25 April 2024

ਪੱਕਾ ਪੈਂਚਰ – ਕਰਮ ਸਿੰਘ ਮਾਨ

ਪੱਕਾ ਪੈਂਚਰ

-ਕਰਮ ਸਿੰਘ ਮਾਨ-

“ਵੀਹ ਵਾਰ ਤੇਰਾ ਪੈਂਚਰ ਲੱਗਿਆ ਤੇ ਵੀਹ ਵਾਰ ਉੱਖੜਿਆ। ਬੁਰੀ ਤਰ੍ਹਾ ਉਜੜੂਗੀ ਜਗੀਰੋ ਅਤੇ ਭੋਲਾ ਤਾਂ। ਕੁਝ ਨੀ ਸੋਚਿਆ ਗੰਦੀ ਉਲਾਦ ਨੇ। ਆਹ ਦਿਨ ਵੇਖਣੇ ਪੈਣੇ ਸੀ ਵਿਚਾਰੀ ਨੂੰ।” ਗੱਲਾਂ ਕਰਦੇ ਮੱਘਰ ਦਾ ਗੱਚ ਭਰ ਆਇਆ।

”ਟੂਪ ਫਟਜੂ, ਪੈਂਚਰ ਨੀ ਲਹਿਣਾ। ਪੱਕਾ ਪੈਂਚਰ ਆ ਇਸ ਵਾਰ ਤਾਂ।” ਸੱਜਣ ਨੇ ਖੱਬੀ ਹਥੇਲੀ ਉਤੇ ਅੰਗੂਠਾ ਦਬਦੇ ਕਿਹਾ ਜਿਵੇਂ ਟਿਊਬ ਤੇ ਲੱਗੇ ਪੈਂਚਰ ਤੇ ਦਬਾ ਪਾ ਰਿਹਾ ਹੋਵੇ।

”ਇਨ੍ਹਾਂ ਬਾਬਿਆਂ ਦੀਆਂ ਰਮਜ਼ਾਂ ਬਾਬੇ ਈ ਸਮਝਣ। ਸੁੱਟੀ ਚੱਲੋ, ਪੱਤੇ।” ਪਿੰਡ ਦੀ ਸੱਥ ਵਿਚਲੇ ਵੱਡੇ ਬਰੋਟੇ ਥੱਲੇ ਤਾਸ਼ ਖੇਡਦੇ ਮੁੰਡੇ ਬੋਲੇ।

ਜਗੀਰ ਕੌਰ ਕਦੋਂ ਕੋਲ ਦੀ ਲੰਘ ਗਈ, ਕਿਸੇ ਨੂੰ ਪਤਾ ਈ ਨਾ ਲੱਗਿਆ। ”ਕੁੱਤੀ, ਬਦਮਾਸ਼, ਬੈਲਣ ਤੀਮੀ। ਉਧਲ ਕੇ ਆਈ, ਡੈਣ” ਉਸਨੂੰ ਲੱਗਿਆ ਜਿਵੇਂ ਉਹ ਉਸਨੂੰ ਸੁਣਾ ਕੇ ਕਹਿ ਰਹੇ ਹੋਣ।

ਸ਼ਰਾਬੀਆਂ ਵਾਂਗ ਉਸਦੇ ਪੈਰ ਲੜਖੜਾਏ। ਘਰ ਜਾਣ ਸਾਰ ਹੀ ਉਹ ਵਰਾਂਡੇ ਵਿੱਚ ਪਈ ਮੰਜੀ ਤੇ ਢੇਰੀ ਹੋ ਗਈ। ਉਸਦੀਆਂ ਅੱਖਾਂ ਅੱਗੇ ਹਨੇਰਾ ਪਸਰ ਗਿਆ।
ਕਿੱਲੇ ਨਾਲ ਘੋੜੀ ਬੰਨ੍ਹਦਾ ਸੁੱਚਾ ਉਸਦੀਆਂ ਅੱਖਾਂ ਸਾਹਮਣੇ ਸਾਮਰਤੱਖ ਖੜ੍ਹਾ ਸੀ। ਹੂਬਹੂ ਉਹੀ ਮੁਹਾਂਦਰਾ-ਭਰਵਾਂ ਸਰੀਰ, ਲੰਬਾ-ਲੰਞਾਂ ਜੁਆਨ, ਸਿਰ ਤੇ ਬੰਨ੍ਹਿਆ ਕਲਕੱਤੇ ਸ਼ਾਹੀ ਚੀਰਾ, ਕਰੀਮ ਰੰਗੇ ਕੁਰਤੇ ਉੱਪਰ ਪਾਈ ਕਾਲੀ ਬਾਸਕਟ, ਪੀਲਾ ਚਾਦਰਾ। ਪੈਰੀਂ ਤਿੱਲੇਦਾਰ ਦੁਖੱਲੀ ਨੋਕਦਾਰ ਜੁੱਤੀ।

ਸੁੱਚਾ ਜੱਗਰ ਸਿੰਘ ਕੋਲ ਨੰਦਗੜ੍ਹ ਆਮ ਹੀ ਆਉਂਦਾ ਸੀ, ਇੱਕ ਦੋ ਮਹੀਨੇ ਬਾਅਦ। ਉਹ ਕਈ ਕਈ ਦਿਨ ਰਹਿ ਜਾਂਦਾ। ਕਿਤੇ ਕੋਈ ਘੋੜੀ ਮੁੱਲ ਲੈ ਜਾਂਦਾ। ਕਿਤੇ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਗਿਆ, ਵਿੰਗ-ਵਲ ਪਾਕੇ ਇੱਥੇ ਆ ਠਹਿਰਦਾ। ਜੱਗਰ ਵੀ ਉਸ ਵਾਂਗ ਹੀ ਉਸ ਕੋਲ ਗਿਆ ਕਿੰਨੇ ਈ ਦਿਨ ਨਾ ਮੁੜਦਾ। ਜੇ ਮਹੀਨੇ ਵਿੱਚ ਦੋਵੇਂ ਇੱਕ ਵਾਰ ਨਾ ਮਿਲਦੇ ਉਨ੍ਹਾਂ ਨੂੰ ਲਗਦਾ ਜਿਵੇਂ ਵਰੵੇ ਈ ਬੀਤ ਗਏ ਹੋਣ ਮਿਲਿਆ ਨੂੰ। ਦੋਵੇ ਪੱਗ-ਵੱਟ ਯਾਰ। ਲੱਠ-ਮਾਰ। ਸੱਤੀ-ਵੀਹੀਂ ਸੌ ਗਿਣਨ ਵਾਲੇ। ਇੱਕ ਦੂਜੇ ਦੇ ਸਾਹ ਦੇ ਵਿੱਚ ਸਾਹ ਲੈਂਦੇ ਸਨ।

ਉਸ ਵਾਰ ਉਹ ਮਾਘੀ ਦੇ ਮੇਲੇ ਮੁਕਤਸਰ ਆਇਆ ਸੀ। ਉਸ ਨੇ ਕਿੱਲੇ ਨਾਲ ਘੋੜੀ ਬੰਨ੍ਹੀ, ਕਾਠੀ ਲਾਹ ਕੇ ਉਚੇ ਥਾਂ ਤੇ ਰਖਦਾ ਉਪਰ ਵੱਲ ਝਾਕਿਆ। ਸੱਜੇ ਪਾਸੇ ਘਰ ਦੇ ਕੋਠੇ ਉੱਪਰ ਜਗੀਰੋ ਖੜ੍ਹੀ ਸੀ। ਸੁਲਫ਼ੇ ਦੀ ਲਾਟ ਵਰਗੀ। ਮਸ਼ਾਲ ਵਾਂਗ ਲਟ-ਲਟ ਬਲਦੀਆਂ ਜਗੀਰੋ ਦੀਆਂ ਅੱਖਾਂ ਉਸਦਾ ਕਾਲਜਾ ਕੱਢ ਕੇ ਲੈ ਗਈਆਂ। ਜੱਗਰ ਪਹਿਲੇ ਤੋੜ ਦੀ ਰੂੜੀ ਮਾਰਕਾ ਬੋਤਲ ਕੱਢ ਲਿਆਇਆ। ਉਹ ਦੋ ਪੈਗ ਲਾਕੇ ਅੰਦਰਲੇ ਘਰੋਂ ਰੋਟੀ ਲੈਣ ਚਲਿਆ ਗਿਆ। ਸੁੱਚੇ ਨੇ ਪਿੱਛੋਂ ਖਾਸਾ ਤਕੜਾ ਪੈਗ ਜੱਗਰ ਦੇ ਪਾਲੀ ਘੁੱਗੂ ਨੂੰ ਪਾ ਦਿੱਤਾ। ਪਾਣੀ ਉਸਨੇ ਘੱਟ ਈ ਪਾਇਆ। ਗਟ-ਗਟ ਕਰਕੇ ਇੱਕੇ ਸਾਹੇ ਅੰਦਰ ਖਿੱਚ ਗਿਆ।

”ਬੜੀ ਤੇਜ ਆ। ਕਾਲਜੇ ਨੂੰ ਚੀਰਦੀ ਜਾਂਦੀ ਆ, ਚਾਚਾ ਸਿੰਆ। ਪਹਿਲੇ ਤੋੜ ਦੀ ਆ। ਮੇਰੀ ਆਪ ਕੱਢੀ ਵੀ।” ਧੁੜਤੜੀ ਲੈਂਦਾ ਘੁੱਗੂ ਬੋਲਿਆ।
”ਉਇ ਤੇਰੀ ਚਾਚੀ ਆਂਗੂੰ।” ਉਸ ਨੇ ਵਿੰਗ-ਵਲ ਜਿਹਾ ਪਾਕੇ ਜਗੀਰੋ ਬਾਰੇ ਗੱਲ ਕੀਤੀ ਹੀ ਸੀ ਘੁੱਗੂ ਊਰੀ ਵਾਂਗੂੰ ਉੱਧੜ ਪਿਆ।

”ਚਾਚਾ ਸਿੰਆ! ਜਗੀਰ ਕੌਰ ਇਹਦਾ ਨਾਂ। ਪਰ ਕਹਿੰਦੇ ਸਾਰੇ ਈ ਜਗੀਰੋ ਐ। ਇਹ ਚਾਚੇ ਗੱਜਣ ਫੌਜੀ ਦੀ ਤੀਮੀਂ ਆ। ਊਂ ਚਾਚਾ ਸਿੰਆਂ, ਮੇਲ-ਮੂਲ ਕੁਛ ਨੀ ਕੰਜਰਦਾ। ਪਿਛਲੇ ਜਨਮ ਦਾ ਕੋਈ ਵੱਟਾ ਲੱਗਿਆ, ਚਾਚੀ ਨੂੰ ਤਾਂ।” ਉਸਦੀਆਂ ਪੋਲੀਆਂ ਪੋਲੀਆਂ ਨਸ਼ੀਲੀਆਂ ਗੱਲਾਂ ਸੁੱਚੇ ਦੇ ਮਨ ਨੂੰ ਮੋਹ ਰਹੀਆਂ ਸਨ।

”ਪਹਿਲੀ ਚਾਚੀ ਮਰਗੀ ਸੀ ਪੰਜ ਸਾਲ ਪਹਿਲਾਂ। ਉਹਦੇ ਕੋਈ ਜੁਆਕ ਨੀਂ ਸੀ ਹੋਇਆ। ਇਹ ਚਾਚੇ ਦਾ ਦੂਜਾ ਵਿਆਹ। ਚਾਚਾ ਤਾਂ ਹੋਇਆ ਪਿਆ, ਰਸ ਮੋੜ, ਸੁੱਕੀ ਕੜਬ ਦਾ ਟਾਂਡਾ। ਚਾਚੀ ਤਾਂ ਹੈਗੀ ਪੋਨੇ ਗੰਨੇ ਦੀ ਪੋਰੀ। ਚਾਚਾ ਸਿੰਆ, ਕੰਜਰ ਦਾ ਮੇਲ-ਮੂਲ ਕੁਛ ਨੀਂ। ਮੇਲ-ਮੂਲ ਕੁਛ ਨੀ ਸੀ ਚਾਚਾ ਸਿੰਆਂ। ਕੁਛ ਨੀ ਮੇਲ-ਮੂਲ, ਚਾਚਾ ਸਿੰਆ।” ਘੁਗੂ ਇਹ ਵਾਰ ਵਾਰ ਕਹੀ ਜਾਂਦਾ। ਨਾਲ ਦੀ ਨਾਲ ਸਿਰ ਵੀ ਹਿਲਾਈ ਜਾਂਦਾ। ਉਸ ਦੇ ਬੋਲਾਂ ਵਿੱਚ ਦਰਦ ਸੀ। ਤਰਸ ਸੀ ਜਗੀਰ ਕੌਰ ਲਈ।

”ਮਾਪਿਆ ਨੇ ਦੇਖਿਆ ਨੀ, ਕੁਛ।ਲੋੜਬੰਦ ਹੋਣਗੇ?”
”ਹਾਂ ਚਾਚਾ ਸਿਆਂ, ਚਾਚੀ ਦੇ ਮਾਂ-ਪਿਉ ਮਰੇ ਵੇ ਸੀ। ਭਰਾ ਵੀ ਨੀਂ ਇਹਦੇ ਕੋਈ। ਕਹਿੰਦੇ ਨੇ ਅਮਲੀ ਚਾਚੇ ਨੇ ਪੈਸੇ ਵੱਟਲੇ?”
‘ਮਿਲਣ ਤਾਂ ਆਉਂਦੇ ਈ ਹੋਣਗੇ? ਇਹ ਵੀ ਰਹਿ ਆਉਂਦੀ ਹੋਊ, ਇੱਕ ਦੋ ਮਹੀਨੇ ਉੇੱਥੇ?” ਸੁੱਚੇ ਨੇ ਉਸਦੇ ਵਾਰੇ ਹੋਰ ਜਾਨਣਾ ਚਾਹਿਆ।
”ਵਿਆਹ ਤੀ। ਮੁੜ ਕੇ ਪੈਰ ਨੀਂ ਪਾਏ ਕੰਜਰ ਦਿਆਂ ਨੇ। ਜਿਉਂਦੀ ਮਾਰਤੀ, ਚਾਚਾ ਸਿੰਆ, ਮੇਰੀ ਚਾਚੀ ਤਾਂ।” ਘੁੱਗੂ ਸੱਜੇ ਤੋਂ ਖੱਬੇ ਸਿਰ ਹਿਲਾਈ ਜਾਂਦਾ।

”ਅੱਛਾ, ਫੇਰ। ਲਗਦਾ ਪੂਰੀ ਸੱਥਰੀ ਪੈਂਦੀ ਆ ਤੇਰੀ, ਚਾਚੀ ਨਾਲ।” ਹਸਦੇ ਸੁੱਚੇ ਨੇ ਉਸਨੂੰ ਜੱਫੀ ਪਾ ਲਈ। ਸੁੱਚੇ ਨੂੰ ਪਤਾ ਈ ਸੀ ਬਈ ਥੋੜਾ ਹੀ ਮੋਹ ਵਿਖਉਣ ਨਾਲ ਹੀ ਉਸ ਨੇ ਅਪਣਾ ਮਨ ਉਸਦੇ ਸਾਹਮਣੇ ਵਿਛਾ ਦੇਣਾ।

”ਚਾਚਾ ਸਿੰਆਂ। ਜਮਾਂ ਨੀ ਕੋਈ ਗੱਲ। ਬੱਸ, ਕੀ ਕਰੇ ਚਾਚੀ ਵਿਚਾਰੀ। ਚਾਚਾ ਵਿਆਹ ਵੇਲੇ ਇੱਕ ਮਹੀਨਾ ਰਿਹਾ ਸੀ। ਪੂਰੇ ਦੋ ਸਾਲ ਨੀ ਮੁੜਿਆ। ਹੁਣ ਪਿਛਲੇ ਮਹੀਨੇ ਆਇਆ ਸੀ। ਉਹ ਵੀ ਪੰਜ ਦਿਨ ਲਈ। ਉਨ੍ਹਾਂ ਦੀ ਪਲਟਣ ਜੋਧ ਪੁਰ ਤੋਂ ਕਸ਼ਮੀਰ ਗਈ ਸੀ। ਅਫਸਰ ਨੇ ਕਹਿਤਾ ਬਈ ਤੂੰ ਪੰਜ ਦਿਨ ਪਿੰਡ ਲਾਕੇ ਸਾਡੇ ਨਾਲ ਜਲੰਧਰ ਆ ਰਲ਼ੀਂ। ਉਹ ਚਾਰ ਦਿਨ ਰਹਿਕੇ ਜਲੰਧਰ ਜਾ ਰਲਿਆ ਸੀ ਪਲਟਣ ਨਾਲ।”

ਇੱਕ ਮਿੰਟ ਕੁ ਬਾਅਦ ਉਹ ਫਿਰ ਬੋਲਿਆ, ”ਚਾਚਾ ਸਿੰਆਂ। ਦਸ ਤੇਰੀ ਗੱਲ ਕਰਾਮਾਂ, ਚਾਚੀ ਨਾਲ।” ਇਹ ਕਹਿੰਦਾ, ਪੈਰਾਂ ਪਰਨੇ ਬੈਠਾ ਘੁੱਗੂ ਇੱਕ ਦਮ ਖੜ੍ਹਾ ਹੋ ਗਿਆ।

”ਕਿਉਂ ਮੌਰ ਭਨਾਉਣੇ ਆ, ਅਗਲੀ ਤੋਂ।ਕੁੱਟ ਕੁੱਟ ਕੇ ਤੇਰਾ ਹੁਲੀਆ ਵਿਗਾੜ ਦੇਣਾ। ਮੈਨੂੰ ਇੱਥੇ ਆਉਣ ਯੋਗਾ ਨੀਂ ਛੱਡਣਾ।” ਇਹ ਕਹਿੰਦੇ ਸੁੱਚੇ ਨੇ ਅੰਗੜਾਈ ਭੰਨੀ।

”ਲੈ ਚਾਚਾ ਸਿੰਆ! ਘੁੱਗੂ ਵੀ ਬੜੀ ਕੁੱਤੀ ਸ਼ੈਅ ਆ। ਮੈਂ ਤਾਂ ਅੱਖ ਪਛਾਣ ਕੇ ਦੱਸ ਦਿੰਨਾ ਬਈ ਮੱਝ ਕੱਟਾ ਝੱਲੂ ਜਾਂ ਨਹੀਂ। ਜੇ ਗਲ ਬਣਗੀ ਤਾਂ ਔਰੈਟ। ਗਲ ਪੈਣ ਲੱਗੀ ਤਾਂ ਕਹਿਦੂੰ, ਚਾਚੀ ਮੈਂ ਤਾਂ ਹਸਦਾ ਸੀ-ਲੈ ਭਾਵੇਂ ਸੌ ਛਿੱਤਰ ਮਾਰ ਲੈ। ਚਾਚਾ ਸਿੰਆਂ ਜਿੱਥੇ ਮਰਜੀ ਪਰਖਲੀਂ, ਘੁਗੂ ਨੂੰ ਜਿੱਥੇ ਮਰਜੀ ਆ, ਝੋਕਦੀਂ, ਜਮਾਂ ਨੀ ਜਮਕਦਾ।”

”ਕਿਮੇ ਨਸ਼ੇ ਦੇ ਲੋਰ ‘ਚ ਫੜਾਂ ਮਾਰੀ ਜਾਂਦਾ, ਸਾਲਾ। ਊਂ ਬੰਦਾ ਤਾਂ ਕੰਮ ਦਾ ਲਗਦਾ। ਧੁਰ ਤੱਕ ਨਿਭਣ ਵਾਲਾ। ਕਦੇ ਪਿੱਠ ਨੀ ਦਿਖਾਉਣ ਵਾਲਾ, ਮਰਦ ਬੱਚਾ। ਚਲੋ ਜਦੋਂ ਸਵੇਰੇ ਆਇਆ, ਉਸਨੂੰ ਰੋਕਦੂ, ਜਾਣ ਤੋਂ। ਪਤਾ ਨੀ ਰਾਤ ਵਾਲੇ ਵਪਾਰੀ ਸਵੇਰ ਨੂੰ ਲੱਦ ਕੇ ਤੁਰ ਗਏ ਹੋਣਗੇ।” ਸੁੱਚੇ ਨੇ ਮਨ ਵਿੱਚ ਸੋਚਿਆ। ਪਰ ਘੁਗੂ ਸਵੇਰ ਵੇਲੇ ਸਿੱਧਾ ਜਗੀਰੋ ਦੇ ਘਰ ਚਲਿਆ ਗਿਆ ਸੀ।

”ਚਾਚੀ। ਮੈਖਿਆ ਚਾਚੀ।”
”ਹਾਂ। ਦੱਸ ਵੇ, ਕੀ ਕਹਿਨਾਂ। ‘ਮੈਖਿਆ ਚਾਚੀ ਚਾਚੀ’ ਕਰੀ ਜਾਨਾਂ?”
”ਡਰਦਾਂ! ਕਹਿੰਦੀ ਤਾਂ ਨੀ ਕੁਛ?”
”ਦੱਸ, ਨਹੀਂ ਕਹਿੰਦੀ। ਖੁੱਲ੍ਹ ਕੇ ਗੱਲ ਕਰ। ਜਕ ਨਾ। ਤੂੰ ਬਗਾਨਾ ਥੋੜੋਂ ਐਂ।” ਉਹ ਘੁੱਗੂ ਵੱਲ ਬੜੇ ਮੋਹ ਨਾਲ ਝਾਕੀ। ਘੁੱਗੂ ਦੀਆਂ ਅੱਖਾਂ ਦੀ ਬੋਲੀ ਜਗੀਰੋ ਲਈ ਸਮਝਣੀ ਕੀ ਔਖੀ ਸੀ।

”ਚਾਚੀ, ਮੇਰਾ ਚਾਚਾ ਸਿਉਂ ਘੋੜੀ ਆਲਾ। ਜਿਹੜਾ ਜੱਗਰ ਚਾਚੇ ਕੋਲ ਰਾਤ ਦਾ ਆਇਆ ਵਾ। ਪੂਰਾ ਲੱਠ-ਮਾਰ ਆ। ਕੰਜਰ ਦੇ, ਵੱਡੇ ਵੱਡੇ ਬੈਲ਼ੀ ਇਦੇ ਮੂਰੇ ਝਾਕਦੇ ਨੀਂ।” ਰੁਕ-ਰੁਕ ਕੇ ਗੱਲ ਕਰਦਾ ਘੁੱਗੂ ਚੁੱਪ ਹੋ ਗਿਆ।
”ਡਰ ਨਾ। ਦੱਸ ਕੀ ਗੱਲ ਆ?”
”ਚਾਚੀ, ਗੱਲ ਕਰਾਮਾਂ ਤੇਰੀ ਚਾਚੇ ਨਾਲ?” ਉਸਦਾ ਰਾਉ ਵੇਖਕੇ ਉਹ ਸਹੀ ਨੁਕਤੇ ਤੇ ਆ ਗਿਆ।
”ਅੱਛਾ, ਉਹਨੇ ਭੇਜਿਆ ਤੈਨੂੰ?”

ਘੁੱਗੂ ਇਹ ਸੁਣ ਕੇ ਇਕਦਮ ਠਰ ਗਿਆ। ਪਰ ਜਗੀਰੋ ਦੇ ਚਿਹਰੇ ਤੇ ਹਲਕੀ ਪਸਰੀ ਲਾਲੀ ਦੀ ਭਾਅ ਵੇਖ ਕੇ ਉਹ ਹੌਸਲਾ ਫੜ੍ਹ ਗਿਆ।
”ਚਾਚੀ, ਸਹੁੰ ਮੈਨੂੰ ਗਊ ਦੀ, ਉਹ ਤਾਂ ਮਰਿਆ ਪਿਆ ਤੇਰੇ ਤੇ?”

ਉਸਦੀ ਗੱਲ ਤੇ ਪੋਲੀ ਜਿਹੀ ਚਪੇੜ ਮਾਰਦੀ ਉਹ ਅੰਦਰ ਸਬਾਤ ਵਿੱਚ ਗਈ। ਬਾਹਰ ਆਕੇ ਪੰਜਾ ਦਾ ਨੋਟ ਕੱਢ ਕੇ ਉਸਦੇ ਕੁਰਤੇ ਦੀ ਜੇਬ ਵਿੱਚ ਪਾ ਦਿੱਤਾ।”
”ਚਾਚੀ ਸੂਟ ਮੇਰਾ। ਕੁੜਤਾ ਚਾਦਰਾ। ਉਹ ਵੀ ਮੈਂ ਲੈਣਾ।” ਘੁੱਗੂ ਨੇ ਵਿਚੋਲਗੀ ਦੀ ਛਾਪ ਮੰਗ ਲਈ ਸੀ।
”ਪੱਕਾ।” ਮੁਸਕਰਾਉਂਦੀ ਜਗੀਰ ਕੌਰ ਨੇ ਕਿਹਾ।
”ਚਾਚਾ ਸਿਆ, ਕਰਤਾ ਮੋਰਚਾ ਫਤਹਿ।” ਉਹ ਤੇਜ-ਤੇਜ ਤੁਰਦਾ ਦਸ ਕਰਮ ਤੋਂ ਦੂਰੋਂ ਈ ਬੁੜਕਿਆ।

ਉਹ ਪੰਦਰਾਂ ਵੀਹ ਦਿਨ ਬਾਅਦ ਕਿਸੇ ਨਾ ਕਿਸੇ ਬਹਾਨੇ ਆਪਣੇ ਦੋਸਤ ਕੋਲ ਆ ਠਹਿਰਦਾ। ਕਿਤੇ ਘੋੜੀ ਖਰੀਦਣ, ਕਿਤੇ ਦਸ ਕੋਹ ਪਾਸੇ ਭਲਾਈ ਆਣੇ ਅਪਣੀ ਮਾਸੀ ਨੂੰ ਮਿਲਣ ਦੇ ਬਹਾਨੇ। ਉਹ ਬਾਹਰਲੇ ਘਰੇ ਹੀ ਬੈਠਕ ਵਿੱਚ ਪੈ ਜਾਂਦਾ। ਜਗੀਰੋ ਕੰਧ ਉੱਪਰ ਦੀ ਲਮਕ ਜਾਂਦੀ। ਉੇਹ ਉਸਨੂੰ ਬੋਚ ਲੈਂਦਾ ਤੇ ਮੁੜਦੀ ਨੂੰ ਉਸਨੂੰ ਉੱਪਰ ਚੁੱਕਦਾ ਤੇ ਉਹ ਬਨੇਰੇ ਨੂੰ ਹੱਥ ਪਾਕੇ ਉੱਪਰ ਕੋਠੇ ਤੇ ਚੜ੍ਹ ਜਾਂਦੀ।

ਸੁੱਚੇ ਤੇ ਜਗੀਰੋ ਦੀ ਗੱਲ ਕਿਵੇਂ ਲੁਕੀ ਰਹਿ ਸਕਦੀ ਸੀ? ਉਹ ਕਈ ਵਾਰ ਤਾਂ ਹੁਣ ਜਗੀਰੋ ਦੇ ਘਰੇ ਹੀ ਘੋੜੀ ਬੰਨ੍ਹ ਦਿੰਦਾ। ਕਿਸੇ ਦੀ ਜ਼ੁਰਅਤ ਨਹੀਂ ਸੀ ਪੈਂਦੀ ਕੁਝ ਕਹਿਣ ਦੀ। ਸਕੇ ਘਰਾਂ ਦੇ ਵਿਹੁ ਜੀ ਘੋਲਦੇ ਰਹਿੰਦੇ। ਪਰ ਸਾਂਝੇ ਬਾਬੇ ਨੂੰ ਕੌਣ ਪਿਟਦਾ? ਕੋਈ ਨਾ ਬੋਲਦਾ। ਕਿਸੇ ਨੂੰ ਬੋਲਣ ਦੀ ਲੋੜ ਵੀ ਕੀ ਸੀ? ‘ਮੀਆਂ ਬੀਬੀ ਰਾਜੀ, ਕੀ ਕਰੂਗਾ ਕਾਜੀ?’

ਸੱਤ ਮਹੀਨੇ ਬਾਅਦ ਫੌਜੀ ਗੱਜਣ ਸਿੰਘ ਦੇ ਗੁੰਮ ਹੋਣ ਦੀ ਖਬਰ ਆਈ। ਉਹ ਤੇ ਉਸਦੇ ਪੰਜ ਹੋਰ ਸਾਥੀ ਟੈਂਟ ਵਿੱਚ ਸੁੱਤੇ ਪਏ ਸਨ। ਅਚਾਨਕ ਜ਼ੋਰਦਾਰ ਬਰਫੀਲਾ ਤੁਫਾਨ ਆਇਆ। ਬਰਫ ਦਾ ਇੱਕ ਤੋਦਾ ਉਨ੍ਹਾਂ ਨੂੰ ਰੋੜ ਕੇ ਲੈ ਗਿਆ। ਉਹ ਡੂੰਘੀ ਖੁੱਡ ਵਿੱਚ ਜਾ ਡਿੱਗੇ ਜਿੱਥੋਂ ਉਨ੍ਹਾ ਦਾ ਕੱਢਣਾ ਮੁਸ਼ਕਲ ਸੀ।

ਖਬਰ ਤਾਂ ਉਸਦੇ ਗੁੰਮ ਹੋਣ ਦੀ ਆਈ ਸੀ ਪਰ ਸਾਰੇ ਜਾਣਦੇ ਈ ਸਨ ਬਈ ਭਾਣਾ ਵਰਤ ਗਿਆ ਸੀ। ਬਾਅਦ ਵਿੱਚ ਸਰਕਾਰ ਨੇ ਉਸ ਨੂੰ ਮਰਿਆ ਕਰਾਰ ਦੇ ਦਿੱਤਾ। ਉਸ ਦੀ ਮੌਤ ਨਾਲ ਸਾਰੇ ਹਾਹਾਕਾਰ ਮੱਚ ਗਈ।
ਜਗੀਰੋ ਦੇ ਪੈੇਰ ਭਾਰੀ ਸਨ। ਪੀੜ੍ਹੀ ਚਲਦੀ ਰਹੇ, ਲੋਕ ਅਰਦਾਸਾਂ ਕਰਦੇ।

ਜਗੀਰੋ ਦੇ ਰੰਡੀ ਹੋਣ ਤੋਂ ਸਾਢੇ ਤਿੰਨ ਮਹੀਨੇ ਬਾਅਦ ਉਸਦੇ ਘਰ ਮੁੰਡਾ ਜੰਮਿਆ ਸੀ। ਗੋਲ-ਮਟੋਲ, ਹੱਡਾਂ ਪੈਰਾਂ ਦਾ ਖੁੱਲ੍ਹਾ, ਭੋਲੂ ਕਾਕਾ ਜਿਹਾ। ਪਿੰਡ ਦੇ ਆਮ ਲੋਕ ਗੱਜਣ ਸਿੰਘ ਦੀ ਪੀੜ੍ਹੀ ਚਲਦੀ ਰਹਿਣ ਤੇ ਖੁਸ਼ ਸਨ ਪਰ ਸਕੇ ਤਾਂ ਮੱਚੇ ਪਏ ਸਨ। ਉਹ ਮੁੰਡੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ।

ਜਨਾਨੀਆਂ ਦਾਈ ਤੋਂ ਕਨਸੋਅ ਲੈਂਦੀਆਂ। ਪਰ ਉਹ ਕਹਿ ਛਡਦੀ, ”ਮੁੰਡਾ ਚੜ੍ਹ ਕੇ ਜੰਮਿਆ। ਕਈ ਜੁਆਕ ਤਾ ਸਤਮਾਹੇ ਵੀ ਜੰਮ ਪੈਂਦੇ ਨੇ ਤੇ ਕਈ ਸਾਲ ਭਰ ਦੇ ਬੀਤਣ ਤੋਂ ਬਾਅਦ ਵੀ।”

ਸਾਰੀਆਂ ਗੱਲਾਂ ਕੰਨੋਂ-ਕੰਨੀਂ ਹੁੰਦੀਆਂ ਜਗੀਰ ਕੌਰ ਕੋਲ ਆ ਜਾਂਦੀਆਂ। ਉਸਦੇ ਮਨ ਵਿੱਚ ਪੈਦਾ ਹੁੰਦੇ ਤਰ੍ਹਾ ਤਰ੍ਹਾਂ ਦੇ ਤੌਖਲੇ ਉਸਨੂੰ ਬੈ ਚੈਨ ਕਰੀ ਰਖਦੇ।

ਉਸ ਦੇ ਮਨ ਵਿੱਚ ਡਰ ਘਰ ਕਰ ਗਿਆ ਕਿ ਸ਼ਰੀਕ ਜ਼ਮੀਨ ਦੇ ਮਾਰੇ ਉਹਨੂੰ ਤੇ ਮੁੰਡੇ ਨੂੰ ਮਰਵਾ ਨਾ ਦੇਣ। ਡਰਨਾਂ ਹੀ ਤਾਂ ਸੀ। ਜੱਟ ਤਾਂ ਇੱਕ ਸਿਆੜ ਪਿੱਛੇ ਸਿਰ ਪਾੜ ਦਿੰਦਾ। ਇੱਥੇ ਤਾਂ ਝੋਟੇ ਦੇ ਸਿਰ ਵਰਗੀ ਜ਼ਮੀਨ ਸੀ। ਦੂਜੇ ਪਾਸੇ ਉਸ ਅੱਗੇ ਪਹਾੜ ਜਿੰਨੀ ਉਮਰ ਵੀ ਤਾਂ ਪਈ ਸੀ। ਉਸਨੇ ਸੁੱਚੇ ਨਾਲ ਗੱਲ ਕਰਨ ਦਾ ਮਨ ਬਣਾ ਲਿਆ।

”ਚੋਰੀ ਦੇ ਪੁੱਤ ਕਦੋਂ ਗੱਭਰੂ ਹੋਏ ਆ, ਜੱਟਾ। ਜੇ ਤੇਰੇ ‘ਚ ਦਮ ਐ, ਲੈ ਚੱਲ। ਵਸਾਲਾ, ਅਪਦੇ ਘਰੇ। ਜੇ ਦਿਲ-ਗੁਰਦੇ ਆਲਾ ਐਂ ਤਾਂ?”
ਇਹ ਸੁਣ ਕੇ ਉਸਦੇ ਸਿਰ ਵਿੱਚ ਠੰਢੇ ਪਾਣੀ ਦਾ ਸੌ ਘੜਾ ਪੈ ਗਿਆ।

ਘੜਾ ਤਾਂ ਮੁਧਣਾ ਈ ਸੀ ਉਸਨੂੰ ਪਤਾ ਈ ਸੀ ਬਈ ਇਹ ਗੱਲ ਘਰਦਿਆਂ ਦੇ ਸੰਘ ਥੱਲਿਉਂ ਨਹੀਂ ਲੰਘਣੀ। ਇਕੱਲੀ ਜਗੀਰੋ ਹੁੰਦੀ ਤਾਂ ਹੋਰ ਗੱਲ ਸੀ ਪਰ ਨਾਲ ਮੁੰਡਾ ਵੀ ਤਾਂ ਸੀ? ਫਿਰ ਉਹ ਪਹਿਲਾਂ ਮੰਗਿਆ ਵੀ ਤਾਂ ਸੀ ਅਪਣੀ ਮਾਮੀ ਦੀ ਭਤੀਜੀ ਨਾਲ।
‘ਚਲੋ ਜੋ ਹੋਊ, ਵੇਖੀ ਜਾਊ।” ਉਸਨੇ ਨਫੇ-ਨੁਕਸਾਨ ਦੀ ਪਰਵਾਹ ਨਾ ਕਰਦੇ ਸੋਚਿਆ। ਪਹਿਲਾਂ ਵੀ ਕਦੋਂ ਵੇਖਦਾ ਸੀ ਉਹ ਨਫਾ-ਨੁਕਸਾਨ।

ਉੱਦੋਂ ਵੀ ਕਿਹੜਾ ਸੋਚਿਆ ਸੀ ਉਸਨੇ ਜਿਸ ਦਿਨ ਮੱਲਕੇ ਪਿੰਡ ਦੇ ਗੰਡੇ ਦਾ ਹੱਥ ਮੁਰਚੇ ਕੋਲੋਂ ਵੱਢ ਦਿੱਤਾ ਸੀ, ਆਪਣੇ ਯਾਰ ਮੈਂਗਲ ਪਿੱਛੇ। ਗਾਜਰ ਦੇ ਬੂੰਡੇ ਵਾਂਗੂੰ। ਜੇ ਗਵਾਹ ਨਾ ਮੁਕਰਦੇ, ਇਹਨੇ ਦਸ ਸਾਲ ਲਈ ਬੱਝ ਜਾਣਾ ਸੀ।
ਪਰ ਅੱਜ ਤਾਂ ਉਞ ਵੀ ਉਹ ਘਾਟੇ ਵਾਲਾ ਸੌਦਾ ਨਹੀਂ ਸੀ ਕਰ ਰਿਹਾ। ਜ਼ਮੀਨ ਤੇ ਸੁਲਫ਼ੇ ਦੀ ਲਾਟ ਵਰਗੀ ਤੀਵੀਂ ਮਿਲਦੀ ਸੀ। ਉਸ ਦੀ ਰੂਹ ਦੀ ਹਾਨਣ। ਉਸਦੀ ਦਿਲ-ਜਾਨਣ।

ਪਤਾ ਨਹੀ ਜਗੀਰੋ ਦਾ ਮੋਹ ਸੀ ਜਾਂ ਜ਼ਮੀਨ ਦਾ ਲਾਲਚ ਜਾਂ ਉਸਦੀ ਮਰਦਾਨਗੀ ਨੂੰ ਵੰਗਾਰ ਜਾਂ ਇਨ੍ਹਾ ਸਾਰੀਆਂ ਗੱਲਾਂ ਕਰਕੇ। ਉਹ ਅਪਣੇ ਮਨ ਨੂੰ ਮੁਖ਼ਾਤਬ ਹੋਇਆ, ”ਬੰਦਾ ਕਾਹਦਾ, ਜੋ ਪਾਣੀ ਵਾਂਗੂੰ ਡੋਲਦਾ? ਮਰਦ ਬਾਂਹ ਫੜ ਲੈਣ ਤਾਂ ਛਡਦੇ ਨੀਂ ਹੁੰਦੇ।” ਉਹ ਦੁਬਿੱਧਾ ਵਿੱਚੋਂ ਬਾਹਰ ਨਿੱਕਲ ਆਇਆ।

ਜਗੀਰੋ ਨੇ ਘਰੋਂ ਨਿਕਲਣ ਤੋਂ ਪਹਿਲਾਂ ਹਰ ਚੀਜ ਵੱਲ ਬੜੀ ਨੀਝ ਨਾਲ ਤੱਕਿਆ। ਉਸਨੂੰ ਘਰ ਵਿੱਚ ਪਈ ਹਰ ਚੀਜ ਦਾ ਮੋਹ ਆਇਆ-ਸੱਸ ਦੇ ਸੰਦੂਕ, ਪੇਟੀ, ਚੁੱਲੇ ਚੌਕੇ ਭਾਂਡਿਆਂ ਤੱਕ। ਉਸ ਨੇ ਪਿਛਲੀ ਰਾਤ ਹੀ ਕੁਝ ਕਪੜੇ ਤੇ ਗਹਿਣੇ ਝੋਲੇ ਵਿੱਚ ਪਾਏ ਸਨ। ਉਸਨੇ ਝੋਲਾ ਚੁੱਕਿਆ। ਭੋਲੇ ਨੂੰ ਗੋਦੀ ਚੁੱਕ, ਘਰ ਨੂੰ ਜਿੰਦਰ ਮਾਰ ਕੇ ਘਰ ਤੋਂ ਬਾਹਰ ਹੋ ਗਈ।

ਘਰੋਂ ਨਿਲਕਣ ਸਾਰ ਹੀ ਵੀਹੀ ਵਿੱਚ ਉਸਨੂੰ ਲੰਬਰਦਾਰਾਂ ਦੀ ਤੇਜ ਕੌਰ ਮਿਲ ਗਈ-ਜਭੇ ਵਾਲੀ ਜੱਟੀ। ਜਗੀਰੋ ਨੇ ਉਸਨੂੰ ਮੱਥਾ ਟੇਕਿਆ, ਉਸਨੇ ਸੁਭਾਵਕ ਹੀ ਬਿਨਾਂ ਕਿਸੇ ਸੋਚਣ ਸਮਝਣ ਦੇ ਉਸਨੂੰ ਬੁੱਢ-ਸੁਹਾਗਣ ਦੀ ਅਸੀਸ ਦਿੱਤੀ। ਜੇ ਕੋਈ ਹੋਰ ਦਿਨ ਹੁੰਦਾ ਸ਼ਾਇਦ ਜਗੀਰੋ ਸੜ-ਭੁੱਜ ਜਾਂਦੀ ਬਈ ਉਹ ਵਿਧਵਾ ਨੂੰ ਬੁੱਢ ਸੁਹਾਗਣ ਦੀ ਅਸੀਸ ਦੇਈ ਜਾਂਦੀ ਆ। ਪਰ ਉਹ ਧੁਰ ਅੰਦਰ ਤੱਕ ਖਿੜ ਗਈ, ਇਹ ਸੋਚ ਕੇ ਸ਼ਗਨ ਚੰਗਾ ਹੋ ਗਿਆ ਸੀ।

ਤੇਜ ਕੌਰ ਨੂੰ ਵੀ ਸ਼ਾਇਦ ਆਪਣੇ ਮੂੰਹੋਂ ਸੁਤੇ-ਸਿੱਧ ਨਿਕਲੇ ਗਲਤ ਸ਼ਬਦਾਂ ਦਾ ਅਹਿਸਾਸ ਹੋ ਗਿਆ ਹੀ ਹੋਵੇ। ਨਹੀਂ ਤਾਂ ਉਸਨੇ ਕਈ ਸਵਾਲ ਪੁੱਛਣੇ ਸੀ, ”ਧੀਏ ਕਵੇਲਾ ਹੋ ਗਿਆ। ਇਸ ਵੇਲੇ ਕਿੱਧਰ ਨੂੰ ਚੱਲੀ ਐਂ। ਸੁੱਖ ਸਾਂਦ ਤਾਂ ਹੈ।”

ਉਸਨੇ ਪਿੰਡ ਦੇ ਅੱਡੇ ਤੋਂ ਬੱਸ ਫੜੀ। ਬਠਿੰਡੇ ਚਲੀ ਗਈ। ਉੱਥੋਂ ਸੁੱਚਾ ਉਸਨੂੰ ਘੋੜੀ ਤੇ ਬਹਾ ਕੇ ਐਰ-ਗੈਰ ਰਲਦੀ, ਸੰਘਣੇ ਹਨੇਰੇ ਪਸਰਦੇ ਨੂੰ ਅਪਣੇ ਖੇਤ ਵਾਲੇ ਘਰ ਵਿੱਚ ਲੈ ਆਇਆ।
ਉਸਦਾ ਇਹ ਰੋਹੀ ਵਾਲੇ ਖੇਤ ਵਿਚਲਾ ਘਰ ਪਿੰਡ ਤੋਂ ਤਿੰਨ ਮੀਲ ਦੂਰ ਪਿੰਡ ਦੀ ਹੱਦ ਤੇ ਸੀ। ਪੱਕੀ ਸੜਕ ਵਿੱਚੋਂ ਦੋ ਕਰਮਾਂ ਦੀ ਚੌੜੀ ਪਹੀ ਨਿਕਲਕੇ ਵਿੰਗ-ਵਲ ਖਾਂਦੀ ਉਸਦੇ ਦੇ ਖੇਤ ਵਿੱਚ ਜਾ ਮੁਕਦੀ ਸੀ।

ਬਿਜਲੀ ਨਾਲ ਚੱਲਣ ਵਾਲੀ ਮੋਟਰ ਤੇ ਵੀਹ ਫੁੱਟ ਲੰਬਾ ਤੇ ਸੋਲਾਂ ਫੁੱਟ ਚੌੜਾ ਇੱਕ ਕੋਠਾ ਸੀ ਜਿਸਦੇ ਉੱਪਰ ਚੁਬਾਰਾ ਸੀ। ਚੁਬਾਰੇ ਨੂੰ ਪੌੜੀਆਂ ਵੀ ਕੋਠੇ ਅੰਦਰੋ ਚੜ੍ਹਦੀਆਂ ਸਨ। ਚੁਬਾਰੇ ਦੇ ਦੁਆਲੇ ਵਰਾਂਡਾ। ਵਰਾਂਡੇ ਦੁਆਲੇ ਜਾਲੀਦਾਰ ਜੰਗਲਾ। ਇਹ ਇੱਕ ਕਿਸਮ ਦੀ ਨਿਗਰਾਨੀ ਚੌਕੀ ਸੀ। ਆਉਂਦਾ ਬੰਦਾ ਦੂਰੋਂ ਈ ਦਿਸ ਜਾਂਦਾ ਸੀ। ਇਸ ਤੋਂ ਹਟਵੇਂ ਦੋ ਕਮਰੇ, ਬੈਠਕ ਤੇ ਰਸੋਈ। ਤੂੜੀ ਪਾਉਣ ਲਈ ਕੱਚੀ ਸਬਾਤ ਸੀ। ਕੱਚੀ ਸਬਾਤ ਮੂਹਰੇ ਡੰਗਰ ਬੰਨ੍ਹਣ ਲਈ ਛਤੜਾ ਸੀ ਜਿਸ ਵਿੱਚ ਉਸਦੀ ਘੋੜੀ ਤੇ ਦੋ ਮੱਝਾਂ ਬੱਝੀਆਂ ਰਹਿੰਦੀਆਂ।
ਇਹ ਘਰ ਉਸਦੀ ਅਪਣੀ ਦੁਨੀਆਂ ਸੀ ਜਿਸ ਵਿੱਚ ਉਸਦੇ ਲੰਡੇ-ਮੀਣੇ ਯਾਰ ਉਸ ਕੋਲ ਆ ਜਾਂਦੇ। ਇਹ ਇੱਕ ਪਰਕਾਰ ਦਾ ਅੱਡਾ ਸੀ ਜਿੱਥੇ ਕੋਈ ਲਿਆਕੇ ਚੋਰੀ ਦੀ ਘੋੜੀ ਬੰਨ੍ਹ ਦਿੰਦਾ ਤੇ ਉਸ ਵਰਗਾ ਕੋਈ ਹੋਰ ਤੀਮੀ ਉਧਾਲ ਕੇ ਇੱਥੇ ਇੱਕ ਦੋ ਦਿਨ ਲਈ ਆ ਟਿਕਦਾ ਤੇ ਅੱਗੇ ਗਾਹਕ ਲੱਭ ਕੇ ਵੇਚ ਦਿੰਦਾ।

ਪਿੰਡ ਵਿੱਚੋਂ ਉਸ ਕੋਲ ਉਸਦਾ ਦੋਸਤ ਸੱਜਣ, ਮੱਘਰ ਤੇ ਇੱਕ ਦੋ ਹੋਰ ਈ ਆਉਂਦੇ ਸਨ। ਬਾਕੀ ਕੋਈ ਮਤਲਬ ਵਾਲਾ ਈ ਚੱਲ ਕੇ ਆਉਂਦਾ
ਉਂਜ ਲੋਕਾਂ ਨੂੰ ਪਤਾ ਈ ਸੀ ਤੀਮੀਆਂ ਤੇ ਘੋੜੀਆਂ ਦੇ ਇਸ ਅੱਡੇ ਬਾਰੇ। ਲੋਕ ਸੁੰਘਦੇ ਰਹਿੰਦੇ। ਖੇਤਾਂ ਵਿੱਚ ਕੰਮ ਕਰਨ ਆਏ ਕਾਮਿਆਂ ਨੂੰ ਕੁਝ ਨਾਂ ਕੁਝ ਪਤਾ ਲੱਗ ਈ ਜਾਂਦਾ। ਕਿਮੇ ਨਾਂ ਕਿਮੇ ਗੱਲ ਬਾਹਰ ਆ ਈ ਜਾਂਦੀ। ਕਿਸੇ ‘ਚ ਸੁੱਚੇ ਤੋਂ ਪੁੱਛਣ ਦੀ ਹਿੰਮਤ ਨਾ ਪੈਂਦੀ ਪਰ ਸੱਜਣ ਖ਼ੁਸ਼ ਹੁੰਦਾ ਤਾਂ ਸਭ ਕੁਝ ਦੱਸ ਦਿੰਦਾ, ਰਮਜ਼ਾਂ ਜੀਆਂ ਸੁਟਦਾ।

”ਤਾਇਆ ਕਿਹੀ ਜੀ ਆ ਘੋੜੀ ਜਿਹੜਾ ਤੇਰਾ ਯਾਰ ਲੈ ਕੈ ਆਇਆ?” ਸੱਜਣ ਨੂੰ ਚੰਗੇ ਰੌ ਵਿੱਚ ਵੇਖ ਕੇ ਕਈ ਜ਼ਿੰਦਾ-ਦਿਲ ਮੁੰਡੇ ਪੁੱਛ ਲੈਂਦੇ।
”ਫਸਕਲਾਸ। ਇੱਕ ਨੰਬਰ। ਅਲਕ ਵਛੇਰੀ। ਲਾਦੂ ਕੱਢੀ ਵੀ ਆ। ਰੇਵੀਏ ਤੇ ਛੜੱਪੇ ਮਾਰਨ ਵਿੱਚ ਕਿਸੇ ਘੋੜੀ ਨੂੰ ਰਲਣ ਨੀਂ ਦਿੰਦੀ।”
”ਤਾਇਆ ਲਗਦਾ, ਇਸ ਵਾਰ ਤਾਂ ਉਹ ਬਹੁਤ ਪੈਸੇ ਵੱਟੂ?”

”ਨਹੀਂ ਸ਼ੇਰਾ, ਉਸਦਾ ਇਹਤੇ ਦਿਲ ਆਇਆ। ਲਗਦਾ ਚੜ੍ਹਨ ਲਈ ਈ ਰੱਖੂ। ਊਂ ਵਛੇਰੀ ਪੇਟੀ ਬੰਦ ਆ।” ਸੱਜਣ ਅਪਣੇ ਮਸ਼ਕਰੀ ਭਰੇ ਸੁਭਾ ਨਾਲ ਰਮਜਾਂ ਜੀਆਂ ਸੁਟਦਾ ਰਹਿੰਦਾ।
ਉਨ੍ਹੀਂ ਦਿਨੀ ਪਿੰਡਾ ਵਿੱਚ ਕਰਲਾਸਕਰ ਇੰਞਣ ਪੇਟੀ ਵਿੱਚ ਬੰਦ ਹੋਕੇ ਆਉਦੇ ਸਨ। ਨਿਹੰਗਾਂ ਵਾਂਗੂੰ ਲੋਕਾਂ ਦੇ ਵੀ ਆਪਣੇ ਬੋਲੇ ਹੁੰਦੇ ਹਨ। ਲੋਕਾਂ ਨੇ ਇਹ ਸ਼ਬਦ ਉੇਸ ਔਰਤ ਲਈ ਵਰਤਣਾ ਸ਼ੁਰੂ ਕਰ ਦਿੱਤਾ ਜਿਹੜੀ ਪਿੱਛੇ ਤੋ ਅਪਣੇ ਪੇਟ ਵਿੱਚ ਬੱਚਾ ਪਲਦਾ ਲੈ ਕੇ ਆਈ ਹੋਵੇ। ਪਰ ਸੱਜਣ ਨੇ ਪਿਛ-ਲੱਗ ਬੱਚੇ ਨੂੰ ਵੀ ਘੇਰੇ ਵਿੱਚ ਲੈ ਕੇ ਸ਼ਬਦ ਦਾ ਵਿਸਥਾਰ ਕਰ ਦਿੱਤਾ।

ਉਸ ਦੇ ਪਰਵਾਰ ਦੀ ਪਹਿਲਾਂ ਈ ਉਸ ਨਾਲ ਨਾ-ਮਾਤਰ ਬੋਲ-ਚਾਲ ਸੀ ਪਰ ਹੁਣ ਤਾਂ ਉਨ੍ਹਾਂ ਨੇ ਉਸਦਾ ਭਾਂਡਾ ਤਿਆਗ ਦਿੱਤਾ ਜਿਸ ਦਿਨ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਉਹ ਤੀਵੀਂ ਲਿਆਇਐ ਜਿਸਦੇ ਨਾਲ ਪਿੱਛ-ਲੱਗ ਇੱਕ ਮੁੰਡਾ ਵੀ ਐ।

”ਜਿੱਥੇ ਮਰਜੀ ਆ ਧੱਕੇ ਖਾਂਦਾ ਫਿਰੇ, ਸਾਡੇ ਲਈ ਉਹ ਮਰ ਗਿਆ। ਅਸੀਂ ਉਹਦੇ ਲਈ ਮਰਗੇ। ਕਬੀ ਨੇ ਕਿਸੇ ਪਾਸੇ ਬੈਠਣ-ਉੱਠਣ ਯੋਗਾ ਈ ਨੀਂ ਛੱਡਿਆ। ਅੱਗਾ ਖੜਾਊ ਇਹ, ਕਬੀ! ਕਿਸੇ ਨੇ ਸਾਕ ਕਰਨ ਲਈ ਸਾਡੀ ਦਿਹਲੀ ਤੇ ਪੈਰ ਵੀ ਨੀਂ ਰੱਖਣਾ।” ਗੁੱਸੇ ਵਿੱਚ ਗੱਲਾਂ ਕਰਦੇ ਬਾਪੂ ਰਾਮ ਸਿੰਘ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਉਂਦਾ। ਉਹ ਪੂਰੀ ਨਮੋਸ਼ੀ ਮੰਨ ਗਿਆ। ਉਹ ਘਰੋਂ ਬਾਹਰ ਨਾ ਨਿਕਲਦਾ। ਖ਼ੁਸ਼ੀ-ਗਮੀ ਸਮੇਂ ਅਣਸਰਦੇ ਨੂੰ ਹੀ ਕਿਸ਼ੇ ਦੇ ਘਰ ਜਾਂਦਾ। ”ਤੂੰ ਹੀ ਚਲੀ ਜਾਈਂ, ਮੇਰਾ ਉੱਕਾ ਈ ਜੀਅ ਨੀ ਕਰਦਾ।” ਉਹ ਆਪਣੀ ਪਤਨੀ ਚੰਦ ਕੌਰ ਨੂੰ ਹੀ ਭੇਜ ਦਿੰਦਾ। ਸੁੱਚੇ ਨੇ ਉਸੇ ਸਾਲ ਹੀ ਇਸ ਰੋਹੀ ਵਾਲੀ ਜ਼ਮੀਨ ਤੇ ਕਬਜਾ ਕਰ ਲਿਆ। ਆਪਣੇ ਹੱਕ ਨਾਲੋਂ ਤਿੰਨ ਕਿਲੇ (ਏਕੜ) ਵੱਧ ਤੇ। ਡਾਂਗ ਦੇ ਸਿਰ ਤੇ ਸੱਤੀਂ ਵੀਹੀਂ ਸੌ ਗਿਣਨ ਵਾਲੇ ਦੇ ਮੂਹਰੇ ਕਿਸ ਨੇ ਅੜਨਾ ਸੀ? ਜਗੀਰੋ ਦੇ ਆਉਣ ਤੋਂ ਬਾਅਦ ਸੁੱਚੇ ਦੀ ਜ਼ਿੰਦਗੀ ਬਿਲਕੁਲ ਹੀ ਬਦਲ ਗਈ। ਹੁਣ ਉਹ ਘਰੋਂ ਬਾਹਰ ਨਾ ਨਿਕਲਦਾ। ਸਾਰੇ ਭੈੜੇ ਧੰਦੇ ਉਸ ਨੇ ਛੱਡ ਦਿੱਤੇ। ਨਾਹੀ ਬਾਹਰਲਾ ਐਰ-ਗੈਰ ਬੰਦਾ ਉਸ ਕੋਲ ਆਉਂਦਾ। ਹੁਣ ਉਸਦਾ ਘਰ ਇੱਕ ਵਸਦਾ ਰਸਦਾ ਘਰ ਸੀ, ਜਿਸ ਵਿੱਚ ਜਗੀਰੋ ਸੀ, ਜਗੀਰੋ ਦੀ ਗੋਦੀ ਮੁੰਡਾ ਸੀ ਤੇ ਝੋਨੇ ਤੇ ਕਣਕ ਦੀਆਂ ਫਸਲਾਂ ਨਾਲ ਆਫਰੇ ਉਸਦੇ ਖੇਤ ਸਨ।

ਇੱਕ ਸਾਲ ਤਾਂ ਜਗੀਰੋ ਨੇ ਘਰੋਂ ਬਾਹਰ ਪੈਰ ਨਾ ਪਾਇਆ। ਸਾਲ ਤੋਂ ਬਾਅਦ ਉਹ ਉਸ ਘਰ ਚਲੀ ਜਾਂਦੀ ਜਿਹੜੇ ਉਸਨੂੰ ਬੁਲਾਉਂਦੇ। ਵਿਆਹ, ਮੰਗਣੇ ਤੇ ਹੋਰ ਖ਼ੁਸ਼ੀ ਦੇ ਦਿਨ। ਸੁੱਚੇ ਦੀਆਂ ਤਾਈਆਂ, ਚਾਚੀਆਂ, ਭੈਣਾਂ, ਭਰਜਾਈਆਂ ਉਸ ਦੇ ਗਲ ਈ ਪੈ ਜਾਂਦੀਆਂ, ”ਜਗੀਰ ਕੌਰ ਨੂੰ ਨਾਲ ਲਿਆਉਣਾ ਸੀ। ਲੈ ਕੇ ਨੀਂ ਆਇਆ ਤੂੰ? ਜਾ ਲਿਆ ਬਹੂ ਨੂੰ।” ਜੇ ਉਹ ਢਿੱਲ-ਮੱਠ ਜੀ ਕਰਦਾ ਅਗਲੀ ਆਪ ਸੱਦ ਲਿਆਉਂਦੀ। ਸੁੱਚੇ ਦੀ ਪਤਨੀ ਚੰਦ ਕੌਰ ਵੀ ਰਾਮ ਸਿੰਘ ਤੋਂ ਚੋਰੀ ਕਿਤੇ ਨਾ ਕਿਤੇ ਅਪਣੀ ਨੂੰਹ ਨੂੰ ਮਿਲ ਆਉਂਦੀ।

”ਕੀ ਕਰਨਾ ਸੀ ਇਹਨੇ ਮੁੰਡਾ। ਤੋੜ ਕੇ ਸੁੱਟ ਆਉਂਦੀ ਪਿੱਛੇ।” ਕੋਈ ਨਾ ਕੋਈ ਪਿੱਠ ਪਿੱਛੇ ਇੱਕ ਦੂਜੀ ਕੋਲ ਮੁੰਡੇ ਬਾਰੇ ਗੁੱਝੀ ਜਿਹੀ ਗੱਲ ਕਰਦੀ।
”ਨਾਂ ਨੀ ਭੈਣੇ, ਕਹਿਣਾ ਈ ਸੌਖਾ। ਪੇਟ ‘ਚੋਂ ਆਂਦਰਾਂ ਕੱਢ ਕੇ ਥੋੜਾ ਸੁੱਟੀਆਂ ਜਾਂਦੀਆਂ ਨੇ। ਕੀ ਪਤਾ ਜੁਆਕ ਪਾਲਣ ਦੀ ਮਾਰੀ ਇਦੇ ਨਾਲ ਉੱਠ ਕੇ ਤੁਰ ਆਈ ਹੋਵੇ।” ਕੋਈ ਹੋਰ ਠੰਡਾ ਛਿੜਕਦੀ।
”ਜ਼ਨਾਨੀ ਕੱਢ ਲਿਆਇਆ ਤਾਂ ਕੀ ਹੋਇਆ! ਸ਼ੇਰ ਬੱਗਾ! ਦਿਲ ਜਿਗਰੇ ਵਾਲੇ ਮਰਦ ਬੱਚੇ ਅਜਿਹਾ ਕਰਦੇ ਈ ਆਏ ਆ।”  ਰਾਮ ਸਿੰਘ ਦੇ ਮਨ ਅੰਦਰ ਕਈ ਵਾਰ ਇਹ ਗੱਲ ਅੰਗੜਾਈ ਭਰਦੀ। ਪਰ ਮੁੰਡੇ ਵਾਲੀ ਗੱਲ ਕਰਕੇ ਉਸੇ ਪਲ ਦਮ ਤੋੜ ਜਾਂਦੀ।
ਤਿੰਨ ਸਾਲ ਬਾਅਦ ਜਗੀਰ ਕੌਰ ਦੇ ਦੋ ਜੌੜੇ ਮੁੰਡੇ ਹੋ ਗਏ। ਲਾਲਾਂ ਦੀ ਜੋੜੀ। ਸੱਜਣ ਨੇ ਬਿਨਾ ਪੁੱਛੇ ਰਾਮ ਸਿੰਘ ਦੇ ਬਾਰ ਵਿੱਚ ਨਿੰਮ ਬੰਨ੍ਹ ਦਿੱਤੀ।

”ਤਾਇਆ, ਹੁਣ ਛੱਡ ਦੇ ਅੜੀ। ਇਸਨੇ ਗਧੀ ਤਾਂ ਨੀ ਮਾਰੀ ਕਿਸੇ ਦੀ। ਮਿਰਜੇ ਵਾਂਗੂੰ ਦਿਲ ਆ ਗਿਆ, ਖ਼ੀਬੇ ਖ਼ਾਨ ਦੀ ਧੀ ‘ਤੇ। ਲੱਗੀਆਂ ਦੀ ਪੁਗਾਤੀ ਜੱਟ ਨੇ। ਕਿਸੇ ਦੀ ਨੂੰਹ-ਧੀ ਵੱਲ ਤਾਂ ਨੀ ਮਾੜੀ ਨਿਗ੍ਹਾ ਨਾਲ ਝਾਕਿਆ। ਕਾਹਦੀ ਨਮੋਸ਼ੀ ਮੰਨੀਂ ਬੈਠਾ ਤੂੰ? ਥੁੱਕ ਪਰਾਂ ਗੁੱਸਾ, ਤਾਇਆ।”

ਪਤਾ ਨੀਂ ਰਾਮ ਸਿੰਘ ਉੱਤੇ ਸੱਜਣ ਦੀਆਂ ਗੱਲਾਂ ਅਸਰ ਕਰ ਗਈਆਂ ਸਨ ਜਾਂ ਪੋਤਿਆਂ ਦਾ ਮੋਹ। ਗੁੱਸਾ ਥੁਕਣਾ ਈ ਸੀ ਉਹਨੇ? ਅੰਦਰੋ ਉਹ ਖ਼ੁਸ਼ ਸੀ ਪੂਰਾ। ਉਸਦੇ ਮਨ ਵਿੱਚ ਕਿੰਨੇ ਈ ਸੁਪਨੇ ਅੰਗੜਾਈ ਭਰਨ ਲੱਗੇ- ਸਕੂਲ ਜਾਂਦੀ ਇਹ ਜੋੜੀ, ਖੇਡ ਦੇ ਮਦਾਨਾਂ ਵਿੱਚ ਮੱਲਾਂ ਮਾਰਦੀ, ਧਰਤੀ ਦਾ ਸੀਨਾ ਫਰੋਲ ਕੇ ਉਸਦੀ ਹਿੱਕ ਵਿੱਚੋਂ ਸੋਨਾ ਕਢਦੀ ਇਹ ਜੋੜੀ। ਸ਼ਰੀਕਾਂ ਦੀਆਂ ਡਾਂਗਾਂ ਦਾ ਮੂੰਹ ਭੰਨਦੀ ਜੋੜੀ। ਇੱਕ ਪਲ ਵਿੱਚ ਕਿੰਨਾ ਪੈਂਡਾ ਮਾਰ ਗਿਆ ਸੀ ਉਹ।

”ਚੰਗਾ ਸੋਡੀ ਮਰਜੀ। ਊਂ ਤਾਂ ਮੈਂਨੂੰ ਪਤਾ ਤੁਸੀਂ ਮੇਰਾ ਖਹਿੜਾ ਨੀ ਛੱਡਣਾ। ਜਾਹ, ਸੱਜਣਾ ਫੜ ਲਿਆ ਦੋ ਬੋਤਲਾਂ ਠੇਕੇ ਤੋਂ ਸੰਤਰੇ ਮਾਰਕੇ ਦੀਆਂ। ਪੈਸੇ ਲੈਜਾ ਅਪਣੀ ਤਾਈ ਤੋਂ ਫੜਕੇ।” ਬਾਪੂ ਰਾਮ ਸਿੰਘ ਨੇ ਅਪਣੇ ਸੀਰੀ ਨੂੰ ਹਾਕ ਮਾਰੀ। ਗੁਸਾ ਪਤਾ ਨੀਂ ਕਿੱਧਰ ਕਾਫ਼ੂਰ ਹੋ ਗਿਆ।
ਜਗੀਰ ਕੌਰ ਹੁਣ ਘਰ ਦੀ ਵੱਡੀ ਨੂੰਹ ਸੀ। ਦੋ ਮੁੰਡਿਆਂ ਦੀ ਮਾਂ। ਚੰਦ ਕੌਰ ਤੇ ਰਾਮ ਸਿੰਘ ਮੁੰਡਿਆਂ ਨਾਲ ਸਾਰਾ ਦਿਨ ਪਰਚੇ ਰਹਿੰਦੇ। ਰਾਮ ਸਿੰਘ ਦੋਵਾਂ ਪੋਤਿਆ ਨੂੰ ਉਂਗਲ ਲਾਕੇ ਸੱਥ ਵਿਚ ਲੈ ਜਾਂਦਾ। ਨਾਲੇ ਉਨ੍ਹਾਂ ਨਾਲ ਖੇਡੀ ਵੀ ਜਾਂਦਾ।
ਜਗੀਰ ਕੌਰ ਨੇ ਅਪਣੇ ਮਿਲਾਪੜੇ ਸੁਭਾ ਨਾਲ ਸਭ ਦਾ ਦਿਲ ਜਿੱਤ ਲਿਆ ਸੀ। ਉਸਦਾ ਪੂਰਾ ਸਤਿਕਾਰ ਤੇ ਮਾਣ ਸੀ। ਲੋਕ ਕਹਿੰਦੇ ਸੀ, ”ਜਿਦੇਂ ਦੀ ਜਗੀਰ ਕੌਰ ਆਈ ਐ, ਲੱਛਮੀ ਤਖ਼ਤਿਆ ਨੂੰ ਧੱਕੇ ਮਾਰ ਕੇ ਇਨ੍ਹਾ ਦੇ ਘਰ ਅੰਦਰ ਆ ਬੜੀ ਹੈ।”

ਸੱਚ ਈ ਤਾ ਸੀ ਲੋਕਾਂ ਦੀ ਗੱਲ! ਜਗੀਰ ਕੌਰ ਦੇ ਆਉਣ ਨਾਲ ਸੁੱਚਾ ਸਿੰਘ ਸਿੱਧੇ ਰਸਤੇ ਪੈ ਗਿਆ। ਉਹ ਸਾਰੇ ਐਬ ਛੱਡ ਕੇ ਪਿੰਡ ਦਾ ਸਿਰਕੱਢ ਜ਼ਮੀਨਦਾਰ ਬਣ ਗਿਆ।
ਗੱਜਣ ਸਿੰਘ ਦੇ ਮਰਨ ਤੋਂ ਪਿੱਛੋਂ ਉਸਦੀ ਅੱਧੀ ਜ਼ਮੀਨ ਜਗੀਰ ਕੌਰ ਤੇ ਅੱਧੀ ਜ਼ਮੀਨ ਭੋਲੇ ਦੇ ਨਾਉਂ ਚੜ੍ਹ ਗਈ। ਚੜ੍ਹਨੀ ਈ ਸੀ, ਪਤਨੀ ਤੇ ਮੁੰਡੇ ਦੇ ਨਾਉਂ ਬਰਾਬਰ ਕਾਨੂੰਨ ਅਨੁਸਾਰ। ਚੜ੍ਹਦੀ ਵੀ ਨਾ, ਝਗੜਾ ਵੀ ਛਿੜ ਸਕਦਾ ਸੀ ਬਈ ਜਗੀਰੋ ਨੇ ਦੂਜਾ ਵਿਆਹ ਕਰਾ ਲਿਆ। ਕੇਸ ਦਾ ਫੈਸਲਾ ਹੋਣ ਨੂੰ ਤਾ ਦਹਾਕਾ ਲੱਗ ਸਕਦਾ ਸੀ।

ਜ਼ਮੀਨ ਮਿਲੀ ਤਾਂ ਸੁੱਚੇ ਕਰਕੇ ਹੀ। ਉਹ ਦੂਰ ਦੀ ਸੋਚਣ ਵਾਲਾ ਸੀ। ਸੁੱਚੇ ਨੇ ਇਹ ਜ਼ਮੀਨ ਜੱਗਰ ਨੂੰ ਪਿੰਡ ਦੇ ਭਾਅ ਤੋਂ ਤਿੰਨ ਹਜਾਰ ਏਕੜ ਮਗਰ ਸਸਤੀ ਬੈਅ ਕਰ ਦਿੱਤੀ। ਘਰ ਵੀ ਉਸੇ ਨੂੰ ਦੇ ਦਿੱਤਾ, ਭੌਅ ਦੇ ਭਾਅ। ਇੱਕ ਕਨਾਲ ਦਾ ਪਲਾਟ ਪੰਚਾਇਤ ਨੂੰ ਦਾਨ ਕਰ ਦਿੱਤਾ। ਤਿੰਂਨ ਮਰਲੇ ਦੀ ਇੱਕ ਕੋਠੜੀ ਘੁੱਗੂ ਨੂੰ ਛੱਤ ਦਿੱਤੀ, ਰੂੜੀ ਵਾਲੇ ਪਲਾਟ ਵਿੱਚ। ਸਾਰਾ ਪਿੰਡ ਉਸਨੇ ਅਪਣੀ ਧਿਰ ਬਣਾ ਲਈ। ਨਹੀਂ ਤਾਂ ਇਹ ਵੇਚਣੀ ਬਹੁਤ ਹੀ ਔਖੀ ਹੁੰਦੀ। ਉਹ ਪਿੰਡ ਦੀ ਬਹੂ ਨੂੰ ਕੱਢ ਕੇ ਲੈ ਗਿਆ ਸੀ ਜਿਹੜੀ ਪਿੰਡ ਵਾਲਿਆਂ ਨੂੰ ਬਹੁਤ ਈ ਰੜਕਦੀ ਸੀ, ਭਾਵੇਂ ਉਹ ਅਪਣੀ ਮਰਜੀ ਨਾਲ ਈ ਗਈ ਸੀ।

ਇਸ ਜ਼ਮੀਨ ਦੇ ਪੈਸਿਆਂ ਨਾਲ ਉਸ ਨੇ ਅਪਣੇ ਪਿੰਡ ਕੁੰਦਨ ਸੁਨਿਆਰ ਵਾਲੀ ਸੋਲਾਂ ਕਿੱਲੇ ਜ਼ਮੀਨ ਖਰੀਦ ਲਈ। ਜਗੀਰ ਕੌਰ ਚਾਹੁੰਦੀ ਸੀ ਬਈ ਇਹ ਸਾਰੀ ਜ਼ਮੀਨ ਭੋਲੇ ਦੇ ਨਾਉਂ ਲੁਆਦੇ।

”ਜੇ ਭੋਲੇ ਦੇ ਨਾਂ ਲੁਆਤੀ ਕੱਲ ਨੂੰ ਮੁੰਡਿਆ ਵਿੱਚ ਫਰਕ ਪੈਜੂ। ਲੋਕਾਂ ਨੇ ਫਰਕ ਪਾ ਦੇਣਾ। ਛੋਟੇ ਕਹਿਣਗੇ, ‘ਤੇਰੇ ਪਿਉ ਵਾਲੀ ਤਾਂ ਤੈਨੂੰ ਮਿਲਗੀ। ਸਾਡੇ ਪਿਉ ਆਲੀ ਵਿੱਚੋਂ ਕਾਹਦਾ ਹਿੱਸਾ ਭਾਲ਼ਦਾਂ? ਅਪਣੇ ਨਾਂ ਲੁਆ ਲੈਂਨੇ ਆਂ। ਆਪਣੇ ਮਰਿਆਂ ਤੋ, ਆਪੇ ਸਾਂਭ ਲੈਣਗੇ, ਤਿੰਨੇ ਬਰਾਬਰ, ਹਿੱਸੇ ਬਹਿੰਦੀ”।

ਜਗੀਰ ਕੌਰ ਤਾਂ ਰਾਜੀ ਨੀ ਸੀ। ਪਤਾ ਨ੍ਹੀਂ ਇਸ ਵਿੱਚ ਸੁੱਚੇ ਦੀ ਬਦਨੀਤੀ ਸੀ ਜਾਂ ਦੂਰ-ਅੰਦੇਸ਼ੀ। ਉਸ ਨੇ ਅੱਧੀ ਅਪਣੇ ਤੇ ਅੱਧੀ ਜਗੀਰ ਕੌਰ ਦੇ ਨਾਂ ਰਜਿਸਟਰੀ ਕਰਾ ਲਈ।

ਵੀਹ ਕਿੱਲੇ ਜ਼ਮੀਨ ਤਾਂ ਸੁੱਚੇ ਨੂੰ ਜ਼ੱਦੀ ਮਿਲੀ ਸੀ ਤੇ ਸੋਲਾਂ ਕਿੱਲੇ ਕੁੰਦਨ ਸੁਨਿਆਰ ਵਾਲੀ, ਗੱਜਣ ਫੋਜੀ ਵਾਲੀ ਵੇਚ ਕੇ ਖਰੀਦੀ। ਸੁੱਚੇ ਦੇ ਸਕਿਆ ਵਿੱਚੋਂ ਰਲਦਾ ਔਤ ਬੁੜਾ ਦਲੀਪੂ ਜਿਉਂਦੇ ਜੀਅ ਦਸ ਕਿੱਲੇ ਸੁੱਚੇ ਤੇ ਜਗੀਰ ਕੌਰ ਦੇ ਨਾਂ ਲੁਆ ਗਿਆ ਜਗੀਰ ਕੌਰ ਦੇ ਸੁਭਾ ਕਰਕੇ। ਉਸਦੀ ਬਹੁਤ ਸੇਵਾ ਕੀਤੀ। ਕਿਤੇ ਮੱਥੇ ਵੱਟ ਨੀ ਸੀ ਪਾਇਆ। ਤਿੰਨੇ ਮੁੰਡੇ ਜਾਨ ਤੋੜ ਕੇ ਕੰਮ ਕਰਨ ਵਾਲੇ। ਹਰ ਸਾਲ ਉਹ ਤਿੰਨ ਚਾਰ ਕਿਲੇ ਜ਼ਮੀਨ ਰਲਾ ਲੈਂਦੇ। ਸੱਠ ਏਕੜ ਦੇ ਲਗ-ਭਗ ਹੋ ਗਏ ਸੀ ਉਨ੍ਹਾ ਕੋਲ।
ਤਿੰਨਾਂ ਭਰਾਵਾਂ ਵਿੱਚ ਪਿਆਰ ਵੀ ਬਹੁਤ ਸੀ। ਦੋਵੇਂ ਛੋਟੇ ਭੋਲੇ ਦੇ ਮਗਰ-ਮਗਰ ਤੁਰੇ ਫਿਰਦੇ। ਦਸ-ਬਾਰਾਂ ਸਾਲ ਦੇ ਹੋਣ ਤੀਕਰ ਤਾਂ ਉਹ ਉਸਦੇ ਨਾਲ ਈ ਪੈਂਦੇ। ਇੱਕ ਉਸਦੇ ਖੱਬੇ ਪੈ ਜਾਂਦਾ। ਦੂਜਾ ਉਸਦੇ ਸੱਜੇ।
ਸਕੂਲ਼ ਪੜ੍ਹਨ ਤਾਂ ਉਹ ਤਿੰਨੇ ਈ ਲਾਏ ਪਰ ਸਿਰੇ ਕੋਈ ਵੀ ਨਾ ਲੱਗਿਆ। ਉਹ ਤੀਜੀ ਚੌਥੀ ‘ਚ ਈ ਸਕੂਲੋਂ ਹਟ ਗਏ।

ਜਿੱਥੇ ਸੁੱਚਾ ਸੱਤਾਂ ਪੱਤਣਾ ਦਾ ਤਾਰੂ ਸੀ ਉੱਥੇ ਮੁੰਡੇ ਘੜੇ ਦੇ ਡੱਡੂ। ਪਿੰਡ ਤੋਂ ਮਸਾਂ ਵੀਹ-ਤੀਹ ਕੋਹ ਈ ਦੂਰ ਗਏ ਹੋਣੇ ਆ। ਘਰੋਂ ਖੇਤ ਤੇ ਖੇਤੋਂ ਘਰੇ। ਹੋਰ ਤਾਂ ਹੋਰ ਪਿੰਡ ਦੀ ਸੱਥ ਵਿੱਚ ਵੀ ਇਹ ਕਿੱਤੇ ਹੀ ਬੈਠੇ ਹੋਣਗੇ। ਬੈਠਦੇ ਵੀ ਕਿਵੇਂ, ਸ਼ਰੀਕਾਂ ਨੇ ਦੁਖਦੀ ਰਗ ਤੇ ਈ ਹੱਥ ਜੋ ਧਰਨਾ ਹੋਇਆ। ਕੋਈ ਨਾਂ ਕੋਈ ਵਿੰਗੇ-ਟੇਢੇ ਢੰਗ ਨਾਲ ਨਾਨਕਿਆਂ ਦੀ ਗੱਲ ਲੈ ਬਹਿੰਦਾ।
–ਜਗਬੀਰ, ਨਾਨਕੀ ਨੀ ਗਿਆ ਤੂੰ? ਮੈਂ ਤਾਂ ਕੱਲ ਈ ਮੁੜਿਆਂ। ਵੱਡਾ ਮਾਮਾ ਬੀਮਾਰ ਸੀ ਮੇਰਾ।
–ਨਾਨਕੇ ਤਾਂ ਹੋਏ ਅੱਧਾ ਪਿੰਡ। ਮੈਂ ਤਾਂ ਇਸ ਵਾਰ ਸਾਰੀਆਂ ਛੁੱਟੀਆਂ ਉੱਥੇ ਈ ਕੱਟਣੀਆਂ। ਮੇਰੀ ਮਾਮੀ ਮੋਹ ਵੀ ਬੜਾ ਕਰਦੀ ਆ ਮੇਰਾ।
-ਪਰਸੋਂ ਆਇਆ ਸੀ ਵੱਡਾ ਮਾਮਾ, ਮੇਰਾ। ਭੈਣ ਭਰਾ ਵੱਡੀ ਰਾਤ ਤੱਕ ਦੁੱਖ-ਸੁੱਖ ਦੀਆਂ ਗੱਲਾਂ ਕਰਦੇ ਰਹੇ।
–ਆਪਣਾ ਅਮਰੀਕ ਆਇਆ ਸੀ, ਅਮਰੀਕਾ ਤੋਂ ਵਿਆਹ ਕਰਵਾਉਣ। ਅਗਲੇ ਵੱਡੇ ਮਾਮੇ ਨਾਲ ਮਿਲਣੀ ਕਰਨ ਨੂੰ ਕਹਿਣ। ਅੜ੍ਹ ਗਿਆ। ਬਸ ਕਹਿੰਦਾ, ‘ਸਾਰਿਆ ਮਾਮਿਆਂ ਨਾਲ ਮਿਲਣੀ ਕਰਾਉਣੀ ਆ।’ਨਿੱਤ ਨਿੱਤ ਨੀ ਭਾਣਜੇ ਵਿਆਹੁਣੇ। ਬੁਕਦਾ ਫਿਰੇ।

ਉਹ ਚੁੱਪ ਕਰਕੇ ਸੱਥ ਵਿੱਚੋ ਉੱਠ ਆਉਂਦੇ। ਉਸ ਦਿਨ ਉਹ ਆਪਣੀ ਮਾਂ ਵੱਲ ਬਹੁਤ ਹੀ ਕੌੜ-ਕੌੜ ਝਾਕਦੇ। ਉਸਦੇ ਬਲਾਉਣ ਤੇ ਸਿੱਧੇ ਮੂੰਹ ਵੀ ਗੱਲ ਨਾ ਕਰਦੇ। ਕਿਸੇ ਨਾ ਕਿਸੇ ਗੱਲ ਤੋਂ ਜਗੀਰ ਕੌਰ ਜਾਣ ਈ ਜਾਂਦੀ, ਬਈ ਕੀ ਗੱਲ ਐ।
ਪਿਛਲੀ ਜ਼ਿੰਦਗੀ ਦੀਆਂ ਕੌੜੀਆਂ ਯਾਦਾਂ ਉਸਨੂੰ ਤੜਪਾ ਦਿੰਦੀਆਂ। ਉਹ ਮਰ-ਮੁੱਕ ਗਏ ਮਾਂ-ਪਿਉ ਨੂੰ ਯਾਦ ਕਰਕੇ ਹਉਕੇ ਭਰਦੀ। ਉਨ੍ਹਾ ਦੀ ਯਾਦ ਵਿੱਚ ਤੜਪਦੀ।
ਉਸਦਾ ਜਨਮ ਪਿਉ ਦੇ ਮਰਨ ਤੋਂ ਤਾਂ ਤਿੰਨ ਮਹੀਨੇ ਪਿੱਛੋਂ ਈ ਹੋਇਆ ਸੀ, ਉਸਦੀ ਮੌਤ ਦਾ ਤਾਂ ਕਿਸੇ ਨੂੰ ਭੇਤ ਈ ਨੀ ਲੱਗਿਆ ਤੇ ਮਾਂ ਉਸਦੇ ਜਨਮ ਵੇਲੇ ਈ ਮਰ ਗਈ ਸੀ। ਜੇ ਉਹ ਜਿਉਂਦੇ ਹੁੰਦੇ ਉਹ ਤਾਂ ਖੜਦੇ ਧੀ ਦੇ ਕਾਰ-ਵਿਹਾਰ ਤੇ। ਉਹ ਵੀ ਮਾਣ ਨਾਲ ਤੁਰਦੀ ਸਿਰ ਉੱਚਾ ਕਰਕੇ।

ਤਾਈ ਤਾਇਆ ਤਾਂ?
ਤਾਈ ਨੇ ਉਸਨੂੰ ਪਾਲਿਆ ਤਾਂ ਸੀ ਪਰ ਇੱਕ ਦਿਨ ਵੀ ਮਾਂ ਦਾ ਪਿਆਰ ਨੀ ਸੀ ਦਿੱਤਾ-ਦਿੱਤਾ ਸੀ ਤਾਂ ਘੂਰ-ਘੱਪਾ, ਫਿਟਕਾਰ ਤੇ ਤਾਹਨੇ-ਮਿਹਣੇ। ਅਮਲੀ ਤਾਇਆ? ਉਸਨੂੰ ਨਾ ਕਿਸੇ ਧੀ-ਪੁੱਤ ਦਾ। ਉਸਨੂੰ ਤਾ ਆਪਣਾ ਅਮਲ ਈ ਪਿਆਰਾ ਸੀ। ਅਮਲ ਪੂਰਾ ਕਰਨ ਦਾ ਉਸਨੂੰ ਮੌਕਾ ਮਿਲ ਗਿਆ।ਉਸ ਰਾਤ ਦੀ ਗ਼ਲਤੀ ਕਰਕੇ।

ਉਹ ਰਾਤ ਤਾਂ ਜਗੀਰ ਕੌਰ ਨੂੰ ਕਦੇ ਵੀ ਨੀ ਭੁੱਲੀ ਜਿਸ ਰਾਤ ਦੀ ਭੁੱਲ ਦਾ ਨਤੀਜਾ ਹੁਣ ਤੱਕ ਭੁਗਤ ਰਹੀ ਸੀ। ਉਹ ਰਾਤ ਜਦੋਂ ਉਹ ਗੁਆਢੀਆਂ ਦੇ ਮੁੰਡੇ ਮਿੰਦਰ ਨਾਲ ਰੰਗੇ ਹੱਥੀਂ ਫੜੀ ਗਈ ਸੀ। ਫੜੀ ਵੀ ਕੀ ਫੜਾ ਦਿੱਤੀ ਸੀ ਉਸਦੇ ਤਾਏ ਦੀ ਤੇਜ ਤਰਾਰ, ਮਕਾਰ ਤੇ ਬਦਕਾਰ ਨੂੰਹ ਮੇਲੋ ਨੇ। ‘ਆਪੇ ਪੌੜੀ ਲਾ ਕੇ ਆਪੇ ਚੱਕਣ ਵਾਲੀ ਨੇ।’  ਉਸਨੂੰ ਉਕਸਾ ਕੇ ਗੁਆਂਢੀਆਂ ਦੇ ਮੁੰਡੇ ਰਣਬੀਰ ਦੀ ਬੈਠਕ ਵਿੱਚ ਭੇਜ ਦਿੱਤਾ ਤੇ ਬਾਹਰੋਂ ਕੁੰਡਾ ਲਾ ਦਿੱਤਾ ਸੀ। ਇਸ ਨਾਲ ਉਨ੍ਹਾ ਨੂੰ ਬਹਾਨਾਂ ਮਿਲ ਗਿਆ ਸੀ ਜਗੀਰ ਕੌਰ ਨੂੰ ਗੳ-ਮੱਝ-ਭੇਡ-ਬੱਕਰੀ ਵਾਂਗੂੰ ਵੇਚਣ ਦਾ।
ਇਸ ਰਾਤ ਤੋਂ ਇੱਕ ਮਹੀਨੇ ਬਾਅਦ ਈ ਪਿੰਡ ਤੋਂ ਪੰਜਾਹ ਕੋਹ ਤੇ ਦੁਹਾਜੂ ਗੱਜਣ ਫੌਜੀ ਨਾਲ ਵਿਆਹ ਦਿੱਤੀ ਸੀ। ਵਿਆਹ ਵੀ ਕਾਹਦਾ ਸੀ। ਚੰਗੇ ਪੈਸੇ ਵੱਟੇ। ਉਮਰ ਦਾ ਫਰਕ ਤੇ ਦਹਾਜੂ ਸੀ।
ਉਸ ਰਾਤ ਦੀ ਗ਼ਲਤੀ ਕਾਲਾ ਨਾਗ ਬਣ ਕੇ ਸਾਰੀ ਉਮਰ ਉਸਦੀ ਜ਼ਿੰਦਗੀ ਅਤੇ ਆਤਮਾ ਦੁਆਲੇ ਲਪੇਟਾ ਮਾਰ ਕੇ ਬੈਠੀ ਰਹੀ।

ਉਸਦੀ ਕਿਹੋ ਜੀ ਸੀ ਜਿੰਦਗੀ! ਬਚਪਨ ਵਿੱਚ ਮਾਂ-ਪਿਉ ਬਾਹਰੀ, ਮਮਤਾ ਵਿਹੂਣੀ ਜ਼ਿੰਦਗੀ। ਪਿਆਰ ਤੋਂ ਸੱਖਣੀ। ਅਵਾਰਾ ਕੁੱਤੇ ਵਰਗੀ। ਬੁਢਾਪੇ ਵਿੱਚ ਪੁੱਤਾ-ਨੂੰਹਾਂ ਦੀ ਛੱਜ ‘ਚ ਪਾ ਕੇ ਛੰਡੀ। ਪਲ ਪਲ ਮਾਨਸਿਕ ਸੰਤਾਪ ਹੰਢਾਉਂਦੀ ਜ਼ਿੰਦਗੀ! ਬਸ ਜ਼ਿੰਦਗੀ ਮਿਲੀ ਸੀ ਤਾਂ ਚਾਰ ਦਿਨ। ਸੁੱਚੇ ਦੇ ਘਰ। ਸਰਦਾਰੀ ਤੇ ਰੱਜੀ ਪੁੱਜੀ ਜ਼ਿੰਦਗੀ। ਪਰ ਸੁੱਚੇ ਦੀ ਮੌਤ ਤੋਂ ਬਾਅਦ?

ਸੁੱਚੇ ਦੀ ਮੌਤ ਤੋ ਬਾਅਦ ਜਗੀਰੋ ਹੀਰੋ ਤੋਂ ਜ਼ੀਰੋ ਬਣ ਗਈ। ਜਿਹੜੀ ਜ਼ਮੀਨ ਉਸਨੇ ਸੌ ਪਾਪੜ ਵੇਲ ਕੇ ਬਣਾਈ ਸੀ ਉਹੀ ਜ਼ਮੀਨ ਉਸ ਦੇ ਹੱਡਾਂ ਦਾ ਨਸੂਰ ਬਣ ਗਈ।
ਸੁਚੇ ਦੀ ਮੌਤ ਪਿੱਛੋਂ ਉਹ ਅੱਡ ਹੋ ਗਏ। ਜਗੀਰ ਕੌਰ ਵੱਡੇ ਮੁੰਡੇ ਭੋਲੇ ਨਾਲ ਰਲ ਗਈ। ਦੋਵੇ ਛੋਟੇ ਜੌੜੇ ਮੁੰਡੇ ਘੋਨਾ ਤੇ ਲਾਭਾ ਇਕੱਠੇ। ਇੰਨ੍ਹਾਂ ਦੋਵਾਂ ਦੇ ਘਰ ਵਾਲੀਆਂ ਤੇਜ ਕੌਰ ਤੇ ਹਰਮੇਲ ਕੌਰ ਸਕੀਆਂ ਭੈਣਾ ਸਨ। ਉਹ ਦੋਵੇਂ ਸੁਭਾ ਦੀਆਂ ਤੇਜ-ਤਰਾਰ ਸਨ ਜਦ ਕਿ ਵੱਡੀ ਨੂੰਹ ਮਨਜੀਤ ਦਾ ਸੁਭਾ ਨਰਮ ਸੀ। ਜੇ ਜਗੀਰ ਕੌਰ ਵੀ ਇਨ੍ਹਾਂ ਨਾਲ ਰਲ ਜਾਂਦੀ ਭੋਲਾ ਬਿਲਕੁਲ ਇਕੱਲਾ ਰਹਿ ਜਾਂਦਾ। ਇੱਕ ਇਹ ਵੀ ਕਾਰਨ ਸੀ ਜਗੀਰ ਕੌਰ ਦਾ ਭੋਲੇ ਦੇ ਨਾਲ ਰਲਣ ਦਾ।

ਅੱਠ ਕਿੱਲੇ ਤਾਂ ਉਸਦੇ ਇਕੱਲੀ ਦੇ ਨਾਂ ਸਨ।ਬਾਕੀ ਸਾਰੀ ਜ਼ਮੀਨ ਵਿੱਚ ਵੀ ਉਹ ਮੁੰਡਿਆਂ ਦੇ ਬਰਾਬਰ ਚੌਥੇ ਹਿੱਸੇ ਦੀ ਹੱਕਦਾਰ ਸੀ। ਇਸ ਹਿਸਾਬ ਨਾਲ ਤਾਂ ਉਸਨੂੰ ਹਰ ਮੁੰਡੇ ਤੋ ਵੱਧ ਜਮੀਨ ਆਉਂਦੀ ਸੀ। ਜਿਸ ਪਾਸੇ ਉਹ ਰਲਦੀ ਸੀ, ਤੱਕੜੀ ਦਾ ਪਲੜਾ ਖਾਸਾ ਭਾਰਾ ਹੁੰਦਾ ਸੀ। ਉਹ ਭੋਲੇ ਨਾਲ ਸੀ, ਤਕੜੀ ਦਾ ਪਲੜਾ ਭੋਲੇ ਵਾਲਾ ਭਾਰਾ ਹੀ ਹੋਣਾ ਸੀ। ਘਰ ਵਿੱਚ ਸੂਹਣ ਖੜ੍ਹੀ ਹੋ ਗਈ।

ਜਗੀਰ ਕੌਰ ਨੇ ਗੁਜਾਰੇ ਲਈ ਸਿਰਫ ਪੰਜ ਕਿੱਲੇ ਈ ਰੱਖੇ ਸਨ। ਬਾਕੀ ਵਾਹੁਣ ਲਈ ਸਾਰਿਆਂ ਨੂੰ ਬਰਾਬਰ ਕਰ ਦਿੱਤੀ ਸੀ। ਰਿਸ਼ਤੇਦਾਰਾਂ ਨੇ ਬਹੁਤ ਕਿਹਾ, ”ਕਿਧਰੇ ਨੀਂ ਜਾਂਦੀ ਸੋਡੀ ਜਮੀਨ। ਚਲੋ ਜੇ ਸ਼ੱਕ ਆ ਵਸੀਅਤ ਕਰਾ ਦਿੰਦੇ ਆਂ। ਅਸੀਂ ਜੁੰਮੇਵਾਰ ਆ, ਇਸਤੋਂ ਤੁਹਾਡੇ ਨਾਉਂ ਕਰਾਉਣ ਦੇ। ਨਾਲੇ ਰੋਲਾ ਵੀ ਕਾਹਦਾ। ਤੁਸੀਂ ਤਿੰਨੇ ਭਾਈ ਤਾਂ ਹੋ ਜਗੀਰ ਕੌਰ ਦੇ ਕਨੂੰਨੀ ਵਾਰਸ।”

ਪਰ ਹੁਣ ਤਾਂ ਇਨ੍ਹਾਂ ਗੱਲਾਂ ਦਾ ਉਨ੍ਹਾ ਤੇ ਉਲਟਾ ਅਸਰ ਹੁੰਦਾ ਸੀ। ਦਿਨ-ਬਦਿਨ ਤਾਣੀ ਸੁਲਝਣ ਦੀ ਥਾਂ ਉਲਝਦੀ ਜਾ ਰਹੀ ਸੀ।
”ਜਿੱਧਰ ਬੁੜੀ ਰਲ ਗਈ ਉਧਰੇ ਜ਼ਮੀਨ ਰਹਿ ਜਾਣੀ ਆ। ਜੇ ਕੱਲ ਨੂੰ ਵਸੀਅਤ ਕਰਾਂਗੀ ਭੋਲੇ ਦੇ ਮੁੰਡੇ ਦੇ ਨਾਂ-ਫਿਰ ਮੂੰਹ ਦੇਖਦੇ ਰਹਿਉ।” ਤੇਜੋ ਤੇ ਮੇਲੋ ਪਤੀਆਂ ਦੇ ਕੰਨ ਭਰਦੀਆਂ।

ਪਟਵਾਰੀ ਨੇ ਜਿਸਦਾ ਜਿੰਨਾ ਹੱਕ ਬਣਦਾ ਸੀ ਉਸ ਅਨੁਸਾਰ ਇੰਤਕਾਲ ਦਰਜ ਕਰ ਦਿੱਤਾ।
ਤਹਿਸੀਲਦਾਰ ਪਿੰਡ ਇੰਤਕਾਲ ਮਨਜੂਰ ਕਰਨ ਆਇਆ।” ਕਿਸੇ ਨੂੰ ਕੋਈ ਇਤਰਾਜ ਤਾਂ ਨੀ?” ਉਸ ਨੇ ਪੁੱਛਿਆ।
”ਸਾਨੂੰ ਨੀ ਜੀ ਇਹ ਮਨਜੂਰ।” ਤਹਿਸੀਲ਼ਦਾਰ ਦੇ ਬੋਲਣ ਤੇ ਦੋਵੇਂ ਭਰਾ ਖੜ੍ਹੇ ਹੋ ਗਏ। ਇੰਤਕਾਲ ਮਤਨਾਜ਼ਾ ਹੋ ਕੇ ਐਸ.ਡੀ ਐਮ ਦੇ ਚਲਿਆ ਗਿਆ।

ਸ਼ਰੀਕਾਂ ਨੂੰ ਮੌਕਾ ਮਿਲ ਗਿਆ ਸੀ। ਉਹ ਫਾਨੇ ਬਣ ਪਰਵਾਰ ਦੀਆਂ ਖਲਪਾੜਾ ਬਣਾ ਰਹੇ ਸਨ। ਹੁਣ ਤੱਕ ਕਾਨੂੰਨੀ ਨੁਕਤੇ ਦੱਸਣ ਵਾਲੇ ਬਹੁਤ ਪੈਦਾ ਹੋ ਗਏ ਸਨ।
”ਸਾਰੀ ਜ਼ਮੀਨ ਈ ਸੋਡੀ ਆ। ਭੋਲੇ ਨੂੰ ਇੱਕ ਸਿਆੜ ਨੀ ਮਿਲਣਾ। ਨਾ ਜਾਣੀ ਆ ਜਗੀਰੋ ਨੂੰ। ਪੱਥਰ ਤੇ ਲਕੀਰ ਜਾਣਿਉ। ਸਿਆੜ-ਸਿਆੜ ਦੇ ਮਾਲਕ ਬਣਾਦੂੰ ਸੋਂਨੂੰ। ਬੱਸ ਚੁੱਪ ਰਹਿਉ। ਭੇਤ ਨਾ ਦਿਉ ਕਿਸੇ ਨੂੰ।” ਬਿਸ਼ਨੇ ਲੰਬਰਦਾਰ ਨੇ ਉਨ੍ਹਾ ਨੂੰ ਸਬਜ਼ ਬਾਗ ਦਿੱਖਾ ਦਿੱਤੇ ਸਨ। ਦਿਖਾਉਣੇ ਈ ਸਨ ਇੱਕ ਤਾਂ ਉਨ੍ਹਾਂ ਦਾ ਉਦੋ ਤੱਕ ਤੋਰੀ-ਫੁਲਕਾ ਚੱਲਣਾ ਸੀ ਤੇ ਨਾਲੇ ਭੇਲੀ ਫੁੱਟੇ ਤੋਂ ਗੁੜ ਦੀ ਰੋੜੀ ਦੀ ਵੀ ਆਸ ਸੀ।

ਗਿਰਧਾਰੀ ਲਾਲ ਭੋਲੇ ਤੇ ਜਗੀਰ ਕੌਰ ਦਾ ਵਕੀਲ ਸੀ। ਤੇ ਛੋਟੇ ਦੋਵੇਂ ਭਰਾਵਾਂ ਨੇ ਲਾਲ ਸਿੰਘ ਨੂੰ ਵਕੀਲ਼ ਕਰ ਲਿਆ। ਦੋਵੇਂ ਹੀ ਚੋਟੀ ਦੇ ਵਕੀਲ ਸਨ। ਦੀਵਾਨੀ ਮੁਕੱਦਮਿਆਂ ਦੇ ਮਾਹਰ। ਇੱਕ ਧਿਰ ਇੱਕ ਨੂੰ ਕਰ ਲੈਂਦੀ। ਦੂਜੀ ਧਿਰ ਦੂਜੇ ਨੂੰ। ਬੱਸ ਕੁੰਢੀਆਂ ਦੇ ਸਿੰਗ ਫਸੇ ਈ ਰਹਿੰਦੇ। ਕਿਤੇ ਕੋਈ ਧਿਰ ਜਿੱਤ ਜਾਂਦੀ, ਕਿਤੇ ਕੋਈ।

ਮੁਕਦਮਾ ਸ਼ੁਰੂ ਹੋ ਗਿਆ। ਦੋਵਾਂ ਧਿਰਾਂ ਨੇ ਆਪੋ-ਅਪਣੇ ਸਬੂਤ ਪੇਸ਼ ਕੀਤੇ। ਅੱਧਾ ਪਿੰਡ ਜਗੀਰ ਕੌਰ ਤੇ ਭੋਲੇ ਦੇ ਹੱਕ ਵਿੱਚ ਜਾਂਦਾ ਤੇ ਅੱਧਾ ਲਾਭ ਸਿੰਘ ਤੇ ਘੋਨੇ ਹੋਰਾਂ ਦੇ।
ਲ਼ਾਲ ਸਿੰਘ ਨੇ ਦਲੀਲ ਦਿੱਤੀ ਕਿ ਭੋਲਾ ਨੰਦਗੜ ਵਾਲੇ ਮਰਹੂਮ ਗੱਜਣ ਸਿੰਘ ਦਾ ਮੁੰਡਾ ਹੈ। ਜਗੀਰ ਕੌਰ ਉਹਦੀ ਪਤਨੀ ਸੀ ਤੇ ਭੋਲਾ ਉਹਦਾ ਪਿੱਛਲੱਗ ਪੁੱਤਰ। ਉਸਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਬਈ ਭੋਲਾ ਸਿੰਘ ਸੁਚਾ ਸਿੰਘ ਦਾ ਪੁੱਤਰ ਨਹੀ ਸੀ। ਉਹ ਨੰਦਗੜ ਵਾਲੇ ਗੱਜਣ ਦਾ ਪੁੱਤਰ ਐ। ਉਹ ਪਿੱਛੋਂ ਹੀ ਆਇਆ ਸੀ। ਜਗੀਰ ਕੌਰ ਸੁੱਚੇ ਦੀ ਪਤਨੀ ਨ੍ਹੀਂ, ਰਖੇਲ ਐ। ਇਸ ਕਰਕੇ ਦੋਵਾਂ ਦਾ ਜ਼ਮੀਨ ਤੇ ਕੋਈ ਹੱਕ ਨਹੀਂ ਬਣਦਾ।

ਦੂਜੇ ਪਾਸੇ ਗਿਰਧਾਰੀ ਲਾਲ ਨੇ ਜਗੀਰ ਕੌਰ ਦੇ ਹੱਕ ਵਿੱਚ ਸੱਜਣ ਸਿੰਘ, ਮੱਘਰ ਸਿੰਘ ਤੇ ਹੋਰ ਪਿੰਡ ਦੇ ਪਤਵੰਤੇ ਭੁਗਤਾਏ। ਸੱਜਣ ਸਿੰਘ ਨੇ ਕਿਹਾ, ”ਕਿ ਭੋਲਾ ਸੁੱਚੇ ਦਾ ਹੀ ਮੁੰਡਾ ਹੈ। ਉਹ ਤਾ ਉਸਦੇ ਹੱਥਾਂ ਵਿੱਚ ਈ ਜੰਮਿਆ।” ਸਰਪੰਚ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਤਿੰਨੇ ਈ ਸੁੱਚਾ ਸਿੰਘ ਦੇ ਪੁੱਤਰ ਹਨ। ਜਗੀਰ ਕੌਰ ਉਸਦੀ ਪਤਨੀ ਹੈ।

ਸੁੱਚਾ ਦੂਰ ਦੀ ਸੋਚਣ ਵਾਲਾ ਸੀ। ਉਸਨੇ ਜਿੱਥੇ ਵਲਦੀਅਤ ਦੀ ਲੋੜ ਪੈਂਦੀ ਸੀ ਲਾਭ ਸਿੰਘ ਨੂੰ ਵੀ ਅਪਣਾ ਪੁੱਤਰ ਈ ਦਰਜ ਕਰਾਇਆ ਸੀ। ਸਕੂਲ ਦਾ ਦਾਖਲਾ ਖਾਰਜ ਰਜਿਸਟਰ, ਵੋਟਰ ਸੂਚੀਆਂ, ਰਾਸ਼ਨ ਕਾਰਡ, ਬਿਜਲੀ ਦੀਆਂ ਮੋਟਰਾਂ ਦੇ ਬਿਲ ਸਬੂਤ ਵਜੋਂ ਪੇਸ਼ ਕੀਤੇ ਜਿਸ ਤੋਂ ਤਿੰਨੇ ਭਰਾ ਸਾਬਤ ਹੁੰਦੇ ਸਨ।
ਐਸ.ਡੀ.ਐਮ ਨੇ ਪਟਵਾਰੀ ਦਾ ਦਰਜ ਕੀਤਾ ਇੰਤਕਾਲ ਮਨਜੂਰ ਕਰ ਦਿੱਤਾ। ਪਤਾ ਨੀ ਉਸਨੇ ਚਾਂਦੀ ਦੀ ਜੁੱਤੀ ਮਾਰੀ ਜਾਂ ਕਿਸੇ ਵਜੀਰ ਦੀ ਸਫ਼ਾਰਸ਼ ਪੁਆ ਦਿੱਤੀ ਜਾਂ ਦੋਵੇ ਈ ਗੱਲਾਂ ਕੀਤੀਆਂ।
ਹਾਰੀ ਧਿਰ ਨੇ ਅਪੀਲ ਕਰ ਦਿੱਤੀ। ਜਿਲਾ ਕੁਲੈਕਟਰ ਨੇ ਫੈਸਲਾ ਉਲੱਦ ਕੇ ਛੋਟੇ ਭਰਾਵਾਂ ਦੇ ਹੱਕ ਵਿੱਚ ਕਰ ਦਿੱਤਾ।
ਕੇਸ ਰੈਵਨਿਊ ਸੈਕਰੇਟਰੀ ਦੇ ਗਿਆ। ਉਸਤੇ ਵੀ ਦੋਵਾਂ ਪਾਸਿਆ ਤੋਂ ਦਬਾ ਪਿਆ। ਉਸਨੇ ਕੇਸ ਅਪਣੇ ਗਲੋਂ ਲਾਹ ਕੇ ਇੱਕ ਦੋ ਖਾਮੀਆਂ ਦੱਸ ਕੇ ਮੁੜ ਦਰਜ ਕਰਨ ਲਈ ਪਟਵਾਰੀ ਦੇ ਭੇਜ ਦਿੱਤਾ। ਕੇਸ ਉਲਟੀ ਕਾਰ ਵਾਂਗ ਭੁਆਟਣੀਆਂ ਖਾਂਦਾ ਰਿਹਾ।

ਪੰਜ ਸਾਲਾਂ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਈ ਆ ਗਿਆ ਸੀ। ਇਨ੍ਹਾਂ ਪੰਜ ਸਾਲਾਂ ਵਿੱਚ ਜਗੀਰ ਕੌਰ ਪੁੱਗ ਗਈ ਸੀ। ਨਮੋਸ਼ੀ ਦੀ ਮਾਰੀ ਘਰੋਂ ਬਾਹਰ ਨਾਂ ਨਿਕਲਦੀ ਉਹ ਜਗੀਰ ਕੌਰ ਜਿਸਤੋਂ ਸਾਰੇ ਪਿੰਡ ਦੀਆਂ ਬੁੜੀਆਂ ਨਿੱਕੀ ਨਿੱਕੀ ਗੱਲ ਤੇ ਰਾਇ ਮੰਗਦੀਆਂ, ਉਸ ਨੂੰ ਇਉਂ ਲਗਦਾ ਉਹ ਜਿਵੇਂ ਉਸ ਵੱਲ ਵੇਖ ਕੇ ਉਹ ਹਸਦੀਆਂ ਹੋਣ।

ਹੁਣ ਕੇਸ ਦੀਵਾਨੀ ਅਦਾਲਤ ਵਿੱਚ ਸੀ। ਇੱਥੇ ਦੁਬਾਰਾ ਸਬੂਤ ਦਿੱਤੇ ਗਏ। ਨਵੇਂ ਪੁਰਾਣੇ ਗਵਾਹ। ਦਾਈ, ਸਰਪੰਚ। ਰੀਕਾਰਡ ਦੇ ਸਬੂਤ। ਰਾਸ਼ਨ ਕਾਰਡ, ਵੋਟਰ ਸੂਚੀ, ਬਿਜਲੀ ਦੇ ਬਿਲ ਆਦਿ।
ਪਰ ਫੈਸਲਾਕੁਨ ਸੀ ਉਹ ਇੰਤਕਾਲ ਦੀ ਕਾਪੀ ਜਿਸ ਅਨੁਸਾਰ ਭੋਲੇ ਤੇ ਜਗੀਰ ਕੌਰ ਨੂੰ ਅਪਣੇ ਪਿਉ ਤੇ ਪਤੀ ਗੱਜਣ ਸਿੰਘ ਵਾਲੀ ਜ਼ਮੀਨ ਮਿਲੀ ਸੀ। ਜਗੀਰ ਕੌਰ ਦੇ ਵਕੀਲ ਗਿਰਧਾਰੀ ਲਾਲ ਨੇ ਕਿਹਾ ਕਿ ਜਿਹੜੀ ਤਸਦੀਕ ਕੀਤੀ ਇੰਤਕਾਲ ਦੀ ਕਾਪੀ ਪੇਸ਼ ਕੀਤੀ ਐ, ਇਹ ਜ਼ਾਹਲੀ ਐ। ਮੰਨਣ ਯੋਗ ਸਬੂਤ ਨਹੀਂ। ਜੱਜ ਨੇ ਅਸਲੀ ਰੀਕਾਰਡ ਤਲਬ ਕਰਨ ਦਾ ਹੁਕਮ ਦੇ ਦਿੱਤਾ।

”ਰੀਕਾਰਡ ਗੁੰਮ ਹੈ। ਪਟਵਾਰੀ ਮੁਅੱਤਲ ਹੈ। ਉਹ ਬਾਹਰਲੇ ਦੇਸ਼ ਗਿਆ ਹੈ।” ਤਹਿਸੀਲਦਾਰ ਦਾ ਜਵਾਬ ਆ ਗਿਆ। ਮੁਕੱਦਮਾ ਜਗੀਰ ਕੌਰ ਤੇ ਉਸਦੇ ਪੁੱਤਰ ਭੋਲੇ ਦੇ ਹੱਕ ਵਿੱਚ ਹੋ ਗਿਆ। ਇੱਥੇ ਸੁੱਚੇ ਦਾ ਯਾਰ ਜੱਗਰ ਕੰਮ ਆ ਗਿਆ ਸੀ। ਉਸ ਦੀ ਪਟਵਾਰੀ ਤੇ ਤਹਿਸੀਲਦਾਰ ਨਾਲ ਖੁਲ੍ਹੀ ਗੱਲ ਸੀ। ਗੱਲ ਕੀ ਉਸ ਰਾਹੀਂ ਸਾਰੇ ਅਫਸਰ ਪੈਸੇ ਲੈਂਦੇ ਸਨ। ਨਹੀਂ ਤਾਂ ਰੀਕਾਰਡ ਦੀ ਇੱਕ ਕਾਪੀ ਤਾਂ ਜ਼ਿਲੇ ਦੇ ਦਫਤਰ ਵਿੱਚ ਹੁੰਦੀ ਹੈ।
ਪਰ ਵਕੀਲ ਕਿੱਥੋਂ ਟਿਕਣ ਦਿੰਦੇ ਆ। ਲਾਲ ਸਿੰਘ ਨੇ ਪਟੜੀ ਦੀ ਛਾਲ ਮਾਰਨ ਦਾ ਤੇ ਸੌ ਪ੍ਰਤੀ ਕੇਸ ਜਿੱਤਣ ਦਾ ਭਰੋਸਾ ਦੁਆ ਕੇ ਅਪੀਲ ਕਰ ਦਿੱਤੀ। ਉਸ ਨੇ ਕਿਹਾ ਕਿ ਇੱਕ ਸਿਆੜ ਵੀ ਭੋਲੇ ਤੇ ਜਗੀਰ ਕੌਰ ਨੂੰ ਨੀ ਮਿਲਣਾ।
ਮੰਜੀ ਤੇ ਪਈ ਜਗੀਰ ਕੌਰ ਦੇ ਵਿਚਕਾਰਲੀ ਨੂੰਹ ਤੇ ਮੁੰਡਿਆ ਦੇ ਕਬੋਲ ਉਸ ਦੇ ਕੰਨਾਂ ਵਿੱਚ ਗੂੰਜੇ।
”ਇਦ੍ਹਾ ਕੀ ਪਤਾ ਇਹ ਚੁੰਨੀ ਚੁੱਕ ਕੇ ਕਿਸੇ ਦੇ ਹੋਰ ਬਹਿਜੇ ਸੁਆਦ ਦੀ ਮਾਰੀ। ਸਾਡੇ ਲਈ ਨਵੇਂ ਸ਼ਰੀਕ ਜੰਮ ਦੇ। ਪਿੱਛੇ ਕਾਰੇ ਕਰਦੇ ਆਈ ਆ ਪਤਾ ਨੀ ਗਾਹਾਂ ਨੂੰ ਕੀ ਕੀ ਕਾਰੇ ਕਰੂ।” ਵਿਚਕਾਰਲੀ ਬਹੂ ਦੇ ਬੋਲੇ ਸ਼ਬਦ ਉਸਦੇ ਅਵਚੇਤਨ ਵਿੱਚੋਂ ਉੱਠਣ ਨਾਲ ਉਹ ਡੂੰਘੀ ਚੀਸ ਮਹਿਸੂਸ ਕਰਦੀ ਇਕੱਠੀ ਹੋ ਗਈ।

”ਕੀ ਲੋੜ ਸੀ ਤੈਨੂੰ ਇੱਥੇ ਆਉਣ ਦੀ। ਕਿਉਂ ਵੇਚੀ ਮੇਰੀ ਜ਼ਮੀਨ? ਜ਼ਮੀਨ ਦੇ ਵੱਟਿਆਂ ਪੈਸਿਆਂ ਨਾਲ ਜ਼ਮੀਨ ਮੇਰੇ ਨਾਉਂ ਤੇ ਈ ਖਰੀਦ ਦਿੰਦੀ। ਹੁਣ ਤੇਰੇ ਬੀਜੇ ਕੰਡੇ ਚੁਗਣੇ ਮੈਨੂੰ ਪੈਂਦੇ ਹਨ।”ਤਪਿਆ ਭੋਲਾ ਵੀ ਇੱਕ ਵਾਰ ਉਸਨੂੰ ਕਹਿ ਗਿਆ ਸੀ।
ਉਸਨੇ ਸਿਰ ਤੋਂ ਪੈਰਾਂ ਦੇ ਤਾਲੂਏ ਤੱਕ ਇੱਕ ਝਰਨਾਹਟ ਮਹਿਸੂਸ ਕੀਤੀ। ਉਸਦੇ ਸਿਰ ਵਿੱਚ ਦਰਦ ਹੋਇਆ। ਮੰਜੀ ਤੇ ਪਈ ਨੂੰ ਉਸਨੂੰ ਸਾਰਾ ਘਰ ਘੁੰਮਦਾ ਨਜਰ ਆਇਆ। ਉਹ ਆਪ ਮੁਹਾਰੇ ਸੁੱਚੇ ਨੂੰ ਹਾਕਾਂ ਮਾਰਨ ਲੱਗ ਪਈ।

”ਕੱਲੀ ਨੂੰ ਛੱਡ ਕੇ ਤੁਰ ਗਿਆ। ਆਹ ਦਿਨ ਵੇਖਣ ਨੂੰ। ਪੇਟੋਂ ਕੱਢੇ ਹੀ ਢਿੱਡ ਨੰਗਾ ਕਰੀ ਜਾਂਦੇ ਆ। ਆਹ ਤੇਰੇ ਪੁੱਤ ਤਾਂ। ਦੱਬੇ ਮੁਰਦੇ ਪੁੱਟੀ ਜਾਂਦੇ ਆ ਤੇਰੇ ਪੁੱਤ ਤਾਂ। ਤੈਨੂੰ ਕਿੰਨ੍ਹਾ ਕਿਹਾ ਸੀ ਬਈ ਜਿਹੜਾ ਘਰ ਈ ਛੱਡਤਾ, ਉਹਦੀ ਜ਼ਮੀਨ ਤੇ ਪੈਸਾ ਕੀ ਫੂਕਣਾ। ਕੋਈ ਰਾਹ ਨੀ ਦੀਂਦਾ ਖੂਹ-ਟੋਭਾ ਗੰਦਾ ਕਰਨ ਤੋਂ ਬਿਨਾ। ਮੈਂ ਤੁਰਜੂ, ਆਪੇ ਪਿਆ ਨਤਾਰਾ ਹੁੰਦਾ ਫਿਰੂ।” ਉਹ ਆਪ ਮੁਹਾਰੇ ਸੁੱੱਚੇ ਨਾਲ ਗੱਲਾਂ ਕਰੀ ਜਾ ਰਹੀ ਸੀ।

ਹਾਂ, ਇਹ ਖੂਹ ਟੋਭਾ ਗੰਦਾ ਹੋਣ ਵਾਲੀ ਤਾਂ ਗੱਲ ਸੀ-ਉਸਦੀ ਥਾਂ ਕੋਈ ਹੋਰ ਹੁੰਦੀ ਤਾਂ ਜਰੂਰ ਕਰ ਦਿੰਦੀ ਗੰਦਾ ਖੂਹ-ਟੋਭਾ। ਪਰ ਇਹ ਜਗੀਰ ਕੌਰ ਸੀ ਜਿਹੜੀ ਅਜੇ ਪੂਰੀ ਟੁੱਟੀ ਨਹੀਂ ਸੀ।
”ਬੇਬੇ ਜੀ, ਕੀਦੇ ਨਾਲ ਗੱਲਾ ਕਰੀ ਜਾਂਦੀ ਤੀ। ਖੂਹ-ਟੋਭਾ ਜਾ ਕਹੀ ਜਾਨੀ ਐ, ਕਿਤੇ ਹੋਰ ਨਵਾਂ ਕਾਰਾ ਨਾਂ ਕਰਦੀਂ। ਸਾਨੂੰ ਤਾਂ ਪਾਰ ਲਾਜਾ। ਫਿਰ ਜਿਹੜੇ ਢੱਠੇ ਖੂਹ ਵਿੱਚ ਡਿੱਗਣਾ ਡਿੱਗਪੀ।” ਸੱਸ ਦਾ ਮੋਢਾ ਝੰਜੋੜਦੀ ਨੂੰਹ ਮਨਜੀਤ ਨੇ ਕਿਹਾ ਪਰ ਪਿਛਲਾ ਵਾਕ ਉਹ ਦੰਦਾਂ ਵਿੱਚ ਹੀ ਘੁੱਟ ਗਈ।

”ਚੱਲ। ਹੋ ਜਾਣ ਦੇ ਜੋ ਹੁੰਦਾ। ਮੇਰੇ ਚਿੱਟੇ ਝਾਟੇ ਸੁਆਹ ਤਾਂ ਪੈਣੀ ਈ ਐ। ਆ ਜਾਣ ਦੇ ਸੱਚ ਲੋਕਾਂ ਦੇ ਸਾਹਮਣੇ।” ਉਸਨੇ ਅਪਣੇ ਮਨ ਦੀ ਚੀਸ ਬੁਲ੍ਹਾਂ ਤੇ ਨਾ ਆਉਣ ਦਿੱਤੀ।
”ਮਨਜੀਤ ਕੁਰੇ ਕੋਈ ਗੱਲ ਨੀਂ। ਐਮੈ ਪਈ ਨੂੰ ਭਉਜਲ ਆ ਗਿਆ ਸੀ।” ਉਹ ਉੱਠੀ, ਮੂੰਹ ਹੱਥ ਧੋ ਕੇ ਚਾਹ ਪੀਣ ਲੱਗੀ।

ਛੋਟੇ ਮੁੰਡਿਆ ਦੇ ਵਕੀਲ ਨੇ ਇਹ ਸਾਬਤ ਕਰਨ ਲਈ ਬਈ ਭੋਲਾ ਸੁੱਚੇ ਦਾ ਮੁੰਡਾ ਨਹੀਂ, ਭੋਲੇ ਦਾ ਡੀ.ਐਨ.ਏ.ਟੈਸਟ ਕਰਾ ਦਿੱਤਾ ਸੀ।
ਜਗੀਰ ਕੌਰ ਕੇਸ ਜਿੱਤ ਕੇ ਵੀ ਹਾਰ ਗਈ ਸੀ। ਕੇਸ ਦਾ ਫੈਸਲਾ ਹੋ ਗਿਆ ਸੀ। ਵੱਡਾ ਮੁੰਡਾ ਭੋਲਾ ਸੁੱਚੇ ਦਾ ਈ ਸੀ। ਹੁਣ ਸੱਜਣ ਦੇ ਸ਼ਬਦ ਜੋੜ ਵਿੱਚ ਇੱਕ ਹੋਰ ਸ਼ਬਦ ਪੱਕਾ-ਪੈਂਚਰ ਵੀ ਜੁੜ ਗਿਆ ਸੀ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 1 ਦਸੰਬਰ 2010)
(ਦੂਜੀ ਵਾਰ 26 ਨਵੰਬਰ 2021)

***
517
***

About the author

ਕਰਮ ਸਿੰਘ ਮਾਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ