27 July 2024

ਪਰਵਾਸੀ ਕਹਾਣੀ ਦੀ ਝਲਕ : ਪੰਜ ਪਰਵਾਸੀ ਕਹਾਣੀਕਾਰ—ਰਵਿੰਦਰ ਸਿੰਘ ਸੋਢੀ

ਪਰਵਾਸੀ ਸਾਹਿਤ ਦੀ ਗੱਲ ਹੁਣ ਨਿੱਠ ਕੇ ਹੋ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪਰਵਾਸੀ ਪੰਜਾਬੀ ਸਾਹਿਤਕਾਰ ਹੁਣ ਸਾਹਿਤ ਰਚਨਾ ਨੂੰ ਦਿਲ ਪਰਚਾਵੇ ਦੇ ਤੌਰ ਤੇ ਨਾ ਲੈ ਕੇ ਦਿਲ ਦੇ ਅੰਦਰੂਨੀ ਵਲਵਲਿਆਂ ਦੇ ਪ੍ਰਗਟਾ ਦੇ ਮਾਧਿਅਮ ਵੱਜੋਂ ਲੈ ਰਹੇ ਹਨ। ਕਈ ਸਾਹਿਤਕਾਰਾਂ ਨੇ ਵਿਦੇਸ਼ੀ ਸਾਹਿਤ ਦਾ ਅਧਿਐਨ ਵੀ ਕੀਤਾ ਹੈ, ਜਿਸ ਨਾਲ ਉਹਨਾਂ ਦਾ ਸਾਹਿਤਕ ਗਿਆਨ ਮੋਕਲਾ ਹੋਇਆ ਹੈ। ਉਹਨਾਂ ਵਿਚੋਂ ਕੁਝ ਨੇ ਪੱਛਮੀ ਸਾਹਿਤ ਦੇ ਪ੍ਰਭਾਵ ਨੂੰ ਅਚੇਤ ਜਾਂ ਸੁਚੇਤ ਤੌਰ ਤੇ ਗ੍ਰਹਿਣ ਵੀ ਕੀਤਾ ਹੈ। ਅਜੋਕੇ ਪਰਵਾਸੀ ਸਾਹਿਤਕਾਰਾਂ ਨੇ ਪਰਵਾਸ ਦੇ ਕੌੜੇ-ਮਿੱਠੇ ਤਜ਼ਰਬਿਆਂ ਨੂੰ ਆਪਣੇ ਪਿੰਡੇ ਤੇ ਹੰਡਾਉਣ ਦੇ ਨਾਲ-ਨਾਲ ਆਪਣੇ ਦੇਸ਼ ਵਿਚ ਬਿਤਾਏ ਸਮੇਂ ਨੂੰ ਵੀ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ ਹੈ। ਇਹਨਾਂ ਦੋਹਾਂ ਹਾਲਾਤ ਦੇ ਸੁਚੱਜੇ ਸੁਮੇਲ ਨੇ ਵਧੀਆ ਸਾਹਿਤਕ ਕ੍ਰਿਤਾਂ ਨੂੰ ਜਨਮ ਦਿੱਤਾ ਹੈ। ਕਵਿਤਾ ਨਾਲੋਂ ਨਾਵਲ ਅਤੇ ਕਹਾਣੀ ਰਾਹੀਂ ਇਹ ਵਧੇਰੇ ਸਾਰਥਕ ਢੰਗ ਨਾਲ ਰੂਪਮਾਨ ਹੋਇਆ ਹੈ।

ਮੇਰੇ ਸਾਹਮਣੇ ਡਾ. ਅਵਤਾਰ ਐਸ ਸੰਘਾ ਦੀ ਸੰਪਾਦਿਤ ਕੀਤੀ ਪੁਸਤਕ ‘5 ਪਰਵਾਸੀ ਕਹਾਣੀਕਾਰ’ ਪਈ ਹੈ। ਇਸ ਵਿਚ ਜਸਬੀਰ ਸਿੰਘ ਆਹਲੂਵਾਲੀਆ(ਆਸਟਰੇਲੀਆ), ਨਿਰਮਲ ਸਿੰਘ ਕੰਧਾਲਵੀ(ਬਰਤਾਨੀਆ), ਬਲਵੰਤ ਸਿੰਘ ਗਿੱਲ(ਬਰਤਾਨੀਆ), ਜਸਵਿੰਦਰ ਸਿੰਘ ਰੱਤੀਆਂ(ਬਰਤਾਨੀਆ) ਅਤੇ ਅਵਤਾਰ ਐਸ ਸੰਘਾ(ਆਸਟਰੇਲੀਆ) ਦੀਆਂ 32 ਕਹਾਣੀਆਂ ਦਰਜ ਹਨ। ਇਹਨਾਂ ਪੰਜਾਂ ਨਾਵਾਂ ਵਿਚੋਂ ਜਸਵਿੰਦਰ ਹੀ ਮੇਰੇ ਲਈ ਨਵਾਂ ਨਾਂ ਹੈ, ਬਾਕੀ ਕਹਾਣੀਕਾਰਾਂ ਨੂੰ ਮੈਂ ਪਹਿਲਾਂ ਪੜ੍ਹਿਆ ਹੋਇਆ ਹੈ। ਅਸਲ ਵਿਚ ਇਹਨਾਂ ਚਾਰ ਕਹਾਣੀਕਾਰਾਂ ਅਤੇ ਕੁਝ ਹੋਰ ਪਰਵਾਸੀ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਇਕ ਕਿਤਾਬ ‘ਪਰਵਾਸੀ ਕਲਮਾਂ’ ਮੈਂ ਸੰਪਾਦਿਤ ਕਰ ਚੁੱਕਿਆ ਹਾਂ।

ਪ੍ਰਸਤੁਤ ਪੁਸਤਕ ਦੇ ਪਾਠ ਦੇ ਦੌਰਾਨ ਮੈਂ ਮਹਿਸੂਸ ਕੀਤਾ ਹੈ ਕਿ ਸਾਰੇ ਹੀ ਕਹਾਣੀਕਾਰਾਂ ਨੇ ਆਪਣੇ ਪਰਵਾਸੀ ਜੀਵਨ ਨਾਲ ਸੰਬੰਧਤ ਹਾਲਾਤ ਦੇ ਨਾਲ-ਨਾਲ ਪਰਵਾਸ ਤੋਂ ਪਹਿਲਾਂ ਦਾ ਹਾਲਾਤ ਨੂੰ ਭਲੀ ਭਾਂਤ ਪੇਸ਼ ਕੀਤਾ ਹੈ। ਇਹੋ ਨਹੀਂ, ਉਹਨਾਂ ਨੇ ਆਪਣੇ ਦੇਸ਼ ਦੇ ਮੌਜੂਦਾ ਹਾਲਾਤ ਨੂੰ ਵੀ ਸਫਲਤਾ ਨਾਲ ਪ੍ਰਗਟਾਇਆ ਹੈ। ਇਸ ਤਰਾਂ ਇਹ ਕਹਾਣੀ ਸੰਗ੍ਰਿਹ ਪਰਵਾਸੀ ਜੀਵਨ ਅਤੇ ਆਪਣੇ ਮੂਲ ਦੇਸ਼ ਦੇ ਹਾਲਾਤ ਦਾ ਸ਼ੀਸ਼ਾ ਕਿਹਾ ਜਾ ਸਕਦਾ ਹੈ।

ਇਸ ਪੁਸਤਕ ਦਾ ਸੰਪਾਦਕ ਪੰਜਾਬੀ ਅਤੇ ਅੰਗਰੇਜੀ ਦਾ ਲੇਖਕ ਹੈ। ਉਸ ਦੀਆਂ ਵਾਰਤਕ, ਕਹਾਣੀ ਸੰਗ੍ਰਿਹ ਅਤੇ ਨਾਵਲ ਪਾਠਕਾਂ ਦੇ ਸਨਮੁੱਖ ਹੋ ਚੁੱਕੇ ਹਨ। ਅੰਗਰੇਜੀ ਦੀਆਂ ਕਹਾਣੀਆਂ ਦੀ ਕਿਤਾਬ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਅੱਜ-ਕੱਲ੍ਹ ਸਿਡਨੀ(ਆਸਟਰੇਲੀਆ) ਤੋਂ ਪੰਜਾਬੀ-ਅੰਗਰੇਜੀ ਦਾ ਮਹੀਨਾਵਾਰ ਅਖ਼ਬਾਰ ਵੀ ਕੱਢਦਾ ਹੈ। ਜਸਬੀਰ ਸਿੰਘ ਆਹਲੂਵਾਲੀਆ ਲੰਬੇ ਸਮੇਂ ਤੋਂ ਰੰਗ ਮੰਚ ਨਾਲ ਜੁੜਿਆ ਹੋਇਆ ਹੈ। ਉਹ ਨਾਟਕ ਲਿਖਦਾ ਵੀ ਹੈ, ਮੰਚ ਕਲਾਕਾਰ ਵੀ ਹੈ ਅਤੇ ਬਤੌਰ ਨਿਰਦੇਸ਼ਕ ਵੀ ਸਲਾਹੁਣਯੋਗ ਕੰਮ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਉਹ ਸੁਚੱਜਾ ਕਹਾਣੀਕਾਰ ਵੀ ਹੈ। ਆਪਣੀਆਂ ਸਾਹਿਤਕ ਗਤੀਵਿਧੀਆਂ ਨੂੰ ਉਹ ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ, ਮਹਾਨ ਫਿਲਮ ਅਦਾਕਾਰ ਬਲਰਾਜ ਸਾਹਨੀ, ਪ੍ਰਸਿੱਧ ਨਾਟਕਕਾਰ ਗੁਰਦਿਆਲ ਸਿੰਘ ਫੁੱਲ ਅਤੇ ਰੰਗਕਰਮੀ ਗੁਰਸ਼ਰਨ ਸਿੰਘ ਭਾਅ ਜੀ ਦੀ ਦੇਣ ਮੰਨਦਾ ਹੈ। ਨਿਰਮਲ ਸਿੰਘ ਕੰਧਾਲਵੀ ਨੇ ਪਰਵਾਸੀ ਜੀਵਨ ਦੌਰਾਨ ਸਖ਼ਤ ਘਾਲਣਾ ਘਾਲ ਕੇ ਜੀਵਨ ਵਿਚ ਸਫਲਤਾ ਪ੍ਰਾਪਤ ਕੀਤੀ। ਅੱਜ-ਕੱਲ੍ਹ ਉਹ ਬਰਤਾਨੀਆ ਦੇ ਵੱਖ-ਵੱਖ ਪੰਜਾਬੀ ਪਰਚਿਆਂ ਲਈ ਲਗਾਤਾਰ ਲਿਖ ਰਿਹਾ ਹੈ। ਇਸੇ ਤਰਾਂ ਬਲਵੰਤ ਸਿੰਘ ਗਿੱਲ ਨੇ ਵੀ ਪਰਵਾਸੀ ਜੀਵਨ ਵਿਚ ਇੱਟਾਂ ਦੇ ਭੱਠੇ ਤੋਂ ਲੈ ਕੇ ਟਾਊਨ ਕੌਂਸਲਰ ਅਤੇ ਬਾਅਦ ਵਿਚ ਮੇਅਰ ਬਣਨ ਤੱਕ ਦਾ ਸਫਰ ਤਹਿ ਕੀਤਾ। ‘ਵਲਾਇਤੀ ਵਾਂਢਾ ਅਤੇ ਹੋਰ ਕਹਾਣੀਆਂ’ ਉਸ ਦਾ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕਿਆ ਹੈ। ਉਸ ਦੀਆਂ ਕਹਾਣੀਆਂ ਵਿਚ ਪਰਵਾਸੀ ਸਮੱਸਿਆਵਾਂ ਦੇ ਨਾਲ-ਨਾਲ ਭਾਰਤ ਦੇ ਹਾਲਾਤ ਦੀ ਯਥਾਰਥਿਕ ਝਲਕ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਜਸਵਿੰਦਰ ਰੱਤੀਆਂ ਨੂੰ 1984 ਵਿਚ ਮਜਬੂਰਨ ਪਰਵਾਸ ਕਰਨਾ ਪਿਆ। ਆਸਟਰੀਆ ਪਹੁੰਚ ਕੇ ਉਹ ਬਹੁਤਾ ਖੁਸ਼ ਨਾ ਹੋਇਆ, ਪਰ ਇੰਗਲੈਂਡ ਪਹੁੰਚ ਕੇ ਉਹ ਆਪਣੇ-ਆਪ ਨੂੰ ਨਵੇਂ ਹਾਲਾਤ ਅਨੁਸਾਰ ਢਾਲਣ ਵਿਚ ਸਫਲ ਹੋਇਆ। ਉਸ ਨੇ ਆਪਣੀਆਂ ਕਹਾਣੀਆਂ ਵਿਚ ਪੰਜਾਬ ਦੀਆਂ ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਦੇ ਨਾਲ-ਨਾਲ ਪਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਵੀ ਪੇਸ਼ ਕਰਨ ਦਾ ਸਫਲ ਉਪਰਾਲਾ ਕੀਤਾ ਹੈ।

ਜਸਬੀਰ ਸਿੰਘ ਆਹਲੂਵਾਲੀਆ ਦੀਆਂ ਪੰਜ ਕਹਾਣੀਆਂ ਵਿਚੋਂ ‘ਮੈਂ ਅਤੇ ਮਿਸਿਜ ਸੰਧੂ’ ਭਾਵੇਂ ਬਾਹਰੀ ਤੌਰ ਤੇ ਮਰਦ-ਔਰਤ ਦੀ ਦੋਸਤੀ ਦੀ ਕਹਾਣੀ ਹੈ, ਪਰ ਜੇ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਕਹਾਣੀ ਦੇ ਦੋਹਾਂ ਪਾਤਰਾਂ ਦੀ ਆਪਸੀ ਦੋਸਤੀ ਕਿਸੇ ਰਿਸ਼ਤੇ ਦੀ ਕੈਦ ਦੀ ਸੌੜੀ ਵਲਗਣ ਵਿਚ ਕੈਦ ਨਹੀਂ ਹੁੰਦੀ ਬਲਕਿ ਦੋ ਸਿਆਣੀ ਉਮਰ ਦੇ ਇਨਸਾਨਾਂ ਦੀ (ਜੋ ਆਪਣਾ-ਆਪਣਾ ਜੀਵਨ ਸਾਥੀ ਖੋ ਚੁੱਕੇ ਹਨ) ਇਕ ਦੂਜੇ ਦੀ ਸੰਗਤ ਵਿਚ ਸਮਾਂ ਪਾਸ ਕਰਨ ਦੇ ਹਾਲਾਤ ਨੂੰ ਬਿਆਨ ਕਰਦੀ ਹੈ। ਪਾਠਕ ਕਹਾਣੀ ਪੜ੍ਹਦੇ ਹੋਏ ਭਾਵੁਕ ਵੀ ਹੁੰਦਾ ਹੈ ਅਤੇ ਮਿਸਿਜ ਸੰਧੂ ਅਤੇ ਮੈਂ(ਕਹਾਣੀ ਦੇ ਮੁੱਖ ਪਾਤਰ) ਤੋਂ ਪ੍ਰਭਾਵਿਤ ਵੀ ਹੁੰਦਾ ਹੈ। ਨਾਇਕ ਨੂੰ ਜਦੋਂ ਮਿਸਿਜ ਸੰਧੂ ਦਾ ਟੈਲੀਫ਼ੋਨ ਤੇ ਸ਼ਾਮ ਨੂੰ ਡਿਨਰ ਦਾ ਸੱਦਾ ਮਿਲਦਾ ਹੈ ਤਾਂ ਨਾਇਕ ਦਾ ਆਪਣੀ ਵਿਛੜ ਚੁੱਕੀ ਪਤਨੀ ਦੀ ਫ਼ੋਟੋ ਸਾਹਮਣੇ ਖੜੇ ਹੋ ਕੇ ਇਹ ਕਹਿਣਾ ,”ਦੋਸਤੀ ਕੀਤੀ ਹੈ, ਨਿਭਾਉਣੀ ਤਾਂ ਪਵੇਗੀ।‘ ਕਹਾਣੀ ਨੂੰ ਸਿਖਰ ਤੇ ਪਹੁੰਚਾਉਂਦਾ ਹੈ ਅਤੇ ਪਾਠਕਾਂ ਨੂੰ ਅਚੰਭਤ ਵੀ ਕਰਦਾ ਹੈ। ‘ਹਵਾਈ ਫ਼ਾਇਰ’ ਕਹਾਣੀ ਉਸ ਨਾਲ ਆਪ ਬੀਤੀ ਘਟਨਾ ਤੇ ਅਧਾਰਿਤ ਹੈ, ਜਿਸ ਵਿਚ ਇਹ ਦਰਸਾਇਆ ਗਿਆ ਹੈ ਕਿ ਕਈ ਵਾਰ ਭੁਲੇਖੇ ਦਾ ਸ਼ਿਕਾਰ ਹੋ ਕੇ ਪੁਲਿਸ ਵਾਲੇ ਵੀ ਕਿਸੇ ਨੂੰ ਦੋਸ਼ੀ ਮੰਨ ਲੈਂਦੇ ਹਨ। ਉਹਨਾਂ ਦੀ ਇਕ ਹੋਰ ਕਹਾਣੀ ‘ਇਸ਼ਾਰਾ’ ਵੀ ਵਧੀਆ ਕਹਾਣੀ ਹੈ। ਉਸ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੁੰਦੇ ਹਨ।

ਨਿਰਮਲ ਸਿੰਘ ਕੰਧਾਲਵੀ ਦੀਆਂ ਸੱਤ ਕਹਾਣੀਆਂ ਭਾਵੇਂ ਆਕਾਰ ਪੱਖੋਂ ਛੋਟੀਆਂ ਹਨ, ਪਰ ਪਰਭਾਵ ਪੱਖੋਂ ਵਧੀਆ ਹਨ। ‘ਰੇਸ ਦਾ ਘੋੜਾ’ ਇਕ ਬਹੁਤ ਹੀ ਭਾਵਪੂਰਤ ਕਹਾਣੀ ਹੈ। ‘ਮੁਕਤੀ’ ਕਹਾਣੀ ਵਿਚ ਪਰਵਾਸੀਆਂ ਦੀਆਂ ਆਪਣੇ ਦੇਸ਼ ਵਿਚ ਜ਼ਮੀਨ-ਜਾਇਦਾਦ ਸੰਬੰਧੀ ਸਮੱਸਿਆਵਾਂ ਨੂੰ ਲੇਖਕ ਨੇ ਸੰਖੇਪ, ਪਰ ਯਥਾਰਥਿਕ ਢੰਗ ਨਾਲ ਪ੍ਰਗਟਾਇਆ ਹੈ। ‘ਕਬੂਤਰਬਾਜ਼’ ਕਹਾਣੀ ਵਿਚ ਅਖੌਤੀ ਬਾਬਿਆਂ ਦੇ ਮੱਕੜ ਜਾਲ ਨੂੰ ਜਿਥੇ ਵਧੀਆ ਢੰਗ ਨਾਲ ਪੇਸ਼ ਕੀਤਾ ਹੈ, ਉਥੇ ਹੀ ਵਿਦੇਸ਼ਾਂ ਵਿਚ ਬੈਠੇ ਅਜਿਹੇ ਬਾਬਿਆਂ ਦੇ ਪੜ੍ਹੇ ਲਿਖੇ ਅੰਨ੍ਹੇ ਭਗਤਾਂ ਤੇ ਵੀ ਵਿਅੰਗ ਕੀਤਾ ਹੈ। ਵੱਡੀ ਗੱਲ ਨੂੰ ਸੰਖੇਪ ਢੰਗ ਨਾਲ ਪੇਸ਼ ਕਰਨ ਲਈ ਕੰਧਾਲਵੀ ਵਧਾਈ ਦਾ ਹੱਕਦਾਰ ਹੈ।

ਬਲਵੰਤ ਸਿੰਘ ਗਿੱਲ ਦੀਆਂ ਕਹਾਣੀਆਂ ਦੀ ਵਿਸ਼ੇਸ਼ਤਾ ਇਸ ਵਿਚ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਪਾਠਕਾਂ ਨੂੰ ਕੋਈ ਸੁਨੇਹਾ ਤਾਂ ਜਰੂਰ ਦਿੰਦਾ ਹੈ, ਪਰ ਲੁਕਵੇਂ ਢੰਗ ਨਾਲ। ਪਾਠਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਮਿੱਠੇ ਵਿਚ ਲਿਪਟੀ ਕੌੜੀ ਦਵਾਈ ਉਹਨਾਂ ਦੇ ਅੰਦਰ ਲੰਘ ਗਈ। ‘ਨਾ ਆਰ ਦੇ ਨਾ ਪਾਰ ਦੇ’ ਕਹਾਣੀ ਵਿਚ ਪ੍ਰਦੇਸ਼ ਵਿਚ ਪਹੁੰਚ ਕੇ ਵੀ ਪੰਜਾਬੀ ਵਿਦਿਆਰਥੀਆਂ ਦੇ ਖਰੂਦ ਪਾਉਣ ਨੂੰ ਜਿਥੇ ਭੰਡਿਆ ਹੈਂ ਉਥੇ ਹੀ ਕਈ ਵਿਦਿਆਰਥੀਆਂ ਵੱਲੋਂ ਪੈਸੇ ਦੇ ਲਾਲਚ ਵਿਚ ਨਸ਼ਿਆਂ ਦੇ ਧੰਦੇ ਵਿਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਅਤੇ ਮਾਪਿਆਂ ਦੇ ਸੁਪਨਿਆਂ ਨੂੰ ਮਿੱਟੀ ਵਿਚ ਮਿਲਦੇ ਦਿਖਾਇਆ ਗਿਆ ਹੈ। ‘ਜੈਗੂਆਰ ਕਾਰ’ ਵਿਚ ਬੱਚਿਆਂ ਵੱਲੋਂ ਆਪਣੇ ਮਾਂ-ਪਿਉ ਨੂੰ ਬੁਢਾਪੇ ਦੇ ਸਮੇਂ(ਉਹਨਾਂ ਦੀ ਸਾਰੀ ਕਮਾਈ ਆਪਣੇ ਵੱਸ ਵਿਚ ਕਰਨ ਤੋਂ ਬਾਅਦ)ਕਿਵੇਂ ਬੁਢਾਪਾ ਘਰਾਂ ਵਿਚ ਦਿਨ ਕੋਈ ਕਰਨ ਲਈ ਛੱਡ ਦਿੱਤਾ ਜਾਂਦਾ ਹੈ, ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ। ਬੁੱਢੀ ਮਾਂ ਦੀ ਲਾਚਾਰੀ ਪਾਠਕਾਂ ਨੂੰ ਆਪਣੇ ਵਹਾ ਵਿਚ ਵਹਾ ਕੇ ਲੈ ਜਾਂਦੀ ਹੈ।‘ਸ਼ਹੀਦਾਂ ਦੀ ਸਮਾਧ’ ਕਹਾਣੀ ਵੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਵਹਿਮਾਂ ਭਰਮਾਂ ਦੀ ਰੁਚੀ ਤੇ ਵਿਅੰਗ ਕਰਦੀ ਹੈ। ਬਲਵੰਤ ਆਪਣੀਆਂ ਕਹਾਣੀਆਂ ਦੇ ਭਾਸ਼ਾ ਪੱਖ ਤੇ ਵਿਸ਼ੇਸ਼ ਧਿਆਨ ਦਿੰਦਾ ਹੈ।

ਜਸਵਿੰਦਰ ਰੱਤੀਆਂ ਦੀ ਕਹਾਣੀ ‘ਨਵਾਂ ਸਥਾਨ’ ਕਿਸਾਨੀ ਮੋਰਚੇ ਦੇ ਸਮੇਂ ਦੀ ਕਹਾਣੀ ਹੈ। ਕਹਾਣੀ ਵਿਚ ਪੇਸ਼ ਕੀਤਾ ਹਾਸ- ਵਿਅੰਗ, ਪਿੰਡਾਂ ਵਿਚ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਤਕਰਾਰ ਹੋ ਜਾਣੇ, ਸਮਾਂ ਪਾ ਕੇ ਮਾਹੌਲ ਪਹਿਲਾਂ ਵਰਗਾ ਹੋ ਜਾਣਾ ਆਦਿ ਦਾ ਬਿਆਨ ਕਹਾਣੀ ਨੂੰ ਦਿਲਚਸਪ ਬਣਾਉਂਦਾ ਹੈ। ਕਹਾਣੀ ਦੀ ਭਾਸ਼ਾ ਵਧੀਆ ਹੈ। ‘ਸਵਰਗ-ਵਾਸੀ’ ਵਿਚ ਇੰਗਲੈਂਡ ਅਤੇ ਪੰਜਾਬ ਦੇ ਪਿੰਡਾ ਦੇ ਲੋਕਾਂ ਦੀ ਸੋਚ(ਜੀਵਨ ਸਾਥੀ ਦੇ ਤੁਰ ਜਾਣ ਬਾਅਦ ਕਾਮ ਸੰਬੰਧ ਦੀ ਪੂਰਤੀ ਪ੍ਰਤੀ)ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ‘ਫਾਹਾ’ ਕਹਾਣੀ ਦੇ ਅੰਤ ਵਿਚ ਇਹ ਵਾਕ ,”ਸਵੇਰ ਨੂੰ ਫੇਰ ਉਠਾਂਗਾ। ਆਪਣੀ ਲਾਸ਼ ਚੱਕਾਂਗਾ, ਕੰਮ ਕਰਾਂਗਾ। ਫਿਰ ਇਸ ਲਾਸ਼ ਨੂੰ ਇਥੇ ਲਿਆ ਕੇ ਸੋਚਾਂ ਦੀ ਸੂਲੀ ‘ਤੇ ਟੰਗ ਦਿਆਂਗਾ।” ਕਹਾਣੀ ਨੂੰ ਸਿਖਰ ਵੱਲ ਲੈ ਜਾਂਦਾ ਹੈ। ਉਸ ਤੋਂ ਹੋਰ ਕਲਾਤਮਕ ਕਹਾਣੀਆਂ ਦੀ ਆਸ ਰੱਖੀ ਜਾ ਸਕਦੀ ਹੈ।

ਪ੍ਰਸਤੁਤ ਪੁਸਤਕ ਦਾ ਸੰਪਾਦਕ ਅਵਤਾਰ ਐਸ ਸੰਘਾ ਸਾਹਿਤ ਦੇ ਖੇਤਰ ਦਾ ਤਜ਼ਰਬੇਕਾਰ ਹਸਤਾਖਰ ਹੈ। ਅੰਗਰੇਜੀ ਸਾਹਿਤ ਵਿਚ ਡਾਕਟਰੇਟ ਹੋਣ ਕਾਰਨ ਉਹ ਆਪਣੀਆਂ ਕਹਾਣੀਆਂ ਲਿਖਣ ਵੇਲੇ ਕਹਾਣੀ ਦੇ ਤਕਨੀਕੀ ਪੱਖਾਂ ਦਾ ਵਿਸ਼ੇਸ਼ ਧਿਆਨ ਰੱਖਦਾ ਹੈ। ਦੁਆਬੇ ਦੇ ਪਿੰਡ ਦਾ ਜੰਮ ਪਲ ਹੋਣ ਕਰਕੇ ਉਸਦੇ ਪੇਂਡੂ ਪਾਤਰ ਦੁਆਬੀ ਉਪ-ਭਾਖਾ ਦੀ ਸਹੀ ਵਰਤੋਂ ਕਰਦੇ ਹਨ। ਉਸ ਨੇ ਆਪਣੀ ਉੱਚ ਪੜ੍ਹਾਈ ਕਿਉਂ ਜੋ ਚੰਡੀਗੜ੍ਹ ਰਹਿ ਕੇ ਪੂਰੀ ਕੀਤੀ ਹੈ, ਇਸ ਲਈ ਉਸ ਨੂੰ ਸ਼ਹਿਰਾਂ ਦੀ ਬੋਲੀ ਦਾ ਵੀ ਭਲੀ-ਭਾਂਤ ਪਤਾ ਸੈ। ਭਾਸ਼ਾ ਦੇ ਪੱਖੋਂ ਉਸ ਦੀਆਂ ਸਾਰੀਆਂ ਹੀ ਕਹਾਣੀਆਂ ਵਧੀਆ ਹਨ। ‘ਆਫਟਰ ਆਲ, ਭਾਰਤੀ ਨਾਰੀ ਹਾਂ’ ਕਹਾਣੀ ਵਿਚ ਪ੍ਰਸ਼ੋਤਮ ਅਤੇ ਕਾਂਤਾ ਦੇ ਪਾਤਰ ਉਘੜਵੇਂ ਰੂਪ ਵਿਚ ਸਾਹਮਣੇ ਆਉਂਦੇ ਹਨ। ਕਾਂਤਾ ਇਕ ਬਹੁਤ ਹੀ ਸੁਲਝੀ ਹੋਈ ਔਰਤ ਦੇ ਰੂਪ ਵਿਚ ਪੇਸ਼ ਕੀਤੀ ਗਈ ਹੈ। ਭਾਵੇਂ ਉਹ ਪ੍ਰਸ਼ੋਤਮ ਨੂੰ ਦਿਲੋਂ ਚਾਹੁੰਦੀ ਹੈ, ਪਰ ਉਲਾਰ ਨਹੀਂ ਹੁੰਦੀ। ਉਹ, ਪ੍ਰਸ਼ੋਤਮ ਨੂੰ ਚੰਗੀ ਤਰਾਂ ਪਰਖਦੀ ਹੈ ਅਤੇ ਉਸ ਤੋਂ ਇਕ ਫਾਸਲਾ ਵੀ ਬਣਾ ਕੇ ਰੱਖਦੀ ਹੈ ਤਾਂ ਜੋ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਨਾ ਆ ਜਾਣ। ਇਸੇ ਲਈ ਉਹ ਪ੍ਰਸ਼ੋਤਮ ਨੂੰ ਕਹਿੰਦੀ ਹੈ, “ਤੁਸੀਂ ਮੈਨੂੰ ਗਲਤ ਨਾ ਸਮਝੀ ਜਾਈਓ। ਮੈਂ ਤੁਹਾਡੇ ਨਾਲ ਕਿਤੇ ਵੀ ਘੁੰਮਣ ਜਾ ਸਕਦੀ ਹਾਂ—–। ਉਹ ਪ੍ਰਸ਼ੋਤਮ ਨਾਲ ਪਿਆਰ ਵਿਚ ਅੱਗੇ ਵਧਣ ਤੋਂ ਪਹਿਲਾਂ ਉਸ ਅੱਗੇ ਆਪਣੀਆਂ ਸ਼ਰਤਾਂ ਵੀ ਰੱਖਦੀ ਹੈ। ‘ਬਾਕੀ ਗੱਲਾਂ ਸ਼ਾਮ ਨੂੰ ਸਹੀ’ ਕਹਾਣੀ ਵਿਚ ਵੀ ਪਹਿਲੇ ਵਾਲੀ ਕਹਾਣੀ ਦੇ ਵਿਸ਼ੇ ਨੂੰ ਅੱਗੇ ਤੋਰਦੀ ਹੈ। ‘ਰਿਸ਼ਤਾ ਹੋਰ ਵੀ ਬੇਜੋੜ ਲੱਗ ਪਿਆ’ ਕਹਾਣੀ ਵਿਚ ਬਾਹਰ ਜਾਣ ਦੇ ਚੱਕਰਾਂ ਵਿੱਚ ਬਿਨਾਂ ਜਾਂਚ-ਪੜਤਾਲ ਤੋਂ ਕੀਤੇ ਗਏ ਵਿਆਹਵਾਂ ਦਾ ਜੋ ਦੁਖਾਂਤਕ ਅੰਤ ਵਾਪਰਦਾ ਹੈ, ਉਹ ਰੋਚਕ ਢੰਗ ਨਾਲ ਪੇਸ਼ ਕੀਤਾ ਹੈ।
ਸਾਰੀ ਪੁਸਤਕ ਪੜ੍ਹਨ ਉਪਰੰਤ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਪਰਵਾਸੀ ਪੰਜਾਬੀ ਕਹਾਣੀ ਦੇ ਕਈ ਰੰਗ ਨਜ਼ਰ ਆਉਂਦੇ ਹਨ।
***
ਰਵਿੰਦਰ ਸਿੰਘ ਸੋਢੀ
Ravindersodhi51@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
1002
***