ਪਿਛਲੇ ਦਿਨੀਂ ਕੋਲਕਾਤਾ (ਬੰਗਾਲ) ਦੀ ਚਰਚਿਤ ਲੇਖਕਾ ਤੇ ਅਨੁਵਾਦਕਾ ਸ਼੍ਰੀਮਤੀ ਬੇਬੀ ਕਾਰਫਰਮਾ ਨੇ ਹਿੰਦੀ ਦੇ 91 ਮਿੰਨੀ ਕਹਾਣੀਕਾਰਾਂ ਦੀਆਂ 170 ਮਿੰਨੀ ਕਹਾਣੀਆਂ ਨੂੰ ਬੰਗਲਾ ਭਾਸ਼ਾ ਵਿੱਚ ਅਨੁਵਾਦਿਤ ਕਰਕੇ ਇੱਕ ਸ਼ਲਾਘਾਯੋਗ ਕਾਰਜ ਕੀਤਾ ਹੈ। ਇਹ ਪੁਸਤਕ ‘ਨਿਰਬਾਚਿਤੋ ਹਿੰਦੀ ਅਨੁਗੋਲਪੋ’ (ਯਾਨੀ ‘ਚੋਣਵੀਆਂ ਹਿੰਦੀ ਮਿੰਨੀ ਕਹਾਣੀਆਂ’) ਦੇ ਨਾਂ ਹੇਠ ਭਾਸ਼ਾ ਸੰਸਦ ਕੋਲਕਾਤਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 216 ਪੰਨਿਆਂ ਦੀ ਇਸ ਕਿਤਾਬ ਦੀ ਕੀਮਤ ਸਿਰਫ਼ 250/- ਰੁਪਏ ਹੈ। ਬੇਬੀ ਕਾਰਫਰਮਾ ਦਾ ਜਨਮ ਪੰਜਾਬ ਵਿੱਚ ਹੋਇਆ। ਉਹਦੀ ਸ਼ਾਦੀ ਤੇ ਪੜ੍ਹਾਈ-ਲਿਖਾਈ ਬੰਗਾਲ ਵਿੱਚ ਹੋਈ। ਬੇਬੀ ਨੇ ਜਿਸ ਸਿਰੜ, ਮਿਹਨਤ ਤੇ ਸੰਜੀਦਗੀ ਨਾਲ ਲੇਖਨ ਦਾ ਕਾਰਜ ਕੀਤਾ ਹੈ, ਉਸ ਵਿੱਚ 4 ਮੌਲਿਕ, 3 ਸੰਪਾਦਨ ਅਤੇ ਅਨੁਵਾਦ ਦੀਆਂ 2 ਪੁਸਤਕਾਂ ਸ਼ਾਮਲ ਹਨ। ਉਹ ਨਿਰੰਤਰ ਹਿੰਦੀ ਸਾਹਿਤ ਨੂੰ ਬੰਗਲਾ ਵਿੱਚ ਅਨੁਵਾਦ ਕਰਨ ਵਿੱਚ ਦਿਲਚਸਪੀ ਲੈ ਰਹੀ ਹੈ। ਅਨੁਵਾਦ ਦਾ ਕਾਰਜ ਬੜਾ ਬਿਖੜਾ ਅਤੇ ਮੁਸ਼ਕਿਲ ਹੈ। ਕਿਉਂਕਿ ਅਨੁਵਾਦਕ ਨੂੰ ਦੋ ਭਾਸ਼ਾਵਾਂ ਤੇ ਮੁਹਾਰਤ ਹੋਣੀ ਜ਼ਰੂਰੀ ਹੈ। ਨਾਲੋ-ਨਾਲ ਉਹਨੂੰ ਦੋਹਾਂ ਸੰਸਕ੍ਰਿਤੀਆਂ, ਸਭਿਅਤਾਵਾਂ, ਮੁਹਾਵਰੇ ਤੇ ਰੀਤੀ ਰਿਵਾਜਾਂ ਤੋਂ ਵੀ ਜਾਣੂੰ ਹੋਣ ਦੀ ਲੋੜ ਹੈ, ਤਾਂ ਹੀ ਉਹ ਕਿਸੇ ਭਾਸ਼ਾ ਦਾ ਸਹੀ ਤੇ ਸਟੀਕ ਅਨੁਵਾਦ ਕਰ ਸਕੇਗਾ। ਇਸ ਪੱਖੋਂ ਬੇਬੀ ਨੇ ਬੜੀ ਹੀ ਸੂਝ ਨਾਲ ਦੋਹਾਂ ਭਾਸ਼ਾਵਾਂ ਦੇ ਲੇਖਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਲਈ ਪੁਲ ਪ੍ਰਦਾਨ ਕੀਤਾ ਹੈ। ਹਿੰਦੀ ਤੇ ਬੰਗਲਾ ਨੂੰ ਜੋੜਨ ਲਈ ਸਿਰਤੋੜ ਯਤਨ ਕਰ ਰਹੀ ਬੇਬੀ ਦੀਆਂ ਕਿਤਾਬਾਂ ਵਿੱਚ ’12 ਆਸ਼ਵਿਨ ਮੇਂ’, ‘ਅਲੋਰ ਦਿਸ਼ਾਰੀ’, ‘ਰਾਮਮੋਹਨ’, ‘ਸ਼ਿਸ਼ੂ ਮਾਨੇ ਮਨੀਸ਼ੀ ਕਥਾ’, ‘ਨਜ਼ਰੂਲਰ ਚੇਲੇਬੇਲਾ’ (ਮੂਲ ਬੰਗਲਾ), ਸੰਪਾਦਿਤ ਪੁਸਤਕਾਂ- ‘ਸਵਪਨੇਰ ਕਨਭੈ’ (ਗਲਪ), ‘ਪ੍ਰੇਮੇਰ ਫ਼ਾਂਦ ਪਾਤਾ ਭੁਬਨੇ’ (ਕਵਿਤਾ) ਨੂੰ ਬੰਗਲਾ ਪਾਠਕਾਂ ਨੇ ਬਹੁਤ ਪਸੰਦ ਕੀਤਾ ਹੈ। ਉਸ ਵੱਲੋਂ ਕੀਤੇ ਹਿੰਦੀ ਤੋਂ ਬੰਗਲਾ ਅਨੁਵਾਦ ਵਿੱਚ ‘ਵਿਸ਼ਵ ਹਿੰਦੀ ਲਘੂਕਥਾ ਸੰਗ੍ਰਹਿ (ਦੋ ਭਾਗ) ਅਤੇ ‘ਡਾ. ਰਾਮਕੁਮਾਰ ਘੋਟੜ ਦੀ ਲਘੂਕਥਾ’ ਸ਼ਾਮਲ ਹੈ। ਰੀਵਿਊ ਅਧੀਨ ਪੁਸਤਕ ਵਿੱਚ ਆਸਟਰੀਆ, ਕੈਲੀਫ਼ੋਰਨੀਆ, ਸ਼ਿਕਾਗੋ, ਨੇਪਾਲ, ਪੰਜਾਬ, ਰਾਜਸਥਾਨ, ਉੱਤਰਾਖੰਡ, ਜੰਮੂ, ਹਿਮਾਚਲ, ਦਿੱਲੀ, ਮੱਧਪ੍ਰਦੇਸ਼, ਉੱਤਰਪ੍ਰਦੇਸ਼, ਬਿਹਾਰ, ਕਰਨਾਟਕ, ਮਹਾਰਾਸ਼ਟਰ, ਕੇਰਲ, ਵੈੱਸਟ ਬੰਗਾਲ, ਆਸਾਮ, ਹਰਿਆਣਾ, ਛਤੀਸਗੜ, ਝਾਰਖੰਡ ਆਦਿ ਦੇ ਹਿੰਦੀ ਮਿੰਨੀ ਕਹਾਣੀਕਾਰਾਂ ਨੇ ਆਪਣੀ ਥਾਂ ਬਣਾਈ ਹੈ। ਪੁਸਤਕ ਵਿੱਚ ਇਨ੍ਹਾਂ ਮਿੰਨੀ ਕਹਾਣੀਕਾਰਾਂ ਦੀਆਂ ਇੱਕ ਤੋਂ ਤਿੰਨ ਤੱਕ ਮਿੰਨੀ ਕਹਾਣੀਆਂ ਸ਼ਾਮਲ ਹਨ। ਇੱਕ, ਦੋ ਤੇ ਤਿੰਨ ਮਿੰਨੀ ਕਹਾਣੀਆਂ ਲਿਖਣ ਵਾਲੇ ਲੇਖਕ ਕ੍ਰਮਵਾਰ 20, 63 ਅਤੇ 8 ਹਨ। ਇਸ ਪ੍ਰਕਾਰ ਸਭ ਤੋਂ ਵੱਧ ਗਿਣਤੀ 2-2 ਮਿੰਨੀ ਕਹਾਣੀਕਾਰਾਂ ਦੀ ਹੈ, ਜਦਕਿ 1 ਅਤੇ 3 ਮਿੰਨੀ ਕਹਾਣੀਆਂ ਲਿਖਣ ਵਾਲੇ ਦੂਜੇ ਤੇ ਤੀਜੇ ਥਾਂ ਤੇ ਆਏ ਹਨ। ਪੁਸਤਕ ਦੀ ਭੂਮਿਕਾ ਪ੍ਰਸਿੱਧ ਹਿੰਦੀ ਮਿੰਨੀ ਕਹਾਣੀਕਾਰ ਰਮੇਸ਼ਵਰ ਕੰਬੋਜ ਹਿਮਾਂਸ਼ੂ ਨੇ ਲਿਖੀ ਹੈ। ਪੰਜਾਬ ਦੇ ਜਿਨ੍ਹਾਂ ਮਿੰਨੀ ਕਹਾਣੀਕਾਰਾਂ ਨੇ ਇਸ ਵਿੱਚ ਯੋਗਦਾਨ ਪਾਇਆ ਹੈ, ਉਨ੍ਹਾਂ ਵਿੱਚ ਜਗਦੀਸ਼ ਰਾਏ ਕੁਲਰੀਆਂ, ਪ੍ਰਦੀਪ ਕੌੜਾ, ਦਰਸ਼ਨ ਸਿੰਘ ਬਰੇਟਾ, ਨਵ ਸੰਗੀਤ ਸਿੰਘ, ਯੋਗਰਾਜ ਪ੍ਰਭਾਕਰ, ਸ਼ਿਆਮ ਸੁੰਦਰ ਅਗਰਵਾਲ, ਸ਼ਿਆਮ ਸੁੰਦਰ ਦੀਪਤੀ, ਹਰਪ੍ਰੀਤ ਸਿੰਘ ਰਾਣਾ, ਹਰਭਜਨ ਸਿੰਘ ਖੇਮਕਰਨੀ, ਕੁਲਵਿੰਦਰ ਕੌਸ਼ਲ, ਗੁਰਸੇਵਕ ਸਿੰਘ ਰੁੜਕੀ, ਮੰਗਤ ਕੁਲਜਿੰਦ, ਰਤਨ ਚੰਦ ਰਤਨੇਸ਼ ਆਦਿ ਸ਼ਾਮਲ ਹਨ। ਮੂਲ ਲੇਖਕ ਬਾਰੇ ਸੰਖਿਪਤ ਜਾਣਕਾਰੀ ਉਸਦੀ ਮਿੰਨੀ ਕਹਾਣੀ ਦੇ ਨਾਲ ਹੀ ਦੇ ਦਿੱਤੀ ਗਈ ਹੈ। ਤਤਕਰਾ ਵਿੱਚ ਲੇਖਕ ਦਾ ਨਾਂ ਅੰਗਰੇਜ਼ੀ ਵਿੱਚ ਵੀ ਲਿਖਿਆ ਗਿਆ ਹੈ। ਜੇਕਰ ਲੇਖਕ ਦੀ ਤਸਵੀਰ ਵੀ ਪ੍ਰਕਾਸ਼ਿਤ ਕਰ ਦਿੱਤੀ ਜਾਂਦੀ ਤਾਂ ਸੋਨੇ ਤੇ ਸੁਹਾਗਾ ਹੋਣਾ ਸੀ। ਬੇਬੀ ਕਾਰਫਰਮਾ ਵੱਲੋਂ ਕੀਤੇ ਇਸ ਬਿਖਮ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਅਜਿਹੇ ਕੰਮ ਇਕੱਲੇ-ਦੁਕੱਲੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇ ਥੋੜ੍ਹੀ- ਬਹੁਤ ਉਕਾਈ ਰਹਿ ਜਾਂਦੀ ਹੈ। ਮੈਨੂੰ ਉਮੀਦ ਹੈ ਕਿ ਬੇਬੀ ਕਾਰਫਰਮਾ ਸਾਹਿਤ ਅਤੇ ਅਨੁਵਾਦ ਦੀਆਂ ਗਤੀਵਿਧੀਆਂ ਨੂੰ ਇਸੇ ਪ੍ਰਕਾਰ ਜਾਰੀ ਰੱਖੇਗੀ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015