9 October 2024

ਨੀਲੂ ਜਰਮਨੀ ਦੀ ‘ਪਰਛਾਵਿਆਂ ਦੀ ਡਾਰ’—ਮਨ ਮਾਨ (ਕੋਟ ਕਪੂਰਾ)

ਨੀਲੂ ਬਾਰੇ ਗੱਲ ਕਰਦਿਆਂ ਉਸ ਦੇ ਨਾਮ ਵਿਚ ਕਿੰਨੇਂ ਹੀ ਸ਼ਬਦਾਂ ਅਤੇ ਅਰਥਾਂ ਦਾ ਸਮਾਵੇਸ਼ ਨਜ਼ਰ ਆਉਂਦਾ ਹੈ। ਇਤਿਹਾਸ ਪੜ੍ਹਦਿਆਂ ਮਿਸਰ ਦੀ ਨੀਲ ਨਦੀ ਦਾ ਜ਼ਿਕਰ ਕਈ ਵਾਰ ਆਉਂਦਾ ਰਿਹੈ। ਮੇਰੇ ਅੱਲੜ੍ਹਪੁਣੇ ਦੀ ਇੱਕ ਯਾਦ ਵੀ ਇਸ ਇਤਿਹਾਸ ਨਾਲ ਜੁੜੀ ਹੈ। ਜਿਸ ਦਾ ਚੇਤਾ ਆਉਂਦਿਆਂ ਹੀ ਮਨ ਵਿਚ ਖੁਸ਼ੀ ਅਤੇ ਖ਼ੁਦ ਉੱਤੇ ਕਈ ਵਾਰ ਗ਼ੁਮਾਨ ਜਿਹਾ ਵੀ ਹੁੰਦਾ ਹੈ। ਖ਼ੈਰ ਅੱਜ ਗੱਲ ਨੀਲੂ ਦੀ ਕਰਾਂਗੇ। ਨੀਲੂ,ਨੀਲ, ਨਦੀ ਇਹ ਸਾਰੇ ਸ਼ਬਦ ਆਪਸ ਵਿੱਚ ਸਮਤੋਲ ਬਣਾਈ ਦਿਸਦੇ ਨੇ।

ਨੀਲ ਰੰਗ ਨੇ ਪੂਰੇ ਅੰਬਰ ਉੱਤੇ ਆਪਣੇ ਰੰਗ ਦਾ ਝੰਡਾ ਲਹਿਰਾਇਆ ਹੋਇਆ ਹੈ। ਤਿਰਕਾਲਾਂ ਵੇਲੇ ਛਿਪਦਾ ਸੂਰਜ ਜਦੋਂ ਅੰਬਰ ਉੱਤੇ ਆਪਣਾ ਰੰਗ ਮਲਦਾ, ਇਸ ਦੇ ਵਜੂਦ ਨੂੰ ਕਿਰਮਚੀ ਕਰਦਾ ਹੈ ਤਾਂ ਨੀਲੂ ਇਸ ਸੋਹਣੇ ਦ੍ਰਿਸ਼ ਵਿੱਚੋਂ ਆਪਣੀ ਸ਼ਾਇਰੀ ਲਈ ਅਹਿਸਾਸ ਦੇ ਫੁੱਲ, ਇੱਕ ਮਾਲਣ ਵਾਂਗੂੰ ਚੁਗਦੀ ਪ੍ਰਤੀਤ ਹੁੰਦੀ ਹੈ। ਕਦੇ ਨੀਲੂ,ਨਦੀ ਹੋਈ ਆਪਣੀ ਰਵਾਨੀ ਸੰਗ ਕਿੰਨੇ ਭਾਵ, ਜਜ਼ਬਾਤ,ਜੀਵਨ ਦੀ ਰਵਾਨੀ ਕਿੰਨਾ ਕੁਝ ਆਪਣੇ ਕਲਾਵੇ ਸਮੇਟਦੀ, ਆਪਣੇ ਹੀ ਵਜੂਦ ਦੀ ਭੰਨ ਤੋੜ ਨੂੰ ਸ਼ਾਇਰੀ ਦੇ ਸਾਗਰ ਨੂੰ ਸਮਰਪਿਤ ਕਰ ਦਿੰਦੀ ਹੈ। ਨੀਲੂ ਅਤੇ ਸ਼ਾਇਰੀ ਇੱਕ ਦੂਜੇ ਦੇ ਪੂਰਕ ਨੇ।ਨੀਲੂ ਨੂੰ ਜਜ਼ਬਾਤ ਦੇ ਰੰਗ ਫੜਨੇ ਅਤੇ ਫਿਰ ਉਹਨਾਂ ਹੀ ਖ਼ਿਆਲਾਂ ਉੱਤੇ ਸ਼ਬਦਾਂ ਦੀ ਬਾਕਮਾਲ ਮੀਨਾਕਾਰੀ ਕਰਨ ਦਾ ਹੁਨਰ ਹਾਸਿਲ ਹੈ।

ਨੀਲੂ ਦੀ ਸ਼ਾਇਰੀ ਪਹਿਲੀ ਨਜ਼ਰੇ ਸਮਾਜਿਕ,ਆਰਥਿਕ , ਮਾਨਸਿਕ ਦਵੰਦਾਂ ਅਤੇ ਕਥਾ ਕਹਾਣੀਆਂ ਦਾ ਜ਼ਿਕਰ ਕਰਦੀ ਨਜ਼ਰ ਆਉਂਦੀ ਹੈ । ਪਰ ਘੋਖਵੀਂ ਨਜ਼ਰ ਨਾਲ ਵੇਖਿਆ ਨੀਲੂ ਕਿਸੇ ਰਿਸ਼ੀ ਵਾਂਗ ਆਪਣੇ ਅੰਤਰ ਦੀ ਤਲਾਸ਼ ਵੱਲ ਤੁਰਦੀ ਦਿਖਾਈ ਦਿੰਦੀ ਹੈ। ਖ਼ਿਆਲ,ਮੋਹ ਅਤੇ ਅੰਤਰ ਯਾਤਰਾ ਦਾ ਇਹ ਪੜਾਅ ਵਿਰਲਿਆਂ ਨੂੰ ਨਸੀਬ ਹੁੰਦਾ ਹੈ।ਇਸ ਅਵਸਥਾ ਤੀਕ ਪਹੁੰਚਣ ਲਈ ਰਿਸ਼ੀ ਤਪ ਕਰਦੇ,ਘਰ ਬਾਰ ਤਿਆਗਦੇ ਜੰਗਲਾਂ ਵੱਲ ਨੂੰ ਤੁਰਦੇ ਦੇਖੇ ਗਏ ਨੇ।‌ ਪਰ ਨੀਲੂ ਗੁਰਬਾਣੀ ਦੇ ਅਰਥਾਂ  ‘ ਅੰਜਨੁ ਮਾਹਿ ਨਿਰੰਜਨੁ ਰਹੀਏ ‘ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਕਰ ਚੁੱਕੀ ਹੈ। ਉਹ ਜੀਵਨ ਦਾ ਹਰ ਧਰਮ ਨਿਭਾਉਂਦੀ, ਸ਼ਾਇਰੀ ਦਾ ਤਪੋ ਸਥਾਨ ਵੀ ਇਸੇ ਮਾਰਗ ਵਿੱਚੋਂ ਟੋਲਦੀ ਹੈ। ਇਸ ਅਵਸਥਾ ਤੀਕ ਪਹੁੰਚ ਕੇ ਵੀ ਕਦੇ ਕਦਾਈਂ ਨੀਲੂ ਦੇ ਅੰਦਰ ਦੀ ਬਾਲੜੀ ਕਿਲਕਾਰੀ ਮਾਰ ਉੱਠਦੀ ਹੈ। ਉਹ ਚਿੜੀਆਂ ਵਾਂਗੂੰ ਚਹਿਕਣਾ ਚਾਹੁੰਦੀ ਹੈ। Neelu Germany  ਕੋਇਲ ਵਾਂਗੂੰ ਕੂਕਦੀ ਜੀਵਨ ਦੇ ਜੰਗਲ ਵਿੱਚੋਂ ਆਪਣੀ ਹੂਕ ਨੂੰ ,ਉਸ ਪ੍ਰੀਤਮ ਪਿਆਰੇ ਦੇ ਤੀਕ, ਆਪਣੀ ਉਸ ਨਾਲ ਮਿਲਾਪ ਦੀ ਤਾਂਘ ਅਤੇ ਬਿਹਬਲਤਾ  ਪਹੁੰਚਾ ਸਕਣ ਦੇ ਸਮਰੱਥ ਹੈ। ਨੀਲੂ ਗ਼ਜ਼ਲ ਦੇ ਵਿਧੀ ਵਿਧਾਨ ਦੀ ਚੰਗੀ ਪਾਰਖੂ ਹੈ। ਇਹ ਤੋਲ , ਤੁਕਾਂਤ,ਤਕਤੀਹਾਂ ਆਦਿ ਘਰ ਬਾਰ, ਪਰਿਵਾਰ ਸੰਭਾਲਦਿਆਂ ਉਹਦੇ ਸੰਗ ਤੁਰਦੇ, ਨੀਲੂ ਦੇ ਸਾਥੀ ਬਣੇ ਰਹਿੰਦੇ ਨੇ। ਨੀਲੂ ਕਾਫੀਆ ਰਦੀਫ਼, ਬਹਿਰਾਂ, ਹਰਫ਼,ਹਰਫੇ ਰਵੀ,ਐਬ ਏ ਤਨਾਫਰ ਗ਼ਜ਼ਲ ਦੇ ਹਰ ਨਿਯਮ , ਨੁਕਤੇ ਨੂੰ ਜਿਵੇਂ ਘੋਟ ਕੇ ਪੀ ਗਈ ਹੈ। ਇਓਂ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਗ਼ਜ਼ਲ ਨੇ ਨੀਲੂ ਨੂੰ ਅਤੇ ਨੀਲੂ ਨੇ ਗ਼ਜ਼ਲ ਨੂੰ ਰੂਹ ਤੋਂ ਅਪਨਾ ਲਿਆ ਹੈ।

ਉਹ ਆਪਣੀ ਜ਼ਾਤ ( ਔਰਤ ਜ਼ਾਤ)  ਦੀ ਸਮਰੱਥਾ , ਸਮਰਪਣ ਅਤੇ ਸਬਰ ਨੂੰ ਆਪਣੇ ਸ਼ਿਅਰਾਂ ਵਿਚ ਨਿਹੋਰੇ ਨਾਲ਼ ਦਰਜ ਕਰਦੀ ਹੈ। ਜੀਵਨ ਦਾ ਜ਼ਹਿਰ, ਵਿਸ਼ਾਦ ਨੀਲੂ ਨੇ ਆਪਣੇ ਖ਼ਿਆਲਾਂ, ਸ਼ਬਦਾਂ ਵਿਚ ਨੀਲਕੰਠ ਸ਼ਿਵ ਵਾਂਗ ਧਾਰਨ ਕੀਤਾ ਹੋਇਆ ਹੈ। ਜਿਹੜਾ ਉਹਦੀ ਕਲਮ ਰਾਹੀਂ ਕਾਗਜ਼ ਉੱਤੇ ਵਹਿੰਦਿਆਂ ਆਪਣੇ ਖ਼ਿਆਲਾਂ ਅਤੇ ਸੁਹਜ ਦੇ ਮੰਥਨ ਨਾਲ ਇੱਕ ਸਰੋਂਦੀ ਅਮ੍ਰਿੰਤ ਧਾਰਾ ਬਣ ਸ਼ਿਅਰਾਂ ਵਿਚ ਵਹਿ ਰਿਹਾ ਹੈ। ਪੰਜਾਬੀ ਭਾਸ਼ਾ ਦੇ ਕਿੰਨੇ ਹੀ ਭੁੱਲੇ,ਵਿਸਰੇ ਸ਼ਬਦ ਨੀਲੂ ਦੇ ਸ਼ਿਅਰਾਂ ਦਾ ਸ਼ਿੰਗਾਰ ਹਨ। ਨੀਲੂ ਬੀਤ ਗਿਆ ਨੂੰ ਪਰਤ ਆਉਣ ਦੀ ਤਾਕੀਦ ਕਰਦੀ ਆਪਣੇ ਖ਼ਿਆਲਾਂ ਦਾ ਪਾਸਾ ਪਰਤਦੀ ਹੈ। ਪਰ ਇਓਂ ਉਲਟ ਦਿਸ਼ਾ ਵਿੱਚ ਖੜ੍ਹੇ ਹੋਣ ਨਾਲ਼ ਸੂਰਜ ਨੇ ਆਪਣੀ ਦਿਸ਼ਾ, ਦਸ਼ਾ ਨਹੀਂ ਬਦਲਣੀ ਹੁੰਦੀ। ਉਹਦੇ ਮਨ ਵਿਚ ਵਤਨ ਤੋਂ ਦੂਰੀ ਦਾ ਹੇਰਵਾ ਬੈਰਾਗ ਬਣ ਵਹਿੰਦਾ ਹੈ। 

ਗਏ ਸੀ ਜੋ ਵਿਦੇਸ਼ਾਂ ਨੂੰ ਘਰਾਂ ਦੇ ਹਾਸਿਆਂ ਖ਼ਾਤਰ
ਜਦੋਂ ਪਰਤੇ, ਦਰਾਂ ਦੇ ਰੁਦਨ ਨੇ ਹੈਰਾਨ ਕੀਤਾ ਸੀ।

ਮੁਹੱਬਤ ਸ਼ਾਇਰੀ, ਗ਼ਜ਼ਲ ਦਾ ਸਿਰਮੌਰ ਰੰਗ ਹੈ।ਜਿਸ ਨੂੰ ਬਿਆਨਣ ਲਈ ਨੀਲੂ ਕੋਲ ਨਵਾਂ ਮੁਹਾਵਰਾ ਅਤੇ ਪੰਜਾਬੀ ਦੇ ਭੁੱਲੇ ਵਿਸਰੇ, ਕਦੀ ਕਦਾਈਂ ਵਰਤੇ ਜਾਣ ਵਾਲੇ ਮਿਠਾਸ ਭਰੇ ਸ਼ਬਦਾਂ ਦਾ ਅਥਾਹ ਖ਼ਜ਼ਾਨਾ ਹੈ । ਉਹ ਜਦੋਂ ਆਪਣੇ ਰੰਗ ਵਿੱਚ ਆਈ ਇਸ ਰੰਗ ਨੂੰ ਸ਼ਬਦਾਂ ਵਿਚ ਪਰੋਂਦੀ ਹੈ ਤਾਂ ਪੜ੍ਹਨ , ਮਹਿਸੂਸ ਕਰਨ ਵਾਲੇ ਦੀ ਸੁਧ ਕਿਸੇ ਸਰਸ਼ਾਰ ਮੰਡਲ ਦੀ ਤਾਰੀ ਲਾ ਆਉਂਦੀ ਹੈ। ਕਈ ਸ਼ਿਅਰਾਂ ਵਿੱਚ ਨੀਲੂ ਰਾਧਾ ਵਾਂਗ ਝੱਲੀ ਅਤੇ ਮੀਰਾਂ ਵਾਂਗੂੰ ਬਾਵਰੀ ਨਜ਼ਰ ਆਉਂਦੀ ਹੈ:

ਸੁਲੱਖਣਾ ਪਲ ਲਿਆ ਕੋਈ ਕਿ ਮੁਕਤੀ ਤਨ ਤੋਂ ਮਿਲ ਜਾਵੇ
ਤੇ ਮਨ ਤੇਰੇ ਦੀ ਧੁਨ ਵਿਚ ਰਲ਼ ਕੇ ਅਨਹਦ ਨਾਦ ਹੋ ਜਾਵਾਂ।

ਚਾਹੇ ਸਿਰ ਦੀ ਕਲਗ਼ੀ ਕਰ ਲੈ ਜਾਂ ਪੈਰਾਂ ਦੀ ਰੇਤਾ,
ਸਾਥ ਤੇਰੇ ਦੇ ਰੁਤਬੇ ਸਦਕ  ਮੈਂ ਬਣ ਜਾਣਾ ਰਾਣੀ।

ਗ਼ਮ ਦੇ ਵਿਹੜੇ ਬੈਠ ਕੇ ਤੇਰਾ ਹਿਜਰ ਖਿਡਾਵਾਂ ਰਾਤਾਂ ਨੂੰ,
ਇਸ ਦਾ ਚਿੱਤ ਪਰਚਾਉਣ ਲਈ ਕਰ ਨੀਂਦਾਂ ਲਹੂ ਲੁਹਾਨ ਦਿਆਂ ।

ਮੇਰੇ ਪੱਲੇ ‘ਚ ਜੋ ਹਨ ਰਹਿਮਤਾਂ ਵਾਲ਼ੇ ਖ਼ਜ਼ਾਨੇ
ਤੇਰੀ ਮੈਂ ਪੈੜ ਦੇ ਸਦਕੇ ਤੋਂ  ਸਾਰੇ ਵਾਰ ਦੇਵਾਂ।

ਮੇਰੇ ਵੱਸ ਵਿਚ ਜੇ ਹੋਵੇ ਤਾਂ  ਮੈਂ ਖੁਦ ਨੂੰ ਢਾਹ ਕੇ ਫਿਰ ਤੋਂ
ਤੇਰੀ ਮਰਜ਼ੀ ਮੁਤਾਬਿਕ ਇੱਕ ਨਵਾਂ ਆਕਾਰ ਦੇਵਾਂ।

ਤੂੰ ਲੱਭਦਾ ਏਂ ਛੱਲੇ ਮੁੰਦਰਾਂ ਆ ਸਿਰਨਾਵੇਂ ਦੱਸਾਂ ਮੈਂ,
ਕੇਸ ਜਟੂਰੇ ਵਾਹ ਕੇ ਤੇਰੀ ਅੱਖ ਨੂੰ ਸੁਰਮਾ ਦਾਨ ਦਿਆਂ ।

ਆ ਸੱਜਣ ਜੀ ਇਕ ਦੂਜੇ ਦੇ  ਈਂਕਣ ਬਣੀਏ ਹਾਣੀ।
ਜੀਕਣ ਹੋ ਜਾਂਦੇ ਨੇ ਇਕ ਮਿਕ ਘੁਲ਼ ਕੇ ਰੰਗ ਤੇ ਪਾਣੀ।

ਤੇਰੇ ਸਤਿਕਾਰ ਵਿਚ ਦੇਖੀਂ, ਤੇਰੇ ਪੈਰੀਂ ਮੇਰੇ ਮਹਿਰਮ,
ਹਟਾ ਕੇ ਧਰਤ ਮੈ ਅਪਣੀ ਹਥੇਲੀ ਪਾਕਿ ਦੇਵਾਂਗੀ।

ਨੀਲੂ ਦੇ ਅੰਦਰ ਦਾ ਪਪੀਹਾ ਖੁਦ ਨੂੰ ਮਿਲਣ ਲਈ  ਬੜਾ ਬੇਚੈਨ ਰਹਿੰਦਾ ਹੈ। ਉਹਦੇ ਅੰਦਰ ਦੀ ਅੰਤਰ ਤੀਕ ਪਹੁੰਚਣ ਦੀ ਪਿਆਸ ਉਹਦੇ ਸ਼ਬਦਾਂ ਨੂੰ ਟਿਕਣ ਨਹੀਂ ਦਿੰਦੀ। ਉਹ ਅੰਦਰ ਵੱਲ ਤੁਰਦੀ ਖ਼ਿਆਲਾਂ ਨੂੰ ਸ਼ਬਦਾਂ ਦੀ ਉਂਗਲ ਲਾ ਅੰਤਰ ਵੱਲ ਮੁੜਦੀ ਹੈ:

ਛੱਡ ਪਰੇ ਇਹ ਦੁਨੀਆਦਾਰੀ, ਦੁਨੀਆ ਗੋਰਖ ਧੰਦਾ,
ਮੈਂ -ਮੈਂ ਛੱਡ ਕੇ ਤੂੰ ਹੀ ਤੂੰ ਕਹਿ ਸਾਰੀ ਗੱਲ ਮੁਕਾਈਏ।

ਵਿਛੋੜਾ, ਵੈਰਾਗ,  ਤੜਫ਼ ਦਾ ਡਰ ਨੀਲੂ ਨੇ ਆਪਣੇ ਭਾਵਾਂ ਵਿੱਚ ਖੂਬ ਬਿਆਨਿਆ ਹੈ:

ਉਸ ਨੇ ਰਾਤ ਬਰਾਤੇ ਇਕ ਦਿਨ ਸੁੱਤਿਆਂ ਛੱਡ ਕੇ ਤੁਰ ਹੀ ਜਾਣਾ,
ਰਾਹੁਲ ਦੀ ਸੌਂਹ ਦੇ ਕੇ  ਜਿਸ ਨੂੰ  ਤੂੰ  ਅੱਜ ਦਰ ‘ਚੋਂ ਮੋੜ ਲਿਆ ਏ।

ਮੈਂ ਘਰ ‘ਚੋਂ ਆਖ਼ਰੀ ਸ਼ੀਸ਼ਾ ਵੀ ਭਾਵੇਂ ਤੋੜ ਦਿੱਤਾ
ਲੁਕੇ ਸੀ ਅਕਸ ਵਿਚ ਜਿੰਨੇ ਤੜਪ ਕੇ ਬਾਹਰ ਡਿੱਗੇ,

ਸਜ਼ਾ ਦੇ ਤੌਰ ‘ਤੇ ਮੈਂ ਟੁਕੜਿਆਂ ਦੀ ਕੈਦ ਵਿਚ ਹਾਂ
ਰਿਹਾਈ ਹੋਣ ਦਾ ਕੋਈ ਵੀ ਨਾ ਆਸਾਰ ਦਿਸਦਾ।

ਸਵੇਰੇ ਖੋਲ੍ਹਿਆ ਬੂਹਾ   ਤਾਂ ਕੁਝ ਹਉਕੇ ਪਏ ਸਨ,
ਪਤਾ ਨਹੀਂ   ਕੌਣ ਬਹਿ ਕੇ   ਰਾਤ ਏਥੇ    ਰੋ ਗਿਆ ਹੈ।

ਮੁਕੰਮਲ   ਕਿਸ   ਤਰ੍ਹਾਂ  ਖ਼ੁਦ    ਨੂੰ   ਕਰਾਂ  ਹੁਣ
ਮੇਰੇ    ‘ਚੋਂ   ਹੋ    ਗਿਆ    ਮਨਫੀ   ਜਦੋਂ   ਉਹ।

ਮੈਂ    ਜਿਸ   ਦੀ     ਯਾਦ   ਵਿਚ  ਬੇਹਾਲ  ਹੋਈ
ਤੇ  ਉਹ  ਵੀ ਜਾਣਦਾ  ਨਾ  ਹਾਲ ਮੇਰੇ।

ਮੋਹ, ਮਮਤਾ, ਜ਼ਿੰਮੇਵਾਰੀਆਂ ਅਤੇ ਸਮਰਪਿਤ ਹੋਣ ਦਾ ਗੁਣ ਹੀ ਔਰਤ ਨੂੰ ਬੁੱਧ ਹੋਣ ਲਈ ਗੌਤਮ ਦੇ ਰਾਹਾਂ ਦਾ ਪਾਂਧੀ ਹੋਣ ਤੋਂ ਰੋਕਦਾ ਹੈ। ਇਸ ਲਈ ਸ਼ਾਇਦ ਕੋਈ ਔਰਤ ਅਜਿਹੀਆਂ ਰਾਹਾਂ ਨੂੰ ਚੁਣਨ ਦੀ ਜ਼ਰੂਰਤ ਨਹੀਂ ਸਮਝਦੀ।ਔਰਤ ਹੋਣਾ ਹੀ ਬੁੱਧਤਵ ਤੀਕ ਪਹੁੰਚਣ ਦੀ ਪਹਿਲੀ ਪੌੜੀ ਹੈ:

ਮੈਂ ਬੁੱਧ ਨੂੰ ਮਸਤਕ ਵਿਚ ਧਰ ਕੇ ਛੱਡ ਚੱਲੀ ਸਾਂ ਰਾਤੀਂ ਘਰ ਨੂੰ,
ਪਰ ਛਾਤੀ ‘ਚੋਂ ਸਿੰਮਦੇ ਦੁੱਧ ਨੇ ਦੇਹਲੀ ‘ਚੋਂ ਹੀ ਮੋੜ ਲਿਆ ਏ।

ਮੇਰੇ ਜਿਉਂ ਕੌਲਿਆਂ ਨੂੰ ਹੋ ਗਿਆ  ਨਿਰਵਾਣ ਹਾਸਲ,
ਖੜਾਵਾਂ  ਰਾਤ ਨੂੰ  ਬੁੱਧ ਦਰ ਮੇਰੇ ‘ਤੇ ਧੋ ਗਿਆ ਹੈ।

ਮੇਰੇ ਨਿਰਵਾਣ ਦੇ ਸਿਰ ‘ਤੇ  ਯਸੋਧੇ ਕਰਜ਼ ਹੈ ਤੇਰਾ,
ਮੇਰਾ ਗੌਤਮ ਤੋਂ ਬੁੱਧ ਹੋਣਾ ਤੂੰ ਵੀ ਆਸਾਨ ਕੀਤਾ ਸੀ।

ਨੀਲੂ ਦੀ  ਸੋਹਣੀ ਸ਼ਾਇਰੀ ਨੂੰ ਉਸਦੇ ਹੋਰ ਸ਼ਿਅਰਾਂ ਥਾਣੀਂ ਮਾਣਦੇ ਹਾਂ:

ਉਹ ਲੋਕੀਂ    ਜਾਪਦੇ   ਮੈਨੂੰ ਤਾਂ  ਟੁੱਟੇ ਤਾਰਿਆਂ ਵਰਗੇ,
ਜੋ ਚੰਨ ਦੇਖਣ ਲਈ ਸੋਚਣ ਕਿ ਪਹਿਲਾਂ ਰਾਤ ਤਾਂ ਹੋਵੇ ‌।

ਮੇਰੇ ਅੰਦਰ ਮੇਰੇ ਬਿਨ  ਹੋਰ ਵੀ ਰਹਿੰਦਾ ਹੈ  ਕੋਈ,
ਕਰਾਂ ਖੁਦ ਦੀ ਖਿਲਾਫ਼ਤ  ਜੋ ਮੈਨੂੰ  ਉਕਸਾ ਰਿਹਾ ਏ।

ਭੁਲਾ ਦੇਵਾਂ ਮੈਂ ਤੈਨੂੰ,  ਇਹ ਵੀ ਨਾ ਪਰਵਾਨ ਕਰਦਾ।
ਮੇਰਾ ਤਾਂ ਦਿਲ ਵੀ  ਮੇਰੇ ‘ਤੇ ਨਹੀਂ ਅਹਿਸਾਨ ਕਰਦਾ।

ਕਿਉਂ ਕਰਨੀ ਏ ਤੂੰ ਤੂੰ, ਮੈਂ ਮੈਂ,ਬਹਿ ਮਸਲੇ ਸੁਲਝਾ ਲੈਂਦੇ ਹਾਂ।
ਆਪੋ ਆਪਣੇ ਰਸਤੇ ਤੁਰ ਕੇ    ਬਾਕੀ ਵਾਟ ਮੁਕਾ ਲੈਂਦੇ ਹਾਂ।

ਮੈਨੂੰ ਇਓਂ ਲੱਗਦਾ ਹੈ ਕਿ ਜੇਕਰ ਮੈਂ ਖੁਦ ਨੂੰ ਨਾ ਰੋਕਿਆ ਤਾਂ ਪੂਰੀ ਕਿਤਾਬ ਹੀ ਏਥੇ ਲਿਖ ਦਿਆਂਗੀ। ਇਸ ਲਾਜਵਾਬ , ਬੇਮਿਸਾਲ ਸ਼ਾਇਰੀ ਦੇ ਰੌਂਅ ਵਿੱਚ ਵਹਿੰਦਿਆਂ ਇਹ ਭੁੱਲ ਹੀ ਗਈ ਹਾਂ ਕਿ ਮੈਂ ਤੁਹਾਡੀ ਇਸ ਸ਼ਾਇਰੀ ਨਾਲ ਪਹਿਲੀ ਨਜ਼ਰ ਦੀ ਸਾਂਝ ਹੀ ਪੁਆਉਣੀ ਹੈ। ਆਪ ਸਭ ਇਸ ਲਾਜਵਾਬ ਸ਼ਾਇਰੀ ਦਾ ਲੁਤਫ਼ ਉਠਾਉਣ ਲਈ ਕੈਲੀਬਰ ਪ੍ਰਕਾਸ਼ਨ ਅਤੇ ਨੀਲੂ ਹੁਣਾਂ ਨਾਲ ਰਾਬਤਾ ਕਰ ਸਕਦੇ ਹੋ। 

ਨੀਲੂ ਦੇ ਲਫ਼ਜ਼ਾਂ ਨੂੰ ਦੁਆ ਦੇਣ ਲਈ ਬੱਸ ਏਨਾ ਕਹਾਂਗੀ ਕਿ ਨੀਲੂ ਹਮੇਸ਼ਾ ਸੋਹਣੇ ਲਫ਼ਜ਼ਾਂ ਨੂੰ ਆਪਣੀ ਬੁੱਕਲ ਵਿਚ ਲੈ , ਆਪਣੇ ਖ਼ਿਆਲਾਂ ਦੀ ਕੁੱਖ ਦੇ,ਅਜਿਹੀ ਸ਼ਾਇਰੀ ਦੇ ਉਗਮਣ ਲਈ ਜਾਗਦੀ ਜਿਊਂਦੀ ਰਹਿ।

ਜੀਓ!
***
ਮਨ ਮਾਨ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1168
***

ਮਨ ਮਾਨ
(ਮਨਵਿੰਦਰ ਕੌਰ, ਕੋਟਕਪੂਰਾ)

ਮਨ ਮਾਨ

ਮਨ ਮਾਨ (ਮਨਵਿੰਦਰ ਕੌਰ, ਕੋਟਕਪੂਰਾ)

View all posts by ਮਨ ਮਾਨ →