘਰ ਵਿੱਚ ਇਕੱਲਾ ਰਹਿਣੋਂ ਉਹ ਅਸਲੋਂ ਹੀ ਬਾਗੀ ਹੁੰਦਾ ਜਾ ਰਿਹਾ ਸੀ। ਉਹਦਾ ਗੁੱਸਾ ਵੱਧ ਰਿਹਾ ਸੀ। ਜ਼ਿੱਦਾਂ ਹੀ ਜ਼ਿੱਦਾਂ। ਨਵਾਂ ਨਵਾਂ ਹੀ ਚਲਿਆ ਸੀ ਉਦੋਂ ਤਿੰਨ ਪਹੀਆ-ਸਕੂਟਰ। ਉਹਨੂੰ ਵੇਖਦਿਆਂ ਹੀ ਉਸ ਦੀ ਟ੍ਰਾਈਸਿਕਲ `ਚੋਂ ਸਾਰੀ ਦਿਲਚਸਪੀ ਖਤਮ ਹੋ ਗਈ। ਉਹ ਸਕੂਟਰ ਲਈ ਪੁਆੜਾ ਪਾ ਬੈਠਾ। “ਸਕੂਟਰ ਤੈਨੂੰ ਏਸ ਸ਼ਰਤ ਤੇ ਲੈ ਕੇ ਦਿਆਂਗੇ ਜੇ ਤੂੰ ਵਾਹਿਦਾ ਕਰੇਂ ਕਿ ਕਦੇ ਵੀ ਕੰਪਾਊਂਡ ਵਿੱਚ ਇਕੱਲਿਆਂ ਨਹੀਂ ਲੈ ਕੇ ਜਾਵੇਂਗਾ ਤੇ ਕੇਵਲ ਮੰਮੀ ਪਾਪਾ ਨਾਲ ਹੀ ਗੇਟੋਂ ਬਾਹਰ”, ਜੀਤ ਦਾ ਕਹਿਣਾ ਸੀ। “ਮੰਮੀ ਪਰਾਮਿਸ, ਗੌਡ ਪਰਾਮਿਸ” ਕੰਨ ਫੜ ਕੇ ਆਖਦਿਆਂ ਸਨੀ ਨੇ ਪਾਪਾ ਨੂੰ ਰਾਜ਼ੀ ਕਰ ਲਿਆ। ਦਰ ਅਸਲ ਸਾਨੂੰ ਵੀ ਸਾਈਕਲ ਨਾਲੋਂ ਸਕੂਟਰ ਵਧੇਰੇ ਮਾਫ਼ਕ ਸੀ। ਇੱਕਹਰਾ ਤੇ ਲੰਮੇ ਆਕਾਰ ਦਾ ਹੋਣ ਕਾਰਣ ਉਹ ਘੱਟ ਜਗ੍ਹਾ ਘੇਰਦਾ ਸੀ ਤੇ ਹਲਕਾ ਹੋਣ ਕਾਰਣ ਮੈਂ ਵੀ ਉਸਨੂੰ ਚੁੱਕ ਕੇ ਥੱਲੇ ਲਿਜਾ ਸਕਦੀ ਸਾਂ। ਸਕੂਟਰ ਕਾਰਣ ਉਸਨੇ ਘਰ ਵਿੱਚ ਹੀ ਬਿਜ਼ੀ ਹੋ ਜਾਣਾ ਸੀ ਤੇ ਮੈਨੂੰ ਬਾਰ ਬਾਰ ਉਹਦੇ ਮਗਰ ਥੱਲੇ ਭੱਜਣ ਤੋਂ ਨਜਾਤ ਮਿਲ ਜਾਣੀ ਸੀ। ਸਕੂਟਰ ਆ ਗਿਆ। ਲੌਬੀ ਵਿੱਚ, ਕਮਰੇ ਵਿੱਚ ਦੁੜਾਂਦਾ ਸਨੀ ਖੁਸ਼ ਹੋ ਗਿਆ। ਦਸ ਵੱਜੇ ਜੀਤ ਦਵਾਖਾਨੇ ਲਈ ਰਵਾਨਾ ਹੋ ਜਾਂਦਾ ਸੀ। ਘਰ ਨੂੰ ਠੀਕ ਠਾਕ ਕਰ, ਭਾਂਡੇ ਸਫ਼ਾਈਆਂ ਕਰਵਾ, ਗਿਆਰਾਂ ਵਜੇ ਦੇ ਕਰੀਬ ਮੈਂ ਰੋਟੀ-ਟੁੱਕ ਲਈ ਜੁੱਟ ਜਾਂਦੀ। ਏਸ ਦੌਰਾਨ ਸਨੀ ਕਦੇ ਫਰਿੱਜ ਦੁਆਲੇ ਤੇ ਕਦੇ ਸੋਫ਼ੇ ਦੁਆਲੇ, ਕਦੇ ਪਲੰਘ ਦੁਆਲੇ ਤੇ ਕਦੇ ਖਾਣੇ ਦੇ ਮੇਜ਼ ਦੁਆਲੇ ਅੱਠ ਦੇ ਹਿੰਦਸੇ ਦੀ ਸ਼ਕਲ ਵਿੱਚ ਗੇੜੇ ਕੱਟਦਾ ਰਹਿੰਦਾ। ਵਿਵਿਧ ਭਾਰਤੀ ਦੇ ਸੰਗੀਤ ਤੇ ਸਕੂਟਰ, ਸ਼ੋਰ ਵਿੱਚ ਗੁਆਚੇ ਮਾਂ-ਪੁੱਤ ਆਪੋ ਆਪਣੀ ਦੁਨੀਆਂ ਵਿੱਚ ਰੁਝੇ ਰਹਿੰਦੇ। ਇੱਕ ਵਜੇ ਤੱਕ ਉਹ ਥੱਕ ਜਾਂਦਾ, ਉਸ ਦੀ ਰੱਜਵੀਂ ਵਰਜਿਸ਼ ਹੋ ਜਾਂਦੀ ਤੇ ਇਸ ਦੌਰਾਨ ਮੈਂ ਦੋਹਾਂ ਵੇਲਿਆਂ ਲਈ ਦਾਲ ਸਬਜ਼ੀਆਂ ਬਣਾ ਲੈਂਦੀ। ਫੇਰ ਮੈਂ ਉਸ ਨੂੰ ਚੰਗੀ ਮਾਲਿਸ਼ ਕਰਕੇ, ਨੁਹਾ-ਧੁਆ ਦੇਂਦੀ ਤੇ ਉਸ ਤੋਂ ਬਾਅਦ ਮੇਜ਼ ਲਗਾਕੇ ਆਪ ਵੀ ਤਿਆਰ ਹੋ ਜਾਂਦੀ। ਜੀਤ ਮੁੜ ਢਾਈ ਵਜੇ ਦੇ ਕਰੀਬ ਦੁਪਹਿਰ ਦਾ ਖਾਣਾ ਖਾਣ ਆਉਂਦਾ ਸੀ। ਖਾਰੋਂ, ਦਵਾਖਾਨੇ ਤੋਂ। ਖਾਰ ਤੋਂ ਅੰਧੇਰੀ ਤੱਕ ਰੇਲ ਦਾ ਸਫ਼ਰ `ਤੇ ਅਗੋਂ ਬਸ ਉੱਤੇ ਸੱਤ ਬੰਗਲੇ। ਉਸ ਦੇ ਆਉਣ ਤੱਕ ਘਰ ਟਿੱਚਨ ਹੋਣਾ ਲਾਜ਼ਮੀ ਸੀ ਤੇ ਮੈਂ ਸਾੜ੍ਹੀ ਵਿੱਚ ਸੱਜੀ ਸੰਵਰੀ ਪੂਰੀ ਮੇਕ-ਅੱਪ ਵਿੱਚ ਜਿਵੇਂ ਕਿਸੇ ਪਾਰਟੀ `ਤੇ ਜਾਣਾ ਹੋਵੇ, ਜੀਤ ਨੂੰ ਏਦਾਂ ਹੀ ਪਸੰਦ ਸੀ ਤੇ ਉਹਦੀ ਪਸੰਦ ਨੂੰ ਫੁੱਲ ਚੜ੍ਹਾਉਣੇ ਮੇਰੀ ਰੂਹ ਦੀ ਰੀਝ। ਹੁਣ ਸਕੂਟਰ ਆ ਜਾਣ ਤੇ ਮੇਰੀਆਂ ਥੱਲੇ ਦੀਆਂ ਦੌੜਾਂ, ਪਰੇਸ਼ਾਨੀਆਂ ਖਤਮ ਹੋ ਗਈਆਂ ਸਨ। ਸਨੀ ਵੀ ਖੁਸ਼ ਸੀ ਤੇ ਮੈਂ ਵੀ। ਮਸਾਂ ਥੋੜ੍ਹੇ ਦਿਨ ਹੀ ਲੰਘੇ ਹੋਣਗੇ। ਸਾਢੇ ਗਿਆਰਾਂ ਬਾਰ੍ਹਾਂ ਵਜੇ ਦਾ ਵਕਤ। ਚਾਂਦ ਆਇਆ। ਉਸ ਮੇਰਾ ਬੂਹਾ ਠਕੋਰਿਆ। “ਦੀਦੀ ਜਾਨ! ਏਕ ਗੁਜ਼ਾਰਿਸ਼ ਹੈ ਆਪ ਸੇ, ਅਗਰ ਆਪ ਬੁਰਾ ਨਾ ਮਾਨੇਂ ਤੋ।” “ਬੋਲੋ ਚਾਂਦ ਭਾਈ” “ਅਗਰ ਆਪ ਥੋੜ੍ਹਾ ਸ਼ੋਰ ਕਮ ਕਰ ਸਕੇਂ? ਨੀਚੇ ਸਾਹਿਰ ਸਾਹਿਬ ਲਿਖ ਰਹੇ ਹੈ?” “ਸਾਹਿਰ ਸਾਹਿਬ? ਗੀਤ ਲਿਖ ਰਹੇ ਹੈਂ? ਯਹਾਂ?” “ਹਾਂ, ਦੀਦੀ ਜਾਨ, ਵੇ ਯਹੀਂ ਤੋ ਲਿਖਤੇ ਹੈਂ। ਘਰ ਕਾ ਮਾਹੌਲ ਤੋ … ਅੰਮੀ ਜਾਨ ਕੋ ਤੋ ਆਪ ਜਾਨਤੇ ਹੀ ਹੈਂ …” ਚਿੱਟੇ ਸੂਟ ਤੇ ਸਿਰ ਤੇ ਪੱਲਾ ਲਈ, ਦੁਬਲੀ ਪਤਲੀ ਕਾਹਲੀ ਕਾਹਲੀ, ਗੁੱਸੇ-ਗੁੱਸੇ, ਦੂਰੋਂ ਸੜਕ ਤੋਂ ਆਉਂਦੀ ਅਕਸਰ ਵੇਖਦੀ ਸਾਂ ਮੈਂ ਸਾਹਿਰ ਦੀ ਮਾਂ! ਪਤਾ ਨਹੀਂ ਇਹ ਕਿੱਥੋਂ ਤੱਕ ਸੱਚ ਸੀ ਪਰ ਸੁਣਦੀ ਸਾਂ ਕਿ ਉਹ ਉਹਨੂੰ ਏਦਾਂ ਡਾਂਟਦੀ ਸੀ ਜਿਵੇਂ ਉਹ ਪੰਜ-ਸਾਲਾ ਬੱਚਾ ਹੋਵੇ ਤੇ ਸਾਹਿਰ ਅਗੋਂ ਕਦੇ ਨਹੀਂ ਸੀ ਬੋਲਦਾ, ਬੱਸ ਮੁਸ ਮੁਸ ਕਰਦਾ ਰਹਿੰਦਾ ਸੀ। “ਮਾਫ਼ ਕਰਨਾ ਚਾਂਦ ਭਾਈ, ਹਮੇਂ ਮਾਲੂਮ ਨਾ ਥਾ। ਆਇੰਦਾ ਸੇ ਸਾਹਿਰ ਸਾਹਿਬ ਕੋ ਕਭੀ ਨਾ ਕਹਲਵਾਨਾ ਪੜੇਗਾ।” ਚਾਂਦ ਚਲਾ ਗਿਆ ਪਰ ਮੈਂ ਬੇਚੈਨ ਹੋ ਗਈ। ਕਦੇ ਮੈਂ ਵੀ ਲਿਖਦੀ ਸਾਂ। ਗੀਤ, ਨਜ਼ਮਾਂ, ਕਹਾਣੀਆਂ। ਕੀ ਹਾਲਤ ਹੁੰਦੀ ਸੀ ਉਦੋਂ? ਬਿਲਕੁਲ ਚੁੱਪ ਚਾਹੀਦੀ ਹੁੰਦੀ ਸੀ। ਘੜੀ ਦੀ ਟਿਕ ਟਿਕ ਵੀ ਨਹੀਂ। ਬੰਦ ਕਰ ਦੇਂਦੀ ਸਾਂ ਮੈਂ। ਅਕਸਰ ਰਾਤੀਂ ਲਿਖਣਾ ਸ਼ੁਰੂ ਕਰਦੀ ਸਾਂ। ਬਾਰਾਂ ਵਜੇ, ਜਦੋਂ ਸਾਰੇ ਸੌਂ ਜਾਣ। ਚਾਹ ਦੇ ਕੱਪ। ਥਰਮਸ ਭਰਕੇ ਰਖ ਲੈਂਦੀ ਸਾਂ ਕੋਲ। ਸੁਨਹਿਰੀ ਸੁਪਨੇ, ਖਿਆਲੀ ਦੁਨੀਆਂ। ਪਰ ਅਸਲੀਅਤ ਕਿੰਨੀ ਕੜਵੀ ਹੈ। ਅੱਜ ਲਿਖਣਾ ਤਾਂ ਦੂਰ ਰਿਹਾ ਮੈਂ ਪੜ੍ਹਨ ਲਈ ਵੀ ਸਹਿਕਦੀ ਸਾਂ। ਜੀਤ ਦੀ ਪੱਗ-ਚਾਪ ਸੁਣਦਿਆਂ ਹੀ ਪੁਸਤਕ ਲੁਕਾ ਛੱਡਦੀ ਸਾਂ ਜਿਵੇਂ ਕੋਈ ਬਹੁਤ ਵੱਡਾ ਅਪਰਾਧ ਕਰ ਰਹੀ ਹੋਵਾਂ। ਫੜੀ ਨਾ ਜਾਵਾਂ! ਲਿਖਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਾਂ ਸਕਦੀ। ਮਾਨੋ ਸਕਤਾ ਮਾਰ ਗਿਆ ਹੋਵੇ। ਮੈਂ ਸਾਰਾ ਸਵੈ-ਵਿਸ਼ਵਾਸ ਗੁਆ ਬੈਠੀ ਸਾਂ ਤੇ ਏਥੇ ਠੀਕ ਮੇਰੇ ਹੇਠਾਂ ਗੀਤ ਜਨਮ ਲੈ ਰਿਹਾ ਸੀ, ਸਾਹਿਰ ਦਾ ਗੀਤ! … ‘ਔਰਤ ਨੇ ਜਨਮ ਦੀਆ ਮਰਦੋਂ ਕੋ, ਅਤੇ ‘ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ’ … ਵਰਗੇ ਸ਼ਾਹਕਾਰ ਗੀਤਾਂ ਦੇ ਹਾਣ ਦਾ। ਗੀਤ ਲਿਖਿਆ ਜਾ ਰਿਹਾ ਸੀ ਤੇ ਉਸਦੀ ਸਿਰਜਣਾ ਪ੍ਰਕਿਰਿਆ ਵਿੱਚ ਮੇਰਾ ਯੋਗਦਾਨ ਮੰਗਿਆ ਸੀ ਸਾਹਿਰ ਨੇ। ਵਾਹ ਵਾਹ! ਮੇਰੇ ਆਵੇਸ਼ ਦੀ ਕੋਈ ਸੀਮਾ ਨਹੀਂ ਸੀ। ਖਿੜਕੀ ਦੇ ਨਾਲ ਹੀ ਸੀ ਮੇਰਾ ਰਸੋਈ-ਮੇਜ਼, ਕਮਰੇ ਵਿੱਚ ਹੀ ਹੌਟ-ਪਲੇਟ ਉੱਤੇ ਖਾਣਾ ਬਣਾਂਦੀ ਸਾਂ ਮੈਂ ਤੇ ਸਾਹਮਣੇ ਵਿੱਛੀ ਲੰਮੀ ਸੜਕ ਉੱਤੇ ਦੂਰੋਂ ਹੀ ਆਉਂਦਾ ਨਜ਼ਰ ਆ ਜਾਂਦਾ ਸੀ ਸਾਹਿਰ। ਉਸ ਲਈ ਏਨੀ ਦੂਰੋਂ ਖਿੜਕੀ ਦੇ ਪਰਦਿਆਂ ਵਿਚਲੀ ਵਿਰਲ `ਚੋਂ ਮੈਨੂੰ ਵੇਖਣਾ ਨਾਮੁਮਕਿਨ ਸੀ। ਪਰ ਮੈਂ ਉਸ ਨੂੰ ਵੇਖਦਿਆਂ ਸਾਰ ਹੀ ਰੇਡੀਓ ਬੰਦ ਕਰ ਦੇਂਦੀ ਤੇ ਸਨੀ ਨੂੰ ਕਹਾਣੀ ਸੁਣਾ, ਲੋਰੀ ਸੁਣਾ, ਹੂਟੇ ਮਾਈਆਂ ਕਰ, ਕਿੱਕਲੀ ਪਾ, ਲੁਕਣਮੀਟੀ ਖੇਡ, ਇਸ ਤਰ੍ਹਾਂ ਦੇ ਸੌ ਸੌ ਪਾਪੜ ਵੇਲ ਕੇ ਵਰਚਾਅ ਲੈਂਦੀ। ਕੁੱਝ ਚਿਰ ਲਈ ਉਹ ਭੁਲਦਾ, ਮੁੜ ਜ਼ਿੱਦ ਕਰਨ ਲੱਗ ਪੈਂਦਾ ਰੇਡੀਓ ਲਈ, ਸਕੂਟਰ ਲਈ। ਕੰਧਾਂ ਨਾਲ ਸਿਰ ਮਾਰਦਾ। ਆਪਣੇ ਵਾਲ ਖੋਂਹਦਾ। ਏਧਰ ਉਹਦੀ ਅੜੀ ਤੇ ਓਧਰ ਸਾਹਿਰ ਖਾਤਰ ਪਿਨ-ਡਰੋਪ-ਸਾਇਲੈਂਸ ਦੀ ਮਜਬੂਰੀ। ਬੜੀ ਮੁਸ਼ਕਿਲ ਆ ਪਈ ਸੀ ਮੇਰੇ ਲਈ! ਆਖਿਰ ਮੈਂ ਇੱਕ ਨਵਾਂ ਰਾਹ ਕੱਢਿਆ। ਸਨੀ ਨੂੰ ਘਨਾੜੇ ਚੜ੍ਹਨਾ ਬੜਾ ਪਸੰਦ ਸੀ। ਮੈਂ ਉਹਨੂੰ ਪਿੱਠ ਤੇ ਚੜ੍ਹਾ ਕੇ ਨੰਗੇ ਤੇ ਪੋਲੇ ਪੈਰੀਂ ‘ਆਟੇ ਦੀ ਬੋਰੀ’ ਲੰਮੀ ਹੇਕ ਨਾਲ ਬੋਲਦੀ ਕਮਰੇ ਵਿੱਚ ਗੇੜੇ ਕੱਢਦੀ ਤੇ ਉਸ ਲਈ ਮਗਰ ਮਗਰ ਬੋਲਣ ਲਈ ਨਵੇਂ ਨਵੇਂ ਸ਼ਬਦ ਘੜਦੀ ਰਹਿੰਦੀ। “ਆਟੇ ਦੀ ਬੋਰੀ” ਮੈਂ ਆਖਦੀ “ਪੰਜ ਰੁਪਏ” ਉਹ ਆਖਦਾ ਤੇ ਫੇਰ ਤੇ ਏਸ ਤਰ੍ਹਾਂ ਕਦੇ ਉਹਨੂੰ ਡੇਗ ਤੇ ਕਦੇ ਚੁੱਕ, ਏਦਾਂ ਦੀਆਂ ਕਲਾਬਾਜ਼ੀਆਂ ਕਰਦੇ, ਖੇਡਦੇ ਮਾਂ-ਪੁੱਤ ਕਦੇ ਸੋਫੇ ਦੁਆਲੇ ਕਦੇ ਮੰਜੇ ਦੁਆਲੇ ਚੱਕਰ ਕੱਟਦੇ ਰਹਿੰਦੇ। ਕਦੇ ਮੈਂ ਘੋੜੀ ਬਣ ਜਾਂਦੀ ਤੇ ਉਹ ਮੇਰੀ ਪਿੱਠ ਉੱਤੇ ‘ਚਲ ਮੇਰੇ ਘੋੜੇ ਟਿੱਕ ਟਿੱਕ’ ਕਰਦਾ ਮੇਰੀ ਗੁੱਤ ਦੀ ਚਾਬੁਕ ਬਣਾ ਮੈਨੂੰ ਦੁੜਾਂਦਾ ਰਹਿੰਦਾ। ਕਦੇ ਮੈਂ ਸਲੇਟ ਉੱਤੇ ਰੰਗ ਬਿਰੰਗੇ ਚਾਕਾਂ ਨਾਲ ਮੂਰਤਾਂ ਬਨਾਣੀਆਂ ਤੇ ਕਦੇ ਉਸਦੇ ਪਲਾਸਟਿਕ ਦੇ ਵਰਗਾਕਾਰ ਟੁਕੜਿਆਂ ਨਾਲ ਉਹਦੇ ਨਾਲ ਬੈਠ ਕੇ ਘਰ ਤੇ ਮੀਨਾਰਾਂ ਬਨਾਣੀਆਂ ਤੇ ਢਾਹੁਣੀਆਂ। ਏਦਾਂ ਕਿਸੇ ਵੀ ਤਰ੍ਹਾਂ ਮੈਂ ਉਸ ਨੂੰ ਦੋ ਘੰਟੇ ਵਰਚਾਈ ਰਖਦੀ। ਪਰ ਬੈਠਵੀਆਂ ਖੇਡਾਂ ਕਾਰਣ ਉਹਦੀ ਬਾਲ-ਸ਼ਕਤੀ ਦਾ ਪੂਰਾ ਨਿਕਾਸ ਨਾ ਹੁੰਦਾ ਜਿਸ ਕਰਕੇ ਉਹ ਛੇਤੀ ਨਾ ਸੌਂਦਾ ਅਰ ਮੈਂ ਖਾਣਾ ਨਾ ਬਣਾ ਸਕਦੀ। ਉਹ ਵੀ ਖਿਝਿਆ ਰਹਿੰਦਾ ਤੇ ਮੈਂ ਵੀ। ਹੁਣ ਇੱਕੋ ਹੀ ਹੱਲ ਰਹਿ ਗਿਆ ਸੀ, ਸਮੱਸਿਆ ਦਾ। ਜੀਤ ਦੇ ਕੰਮ ਲਈ ਰਵਾਨਾ ਹੋਣ ਮਗਰੋਂ ਥੋੜ੍ਹਾ ਘਰ ਵਿੱਚ ਵਰਚਾਣ ਉਪਰੰਤ ਮੈਂ ਘਰ ਨੂੰ ਜੰਦਰਾ ਲਗਾ ਕੇ ਉਸਨੂੰ ਥੱਲੇ ਲੈ ਜਾਂਦੀ, ਕੰਪਾਊਂਡ ਵਿੱਚ ਪਰ ਬੰਗਲੇ ਦੇ ਪਿਛਵਾੜੇ ਹੀ ਤਾਂ ਜੁ ਸਾਹਿਰ ਦੀ ਇੱਕਾਗਰਤਾ ਵਿੱਚ ਕੋਈ ਵਿਘਨ ਨਾ ਪਵੇ, ਅਤੇ ਆਪਣੇ ਬੰਗਲੇ ਦੀ ਥਾਂ ਤੇ ਗਵਾਲੀਅਰ ਹਾਊਸ ਦੀਆਂ ਤੱਟ ਵੱਲ ਨੂੰ ਜਾਂਦੀਆਂ ਪੌੜੀਆਂ ਰਾਹੀਂ ਉਹਨੂੰ ਬੀਚ ਉੱਤੇ ਲੈ ਜਾਂਦੀ, ਸਾਗਰ-ਕੰਢੇ ਤਾਂ ਜੋ ਸਾਹਿਰ ਨੂੰ ਦਿਸੀਏ ਵੀ ਨਾ। ‘ਜੇ ਉਹਨੂੰ ਮੇਰੇ ਉਚੇਚ ਦੀ ਭਿਣਕ ਪੈ ਗਈ ਤਾਂ ਉਸ ਦੇ ਮਨ ਉੱਤੇ ਬੋਝ ਪਵੇਗਾ ਤੇ ਫੇਰ ਕੀ ਪਤਾ ਉਹ ਏਥੇ ਵੀ ਲਿਖ ਸਕੇ ਕਿ ਨਾ’ ਮੇਰਾ ਤੌਖਲਾ ਸੀ। ਰੇਤ ਦੇ ਘਰ ਬਣਾਂਦੇ, ਸਿੱਪੀਆਂ ਲਭਦੇ ਪਾਣੀ ਵਿੱਚ ਗੇਂਦ ਸੁੱਟਦੇ ਤੇ ਬੋਚਦੇ, ਕਦੇ ਸਨੀ ਦੌੜਦਾ ਮੈਂ ਫੜਦੀ, ਤੇ ਕਦੇ ਮੈਂ ਦੌੜਦੀ, ਸਨੀ ਫੜਦਾ। ਇਸ ਤਰ੍ਹਾਂ ਭਰਪੂਰ ਦੌੜ ਭੱਜ ਨਾਲ ਉਸ ਦੀ ਪੂਰੀ ਸ਼ਕਤੀ ਖਰਚਕੇ ਉਹਨੂੰ ਦੋ ਦੀ ਥਾਂ ਤੇ ਇੱਕ ਅੱਧ ਘੰਟੇ ਵਿੱਚ ਹੀ ਏਨਾ ਥਕਾਅ ਦੇਂਦੀ ਕਿ ਆਪੇ ਹੀ ‘ਬੱਸ ਬੱਸ’ ਕਰਦਾ ਉਹ ਘਰ ਪਰਤਣ ਲਈ ਕਾਹਲਾ ਪੈ ਜਾਂਦਾ ਤੇ ਮੈਂ ਉਸ ਨੂੰ ਨੁਹਾ-ਧੁਆ ਤੇ ਸੁਆ ਕੇ ਛੇਤੀ ਛੇਤੀ ਰਸੋਈ ਸਮੇਟ ਲੈਂਦੀ। ਜੀਤ ਦੂਜੇ ਬੱਚੇ ਲਈ ਉੱਕਾ ਹੀ ਰਾਜ਼ੀ ਨਹੀਂ ਸੀ। ਅਸੀਂ ਅਜੇ ਆਰਥਕ ਤੌਰ ਤੇ ਏਨੇ ਸੁਖਾਲੇ ਨਹੀਂ ਸਾਂ ਹੋਏ। ਫਲੈਟ ਵੀ ਆਪਣਾ ਨਹੀਂ ਸੀ। ਜੀਤ ਕੋਲ ਐੱਮ. ਬੀ. ਬੀ. ਐੱਸ. ਦੀ ਡਿਗਰੀ ਵੀ ਨਹੀਂ ਸੀ। ਕੇਵਲ ਫਾਰਮੇਸੀ ਦਾ ਡਿਪਲੋਮਾ ਸੀ ਭਾਵੇਂ ਡਾਕਟਰ ਉਹ ਚੰਗਾ ਸੀ। ਕਾਬਲ ਤੇ ਅਨੁਭਵੀ। ਡਾਕਟਰੀ ਤਾਂ ਉਸਨੂੰ ਖਾਨਦਾਨੀ ਗੁੜ੍ਹਤੀ ਵਜੋਂ ਮਿਲੀ ਹੋਈ ਸੀ। ਤਿੰਨ ਪੀੜ੍ਹੀਆਂ ਤੋਂ ਡਾਕਟਰੀ ਪੇਸ਼ਾ। ਪਰ ਬੰਬਈ ਵਰਗੀ ਮਹਾਂ ਨਗਰੀ ਵਿੱਚ ਉੱਚ ਵਿੱਦਿਆ ਦੀ ਅਣਹੋਂਦ ਕਾਰਣ ਕਲੀਨਿਕ ਬੰਦ ਹੋ ਜਾਣ ਦਾ ਧੁੜਕੂ ਲਗਿਆ ਹੀ ਰਹਿੰਦਾ ਸੀ। ਸੋ ਉਸ ਨੇ ਹੋਮਿਓਪੈਥੀ ਦਾ ਚਾਰ-ਸਾਲਾ ਕੋਰਸ ਕਰਨ ਦੀ ਠਾਣ ਲਈ ਸੀ ਤੇ ਦਾਖਲਾ ਵੀ ਲੈ ਲਿਆ ਸੀ ਜਿਸ ਕਾਰਣ ਸਵੇਰ ਦੀ ਪ੍ਰੈਕਟਿਸ ਬੰਦ ਕਰਨੀ ਪੈ ਗਈ ਸੀ। ਕੇਵਲ ਸ਼ਾਮ ਦੀ ਤਿੰਨ ਘੰਟਿਆਂ ਦੀ ਕਮਾਈ ਤੇ ਉੱਪਰੋਂ ਗ੍ਰਹਿਸਥੀ ਦੇ ਬੋਝ ਦੇ ਨਾਲ ਨਾਲ ਪੜ੍ਹਾਈ ਦਾ ਵੀ ਖਰਚਾ। ਦੂਜੇ, ਉਸ ਨੂੰ ‘ਕੁੜੀ ਦਾ ਪਿਓ’ ਬਣਨਾ ਅਸਲੋਂ ਹੀ ਪਰਵਾਨ ਨਹੀਂ ਸੀ। ‘ਇੱਕ ਹੋਰ ਮੁੰਡੇ ਦੇ ਲਾਲਚ ਵਿੱਚ ਕਿਤੇ ਕੁੜੀ ਹੀ ਨਾ ਆ ਜਾਵੇ’ ਉਹਦਾ ਡਰ ਸੀ। ਇਸ ਤੋਂ ਇਲਾਵਾ ਇੱਕ ਹੋਰ ਅਨੋਖੀ ਹੀ ਦਲੀਲ ਸੀ ਉਸ ਦੀ। “ਕੋਈ ਮੇਰੇ ਸਨੀ ਲਈ ਮੇਰਾ ਪਿਆਰ ਵੰਡਾਅ ਲਵੇ, ਭਾਵੇਂ ਮੇਰਾ ਆਪਣਾ ਹੀ ਬੱਚਾ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ” ਉਸਦਾ ਕਹਿਣਾ ਸੀ। ਇਹਨਾਂ ਸਾਰੇ ਮਿਲੇ-ਜੁਲੇ ਕਾਰਣਾਂ ਕਾਰਣ ਪੂਰੀ ਇਹਤਿਆਤ ਵਰਤੀ ਜਾਂਦੀ ਸੀ ਪਰ ਭਾਣਾ ਫੇਰ ਵੀ ਵਰਤ ਗਿਆ। ਰੱਬ-ਸਬੱਬੀ। ਦਿਲ ਕੱਚਾ ਤੇ ਉਲਟੀਆਂ! ਮੇਰੇ ਅੰਦਰ ਕੁੱਝ ਨਾ ਠਹਿਰਦਾ। ਮੂੰਹ ਸਿਰ ਲਪੇਟ ਕੇ ਪਏ ਰਹਿਣ ਨੂੰ ਹੀ ਜੀ ਕਰਦਾ ਪਰ ਅੱਥਰਾ ਸਨੀ ਤੇ ਸਾਹਿਰ … ਏਸ ਜਦੋ ਜਹਿਦ ਨਾਲ ਜੂਝਣ ਦਾ ਜਤਨ ਏਨਾਂ ਪਿਆਰਾ ਸੀ ਕਿ ਪਤਾ ਨਹੀਂ ਕੀਕੂੰ ਤੇ ਕਿਵੇਂ ਉਸ ਪਲ ਮੈਂ ਬਿਲਕੁਲ ਠੀਕ ਹੋ ਜਾਂਦੀ। ਦਿਨ ਵਧਦੇ ਜਾ ਰਹੇ ਸਨ। ਪੇਟ ਵਧਦਾ ਜਾ ਰਿਹਾ ਸੀ ਤੇ ਕੁੱਖ ਦੇ ਭਾਰ ਦੇ ਨਾਲ ਨਾਲ ‘ਆਟੇ ਦੀ ਬੋਰੀ’ ਦਾ ਵਜ਼ਨ ਵੀ ਵਧਦਾ ਜਾ ਰਿਹਾ ਸੀ। ‘ਸਾਹਿਰ ਦੀ ਕਾਵਿ ਸਿਰਜਣਾ ਵਿੱਚ ਮੈਂ ਵੀ ਸ਼ਾਮਿਲ ਹਾਂ, ਪਰੋਖ ਰੂਪ ਵਿੱਚ’ ਇਸ ਅਹਿਸਾਸ ਦੀ ਸ਼ਿੱਦਤ ਸਦਕੇ ਸਭ ਕੁੱਝ ਉਸੇ ਤਰ੍ਹਾਂ ਹੀ ਚਲਦਾ ਰਿਹਾ। ‘ਘੋੜੀ’ ਵੀ ‘ਬੋਰੀ’ ਵੀ ਤੇ ਸਮੁੰਦਰ-ਤੱਟ ਦੀਆਂ ਦੌੜਾਂ ਵੀ। ਇਹ ਜ਼ਰੂਰੀ ਤਾਂ ਨਹੀਂ ਸੀ ਕਿ ਸਾਹਿਰ ਜ਼ਰੂਰ ਤੇ ਹਮੇਸ਼ਾਂ ਉਸ ਵੇਲੇ ਹੀ ਲਿਖਦਾ ਹੋਵੇ ਪਰ ਸ਼ਾਇਰ ਦੇ ਮੂਡ ਦਾ ਕੀ ਭਰੋਸਾ? ਏਸ ਲਈ ਕਦੇ ਵੀ, ਕਿਸੇ ਵੀ ਵੇਲੇ ਜੇ ਮੈਂ ਉਸ ਨੂੰ ਆਉਂਦੇ ਵੇਖ ਲੈਂਦੀ ਤਾਂ ਵਾਹ ਲਗਦੇ-ਘਰ ਵਿੱਚ ਕਿਸੇ ਵੀ ਕਿਸਮ ਦੀ ਹਲਚਲ ਜਾਂ ਸ਼ੋਰ ਨਾ ਹੋਣ ਦੇਂਦੀ। ਸ਼ਾਮੀ ਛੇ ਵਜੇ ਜੀਤ ਨੇ ਮੁੜ ਦਵਾਖਾਨਾ ਖੋਹਲਣਾ ਹੁੰਦਾ ਸੀ। ਸਾਢੇ ਚਾਰ ਵਜੇ ਦੇ ਕਰੀਬ ਸਨੀ ਤੇ ਮੈਂ ਵੀ ਅਕਸਰ ਉਸ ਨਾਲ ਘਰੋਂ ਨਿਕਲ ਜਾਂਦੇ। ਇੱਕ ਅੱਧ ਘੰਟਾ ਇਕੱਠੇ ਟਹਿਲਦੇ। ਸਨੀ ਪਾਪਾ ਨਾਲ ਬਗੀਚੇ ਜਾਂ ਬੀਚ ਉੱਤੇ ਖੇਡਦਾ ਤੇ ਫੇਰ ਉਸ ਨੂੰ ਬਸ ਤੇ ਚੜ੍ਹਾਅ, ਟਾ ਟਾ ਕਰ ਮੇਰੇ ਨਾਲ ਵਾਪਸ ਘਰ ਪਰਤਦਾ। ਬੰਗਲੇ ਦੇ ਮੁੱਖ ਦਵਾਰ ਤੇ ਜਾਂ ਦਲਾਨ ਵਿੱਚ ਹੀ ਕਈ ਵੇਰਾਂ ਸਾਹਿਰ ਨਾਲ; ਸਾਹਮਣਾ ਹੋ ਜਾਂਦਾ। ਗਰਭਵਤੀ, ਸਨੀ ਨੂੰ ਉੰਗਲੀ ਲਾਈ ਜਦੋਂ ਮੈਂ ਉਸ ਕੋਲੋਂ ਲੰਘ ਜਾਂਦੀ ਤਾਂ ਉਸ ਦੀ ਨੀਝ ਦਾ ਮੈਨੂੰ ਪੂਰਾ ਕਿਆਸ ਹੁੰਦਾ, ਮੇਰੀ ਪਿੱਠ ਨੂੰ ਪਲੋਸਦਾ ਕੋਸਾ ਕੋਸਾ ਨਿੱਘਾ ਨਿੱਘਾ ਸੇਕ। ਸਨੀ ਦੇ ਵੇਲੇ ਵੀ ਪੂਰੇ ਦਿਨਾਂ ਦੀ ਅਵਸਥਾ ਵਿੱਚ ਖਾਸ ਤੌਰ ਤੇ ਕੰਪਾਂਊਂਡ ਵਿੱਚ ਟਹਿਲਦੀ ਨੂੰ ਇੰਜ ਲਗਦਾ ਹੁੰਦਾ ਜਿਵੇਂ ਸਾਹਿਰ ਮੇਰੀ ਕੁੱਖ ਨੂੰ ਸਤਿਕਾਰ ਰਿਹਾ ਹੋਵੇ। ਨਮਸਕਾਰ ਰਿਹਾ ਹੋਵੇ। ***** ਇਕੱਤੀ ਦਸੰਬਰ, ਸੰਨ ਸਤਾਹਠਵੇਂ ਦੀ ਆਖਰੀ ਸ਼ਾਮ ਤੇ ਨਵੇਂ ਸਾਲ ਦੀ ਪੂਰਵ-ਸੰਧਿਆ! ਬੰਬਈ ਵਿੱਚ ਇਸ ਰਾਤ ਦੀਆਂ ਰੌਣਕਾਂ ਦੇ ਕਿਆ ਕਹਿਨੇ। ਹੋਟਲਾਂ ਤੇ ਸੰਸਥਾਵਾਂ ਦੇ ਸਮਾਗਮਾਂ ਤੋਂ ਇਲਾਵਾ ਮਹੱਲਿਆਂ, ਹਾਊਸਿੰਗ ਸੋਸਾਇਟੀਆਂ ਤੇ ਗਰੀਬ ਤੋਂ ਗਰੀਬ ਬਸਤੀਆਂ ਦੀਆਂ ਝੌਂਪੜੀਆਂ ਵਿੱਚ ਵੀ ‘ਓਲਡ ਮੈਨ’ (ਪੁਰਾਣੇ ਸਾਲ) ਦੇ ਪੁਤਲੇ ਠੀਕ ਬਾਰਾਂ ਵਜੇ ਸਾੜੇ ਜਾਂਦੇ ਹਨ। ਗੁਬਾਰੇ, ਪਟਾਖੇ ਤੇ ਆਤਿਸ਼ਬਾਜ਼ੀ। ਗਰਬੇ ਤੇ ਡਾਂਡੀ ਨਾਚਾਂ ਵਿੱਚ ਪੂਰਬੀ ਤੇ ਪੱਛਮੀ ਧੁਨਾਂ ਦੇ ਪੂਰੇ ਆਰਕੈੱਸਟਰਾ ਨਾਲ ਸਮੂਹਿਕ ਨਾਚ, ਮਾਨੋਂ ਸਾਰੀ ਬੰਬਈ ਹੀ ਹੜ੍ਹ ਬਣ ਕੇ ਸਮੁੰਦਰ ਵੱਲ ਵਹਿ ਤੁਰੀ ਹੋਵੇ। ਸਭ ਤੋਂ ਮਨਮੋਹਕ ਤੇ ਰਮਣੀਕ ਸਥਿਤੀ `ਤੇ ਹੋਣ ਕਾਰਣ ਸਾਡੇ ਬੰਗਲੇ ਦੇ ਉਸ ਵਿਸ਼ਾਲ ਦਾਲਾਨ ਵਿੱਚ ਬੀਚ ਉੱਤੇ ਵਧੀਆ ਕੋਨੇ ਮਲਣ ਖਾਤਰ ਦੁਪਹਿਰ ਤੋਂ ਹੀ ਮੌਜ-ਮੇਲਾ ਕਰਨ ਵਾਲਿਆਂ ਦੀਆਂ ਟੋਲੀਆਂ ਆ ਰਹੀਆਂ ਸਨ ਤੇ ਮੇਲੇ ਦੇ ਸਟਾਲ ਵੀ। ਇਹ ਸਾਡੇ ਵਿਆਹ ਦੀ ਛੇਵੀਂ ਨਵ-ਬਰਸ-ਸ਼ਾਮ ਸੀ ਤੇ ਹਮੇਸ਼ਾਂ ਵਾਂਗ ਐਤਕੀਂ ਵੀ ਮੈਂ ਦੁਲਹਣ ਦੇ ਵੇਸ ਵਿੱਚ ਸੱਜਣਾ ਸੀ। ਜੀਤ ਸਾਲ ਦਾ ਆਰੰਭ ਯਾਰਾਂ-ਦੋਸਤਾਂ ਨਾਲ ਕਿਸੇ ਹੋਟਲ ਦੇ ਕੈਬਰੇ ਡਾਂਸ ਨਾਲ ਕਰਦਾ ਸੀ ਪਰ ਸੁਵੇਰੇ ਇੱਕ ਦੋ ਵਜੇ ਘਰ ਪਰਤਣ ਉੱਤੇ ਮੈਂ ਉਸ ਦਾ ਸੁਆਗਤ ਸੁਹਾਗਰਾਤ ਵਾਲੇ ਵੇਸ ਵਿੱਚ, ਲਾਲ ਸੂਹੀ ਸੁੱਚੇ ਜੈ ਪੁਰੀ ਗੋਟੇ ਤੇ ਕਿਨਾਰੀ ਜੜਿਤ ਸਾੜ੍ਹੀ ਨਾਲ ਕਰਾਂ, ਪੂਰੇ ਹਾਰ ਸ਼ਿੰਗਾਰ ਨਾਲ, ਉਸ ਨੂੰ ਇਹੀ ਪਸੰਦ ਸੀ। ਇਸ ਵੇਰਾਂ ਮੈਂ ਅਠਵੇਂ ਮਹੀਨੇ ਵਿੱਚ ਸੀ ਪੀਲੀ ਭੂਕ, ਦੂਹਰਾ ਪੇਟ ਤੇ ਪੈਰਾਂ ਵਿੱਚ ਸੋਜਿਸ਼ ਪਰ ਫੇਰ ਵੀ ਜੀਤ ਦੀ ਇਹੀ ਖਾਹਿਸ਼ ਸੀ ਤੇ ਜੇ ਨਾ ਵੀ ਹੁੰਦੀ ਤਾਂ ਵੀ ਉਸਨੂੰ ਰਿਝਾਉਣ ਤੋਂ ਵੱਧ ਮੇਰੇ ਲਈ ਨਾਂ ਕੋਈ ਹੋਰ ਖੁਸ਼ੀ ਸੀ ਤੇ ਨਾ ਹੀ ਜਿਉਣ ਦਾ ਮਕਸਦ। ਪਲ ਦੋ ਪਲ ਦੀ ਰਾਤ ਤਾਂ ਕੀ ਜਨਮਾਂ ਦੀ ਉਡੀਕ ਨਾਲੋਂ ਵੀ ਮਹਿੰਗੀ ਹੁੰਦੀ ਸੀ ਮੇਰੇ ਲਈ ਉਹ ਘੜੀ ਜਦੋਂ ਉਹ ਨਿਰਾ ਤੇ ਪੂਰਾ ਮੇਰਾ ਹੁੰਦਾ ਸੀ। ‘ਧਰਤੀ ਰੁਕ ਕਿਉਂ ਨਹੀਂ ਜਾਂਦੀ? ਸਮਾਂ ਖੜੋ ਕਿਉਂ ਨਹੀਂ ਜਾਂਦਾ ਤੇ ਜਾਂ ਫਿਰ ਹਾਇ ਮੈਂ ਸਂੌ ਕਿਉਂ ਨਹੀਂ ਜਾਂਦੀ ਸਦਾ ਸਦਾ ਦੀ ਨੀਂਦੇ, ਉਸ ਦੇ ਆਗੋਸ਼ ਵਿੱਚ’ ਮੇਰੀ ਲੋਚ ਹੁੰਦੀ ਸੀ। ਸਾੜ੍ਹੀ ਤੇ ਸੂਹੀ ਸਾਟਨ ਦਾ ਪੇਟੀਕੋਟ ਮੈਂ ਦਿਨੇ ਲੌਬੀ ਦੀ ਰੱਸੀ ਉੱਤੇ ਟੰਗੇ ਸਨ। ਬੰਬਈ ਦੀ ਖਾਰੀ ਤੇ ਨਮੀ ਵਾਲੀ ਸਮੁੰਦਰੀ ਹਵਾ ਕਾਰਣ ਅਲਮਾਰੀ ਵਿੱਚ ਪਏ ਹੀ ਕਪੜੇ ਸਿੱਲੇ ਹੋ ਜਾਂਦੇ ਹਨ। ਉਹਨਾਂ ਉੱਪਰ ਚਿੱਟੀ ਤੇ ਸਾਵੀ ਜਿਹੀ ਕਾਈ ਜੰਮ ਜਾਂਦੀ ਹੈ ਤੇ ਇੱਕ ਖਾਸ ਕਿਸਮ ਦੀ ਹੁਮਕ ਜਿਹੀ ਆਉਣ ਲੱਗ ਪੈਂਦੀ ਹੈ। ਥੋੜ੍ਹੀ ਧੁੱਪ ਤੇ ਹਵਾ ਲਗਾਣੀ ਜ਼ਰੂਰੀ ਹੁੰਦੀ ਹੈ। ਸ਼ਾਮ ਦੇ ਚਾਰ ਕੁ ਵਜੇ ਦਾ ਵਕਤ ਸੀ। ਜੀਤ ਅਜੇ ਸੁੱਤਾ ਪਿਆ ਸੀ ਤੇ ਸਨੀ ਵੀ। ਮੈਂ ਇਸਤਰੀ ਕਰਨ ਲਈ ਰੱਸੀ ਤੋਂ ਪੇਟੀਕੋਟ ਤੇ ਸਾੜ੍ਹੀ ਲਾਹੁਣ ਹੀ ਲੱਗੀ ਸਾਂ ਕਿ ਪੇਟੀਕੋਟ ਥੱਲੇ ਜਾ ਡਿਗਾ, ਅਸ਼ਕ ਦੀ ਲੌਬੀ ਵਿੱਚ। ਸ਼ਾਇਦ ਚਿਮਟੀ ਢਿੱਲੀ ਪੈ ਗਈ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ। ਅਕਸਰ ਕਪੜੇ ਡਿੱਗ ਹੀ ਜਾਂਦੇ ਸਨ ਤੇ ਚਾਂਦ ਆਪੇ ਉੱਪਰ ਦੇ ਜਾਇਆ ਕਰਦਾ ਸੀ ਪਰ ਹੁਣ ਤਾਂ ਸ਼ਾਮ ਹੋ ਗਈ ਸੀ ਤੇ ਉੱਪਰੋਂ ਰਾਤ ਪੈਣ ਵਾਲੀ। ਪਤਾ ਨਹੀਂ ਕਿਹੜੇ ਵੇਲੇ ਚਾਂਦ ਲੌਬੀ ਵੰਨੇ ਜਾਏ ਤੇ ਕੀ ਪਤਾ ਜਾਏ ਵੀ ਕਿ ਨਾ, ਵੇਖੇ ਵੀ ਜਾਂ ਨਾ। ਸੂਹਾ ਰੱਤਾ ਸੁਹਾਗ ਦਾ ਪੇਟੀਕੋਟ! ਲਾਲ ਪਾਰਦਰਸ਼ੀ, ਮਹੀਨ ਸੁੱਚੀ ਜਾਰਜੱਟ ਦੀ ਸਾੜ੍ਹੀ ਹੇਠਾਂ ਕੇਵਲ ਉਹੀ ਪੇਟੀਕੋਟ ਪਾਇਆ ਜਾ ਸਕਦਾ ਸੀ। ਅੱਗੇ-ਪਿੱਛੇ ਕੋਈ ਵੀ ਜਾਣੂ ਨਜ਼ਰ ਨਹੀਂ ਸੀ ਆ ਰਿਹਾ। ਸਭ ਨਵੇਂ ਉਤਸ਼ਾਹ ਨਾਲ ਰੰਗੇ ਆਪੋ ਆਪਣੇ ਪ੍ਰੋਗਰਾਮਾਂ ਵਿੱਚ ਮਗਨ ਸਨ। ਹੁਣ ਕੀ ਕਰਾਂ? ਜੇ ਕੋਈ ਦੂਜੀ ਸਾੜ੍ਹੀ ਪਾਈ ਤਾਂ ਜੀਤ ਵਿਗੜ ਜਾਏਗਾ ਤੇ ਜੇ ਮੈਂ ਥੱਲੇ ਜਾਂਦੀ ਹਾਂ ਤੇ ਮਗਰੋਂ ਜੀਤ ਦੀ ਅੱਖ ਖੁੱਲ੍ਹ ਜਾਂਦੀ ਹੈ ਤੇ ਉਸਨੂੰ ਪਤਾ ਲਗਦੈ ਕਿ ਮੈਂ ਅਸ਼ਕ ਦੇ ਘਰ ਗਈ ਸਾਂ, ਉਸ ਨਾਲ ਕੂਈ ਸਾਂ ਤਾਂ ਪਤਾ ਨਹੀਂ ਕੀ ਅਨਰਥ ਹੋ ਜਾਏ! ਉਸ ਦਾ ਕ੍ਰੋਧ ਤੇ ਸ਼ੱਕੀ ਸੁਭਾ ਕਿਸੇ ਆਂਢੀ ਗੁਆਂਢੀ ਤੋਂ ਵੀ ਨਹੀਂ ਸੀ ਗੁੱਝਾ। ‘ਕੀ ਉਹ ਤੇਰੇ ਯਾਰ ਲੱਗਦੇ ਨੇ ਜੋ ਮਿਲਣ ਗਈ ਸੈਂ …’ ਇਹ ਵੀ ਤੇ ਇਸ ਤੋਂ ਵੀ ਵੱਧ ਬਹੁਤ ਕੁੱਝ, ਕੁੱਝ ਵੀ ਕਹਿ ਸਕਦਾ ਸੀ ਉਹ। ਨਵੇਂ ਸਾਲ ਦੇ ਅਜਿਹੇ ਭਿਅੰਕਰ ਆਗਮਨ ਦੇ ਅਨੁਮਾਨ ਨਾਲ ਕੰਬਦੀ ਤਰਹਿਕਦੀ ਦੋ-ਦਲੀਲੀਆਂ ਵਿੱਚ ਪਈ ਮੈਂ ਪੋਲੇ ਪੈਰੀਂ ਥੱਲੇ ਜਾਣ ਲਗੀ। “ਰੁਕੋ ਤੁਸੀਂ ਨਾ ਉਤਰੋ ਮੈਂ ਆਉਨਾ” ਅਜੇ ਮੈਂ ਮਸਾਂ ਪਹਿਲੀ ਪੌੜੀ ਹੀ ਟੱਪੀ ਹੋਵੇਗੀ ਕਿ ਸਾਹਮਣਿਓਂ-ਥਲਿਓਂ ਮੇਰੇ ਕੰਨੀਂ ਬੋਲ ਪਏ। ਅੱਖ-ਪਲਕਾਰੇ ਵਿੱਚ ਹੀ ਦਗੜ ਦਗੜ ਪੌੜੀਆਂ ਚੜ੍ਹਦਾ ਸਾਹਿਰ ਪਹੰੁਚ ਗਿਆ। ਮੇਰੇ ਕੋਲ। ਓਸੇ ਤਰ੍ਹਾਂ ਨੀਵੀਂ ਪਾਈ ਮੇਰੀ ਕੁੱਖ ਨੂੰ ਨਮਸਕਾਰਦਾ। ਪੇਟੀਕੋਟ ਉਸ ਦੇ ਹੱਥਾਂ ਵਿੱਚੋਂ ਮੇਰੇ ਹੱਥਾਂ ਵਿੱਚ! ਮੈਂ ਕੀਲੀ ਗਈ। ਨਿਸ਼ਬਦ! ਕੀ ਇਹ ਸੱਚ ਸੀ ਕਿ ਸੁਪਨਾ? “ਹੈਪੀ ਨਿਊ ਯੀਅਰ ਈਵ” ਉਸ ਆਖਿਆ ਸੀ ਜਾਂ ਮੇਰਾ ਭਰਮ? “ਗੌਡ ਬਲੈਸ ਯੂ” ਉਹ ਬੋਲਿਆ ਸੀ ਜਾਂ ਮੇਰੀ ਆਪ ਸਿਰਜੀ ਖੁਸ਼ਫਹਿਮੀ? “ਧੰਨਵਾਦ!” ਭਿੱਜੇ ਨੈਣ, ਸੁੱਕਾ ਸੰਘ, ਮੇਰੇ ਹੋਠ ਫਰਕੇ ਸਨ ਜਾਂ ਨਹੀਂ ਸਨ ਫਰਕ ਸਕੇ? ਨੱਚਣ ਦੀ ਅਵਸਥਾ ਨਹੀਂ ਸੀ ਕੋਈ ਪਰ ਮੇਰੀ ਸਮੁੱਚੀ ਹੋਂਦ ਜਿਵੇਂ ਥਿਰਕ ਉਠੀ, ਲਰਜ਼ ਉਠੀ। ਉਹ ਵੀ ਸ਼ਾਮਲ ਸੀ ਮੇਰੀ ਸਿਰਜਣਾ ਵਿੱਚ! ਪਰੋਖ ਰੂਪ ਵਿੱਚ! ਵਜਦ ਵਿੱਚ ਚੁੰਮ ਲਿਆ ਮੈਂ ਆਪਣਾ ਆਪ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਤੇ ਪਤਾ ਨਹੀਂ ਕਦ ਤੱਕ ਹੱਥਾਂ ਵਿੱਚ ਨੱਪੀ, ਹੋਠਾਂ ਨਾਲ ਚੁੰਮਦੀ, ਕੁੱਖ `ਤੇ ਫੇਰਦੀ ਰਹੀ ਸੂਹਾ ਸੂਹਾ, ਕੂਲਾ ਕੂਲਾ, ਕੋਸਾ ਕੋਸਾ ਪੇਟੀਕੋਟ! |
ਦੋ ਸ਼ਬਦ ਕਿਰਪਾਲ ਸਿੰਘ ਪੁੰਨੂੰ ਵਲੋਂ:
ਕਾਨਾ ਸਿੰਘ ਇੱਕ ਨਿਵੇਕਲਾ ਹਸਤਾਖਰ ਹੈ। ਮੈਂ ਉਸਨੂੰ ਪਿਛਲੇ 15-20 ਸਾਲਾਂ ਤੋਂ ਜਾਣਦਾ ਹਾਂ। ਸ਼ਾਇਦ ਉਸ ਤੋਂ ਵੀ ਪਹਿਲਾਂ ਤੋਂ, ਜਦੋਂ ਉਹ ਪ੍ਰੀਤਲੜੀ ਵਿੱਚ ਛਪਣੀ ਸ਼ੁਰੂ ਹੀ ਹੋਈ ਸੀ। ਅਸੀਂ ਦੋਵੇਂ ਸਮਕਾਲੀ ਜੋ ਹੋਏ। ਉਸਦੇ ਘਰ ਦਸ ਲੇਖਕ ਮਹਿਮਾਨ ਹੋਣ। ਚਾਹ ਵਿੱਚ ਸ਼ੱਕਰ ਦੇ ਕਿਤਨੇ ਚਮਚੇ ਪਾਉਣੇ ਹਨ, ਹਰ ਇੱਕ ਨੂੰ ਪੁੱਛੇਗੀ। ਫਿਰ ਚਾਹ ਦੇਣ ਲੱਗੀ ਹਰ ਇੱਕ ਨੂੰ ਦੱਸੀ ਜਾਇਗੀ ਆਹ ਤੁਹਾਡੀ ਬਿਨਾਂ ਸ਼ੱਕਰ ਤੋਂ, ਆਹ ਤੁਹਾਡੀ ਅੱਧਾ ਚਮਚਾ ਸ਼ੱਕਰ ਵਾਲ਼ੀ ਆਦਿ… ਪਰ ਮੈਂ ਅੱਜ ਤੀਕਰ ਨਹੀਂ ਸਮਝ ਸਕਿਆ ਕਿ ਉਹ ਇਹ ਸਾਰੇ ਚਮਚੇ ਯਾਦ ਕਿਵੇਂ ਰੱਖਦੀ ਹੈ? 15 ਸਾਲ ਪਹਿਲੋਂ ਉਸਨੇ ਮੇਰੇ ਕੋਲ਼ ਮੰਨਿਆਂ ਸੀ ਕਿ ਉਸਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਤੇ ਉਸ ਨੇ ਪਰਨ ਕੀਤਾ ਸੀ ਕਿ ਉਹ ਇਹ ਸਿੱਖ ਕੇ ਹੀ ਰਹੇਗੀ। ਦੋ ਕੁ ਵੇਰ ਹੱਡ ਗੋਡੇ ਭਨਾਉਣ ਤੋਂ ਪਿੱਛੋਂ ਵੀ ਅਜੇ ਉਸਨੇ ਆਪਣਾ ਇਹ ਪਰਨ ਪੂਰਾ ਕਰਨਾ ਹੈ। ਇਵੇਂ ਜਿਵੇਂ ਜੀਵਨ ਵਿੱਚ ਹੋਰ ਬੜਾ ਕੁੱਝ ਉਹ ਸਿੱਖਣ ਦਾ ਯਤਨ ਕਰਦੀ ਹੈ ਤੇ …। ਉਹ ਮਲਟੀ ਪਰਪਜ਼ ਵਿਅਕਤੀ ਹੈ ਭਾਵ ‘ਮੈਨੀ ਇਨ ਵਨ’। ਉਹ ਹੋਮਿਓਪੈਥੀ ਦੀ ਡਾਕਟਰ ਹੈ। ਸੰਤੋਖ ਸਿੰਘ ਧੀਰ ਵਰਗੇ ਬਜ਼ੁਰਗ ਸਾਹਿਤਕਾਰ ਉਸ ਕੋਲ਼ੋਂ ਆਪਣਾ ਇਲਾਜ ਕਰਵਾਉਂਦੇ ਰਹੇ ਹਨ। ਉਹ ਯੋਗਾ ਦੀਆਂ ਕਲਾਸਾਂ ਲੈਂਦੀ ਹੈ। ਉਹ ਪਰਦੇਸੀਂ ਜਾਣ ਦੇ ਇੱਛਕ ਨੌਜੁਆਨ ਲੜਕੇ ਲੜਕੀਆਂ ਨੂੰ ਅੰਗਰੇਜ਼ੀ ਵਿੱਚ ਮਹਾਰਤ ਕਰਨੀ ਸਿਖਾਉਂਦੀ ਹੈ। ਸਰੀਰ ਫਿੱਟ ਰੱਖਣ ਦੀਆਂ ਕਲਾਸਾਂ ਲੈਂਦੀ ਹੈ, ਲਿਖਦੀ ਹੈ ਤੇ ਵਧੀਆ ਲਿਖਦੀ ਹੈ। ਆਏ ਸਾਹਿਤਕਾਰਾਂ ਦੀ ਮਹਿਮਾਨ ਨਿਵਾਜ਼ੀ ਕਰਦੀ ਹੈ। ਅਤੇ ਪਤਾ ਨਹੀਂ ਕਿੰਨਾਂ ਕੁੱਝ ਹੋਰ … । ਕਈ ਵੇਰ ਤਾਂ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਛੀਂਟਕੀ ਜਿਹੀ ਇਹ ਲੇਖਕਾ ਇਤਨੇ ਸਾਰੇ ਕੰਮ ਕਿਵੇਂ ਕਰ ਲੈਂਦੀ ਹੈ। ਉਹ ਬਹੁਤ ਹੀ ਸਫਾਈ ਪਸ਼ੰਦ ਹੈ ਅਤੇ ਆਪਣੇ ਪਹਿਰਾਵੇ ਸਬੰਧੀ ਉਸ ਤੋਂ ਵੀ ਸੁਚੇਤ ਹੈ। ਉਸਦਾ ਕਹਿਣਾ ਹੈ ਕਿ ਜਿਤਨੀ ਵੇਰ ਵੀ ਉਹ ਘਰੋਂ ਬਾਹਰ ਜਾਂਦੀ ਹੈ, ਇਸ਼ਨਾਨ ਕਰਕੇ ਜਾਂਦੀ ਹੈ। ਕੱਪੜਿਆਂ ਨੂੰ ਮੈਚ ਕਰਨਾ ਤਾਂ ਉਸ ਤੋਂ ਕੋਈ ਸਿੱਖੇ। ਉਸਦੇ ਕਿਚਨ ਨਾਲ਼ ਦੇ ਕਮਰੇ ਵਿੱਚ ਇੱਕ ਲੰਮਾਂ ਚੌੜਾ ਸ਼ੀਸ਼ਾ ਲੱਗਿਆ ਹੋਇਆ ਹੈ। ਜਦੋਂ ਵੀ ਉਹ ਬਾਹਰੋਂ ਅੰਦਰ ਜਾਂਦੀ ਹੈ ਜਾਂ ਅੰਦਰੋਂ ਬਾਹਰ ਆਉਂਦੀ ਹੈ ਉਹ ਉਸ ਸ਼ੀਸ਼ੇ ਦੇ ਸਹਾਰੇ ਆਪਣੇ ਪਹਿਰਾਵੇ ਅਤੇ ਸਿਰ ਦੇ ਵਾਲ਼ਾਂ ਦੇ ਸਟਾਈਲ ਨਾਲ਼ ਸੰਵਾਦ ਰਚਾਕੇ ਲੰਘਦੀ ਹੈ। ਉਹ ਇਤਨੀ ਸਫਾਈ ਰੱਖਦੀ ਹੈ ਕਿ ਮੈਂ ਜਦੋਂ ਵੀ ਉਸਦੇ ਘਰ ਗਿਆ ਹਾਂ ਤਾਂ ਮੈਨੂੰ ਸਦਾ ਇਹੋ ਹੀ ਡਰ ਮਾਰਦਾ ਰਿਹਾ ਹੈ ਕਿ ਕਿਧਰੇ ਉਸਦਾ ਕੁੱਝ ਮੈਲ਼ਾ ਨਾ ਹੋ ਜਾਵੇ। ਇੱਕ ਵੇਰ ਇੱਕ ਭਰੀ ਮਹਿਫਲ ਵਿੱਚ ਪਤਾ ਨਹੀਂ ਆਪਣੀ ਕਿਸ ਰੁਚੀ ਦੇ ਅਧੀਨ ਮੈਂ ਉਸਦੀ ਖੁੱਲ੍ਹੀ ਕਵਿਤਾ ਦੀ ਅਲੋਚਨਾ ਕਰ ਬੈਠਾ ਤੇ ਉਸਨੇ ਵੀ ਭਾਜੀ ਨਾਲ਼ ਦੀ ਨਾਲ਼ ਹੀ ਮੋੜ ਦਿੱਤੀ ਇਹ ਕਹਿਕੇ, “ਪੰਨੂੰ ਜੀ ਜਦੋਂ ਇਕੱਲੇ ਮੇਰੇ ਕੋਲ਼ ਹੁੰਦੇ ਹਨ ਤਾਂ ਇਨ੍ਹਾਂ ਹੀ ਕਵਿਤਾਵਾਂ ਦੇ ਵਿਸ਼ੇ ਨੂੰ ਸਲਾਹੁੰਦੇ ਨੇ ਤੇ ਇੱਥੇ ਤੁਹਾਡੇ ਸਾਹਮਣੇ ਉਨ੍ਹਾਂ ਦੇ ਰੂਪ ਨੂੰ ਨਿੰਦ ਰਹੇ ਨੇ। ਪਤਾ ਨਹੀਂ ਕਿਓਂ?” ਆਪਣੀ ਗੱਲ ਕਹਿਕੇ ਮੈਂ ਬੜਾ ਪਛਤਾਇਆ ਅਤੇ ਪਛਤਾਈ ਕਾਨਾ ਵੀ ਭਾਜੀ ਮੋੜ ਕੇ। ਮੈਂ ਜਾ ਕੇ ਆਪਣਾ ਪਛਤਾਵਾ ਇੱਕ ਕਵਿਤਾ ਵਿੱਚ ਕੱਢਿਆ: “ਨਾਗ ਤੇ ਆਖਰ ਨਾਗ ਨੇ ਹੁੰਦੇ, ਦੋ ਕੁ ਦਿਨ ਪਿੱਛੋਂ ਉਸਦੀ ਵੀ ਪਛਤਾਵੇ ਦੀ ਚਿੱਠੀ ਆ ਗਈ। ਉਸ ਦਿਨ ਤੋਂ ਪਿੱਛੋਂ ਅੱਜ ਤੱਕ ਅਸੀਂ ਦੋਹਾਂ ਨੇ ਹੀ ਇੱਕ ਦੂਜੇ ਨੂੰ ਕਿਸੇ ਇਹੋ ਜਿਹੇ ਸ਼ਿਕਵੇ ਸਿ਼ਕਾਇਤ ਦਾ ਮੌਕਾ ਨਹੀਂ ਦਿੱਤਾ। ਹਾਂ ਮਿੱਠੇ ਉਲਾਂਭੇ ਤਾਂ ਚੱਲਦੇ ਹੀ ਰਹਿੰਦੇ ਹਨ। ਜਿਨ੍ਹਾਂ ਵਿੱਚ ਉਲਾਂਭੇ ਦੇਣ ਵਾਲ਼ੇ ਨੂੰ ਵੀ ਅਨੰਦ ਆਉਂਦਾ ਹੈ ਅਤੇ ਸੁਣਨ ਵਾਲ਼ੇ ਨੂੰ ਵੀ। ਕਾਨਾ ਦੀ ਲਿਖਣ ਪਰਕਿਰਿਆ ਆਪਣੇ ਹੀ ਅੰਦਾਜ਼ ਦੀ ਹੈ। ਉਹ ਸਮੇਂ ਸਮੇਂ ਨਿੱਕੀਆਂ ਨਿੱਕੀਆਂ ਘਟਨਾਵਾਂ ਦੇ ਨੋਟ ਲੈਕੇ ਆਪਣੇ ਰਿਜਿਸਟਰ ਵਿੱਚ ਸੰਭਾਲ਼ਦੀ ਰਹਿੰਦੀ ਹੈ। ਜਦੋਂ ਕਿਸੇ ਇੱਕ ਮੁੱਦੇ ਸਬੰਧੀ ਸੋਚ ਪੱਕੇ ਅਤੇ ਰਸੇ ਅੰਬ ਵਾਂਗੂ ਡਿਗੂੰ ਡਿਗੂੰ ਕਰਦੀ ਹੋਵੇ ਤਾਂ ਉਹ ਕਿਸੇ ਸਾਹਿਤਕ ਕਿਰਤ ਵਿੱਚ ਬੋਚ ਲੈਂਦੀ ਹੈ। ਕਾਸ਼! ਇਹ ਗੁਣ ਕਿਧਰੇ ਮੇਰੇ ਵਿੱਚ ਵੀ ਆ ਜਾਂਦਾ! ਕਾਨਾ ਲਿਖਦੀ ਹੈ। ਵਧੀਆ ਲਿਖਦੀ ਹੈ। ਜਾਂ ਫਿਰ ਉਸ ਦਾ ਲਿਖਿਆ ਹਰ ਅੱਖਰ ਮੈਨੂੰ ਵਧੀਆ ਲੱਗਦੈ। ਪਰ ਕਦੀ ਕਦੀ ਜਦੋਂ ਉਹ ਸਤਰਾਂ ਵਿੱਚ ਆਪੇ ਲਿਖਿਆ ਆਪੇ ਪੜ੍ਹਕੇ ਸੁਣਾਉਂਦੀ ਹੈ ਤਾਂ ਰੂਹ ਨੂੰ ਕਈ ਉਲਟ ਬਲੇਵੇਂ ਪਾ ਜਾਂਦੀ ਹੈ। ਜਿਸ ਨਾਲ਼ ਸਾਰੀ ਕਥਾ ਕਹਾਣੀ ਦੇ ਅਰਥ ਹੀ ਹੋਰ ਦੇ ਹੋਰ ਹੋ ਜਾਂਦੇ ਹਨ। ‘ਰੂਹ ਦਾ ਅਨੁਵਾਦ’ ਕਾਨਾ ਦੀ ਕਿਤਾਬ ਹੈ। ਜਿਸ ਵਿੱਚ ਉਸ ਨੇ ਦੂਸਰਿਆਂ ਦੀ ਓਟ ਲੈ ਕੇ ਆਪਣੀ ਰੂਹ ਦੀਆਂ ਗੱਲਾਂ ਕੀਤੀਆਂ ਹਨ। ਆਪਣੀ ਹੀ ਰੂਹ ਦੇ ਪੋਤੜੇ ਫੋਲਣੇ ਬੜੇ ਹੀ ਔਖੇ ਹੋਇਆ ਕਰਦੇ ਹਨ। ਪਾਠਕਾਂ ਨੇ ਦੇਖਣਾ ਇਹ ਹੈ ਕਿ ਉਹ ਕਾਨਾ ਸਿੰਘ ਦੀ ਰੂਹ ਦੀ ਕਿੰਨੀ ਕੁ ਹਾਥ ਪਾ ਸਕੇ ਹਨ। –ਕਾਨਾ ਸਿੰਘ ਦੀ ਛਪੀ ਦੂਸਰੀ ਕਿਤਾਬ ‘ਰੂਹ ਦਾ ਅਨੁਵਾਦ’ ਵਿੱਚੋਂ ‘ਬੱਸ ਏਨੀ ਕੁ ਅੰਮ੍ਰਿਤਾ’ ਲੇਖ ਪਹਿਲਾਂ ਪਾਠਕਾਂ ਦੀ ਨਜ਼ਰਾਂ ਗੋਚਰੇ ਭੇਂਟ ਕਰ ਚੁੱਕੇ ਹਾਂ। ਪਾਠਕਾਂ ਦੀ ਮੰਗ ਉਤੇ ਅੱਜ ਕਾਨਾ ਸਿੰਘ ਦੀ ਇੱਕ ਹੋਰ ਰਚਨਾ: ‘ਸਿਰਜਣਾ ਦੀ ਸਾਂਝ’ ਸੂਝਵਾਨ ਪਾਠਕਾਂ ਲਈ ਹਾਜ਼ਰ ਕਰਨ ਦੀ ਪਰਸੰਨਤਾ ਲੈ ਰਹੇ ਹਾਂ।–ਲਿਖਾਰੀ ਡਾਕਟਰ ਰਾਏ ਜੀ, ਸਤਿਕਾਰ। ਗਿਆਨੀ ਕਰਨੈਲ ਸਿੰਘ ਦੀ ਇੱਛਾ ਪੂਰੀ ਕਰਨ ਲਈ ਕਾਨਾ ਸਿੰਘ ਦਾ ਦੂਸਰਾ ਆਰਟੀਕਲ ਭੇਜ ਰਿਹਾ ਹਾਂ। ਆਸ ਹੈ ਕਿ ‘ਲਿਖਾਰੀ’ ਦੇ ਸੂਝਵਾਨ ਪਾਠਕ ਵੀ ਇਸ ਨੂੰ ਪਸੰਦ ਕਰਨਗੇ। ਤੁਹਾਡਾ ਆਪਣਾ: ਕਿਰਪਾਲ ਸਿੰਘ ਪੰਨੂੰ ******* ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 2001-2005) *** |