24 April 2024

ਮਹਾਂਨਗਰ ਵਿੱਚ ਰਹਿੰਦਿਆਂ: ਕਹਿਣੀ ਅਤੇ ਕਰਨੀ ਦਾ ਸੁਮੇਲ -ਬਲਦੇਵ ਸਿੰਘ ‘ਸੜਕਨਾਮਾ’

ਮਹਾਂਨਗਰ ਵਿੱਚ ਰਹਿੰਦਿਆਂ:

ਕਹਿਣੀ ਅਤੇ ਕਰਨੀ ਦਾ ਸੁਮੇਲ

-ਬਲਦੇਵ ਸਿੰਘ ‘ਸੜਕਨਾਮਾ’

ਪੰਜਾਬ ਵਿੱਚ ਆ ਕੇ ਆਪਣਾ ਕਾਰੋਬਾਰ ਕਰਦੇ ਨੂੰ 14 ਸਾਲ ਹੋ ਚੱਲੇ ਨੇ। ਮੈਟਰੋਪੋਲੀਟਿਨ ਸਿਟੀ ਕਲਕੱਤੇ ਵਿੱਚ ਰਹਿਣ ਕਰਕੇ ਪਹਿਲਾਂ ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਰਿਹਾ ਜਿਵੇਂ ਸਮੁੰਦਰ ਵਿੱਚੋਂ ਕਿਸੇ ਛਪੜ ਵਿੱਚ ਆ ਗਿਆ ਹੋਵਾਂ। ‘ਗੰਦਾ ਛਪੜ’ ਇਸ ਲਈ ਨਹੀਂ ਲਿਖ ਰਿਹਾ, ਕਿਉਂਕਿ ਇਹ ਮੇਰੀ ਜਨਮ-ਭੋਇੰ ਹੈ, ਆਪਣਾ ਘਰ ਹੈ। ਆਪਣਾ ਘਰ ਅਤੇ ਜਨਮ ਭੋਇੰ ਨੂੰ ਆਪਣੇ ਮੂੰਹੋਂ ਕੋਈ ਮਾੜਾ ਨਹੀਂ ਕਹਿਣਾ ਚਾਹੁੰਦਾ। ਇੱਥੋਂ ਦਾ ਸਮਾਜਿਕ ਵਰਤਾਰਾ, ਧਾਰਮਿਕ ਵਿਵਹਾਰ ਤੇ ਰਾਜਨੀਤਕ ਦੰਭ ਉਂਜ ਤਾਂ ਸਾਰੇ ਦੇਸ਼ ਨਾਲ ਹੀ ਮਿਲਦੇ ਜੁਲਦੇ ਹਨ; ਫਿਰ ਵੀ ਪਤਾ ਨਹੀਂ ਕਿਉਂ, ਪੁਰਾਣੇ ਬਜ਼ੁਰਗਾਂ ਦੇ ਅਜੇ ਵੀ ਹਾਉਕੇ …‘ਇਹਨਾਂ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸਨ …’ ਲੈਣ ਵਾਂਗ, ਮੈਨੂੰ ਲੱਗਦਾ ਰਹਿੰਦਾ ਹੈ … ਕਲਕੱਤੇ ਮੈਂ ਕਿਤੇ ਚੰਗਾ ਸਾਂ। ਉਂਜ ਮਹਾਂਨਗਰ ਦੀਆਂ ਕੀ ਕੀ ਸਿਫ਼ਤਾਂ ਕਰਾਂ। ਜਦੋਂ ਵੀ ਇੱਥੇ ਕੋਈ ਅਨੋਖੀ ਗੱਲ ਵਾਪਰਦੀ ਹੈ, ਮਹਾਂਨਗਰ ਯਾਦ ਆ ਜਾਂਦਾ ਹੈ।

ਫਿਰ ਕਹਿਣਾ, ਮਹਾਨਗਰ ਬਾਰੇ ਕਿਤੇ ਮੈਂ ਐਵੇਂ ਤਾਂ ਬਹੁਤ ਜਜ਼ਬਾਤੀ ਨਹੀਂ ਹਾਂ।
ਗੱਲ ਇੱਥੇ ਪੰਜਾਬ ਦੀ ਹੈ। ਇੱਕ ਮੰਤਰੀ ਸਾਹਿਬਾਨ ਨੂੰ ਮਿਲਣਾ ਸੀ। ਇੱਕ ਦਰਖ਼ਾਸਤ ਉੱਪਰ ਉਹਨਾਂ ਤੋਂ ਦਸਤਖ਼ਤ ਕਰਵਾਉਣੇ ਸਨ; ਜਿਸ ਨੂੰ ਕਹਿੰਦੇ ਨੇ, ‘ਮੰਤਰੀ ਤੋਂ ਮਾਰਕ ਕਰਵਾਉਣੀ ਹੈ।’

ਇਸ ਕੰਮ ਲਈ ਮੈਂ ਇੱਕ ਸਥਾਨਕ ਮਿਊਂਸਪਲ ਕਮਿਸ਼ਨਰ ਨੂੰ ਵਗਾਰ ਪਾਈ। ਉਹ ਮੇਰੇ ਨਾਲ ਤੁਰ ਪਏ। ਮੰਤਰੀ ਸਾਹਿਬ ਦੇ ਬੰਗਲੇ ਤੋਂ 20 ਫੁੱਟ ਉਰ੍ਹਾਂ ਤੈਨਾਤ ਗੰਨਮੈਨ ਨੇ ਸਾਨੂੰ ਰੋਕ ਕੇ ਦੱਸਿਆ, ‘ਮੰਤਰੀ ਸਾਹਿਬ ਇਸ਼ਨਾਨ ਕਰ ਰਹੇ ਹਨ।’
ਅਸੀਂ ਇੱਕ ਪਾਸੇ ਖੜ੍ਹੇ ਹੋ ਕੇ ਉਡੀਕ ਕਰਨ ਲੱਗੇ।

‘ਤੁਸੀਂ ਓਧਰ ਪਰ੍ਹਾਂ ਹੋ ਕੇ ਇੰਤਜ਼ਾਰ ਕਰੋ।’ ਗੰਨ ਮੈਨ ਨੇ ਹੁਕਮ ਕੀਤਾ।
ਥੋੜ੍ਹੀ ਦੇਰ ਬਾਅਦ ਫਿਰ ਪੁੱਛਿਆ ਤਾਂ ਪਤਾ ਲੱਗਾ, ‘ਉਹ ਹੁਣ ਪਾਠ ਕਰਨ ਲੱਗ ਪਏ ਹਨ।’

ਮਿਊਂਸਪਲ ਕਮਿਸ਼ਨਰ ਵਾਪਸ ਜਾਣ ਦੀ ਕਾਹਲ ਵਿੱਚ ਸੀ। ਮੈਂ ਮਿੰਨਤ ਕੀਤੀ … ‘ਸ਼ੁਕਰ ਹੈ, ਮੰਤਰੀ ਜੀ ਇੱਥੇ ਮਿਲ ਪਏ ਨੇ। ਹੁਣ ਆਪਾਂ ਮਿਲ ਕੇ ਹੀ ਚੱਲੀਏ, ਫੇਰ ਕੀ ਪਤਾ ਇਸ ਕੰਮ ਲਈ ਚੰਡੀਗੜ੍ਹ ਜਾਣਾ ਪਵੇ।’

ਖ਼ੈਰ! ਪਾਠ ਕਰਨ ਤੋਂ ਬਾਅਦ ਮੰਤਰੀ ਜੀ ਪੱਗ ਬੰਨ੍ਹਣ ਲੱਗ ਪਏ। ਫਿਰ ਨਾਸ਼ਤਾ ਕੀਤਾ ਤੇ ਕੋਈ ਘੰਟੇ ਕੁ ਬਾਅਦ ਪੂਰੀ ਨਿਰਖ ਪਰਖ ਕਰ ਕੇ ਸਾਨੂੰ ਅੰਦਰ ਜਾਣ ਦਾ ਹੁਕਮ ਹੋਇਆ।
‘ਹਾਂ ਬਈ ਇਹ ਕੀ ਹੈ?’ ਮੇਰੇ ਹੱਥ ਵਿੱਚ ਫੜਿਆ ਕਾਗ਼ਜ਼ ਦੇਖ ਕੇ ਮੰਤਰੀ ਜੀ ਝਈ ਲੈ ਕੇ ਪਏ। ਮੈਥੋਂ ਪਹਿਲਾਂ ਹੀ ਫਤਿਹ ਬੁਲਾਉਂਦਿਆਂ ਐਮ.ਸੀ. ਨੇ ਦੱਸਿਆ, ਤੇ ਨਾਲ ਹੀ ਕਿਹਾ, ‘ਆਪਣੇ ਖ਼ਾਸ ਹੀ ਨੇ ਜੀ। ਚੋਣਾਂ ਵੇਲੇ ਸਾਡੇ ਨਾਲ ਹੀ ਫਿਰਦੇ ਰਹੇ ਨੇ।’
‘ਪਹਿਲਾਂ ਸੁੱਤਾ ਪਿਆ ਸੀ?’ ਐਮ.ਸੀ. ਦੀ ਸਿਫ਼ਾਰਸ਼ ਅਣਸੁਣੀ ਕਰਕੇ, ਮੰਤਰੀ ਜੀ ਸਿੱਧੇ ਮੇਰੇ ਵਲ ਝਾਕੇ।

‘ਦਰਅਸਲ ਜੀ …’ ਮੈਂ ਸਫ਼ਾਈ ਦੇਂਦਾ ਹਕਲਾਉਣ ਲੱਗਾ।
‘ਹੁਣ ਕੀ ਹੋਣਾ। ਅਗਲੇ ਸਾਲ ਵੇਖਾਂਗੇ।’ ਮੰਤਰੀ ਸਾਹਿਬ ਨੇ ਬਿਨਾਂ ਦੇਖੇ ਅਰਜ਼ੀ ਸਾਡੇ ਵਲ ਵਗਾਹ ਮਾਰੀ।
ਐਮ.ਸੀ. ਨੂੰ ਕੋਈ ਗੱਲ ਨਾ ਆਹੁੜੀ ਤੇ ਅਸੀਂ ਦੋਵੇਂ ਬੇ-ਆਬਰੂ ਹੋ ਕੇ ਬਾਹਰ ਆ ਗਏ।

ਦੂਸਰੀ ਘਟਨਾ ਬੰਗਾਲ ਦੀ ਹੈ, … ਕਲਕੱਤਾ ਮਹਾਨਗਰ ਦੀ:

ਉੱਥੇ ਮੇਰੇ ਕੋਲ ਤੇਲ ਟੈਂਕਰ ਸਨ। ਇੱਕ ਫੈਕਟਰੀ ਵਿੱਚ ਤੇਲ ਸਪਲਾਈ ਕਰਨ ਸਮੇਂ, ਉਸਦੇ ਪ੍ਰਬੰਧਕਾਂ ਨੂੰ ਸ਼ੱਕ ਪਿਆ ਕਿ ਤੇਲ ਵਿੱਚ ਮਿਲਾਵਟ ਹੈ। ਉਹਨਾਂ ਗੱਡੀ ਰੋਕ ਲਈ। ਗੱਲ ਉਲਝਦੀ ਉਲਝਦੀ ਉਲਝ ਗਈ। ਮੇਰੀ ਨੱਠ ਭੱਜ ਕਿਸੇ ਕੰਮ ਨਾ ਆਈ। ਅਫ਼ਵਾਹਾਂ ਨੇ ਮੈਨੂੰ ਡਰਾ ਦਿੱਤਾ, ‘ਹੁਣ ਤੇਰੀ ਗੱਡੀ ਫੈਕਟਰੀ ਵਿੱਚ ਹੀ ਖੜੂਗੀ। ਤੇਲ ਦਾ ਕਲੇਮ ਤਾਂ ਦੇਣਾ ਹੀ ਪਊਗਾ। ਜੇਲ੍ਹ ਵੀ ਹੋ ਸਕਦੀ ਹੈ।’

ਮੈਂ ਬੜਾ ਪਰੇਸ਼ਾਨ ਰਹਿਣ ਲੱਗਾ। ਇੱਕ ਬੰਗਾਲੀ ਦੋਸਤ ਨੇ ਰਾਇ ਦਿੱਤੀ, ‘ਤੂੰ ਬੰਗਾਲ ਦੇ ਫੂਡ ਮਨਿਸਟਰ ਨੂੰ ਮਿਲ।’
‘ਇੱਥੇ ਤਾਂ ਹੇਠਾਂ ਵਾਲੇ ਗੱਲ ਸੁਣਨ ਨੂੰ ਤਿਆਰ ਨਹੀਂ, ਮੰਤਰੀ ਕਿਵੇਂ ਗੱਲ ਸੁਣੇਗਾ?’ ਮੈਂ ਦੁਖੀ ਹੋ ਕੇ ਕਿਹਾ।

‘ਸੁਣੇਗਾ, ਜੇ ਉਸਨੂੰ ਤੇਰਾ ਬੇਕਸੂਰ ਹੋਣਾ ਜਚ ਗਿਆ ਤਾਂ ਕਾਰਵਾਈ ਤੁਰੰਤ ਕਰੇਗਾ।’ ਬੰਗਾਲੀ ਨੇ ਵਿਸ਼ਵਾਸ ਦੁਆਇਆ। ਇਹ ਵੀ ਹਦਾਇਤ ਕੀਤੀ, ‘ਕਿਸੇ ਨੂੰ ਨਾਲ ਲੈ ਕੇ ਜਾਣ ਦੀ ਲੋੜ ਨਹੀਂ। ਸਿੱਧਾ ਜਾਈਂ ਘਰੇ, ਸਵੇਰੇ ਸਵੇਰੇ।’
ਉਸਦੀ ਗੱਲ ਮੰਨ ਕੇ ਇੱਕ ਦਿਨ ਮੈਂ ਸਵੇਰੇ ਸਾਢੇ ਕੁ ਸੱਤ ਵਜੇ ਇੱਕ ਮੁਹੱਲੇ ਵਿੱਚ ਜਾ ਕੇ ਪੁੱਛ ਗਿੱਛ ਕੀਤੀ। ਅੱਗੇ ਜਾਓ, ਖੱਬੇ ਪਾਸੇ ਚਾਰ ਕੁ ਮਕਾਨ ਛੱਡ ਕੇ ਮੰਤਰੀ ਦਾਦਾ ਦਾ ਘਰ ਹੈ।
ਮੈਂ ਗਿਆ, ਘਰ ਦੇ ਬਾਹਰ ਇੱਕ ਸਿਪਾਹੀ ਖੜ੍ਹਾ ਸੀ। ਇੱਕ ਬੰਗਾਲੀ ਬਾਬੂ ਇਕੱਲੀ ਬਨੈਣ ਪਾਈ ਤੇ ਧੋਤੀ ਬੰਨ੍ਹੀ ਥੜ੍ਹੇ ਉੱਪਰ ਚੌਕੜੀ ਮਾਰੀ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਕੋਲ ਚਾਹ ਦਾ ਇੱਕ ਕੱਪ ਪਿਆ ਸੀ।
ਮੈਂ ਝਕਦਾ ਝਕਦਾ ਅਗਾਂਹ ਹੋਇਆ ਤੇ ਪੁੱਛਿਆ, ‘ਦਾਦਾ, ਇੱਧਰ ਮੰਤਰੀ ਸਾਹਿਬ ਕਿਹੜੀ ਕੋਠੀ ਵਿੱਚ ਰਹਿੰਦੇ ਨੇ?’

‘ਕੀ ਕੰਮ ਹੈ, ਸੌਰਦਾਰ ਜੀ?’ ਉਸਨੇ ਬੰਗਲਾ ਵਿੱਚ ਪੁੱਛਿਆ।
‘ਕੰਮ ਤਾਂ ਉਹਨਾਂ ਨੂੰ ਹੀ ਦੱਸਣ ਵਾਲਾ ਹੈ ਜੀ। ਜੇ ਆਪ ਦੱਸ ਦਿਉਂ ਤਾਂ ਧੰਨਵਾਦ।’
‘ਅਰੇ ਬੋਲੋ ਨਾ, ਕਿਆ ਕਾਮ ਹੈ?’ ਉਸਨੇ ਫਿਰ ਜ਼ੋਰ ਦੇ ਕੇ ਪੁੱਛਿਆ।

ਮੈਂ ਸ਼ਸ਼ੋਪੰਜ ਵਿੱਚ ਪੈ ਗਿਆ। ਇਹ ਕੰਮ ਪੁੱਛ ਰਿਹਾ ਹੈ। ਮੈਂ ਮੰਤਰੀ ਦਾ ਘਰ ਪੁੱਛ ਰਿਹਾ ਹਾਂ। ਮੈਂ ਫਿਰ ਮਾਫ਼ੀ ਮੰਗਣ ਵਾਂਗ ਕਿਹਾ, ‘ਦਾਦਾ, ਉਨਸੇ ਬਹੁਤ ਜ਼ਰੂਰੀ ਕਾਮ ਹੈ।’
‘ਅਰੇ ਭਾਈ ਬੋਲੋ ਨਾ, ਮੈਂ ਹੀ ਮੰਤਰੀ ਹਾਂ।’ ਉਸਨੇ ਅਖ਼ਬਾਰ ਇੱਕ ਪਾਸੇ ਰੱਖ ਦਿੱਤਾ ਤੇ ਮੇਰੇ ਵੱਲ ਤੱਕਣ ਲੱਗਾ।

ਮੈਂ ਹੈਰਾਨ ਰਹਿ ਗਿਆ। ਉਸਦੀ ਹਿਫ਼ਾਜ਼ਤ ਲਈ ਕੋਈ ਸਕਿਊਰਿਟੀ ਗਾਰਡ ਨਹੀਂ ਸੀ। ਮਕਾਨ ਦੇ ਗੇਟ ’ਤੇ ਕੋਈ ਗੰਨ ਮੈਨ ਨਹੀਂ ਸੀ। ਉਸ ਦੁਆਲੇ ਜੀ ਹਜੂਰੀਆਂ ਦੀ ਭੀੜ ਨਹੀਂ ਸੀ। ਕੋਈ ਪੀ.ਏ. ਨਹੀਂ ਸੀ। ਥੜ੍ਹੇ ਦੀ ਨੰਗੀ ਫ਼ਰਸ਼ ’ਤੇ ਉਹ ਬੈਠਾ ਸੀ। ਕੋਲ ਚਾਹ ਦਾ ਅੱਧਾ ਕੱਪ ਪਿਆ ਸੀ। ਮੈਨੂੰ ਪੰਜਾਬ ਦੇ ਮੰਤਰੀਆਂ ਦਾ ਜਲੌ ਯਾਦ ਆਇਆ। ਅੱਗੇ ਪਿੱਛੇ ਜਿਪਸੀਆਂ ਵਿੱਚ ਬੈਠੇ ਸਪੈਸ਼ਲ ਕਮਾਂਡੋ ਅਤੇ ਲੋਕਾਂ ਨੂੰ ਭੈ-ਭੀਤ ਕਰਦੇ ਹਟੂਰਾਂ ਦੀ ਆਵਾਜ਼। ਉਹਨਾਂ ਦਾ ਪਾਇਲਿਟ ਜਿਪਸੀ ਦੇ ਮੂਹਰੇ ਲਹਿਰਾਉਂਦੇ ਦੋ ਲਾਲ ਝੰਡੇ ਤੇ ਦਿਨੇ ਹੀ ਜਲਦੀਆਂ ਲਾਈਟਾਂ ਬਾਕੀ ਟ੍ਰੈਫ਼ਿਕ ਨੂੰ ਇਉਂ ਸਾਵਧਾਨ ਕਰਦੀਆਂ ਲੰਘਦੀਆਂ ਹਨ ਜਿਵੇਂ ਜਾਂ ਤਾਂ ਪਿੱਛੇ ਅੱਗ ਲੱਗ ਗਈ ਹੋਈ ਹੈ ਤੇ ਜਾਂ ਉਹ ਕਿਤੇ ਅੱਗ ਬੁਝਾਉਣ ਜਾ ਰਹੇ ਹਨ।

ਇੱਥੇ ਇਹ ਗੱਲ ਗ਼ੈਰ ਪ੍ਰਸੰਗਿਕ ਹੈ ਕਿ ਉਹ ਮੰਤਰੀ ਨੇ ਮੈਨੂੰ ਉੱਥੇ ਆਪਣੇ ਥੜ੍ਹੇ ਉੱਪਰ ਬਿਠਾਇਆ। ਪੂਰੀ ਦਿਲਚਸਪੀ ਨਾਲ ਮੇਰੀ ਗੱਲ ਸੁਣੀ। ਉਹਨਾਂ ਦੀ ਹਮਦਰਦੀ ਅਤੇ ਮਿਹਰਬਾਨੀ ਨਾਲ ਮੇਰੇ ਉੱਪਰ ਇੱਕ ਵੱਡਾ ਕੇਸ ਬਣਨੋਂ ਟਲ ਗਿਆ। ਮੈਨੂੰ ਅੱਜ ਵੀ ਉਹਨਾਂ ਵਲੋਂ ਜਬਰਦਸਤੀ ਪਿਆਈ ਚਾਹ ਯਾਦ ਹੈ।

ਅੱਜ ਸੋਚਦਾ ਹਾਂ, ਲਗਾਤਾਰ 25 ਸਾਲਾਂ ਤੋਂ ਵੀ ਵਧ, ਇੱਕੋ ਪਾਰਟੀ ਦਾ ਇੱਕ ਸੂਬੇ ਵਿੱਚ ਹਕੂਮਤ ਕਰੀ ਜਾਣਾ ਕ੍ਰਿਸ਼ਮਾ ਤਾਂ ਹੈ ਹੀ, ਪਰ ਇਸਦੇ ਪਿੱਛੇ ਸਰਕਾਰ ਦੀ ਜਾਂ ਪਾਰਟੀ ਦੀ ਆਪਣੇ ਲੋਕਾਂ ਨਾਲ ਕਿੰਨੀ ਨੇੜਤਾ ਹੈ, ਇਹ ਵੀ ਅੱਖੋਂ ਪਰੋਖੇ ਕਰਨ ਵਾਲੀ ਗੱਲ ਨਹੀਂ ਹੈ। ਪੰਜਾਬ ਵਰਗੇ ਸੂਬੇ ਵਿੱਚ ਛੇ ਮਹੀਨਿਆਂ ਬਾਅਦ ਸਰਕਾਰ ਤੋਂ ਮੋਹ ਭੰਗ ਹੋਣ ਲੱਗ ਜਾਂਦਾ ਹੈ। ਕਿਉਂਕਿ ਚੋਣਾਂ ਸਮੇਂ ਉਹ ਜਿੰਨੇ ਕੁ ਲੋਕਾਂ ਦਾ ਦਾਸ ਬਣਨ ਅਤੇ ਹੱਥ ਜੋੜ ਜੋੜ ਕੇ ਉਹਨਾਂ ਦਾ ਸੇਵਕ ਬਣੇ ਰਹਿਣ ਦੇ ਦਾਅਵੇ ਕਰਦੇ ਹਨ, ਚੋਣਾਂ ਜਿੱਤਣ ਪਿੱਛੋਂ, ਇਹ ਆਸ ਰੱਖਦੇ ਹਨ, ਕਿ ਹੁਣ ਲੋਕ ਉਹਨਾਂ ਦੇ ਦਾਸ ਅਤੇ ਸੇਵਕ ਬਣੇ ਰਹਿਣ। ਜਿੱਧਰ ਵੀ ਅਸੀਂ ਜਾਈਏ, ਇਹ ਹੱਥ ਜੋੜ ਕੇ ਸਾਡੇ ਮੂਹਰੇ ਖੜ੍ਹੇ ਰਹਿਣ ਤੇ ਸਾਡੀ ਜੈ-ਜੈ ਕਾਰ ਵੀ ਕਰਦੇ ਰਹਿਣ।
***

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 5 ਦਸੰਬਰ 2007)
(ਦੂਜੀ ਵਾਰ 25 ਸਤੰਬਰ 2021)

***
388
***

About the author

ਬਲਦੇਵ ਸਿੰਘ ਸੜਕਨਾਮਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਦੇਵ ਸਿੰਘ ਸੜਕਨਾਮਾ

View all posts by ਬਲਦੇਵ ਸਿੰਘ ਸੜਕਨਾਮਾ →