27 July 2024

ਬਰਫ਼ ਚੁੱਪ ਰਹੀ – ਮਿੰਨੀ ਗਰੇਵਾਲ (ਕੈਨੇਡਾ)

ਬਰਫ਼ ਚੁੱਪ ਰਹੀ

-ਮਿੰਨੀ ਗਰੇਵਾਲ (ਕੈਨੇਡਾ)-

ਰੇਸ਼ਮ ਦੇ ਕਾਲੇ, ਚੌੜੇ ਅਤੇ ਚਮਕੀਲੇ ਰਿਬਨ ਵਾਂਗ ਮੈਂ ਦੂਰ-ਦੂਰ ਤਕ ਵਿਛੀ ਹੋਈ ਹਾਂ। ਮੇਰਾ ਰਾਹ ਪਹਾੜੀਆਂ ਟੱਪਦਾ ਹੈ,ਪੱਧਰੇ ਰਾਹਾਂ ਉਤੇ ਭੱਜਦਾ ਹੈ ਝੀਲਾਂ, ਟੋਭਿਆਂ ਕੋਲੋਂ ਹੁੰਦਾ ਹੋਇਆ ਛੋਟੇ ਵੱਡੇ ਪੁੱਲ ਲੰਘਦਾ ਸ਼ਹਿਰਾਂ ਅਤੇ ਪਿੰਡਾਂ ਵਿਚ ਸਾਂਝ ਪਾਉਂਦਾ ਹੈ। ਰਿਸ਼ਤੇ ਪੱਕੇ ਕਰਦਾ ਹੈ ਤੇ ਰਿਸ਼ਤੇ ਤੋੜਦਾ ਵੀ ਹੈ।

ਸਦੀਆਂ ਪਹਿਲਾਂ ਲੋਕਾਂ ਨੇ ਧਰਤੀ ਉਤੇ ਫ਼ੈਲੀ ਲਿਸ਼-ਲਿਸ਼ ਕਰਦੀ ਹਰਿਆਲੀ ਅਤੇ ਰੰਗ-ਬਰੰਗੇ ਫੁੱਲਾਂ ਨੂੰ ਜੜ੍ਹੋਂ ਪੁੱਟ ਸੁੱਟਿਆ। ਸੈਂਕੜੇ ਸਾਲ ਪੁਰਾਣੇ ਦਰਖ਼ਤ ਜਿਨ੍ਹਾਂ ਦੀਆਂ ਜੜ੍ਹਾਂ, ਟਹਿਣੀਆਂ ਅਤੇ ਪੱਤਿਆਂ ਨੇ ਬੇ-ਹਿਸਾਬੇ ਜਾਨਵਰਾਂ ਅਤੇ ਪੰਛੀਆਂ ਨੂੰ ਵੇਲੇ-ਕੁਵੇਲੇ ਆਪਣੀ ਬੁੱਕਲ ਦਾ ਨਿੱਘ ਦਿੱਤਾ ਸੀ, ਉਹਨਾਂ ਦਰਖ਼ਤਾਂ ਨੂੰ ਵੀ ਬੜੀ ਬੇ-ਰਹਿਮੀ ਨਾਲ ਵੱਢ ਸੁੱਟਿਆ। ਵੀਹ ਫੁੱਟ ਚੌੜੀ ਅਤੇ ਮੀਲੋ-ਮੀਲ ਲੰਬੀ ਇਹ ਕਾਲੀ ਸੜਕ ਧਰਤੀ ਦੇ ਹੱਸਦੇ ਵਸਦੇ ਚੇਹਰੇ ਉਤੇ ਚੰਦਰਮਾ ਦਾ ਦ਼ਾਗ ਬਣ ਬੈਠੀ।

ਇਸ ਸੋਹਣੀ ਧਰਤੀ ਦੇ ਸਰੀਰ ਤੇ ਪਈ ਮੈਂ ਇਕ ਕਾਲੀ, ਚਮਕਦੀ ਵਲ ਖਾਂਦੀ ਹਜ਼ਾਰਾਂ ਮੀਲ ਲੰਬੀ ਇਕ ਸੜਕ ਹਾਂ। ਸੜਕ ਹੋਣ ਦੇ ਨਾਤੇ ਮੇਰੇ ਸਰੀਰ ਉਤੋਂ ਹਜ਼ਾਰਾਂ ਟਰੱਕ,ਬੱਸਾਂ ਅਤੇ ਕਾਰਾਂ ਲੰਘਦੀਆਂ ਹਨ। ਆਵਾਜਾਈ ਦੀ ਇਸ ਰੌਣਕ ਨਾਲ ਕੁਝ ਵਰ੍ਹਿਆਂ ਪਿਛੋਂ ਜਦ ਮੇਰੇ ਸਰੀਰ ਉਤੇ ਵੱਡੇ-ਛੋਟੇ ਟੋਇਆਂ ਵਰਗੇ ਜ਼ਖ਼ਮ ਪੈ ਜਾਂਦੇ ਹਨ ਤਾਂ ਉਹਨਾਂ ੳੱਪਰ ੁ ਲੁੱਕ ਦੀ ਮੱਲ੍ਹਮ ਪੱਟੀ ਲਾ ਦਿੱਤੀ ਜਾਂਦੀ ਹੈ। ਕਿਧਰੇ ਚਮਕਦੇ ਅਤੇ ਕਿਧਰੇ ਡੱਬ-ਖੜੱਬੇ ਚੇਹਰੇ ਦੇ ਇਨ੍ਹਾਂ ਦਾਗਾਂ ਨੂੰ ਲਈ ਮੈਂ ਹਰ ਵਕਤ ਜਾਗਦੀ ਅਤੇ ਖੁਸ਼ ਰਹਿੰਦੀ ਹਾਂ।

ਦੂਰੋਂ ਆਉਂਦੀ ਕਾਰ ਦੀ ਜਦ ਮੈਂ ਆਹਟ ਸੁਣਦੀ ਹਾਂ ਤਾਂ ਮੈਂ ਚੌਕੰਨੀ ਹੋ ਜਾਂਦੀ ਹਾਂ। ਮੇਰੇ ਕੰਨ ਦੌੜਦੇ ਪਹੀਆਂ ਦੀ ਰਫ਼ਤਾਰ ਦਾ ਅੰਦਾਜ਼ਾ ਲਾਉਂਦੇ ਰਹਿੰਦੇ ਹਨ।ਦਿਨ ਅਤੇ ਰਾਤ, ਗਰਮੀਆਂ ਅਤੇ ਸਰਦੀਆਂ,ਮੀਂਹ ਅਤੇ ਬਰਫ਼ ਦੇ ਮੌਸਮਾਂ ਵਿਚ ਮੇਰਾ ਇਹੋ ਕੰਮ ਹੈ। ਮੈਂ ਚੁੱਪ ਰਹਿੰਦੀ ਹਾਂ ਅਤੇ ਪਹੀਆਂ ਦੀ ਆਵਾਜਾਈ ਕਦੇ ਨਾ ਮੁੱਕਣ ਵਾਲੇ ਚੱਕਰ ਵਾਂਗ ਮੇਰੇ ਸਰੀਰ ਉਤੇ ਘੁੰਮਦੀ ਰਹਿੰਦੀ ਹੈ। ਚੰਗੇ ਖੁੱਲ੍ਹੇ ਮੌਸਮਾਂ ਦਾ ਮੈਨੂੰ ਫ਼ਿਕਰ ਨਹੀਂ। ਫ਼ਿਕਰ ਕਰਦੀ ਹਾਂ ਤਾਂ ਬਰਫ਼ ਦੇ ਤੂਫ਼ਾਨਾਂ ਦਾ,ਮੀਂਹ ਦੇ ਝੱਖੜਾਂ ਦਾ। ਸੱਚ ਪੁਛੋ ਤਾਂ ਬਰਫ਼ ਦਾ ਮੌਸਮ ਮੈਨੂੰ ਬਹੁਤਾ ਚੰਗਾ ਨਹੀਂ ਲੱਗਦਾ। ਬਿਨ ਬੁਲਾਏ ਮਹਿਮਾਨ ਵਾਂਗ ਇਕ ਵੇਰ ਆ ਕੇ ਬਰਫ਼ ਧਰਤੀ ਉਤੇ ਧਰਨਾ ਮਾਰ ਬੈਠਦੀ ਹੈ।

ਮੈਂ ਸੁਣਿਆ ਹੈ ਲੋਕਾਂ ਨੂੰ ਕਹਿੰਦਿਆਂ ਕਿ ਜੇ ਕੰਧ ਦੇ ਜ਼ੁਬਾਨ ਹੁੰਦੀ ਤਾਂ ਪਤਾ ਨਹੀਂ ਕਿੰਨੀਆਂ ਕਰੋੜਾਂ ਅਰਬਾਂ ਕਹਾਣੀਆਂ ਸੁਣਨ ਨੂੰ ਮਿਲਦੀਆਂ। ਇਵੇਂ ਹੀ ਜੇ ਮੇਰੇ ਜ਼ੁਬਾਨ ਹੁੰਦੀ ਤਾਂ ਆਪਣੇ ਢਿੱਡ ਵਿਚ ਪਈਆਂ ਹਜ਼ਾਰਾਂ ਲੱਖਾਂ ਕਹਾਣੀਆਂ ਮੈਂ ਵੀ ਤਹਾਨੂੰ ਸੁਣਾਉਂਦੀ। ਮਨੁੱਖ ਦੀਆਂ ਬੇਵਕੂਫ਼ੀਆਂ ਕਾਇਨਾਤ ਨੂੰ ਦੱਸਦੀ।ਪਰ ਮੈਂ ਚੁੱਪ ਰਹੀ।ਕਿਸੇ ਨੂੰ ਦੱਸ ਨਾ ਸਕੀ ਕਿ ਮੇਰੇ ਸਿਰ੍ਹਾਣੇ ਕਿੰਨੀਆਂ ਮੋਟਰ-ਕਾਰਾਂ ਢਹਿ ਢੇਰੀ ਹੋਈਆਂ ਅਤੇ ਕਿੰਨੀਆਂ ਹੋਰ ਲੋਹੇ ਅਤੇ ਰੱਬੜ ਦੀ ਬ ੂਅਤੇ ਸੁਆਹ ਵਿਚ ਬਦਲ ਗਈਆਂ। ਕਿੰਨੇ ਹੀ ਇਨਸਾਨਾਂ ਦੇ ਜੀਊਂਦੇ ਜਾਗਦੇ ਸਰੀਰ ਮਾਸ ਅਤੇ ਲਹੂ ਦੇ ਲੋਥੜੇ ਬਣ ਧਰਤੀ ਉਪੱਰ ਖਿਲਰ ਗਏ। ਅਜਿਹੇ ਭਿਆਨਕ ਦ੍ਰਿਸ਼ ਵੇਖ ਮੈਂ ਕਈ ਕਈ ਦਿਨ ਰੋਂਦੀ ਕੁਰਲਾਉਂਦੀ ਰਹਿੰਦੀ ਹਾਂ।

ਉਸ ਇੱਕ ਸ਼ਾਮ ਦੀ ਕਹਾਣੀ ਮੈਂ ਤਹਾਨੂੰ ਜ਼ਰੂਰ ਸੁਣਾਉਣੀ ਹੈ। ਉਸ ਪੱਚੀ ਤੀਹ ਵਰ੍ਹਿਆਂ ਦੀ ਮੁਟਿਆਰ ਨੂੰ ਮੈਂ ਜਾਣਦੀ ਹਾਂ, ਉਹਨੂੰ ਰੋਜ਼ ਵੇਖਦੀ ਹਾਂ ਕਿਉਂ ਕਿ ਮੈਂ ਉਹਦੇ ਘਰ ਦੇ ਸਾਹਮਣਿਉਂ ਲੰਘਦੀ ਹਾਂ। ਖੁਸ਼ੀਆਂ ਮਾਣਦੀ ਇਹ ਮੁਟਿਆਰ, ਜ਼ਿੰਦਗੀ ਦੇ ਰਸਤੇ ਹੱਸਦੀ ਮੁਸਕਰਾਉਂਦੀ ਤੁਰੀ ਜਾ ਰਹੀ ਸੀ। ਜਵਾਨੀ ਦੇ ਸੁਪਨੇ ਕਿੰਨਾ ਵੱਡਾ ਆਕਾਰ ਪਕੜ ਲੈਂਦੇ ਹਨ, ਕਿੰਨੇ ਵੱਡੇ ਹੋ ਜਾਂਦੇ ਹਨ।ਸਮਝੋ ਧਰਤੀ ਤੋਂ ਲੈ ਕੇ ਆਕਾਸ਼ ਤੱਕ ਫੈਲ ਜਾਂਦੇ ਹਨ। ਉਹਦੇ ਸੁਪਨਿਆਂ ਦਾ ਵੀ ਇਹੋ ਹਾਲ ਸੀ, ਉਹਦੇ ਹੱਥ ਹੀ ਨਹੀਂ ਸਨ ਆਉਂਦੇ, ਉਹਨਾਂ ਨੂੰ ਕਾਬੂ ਕਰ ਉਹ ਕਿਧਰੇ ਲੁਕੋ ਨਹੀਂ ਸੀ ਸਕੀ,ਕਿਸੇ ਨਾਲ ਸਾਂਝੇ ਨਹੀਂ ਸੀ ਕਰ ਸਕੀ। ਡਰਦੀ ਸੀ ਕਿਧਰੇ ਉਹ ਸੁਪਨੇ ਨਾਰਾਜ਼ ਹੀ ਨਾ ਹੋ ਜਾਣ, ਕੋਈ ਹਵਾ ਦਾ ਬੁੱਲ੍ਹਾ ਜਾਂ ਕਿਸੇ ਫੁੱਲ ਦੀ ਅੱਖ ਉਹਦੇ ਸੁਪਨਿਆਂ ਨੂੰ ਨਜ਼ਰ ਨਾ ਲਗਾ ਦੇਵੇ। ਸੁਪਨਿਆਂ ਨੂੰ ਉਹਨੇ ਆਪਣੇ ਅੰਦਰ ਦੱਬ ਘੁੱਟ ਕੇ ਰੱਖਿਆ ਅਤੇ ਧਰਤੀ ਤੋਂ ਆਸਮਾਨ ਤੱਕ ਫੈਲ਼ੇ ਇਸੇ ਸੁਪਨੇ ਦੇ ਅੰਦਰ ਉਹ ਜੀਵੀ ਜਾ ਰਹੀ ਸੀ।

ਨੌਕਰੀ ਵਿਚ ਉਹਦੀ ਤਰੱਕੀ ਹੋਈ ਸੀ। ਆਫ਼ਿਸ ਵਿਚ ਹੁਣ ਉਹ ਸੁਪਰਵਾਈਜ਼ਰ ਬਣ ਗਈ ਸੀ। ਤਨਖ਼ਾਹ ਵਿਚ ਵਾਧਾ ਹੋਣ ਦੇ ਨਾਲ-ਨਾਲ ਉਹਦੀ ਇੱਜ਼ਤ ਅਤੇ ਮਾਣ ਵੀ ਚੰਗਾ ਵੱਧ ਗਿਆ ਸੀ। ਅੱਜ ਛੁੱਟੀ ਦਾ ਦਿਨ ਸੀ, ਉਹ ਖੁਸ਼ ਸੀ ਅਤੇ ਆਪਣੀ ਖੁਸ਼ੀ ਆਪਣੀ ਮਾਂ ਨਾਲ ਵੰਡਣ ਦਾ ਇਰਾਦਾ ਕਰ ਉਹ ਤਿਆਰ ਹੋਣ ਲੱਗੀ। ਆਪਣੇ ਗਿੱਲੇ ਵਾਲਾਂ ਨੂੰ ਜਦ ਉਸ ਛੱਟਕਿਆ ਤਾਂ ਮੈਨੂੰ ਲਹਿਰਾਉਂਦੇ ਬੱਦਲਾਂ ਦਾ ਭੁਲੇਖਾ ਪਿਆ। ਮਾਂ ਲਈ ਤੁਹਫ਼ੇ ਵਜੋਂ ਉਸ ਇੱਕ ਸੋਹਣਾ ਜਿਹਾ, ਲੰਬਾ ਜਿਹਾ ਸਵੈਟਰ ਖਰੀਦਿਆ ਸੀ। ਰੰਗੀਨ ਲਿਫ਼ਾਫ਼ੇ ਵਿਚ ਸਵੈਟਰ ਦੇ ਉਤੇ ਤਾਰਿਆਂ ਵਾਲਾ ਪਤਲਾ ਜਿਹਾ ਚਿੱਟਾ ਕਾਗਜ਼ ਰੱਖਿਆ ਤੇ ਉਸ ਉੱਤੇ ਲਾਲ ਰਿਬਨ ਬੰਨ ਦਿੱਤਾ।

ਮਾਂ ਦੇ ਘਰ ਤੱਕ ਜਾਣ ਵਾਲੇ ਛੋਟੇ ਜਿਹੇ ਸਫ਼ਰ ਲਈ ਉਹ ਤਿਆਰ ਹੋ ਚੁੱਕੀ ਸੀ।ਸ਼ੀਸ਼ੇ ਵਿਚ ਆਪਣੇ ਹੀ ਚੇਹਰੇ ਨੂੰ ਵੇਖਦੀ ਉਹ ਸੋਚਣ ਲੱਗੀ ਕਿ ਉਹ ਵਕਤ, ਉਹ ਵਰ੍ਹੇ ਕਿੱਥੇ ਗਏ ਜਦ ਮਾਂ-ਬੇਟੀ ਸ਼ੀਸ਼ੇ ਸਾਹਮਣੇ ਖੜੋ ਇੱਕਠੀਆਂ ਤਿਆਰ ਹੋਇਆ ਕਰਦੀਆਂ ਸਨ। ਕਿਵੇਂ ਉਹ ਮਾਂ ਦੀ ਲਿਪਸਟਿਕ ਨਾਲ ਆਪਣੇ ਛੋਟੇ ਜਿਹੇ ਬੁੱਲਾ੍ਹਂ ਨੂੰ ਲਾਲ ਕਰ ਲਿਆ ਕਰਦੀ ਸੀ ਅਤੇ ਫਿਰ ਕਮਰੇ ਵਿਚ ਦੌੜ ਜਾਇਆ ਕਰਦੀ ਸੀ। ਤੇ ਫਿਰ ਇੱਕ ਵੇਰ ਉਹ ਇੰਨਾ ਲੰਬਾ ਦੌੜ ਗਈ ਕਿ ਮੁੜ ਸ਼ੀਸ਼ੇ ਵਿਚ ਦੋ ਚੇਹਰੇ ਨਾ ਦੇਖ ਸਕੀ।ਮਾਂ-ਧੀ ਦੋਵੇਂ ਮਿਲਦੀਆਂ ਜ਼ਰੂਰ ਸਨ, ਦੁੱਖ-ਸੁੱਖ ਵੀ ਵੰਡਦੀਆਂ ਸਨ,ਪਰ ਮਾਂ-ਧੀ ਦੇ ਰਿਸ਼ਤੇ ਦਾ ਨਿੱਘ,ਨਿੱਘ ਨਾ ਰਿਹਾ। ਉਹ ਸੋਚਦੀ ਮਾਂ ਉਹਦੇ ਲਈ ਠੰਡੀ ਛਾਂ ਨਾ ਸਹੀ, ਪਰ ਛਾਂ ਤਾਂ ਹੈ, ਉਹ ਤਰੱਕੀ ਬਾਰੇ ਸੁਣ ਕੇ ਖੁਸ਼ ਜ਼ਰੂਰ ਹੋਏਗੀ, ਉਹਨੂੰ ਗਲਵੱਕੜੀ ਪਾ ਕੇ ਅਸੀਸ ਜ਼ਰੂਰ ਦੇਵੇਗੀ।ਦਿਨ ਢਲਣ ਵਾਲਾ ਸੀ,ਸ਼ਾਮ ਉਹਦੇ ਸਾਹਮਣੇ ਦੁਲਹਨ ਦੀ ਤਰਾ੍ਹਂ ਸਜੀ ਖੜੀ ਸੀ।ਅਤੇ ਉਹਦਾ ਸੁਪਨਾ-ਸੁਪਨਾ ਮੁੜ ਉਹਦੇ ਨਾਲ ਛੇੜਖਾਨੀਆਂ ਕਰਨ ਲੱਗਾ।ਪੰਛੀਆਂ ਦੇ ਘਰ ਪਰਤਣ ਦਾ ਵੇਲਾ ਹੋ ਚੁੱਕਿਆ ਸੀ। ਘਰਾਂ ਦੀਆਂ ਬੱਤੀਆਂ,ਥਾਂ-ਥਾਂ ਹਾਰ ਦੀਆਂ ਲੜੀਆਂ ਵਾਂਗ ਟਿਮਟਿਮਾਉਣ ਲੱਗੀਆਂ।ਸ਼ਾਮ ਦਾ ਮਾਹੌਲ, ਸੂਰਜ ਡੁੱਬਣ ਦਾ ਵੇਲਾ,ਆਸਮਾਨ ਉੱਤੇ ਫ਼ੈਲੀ ਲਾਲੀ-ਦਰਖ਼ਤਾਂ ਨੂੰ ਜਿਵੇਂ ਅੱਗ ਲੱਗ ਗਈ।

ਉਹ ਕਾਰ ਵਿਚ ਬੈਠੀ, ਉਹਦਾ ਸੁਪਨਾ ਵੀ ਬੈਠਾ ਅਤੇ ਉਹ ਦੋਵੇਂ ਘਰੋਂ ਤੁਰ ਪਏ। ਸ਼ਾਮ ਦੇ ਇਸ ਮਾਹੌਲ ਵਿਚ ਪਿਆਰ ਅਤੇ ਖੁਸ਼ੀਆ ਭਰਿਆ ਇੱਕ ਵੱਖਰੇ ਹੀ ਕਿਸਮ ਦਾ ਸਕੂਨ,ਹਵਾ ਦੀ ਬੁੱਕਲ ਵਿਚ ਝੂੰਮਦਾ ਹੋਇਆ ਉਹਦੇ ਚੁਪਾਸੀਂ ਘੁੰਮ ਜਾਂਦਾ ਅਤੇ ਫਿਰ ਬਾਹਰ ਫ਼ੈਲੀ ਧਰਤੀ ਉੱਪਰੋਂ ਲੰਘਦਾ ਹੋਇਆ ਦੂਰ ਕਿਧਰੇ ਚਲਾ ਜਾਂਦਾ। ਹਨੇਰਾ ਅਤੇ ਖ਼ਾਮੋਸ਼ੀ ਧਰਤੀ ਉੱਪਰ ਉੱਤਰ ਆਏ ਸਨ।ਕਾਰਾਂ ਅਤੇ ਬੱਸਾਂ ਦੀ ਆਵਾਜਾਈ ਘੱਟ ਗਈ ਸੀ,ਸਮਝੋ ਬੰਦ ਹੀ ਹੋ ਗਈ ਸੀ। ਪਰ ਉਹਦੀ ਕਾਰ ਆਬਾਦੀ ਦੇ ਇਲਾਕਿਆਂ ਵਿਚੋਂ ਲੰਘਦੀ, ਥਾਂ-ਥਾਂ ਫ਼ੈਲੇ ਪਲਾਜ਼ਿਆਂ ਅਤੇ ਬਾਜ਼ਾਰਾਂ ਨੂੰ ਪਿੱਛੇ ਛੱਡਦੀ ਭੱਜੀ ਜਾ ਰਹੀ ਸੀ।

ਮਾਂ ਦੇ ਘਰ ਜਾਣ ਲਈ ਤਿੰਨ ਰਸਤੇ ਸਨ। ਮੌਸਮ ਦੇ ਹਿਸਾਬ ਨਾਲ ਇਨ੍ਹਾਂ ਵਿਚੋਂ ਇੱਕ ਰਸਤਾ ਉਹ ਚੁਣ ਲਿਆ ਕਰਦੀ। ਇੱਕ ਰਸਤਾ ਪੱਧਰਾ ਪਰ ਲੰਬਾ ਸੀ। ਦੂਜਾ ਨਿੱਕੇ-ਨਿੱਕੇ ਪਿੰਡਾਂ ਵਿਚੋਂ ਲੰਘਦਾ ਸੀ। ਅਤੇ ਤੀਜਾ ਫ਼ਾਸਲੇ ਵਿਚ ਛੋਟਾ ਸੀ, ਪਰ ਖੇਤਾਂ ਅਤੇ ਨਿੱਕੀਆਂ ਪਹਾੜੀਆਂ ਵਿਚੋਂ ਵਲ ਖਾਂਦਾ ਲੰਘਦਾ ਸੀ। ਇਸ ਰਸਤੇ ਦੇ ਦੋਹੀਂ ਪਾਸੀਂ ਦੂਰ ਦੂਰ ਤੱਕ ਖੇਤ ਹੀ ਖੇਤ ਫੈਲੇ ਹੋਏ ਸਨ। ਕਿਸੇ ਖੇਤ ਵਿਚ ਫ਼ਸਲਾਂ ਬੀਜੀਆਂ ਸਨ ਤਾਂ ਕਿਸੇ ਵਿਚ ਸਬਜ਼ੀਆਂ ਜਾਂ ਫੁੱਲਾਂ ਦੇ ਬੂਟੇ, ਹੋਰਨਾਂ ਖੇਤਾਂ ਵਿਚ ਜਾਨਵਰ ਜਿਵੇਂ ਗਾਵਾਂ, ਬੱਕਰੀਆਂ ਜਾਂ ਕਾਲੇ, ਚਿੱਟੇ ਤੇ ਖ਼ਾਕੀ ਰੰਗ ਦੇ ਘੋੜੇ ਖੁੱਲ੍ਹੇ ਫ਼ਿਰਦੇ ਰਹਿੰਦੇ ਸਨ। ਇਨ੍ਹਾਂ ਦੂਰ ਦੂਰ ਤੱਕ ਫੈਲੇ ਖੇਤਾਂ ਨੂੰ ਲੱਕੜੀ ਦੀ ਵਾੜ ਨਾਲ ਬੰਨਿਆ ਹੋਇਆ ਸੀ। ਇਨ੍ਹਾਂ ਖੇਤਾਂ ਵਿਚ ਕਿਧਰੇ ਮਾਲਕਾਂ ਦੇ ਘਰ ਸਨ ਅਤੇ ਕਿਧਰੇ ਦਰਖ਼ਤਾਂ ਦੇ ਸੰਘਣੇ ਝੁਰਮੱਟ ਸਨ। ਸ਼ਾਮ ਦੇ ਇਸ ਧੁੰਦਲਕੇ ਵਿਚ ਸੜਕ ਦੇ ਦੁਹੀਂ ਕਿਨਾਰੇ ਖੜ੍ਹੇ ਉੱਚੇ ਲੰਮੇ ਦਰਖ਼ਤ ਹੋਰ ਹੀ ਸ਼ਕਲਾਂ ਅਖ਼ਤਿਆਰ ਕਰ ਗਏ ਸਨ।

ਸ਼ਾਮ ਦੀ ਲਾਲੀ ਵਿਚ ਆਸਮਾਨ ਭਿਜਿਆ ਪਿਆ ਸੀ। ਉਸ ਕੁੜੀ ਨੇ ਲੰਬਾ ਅਤੇ ਪੱਧਰਾ ਰਸਤਾ ਚੁਣਿਆ ਸੀ। ਕਾਰ ਦਾ ਰੇਡੀਉ ਵੱਜ ਰਿਹਾ ਸੀ।ਹਿੰਦੀ ਰੇਡੀਉ ਸਟੇਸ਼ਨ ਉੱਤੇ ਫ਼ਿਲਮੀ ਗਾਣੇ ਲੱਗੇ ਹੋਏ ਸਨ।ਮਨ-ਪਸੰਦ ਗਾਣਾ ਜੇ ਆ ਜਾਂਦਾ ਤਾਂ ਉਹ ਕੁੜੀ ਵੀ ਉੱਚੀ-ਉੱਚੀ ਗਾਉਣ ਲੱਗਦੀ। ਅਚਾਨਕ ਮੀਂਹ ਦੀਆਂ ਬੂੰਦਾਂ ਉਹਦੀ ਕਾਰ ਦੇ ਸ਼ੀਸ਼ੇ ਤੇ ਪਈਆਂ। ਰੇਡੀਉ ਨੀਵਾਂ ਕਰਕੇ ਉਹ ਆਪਣੇ ਆਲੇ-ਦੁਆਲੇ ਦੇਖਣ ਲੱਗੀ। ਪਾਣੀ ਦੀਆਂ ਪਵਿੱਤਰ ਬੂੰਦਾਂ ਚਿੱਟੀ ਰੂੰ ਵਿਚ ਬਦਲ ਰਹੀਆਂ ਸਨ। ਹੁਣ ਉਹ ਸੀਟ ਉੱਤੇ ਸਿੱਧੀ ਹੋ ਕੇ ਬੈਠ ਗਈ। ਰੇਡੀਉ ਬੰਦ ਕਰ ਦਿੱਤਾ। ਚਿਹਰੇ ਦੀ ਖ਼ੁਸ਼ੀ ਮੱਧਮ ਪੈ ਗਈ।ਗਰਦਨ ਟੇਢੀ ਕਰਕੇ ਉਹ ਆਸਮਾਨ ਵਲ ਵੇਖਣ ਲੱਗੀ। ਚਿੱਟੀ ਰੂੰ ਦੇ ਫਹੇ ਹੁਣ ਬਰਫ਼ ਦੀਆਂ ਰੋੜੀਆਂ ਵਿਚ ਬਦਲ ਰਹੇ ਸਨ।ਸ਼ੀਸ਼ਾ ਸਾਫ਼ ਰੱਖਣ ਲਈ ਉਸ ਵਾਈਪਰ ਚਲਾ ਦਿੱਤੇ। ਬਰਫ਼ ਹੋਰ ਤੇਜ਼ੀ ਨਾਲ ਪੈਣ ਲੱਗੀ। ਆਸਮਾਨ ਤੱਕ ਫ਼ੈਲੀ ,ਲ਼ਿਸ਼-ਲ਼ਿਸ਼ ਕਰਦੀ ਖੇਤਾਂ ਦੀ ਹਰੀ ਚਾਦਰ ਹੁਣ ਚਿੱਟੀ ਹੋਣ ਲੱਗੀ। ਇਸ ਅਚਾਨਕ ਪੈ ਰਹੀ ਬਰਫ਼ ਨੂੰ ਵੇਖ ਉਹ ਘਾਬਰ ਗਈ। ਉਸ ਸੋਚਿਆ ਕਿ ਰੇਡੀਉ ਦੀਆਂ ਖ਼ਬਰਾਂ ਸੁਣਨ ਵੇਲੇ ਉਸ ਬਰਫ਼ ਪੈਣ ਬਾਰੇ ਤਾਂ ਕੁਝ ਨਹੀਂ ਸੀ ਸੁਣਿਆ। ਮੌਸਮ ਦਾ ਹਾਲ ਦੱਸਣ ਵਾਲੇ ਨੇ ਬਰਫ਼ ਬਾਰੇ ਇੱਕ ਸ਼ਬਦ ਵੀ ਨਹੀਂ ਸੀ ਕਿਹਾ।ਅਤੇ ਸਾਰਾ ਦਿਨ ਸੂਰਜ ਕਿੰਨਾ ਸੋਹਣਾ ਚਮਕਦਾ ਰਿਹਾ ਸੀ।

ਆਪਣੀ ਸੜਕ ਜਿਸ ਉੱਪਰ ਉਹ ਜਾ ਰਹੀ ਸੀ,ਉਸ ਨੂੰ ਛੱਡਣ ਦਾ ਫ਼ੈਸਲਾ ਉਸ ਝੱਟ ਕਰ ਲਿਆ। ਉਸ ਨੂੰ ਖਿਆਲ ਆਇਆ ਕਿ ਅੱਗੇ ਜਾ ਕੇ ਇਹ ਸੜਕ ਕਈ ਮੀਲਾਂ ਤੱਕ ਪੱਧਰੇ ਮੈਦਾਨ ਵਿਚੋਂ ਲੰਘਦੀ ਹੈ। ਇਸ ਦੇ ਦੁਹੀਂ ਪਾਸੀਂ,ਨੇੜੇ-ਤੇੜੇ ਨਾ ਕੋਈ ਘਰ ਹੈ,ਨਾ ਦੁਕਾਨ,ਅਤੇ ਨਾ ਹੀ ਪੈਟਰੋਲ-ਪੰਪ।ਸੜਕ ਬਦਲਣ ਦਾ ਫ਼ੈਸਲਾ ਕਰਕੇ ਉਸ ਸੱਜੇ ਹੱਥ ਮੁੜਨ ਦਾ ਸਿਗਨਲ ਦਿੱਤਾ।ਅਤੇ ਕਾਰ ਦਾ ਸਟੀਅਰਿੰਗ ਘੁਮਾ ਰਸਤਾ ਬਦਲ ਲਿਆ। ਅਤੇ ਛੋਟੇ ਫ਼ਾਸਲੇ ਵਾਲੀ ਸੜਕ ਵਲ ਹੋ ਤੁਰੀ। ਇਹ ਛੋਟੇ ਫ਼ਾਸਲੇ ਵਾਲੀ ਸੜਕ ਇੱਕ ਪਹਾੜੀ ਸੜਕ ਵਾਂਗ ਹੀ ਹੈ। ਉੱਚੀ ਨੀਵੀਂ,ਵਲ ਖਾਂਧੀ, ਵਾਦੀਆਂ ਵਿਚੋਂ ਲੰਘਦੀ ਕਿਧਰੇ ਚੌੜੀ ਰਹਿੰਦੀ ਤੇ ਕਿਧਰੇ ਨਿੱਕੀ ਪਹਾੜੀ ਤੋਂ ਲੰਘਦੀ ਪਤਲੀ ਲਕੀਰ ਬਣ ਜਾਂਦੀ। ਇਸ ਸੜਕ ਦੇ ਦੁਹੀਂ ਪਾਸੀਂ ਉੱਚੇ-ਉੱਚੇ ਫ਼ੈਲੇ ਹੋਏ ਦਰਖ਼ਤ ਹਨ। ਉਸ ਸੋਚਿਆ ਕਿ ਇਨ੍ਹਾਂ ਦਰਖ਼ਤਾਂ ਦੀਆਂ ਟਹਿਣੀਆਂ ਅਤੇ ਪੱਤੇ ਬਰਫ਼ ਨੂੰ ਸਾਂਭ ਲੈਣਗੇ, ਸੜਕ ਉੱਪਰ ਬਰਫ਼ ਘੱਟ ਹੀ ਡਿਗੇਗੀ ਅਤੇ ਉਸ ਦਾ ਬਚਾਅ ਹੋ ਜਾਵੇਗਾ।ਥੋੜੀ-ਥੋੜੀ ਦੂਰ ਦੁਹੀਂ ਪਾਸੀਂ ਘਰ ਹਨ। ਜੇ ਲੋੜ ਪਈ ਤਾਂ ਉਹ ਕਿਸੇ ਇੱਕ ਦਾ ਦਰਵਾਜ਼ਾ ਵੀ ਖਟ-ਖਟਾ ਲਵੇਗੀ, ਮੱਦਦ ਮੰਗ ਲਵੇਗੀ।

ਛੋਟੇ ਫ਼ਾਸਲੇ ਵਾਲੀ ਸੜਕ ਤੱਕ ਪਹੁੰਚਣ ਲਈ ਉਹਨੂੰ ਇਕ ਹੋਰ ਨਿੱਕੀ ਸੜਕ ਤੋਂ ਲੰਘਣਾ ਪੈਣਾ ਸੀ। ਇਸ ਸੜਕ ਉੱਪਰ ਵਲ ਖਾਂਧਾ ਘੱਟ ਉੱਚਾ ਪਰ ਲੰਮਾ ਪੁਲ ਵੀ ਹੈ। ਇਸ ਦੇ ਦੁਹੀਂ ਪਾਸੀ ਲੱਕੜੀ ਦੇ ਛੋਟੇ-ਛੋਟੇ ਖੰਭੇ ਲਗੇ ਹਨ, ਜਿਨ੍ਹਾਂ ਉੱਪਰ ਲਗੀਆਂ ਪੱਤਰੀਆਂ ਰੌਸ਼ਨੀ ਵਿਚ ਚਮਕ ਉੱਠਦੀਆਂ ਹਨ। ਦੋਹਾਂ ਹੱਥਾਂ ਨਾਲ ਘੁੱਟ ਕੇ ਉਸ ਸਟੀਅਰਿੰਗ ਵੀਲ੍ਹ ਫੜਿਆ ਹੋਇਆ ਸੀ ਅਤੇ ਅਣਝਪਕਦੀਆਂ ਅੱਖਾਂ ਨਾਲ ਸੜਕ ਨੂੰ ਉਹ ਨਾਪ ਰਹੀ ਸੀ। ਬਰਫ਼ ਕਾਫ਼ੀ ਤੇਜ਼ ਹੋ ਚੁੱਕੀ ਸੀ। ਪੁੱਲ ਪਾਰ ਕਰਕੇ ਨਿੱਕੀ ਸੜਕ ਵੀ ਮੁੱਕਣ ਤੇ ਆ ਗਈ ਸੀ ਅਤੇ ਦੂਜੀ ਸੜਕ ਸਾਹਮਣੇ ਵਿਖਾਈ ਦੇ ਰਹੀ ਸੀ।

ਮੈਂ ਤਾਂ ਇੱਕ ਸੜਕ ਹਾਂ। ਜਿੱਥੇ ਜਿੱਥੇ, ਜਿਵੇਂ ਜਿਵੇਂ ਬੰਦੇ ਦੇ ਹੱਥਾਂ ਨੇ ਮੈਨੂੰ ਧਰਤੀ ਉੱਪਰ ਵਿਛਾਇਆ ਹੈ, ਮੈਂ ਉਥੇ ਹੀ ਰਹਿੰਦੀ ਹਾਂ। ਹਿੱਲ ਨਹੀਂ ਸਕਦੀ, ਆਪਣੀ ਥਾਂ ਛੱਡ ਨਹੀਂ ਸਕਦੀ। ਛੱਡ ਸਕਦੀ ਹੁੰਦੀ ਤਾਂ ਮੈਂ ਇਸ ਜਵਾਨ ਕੁੜੀ ਨੂੰ ਆਪਣੀ ਕੁੱਛੜ ਵਿਚ ਲੈ ਉਹਦੇ ਘਰ ਛੱਡ ਆਉਂਦੀ। ਮੈਂ ਆਪਣੀ ਥਾਂ ਤੋਂ ਭਾਵੇਂ ਹਿੱਲ ਨਹੀਂ ਸਕਦੀ, ਪਰ ਕਿਸੇ ਵੀ ਸੜਕ ਉੱਤੇ ,ਕਿਸੇ ਵੀ ਕੋਨੇ ਉੱਤੇ ਜੋ ਵਾਪਰਦਾ ਹੈ, ਮੈਨੂੰ ਉਸ ਦਾ ਪਤਾ ਹੁੰਦਾ ਹੈ। ਕਿਉਂ ਕਿ ਇਹ ਸੜਕਾਂ ਸਭ ਮੇਰੀਆਂ ਹੀ ਆਂਤੜੀਆਂ ਹਨ, ਮੇਰੀਆਂ ਹੀ ਹੱਡੀਆਂ ਹਨ। ਇਹ ਜੋ ਸਹਿੰਦੀਆਂ ਹਨ ਉਹੋ ਮੇਰੇ ਉੱਪਰ ਹੋ ਗੁਜ਼ਰਦਾ ਹੈ, ਤਾਂਹੀਉ ਤਾਂ ਹਰ ਮੁਸਾਫ਼ਿਰ ਦੀ ਕਹਾਣੀ ਮੈਂ ਜਾਣਦੀ ਹਾਂ। ਛੋਟੇ ਫ਼ਾਸਲੇ ਵਾਲੀ ਸੜਕ ਆ ਗਈ। ਉਸ ਕੁੜੀ ਨੇ ਬੜੀ ਸਾਵਧਾਨੀ ਨਾਲ ਉਹ ਖੱਬਾ ਮੋੜ ਮੋੜਿਆ। ਉਹਦੇ ਪੈਰ ਫੁੱਲ ਵਾਂਗ ਬਰੇਕ ਦੇ ਨਾਲ ਜੁੜੇ ਰਹੇ। ਇਸ ਨੌਜਵਾਨ ਕੁੜੀ ਨੂੰ ਆਪਣਾ ਰਸਤਾ ਬਦਲ ਲੈਣ ਦੇ ਗਲ਼ਤ ਫ਼ੈਸਲੇ ਦਾ ਅਹਿਸਾਸ ਝੱਟ ਹੋ ਗਿਆ। ਇਹ ਸੜਕ ਇੱਕ ਭਿਆਨਕ ਸਰਾਪ ਹੋ ਟੱਕਰੀ। ਕੰਬਦਾ ਕੰਬਦਾ ਉਹਦੇ ਮੂੰਹੋਂ ਰੱਬ ਦਾ ਨਾਂਅ ਨਿਕਲਣ ਲੱਗਾ। ਬਰਫ਼ ਹੀ ਬਰਫ਼ ਸੀ ਹਰ ਪਾਸੇ। ਬਰਫ਼ ਦੇ ਉੱਚੇ ਉੱਚੇ ਢੇਰਾਂ ਹੇਠ ਸੜਕ ਗੁੰਮ ਹੀ ਗਈ ਸੀ ਤੇ ਝਾੜੀਆਂ ਅਤੇ ਬੂਟਿਆਂ ਦੀਆਂ ਸ਼ਕਲਾਂ ਵੀ ਬਦਲ ਗਈਆਂ ਸਨ। ਸਾਰੀ ਕਾਇਨਾਤ ਹੀ ਬਰਫ਼ ਦਾ ਢੇਰ ਬਣ ਚੁੱਕੀ ਸੀ।

ਆਸਮਾਨੋਂ ਡਿੱਗਦੀ ਬਰਫ਼ ਤੇਜ਼ ਰਫ਼ਤਾਰ ਫ਼ੜ ਚੁੱਕੀ ਸੀ। ਬਰਫ਼ ਦੀ ਬੱਜਰੀ ਕਾਰ ਦੇ ਸ਼ੀਸ਼ੇ ਉੱਤੇ ਡਿੱਗਦੀ ਤਾਂ ਲਗਦਾ ਕਿ ਅੱਖਾਂ ਵਿਚ ਹੀ ਵੜ ਜਾਏਗੀ, ਅੰਨਾ੍ਹਂ ਕਰ ਦੇਵੇਗੀ। ਅਤੇ ਇਹੋ ਬੱਜਰੀ ਤਿੜ- ਤਿੜ ਕਰਦੀ ਸੀ ਤੇ ਡਿੱਗਦੀ ਤਾਂ ਉੱਥੇ ਹੀ ਜੰਮ ਜਾਂਦੀ। ਉੱਪਰੋਂ, ਹੇਠੋਂ, ਆਸੇ-ਪਾਸਿਉਂ, ਅੱਗੋਂ-ਪਿਛੋਂ ਉਹ ਬਰਫ਼ ਨਾਲ ਬੁਰੀ ਤਰਾ੍ਹਂ ਘਿਰ ਗਈ ਸੀ। ਰੇਡੀਉ ਬੰਦ ਸੀ। ਕਾਰ ਵਿਚ ਠੰਢੀ ਚੁੱਪ ਸੀ। ਉਹਦੇ ਦੋਵੇਂ ਹੱਥ ਸਟੀਅਰਿੰਗ ਵੀਲ੍ਹ ਨੂੰ ਘੁੱਟ ਕੇ ਫੜੀ ਬੈਠੇ ਸਨ ਅਤੇ ਅੱਖਾਂ ਸੜਕ ਨੂੰ ਜੱਫ਼ੀ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਉਸ ਜਵਾਨ ਕੁੜੀ ਲਈ ਬਾਕੀ ਦੀ ਦੁਨੀਆ ਮੁੱਕ ਚੁੱਕੀ ਸੀ। ਉਹਦੇ ਸੁਪਨੇ ਵੀ ਕਿਧਰੇ ਅਟਕ ਗਏ ਸਨ। ਆਪਣੀ ਹਿੰਮਤ, ਆਪਣੀ ਹਸਤੀ ਇੱਕਠੀ ਕਰ ਉਹ ਮੌਸਮ ਦਾ ਮੁਕਾਬਲਾ ਕਰ ਰਹੀ ਸੀ।

ਜਿਵੇਂ ਮੈਂ ਪਹਿਲਾਂ ਵੀ ਕਹਿ ਆਈ ਹਾਂ ਕਿ ਇਸ ਸੜਕ ਦੇ ਦੁਹੀਂ ਪਾਸੀ ਭਾਵੇਂ ਦੂਰ-ਦੂਰ ਘਰ ਜ਼ਰੂਰ ਹਨ ਅਤੇ ਉਸ ਸ਼ਾਮ ਹਰ ਘਰ ਦੀ ਬੱਤੀ ਜਗ ਰਹੀ ਸੀ। ਪਰ ਸਾਰੀ ਕੁਦਰਤ ਵਿਚ ਉਹ ਇੱਕ ਦੰਮ ਇਕੱਲੀ ਸੀ।ਅੱਗੇ ਪਿੱਛੇ ਕੋਈ ਨਹੀਂ ਸੀ ਆ ਜਾ ਰਿਹਾ। ਕੁਦਰਤ ਦੇ ਇੱਕ ਇਸ਼ਾਰੇ ਨਾਲ ਸਭ ਕੁਝ ਬੰਦ ਹੋ ਗਿਆ ਸੀ, ਚੁੱਪ ਹੋ ਗਿਆ ਸੀ। ਹੌਲੀ-ਹੌਲੀ ਕਾਰ ਚਲਾਉਂਦਿਆ ਉਹਨੂੰ ਬੱਸ ਇਹੋ ਹੌਂਸਲਾ ਸੀ ਕਿ ਉਹ ਕਿਸੇ ਹੋਰ ਕਾਰ ਨਾਲ ਟਕਰਾਏਗੀ ਨਹੀਂ। ਹਾਂ, ਜੇ ਉਸ ਦੀ ਕਾਰ ਫ਼ਿਸਲ ਕੇ ਕਿਧਰੇ ਜਾ ਲੱਗੇਗੀ ਜਾਂ ਕਿਸੀ ਖੱਡ ਵਿਚ ਡਿੱਗ ਪਵੇਗੀ ਤਦ ਉਹ ਉਸ ਨਾਲ ਨਿਪਟ ਲਵੇਗੀ। ਕੁਝ ਚਿਰ ਪਿਛੋਂ ਉਸ ਕੁੜੀ ਨੇ ਐਵੇਂ ਹੀ ਆਪਣੇ ਪਿਛਾਂਹ ਦੇਖਣ ਵਾਲੇ ਸ਼ੀਸ਼ੇ ਵਿਚ ਵੇਖਿਆ ਤਾਂ ਉਹ ਹੈਰਾਨ ਹੋਈ। ਉਸ ਦੀ ਕਾਰ ਪਿੱਛੇ ਪੰਜ ਛੇ ਕਾਰਾਂ ਦੀਆਂ ਬੱਤੀਆਂ ਚਮਕ ਰਹੀਆਂ ਸਨ। ਕਾਰ ਦੀ ਰਫ਼ਤਾਰ ਦੱਸ ਕਿਲੋਮੀਟਰ ਵੀ ਨਹੀਂ ਸੀ। ਜੇ ਮੌਸਮ ਚੰਗਾ ਹੁੰਦਾ, ਉਹ ਸੋਚ ਰਹੀ ਸੀ ਤਦ ਇਹ ਕਾਰਾਂ ਬੜੀ ਤੇਜ਼ੀ ਨਾਲ ਉਸ ਦੇ ਪਾਸਿਉਂ ਲੰਘ ਜਾਂਦੀਆਂ ਅਤੇ ਸਕਿੰਟਾਂ ਵਿਚ ਅੱਖੋਂ ਉਹਲੇ ਹੋ ਜਾਂਦੀਆਂ। ਉਹ ਉਡੀਕ ਰਹੀ ਸੀ, ਸਾਰੀ ਹੋਂਦ ਨਾਲ ਚਾਹ ਰਹੀ ਸੀ ਕਿ ਕੋਈ ਕਾਰ ਕਦੇ ਤਾਂ ਉਸ ਦੇ ਪਾਸਿਉਂ ਲੰਘ ਮੂਹਰੇ ਚਲੀ ਜਾਵੇ। ਜਾਂ ਕੋਈ ਹੋਰ ਕਾਰ ਕਿਧਰਿਉਂ ਆ ਕੇ ਉਹਦੇ ਸਾਹਮਣੇ ਹੋ ਤੁਰੇ,ਉਹਨੂੰ ਰਸਤਾ ਦਿਖਾਉਂਦੀ ਜਾਵੇ। ਬੱਸ, ਜੇ ਕੋਈ ਕਾਰ ਸੱਚੀਂ ਉਹਦੇ ਮੂਹਰੇ ਆ ਲੱਗੀ ਤਾਂ ਉਹ ਆਪ ਉਸ ਕਾਰ ਦੇ ਪਿੱਛੇ-ਪਿੱਛੇ,ਹੌਲੀ-ਹੌਲੀ ਉਸੇ ਦੇ ਪਹੀਆਂ ਦੇ ਨਿਸ਼ਾਨਾਂ ਵਿਚ ਆਪਣੇ ਪਹੀਏ ਪਾ ਤੁਰੀ ਜਾਵੇਗੀ। ਬਰਫ਼ ਤੋਂ ਡਰਦੀ ਉਹ ਸਾਹ ਲੈਣਾ ਵੀ ਭੁੱਲ ਜਾਂਦੀ।

ਥੋੜ੍ਹੀ ਦੂਰ ਦੇ ਫ਼ਾਸਲੇ ਤੇ ਇੱਕ ਨਿੱਕੀ ਸੜਕ ਜਿਹੜੀ ਇਸ ਸੜਕ ਨੂੰ ਮਿਲਦੀ ਸੀ, ਉਸ ਦੇ ਮੋੜ ਉੱਤੇ ਖੜੋਤੀ ਇੱਕ ਕਾਰ ਦੀਆਂ ਬੱਤੀਆਂ ਬਰਫ਼ ਵਿਚ ਚਮਕਦੀਆਂ ਦਿਖਾਈ ਦਿੱਤੀਆਂ। ਬੱਤੀਆਂ ਦੇਖ ਕੇ ਉਸ ਕੁੜੀ ਦੇ ਦਿਲੋਂ ਇਸ ਕਰਾਮਾਤ ਲਈ ਸ਼ੁਕਰੀਏ ਦੀ ਦੁਆ ਨਿਕਲੀ, ਇੱਕ ਉਮੀਦ ਜਾਗੀ। ਚਮਕਦੀਆਂ ਬੱਤੀਆਂ ਵਾਲੀ ਕਾਰ ਮੁੜੀ, ਕੁੜੀ ਦੀ ਕਾਰ ਸਾਹਮਣਿਉਂ ਲੰਘ ਝੱਟ ਇੱਕ ਗੇਟ ਨੂੰ ਟੱਪ ਗੁਆਚ ਗਈ। ਕੁੜੀ ਦੀਆਂ ਦੁਆਵਾਂ ਬਰਫ਼ੀਲੀ ਹਵਾ ਵਿਚ ਟੰਗੀਆਂ ਰਹਿ ਗਈਆਂ।

ਹੁਣ ਉਸ ਕੁੜੀ ਨੂੰ ਆਪਣੇ ਚੌਗਿਰਦੇ ਉੱਤੇ ਗੁੱਸਾ ਆਉਣ ਲੱਗਾ। ਸੜਕ ਦੇ ਦੁਹੀਂ ਪਾਸੀਂ ਖੜੇ ਚਿੱਟੇ ਅਸਮਾਨ ਨੂੰ ਛੁਹੰਦੇ, ਉੱਚੇ ਲੰਬੇ ਚੀਲ, ਦਿਓਦਾਰ ਅਤੇ ਚੀੜ ਵਰਗੇ ਸਦਾ-ਬਹਾਰ ਦਰਖ਼ਤਾਂ ਨੇ ਉੱਡਦੀ ਆਉਂਦੀ ਬਰਫ਼ ਨੂੰ ਆਪਣੇ ਪੱਤਿਆਂ ਨਾਲ ਨਾ ਰੋਕਿਆ ਅਤੇ ਨਾ ਹੀ ਆਪਣੇ ਮੋਢਿਆਂ ਤੇ ਟੰਗਿਆ। ਮੇਪਲ ਦੇ ਲੰਮੇ, ਚੌੜੇ ਅਤੇ ਫ਼ੈਲੇ ਦਰਖ਼ਤਾਂ ਦੀਆਂ ਰੁੰਡ ਮਰੁੰਡ ਟਹਿਣੀਆਂ ਨੇ ਬਰਫ਼ ਨੂੰ ਆਜ਼ਾਦੀ ਨਾਲ ਹੇਠਾਂ ਧਰਤੀ ਉੱਤੇ ਡਿੱਗਣ ਦੀ ਇਜਾਜ਼ਤ ਜਿਵੇਂ ਦੇ ਦਿੱਤੀ ਸੀ ਉਸ ਕੁੜੀ ਦੀ ਕਾਰ ਹੁਣ ਤੁਰਦਾ ਫਿਰਦਾ ਬਰਫ਼ ਦਾ ਇੱਕ ਟੋਟਾ ਬਣ ਚੁੱਕੀ ਸੀ। ਮਾਂ ਦੇ ਘਰ ਜਾਣ ਵਾਲੀ ਇਸ ਸੜਕ ਦਾ ਯਾਨਿ ਮੇਰੇ ਸਰੀਰ ਦੇ ਇੰਚ ਇੰਚ ਦਾ ਉਸ ਨੂੰ ਪਤਾ ਸੀ। ਅਤੇ ਇਸ ਵੇਲੇ ਉਸ ਦੇ ਸਰੀਰ ਦਾ ਰੋਮ-ਰੋਮ ਮੈਨੂੰ ਲੱਭ ਰਿਹਾ ਸੀ। ਸੁਹਣੇ ਮੌਸਮ ਵਿਚ ਉੱਡਦੀ ਜਾਂਦੀ ਉਹਦੀ ਕਾਰ ਮੇਰੀਆਂ ਉਚਾਈਆਂ, ਢਲਾਨਾਂ ਅਤੇ ਸੱਜੇ ਖੱਬੇ ਮੁੜਦੇ ਵਿੰਗ-ਵਲਾਂ ਤੋਂਚੰਗੀ ਤਰ੍ਹਾਂ ਜਾਣੂੰ ਸੀ।

ਘਰਾਂ ਦੀਆਂ ਬੱਤੀਆਂ ਜਲ ਰਹੀਆਂ ਸਨ। ਬਰਫ਼ ਹੇਠ ਦੱਬੇ ਫ਼ਾਟਕਾਂ ਦੇ ਬਲੱਬ ਵੀ ਜਲ ਰਹੇ ਸਨ। ਕਈ ਲੋਕਾਂ ਨੇ ਬਾਹਰ ਸੜਕ ਕਿਨਾਰੇ ਚਿੱਟੀਆਂ, ਹਰੀਆਂ ਅਤੇ ਲਾਲ ਝੰਡੀਆਂ ਲਾਈਆਂ ਹੋਈਆਂ ਸਨ ਜੋ ਰੌਸ਼ਨੀ ਪੈਣ ਤੇ ਚਮਕਣ ਲੱਗਦੀਆਂ ਅਤੇ ਉਹਨਾਂ ਦੀ ਧੁੰਦਲੀ ਲੋਅ ਸੜਕ ਤੱਕ ਪਹੁੰਚ ਜਾਂਦੀ। ਇਨਾ੍ਹਂ ਤੋਂ ਇਲਾਵਾ ਸੜਕ ਉੱਪਰ ਕੋਈ ਹੋਰ ਬੱਤੀ ਨਹੀਂ ਸੀ। ਸੜਕ ਦੇ ਐਨ ਵਿਚਕਾਰ ਇਹ ਕੁੜੀ ਜਾ ਰਹੀ ਸੀ। ਸੜਕ ਨੂੰ ਵੰਡਦੀ ਗੂੜੀ ਪੀਲੀ ਲਕੀਰ ਬਰਫ਼ ਹੇਠ ਗਾਇਬ ਸੀ। ਇਸ ਵੇਲੇ ਸੜਕ ਤੋਂ ਦੋ ਚਾਰ ਇੰਚ ਵੀ ਜੇ ਉਹਦਾ ਪਹੀਆ ਫ਼ਿਸਲ ਜਾਂਦਾ, ਜਾਂ ਕਾਰ ਇੱਕ ਕਿਨਾਰੇ ਤੋਂ ਹੇਠਾਂ ਨੂੰ ਲਟਕ ਜਾਂਦੀ ਤਾਂ ਇਸ ਗੋਡੇ-ਗੋਡੇ ਖੜੀ ਬਰਫ਼ ਵਿਚ ਉਹ ਕੀਹਨੂੰ ਵਾਜਾਂ ਮਾਰਦੀ।

ਸਾਹਮਣੇ ਥੋੜ੍ਹੀ ਦੂਰ ਸੜਕ ਕਿਨਾਰੇ ਉਹਨੂੰ ਲੱਗਾ ਜਿਵੇਂ ਕੋਈ ਬੰਦਾ ਖੜਾ ਹੈ। ਲਾਲ ਰੰਗ ਦਾ ਕੋਟ ਚਿੱਟੀ ਬਰਫ਼ ਵਿਚ ਚਮਕ ਰਿਹਾ ਸੀ। ਉਹਨੇ ਆਪਣੀ ਕਾਰ ਹੋਰ ਹੌਲੀ ਕਰ ਲਈ, ਸੋਚਿਆ ਮੁਸੀਬਤ ਵਿਚ ਫਸਿਆ ਕੋਈ ਬੰਦਾ ਹੋਵੇਗਾ ਜਿਸ ਦੀ ਮੱਦਦ ਉਹ ਕਰੇਗੀ। ਲਾਲ ਕੋਟ ਦੇ ਨੇੜੇ ਜਦ ਉਹ ਪਹੁੰਚੀ ਤਾਂ ਉਹ ਕਾਲੀ ਪਾਈਪ ਉੱਪਰ ਬੰਨਿਆ ਲਾਲ ਰੰਗ ਦਾ ਪਲਾਸਟਿਕ ਦਾ ਟੁਕੜਾ ਨਿਕਲਿਆ। ਬਰੇਕ ਤੋਂ ਉਸ ਪੈਰ ਚੁੱਕ ਲਿਆ। ਉਹਨੂੰ ਘਰ ਪਹੁੰਚਣ ਦੀ ਕਾਹਲੀ ਹੁਣ ਤੰਗ ਕਰਨ ਲੱਗੀ। ਸੜਕ ਤੋਂ ਅੱਖਾਂ ਚੁੱਕੇ ਬਗੈਰ ਉਹ ਆਪਣਾ ਆਲਾ-ਦੁਆਲਾ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗੀ। ਬਰਫ਼ ਹੇਠਾਂ ਲੁਕੇ ਮਕਾਨਾਂ ਅਤੇ ਰਸਤਿਆਂ ਤੋਂ ਉਹਨੂੰ ਮਹਿਸੂਸ ਹੋਇਆ ਕਿ ਰਸਤਾ ਅਜੇ ਲੰਬਾ ਹੈ। ਹਾਲੇ ਤਾਂ ਆਂਡੇ ਵੇਚਣ ਵਾਲਾ ਘਰ ਆਉਣਾ ਹੈ, ਵੱਡਾ ਸਾਰਾ ਘੋੜਿਆਂ ਦੇ ਫ਼ਾਰਮ ਦਾ ਬੋਰਡ ਆਉਣਾ ਹੈ। ਫ਼ਿਰ ਹੇਠਾਂ ਵਾਦੀ ਦਾ ਤਿੱਖਾ ਮੋੜ ਆਉਣਾ ਹੈ ਅਤੇ ਉਹ ਖ਼ਤਰਨਾਕ ਮੋੜ ਹੈ। ਹੁਣ ਸੱਚਮੁੱਚ ਉਸ ਕੁੜੀ ਨੂੰ ਆਪਣੇ ਆਪ ਉੱਪਰ ਗੁੱਸਾ ਆਉਣ ਲੱਗਾ। ਆਪਣੇ ਆਪ ਨੂੰ ਉਹ ਕੋਸਣ ਲੱਗੀ, ਬੁਰਾ ਭਲਾ ਕਹਿਣ ਲੱਗੀ। ਜਿਸ ਘੜੀ ਉਸ ਆਪਣਾ ਰਸਤਾ ਬਦਲ ਲਿਆ ਸੀ ਉਸ ਘੜੀ ਨੂੰ ਲਾਹਨਤਾਂ ਪਾਉਣ ਲੱਗੀ। ਗੁੱਸਾ ਛੱਡ ਫ਼ਿਰ ਉਹਨੂੰ ਆਪਣੇ ਆਪ ਉੱਤੇ ਤਰਸ ਆਉਣ ਲੱਗਾ। ਕਿਸ ਮੁਸੀਬਤ ਵਿਚ ਫ਼ੱਸ ਗਈ ਹੈ, ਕਿਵੇਂ ਬਰਫ਼ ਦੇ ਚਿੱਟੇ ਵਾਵਰੋਲਿਆਂ ਵਿਚ ਜਕੜੀ ਗਈ ਹੈ? ਕੋਈ ਸਾਥੀ ਵੀ ਨਹੀਂ ਹੈ ਜੋ ਉਹਨੂੰ ਸਲਾਹ ਦੇ ਸਕੇ। ਆਪਣੇ ਆਪ ਤੇ ਤਰਸ ਕਰਦਿਆਂ ਉੱਚੀ-ਉੱਚੀ ਰੋਣ ਨੂੰ ਉਹਦਾ ਜੀਅ ਕੀਤਾ। ਅੱਖ਼ਾਂ ਭਰ ਆਈਆਂ। ਫ਼ਿਰ ਉਸ ਸੋਚਿਆ ਇਹ ਤਰਸ, ਇਹ ਹੰਝੂ ਇਸ ਹਾਲਤ ਵਿਚ ਉਹਨੂੰ ਧੋਖ਼ਾ ਨਾ ਦੇ ਜਾਣ। ਉਸ ਤਰਸ ਦਾ ਘੁੱਟ ਪੀ ਲਿਆ, ਅੱਖ਼ਾਂ ਦੇ ਹੰਝੂ ਬਾਂਹ ਨਾਲ ਪੂੰਝ ਲਏ ਤੇ ਸਿੱਧੀ ਹੋ ਕੇ ਬੈਠ ਗਈ।

ਵਾਦੀ ਦੀ ਔਖੀ ਢਲਾਣ ਉਹ ਲੰਘ ਚੁੱਕੀ ਸੀ। ਕਾਫ਼ੀ ਸਫ਼ਰ ਖ਼ਤਮ ਹੋ ਗਿਆ ਸੀ ਅਤੇ ਕਾਫ਼ੀ ਬਾਕੀ ਪਿਆ ਸੀ। ਬੱਸ, ਜਦ ਉਹ ਉੱਚੇ ਸਾਰੇ ਇੱਕ ਹੋਰ ਘੋੜਿਆਂ ਦੇ ਫ਼ਾਰਮ ਦੇ ਗੇਟ ਕੋਲੋਂ ਲੰਘ ਜਾਏਗੀ ਤਦ ਘਰ ਬਹੁਤੀ ਦੂਰ ਨਹੀਂ ਰਹਿ ਜਾਵੇਗਾ। ਸੜਕ ਉੱਤੇ ਖੰਭਿਆਂ ਦੀਆਂ ਬੱਤੀਆਂ ਦੀ ਅਣਹੋਂਦ ਉਹਨੂੰ ਬਹੁਤ ਚੁੱਭਣ ਲੱਗੀ। ਬੱਤੀਆਂ ਦੀ ਮੱਧਮ ਪੀਲੀ ਰੌਸ਼ਨੀ ਵੀ ਸੜਕੋਂ ਬੇ-ਸੜਕ ਹੋਣ ਤੋਂ ਬਚਾਅ ਸਕਦੀ ਸੀ।ਇੱਕ ਵੇਰ ਉਸ ਹਾਈ-ਬੀਮ ਜਲਾਈ ਅਤੇ ਉਸੇ ਪਲ ਬੰਦ ਕਰ ਦਿੱਤੀ। ਅਸਮਾਨੋਂ ਡਿੱਗਦੀ ਬਰਫ਼ ਦੀ ਬੱਜਰੀ ਤੇਜ਼ ਰੌਸ਼ਨੀ ਵਿਚ ਹਜ਼ਾਰ ਗੁਣਾਂ ਵੱਧ ਗਿਣਤੀ ਵਿਚ ਉਸ ਦੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਉਸ ਵੱਡਾ ਸਾਰਾ ਹੌਕਾ ਲਿਆ। ਆਪਣੇ ਆਪ ਨੂੰ ਤੱਸਲੀ ਦੇਂਦਿਆ ਉਸ ਸੋਚਿਆ ਕਿ ਮਾਂ ਦੇ ਘਰ ਜਾਣ ਵਾਲਾ ਰਸਤਾ ਛੇਤੀ ਹੀ ਆ ਜਾਏਗਾ, ਛੇਤੀ ਹੀ ਇਹ ਸਫ਼ਰ ਮੁੱਕ ਜਾਏਗਾ ਤੇ ਉਹ ਘਰ ਦੇ ਨਿੱਘ ਵਿਚ ਲਪੇਟੀ ਜਾਏਗੀ।
ਫ਼ਿਰ ਉਹ ਹਿਸਾਬ ਲਾਉਣ ਲੱਗੀ ਕਿ ਜਦ ਦੀ ਉਹ ਇਸ ਬਰਫ਼ ਭਰੀ ਸੜਕ ਉੱਤੇ ਮੁੜੀ ਸੀ ਉਦੋਂ ਦੀਆਂ ਉਹਦੇ ਪਿੱਛੇ-ਪਿੱਛੇ ਆ ਰਹੀਆਂ ਕਾਰਾਂ ਦੀ ਗਿਣਤੀ ਵੱਧ ਗਈ ਸੀ। ਪਰ ਹਿੰਮਤ ਕਰਕੇ ਉਸ ਤੋਂ ਅੱਗੇ ਕੋਈ ਵੀ ਨਹੀਂ ਲੰਘਿਆ। ਬੱਤੀਆਂ ਦੇ ਹਾਰ ਦੀ ਉਹ ਰਾਣੀ ਸੀ। ਉਸ ਦੀ ਕਾਰ ਪਿੱਛੇ ਆ ਰਹੀਆਂ ਕਾਰਾਂ ਦੀਆਂ ਆਪੋ-ਆਪਣੀਆਂ ਕਹਾਣੀਆਂ ਸਨ। ਉਹ ਕੁੜੀ ਨਹੀਂ ਸੀ ਜਾਣਦੀ ਪਰ ਮੈਂ ਜਾਣਦੀ ਹਾਂ। ਉਸ ਦੇ ਪਿੱਛੇ ਆ ਰਹੀ ਪਹਿਲੀ ਕਾਰ ਵਿਚ ਇੱਕ ਸਿਆਣੀ ਉਮਰ ਦਾ ਆਦਮੀ ਸੀ, ਜੋ ਉਸ ਦਿਨ ਹੀ ਰਿਟਾਇਰ ਹੋਇਆ ਸੀ। ਨੌਕਰੀਆਂ ਦੇ ਚੱਕਰ ਦਾ ਇਹ ਦਿਨ ਆਖ਼ਰੀ ਮੋੜ ਸੀ। ਆਫ਼ਿਸ ਵਲੋਂ ਦਿੱਤੀ ਗਈ ਪਾਰਟੀ ਦੇਰ ਨਾਲ ਮੁੱਕੀ ਸੀ ਤੇ ਉਹ ਬਰਫ਼ ਵਿਚ ਫ਼ੱਸ ਗਿਆ ਸੀ। ਘਰ ਪਹੁੰਚਣ ਦੀ ਉਹਦੇ ਮਨ ਵਿਚ ਬਹੁਤ ਕਾਹਲੀ ਸੀ। ਆਪਣੀ ਬੀਵੀ ਅਤੇ ਬੱਚਿਆਂ ਨੂੰ ਦਫ਼ਤਰ ਵਲੋਂ ਅਤੇ ਸਾਥੀਆਂ ਵਲੋਂ ਦਿੱਤੇ ਗਏ ਸਰਟੀਫ਼ਿਕੇਟ, ਤਮਗ਼ੇ ਅਤੇ ਤੁਹਫ਼ੇ ਦਿਖਾਉਣਾ ਚਾਹੁੰਦਾ ਸੀ।

ਪਿਛਲੀ ਦੂਜੀ ਕਾਰ ਵਿਚ ਚਾਲ੍ਹੀ ਵਰ੍ਹਿਆਂ ਦੀ ਸੋਹਣੀ ਔਰਤ ਸੀ। ਇੱਕ ਮਸ਼ਹੂਰ ਵਕੀਲ ਸੀ ਉਹ, ਜਿਸ ਦਾ ਸਾਰਾ ਦਿਨ ਕਚਹਿਰੀ ਵਿਚ ਲੱਗ ਗਿਆ ਸੀ। ਕਾਗ਼ਜ਼- ਪੱਤਰ ਸਾਂਭਦਿਆਂ, ਦੂਜੇ ਦਿਨ ਦੀ ਤਿਆਰੀ ਲਈ ਹਦਾਇਤਾਂ ਦੇਂਦਿਆ ਦੇਰ ਹੋ ਗਈ। ਉਹਦੇ ਦੱਸ ਸਾਲ ਦੇ ਬੇਟੇ ਦੀ ਅੱਜ ਹਾਕੀ ਦੀ ਖੇਡ ਸੀ ਤੇ ਉਹ ਬੇਟੇ ਦੇ ਸਕੂਲ ਵਕਤ ਸਿਰ ਪਹੁੰਚਣ ਦੀ ਕੋਸ਼ਿਸ਼ ਵਿਚ ਸੀ। ਪਿਛਲੀ ਤੀਜੀ ਕਾਰ ਵਿਚ ਇੱਕ ਨੌਜੁਆਨ ਲੜਕਾ ਸੀ। ਨਵਾਂ-ਨਵਾਂ ਉਹਦਾ ਵਿਆਹ ਹੋਇਆ ਸੀ ਤੇ ਉਸ ਦਿਨ ਬੀਵੀ ਦਾ ਜਨਮ-ਦਿਨ ਸੀ। ਜਨਮ-ਦਿਨ ਦੀ ਸਰਪਰਾਈਜ਼ ਪਾਰਟੀ ਲਈ ਉਹ ਆਪ ਹੀ ਲੇਟ ਹੋ ਰਿਹਾ ਸੀ।

ਇੰਜ ਹੀ ਹਰ ਕਾਰ ਦੇ ਮਾਲਿਕ ਦੀ ਆਪਣੀ ਹੀ ਕਹਾਣੀ ਸੀ। ਕਿਸ ਦੀ ਕਹਾਣੀ ਮੈਂ ਸੁਣਾਵਾਂ ਤੇ ਕਿਸ ਦੀ ਨਾਂ ਸੁਣਾਵਾਂ। ਮੈਂ ਤਹਾਨੂੰ ਪਹਿਲਾਂ ਹੀ ਦਸ ਚੁੱਕੀ ਹਾਂ ਕਿ ਮੇਰੀਆਂ ਹੱਡੀਆਂ ਵਿਚ ਲੱਖਾਂ-ਕਰੋੜਾਂ ਕਹਾਣੀਆਂ ਚੁੱਪ ਬੈਠੀਆਂ ਹਨ। ਪਰ ਮੈ ਉਸ ਮੁਟਿਆਰ ਦੀ ਕਹਾਣੀ ਅੱਗੇ ਤੋਰਦੀ ਹਾਂ। ਜਿਨ੍ਹਾਂ ਲੋਕਾਂ ਨੇ ਆਪਣੇ ਗੇਟਾਂ ‘ਤੇ ਲੱਗੀਆਂ ਬੱਤੀਆਂ ਜਲਾ ਰੱਖੀਆਂ ਸਨ, ਗੇਟ ਦੇ ਬਾਹਰ ਰੌਸ਼ਨੀ ਵਿਚ ਚਮਕਣ ਵਾਲੀਆਂ ਝੰਡੀਆਂ ਲਾਈਆਂ ਸਨ, ਜੋ ਉਸ ਨੂੰ ਰਸਤਾ ਦੇਖਣ ਵਿਚ ਮੱਦਦ ਕਰਦੀਆਂ ਆਈਆਂ ਸਨ। ਉਹਨਾਂ ਘਰਾਂ ਦੇ ਮਾਲਕਾਂ ਨੂੰ ਉਹ ਕੁੜੀ ਅਸੀਸਾਂ ਦੇ ਰਹੀ ਸੀ, ਉਹਨਾਂ ਦਾ ਸ਼ੁਕਰੀਆ ਅਦਾ ਕਰ ਰਹੀ ਸੀ।

ਸੜਕ ਕਦੇ ਪਹਾੜੀ ਦੇ ਉੱਪਰ ਚੜ੍ਹ ਜਾਂਦੀ ਅਤੇ ਫ਼ਿਰ ਦੂਜੇ ਪਾਸੇ ਤਿੱਖ਼ੀ ਢਲਾਣ ਵਿਚ ਹੇਠਾਂ ਉੱਤਰ ਆਉਂਦੀ। ਕਦੇ ਸੱਜੇ ਨੂੰ ਤੇ ਕਦੇ ਖੱਬੇ ਨੂੰ ਮੁੜਦੀ ਵਲ੍ਹ ਖਾਂਦੀ ਮੁੱਕ ਹੀ ਨਹੀਂ ਸੀ ਰਹੀ। ਫਿਰ ਉਸ ਸ਼ੀਸ਼ੇ ਵਿਚੋਂ ਪਿੱਛੇ ਨੂੰ ਦੇਖਿਆ। ਕਾਰਾਂ ਦੀਆਂ ਬੱਤੀਆਂ ਧਰਤੀ ਉੱਪਰ ਰੇਂਗਦੇ ਕੀੜਿਆਂ ਵਾਂਗ ਹੌਲੀ ਹੌਲੀ ਉਸ ਦੇ ਪਿੱਛੇ ਆ ਰਹੀਆਂ ਸਨ।

ਸਫ਼ਰ ਮੁੱਕਣ ਦੀ ਉਮੀਦ ਲੈ, ਦਿਲ ਵਿਚ ਆਸ ਦਾ ਦੀਵਾ ਜਗ ਪਿਆ ਸੀ। ਇਹ ਸੜਕ ਖਤਮ ਹੋਣ ਤੋਂ ਪਹਿਲੋਂ ਅਤੇ ਮਾਂ ਦੇ ਘਰ ਨੂੰ ਜਾਣ ਵਾਲੀ ਸੜਕ ਆਉਣ ਤੋਂ ਪਹਿਲੋਂ ਇਕੋ ਇੱਕ ਬਿਜਲੀ ਦਾ ਖੰਭਾ ਹੁਣ ਆਉਣਾ ਚਾਹੀਦਾ ਹੈ, ਉਹ ਸੋਚ ਰਹੀ ਸੀ। ਸ਼ਾਇਦ ਇਸ ਮੋੜ ਪਿਛੋਂ, ਸ਼ਾਇਦ ਉਸ ਮੋੜ ਪਿਛੋਂ ਉਹ ਖੰਭੇ ਨੂੰ ਲੱਭ ਲਏਗੀ। ਪਰ ਉਹ ਖੰਭਾ ਦਿਖਾਈ ਨਹੀਂ ਸੀ ਦੇ ਰਿਹਾ, ਭਲਾ ਉਹ ਮੋੜ ਕਿੰਨੀ ਕੁ ਦੂਰ ਹੋਰ ਹੈ। ਉਹਦੀਆਂ ਸੋਚਾਂ ਅਤੇ ਹੱਥਾਂ ਪੈਰਾਂ ਵਿਚ ਇੱਕ ਕੰਬਣੀ ਜਿਹੀ ਛਿੜ ਪਈ ਸੀ। ਸਰੀਰ ਅਤੇ ਦਿਮਾਗ ਨੂੰ ਸ਼ਾਂਤ ਰੱਖਣ ਲਈ ਉਸ ਦੋ- ਚਾਰ ਵੱਡੇ ਵੱਡੇ ਲੰਬੇ ਸਾਹ ਲਏ। ਪਿੱਛੇ ਆ ਰਹੀਆਂ ਕਾਰਾਂ ਦੀਆਂ ਬੱਤੀਆਂ ਪਹਿਲੋਂ ਵਾਂਗ ਹੀ ਉਹਦੇ ਪਿੱਛੇ ਪਿੱਛੇ ਆ ਰਹੀਆਂ ਸਨ। ਇਨਾ੍ਹਂ ਕਾਰਾਂ ਨੂੰ ਵੇਖ ਦਿਲ ਨੂੰ ਇੱਕ ਤਸੱਲੀ ਜ਼ਰੂਰ ਸੀ ਕਿ ਇਸ ਬਰਫ਼ ਨਾਲ ਘਿਰੀ ਵਾਦੀ ਵਿਚ ਉਹ ਇਕੱਲੀ ਨਹੀਂ ਸੀ।

ਆਸਮਾਨ ਤੋਂ ਬਰਫ਼ ਡਿੱਗਦੀ ਰਹੀ। ਹਵਾ ਨਾਲ ਉੱਡਦੀ ਉਹ ਦਰਖ਼ਤਾਂ ਦੇ ਪੱਤਿਆਂ ਵਿਚ ਉਲਝ ਜਾਂਦੀ ਤੇ ਜਦ ਹੇਠਾਂ ਧਰਤੀ ਤੇ ਡਿੱਗਦੀ ਤਾਂ ਬਰਫ਼ ਦੇ ਵਾਵਰੋਲਿਆਂ ਵਿਚ ਬਦਲ ਜਾਂਦੀ ਅਤੇ ਉਹਦੀ ਕਾਰ ਨੂੰ ਢੱਕ ਦਿੰਦੀ। ਕਾਰ ਦੇ ਵਾਈਪਰ ਜ਼ੋਰ ਜ਼ੋਰ ਦੀ ਚੱਲ ਰਹੇ ਸਨ। ਕਾਰ ਦੇ ਹੀਟਰ ਦੀ ਗਰਮ ਹਵਾ ਪੂਰੀ ਦੀ ਪੂਰੀ ਵਿੰਡਸ਼ੀਲਡ ਨੂੰ ਜਾ ਰਹੀ ਸੀ। ਫ਼ਿਰ ਵੀ ਸ਼ੀਸ਼ੇ ਉੱਤੇ ਬਰਫ਼ ਜੰਮ ਗਈ ਸੀ। ਇਸ ਬਰਫ਼ ਵਿਚ ਹੋਈ ਦੋ ਕੁ ਇੰਚ ਦੀ ਮੋਰੀ ਵਿਚੋਂ ਹੀ ਉਹ ਸੜਕ ਨੂੰ ਦੇਖ ਸਕਦੀ ਸੀ। ਇਸ ਮੌਸਮ ਵਿਚ ਇੰਨਾ ਲੰਬਾ ਸਫ਼ਰ ਪਾਰ ਕਰ ਲੈਣ ਉੱਤੇ ਉਹ ਕੁੜੀ ਆਪਣੇ ਆਪ ਤੇ ਫਖ਼ਰ ਕਰਦੀ ਅਤੇ ਫਿਰ ਆਪਣੇ ਆਪ ਨੂੰ ਸ਼ਾਬਾਸ਼ ਦਿੰਦੀ। ਇੰਜ ਉਹ ਆਪਣੇ ਖਿਆਲਾਂ ਨੂੰ ਰੁੱਕਣ ਨਾ ਦੇਂਦੀ। ਰੇਡੀਓ ਉਸ ਬੰਦ ਕਰ ਦਿੱਤਾ ਸੀ ਅਤੇ ਲਗਾਤਾਰ ਉਹ ਆਪਣੇ ਆਪ ਨਾਲ ਗੱਲਾਂ ਕਰੀ ਜਾਂਦੀ। ਹੱਥਾਂ ਪੈਰਾਂ ਦੀ ਕੰਬਣੀ ਵੱਧ ਰਹੀ ਸੀ। ਆਪਣੇ ਸਰੀਰ ਦੇ ਅੰਗਾਂ ਉੱਪਰ ਜਿਵੇਂ ਉਹਨੂੰ ਕੋਈ ਅਧਿਕਾਰ ਹੀ ਨਾ ਰਿਹਾ ਹੋਵੇ।

ਇਕੋ ਇਕ ਬਿਜਲੀ ਵਾਲੇ ਖੰਭੇ ਨੂੰ ਉਸ ਦੂਰੋਂ ਹੀ ਦੇਖ ਲਿਆ। ਬੱਤੀ ਉਹਦੀ ਜਗ ਰਹੀ ਸੀ, ਪੀਲਾ ਜਿਹਾ ਇੱਕ ਪਰਛਾਂਵਾਂ। ਬਰਫ਼ ਬਹੁਤ ਤੇਜ਼ੀ ਨਾਲ ਧਰਤੀ ਨੂੰ ਆਪਣੀ ਬੁੱਕਲ ਵਿਚ ਲੈ ਉਹਦੀ ਹੋਂਦ ਮਿਟਾਈ ਜਾ ਰਹੀ ਸੀ। ਮਾਂ ਦੇ ਘਰ ਜਾਣ ਵਾਲੀ ਸੜਕ ਵੀ ਨੇੜੇ ਹੀ ਸੀ। ਉਥੋਂ ਉਹ ਸੱਜੇ ਹੱਥ ਮੁੜੇਗੀ ਅਤੇ ਥੋੜ੍ਹੀ ਦੂਰ ਜਾ ਕੇ ਉਹਦੀ ਮਾਂ ਦਾ ਘਰ ਆ ਜਾਏਗਾ। ਜਿੱਥੇ ਇਹ ਦੋਵੇਂ ਸੜਕਾਂ ਮਿਲਦੀਆਂ ਸਨ ਉਸ ਮੋੜ ਉੱਤੇ ਸੱਤ-ਅੱਠ ਫ਼ੁੱਟ ਉੱਚਾ ਬਰਫ਼ ਦਾ ਢੇਰ ਪਿਆ ਸੀ। ਸੜਕ ਵੀ ਬਰਫ਼ ਹੇਠਾਂ ਗੁੰਮ ਗਈ ਸੀ। ਸ਼ੀਸ਼ੇ ਵਿਚ ਪਿਛਲੀਆਂ ਕਾਰਾਂ ਦੀਆਂ ਬੱਤੀਆਂ ਦੀ ਲੜੀ ਪਹਿਲਾਂ ਵਾਂਗ ਹੀ ਉਹਦੇ ਪਿੱਛੇ ਪਿੱਛੇ ਆ ਰਹੀ ਸੀ। ਸੜਕ ਦਾ ਮੋੜ ਆਇਆ। ਉਹ ਸੱਜੇ ਹੱਥ ਮੁੜ ਗਈ।

ਕੁੱਝ ਮਿੰਟਾਂ ਪਿੱਛੋਂ ਉਹ ਮਾਂ ਦੇ ਘਰ ਪਹੁੰਚ ਗਈ। ਘਰ ਦੀਆਂ ਬੱਤੀਆਂ ਜਲ ਰਹੀਆਂ ਸਨ। ਡਰਾਈਵੇ ਬਰਫ਼ ਨਾਲ ਭਰਿਆ ਪਿਆ ਸੀ। ਮਕਾਨ ਛੋਟੀ ਜਿਹੀ ਪਹਾੜੀ ਉੱਤੇ ਹੋਣ ਕਰ ਕੇ ਉਸ ਦਾ ਡਰਾਈਵੇ ਥੋੜ੍ਹੀ ਚੜ੍ਹਾਈ ਤੇ ਸੀ। ਉਸ ਕਾਰ ਦਾ ਗੀਅਰ ਬਦਲਿਆ ਅਤੇ ਹੌਲੀ ਹੌਲੀ ਚੜ੍ਹਾਈ ਚੜ੍ਹ ਗਈ। ਗਰਾਜ ਦੇ ਕੋਲ ਜਾ ਕਾਰ ਪਾਰਕ ਕੀਤੀ। ਡੂੰਘੀ ਬਰਫ਼ ਵਿਚ ਮਜ਼ਬੂਤੀ ਨਾਲ ਪੈਰ ਰੱਖਦੀ ਉਸ ਸਿੱਧੇ ਖੜੋਣ ਦੀ ਕੋਸ਼ਿਸ਼ ਕੀਤੀ। ਠੰਡ ਅਤੇ ਡਰ ਨਾਲ ਬੇ-ਜਾਨ ਹੋ ਰਿਹਾ ਸਰੀਰ ਮੁੜ ਨਿੱਘ ਮਹਿਸੂਸ ਕਰਨ ਲੱਗਾ।

ਬਰਫ਼ ਵਿਚ ਖੜੀ ਉਹ ਸੋਚ ਰਹੀ ਸੀ ਕਿ ਵੀਹ ਮਿੰਟਾਂ ਦਾ ਸਫ਼ਰ ਘੰਟਿਆਂ ਵਿਚ ਬਦਲ ਗਿਆ ਸੀ। ਫਿਰ ਉਸ ਨੂੰ ਮਹਿਸੂਸ ਹੋਇਆ ਕਿ ਇਹ ਘੰਟੇ ਨਹੀਂ, ਦਿਨ ਸਨ। ਮਹੀਨਿਆਂ ਵਰਗੇ ਲੰਬੇ ਦਿਨ। ਉਹਦਾ ਸਰੀਰ ਮੁੜ ਕੰਬਣ ਲੱਗਾ। ਹੱਥ, ਪੈਰ, ਢਿੱਡ ਅਤੇ ਲੱਤਾਂ ਆਪੋ ਆਪਣੀ ਵੱਖਰੀ ਰਫ਼ਤਾਰ ਨਾਲ ਕੰਬਣ ਲੱਗੀਆਂ। ਆਪਣੇ ਸਰੀਰ ਦੀ ਇਸ ਹਰਕਤ ਉੱਤੇ ਉਹ ਹੈਰਾਨ ਸੀ। ਠੰਡ ਤੋਂ ਬੇ-ਖ਼ਬਰ ਹੋ ਉਹ ਆਪਣੇ ਸਰੀਰ ਦੀ ਇਸ ਬੇ-ਹੂਦਾ ਹਰਕਤ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਛੇਤੀ ਹੀ ਉਹ ਸਮਝ ਗਈ ਕਿ ਇਸ ਵੇਲੇ ਉਸ ਦੇ ਆਪਣੇ ਸਰੀਰ ਉੱਤੇ ਉਹਦਾ ਕੋਈ ਹੱਕ ਨਹੀਂ ਸੀ ਰਹਿ ਗਿਆ। ਉਮਰ ਜਿੰਨਾਂ ਲੰਬਾ ਸਫ਼ਰ ਮੁੱਕ ਜਾਣ ਪਿਛੋਂ ਸ਼ਾਇਦ ਇਹ ਰਾਹਤ ਦਾ ਇਜ਼ਹਾਰ ਸੀ।

ਕੁਝ ਪਲ ਬੀਤ ਗਏ। ਸਰੀਰ ਦਾ ਕੰਬਣਾ ਘੱਟ ਗਿਆ। ਕੁੜੀ ਨੇ ਆਪਣੇ ਪੈਰਾਂ ਵਲ ਵੇਖਿਆ। ਚਿੱਟੀ ਖ਼ਾਮੋਸ਼ ਬਰਫ਼ ਵਿਚ ਪੈਰ ਉਵੇਂ ਹੀ ਖੜੇ ਸਨ। ਉਸ ਕੁੜੀ ਦੇ ਦਿਲ ਵਿਚ ਇਸ ਸਫ਼ਰ ਬਾਰੇ, ਇਸ ਬਰਫ਼ ਬਾਰੇ ਕਈ ਖ਼ਿਆਲ ਆ ਰਹੇ ਸਨ। ਉਹ ਸੋਚ ਰਹੀ ਸੀ ਕਿ ਇਹ ਚਿੱਟੀ, ਮਾਸੂਮ ਅਤੇ ਖ਼ਾਮੋਸ਼ ਜਿਹੀ ਬਰਫ਼ ਉਸ ਨੂੰ ਸਾਰੇ ਰਸਤੇ ਡਰਾਉਂਦੀ ਰਹੀ ਸੀ। ਪਰੇਸ਼ਾਨ ਕਰਦੀ ਰਹੀ ਸੀ ਅਤੇ ਇਸ ਖ਼ਾਮੋਸ਼ ਬਰਫ਼ ਦੇ ਤੂਫ਼ਾਨ ਵਿਚੋਂ ਉਹ ਵੀ ਖ਼ਾਮੋਸ਼ੀ ਨਾਲ ਲੰਘ ਆਈ ਸੀ।

ਆਪਣੇ ਹੱਥਾਂ ਤੋਂ ਮੋਟੇ ਮੋਟੇ ਦਸਤਾਨੇ ਲਾਹ ਉਸ ਇੱਕ ਪਾਸੇ ਸੁੱਟ ਦਿੱਤੇ। ਫਿਰ ਉਹ ਕੁੜੀ ਝੁਕੀ ਅਤੇ ਬਰਫ਼ ਨੂੰ ਉਸ ਆਪਣੇ ਦੋਹਾਂ ਹੱਥਾਂ ਵਿਚ ਭਰ ਲਿਆ। ਹੱਥ ਆਪਣੇ ਚੇਹਰੇ ਕੋਲ ਲਿਆਂਦੇ, ਬਰਫ਼ ਨੂੰ ਆਪਣੇ ਮੱਥੇ ਅਤੇ ਅੱਖ਼ਾਂ ਨੂੰ ਲਗਾ ਨਮਸਕਾਰ ਕੀਤਾ। ਉਸ ਕੁੜੀ ਦੇ ਅੱਥਰੂ ਬਰਫ਼ ਵਿਚ ਜਜ਼ਬ ਹੋ ਗਏ। ਗਰਾਜ ਦਾ ਦਰਵਾਜ਼ਾ ਖੁੱਲਿਆ। ਪੀਲੀ ਜਿਹੀ ਮੱਧਮ ਜਿਹੀ ਰੌਸ਼ਨੀ ਹੋਈ।

ਇਸ ਪੀਲੀ ਰੌਸ਼ਨੀ ਵਿਚ ਉਸ ਦੀ ਮਾਂ ਖੜੀ ਸੀ।
ਪਿਆਰ ਅਤੇ ਖ਼ੁਸ਼ੀ ਨਾਲ ਉਸ ਦੀਆਂ ਅੱਖ਼ਾਂ ਚਮਕ ਰਹੀਆਂ ਸਨ।

ਧਰਤੀ ਅਤੇ ਆਕਾਸ਼ ਤੱਕ ਫ਼ੈਲਿਆ ਉਸ ਕੁੜੀ ਦਾ ਸੁਪਨਾ, ਸ਼ੁਕਰ ਹੈ ਮੈਂ ਆਪਣੀਆਂ ਅੱਖ਼ਾਂ ਸਾਹਮਣੇ ਚਿੱਟਾ ਹੁੰਦਾ ਨਹੀਂ ਵੇਖਿਆ। ਜੀਊਂਦਾ, ਜਾਗਦਾ ਅਤੇ ਰੰਗਾਂ ਭਰਿਆ ਉਹਦਾ ਸੁਪਨਾ ਚਿੱਟਾ ਕਿਵੇਂ ਹੁੰਦਾ ਭਲਾ।

ਮੈਂ ਇੱਕ ਸੜਕ ਹਾਂ। ਮੈਂ ਹਜ਼ਾਰਾਂ, ਲੱਖਾਂ ਮੀਲਾਂ ਤੱਕ ਫੈਲੀ ਹੋਈ ਹਾਂ। ਮੇਰੇ ਅੰਦਰ ਲੱਖਾਂ ਕਰੋੜਾਂ ਕਹਾਣੀਆਂ ਚੁੱਪ ਬੈਠੀਆਂ ਹਨ।

ਸਿਰਫ਼ ਉਹ ਸ਼ਾਮ ਇੱਕ ਚਿੱਟੀ ਖ਼ਾਮੋਸ਼ ਸ਼ਾਮ ਸੀ, ਆਈ ਅਤੇ ਲੰਘ ਗਈ। ਪਰ ਮੇਰੀਆਂ ਆਂਦਰਾਂ ਵਿਚ ਉਸ ਕੁੜੀ ਦੇ ਸਫ਼ਰ ਦਾ ਇੱਕ ਨਿੱਘ ਜਿਹਾ ਛੱਡ ਗਈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 1 ਦਸੰਬਰ 2010)
(ਦੂਜੀ ਵਾਰ 18 ਨਵੰਬਰ 2021)

***
506
***