17 September 2024

ਬੀ. ਜੇ. ਪੀ. ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ—ਉਜਾਗਰ ਸਿੰਘ

ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਪੰਜਾਬੀਆਂ/ਸਿੱਖਾਂ ਨੂੰ ਪਰਵਾਸ ਦਾ ਸੰਕਲਪ ਦਿੱਤਾ ਸੀ, ਜਦੋਂ ਉਦਾਸੀਆਂ ਦੇ ਮੌਕੇ ‘ਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਅਤੇ ਸੇਵਾ ਨਾ ਕਰਨ ਵਾਲੇ ਲੋਕਾਂ ਨੂੰ ਉਜੜ ਜਾਓ ਅਤੇ ਵਸਦੇ ਰਹੋ ਦਾ ਆਸ਼ੀਰਵਾਦ ਦਿੱਤਾ ਸੀ। ਉਨ੍ਹਾਂ ਦੇ ਇਸ ਹੁਕਮ ‘ਤੇ ਫੁਲ ਚੜ੍ਹਾਉਂਦਿਆਂ ਪੰਜਾਬੀਆਂ/ਸਿੱਖਾਂ ਨੇ ਦੇਸ਼ ਵਿਦੇਸ਼ ਵਿੱਚ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸਦੇ ਸਿੱਟੇ ਵਜੋਂ ਅੱਜ ਦਿਨ ਪੰਜਾਬੀ/ਸਿੱਖ ਦੇਸ਼ ਵਿਦੇਸ਼ ਵਿੱਚ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ ਪ੍ਰੰਤੂ ਕੁਝ ਲੋਕਾਂ ਨੂੰ ਪੰਜਾਬੀਆਂ/ਸਿੱਖਾਂ ਦੀ ਖ਼ੁਸ਼ਹਾਲੀ ਰੜਕਦੀ ਹੈ। ਉਹ ਬਰਦਾਸ਼ਤ ਨਹੀਂ ਕਰ ਰਹੇ। ਹਾਲਾਂ ਕਿ ਉਨ੍ਹਾਂ ਆਪਣੀ ਹਿੰਮਤ, ਦ੍ਰਿੜ੍ਹਤਾ ਅਤੇ ਹੱਡ ਭੰਨਵੀਂ ਮਿਹਨਤ ਨਾਲ ਬੰਜ਼ਰ ਜੰਗਲੀ ਜ਼ਮੀਨ ਨੂੰ ਉਪਜਾਊ ਬਣਾਕੇ ਖ਼ੁਸ਼ਹਾਲੀ ਪ੍ਰਾਪਤ ਕੀਤੀ ਹੈ। ਉਹ ਜੰਗਲੀ ਜਾਨਵਰਾਂ ਅਤੇ ਸੱਪਾਂ ਦੀਆਂ ਸਿਰੀਆਂ ਮਿਧ ਕੇ ਇਸ ਮੁਕਾਮ ‘ਤੇ ਪਹੁੰਚੇ ਹਨ। ਕੁਝ ਸਥਾਨਕ ਲੋਕ ਆਪ ਕੁਝ ਕਰਨ ਜੋਗੇ ਨਹੀਂ ਪ੍ਰੰਤੂ ਉਨ੍ਹਾਂ ਦੀ ਫੋਕੀ ਹਓਮੈਂ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ/ਸਿੱਖਾਂ ਨੂੰ ਉਥੋਂ ਖਦੇੜਨ ਲਈ ਹਰ ਹੱਥ ਕੰਡਾ ਵਰਤ ਰਹੀ ਹੈ। ਲਖ਼ੀਮਪੁਰ ਖੀਰੀ ਕਤਲੇਆਮ ਦੇ ਅਣਮਨੁੱਖੀ ਜ਼ੁਲਮ ਨੇ ਹਓਮੈਂ ਦੇ ਸ਼ਿਕਾਰ ਲੋਕਾਂ ਦਾ ਪਰਦਾ ਫ਼ਾਸ਼ ਕਰ ਦਿੱਤਾ ਹੈ। ਪਿਛਲੇ ਲਗਪਗ ਇਕ ਸਾਲ ਤੋਂ ਕਿਸਾਨ ਅੰਦੋਲਨ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ। ਇਸ ਅੰਦੋਲਨ ਦੀ ਸਫ਼ਲਤਾ ਕਰਕੇ ਪਹਿਲਾਂ 26 ਜਨਵਰੀ 2021 ਦੀ ਘਟਨਾ ਨੂੰ ਦਿੱਲੀ ਵਿਖੇ ਪੰਜਾਬੀਆਂ/ਸਿੱਖਾਂ ਦੇ ਗਲ਼ ਮੜ੍ਹਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਦੂਜੀ ਵਾਰ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਜਿਲ੍ਹੇ ਵਿੱਚ ਤਿਕੋਨੀਆਂ ਵਿਖੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਕੇ ਵਾਪਸ ਆ ਰਹੇ ਕਿਸਾਨਾ ਉਪਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਸਪੁੱਤਰ ਅਸ਼ੀਸ਼ ਮਿਸ਼ਰਾ ਟੈਨੀ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਚੜ੍ਹਾਕੇ 4 ਕਿਸਾਨਾ ਨੂੰ ਸ਼ਹੀਦ ਕਰ ਦਿੱਤਾ ਗਿਆ। ਇੰਝ ਕਰਨ ਦੇ ਦੋ ਕਾਰਨ ਸਨ। ਪਹਿਲਾ ਕਾਰਨ ਤਰਾਈ ਦੇ ਇਲਾਕੇ ਵਿੱਚ ਪੰਜਾਬੀਆਂ/ਸਿੱਖਾਂ ਨੂੰ ਭਜਾਉਣਾ, ਜਿਸਦਾ ਅਲਟੀਮੇਟਮ ਘਟਨਾ ਤੋਂ 3 ਦਿਨ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸਿਆਸੀ ਤਾਕਤ ਦੇ ਨਸ਼ੇ ਵਿੱਚ ਸ਼ਰੇਆਮ ਕਿਸਾਨਾ ਨੂੰ ਵੰਗਾਰਦਿਆਂ ਇਕ ਜਲਸੇ ਵਿੱਚ ਉਤਰ ਪ੍ਰਦੇਸ਼ ਵਿੱਚੋਂ ਕਿਸਾਨਾ ਨੂੰ ਮਿੰਟਾਂ ਸਕਿੰਟਾਂ ਵਿੱਚ ਕੱਢਣ ਦਾ ਐਲਾਨ ਕਰ ਦਿੱਤਾ ਸੀ। ਦੂਜਾ ਫਰਵਰੀ 2022 ਵਿੱਚ ਹੋਣ ਵਾਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ, ਖਾਸ ਤੌਰ ‘ਤੇ ਉਤਰ ਪ੍ਰਦੇਸ਼ ਦੀ ਚੋਣ, ਜਿੱਤਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਮੁੱਛ ਦਾ ਵਾਲ ਹੋਣ ਕਰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਸਮੁਦਾਇ ਵਿੱਚ ਮਜ੍ਹਬੀ ਦੁਫਾੜ ਪਾ ਕੇ ਚੋਣਾ ਜਿੱਤਣਾ ਸੀ। ਪੰਜਾਬੀਆਂ/ਸਿੱਖਾਂ ਦੀ ਖ਼ੁਸ਼ਕਿਸਮਤੀ ਰਹੀ ਕਿ ਸ਼ੋਸ਼ਲ ਮੀਡੀਆ ਨੇ ਸੱਚ ਸਾਹਮਣੇ ਲਿਆਕੇ ਸਰਕਾਰ ਦੇ ਨਾਸੀਂ ਧੂੰਆਂ ਲਿਆ ਦਿੱਤਾ।

ਸਰਕਾਰ ਦੀ ਸ਼ਹਿ ‘ਤੇ ਗੋਦੀ ਮੀਡੀਆ ਅਜੇ ਤੱਕ ਵੀ ਇਸ ਕਤਲੇਆਮ ਨੂੰ ਸਿਆਸੀ ਸ਼ਹਿ ‘ਤੇ ਮਜ੍ਹਬੀ ਰੰਗਤ ਦੇਣ ਦੀ ਵਾਹ ਲਾ ਰਿਹਾ ਹੈ। ਕੁਝ ਸਾਡੇ ਭਰਾਵਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਵੱਲੋਂ ਕਰਵਾਏ ਸਮਝੌਤੇ ‘ਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ ਜੋ ਜ਼ਾਇਜ਼ ਨਹੀਂ ਹੈ। ਕਿਉਂਕਿ/ਪੰਜਾਬੀ ਸਿੱਖ ਉਤਰ ਪ੍ਰਦੇਸ਼ ਵਿੱਚ ਘੱਟ ਗਿਣਤੀ ਵਿੱਚ ਹਨ। ਇਸ ਸਮਝੌਤੇ ਨਾਲ ਸਰਕਾਰ ਦੀ ਸਿਆਸੀ ਚਾਲ ਸਿੱਖਾਂ ਦੇ 1984 ਵਿੱਚ ਹੋਏ ਕਤਲੇਆਮ ਦੀ ਤਰ੍ਹਾਂ ਇਸ ਘਟਨਾ ਨੂੰ ਉਸੇ ਪ੍ਰਕਾਰ ਬਣਾਕੇ ਵਰਤਣ ‘ਤੇ ਰੋਕ ਲਗ ਗਈ ਹੈ। ਜੇਕਰ ਇੰਝ ਸਮਝੌਤਾ ਨਾ ਹੁੰਦਾ ਤਾਂ ਹੱਲਾਸ਼ੇਰੀ ਦੇਣ ਵਾਲਿਆਂ ਨੇ ਤਾਂ ‘ਅੱਗ ਲਾਈ ਡੱਬੂ ਕੰਧ ‘ਤੇ’ ਦੀ ਕਹਾਵਤ ‘ਤੇ ਪੂਰਾ ਉਤਰਨਾ ਸੀ। ਪੰਜਾਬੀਆਂ/ਸਿੱਖਾਂ ਦਾ ਨੁਕਸਾਨ ਹੋ ਜਾਣਾ ਸੀ। ਕਿਸਾਨ ਅੰਦੋਲਨ ਵਿੱਚ ਸਾਰੀਆਂ ਪਾਰਟੀਆਂ ਦੇ ਕਿਸਾਨ, ਅੰਦੋਲਨ ਦੇ ਝੰਡੇ ਹੇਠ ਆਪਣੇ ਵੈਰ ਵਿਰੋਧ ਖ਼ਤਮ ਕਰਕੇ ਆਪਸੀ ਸਦਭਾਵਨਾ ਨਾਲ ਕੰਮ ਕਰ ਰਹੇ ਹਨ। ਸਿਆਸੀ ਪਾਰਟੀਆਂ ਭਾਵੇਂ ਸਿਆਸੀ ਲਾਹਾ ਲੈਣ ਦੀ ਆੜ ਵਿੱਚ ਲਖੀਮਪੁਰ ਖੀਰੀ ਪਹੁੰਚਕੇ ਸਰਕਾਰ ‘ਤੇ ਦਬਾਅ ਬਣਾਉਣ ਵਿੱਚ ਸਫਲ ਹੋਈਆਂ ਹਨ। ਪ੍ਰੰਤੂ ਸਰਕਾਰ ਇਨਸਾਫ਼ ਦਿਵਾਉਣ ਲਈ ਤਿਆਰ ਹੀ ਨਹੀਂ। ਸਭ ਤੋਂ ਪਹਿਲਾਂ ਘਟਨਾ ਵਾਲੀ ਰਾਤ ਨੂੰ ਹੀ ਪ੍ਰਿਅੰਕਾ ਗਾਂਧੀ ਨੇ ਰਸਤੇ ਬਦਲਕੇ ਲਖੀਮਪੁਰ ਖੀਰੀ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਰੋਕ ਕੇ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਦੇ ਨਜ਼ਰਬੰਦ ਹੋਣ ਦੀ ਖ਼ਬਰ ਨੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਮੀਡੀਆ ਦਾ ਧਿਆਨ ਖਿਚ੍ਹਆ, ਜਿਸ ਕਰਕੇ ਸਰਕਾਰ ਅੰਤਰਰਾਸ਼ਟਰੀ ਖੇਤਰ ਵਿੱਚ ਬਦਨਾਮ ਹੋ ਗਈ। ਇਸਤੋਂ ਪਹਿਲਾਂ ਕੌਮੀ ਮੀਡੀਆ ਇਕ ਫਿਰਕੇ ਦੇ ਵਿਰੁੱਧ ਜ਼ਹਿਰ ਉਗਲ ਰਿਹਾ ਸੀ। ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛਤੀਸਤਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲਾ ਵੀ ਲਖਨਊ ਪਹੁੰਚੇ ਪ੍ਰੰਤੂ ਉਨ੍ਹਾਂ ਨੂੰ ਵੀ ਰੋਕ ਲਿਆ ਗਿਆ। ਅਖ਼ੀਰ ਸਰਕਾਰ ਨੂੰ ਝੁਕਣਾ ਪਿਆ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਲਖੀਮਪੁਰ ਪ੍ਰਭਾਵਤ ਕਿਸਾਨਾਂ ਦੇ ਕੋਲ ਅਫਸੋਸ ਕਰਨ ਲਈ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਤਾਂ ਦੇਸ਼ ਦੇ ਵੱਖ-ਵੱਖ ਹਿਸਿਆਂ ਅਤੇ ਖਾਸ ਤੌਰ ਤੇ ਪੰਜਾਬ ਤੋਂ ਲੋਕਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ। ਮਜ਼ਬੂਰ ਹੋ ਕੇ ਸਰਕਾਰ ਨੂੰ ਦੋਸ਼ੀ ਅਸ਼ੀਸ਼ ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕਰਨਾ ਪਿਆ। ਕਂੇਦਰੀ ਗ੍ਰਹਿ ਰਾਜ ਮੰਤਰੀ ਨੂੰ ਅਜੇ ਤੱਕ ਬਰਖ਼ਾਸਤ ਨਹੀਂ ਕੀਤਾ ਗਿਆ। ਸ਼ਹੀਦ ਹੋਏ ਕਿਸਾਨਾਂ ਦਾ ਭੋਗ ਸਮਾਗਮ ਤਿਕੋਨੀਆਂ ਵਿਖੇ 12 ਅਕਤੂਬਰ ਨੂੰ ਸ਼ਾਂਤੀ ਨਾਲ ਸਿਰੇ ਚੜ੍ਹਨਾ ਸੰਯੁਕਤ ਕਿਸਾਨ ਮੋਰਚੇ ਦੀ ਨੀਤੀ ਦਾ ਪ੍ਰਤੀਕ ਹੈ। ਇਸ ਭੋਗ ਸਮਾਗਮ ਵਿੱਚ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਸਨ। ਪ੍ਰੰਤੂ ਸੰਯੁਕਤ ਕਿਸਾਨ ਮੋਰਚੇ ਨੇ ਸਿਆਸੀ ਨੇਤਾਵਾਂ ਨੂੰ ਸਟੇਜ ‘ਤੇ ਬੈਠਣ ਦੀ ਇਜ਼ਾਜ਼ਤ ਨਹੀਂ ਦਿੱਤੀ।

ਪੰਡਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਸਰਕਾਰ ਨੇ 1950 ਵਿੱਚ ਸਮੁੱਚੇ ਭਾਰਤ ਵਿਚ ਖਾਸ ਤੌਰ ‘ਤੇ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਅੰਡੇਮਾਨ, ਆਸਾਮ ਅਤੇ ਰਾਜਸਥਾਨ ਦੇ ਜੰਗਲਾਂ ਅਤੇ ਬੰਜ਼ਰ ਜ਼ਮੀਨਾ ਨੂੰ ਅਨਾਜ ਦੀ ਲੋੜ ਪੂਰੀ ਕਰਨ ਲਈ ਪੰਜਾਬੀਆਂ/ਸਿੱਖਾਂ ਨੂੰ ਸੱਦਕੇ 25 ਸਾਲਾਂ ਲਈ ਪਟੇ ਤੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ। ਸਾਂਝੇ ਪੰਜਾਬ ਦੇ ਉਦੋਂ ਦੇ ਪਛੜੇ ਪਿਹੋਵਾ ਅਤੇ ਕੈਥਲ ਦੇ ਇਲਾਕੇ ਦੀਆਂ ਬੰਜ਼ਰ ਜ਼ਮੀਨਾਂ ਵੀ ਪਟੇ ‘ਤੇ ਦਿੱਤੀਆਂ ਗਈਆਂ ਸਨ। ਅਸਲ ਵਿੱਚ ਇਹ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ਸਨ। ਇਸ ਤੋਂ ਬਾਅਦ ਵੀ ਇਹ ਕਾਰਵਾਈ ਚਲਦੀ ਰਹੀ। ਬਹੁਤ ਸਾਰੇ ਕਿਸਾਨਾਂ ਨੇ ਹੋਰ ਜ਼ਮੀਨਾਂ ਖਰੀਦਕੇ ਵੱਡੇ ਖੇਤੀਬਾੜੀ ਫਾਰਮ ਬਣਾ ਲਏ। ਇਹ ਪਟੇ ਹਰ 25 ਸਾਲ ਬਾਅਦ ਵਧਦੇ ਰਹੇ। ਉਸ ਸਮੇਂ ਭਾਰਤ ਨੂੰ ਅਨਾਜ ਦੀ ਘਾਟ ਪੂਰੀ ਕਰਨ ਲਈ ਅਮਰੀਕਾ ਤੋਂ ਪੀ ਐਲ ਓ ਸਕੀਮ ਅਧੀਨ ਮੰਗਵਾਉਣਾ ਪੈਂਦਾ ਸੀ। ਲਾਲ ਰੰਗ ਦੀ ਕਣਕ ਹੁੰਦੀ ਸੀ। ਜਦੋਂ ਇਹ ਘਾਟ ਪੂਰੀ ਕਰਨ ਬਾਰੇ ਸੋਚਿਆ ਤਾਂ ਪੰਜਾਬੀ/ਸਿੱਖ ਕਿਸਾਨ ਮਿਹਨਤੀ ਅਤੇ ਦਲੇਰ ਹੋਣ ਕਰਕੇ ਸਰਕਾਰ ਦੀ ਨਿਗਾਹ ਚੜ੍ਹੇ। ਸਰਕਾਰ ਨੇ ਆਪ ਜ਼ਮੀਨਾਂ ਅਲਾਟ ਕੀਤੀਆਂ। ਕਿਸੇ ਕਿਸਾਨ ਨੇ ਭੀਖ ਨਹੀਂ ਮੰਗੀ। ਸਗੋਂ ਉਨ੍ਹਾਂ ਦਿਨਾਂ ਵਿੱਚ  ਬਿਜਲੀ, ਸਕੂਲ, ਹਸਪਤਾਲ, ਟੈਲੀਫੋਨ ਆਦਿ ਕੋਈ ਸਹੂਲਤ ਨਹੀਂ ਸੀ ਤਾਂ ਵੀ ਕਿਸਾਨਾਂ ਨੇ ਅਨੇਕਾਂ ਮੁਸ਼ਕਲਾਂ ਦੇ ਹੁੰਦਿਆਂ ਦੇਸ਼ ਦੀ ਅਨਾਜ ਦੀ ਲੋੜ ਪੂਰੀ ਕੀਤੀ। ਹੁਣ ਕਿਸਾਨਾਂ ਨੇ ਕੀ ਗੁਨਾਹ ਕਰ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਉਜਾੜਨ ਲਈ ਤਤਪਰ ਹੈ। ਪੰਜਾਬੀਆਂ/ਸਿੱਖਾਂ ਨੇ ਸਰਕਾਰ ਦੀ ਇਛਾ ਦੀ ਪੂਰਤੀ ਕਰਦਿਆਂ ਬੰਜ਼ਰ ਅਤੇ ਜੰਗਲੀ ਜ਼ਮੀਨਾਂ ਪੱਧਰੀਆਂ ਕਰਕੇ ਅਨਾਜ ਦੀ ਮੰਗ ਪੂਰੀ ਕੀਤੀ। ਭਾਰਤ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਕਰ ਦਿੱਤਾ। ਲਾਲ ਬਹਾਦਰ ਸ਼ਾਸ਼ਤਰੀ ਪ੍ਰਧਾਨ ਮੰਤਰੀ ਨੇ ਤਾਂ ‘‘ਜੈ ਜਵਾਨ ਜੈ ਕਿਸਾਨ’’ ਦਾ ਨਾਅਰਾ ਵੀ ਦਿੱਤਾ ਸੀ। ਉਤਰ ਪ੍ਰਦੇਸ਼ ਦੇ ਦੋ ਮੁੱਖ ਮੰਤਰੀ ਕੇ. ਸੀ. ਪੰਤ ਅਤੇ ਐਨ. ਡੀ. ਤਿਵਾੜੀ ਕਿਸਾਨਾਂ ਦੇ ਹਮਦਰਦ ਰਹੇ ਪ੍ਰੰਤੂ ਉਸ ਤੋਂ ਬਾਅਦ ਕਿਸਾਨਾਂ ਦੇ ਪਟੇ ਵਧਾਉਣ ਵਿੱਚ ਹਰ ਮੁੱਖ ਮੰਤਰੀ ਆਨਾ ਕਾਨੀ ਕਰਨ ਲੱਗ ਪਿਆ। 1997 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਦੇ ਮੁੱਖ ਮੰਤਰੀ ਬੀਬੀ ਮਾਇਆ ਵਤੀ ਸਨ ਤਾਂ ਉਨ੍ਹਾਂ ਕਿਸਾਨਾਂ ਨੂੰ ਉਤਰ ਪ੍ਰਦੇਸ਼ ਵਿੱਚੋਂ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਗੁਜ਼ਰਾਤ ਵਿੱਚ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਵੀ ਕਿਸਾਨਾਂ ਨੂੰ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਕਿਸਾਨ ਹਾਈ ਕੋਰਟ ਵਿੱਚੋਂ ਕੇਸ ਜਿੱਤ ਗਏ ਸਨ ਤਾਂ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਸ ਕਰ ਦਿੱਤਾ ਜਿਹੜਾ ਲੰਬਿਤ ਪਿਆ ਹੈ। ਸਿਆਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਉਤਰ ਪ੍ਰਦੇਸ਼ ਦੇ ਮਰਹੂਮ ਕਿਸਾਨ ਲੀਡਰ ਅਜੀਤ ਸਿੰਘ ਦਾ ਬੇਟਾ ਜੈਆਂਤ, ਸਮਾਜਵਾਦੀ ਪਾਰਟੀ, ਟੀ ਐਮ ਸੀ ਦੇ ਦੋ ਐਮ ਪੀ, ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਹਰਸਿਮਰਤ ਕੌਰ ਬਾਦਲ ਆਦਿ ਵੀ ਲਖੀਮਪਰ ਖੀਰੀ ਪਹੁੰਚਕੇ ਪ੍ਰਭਾਵਤ ਪਰਿਵਾਰਾਂ ਨੂੰ ਮਿਲੇ ਸਨ। ਸਿਆਸੀ ਪਾਰਟੀਆਂ ਦੀ ਭੂਮਿਕਾ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕ
ਮੋਬਾਈਲ-94178 1307
ujagarsingh48@yahoo.com
***
15 ਅਕਤੂਬਰ 2021
***
444
***

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ