13 November 2024

ਕੀ ਖੱਟਿਆ ਕੈਨੇਡਾ ਆ ਕੇ – ਜਰਨੈਲ ਸਿੰਘ ਗਰਚਾ

ਕੀ ਖੱਟਿਆ ਕੈਨੇਡਾ ਆ ਕੇ

-ਜਰਨੈਲ ਸਿੰਘ ਗਰਚਾ-

ਰਣਜੀਤ ਘਰ ਦੇ ਬੈਕ-ਯਾਰਡ ਵਿਚ ਬਣੇ ਡੈਕ ਤੇ ਕੁਰਸੀ ਤੇ ਬੈਠੀ ਬੈਂਚ ਤੇ ਪੈਰ ਰੱਖੀਂ ਸ਼ਾਮ ਨੂੰ ਡੂੰਘੀਆਂ ਸੋਚਾਂ ਵਿਚ ਡੁੱਬੀ ਪਤਾ ਨਹੀਂ ਕੀ-ਕੀ ਸੋਚਦੀ ਰਹਿੰਦੀ, ਸ਼ਾਇਦ ਕੁੱਝ ਵੀ ਨਹੀਂ ਸੀ ਸੋਚ ਰਿਹੀ ਹੁੰਦੀ| ਇਹ ਹੁਣ ਭੁੱਖ, ਤ੍ਰੇਹ ਅਤੇ ਕਪੜੇ-ਲੀੜੇ ਪਾਉਣ ਵਾਂਗ ਹੀ ਉਸ ਦੀ ਜਿ਼ੰਦਗੀ ਦਾ ਇੱਕ ਅੰਗ ਬਣ ਚੁਕਿਆ ਸੀ| ਹੁਣ ਉਹ ਕੰਮ ਤੋਂ ਵਿਹਲੀ ਸੀ, ਜਾਂ ਕਰ ਦਿੱਤੀ ਸੀ, ਜਾਂ ਸ਼ਾਇਦ ਉਹ ਹੁਣ ਕੰਮ ਕਰਨਾ ਹੀ ਨਹੀਂ ਚਾਹੁੰਦੀ ਸੀ| ਉਸ ਦੀਆਂ ਸੋਚਾਂ ਦਾ ਘੇਰਾ ਔਰਤਾਂ ਦੀ ਬੇਵਸੀ, ਲਾਚਾਰੀ, ਕੰਮਜ਼ੋਰੀ ਅਤੇ ਮਰਦ-ਅਧੀਨਗੀ ਉਤੇ ਆ ਖਲੋਂਦਾ ਅਤੇ ਉਸ ਨੂੰ ਘੇ੍ਰਰੀਂ ਰੱਖਦਾ|

ਅੱਜ ਫੇਰ ਮੱਕੜੀ ਦੇ ਜਾਲ ਉਣਨ ਵਾਂਗ, ਉਹ ਅਜਿਹਾ ਸੋਚਾਂ ਦਾ ਤਾਣਾ-ਬਾਣਾ ਹੀ ਉਣੀਂ ਜਾ ਰਿਹੀ ਸੀ| ਉਸ ਨੂੰ ਜਾਪ ਰਿਹਾ ਸੀ ਕਿ ਤੀਮੀ-ਮਰਦ ਏਕ ਜੋਤ ਦੋਏ ਮੂਰਤੀ ਹੁੰਦੇ ਹਨ, ਗੱਡੀ ਦੇ ਦੋ ਇੱਕੋ ਜਿਹੇ ਹੀ ਦੋ ਪਹੀਏ ਨੇ ਅਤੇ ਗ੍ਰਹਿਸਤ ਦੀ ਗੱਡੀ ਇੱਕ ਦੂਜੇ ਬਿਨਾਂ ਚੱਲ ਹੀ ਨਹੀਂ ਸਕਦੀ, ਲਾਵਾਂ ਵੇਲੇ ਸਿੱਖਿਆ ਵਿਚ ਆਖੀਆਂ ਇਹ ਸੱਭ ਗੱਲਾਂ ਫਜ਼ੂਲ ਜਾਪ ਰਹੀਆਂ ਸਨ| ਉਸ ਨੂੰ ਤਾਂ ਉਹ ਆਪ ਵੀ ਇੱਕ ਸਟਿੱਪਣੀ ਵਾਂਗ ਹੀ ਲੱਗ ਰਿਹੀ ਸੀ, ਵਾਧੂ-ਫਜ਼ੂਲ| ਆਪਣੇ ਜੀਵਨ ਤੇ ਪਿਛਾਂਹ ਝਾਤ ਮਾਰਿਆਂ ਉਹ ਸੋਚਣ ਲੱਗਦੀ, ਐਵੇਂ ਰੱਖ-ਰਖਾਈ ਲਈ ਹੀ ਮਰਦ ਔਰਤ ਨੂੰ ਉਸਦੀ ਸਲਾਹ ਲੈਣ ਲਈ ਸੁਲਾਹ ਹੀ ਮਾਰਦੇ ਹਨ, ਕਰਦੇ ਆਪਣੀ ਆਪ ਹੁਦਰੀ ਹੀ ਹਨ| ਇਹ ਤਾਂ ਅਸੀਂ ਔਰਤਾਂ ਹੀ ਹਾਂ ਜਿਹੜੀਆਂ ਘਰ ਵਿਚ ਸ਼ਾਂਤੀ ਰੱਖਣ ਲਈ ਚੁੱਪ-ਚਾਪ ਹਾਂ ਵਿਚ ਹਾਂ ਮਲਾਈਂ ਤੁਰੀ ਜਾਂਦੀਆਂ ਹਾਂ| ਜੇ ਕਦੀ ਭੁਲ-ਭੁਲੇਖੇ ਹੀ ਅਸੀਂ ਠਕਿ ਸਟੈਂਡ ਲੈ ਲਈਏ ਤਾਂ ਕਲਾ-ਕਲੇਸ਼ ਤੇ ਮਹਾਂਭਾਰਤ ਘਰ ਦੇ ਵਾਤਾਵਰਣ ਦਾ ਤਾਜ਼ਾ ਆਏ ਤਕੜੇ ਟਾਰਨੈਡੋ ਵਾਂਗ ਘਰ ਦੀਆਂ ਖੁਸ਼ੀਆਂ ਦਾ ਸੱਤਿਅਨਾਸ ਕਰ ਦਿੰਦਾ ਹੈ  ਉਸ ਨੂੰ ਸ਼ੈਕਸਪੀਅਰ ਦਾ ਕਥਨ, “ਕਮਜ਼ੋਰੀ ਹੀ,ਔਰਤ ਤੇਰਾ ਨਾਂ ਹੈ,” ਔਰਤਾਂ ਲਈ ਬਹੁਤ ਢੁੱਕਵਾਂ ਜਚਿਆ| ਉਹ ਤਾਂ ਜੰਮਦੀ ਹੀ ਅਣਚਾਹੀ ਤੇ ਬੇਕਦਰੀ ਵਿਚ, ਸੋਗ ਪਰੁੱਤੀ, ਕੁਰਬਾਨੀ ਦੇ ਬੱਕਰੇ ਵਰਗੀ ਹੁੰਦੀ ਹੈ|

ਕੋਈ ਵੰਡਦਾ ਲੱਡੂ ਕੁੜੀ ਦੇ ਜਨਮ ਤੇ? ਕੋਈ ਮਨਾਉਂਦਾ ਕੁੜੀ ਜੰਮੀ ਧੀ ਲੋਹੜੀ?

ਸੋਚਾਂ ਵਿਚ ਹੀ ਧਸੀ ਉਹ ਪਿਛਾਂਹ ਨੂੰ ਸੋਚਦੀ ਪੰਜਾਬ ਜਾ ਪਹੁੰਦੀ ਹੈ| ਕਿੰਨੀ ਸ਼ਾਂਤੀ, ਪਿਆਰ ਤੇ ਸੁੱਖ ਸੀ ਉਥੇ?

ਗੁਆਂਢੀਆਂ ਦੀ ਹਰ ਤਰ੍ਹਾਂ ਦੇ ਦੁੱਖ-ਸੁੱਖ ਵਿਚ ਭਾਈਵਾਲੀ, ਸਾਂਝ ਤੇ ਮੁਹੱਬਤ  ਏਥੇ ਤਾਂ ਲਾਗਲੇ ਘਰ ਵਾਲੇ ਦਾ ਵੀ ਪਤਾ ਨਹੀਂ ਕੌਣ ਹੈ? ਗੁਰੂਘਰਾਂ ਵਿਚ ਵੀ ਜੇ ਏਥੇ ਜਾਈਦਾ ਹੈ ਸ਼ਾਂਤੀ ਭਾਲਣ ਤਾਂ ਉਪਰਾਮਤਾ ਹੀ ਪੱਲੇ ਪੁਆ ਕੇ ਮੁੜੀਦਾ ਹੈ| ਹਰ ਪਾਸੇ ਭੱਜ-ਨੱਸ ਤੇ ਕਾਹਲੀ| ਲੋਕੀਂ ਕੀੜਿਆਂ ਦੇ ਭੌਣ ਵਾਂਗ ਹਰਲ-ਹਰਲ ਕਰਦੇ ਭੱਜੇ ਫਿਰਦੇ ਹਨ| ਕਿਸੇ ਕੋਲ ਦੂਜੇ ਨਾਲ ਗੱਲ ਕਰਨ ਦਾ ਵੀ ਵਿਹਲ ਨਹੀਂ ਹੈ| ਸਾਡਾ ਵੀਕ-ਐਂਡ ਤਾਂ ਪਾਰਟੀਆਂ, ਜਿਹੜੀਆਂ ਮਰਦਾਂ ਦਾ ਖਾਣ-ਪੀਣ ਦਾ ਢਕਵੰਜ ਹਨ, ਦੇ ਖਾਣ-ਪਕਾਣ ਦੇ ਆਹਰ, ਭਾਂਡੇ ਮਾਂਜਣ ਤੇ ਘਰ ਦੀ ਪੂੰਝਾ-ਪਾਂਝੀ ਤੇ ਗਰੌਸਰੀ ਲਿਆਉਣ ਦੇ ਹੀ ਲੇਖੇ ਲੱਗ ਜਾਂਦਾ ਹੈ| ਆਦਮੀ ਜ਼ਰੂਰ ਦੋ ਦਿਨ ਐਸ਼ ਲੁੱਟਦੇ ਹਨ|

ਉਹ ਇਸ ਤੋਂ ਵੀ ਅੱਗੇ ਸੋਚਣ ਲੱਗਦੀ, “ਕੀ ਨਹੀਂ ਸੀ ਸਾਡੇ ਕੋਲ ਏਥੇ ਪੰਜਾਬ ਵਿਚ? ਮੈਂ ਆਪ ਮੁਖ-ਅਧਿਆਪਕਾ ਪ੍ਰਮੋਟ ਹੋਣ ਵਾਲੀ ਸਾਂ| ਪਤੀ ਮਨਜੀਤ ਕੋਲ ਕਲਾਸ ਵੰਨ ਜੌਬ ਸੀ ਅਤੇ ਅਗਲੀ ਪ੍ਰਮੋਸ਼ਨ ਦੇ ਬੂਹੇ ਤੇ ਅੱਪੜੇ ਹੋਏ ਸੀ| ਦੋਵੇਂ ਬੱਚੇ, ਬੇਟੀ ਡਿੰਪੀ ਅਤੇ ਬੇਟਾ ਹੈਰੀ ਬਹੁਤ ਲਾਇਕ ਸਨ| ਡਿੰਪੀ ਡਾਕਟਰ ਬਣਨਾ ਚਾਹੁੰਦੀ ਸੀ ਅਤੇ ਹੈਰੀ ਇੰਜਨੀਅਰ| ਅਸੀਂ ਹਰ ਤਰ੍ਹਾਂ ਨਾਲ ਇਨ੍ਹਾਂ ਦੀ ਖਾਹਿਸ਼ਾਂ ਦੀ ਪੂਰਤੀ ਲਈ,ੰੇਤ,ਸਾਇੰਸ ਤੇ ਇੰਗਲਸ਼ ਵਿਚ ਸਾਰਾ ਸਾਲ ਟਿਊਸ਼ਨ ਰੱਖ ਕੇ ਦੇ ਰਹੇ ਸਾਂ | ਦੋਵੇਂ ਬੱਚੇ ਟੌਪਰਾਂ ਵਿਚ ਸਨ | ਮੈਂ ਆਪ ਵੀ ਉਨ੍ਹਾਂ ਵੀ ਲੋੜ ਅਨੁਸਾਰ ਹਰ ਤਰ੍ਹਾਂ ਦੀ ਸਹਾਇਤਾ ਕਰਦੀ ਰਹਿੰਦੀ ਸੀ|ਸਾਡਾ ਦੰਪਤੀ ਜੀਵਨ ਕਿੰਨਾ ਸੋਹਣਾ ਲੰਘ ਰਿਹਾ ਸੀ|

ਆਰਥਿਕ ਪੱਖੋਂ ਵੀ ਕਿਸੇ ਦੀ ਨੂੰਹ-ਧੀ ਨਾਲੋਂ ਘੱਟ ਨਹੀਂ ਸੀ| ਆਪਣੀ ਕੋਠੀ ਸੀ, ਅੱਗੇ ਕਈ ਦੁਕਾਨਾਂ ਸਨ| ਉਨ੍ਹਾਂ ਦਾ ਕਰਾਇਆ ਤੇ ਜ਼ਮੀਨ ਦਾ ਠੇਕਾ ਗੁਜ਼ਾਰੇ ਜੋਗਾ ਵਾਧੂ ਆ ਜਾਂਦਾ ਸੀ| ਕੋਈ ਕਮੀ ਜਾਂ ਥੁੜ ਨਹੀਂ ਸੀ,ਜੇ ਕਮੀ ਸੀ ਤਾਂ ਕੇਵਲ ਸਬਰ ਦੀ ਸੀ, ਉਹ ਕਿਤੋਂ ਮੁਲ ਵੀ ਨਹੀਂ ਲੱਭਦਾ, ਨਹੀਂ ਤੇ ਮੈਂ ਢੇਰ ਸਾਰਾ ਜ਼ਰੂਰ ਖਰੀਦ ਦੇਣਾ ਸੀ| ਸਗੋਂ ਹਰ ਵੇਲੇ ਅਮਲੀ ਦੀ ਟੋਟ ਵਾਂਗ ਇਹੋ ਹੀ ਸੋਚਦੇ ਰਹਿੰਦੇ, ਆਪਣੇ ਕੈਨੇਡਾ ਰਹਿੰਦੇ ਤਾਇਆ ਜੀ ਦੇ ਪਰਿਵਾਰ ਵੱਲ| ਉਨ੍ਹਾਂ ਨਾਲ ਆਪਣਾ ਮੁਕਾਬਲਾ ਕਰਦੇ ਰਹਿੰਦੇ| ਕਿਵੇਂ ਮਹੱਲਾਂ ਵਰਗੀਆਂ ਲੋਠੀਆਂ ਕਈ ਸ਼ਹਿਰਾਂ ਵਿਚ ਬਣਾਈਆਂ ਹੋਈਆਂ ਹਨ| ਵੰਨ ਸਵੰਨੀਆਂ ਕਾਰਾਂ ਰੱਖੀਆਂ ਹੋਈਆਂ ਨੇ| ਉਨ੍ਹਾਂ ਵਿਚੋਂ ਕੋਈ ਨਾ ਕੋਈ ਕੈਨੇਡਾ ਤੋਂ ਆਇਆ ਹੀ ਰਹਿੰਦਾ ਹੈ| ਇਨ੍ਹਾਂ ਦਾ ਤਾਂ ਟੌਹਰ ਹੀ ਨਹੀਂ ਲਿਆ ਜਾਂਦਾ| ਮੈਂ ਤਾਂ ਇਨ੍ਹਾਂ ਦੇ ਮੁਕਾਬਲੇ ਕੱਖ ਵੀ ਨਹੀਂ ਹਾਂ| ਜੂਨ ਤਾਂ ਇਨ੍ਹਾਂ ਦੀ ਹੈ, ਜਦੋਂ ਵੀ ਉਹ ਸਾਡੇ ਵੱਲ ਆਉਂਦੇ ਹਨ, ਕੈਨੇਡਾ ਦੀਆਂ ਮੌਜਾਂ ਬਹਾਰਾਂ ਦੀਆਂ ਗੱਲਾਂ ਸੁਣਾਉਂਦੇ ਨਹੀਂ ਥੱਕਦੇ| ਮਨਜੀਤ ਸੋਚਦਾ, “ਇਹ ਤਾਂ ਸੱਚੀਂ ਹੀ ਕਿਸੇ ਸਵਰਗ ਵਿਚ ਰਹਿੰਦੇ ਲੱਗਦੇ ਹਨ ਅਤੇ ਅਸੀਂ ਏਥੇ ਨਰਕ ਭੋਗੀ ਜਾ ਰਹੇ ਹਾਂ| ਕੋਹਲੂ ਦੇ ਬਲਦ ਵਾਂਗ ਹਰ ਰੋਜ਼ ਜੁੜੇ ਰਹਿੰਦੇ ਹਾਂ| ਇਹ ਏਥੇ ਆ ਕੇ ਵੀ ਮੌਜਾਂ ਲੁਟਦੇ ਹਨ ਅਤੇ ਸੈਰ-ਸਪਾਟੇ ਕਰਦੇ ਤੁਰੇ ਰਹਿੰਦੇ ਨੇ| ਉਸ ਦਾ ਦਿਲ ਕਰਦਾ ਕਿ ਉਹ ਵੀ ਉਡ ਕੇ ਕੈਨੇਡਾ ਜਾ ਪਹੁੰਚੇ|”

ਜੇ ਕਦੇ ਉਹ ਆਪਣੇ ਕਜ਼ਨ ਕੁਲਜੀਤ ਕੋਲ ਗੱਲ ਛੇੜਦਾ, “ਕਿਸੇ ਤਰ੍ਹਾਂ ਸਾਨੂੰ ਵੀ ਉਧਰ ਕੱਢੋ?”

ਤਾਂ ਉਹ ਅੱਗੋਂ ਆਖਦਾ, “ਉਧਰ ਕੈਨੇਡਾ ਵਿਚ ਕੀ ਐ? ਦੂਰ ਦੇ ਢੋਲ ਸਹਾਵਣੇ ਲੱਗਦੇ ਨੇ| ਅਸੀਂ ਤਾਂ ਫਸੇ ਮਾਰ ਖਾ ਹੀ ਰਹੇ ਹਾਂ, ਤੁਸੀਂ ਤਾਂ ਬਚੋ| ਆਪਣੇ ਦੇਸ਼ ਜਿਹਾ ਕੋਈ ਹੋਰ ਦੇਸ਼ ਨਹੀਂ ਹੁੰਦਾ, ਜਿਹਾ ਸੁਖ ਛੱਜੂ ਦੇ ਚੁਬਾਰੇ, ਤਿਹਾ ਬਲਖ ਨਾ ਬੁਖਾਰੇ| ਕੈਨੇਡਾ ਤਾਂ ਬੂਰ ਦੇ ਲੱਡੂ ਹੀ ਨੇ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਨਾ ਖਾਣ ਵਾਲੇ ਨੇ ਤਾਂ ਪਛਤਾਉਣਾ ਹੀ ਹੋਇਆ| ਏਥੇ ਐਸ਼ ਕਰਦੇ ਹੋ, ਉਥੇ ਜਾ ਕੇ ਫੇਕਟਰੀਆਂ ਵਿਚ ਜ਼ਰੂਰ ਹੀ ਧੱਕੇ ਖਾਣੇ ਨੇ| ਕੁੱਝ ਨਹੀਂ ਪਿਆ ਉਥੇ|”

ਮਨਜੀਤ ਨੂੰ ਲੱਗਦਾ, “ਦੇਖ ਕਿਵੇਂ ਟਰਕਾਲੋਜੀ ਵਰਤ ਰਿਹਾ, ਲਿਜਾਣ ਦਾ ਮਾਰਾ|”

ਹੁਣ ਰਣਜੀਤ ਦੀਆਂ ਸੋਚਾਂ ਦਾ ਘੋੜਾ ਉਸ ਦਿਨ ਤੇ ਜਾ ਪਹੁੰਚਿਆ, ਜਿਸ ਦਿਨ ਮਨਜੀਤ ਖੁਸ਼-ਖੁਸ਼ ਚਹਿਕਦਾ ਘਰ ਆਇਆ ਸੀ| ਖੁਸ਼ੀ ਉਸ ਤੋਂ ਭੱਠੀ ਦੀਆਂ ਖਿੱਲਾਂ ਵਾਂਗ ਸਾਂਭੀ ਨਹੀਂ ਜਾ ਰਹੀ ਸੀ| ਆਉਂਦਾ ਹੀ ਕਹਿਣ ਲੱਗਾ ਸੀ, “ਆਖਰ ਦੋਸਤ ਦੋਸਤ ਹੀ ਹੁੰਦੇ ਹਨ| ਆਪਣੇ ਤਾਂ ਈਰਖਾ ਦੀ ਅੱਗ ਵਿਚ ਹੀ ਸੜਦੇ ਰਹਿੰਦੇ ਹਨ, ਬਈ ਕੋਈ ਇਨ੍ਹਾਂ ਦੇ ਬਰਾਬਰ ਦਾ ਨਾ ਹੋ ਜਾਵੇ| ਇਹ ਨਹੀਂ ਸ਼ਰੀਕੇਬਾਜ਼ੀ ਤੋਂ ਉਪਰ ਉਠ ਸਕਦੇ| ਭਾਟੀਆ ਸਾਹਿਬ ਨੇ ਇੱਕ ਪਲੈਣ ਦਿੱਤੀ ਹੈ। ਦਿਲ ਸੁਣ ਕੇ ਹੀ ਬਾਗ਼ੋ-ਬਾਗ਼ ਹੋ ਗਿਆ| ਪਰ ਜੇ ਤੂੰ ਹਾਂ ਆਖੇਂਗੀ ਤਾਂ ਹੀ ਬੇੜਾ ਪਾਰ ਲੱਗਣਾ ਹੈ, ਬੱਸ ਹਾਂ ਕਰ ਦੇਵੀਂ ਸੁਣ ਕੇ|”

“ਤੁਹਾਨੂੰ ਤਾਂ ਇੱਕ ਝੱਲ ਕੁਦਿਆ ਹੋਇਆ,ਕਿ ਕਿਵੇਂ ਰਾਤੋ-ਰਾਤਕਿਤੋਂ ਕਾਰੂੰ ਬਾਦਸ਼ਾਹ ਦਾ ਖਜ਼ਾਨਾ ਲੱਭ ਜਾਵੇ ਅਤੇ ਸੱਭ ਤੋਂ ਵੱਧ ਅਮੀਰ ਬਣ ਜਾਵੋਂ | ਅਜਿਹੀ ਹੀ ਕੋਈ ਸ਼ੇਖ-ਚਿੱਲੀ ਵਾਲੀ ਸਕਮਿ ਦੀ ਭਾਟੀਏ ਨੇ ਕੰਨ ਵਿਚ ਫੁਕ ਮਾਰ ਦਿੱਤੀ ਹੋਵੇਗੀ| ਮੈਂ ਉਸ ਦੇ ਪੋਤੜਿਆਂ ਤੋਂ ਜਾਨੂੰ ਹਾਂ,ਉਹ ਆਪ ਇੱਕ ਕੰਨ ਵਿਚੋਂ ਸੁਣ ਕੇ ਦੂਜੇ ਰਾਹੀਂ ਕੱਢ ਦਿੰਦਾ ਹੈ | ਦੂਜਿਆਂ ਦਾ ਮੌਜੂ ਬਣਾਉਂਦਾ ਹੈ | ਤੁਸੀਂ ਭੋਲੇ-ਨਾਥ ਹਰ ਕਿਸੇ ਦੀਆਂ ਗੱਲਾਂ ਵਿਚ ਆ ਜਾਂਦੇ ਹੋ | ਇਹ ਸਕਮਿ ਵੀ ਪਹਿਲੀਆਂ ਜਿਹੀ ਹੀ ਇੱਕ ਹੋਣੀ ਐ | ਮੈਂ ਜੇ ਤੁਹਾਨੂੰ ਨਾ ਰੋਕਾਂ ਤਾਂ ਇਹ ਬਾਂਗੇ ਹੋਏ ਗੱਡੇ ਵਾਂਗ ਸੋਹਣੀ ਰਿੜ੍ਹਦੀ ਠਕਿ ਚਾਲੇ ਪਈ ਜਿੰ਼ਦਗੀ ਦੀ ਗੱਡੀ ਹੁਣ ਨੂੰ ਕਦੇ ਦੀ ਕਲੀਹੇ ਪਈ ਹੋਣੀ ਸੀ |”

“ਤੈਨੂੰ ਗੱਲ ਕੀ ਸੁਆਹ ਦੱਸਣੀ ਹੈ| ਅੱਧੀ ਢੇਰੀ ਤਾਂ ਸੁਣਨ ਤੋਂ ਪਹਿਲਾਂ ਹੀ ਢਾਅ ਦਿੱਤੀ ਹੈ, ਹੁਣ ਦੱਸਾਂ ਕੀ ਖੇਹ?”

“ਚੱਲੋ ਹੁਣ ਕੱਢੋ ਬਿੱਲੀ ਨੂੰ ਥੇਲੇ ‘ਚੋਂ ਬਾਹਰ, ਦੇਖਾਂ ਤਾਂ ਸਹੀ ਕਿਹੜੀ ਜਾਦੂ ਦੀ ਛੜੀ ਲੱਭ ਲਿਆਏ ਹੋ?”

“ਜੇ ਮੰਨਣ ਲਈ ਹਾਂ ਕਹੇਂ ਤਾਂ ਦੱਸਾਂ, ਕੀ ਫਾਇਦਾ ਅੰਨ੍ਹੇ ਅੱਗੇ ਰੋ ਕੇ ਆਪਣੇ ਹੀ ਦੀਦੇ ਗਾਲਣ ਦਾ| ਪਰ ਦੱਸਣ ਬਿਨਾ ਹੁਣ ਹੋਰ ਕੋਈ ਚਾਰਾ ਵੀ ਨਹੀਂ ਹੈ| ਲੈ ਸੁਣ,ਆਪਾਂ ਵੀ ਕਨੇਡਾ ਚੱਲੀਏ| ਆਪਾਂ ਵੀ ਉਥੇ ਦਿਆਂ ਡਾਲਰਾਂ ਨਾਲ ਮੌਜਾਂ ਲੁਟੀਏ ਚਾਰ ਦਿਨ| ਪਤਾ ਲੱਗਿਆ ਜਿੰਨੀ ਮਰਜ਼ੀ ਕਮਾਈ ਕਰ ਲਵੋ, ਮਿਹਨਤ ਕਰਕੇ| ਕੁੱਝ ਸਮਾਂ ਦੱਬ ਕੇ ਕੰਮ ਕਰੋ, ਫੇਰ ਸਾਰੀ ਉਮਰ ਐਸ਼ ਕਰੋ| ਵੀਕ-ਐਂਡ ਤੇ ਲੋਕੀਂ ਬੱਚਿਆਂ ਨਾਲ ਪਾਰਕਾਂ ਨੂੰ ਭਾਗ ਲਾਉਂਦੇ ਹਨ| ਖੂਬ ਸੈਰ-ਸਪਾਟਾ ਤੇ ਮਨੋਰੰਜਨ ਕਰਦੇ ਹਨ| ਕਹਿੰਦੇ ਹਨ ਕਿ ਕੈਨੇਡਾ ਰਹਿਣ ਲਈ ਦੁਨੀਆ ਦਾ ਸੱਭ ਤੋਂ ਚੰਗਾ ਦੇਸ਼ ਹੈ|”

“ਹੋਈ ਨਾ ਮੇਰੀ ਗੱਲ ਸੱਚੀ| ਪੁਟਿਆ ਪਹਾੜ ਤੇ ਨਿਕਲਿਆ ਚੂਹਾ| ਸੂਤ ਨਾ ਪਤਾਨ ਜੁਲਾਹੇ ਨਾਲ ਠੈਂਗਮ-ਠੈਂਗੀ| ਉਥੇ ਆਪਾਂ ਜਾਵਾਂਗੇ ਕਿਵੇਂ?”

“ਤੂੰ ਪੂਰੀ ਗੱਲ ਤਾਂ ਸੁਣੀ ਨਹੀਂ, ਅੱਗੋਂ ਆਪਣੀਆਂ ਹੀ ਮਾਰਨ ਲੱਗ ਪਈ| ਭਾਟੀਆ ਦੇ ਘਰ ਉਸ ਦਾ ਕੈਨੇਡਾ ਤੋਂ ਇੱਕ ਦੋਸਤ ਆਇਆ ਹੋਇਆ ਸੀ| ਉਸ ਨੇ ਲਿਜਾਣ ਦੀ ਸਕਮਿ ਦੱਸ ਕੇ ਸੱਭ ਕੁੱਝ ਸਮਝਾ ਦਿੱਤਾ ਹੈ| ਜਿਹੜੇ ਏਜੰਟ ਰਾਹੀਂ ਉਹ ਆਪ ਗਿਆ ਸੀ, ਉਸ ਨਾਲ ਟੈਲੀਫੂਨ ਤੇ ਗੱਲਬਾਤ ਕਰਾ ਕੇ ਸੱਭ ਮਾਮਲਾ ਫਿੱਟ ਕਰਵਾ ਦਿੱਤਾ ਹੈ| ਚੌਹਾਂ ਦਾ ਆਪਣਾ ਚਾਰ ਲੱਖ ਵਿਚ ਬਿਜ਼ਨੈਸ ਵੀਜ਼ਾ ਦਵਾ ਦੇਵੇਗਾ| ਆਪਣੀ ਫੀਸ ਉਹ ਵੀਜ਼ੇ ਮਿਲਣ ਪਿੱਛੋਂ ਲਵੇਗਾ|” 

“ਏਨੀ ਰਕਮ ਨਾਲ ਤਾਂ ਬੰਦਾ ਏਥੇ ਹੀ ਬਾਦਸ਼ਾਹ ਐ, ਕੈਨੇਡਾ ਜਾ ਕੇ ਜ਼ਰੂਰ ਫੇਕਟਰੀਆਂ ਵਿੱਚ ਧੱਕੇ ਖਾਣੇ ਨੇ?”

“ਐਂ ਤਾਂ ਖੁਹ ਵੀ ਖਾਲੀ ਹੋ ਜਾਂਦੇ ਨੇ, ਜੇ ਹੋਰ ਕਮਾਈ ਨਾ ਕਰੀਏ| ਮੈਂ ਤਾਂ ਏਜੰਟ ਨੂੰ ਹਾਂ ਵੀ ਕਰ ਆਇਆ ਹਾਂ| ਹੁਣ ਤੂੰ ਵੀ ਹਾਂ ਕਰ ਦੇ| ਸਕਮਿ ਹੀ ਐਸੀ ਹੈ, ਸੁਣ ਕੇ ਹੀ ਮੂੰਹ ਵਿਚ ਪਾਣੀ ਭਰ ਆਇਆ ਸੀ| ਐਵੇਂ ਪੈਸੀਮਿਸਟ ਨਹੀਂ ਬਣੀਦਾ| ਸੱਭ ਤੋਂ ਵੱਡੀ ਗੱਲ ਤਾਂ ਬੱਚਿਆਂ ਦੇ ਭਵਿਖ ਦੀ ਹੈ, ਇਨ੍ਹਾਂ ਲਈ ਹੀ ਤਾਂ ਸੱਭ ਕੁੱਝ ਕਰ ਰਿਹਾ ਹਾਂ| ਏਥੇ ਤਾਂ ਇਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋਣੇ| ਹਰ ਕਿਸਮ ਦੇ ਦਾਖਲੇ ਲਈ ਮੈਰਿਟ ਐਵਰਸਟ ਦੀ ਟੀਸੀ ਤੇ ਚੜ੍ਹੀ ਹੋਈ ਹੈ| ਨੱਬੇ ਫਸਿਦੀ ਨੰਬਰ ਲੈ ਕੇ ਵੀ ਸ਼ਾਇਦ ਹੀ ਕੋਈ ਭਾਗਾਂ ਵਾਲੇ ਆਪਣਾ ਕੈਰੀਅਰ ਬਣਾ ਸਕਣ ਕਿਉਂਕਿ ਹੋਰ ਵੀਹ ਕਿਸਮ ਦੀ ਹੇਰਾ ਫੇਰੀ ਚੱਲਦੀ ਹੈ, ਉਹ ਆਪਾਂ ਕਰਨ ਜੋਗੇ ਨਹੀਂ| ਬੱਸ ਹੁਣ ਤਾਂ ਜੀ ਕਰਦਾ ਕਿਹੜਾ ਵੇਲਾ ਹੋਵੇ ਤੇ ਕੈਨੇਡਾ ਜਾ ਪਹੁੰਚੀਏ|”

ਰਣਜੀਤ ਸੋਚੀਂ ਜਾ ਰਹੀ ਸੀ, ਕਿੰਝ ਮੈਂ ਬੇਦਿਲੀ ਤੇ ਨਿਰਾਸਤਾ ਨਾਲ ਆਖਿਆ ਸੀ, “ਮੇਰਾ ਦਿਲ ਤਾਂ ਨਹੀਂ ਮੰਨਦਾ| ਤੁਸੀਂ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਹੀ ਮੇਰੀ ਸਲਾਹ ਪੁੱਛ ਰਹੇ ਹੋ, ਕਰਨੀ ਹੋਰ ਮਰਦਾਂ ਵਾਂਗ ਤੁਸੀਂ ਵੀ ਆਪਣੀ ਮਰਜ਼ੀ ਹੀ ਹੈ| ਸਬਰ ਬਿਨਾ ਨਹੀਂ ਕੋਈ ਰੱਜਿਆ| ਏਥੇ ਹੀ ਵਾਹਿਗੁਰੂ ਦਾ ਦਿੱਤਾ ਸੱਭ ਕੁੱਝ ਹੈ, ਕੋਈ ਘਾਟਾ ਨਹੀਂ| ਅਜੇ ਵੀ ਸੋਚ ਲਵੋ, ਕਿਤੇ ਪਿੱਛੋਂ ਪਛਤਾਉਂਣਾ ਹੀ ਨਾ ਪਵੇ|”

ਹੁਣ ਉਸ ਦੀਆਂ ਅੱਗੇ ਉਸ ਸੱਭ ਕੁੱਝ ਦੀ ਰੀਲ੍ਹ ਚਲਦੀ ਗਈ, ਕਿਵੇਂ ਸੱਭ ਕੁੱਝ ਵੇਚ ਵੱਟ ਕੇ ਦਮਾਮੇਂ ਮਾਰਦੇ ਸਾਰੇ ਕੈਨੇਡਾ ਦਾ ਮੇਲਾ ਵੇਖਣ ਆ ਗਏ ਸੀ| ਇੱਕ ਬੇਗਾਨੇ ਦੇਸ਼ ਅਣਜਾਣ, ਇੱਕ ਪਾਣੀ ‘ਚੋਂ ਨਿੱਕਲੀ ਮੱਛੀ ਵਾਂਗ ਸਾਂ| ਸੱਭ ਕੁੱਝ ਓਪਰਾ ਤੇ ਬੇਗਾਨਾ ਜਾਪਦਾ ਸੀ, ਜਿਵੇਂ ਹਨੇਰੀ ਨੇ ਆਲ੍ਹਣੇ ਦਾ ਤੀਲਾ-ਤੀਲਾ ਬਖੇਰ ਦਿੱਤਾ ਹੋਵੇ, ਸੋ ਮੁੜ ਆਲ੍ਹਣਾ ਬਣਾਉਣ ਦੀ ਸੋਚ ਤਪਦਿੱਕ ਦੇ ਰੋਗ ਵਾਂਗ ਚਿੰਬੜ ਗਈ ਸੀ| ਬੀਜੜੇ ਦੇ ਆਲ੍ਹਣਾ ਪਾਉਣ ਵਾਂਗ ਸੱਭ ਜੀ ਜੁੱਟ ਗਏ ਸੀ| ਬੇਸਮੈਂਟ ਵਿਚ ਰਹਿਣਾ ਸ਼ੁਰੂ ਕੀਤਾ ਸੀ| ਦਿਨ ਨਿਕਲਦੇ ਤੇ ਛਿਪਦੇ ਦਾ ਕੋਈ ਪਤਾ ਨਹੀਂ ਲੱਗਦਾ ਸੀ| ਹੁਣ ਪਤਾ ਲੱਗ ਰਿਹਾ ਸੀ ਕਿਵੇਂ ਜੀਵਨ ਦੀਆਂ ਮੁਸ਼ਕਿਲਾਂ ਨਾਲ ਘੋਲ ਕਰੀਦਾ ਹੈ| ਕਾਰ ਚਲਾਉਣੀ ਤਾਂ ਜਾਣਦੇ ਸੀ, ਇੰਡੀਆ ਦਾ ਲਾਇਸੈਂਸ ਵੀ ਹੈ ਸੀ, ਪਰ ਏਥੇ ਕਾਰ ਚਲਾਉਣ ਲਈ ਕੈਨੇਡਾ ਦਾ ਡਰਾਈਵਿੰਗ-ਲਾਇਸੈਂਸ ਲੋੜੀਂਦਾ ਸੀ ਅਤੇ ਇਹ ਇੰਡੀਆ ਵਾਂਗ ਪੈਸੇ ਦੇ ਕੇ ਬਿਨਾ ਟੈਸਟ ਪਾਸ ਕੀਤੇ ਤੋਂ ਨਹੀਂ ਲਿਆ ਜਾ ਸਕਦਾ ਸੀ| ਇਸ ਲਈ ਕੁੱਝ ਸਮਾਂ ਵੀ ਲੱਗਣਾ ਸੀ| ਉਨ੍ਹਾਂ ਚਿਰ ਖੇਤਾਂ ਵਿਚ ਹੀ ਕੰਮ ਕਰਨਾ ਪਿਆ, ਕਿਉਂਜੋ ਇੱਥੇ ਕੰਮ ਤੇ ਜਾਣ ਲਈ ਉਹ ਥੋੜੇ ਜਿਹੇ ਪੈਸੇ ਼ਲੈ ਕੇ ਆਪ ਹੀ ਰਾਈਡ ਦੇ ਦਿੰਦੇ ਸੀ| ਹੁਣ ਪਤਾ ਲੱਗ ਰਿਹਾ ਸੀ, ਦਸਾਂ-ਨੌਹਾਂ ਦੀ ਕਮਾਈ ਕਿਸ ਨੂੰ ਆਖਦੇ ਹਨ| ਕਿੱਥੇ ਆਪਣੇ ਦੇਸ਼ ਦੀਆਂ ਜੌਬਾਂ ਦੀਆਂ ਐਸ਼ਾਂ, ਸਰਕਾਰੀ ਨੌਕਰੀਆਂ ਸਨ| ਕੰਮ ਕਰਨ ਦੀ ਲੋੜ ਹੀ ਨਹੀਂ ਸੀ, ਬੱਸ ਮੌਜਾਂ ਹੀ ਮੌਜਾਂ ਸਨ| ਏਥੇ ਖੂਨ-ਪਸੀਨਾ ਇੱਕ ਕਰਨਾ ਪੈ ਰਿਹਾ ਸੀ|

ਇਹ ਛੋਟਾ ਜਿਹਾ ਸ਼ਹਿਰ ਸੀ| ਬੱਸ ਸਰਵਿਸ ਵੀ ਘੱਟ ਸੀ| ਬੱਚਿਆਂ ਨੂੰ ਸਕੂਲ ਪੈਦਲ ਹੀ ਜਾਣਾ ਪੈ ਰਿਹਾ ਸੀ| ਉਹ ਅੱਡ ਦੁਖੀ ਸਨ ਤੇ ਬੁੜ-ਬੁੜ ਕਰਦੇ ਕਹਿੰਦੇ, “ਡੈਡੀ ਚੰਗੇ ਸਵਰਗ ਵਿਚ ਲਿਆਏ ਨੇ, ਇਹ ਤਾਂ ਸਾਨੂੰ ਨਰਕ ਨਾਲੋਂ ਵੀ ਭੈੜਾ ਜਾਪਦਾ ਹੈ|” ਪਰ ਸਕੂਲ ਵਿਚ ਖੁਲ੍ਹੀਆਂ ਵਾਗਾਂ ਤੇ ਮੌਜਾਂ ਵੇਖ ਕੇ ਅੰਦਰੋਂ ਪੂਰੇ ਖੁਸ਼ ਸਨ|

ਪੈਸੇ ਕੋਲ ਹੁੰਦਿਆਂ ਹੋਇਆਂ ਵੀ ਡਰ ਲੱਗਦਾ ਸੀ ਕਿ ਕਿਸੇ ਅਜਿਹੇ ਬਿਜ਼ਨੈਸ ਵਿਚ ਹੀ ਨਾ ਫਸ ਜਾਈਏ, ਕਿ ਜੋ ਪੱਲੇ ਐ ਉਸ ਤੋਂ ਵੀ ਹੱਥ ਧੋ ਬੈਠੀਏ| ਫੂਕ-ਫੁਕ ਕੇ ਕਦਮ ਪੁਟਣੇ ਪੈ ਰਹੇ ਸੀ| ਰਣਜੀਤ ਨੂੰ ਉਸ ਸਮੇ ਦੀਆਂ ਗੱਲਾਂ ਯਾਦ ਕਰਕੇ ਕੱਲੀ ਬੈਠੀ ਨੂੰ ਹਾਸਾ ਵੀ ਆ ਰਿਹਾ ਸੀ| ਕਿਵੇਂ ਥੱਕੇ-ਟੁਟੇ ਕੰਮ ਤੋਂ ਆਉਂਦੇ ਸੀ ਤੇ ਇੱਕ ਦੂਜੇ ਵੱਲ ਦੇਖਦੇ ਸੀ ਕੌਣ ਚਾਹ ਬਣਾਵੇ? ਹਾਰ ਕੇ ਮੈਂ ਹੀ ਪਹਿਲ ਕਰਦਿਆਂ ਸੋਹਣੇ ਦੇਸ਼ ਦੇ ਗੁਣ ਬੁੜ-ਬੜਾਉਂਦੇ ਹੋਏ ਆਖਣਾ, “ਆਹ ਪਤੀਲਾ ਮੈਂ ਪਹਿਲਾਂ ਧੋ ਦਿੱਤਾ ਹੈ| ਹੁਣ ਤੁਸੀਂ ਸਟੋਵ ਬਾਲ ਕੇ ਚਾਹ ਬਣਾ ਲਵੋ, ਮੈਂ ਜ਼ਰਾ ਸਵੇਰ ਦੇ ਧੋਣ ਵਾਲੇ ਪਏ ਭਾਡੇ ਧੋ ਲਵਾਂ| ਸਵੇਰੇ ਕੰਮ ਤੇ ਜਾਣ ਵੇਲੇ ਤਾਂ ਟਾਈਮ ਹੀ ਨਹੀਂ ਹੁੰਦਾ, ਸਾਫ ਕਰਨ ਦਾ| ਇੰਡੀਆ ਕਦੇ ਅਜਿਹੇ ਕੰਮਾ ਨੂੰ ਹੱਥ ਵੀ ਨਹੀਂ ਲਾਇਆ ਸੀ| ਆਪੇ ਫਾਥੜੀਏ ਹੁਣ ਤੈਨੂੰ ਕੌਣ ਛਡਾਵੇ?”

ਪਰ ਇਨ੍ਹਾਂ ਂਨੇ ਹਾਰ ਨਾ ਮੰਨਦਿਆਂ ਛਿੱਥੇ ਪੈਂਦਿਆਂ ਕਹਿਣਾ, “ਕੰਮ ਵਿਚ ਹੀ ਬਰਕਤ ਹੁੰਦੀ ਹੈ| ਹੁਣ ਜੇ ਡਰਾਉਣੀ ਹਨੇਰੀ ਰਾਤ ਜਿਹੀ ਜ਼ਿੰਦਗੀ ਹੈ ਤਾਂ ਇਸ ਦੀ ਪੌਹ ਵੀ ਜ਼ਰੂਰ ਫਟੇਗੀ ਤੇ ਖੁਸ਼ੀਆਂ ਵੰਡਦਾ ਸੂਰਜ ਵੀ ਨਿਕਲੇਗਾ| ਹੁਣ ਜੇ ਮੁਸ਼ਕਲਾਂ ਭਰਿਆ ਬਰਫੀਲਾ ਮੌਸਮ ਹੈ ਤਾਂ ਇਸ ਪਿੱਛੋਂ ਖੇੜਿਆਂ ਭਰੀ ਬਹਾਰ ਅਵੱਸ਼ ਆਵੇਗੀ| ਹਿਮੱਤ ਨਾ ਹਾਰੋ,ਹੌਸਲਾ ਰੱਖੋ|”

ਸੱਚ ਮੁੱਚ ਹੀ ਮਨਜੀਤ ਨੇ ਸਿਰੜ ਨਹੀਂ ਸੀ ਛੱਡਿਆ, ਸਾਨੂੰ ਸੱਭ ਨੂੰ ਵੀ ਹਲਾਸ਼ੇਰੀ ਦਿੰਦੇ ਰਹਿੰਦੇ| ਦਰਿੜ ਇਰਾਦੇ ਨਾਲ ਸਿਰ ਸੁੱਟ ਕੇ ਜੁਟੇ ਰਹੇ| ਸਾਨੂੰ ਸੱਭ ਨੂੰ ਵੀ ਨਾਲ ਜੋੜੀਂ ਰੱਖਿਆ| ਸੋ ਹਿੱਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ ਵਾਂਗ, ਦਿਨ ਫਿਰਨੇ ਸ਼ੁਰੂ ਹੋ ਗਏ ਸਨ| ਡਰਾਈਵੰਗ ਲਾਇਸੈਂਸ ਲੈ ਕੇ ਕਾਰ ਲੈਣ ਨਾਲ ਅੱਧੀਆਂ ਮੁਸ਼ਕਿਲਾਂ ਤਾਂ ਖੰਭ ਲਾ ਕੇ ਉਡ ਗਈਆਂ| ਮਿਲਣ-ਗਿਲਣ ਵਾਲਿਆਂ ਤੋਂ ਸਲਾਹਾਂ ਲੈ ਤੇ ਪੁੱਛ-ਪਛਾ ਕੇ ਇੱਕ ਗਰੌਸਰੀ-ਸਟੋਰ ਲੈ ਲਿਆ ਸੀ| ਮੈਂ ਵੀ ਸਟੋਰ ਤੇ ਮਨਜੀਤ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਵਿਚ ਜੁੱਟ ਗਈ ਸੀ| ਆਪਣੇ ਬਿਜ਼ਨੈਸ ਵਿਚ ਹੁਣ ਸਾਰਿਆਂ ਨੂੰ ਕੰਮ ਕਰਕੇ ਆਨੰਦ ਮਹਿਸੂਸ ਹੋਣ ਲੱਗਾ ਸੀ| ਹੌਲੀ-ਹੌਲੀ ਆਪਣਾ ਘਰ ਵੀ ਲੈ ਲਿਆ ਸੀ|

ਰਣਜੀਤ ਸੋਚਾਂ ਵਿਚ ਡੁੱਬੀ ਹੋਰ ਅੱਗੇ ਨਿੱਕਲ ਗਈ| ਹੁਣ ਡਿੰਪੀ ਯੁਨੀਵਰਸਟੀ ਕਾਰ ਤੇ ਜਾਣ ਲੱਗ ਗਈ ਸੀ, ਹੈਰੀ ਨੂੰ ਸਕੂਲ ਤੱਕ ਰਾਈਡ ਦੇ ਦਿੰਦੀ| ਫੇਰ ਯਾਦਾਂ ਵਿਚ ਗੁਲਾਬ ਦੇ ਫੁੱਲ ਨਾਲ ਲੱਗੇ ਕੰਡੇ ਦੀ ਚੁਭਣ ਧੁੱਸ ਮਾਰ ਕੇ ਆ ਵੜੀ| ਪੈਸਾ ਤਾਂ ਧੜਾ-ਧੜ ਆ ਰਿਹਾ ਸੀ ਪਰ ਰੁਝੇਵੇਂ ਸਿਆਲ ਦੀ ਗੂੜ੍ਹੀ ਹੁੰਦੀ ਜਾਂਦੀ ਧੰੁਦ ਵਾਂਗ ਦਿਨੋ-ਦਿਨ ਵਧੀ ਜਾ ਰਹੇ ਸਨ| ਵੀਕ-ਐਂਡ ਤੇ ਬੱਚਿਆਂ ਨਾਲ ਘੁਮਣਾ-ਫਿਰਨਾ ਤਾਂ ਸੁਪਨਾ ਬਣ ਕੇ ਹੀ ਰਹਿ ਗਿਆ ਸੀ, ਸਗੋਂ ਬੱਚਿਆਂ ਨੂੰ ਵੀ ਵੀਕ-ਐਂਡ ਤੇ ਕੰਮ ਵਿਚ ਨਾਲ ਲਾ ਲਿਆ ਜਾਂਦਾ| ਉਨ੍ਹਾਂ ਵੱਲ ਤਾਂ ਭੋਰਾ ਵੀ ਧਿਆਨ ਨਹੀਂ ਸੀ ਦੇ ਹੋ ਰਿਹਾ| ਉਨ੍ਹਾਂ ਤੇ ਤਾਂ ਵਾਹਿਗੁਰੂ ਦੀ ਹੀ ਅਪਾਰ ਕ੍ਰਿਪਾ ਸੀ, ਵਿਚਾਰੇ ਆਪਣੀ ਪੜ੍ਹਾਈ ਆਪ ਹੀ ਠੀਕ-ਠਾਕ ਸੋਹਣੀ ਤਰ੍ਹਾਂ ਕਰੀ ਜਾ ਰਹੇ ਸਨ| ਲੋੜੀਂਦੀ ਅਗਵਾਈ ਸਾਡੇ ਤੋਂ ਵੀ ਆਪਣੇ-ਆਪ ਹੀ ਮੱਲੋਜੋਰੀ ਲੈ ਲੈਂਦੇ| ਡਿੰਪੀ ਡਾਕਟਰ ਬਣ ਰਹੀ ਸੀ ਤੇ ਹੈਰੀ ਕੰਪਿਊਟਰ ਵਿਚ ਪ੍ਰੋਗਰਾਮਿੰਗ ਦੀ ਡਿਗਰੀ ਕਰ ਰਿਹਾ ਸੀ| ਦੋਵੇਂ ਪੁੱਜਕੇ ਨੇਕ ਤੇ ਲਾਇਕ ਸਨ|

ਸੋਚਾਂ ਰਣਜੀਤ ਦਾ ਖਿਹੜਾ ਨਹੀਂ ਸੀ ਛੱਡ ਰਹੀਆਂ ਤੇ ਹੁਣ ਉਹ ਫਿਕਰ ਵਾਲੀ ਗੱਲ ਤੇ ਪਹੁੰਚ ਗਈ ਸੀ, ਜਿਹੜੀ ਹੁਣ ਦੋਵਾਂ ਬੱਚਿਆਂ ਵਿਚ ਆਮ ਨਜ਼ਰ ਆ ਰਹੀ ਸੀ | ਦੋਵੇਂ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ੇ ਦੇ ਰੰਗ ਬਦਲਣ ਵਾਂਗ ਪੱਛਮੀ ਸੱਭਿਅਤਾ ਦੇ ਰੰਗ ਵਿਚ ਰੰਗੇ ਜਾ ਰਹੇ ਸਨ| ਉਹ ਗੱਲ-ਗੱਲ ਵਿਚ ਅੱਗੋਂ ਦਲੀਲਾਂ ਦੇ-ਦੇ ਕੇ ਸਾਨੂੰ ਨਿਰੁਤੱਰ ਕਰ ਦਿੰਦੇ ਸਨ| ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਮੰਨਣੀਆਂ ਪੈਂਦੀਆਂ, ਕਿਉਂਕਿ ਉਨ੍ਹਾਂ ਵਿਚ ਵਜ਼ਨ ਹੁੰਦਾ ਸੀ| ਹੁਣ ਅੱਖਾਂ ਅੱਗੇ ਉਹ ਘੜੀ ਵੀ ਆ ਹਾਜ਼ਰ ਹੋਈ, ਜਿਸ ਦਿਨ ਡਿੰਪੀ ਆਪਣੇ ਨਾਲ ਪੜ੍ਹਦੇ ਗੋਰੇ ਦੋਸਤ ਨੂੰ ਨਾਲ ਘਰ ਲੈ ਆਈ ਸੀ| ਉਸ ਆਖਿਆ ਸੀ, “ਮੰਮੀਂ ਇਹ ਮੇਰੇ ਸੱਭ ਤੋਂ ਚੰਗੇ ਤੇ ਪਿਆਰੇ ਫ੍ਰੈਂਡ ਮਿਸਟਰ ਪਾਵਲ ਹਨ| ਮੇਰੇ ਨਾਲ ਹੀ ਡਾਕਟਰ ਬਣ ਰਹੇ ਹਨ| ਇਨ੍ਹਾਂ ਦਾ ਪਰਿਵਾਰ ਵੀ ਬਹੁਤ ਅੱਛਾ ਹੈ| ਮੈਂ ਇਨ੍ਹਾਂ ਦੇ ਮੰਮ-ਡੈਡ ਨੂੰ ਵੀ ਮਿਲ ਚੁਕੀ ਹਾਂ| ਉਹ ਦੋਵੇਂ ਵੀ ਡਾਕਟਰ ਹਨ| ਉਹ ਮੈਨੂੰ ਵੀ ਬਹੁਤ ਲਾਈਕ ਕਰਦੇ ਹਨ| ਅੱਜ ਇਹ ਆਪ ਤੁਹਾਨੂੰ ਪੁੱਛਣ ਆਏ ਹਨ ਕਿ ਕੀ ਅਸੀਂ ਦੋਵੇਂ ਮੈਰਿਜ ਕਰਵਾ ਲਈਏ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ?”

ਕਿਵੇਂ ਮੇਰੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਖਿਸਕ ਗਈ ਸੀ | ਸੱਭ ਕੁੱਝ ਵਾਵਰੋਲੇ ਵਾਂਗ ਘੁੰਮਦਾ ਨਜ਼ਰ ਆ ਰਿਹਾ ਸੀ, ਡਿੱਗਦੀ-ਡਿੱਗਦੀ ਨੇ ਸੰਭਲਦੀ ਨੇ ਆਖਿਆ ਸੀ, “ਬੇਟਾ ਸਾਨੂੰ ਸੋਚਣ ਲਈ ਕੁੱਝ ਸਮਾ ਚਾਹੀਦਾ ਹੈ| ਤੇਰੇ ਡੈਡੀ ਤੇ ਮੈਂ ਸਲਾਹ ਕਰਕੇ ਫੈਸਲਾ ਤੁਹਾਨੂੰ ਦੱਸ ਦੇਵਾਂਗੇ| ਹੁਣ ਸਵਾਲ ਸੀ, ਮਨਜੀਤ ਨਾਲ ਕਿਵੇਂ ਗੱਲ ਤੋਰਾਂ? ਜੇ ਹੌਸਲਾ ਕਰਕੇ ਗੱਲ ਛੇੜੀ ਸੀ, ਤਾਂ ਉਹ ਅੱਗੋਂ ਮਾਰਖੁੰਡੇ ਬਲਦ ਵਾਂਗ ਚਾਰੇ ਪੈਰ ਚੁੱਕ ਕੇ ਗਲ਼ ਪੈ ਗਿਆ ਸੀ| ਇਹ ਕਿਵੇਂ ਵੀ ਨਹੀਂ ਹੋ ਸਕਦਾ| ਉਹ ਤਾਂ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ| ਇਸ ਤਰਾਂ ਹੁਣ ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਨੇ ਪਰਾਂ ਨਹੀਂ ਸੀ ਹੋਣਾ| ਸੋ ਸੋਚ-ਸੋਚ ਜਦੋਂ ਦੋਵਾਂ ਨੇ ਡਿੰਪੀ ਨੂੰ ਸਮਝਾਉਣ ਦੀ ਕੋਸਿ਼ਸ ਕੀਤੀ ਤਾਂ ਦਲੀਲਾਂ ਨਾਲ ਸਾਡੀ ਹਰ ਗੱਲ ਕੱਟ ਦਿੱਤੀ| ਖਾਸਕਰ ਇਹ ਦਲੀਲ ਦੇ ਕੇ ਤਾਂ ਸਾਨੂੰ ਨਿਰੁੱਤਰ ਹੀ ਕਰ ਦਿੱਤਾ ਸੀ, “ਤੁਸੀਂ ਇੰਡੀਆ ਵਿਚ ਇੰਟਰ-ਕਾਸਟ ਮੈਰਿਜ ਕਰਵਾ ਕੇ ਬੜੇ ਅਗਾਂਹ-ਵਧੂ ਬਣੇ ਫਿਰਦੇ ਸੀ| ਹੁਣ ਤਾਂ ਅਸੀਂ ਕੈਨੇਡਾ ਵਿਚ ਹਾਂ, ਏਥੇ ਤਾਂ ਤੁਹਾਨੂੰ ਸਾਡੀ ਮੈਰਿਜ ਤੇ ਸਗੋਂ ਫਖਰ ਕਰਨਾ ਚਾਹੀਦਾ ਹੈ|” ਸੋ ਦੋਵਾਂ ਦਾ ਵਿਆਹ ਕਰਨ ਦਾ ਅੱਕ ਚੱਬਣਾ ਹੀ ਪਿਆ ਸੀ |ਭਾਵੇਂ ਇਹ ਦੋਵਾਂ ਦਾ ਵਿਆਹ ਬਹੁਤ ਦੇਰ ਲੋਕਾਂ ਦੀ ਦੰਦ ਕਥਾ ਦਾ ਵਿਸ਼ਾ ਬਣਿਆ ਰਿਹਾ ਸੀ ਪਰ ਹੌਲੀ-ਹੌਲੀ ਤ੍ਰੇਲ ਵਾਂਗ ਅਲੋਪ ਹੋ ਗਿਆ ਸੀ | ਦੋਵੇਂ ਆਪਣੀ ਮੈਰਿਜ ਤੋਂ ਖੁਸ਼ ਸਨ| ਪਰ ਆਪਣਾ ਭਾਈਚਾਰਾ ਆਪਣਾ ਹੀ ਹੁੰਦਾ ਹੈ, ਇਹ ਸਾਨੂੰ ਅੰਦਰੋਂ ਬਹੁਤ ਰੜਕਦਾ ਸੀ| ਹੁਣ ਹੋ ਕੁੱਝ ਨਹੀਂ ਸਕਦਾ ਸੀ|

ਰਣਜੀਤ ਦਾ ਖਿਆਲਾਂ ਦਾ ਗਲੋਟਾ ਹੋਰ ਉਧੱੜੀ ਜਾ ਰਿਹਾ ਸੀ| ਹੁਣ ਉਸ ਦੀਆਂ ਅੱਖਾਂ ਅੱਗੇ ਜੇਤੂ ਪਹਿਲਵਾਨ ਵਾਂਗ ਮਨਜੀਤ ਦਾ ਖਿੜਿਆ ਹੋਇਆ ਚਿਹਰਾ ਆ ਬਰਾਜਿਆ ਸੀ| ਉਹ ਪੂਰੀ ਤਰਾਂ ਸਫਲ ਬਿਜ਼ਨੈਸਮੈਨ ਸੀ| ਪੈਸਾ ਸਾਂਭਿਆ ਨਹੀਂ ਜਾ ਰਿਹਾ ਸੀ| ਉਸ ਦੀ ਖੁਸ਼ੀ ਦਾ ਕੋਈ ਆਰ-ਪਾਰ ਨਹੀਂ ਸੀ| ਮੈਂ ਆਪ ਵੀ ਆਪਣੇ ਕਪੜੇ ਦੇ ਸਟੋਰ ਤੋਂ ਅੰਨ੍ਹੀ ਕਮਾਈ ਕਰਕੇ ਉਸ ਦੇ ਕਾਰੂੰ ਦੇ ਖਜ਼ਾਨੇ ਵਿਚ ਖੂਬ ਵਾਧਾ ਕੀਤਾ| ਸਾਡੇ ਕੋਲ ਹੁਣ ਕਈ ਗੈਸ-ਸਟੇਸ਼ਨ ਵੀ ਸਨ| ਹਰ ਕਿਸਮ ਦਾ ਘਰ ਵਿਚ ਐਸ਼ ਦਾ ਸਾਮਾਨ ਵੀ ਮੌਜੂਦ ਹੈ ਪਰ ਸੱਭ ਕੁੱਝ ਹੁੰਦਿਆਂ ਵੀ ਮਨ ਦੇ ਚੈਨ ਵੱਲੋਂ ਨੰਗ ਹਾਂ| ਸੁੱਖ-ਸ਼ਾਂਤੀ ਖੰਭ ਲਾ ਕੇ ਉਡ-ਪੁੱਡ ਗਏ ਹਨ| ਏਥੇ ਦੀ ਤੇਜ਼-ਰੌਅ ਜਿ਼ੰਦਗੀ ਦੀ ਭੱਜ-ਨੱਸ ਨਾਲ ਬੇ-ਆਰਾਮੀ ਵਿਚ ਬਰਸਾਤੀ ਮੌਸਮ ਦੇ ਮੱਛਰਾਂ ਵਾਂਗ ਮੱਲੋ-ਮੱਲੀ ਵਾਧਾ ਹੋਈ ਜਾ ਰਿਹਾ ਸੀ|

ਇੱਕ ਹੋਰ ਚਿੰਤਾ ਘੁਣ ਵਾਂਗ ਖਾਈ ਜਾ ਰਿਹਾ ਸੀ| ਹੈਰੀ ਕਾਰੋਬਾਰੀ ਝਮੇਲਿਆਂ ਤੋਂ ਬੇਨਿਆਜ਼ ਤੇ ਨਿਰਲੇਪ ਸੀ| ਉਹ ਇਸ ਪਾਸੇ ਭੋਰਾ ਭਰ ਵੀ ਰੁਚੀ ਨਹੀਂ ਸੀ ਦਿਖਾ ਰਿਹਾ| ਅਸੀਂ ਤਾਂ ਸਾਰਾ ਕੁੱਝ ਉਸ ਲਈ ਹੀ ਕਰ ਰਹੇ ਸੀ| ਉਹ ਆਪਣੀ ਪੜ੍ਹਾਈ ਵਿਚ ਹੀ ਮਸਤ ਸੀ| ਉਸ ਨੂੰ ਹੋਰ ਸ਼ੌਕ ਸੀ ਕਪੜੇ-ਲੀੜੇ ਪਾਉਣ ਦਾ| ਇਸ ਸ਼ੌਕ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਘਰੋਂ ਕੋਈ ਕਮੀ ਨਹੀਂ ਸੀ, ਸੋ ਪੂਰਾ ਫੇਸ਼ਨੇਵਲ ਬਣਿਆ ਰਹਿੰਦਾ| ਯਾਰਾਂ ਦਾ ਯਾਰ ਸੀ, ਕੀ ਗੋਰੇ ਤੇ ਕੀ ਕਾਲੇ ਮੁੰਡੇ-ਕੁੜੀਆਂ ਉਸ ਦੀ ਦੋਸਤੀ ਤੇ ਨਾਜ਼ ਕਰਦੇ| ਕਾਲਿਆਂ ਵਿਚ ਉਹ ਵੱਧ ਹਰਮਨ-ਪਿਅਰਾ ਸੀ| ਬਹੁਤਾ ਉਨ੍ਹਾਂ ਵਿਚ ਖੁਸ਼ ਰਹਿੰਦਾ| ਉਨ੍ਹਾਂ ਦੀ ਖੁਲ੍ਹੀ-ਡੁਲ੍ਹੀ ਤੇ ਮਸਤ ਜਿ਼ੰਦਗੀ ਦਾ ਉਹ ਸ਼ੈਦਾਈ ਬਣ ਚੁੱਕਾ ਸੀ| ਕੁੜੀਆਂ ਉਸ ਦੇ ਅਜਿਹੇ ਸੁਭਾਅ ਨੂੰ ਬਹੁਤ ਲਾਈਕ ਕਰਦੀਆਂ ਤੇ ਉਸ ਤੇ ਮਰਦੀਆਂ ਸੀ|

ਅੰਤ ਸੁਪਣੇ ਚੂਰ ਕਰਦੀ ਸੋਚਾਂ ਨੂੰ ਮਿੱਧਦੀ ਕਾਲੀ-ਬੋਲ਼ੀ ਹਨੇਰੀ ਤੇ ਝੱਖੜ ਅੱਖਾਂ ਅੱਗੇ ਆ ਖਲੋਤਾ| ਉਨ੍ਹਾਂ ਦੋਵਾਂ ਕਿਵੇਂ ਹੈਰੀ ਨੂੰ ਇੰਡੀਆ ਤੋਂ ਵਿਆਹ ਕਰਵਾ ਕੇ ਕੁੜੀ ਲਿਆਉਣ ਲਈ ਜ਼ੋਰ ਲਾਇਆ ਸੀ| ਇੱਕੋ-ਇੱਕ ਬੇਟੇ ਦਾ ਇੰਡੀਆ ਵਿਚ ਵਿਆਹ ਕਰਕੇ ਉਹ ਸ਼ਰੀਕੇ ਵਿਚ ਬਹਿ-ਜਾ –ਬਹਿ-ਜਾ ਕਰਵਾਉਣੀ ਚਾਹੁੰਦੇ ਸਨ| ਪਰ ਹੋਇਆ ਉਹ ਕੁੱਝ ਹੀ ਜਿਸ ਦਾ ਉਨ੍ਹਾਂ ਨੂੰ ਡਰ ਸੀ| ਹੈਰੀ ਨੇ ਡਿਗਰੀ ਕਰਦਿਆਂ ਸਾਰ ਹੀ ਨਾਲ ਹੀ ਡਿਗਰੀ ਕਰਦੀ ਜਮੀਕਨ ਕੁੜੀ ਪੈਮਲਾ ਨਾਲ ਵਿਆਹ ਕਰਵਾ ਕੇ ਪਾਰਟੀ ਦਾ ਕਾਰਡ ਭੇਜਿਆ ਸੀ| ਪੈਮਲਾ ਦੇ ਪੜਮਾਪੇ ਤਾਂ ਇੰਡੀਆ ਵਿਚੋਂ ਹੀ ਗਏ ਸਨ| ਪੈਮਲਾ ਆਪ ਇੰਡੀਅਨ ਹਿੰਦੀ ਮੂਵੀਆਂ ਤੇ ਹਿੰਦੀ ਫਿਲਮੀ ਗੀਤ ਬਹੁਤ ਪਸੰਦ ਕਰਦੀ ਸੀ ਤੇ ਹੈਰੀ ਦੇ ਮਨ ਭਾ ਗਈ ਸੀ| ਟੈਲੀਫੋਨ ਤੇ ਵੀ ਪੱਕੀ ਕੀਤੀ ਸੀ, ਪਾਰਟੀ ਵਿਚ ਸ਼ਾਮਲ ਹੋਣ ਲਈ| ਅਸੀਂ ਦੋਵੇਂ ਕਿਵੇਂ ਦਿਲ ਮਸੋਸ ਕੇ ਰਹਿ ਗਏ ਸੀ, ਕਿ ਸੋਚਿਆ ਸੀ ਕੀ ਤੇ ਹੋ ਗਿਆ ਸੀ ਕੀ? ਸਾਡੀਆਂ ਸਾਰੀਆਂ ਹੀ ਰੀਝਾਂ ਦੀ ਸੰਘੀ ਘੁੱਟੀ ਗਈ ਸੀ|

ਆਖਰ ਸੋਚਾਂ ਦੀ ਉਹ ਪੰਡ ਵੀ ਖੁਲ੍ਹ ਗਈ ਜਿਹੜੀ ਸੱਭ ਤੋਂ ਵੱਧ ਬੋਝਲ ਸੀ ਤੇ ਉਦਾਸੀ ਤੇ ਗ਼ਮਾਂ ਨਾਲ ਭਰੀ ਅੱਜ ਦੀ ਤਾਜ਼ਾ ਘੱਟਨਾ ਸੀ| ਇਸ ਨੇ ਤਾਂ ਮੈਨੂੰ ਪੇਂਜੇ ਵਾਂਗ ਪਿੰਜ ਦਿੱਤਾ ਸੀ ਅਤੇ ਕੋਹ ਕੇ ਹੀ ਰੱਖ ਦਿੱਤਾ ਸੀ| ਡੈੱਕ ਤੇ ਬੈਠੀ ਦਾ ਰੋਣ ਥੰਮਿਆ ਨਹੀਂ ਸੀ ਜਾ ਰਿਹਾ| ਡਿੰਪੀ ਦਾ ਫੂਨ ਆਇਆ ਸੀ ਅਤੇ ਰੋ-ਰੋ ਕਹਿ ਰਹੀ ਸੀ, “ਮੰਮੀ ਮੇਰਾ ਤਾਂ ਘਰ ਹੀ ਉਜੜ ਗਿਆ ਹੈ| ਮੈਂ ਬਰਬਾਦ ਹੋ ਗਈ ਹਾਂ ਤੇ ਲੁੱਟੀ ਗਈ ਹਾਂ| ਹਰਾਮੀ ਪਾਵਲ ਮੈਨੂੰ ਛੱਡ ਕੇ ਵੱਖਰਾ ਹੋ ਗਿਆ ਹੈ, ਕਮੀਨਾ,ਧੋਖੇਬਾਜ਼|”

ਉਸ ਨੂੰ ਇਨ੍ਹਾਂ ਸੋਚਾਂ ਵਿਚ ਗੁੰਮ-ਸੁੰਮ ਹੋਈ ਨੂੰ ਪਤਾ ਹੀ ਨਹੀਂ ਲੱਗਾ ਸੀ ਕਿ ਕਿੰਨਾ ਹਨੇਰਾ ਹੋ ਗਿਆ ਸੀ| ਉਹ ਆਪਣੇ ਆਪ ਨੂੰ ਸਾਹਮਣੇ ਖੜ੍ਹੇ ਖਵਸੋਕੜ ਰੁੱਖ ਵਾਂਗ ਹੀ ਮਿਹਸੂਸ ਕਰ ਰਹੀ ਸੀ| ਵੱਧਦੇ ਹਨੇਰੇ ਨਾਲ ਉਸਦਾ ਆਪਣਾ ਅੰਦਰਲਾ ਹਨੇਰਾ ਵੀ ਹੋਰ ਡੂੰਘਾ ਹੋਈ ਜਾ ਰਿਹਾ ਸੀ| ਉਸ ਨੇ ਇੱਕ ਲੰਮਾ ਹੌਕਾ ਲਿਆ ਤੇ ਉਸ ਦੇ ਮੂੰਹੋਂ ਆਪ-ਮੁਹਾਰੇ ਹੀ ਇਹ ਵਾਕ ਕਿਰ ਗਿਆ, “ਕੀ ਖੱਟਿਆ ਕੈਨੇਡਾ ਆ ਕੇ?”

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 29 ਅਕਤੂਬਰ 2005)
(ਦੂਜੀ ਵਾਰ 5 ਅਕਤੂਬਰ 2021)

***
415
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)

ਜਰਨੈਲ ਸਿੰਘ ਗਰਚਾ

(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)

View all posts by ਜਰਨੈਲ ਸਿੰਘ ਗਰਚਾ →