28 March 2024

ਜਗਤ ਤਮਾਸ਼ਾ: ਕੇਸ ਦਾ ਕਤਲ, ਕਤਲ ਦਾ ਕੇਸ –– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ

ਜਗਤ ਤਮਾਸ਼ਾ:

ਕੇਸ ਦਾ ਕਤਲ, ਕਤਲ ਦਾ ਕੇਸ

– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-

ਇਸ ਖਬਰ ਨੇ ਲੋਕਾਂ ਦੇ ਮਨਾਂ ਵਿੱਚ ਬਹੁਤ ਭੜਕਾਹਟ ਪੈਦਾ ਕਰ ਦਿੱਤੀ ਸੀ ਕਿ ਪੰਜਾਬ ਦੇ ਇੱਕ ਕਸਬੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸ ਜਬਰੀ ਕਤਲ ਕਰ ਦਿੱਤੇ ਗਏ। ਇਸ ਖਬਰ ਨੇ ਪਤਾ ਨਹੀਂ ਪੰਜਾਬ ਦਾ ਕੀ ਹਾਲ ਕਰਨਾ ਸੀ ਜੇ ਪੁਲੀਸ ਨੇ ਤੁਰਤ ਫੁਰਤ ਤਫਤੀਸ਼ ਕਰ ਕੇ ਇਹ ਪਤਾ ਨਾ ਲਾ ਲਿਆ ਹੁੰਦਾ ਕਿ ਇਹ ਕਾਰਾ ਤਾਂ ਉਸ ਸਿੱਖ ਮੁੰਡੇ ਨੇ ਕਿਸੇ ਨੂੰ ‘ਸਬਕ ਸਿਖਾਉਣ’ ਲਈ ਖੁਦ ਹੀ ਕੀਤਾ ਸੀ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਹੀ ਕਿਸੇ ਥਾਂ ਤੋਂ ਇੱਕ ਖਬਰ ਛਪੀ ਸੀ ਕਿ ਇੱਕ ਜਵਾਨ ਉਮਰ ਦੇ ਸਿੱਖ ਮੁੰਡੇ ਨੇ ਫਿਲਮਾਂ ਤੋਂ ਪ੍ਰਭਾਵਤ ਹੋ ਕੇ ਆਪਣੇ ਕੇਸ ਕਟਵਾ ਦਿੱਤੇ ਅਤੇ ਕਹਿ ਦਿੱਤਾ ਕਿ ਕਿਸੇ ਦੁਸ਼ਮਣ ਨੇ ਉਸਦੇ ਕੇਸ ਕਤਲ ਕਰ ਦਿੱਤੇ ਹਨ।

ਪੰਜਾਬ ਦੇ ਸਿੱਖ ਮੁੰਡਿਆਂ ਨੇ ਇਹ ਕਿਹੜਾ ਰਾਹ ਫੜ ਲਿਆ ਹੈ? ਮੈਂ ਵਾਲ ਕਟਵਾਉਣ ਦੀ ਗੱਲ ਨਹੀਂ ਕਰ ਰਿਹਾ ਸਗੋਂ ਵਾਲ ਕਟਵਾਉਣ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਗੱਲ ਕਰ ਰਿਹਾ ਹਾਂ। ਵਾਲ ਰੱਖਣੇ ਹਨ ਜਾਂ ਨਹੀਂ, ਇਹ ਹਰੇਕ ਦਾ ਆਪਣਾ ਹੱਕ ਹੈ। ਜਾਂ ਫਿਰ ਇਹ ਸਿੱਖ ਪਰਚਾਰਕਾਂ ਦੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਵੈਸੇ ਸੱਚ ਤਾਂ ਇਹ ਹੈ ਕਿ ਵਾਲ ਤਾਂ ਕਈ ਟਕਸਾਲੀ ਅਕਾਲੀਆਂ ਦੇ ਮੁੰਡੇ ਵੀ ਕਟਵਾ ਰਹੇ ਹਨ। ਅੱਜ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਤੀਹ ਤੋਂ ਚਾਲੀ ਫੀਸਦੀ ਮੁੰਡਿਆਂ ਨੇ ਵਾਲ ਕਟਵਾ ਦਿੱਤੇ ਹਨ। ਦਾੜ੍ਹੀ ਤਾਂ ਇਸ ਤੋਂ ਵੀ ਵੱਧ ਕਤਰਦੇ ਹਨ। ਵਿਦੇਸ਼ਾਂ ਵਿੱਚ ਜਾਣ ਵਾਲੇ ਬਹੁਤੇ ਲੋਕ ਵੀ ਜਾਂਦੇ ਸਾਰ ਹੀ ਕੇਸ ਕਟਵਾ ਦਿੰਦੇ ਹਨ। ਹੁਣ ਤਾਂ ਫਿਰ ਵੀ ਇੰਗਲੈਂਡ ਅਤੇ ਕੈਨੇਡਾ ਵਗੈਰਾ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਦਿਖਾਈ ਦੇ ਜਾਂਦੇ ਹਨ ਪਰ ਚਾਰ ਪੰਜ ਦਹਾਕੇ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ। ਉਦੋਂ ਦਾੜ੍ਹੀ ਪਗੜੀ ਵਾਲੇ ਸਿੱਖ ਨੂੰ ਇੰਗਲੈਂਡ ਵਿੱਚ ਨੌਕਰੀ ਮਿਲਣੀ ਸੌਖੀ ਨਹੀਂ ਸੀ ਹੁੰਦੀ। ਇਸ ਕਾਰਨ ਲੰਡਨ ਪਹੁੰਚਦੇ ਸਾਰ ਹੀ ਲੋਕ ਪਹਿਲਾ ਕੰਮ ਵਾਲ ਕਟਵਾਉਣ ਦਾ ਹੀ ਕਰਦੇ ਸਨ। ਪਿੱਛੇ ਘਰਾਂ ਨੂੰ ਹੌਲੀ ਹੌਲੀ ਖਬਰ ਭੇਜੀ ਜਾਂਦੀ ਸੀ ਕਿ ਬਿਮਾਰ ਹੋਣ ਕਾਰਨ ਡਾਕਟਰ ਦੇ ਕਹਿਣ ਉੱਤੇ ਹੀ ਵਾਲ ਕਟਵਾਏ ਗਏ ਹਨ। ਹੌਲੀ ਹੌਲੀ ਲੋਕਾਂ ਨੂੰ ਇਲਮ ਹੋਣ ਲੱਗ ਪਿਆ ਕਿ ਬਾਹਰ ਜਾਣ ਵਾਲੇ ਨੇ ਵਾਲ ਕਟਵਾਉਣੇ ਹੀ ਹਨ।

ਕਈ ਵਾਰੀ ਸਵਾਲ ਉੱਠਦਾ ਹੈ ਕਿ ਜਿ਼ੰਦਗੀ ਤੋਂ ਵੀ ਵੱਧ ਕੀ ਪਿਆਰਾ ਹੈ? ਕਈ ਵਾਰੀ ਕਿਹਾ ਜਾਂਦਾ ਹੈ ਕਿ ਧਰਮ ਤੋਂ ਪਿਆਰੀ ਕੋਈ ਚੀਜ਼ ਨਹੀਂ ਹੁੰਦੀ। ਸਿੱਖਾਂ ਵਿੱਚ ਕੇਸ ਹੀ ਸਭ ਤੋਂ ਪਿਆਰੀ ਚੀਜ਼ ਹਨ ਕਿਉਂਕਿ ਇਹ ਗੁਰੂ ਵਲੋਂ ਬਖਸ਼ਿਸ਼਼ ਕੀਤੇ ਗਏ ਹਨ। ਪਰ ਜਦੋਂ ਮੌਤ ਸਾਹਮਣੇ ਹੋਵੇ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਦੀ ਹੀ ਕੁਰਬਾਨੀ ਦਿੱਤੀ ਜਾਂਦੀ ਹੈ। ਸੰਨ ਚੁਰਾਸੀ ਦੀ ਹੀ ਗੱਲ ਲਵੋ। ਜਦੋਂ ਦੰਗਾਕਾਰੀਆਂ ਦੀਆਂ ਭੀੜਾਂ ਹਰ ਪੱਗ ਵਾਲੇ ਨੂੰ ਗਲਾਂ ਵਿੱਚ ਟਾਇਰ ਪਾ ਪਾ ਕੇ ਸਾੜ ਰਹੀਆਂ ਸਨ ਤਾਂ ਮਾਵਾਂ ਨੇ ਖੁਦ ਹੀ ਪੁੱਤਰਾਂ ਦੇ ਕੇਸ ਕੱਟ ਦਿੱਤੇ ਸਨ। ਉਨ੍ਹਾਂ ਇਹ ਕੰਮ ਕਿੰਨੇ ਦੁੱਖ ਨਾਲ ਕੀਤਾ ਹੋਵੇਗਾ ਇਸਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ।

ਉਦੋਂ ਤਾਂ ਜਾਨਾਂ ਬਚਾਉਣੀਆਂ ਸਨ ਪਰ ਜਦੋਂ ਕੇਸਾਂ ਦੇ ਕਤਲ ਨੂੰ ਹਥਿਆਰ ਵਜੋਂ ਵਰਤਿਆ ਜਾਵੇ ਤਾਂ ਖਤਰਨਾਕ ਗੱਲ ਹੁੰਦੀ ਹੈ। ਗੱਲ ਉਦੋਂ ਵੀ ਖਤਰਨਾਕ ਹੁੰਦੀ ਹੈ ਜਦੋਂ ਕੋਈ ਹੋਰ ਕਿਸੇ ਸਿੱਖ ਦੇ ਕੇਸ ਕਤਲ ਕਰੇ। ਉਦੋਂ ਹੋਰ ਵੀ ਖਤਰਨਾਕ ਹੁੰਦੀ ਹੈ ਜਦੋਂ ਕੋਈ ਸਿੱਖ ਕਿਸੇ ਹੋਰ ਤੋਂ ਬਦਲਾ ਲੈਣ ਲਈ ਆਪਣੇ ਹੀ ਕੇਸ ਕੱਟ ਦੇਵੇ। ਧਰਮ ਦੇ ਠੇਕੇਦਾਰ ਤਾਂ ਇਸ ਨੂੰ ਕਤਲ ਤੋਂ ਵੀ ਵੱਡਾ ਜੁਰਮ ਦੱਸ ਕੇ ਦੰਗੇ ਤੱਕ ਕਰ ਸਕਦੇ ਹਨ। ਇਸ ਗੱਲ ਦਾ ਉਸ ਮੁੰਡੇ ਨੂੰ ਜ਼ਰੂਰ ਹੀ ਪਤਾ ਸੀ ਜਿਸ ਨੇ ਬਦਲਾ ਲੈਣ ਲਈ ਹੀ ਆਪਣੇ ਕੇਸ ਕਟਵਾ ਦਿੱਤੇ ਸਨ।

ਜਿਨ੍ਹਾਂ ਨੂੰ ਪਤਾ ਨਹੀਂ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਗੱਲ ਵਧਾ ਚੜ੍ਹਾ ਕੇ ਕੀਤੀ ਜਾ ਰਹੀ ਹੈ। ਮਾਰੀ ਮੁਰਗੀ ਲਿਖਾ ‘ਤਾ ਡਾਕਾ, ਫਸ ਗਿਆ ਚੰਦਪੁਰੀਆ। ਇਸ ਤਰ੍ਹਾਂ ਦੀ ਇੱਕ ਲੋਕ ਬੋਲੀ ਪੰਜਾਬ ਵਿੱਚ ਅਕਸਰ ਹੀ ਪਾਈ ਜਾਂਦੀ ਹੈ। ਫਰਕ ਸਿਰਫ ਏਨਾ ਹੈ ਕਿ ਮਾਰੀ ਕੀ ਸੀ, ਇਸਦਾ ਜਿ਼ਕਰ ਹਰ ਇਲਾਕੇ ਵਿੱਚ ਵੱਖਰਾ ਵੱਖਰਾ ਹੁੰਦਾ ਹੈ ਅਤੇ ਕੌਣ ਫਸਿਆ ਹੈ ਉਸ ਦਾ ਨਾਂ ਵੀ ਅਲੱਗ ਹੁੰਦਾ ਹੈ। ਅਸਲ ਗੱਲ ਇਹ ਨਹੀਂ ਕਿ ਕਿਸ ਨੂੰ ਮਾਰਿਆ ਸੀ ਅਤੇ ਕੌਣ ਫਸਿਆ ਸੀ। ਅਸਲ ਗੱਲ ਇਹੀ ਹੈ ਕਿ ਜਦੋਂ ਚੰਗੀ ਹੁੰਦੀ ਹੈ ਤਾਂ ਵੱਡੀ ਗੱਲ ਨੂੰ ਵੀ ਛੋਟੀ ਕਿਹਾ ਜਾਂਦਾ ਹੈ ਪਰ ਜਦੋਂ ਮਾੜੀ ਹੁੰਦੀ ਹੈ ਤਾਂ ਛੋਟੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਕਿਸੇ ਸਮੇਂ ਤਾਂ ਕਤਲ ਨੂੰ ਵੀ ਮਾਫ ਕਰ ਦਿੱਤਾ ਜਾਂਦਾ ਹੈ ਅਤੇ ਕਿਸੇ ਸਮੇਂ ਸ਼ਰੀਕ ਦਾ ਖੰਘੂਰਾ ਵੀ ਬਰਦਾਸ਼ਤ ਨਹੀਂ ਹੁੰਦਾ। ਪੰਜਾਬ ਦੇ ਕਬੀਲਾਈ ਸਮਾਜ ਵਿੱਚ ਖੰਘੂਰਿਆਂ ਉੱਤੇ ਕਤਲ ਹੁੰਦੇ ਦੇਖੇ ਗਏ ਹਨ।

ਕਿਸੇ ਸਿਆਣੇ ਨੇ ਕਿਹਾ ਹੈ ਕਿ ਕਾਨੂੰਨ ਅਮੀਰਾਂ ਅਤੇ ਤਕੜਿਆਂ ਦੀ ਬਾਂਦੀ ਹੈ। ਸਿਆਣੇ ਨੇ ਵੀ ਬਹੁਤ ਕੁਝ ਦੇਖ ਪਰਖ ਕੇ ਹੀ ਇਹ ਗੱਲ ਕਹੀ ਹੋਣੀ ਹੈ। ਇਹ ਗੱਲ ਉਦੋਂ ਤੋਂ ਹੀ ਸਹੀ ਚਲੀ ਆ ਰਹੀ ਹੈ ਜਦੋਂ ਤੋਂ ਕਾਨੂੰਨ ਨਾਂ ਦੀ ਚਿੜੀ ਹੋਂਦ ਵਿੱਚ ਆਈ ਹੈ। ਅਸਲ ਵਿੱਚ ਤਾਂ ਕਾਨੂੰਨ ਬਣਾਇਆ ਹੀ ਇਸ ਲਈ ਗਿਆ ਸੀ ਕਿ ਹਾਕਮਾਂ ਅਰਥਾਤ ਤਕੜਿਆਂ ਨੂੰ ਮਾੜਿਆਂ ਜਾਂ ਮਹਿਕੂਮਾਂ ਉੱਤੇ ਹਕੂਮਤ ਕਰਨ ਲਈ ਇੱਕ ਐਸਾ ਹਥਿਆਰ ਮਿਲ ਜਾਵੇ ਜਿਸ ਦੀ ਆੜ ਵਿੱਚ ਉਹ ਸਭ ਲਈ ਨਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਨੂੰ ਦਬਾ ਕੇ ਰੱਖ ਸਕਣ। ਕਾਨੂੰਨ ਕਦੀ ਵੀ ਗਰੀਬਾਂ ਦੀ ਸਾਰ ਲੈਣ ਵਾਲਾ ਨਹੀਂ ਹੁੰਦਾ। ਉਨ੍ਹਾਂ ਨੂੰ ਸਿਰਫ ਹੌਸਲਾ ਹੀ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨਾਲ ਬੇਇਨਸਾਫੀ ਨਹੀਂ ਹੋ ਸਕਦੀ। ਇਸ ਆਸ ਵਿੱਚ ਹੀ ਉਹ ਨਿਆਂ ਦੀ ਲੜਾਈ ਲੜਦੇ ਹੋਏ ਜਿ਼ੰਦਗੀਆਂ ਬਤੀਤ ਕਰ ਦਿੰਦੇ ਹਨ। ਕਾਨੂੰਨ ਸਦਾ ਵਾਂਗ ਹੀ ਅਮੀਰਾਂ ਦੀ ਬਾਂਦੀ ਬਣਿਆ ਰਹਿੰਦਾ ਹੈ।

ਹੱਥ ਕੰਗਣ ਨੂੰ ਆਰਸੀ ਕੀ? ਪਿਛਲੇ ਕੁਝ ਸਾਲਾਂ ਦਾ ਤਜਰਬਾ ਹੀ ਦੱਸਦਾ ਹੈ ਕਿ ਸਿਆਸੀ ਤੌਰ ਉੱਤੇ ਤਕੜੇ ਬਹੁਤ ਸਾਰੇ ਨੇਤਾ ਬਹੁਤ ਸਾਰੇ ਮਾਮਲਿਆਂ ਵਿੱਚ ਫਸੇ। ਉਨ੍ਹਾਂ ਵਿੱਚ ਸਾਬਕਾ ਪਰਧਾਨ ਮੰਤਰੀ ਅਤੇ ਸਿਆਸੀ ਪਾਰਟੀਆਂ ਦੇ ਮੁਖੀ ਨੇਤਾ ਤੱਕ ਵੀ ਸ਼ਾਮਲ ਸਨ। ਜਿਹੜੇ ਲੋਕ ਅੱਜ ਇਹ ਕਹਿੰਦੇ ਫਿਰਦੇ ਹਨ ਕਿ ਸਰਕਾਰ ਵਿੱਚ ਅਪਰਾਧੀ ਸ਼ਾਮਲ ਹਨ ਉਨ੍ਹਾਂ ਦੀ ਸਰਕਾਰ ਵਿੱਚ ਵੀ ਇਸ ਤਰ੍ਹਾਂ ਦੇ ਕਈ ਮਹਾਂਪੁਰਖ ਸ਼ਾਮਲ ਸਨ। ਵੱਡੇ ਵੱਡੇ ਹਵਾਲਾ ਦੇ ਮਾਮਲੇ ਖੁਰਦ ਬੁਰਦ ਹੋ ਗਏ ਕਿਉਂਕਿ ਇਨ੍ਹਾਂ ਵਿੱਚ ਵੱਡੇ ਲੋਕ ਸ਼ਾਮਲ ਸਨ। ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਹਮ੍ਹਾਤੜ ਨੂੰ ਤਾਂ ਦਸ ਰੁਪਏ ਦੀ ਹੇਰਾਫੇਰੀ ਬਦਲੇ ਹੀ ਟੰਗ ਦਿੱਤਾ ਜਾਂਦਾ ਹੈ।

ਕਤਲ ਦਾ ਮਾਮਲਾ ਬਹੁਤ ਹੀ ਸੰਗੀਨ ਹੁੰਦਾ ਹੈ। ਪਰ ਕਈ ਵਾਰੀ ਅਦਾਲਤਾਂ ਸ਼ਰੇਆਮ ਕੀਤੇ ਗਏ ਕਤਲ ਦੇ ਦੋਸ਼ੀ ਨੂੰ ਵੀ ਬਰੀ ਕਰ ਦਿੰਦੀਆਂ ਹਨ ਕਿਉਂਕਿ ਸ਼ਹਾਦਤਾਂ ਸਹੀ ਨਹੀਂ ਹੋਈਆਂ ਹੁੰਦੀਆਂ। ਕਈ ਵਾਰੀ ਬੇਗੁਨਾਹ ਵੀ ਫਾਹੇ ਲਾ ਦਿੱਤਾ ਜਾਂਦਾ ਹੈ ਕਿਉਂਕਿ ਸਥਾਪਤੀ ਨੂੰ ਕਿਸੇ ਕਾਤਲ ਦੀ ਲੋੜ ਹੁੰਦੀ ਹੈ। ਜੇ ਅਸਲੀ ਕਾਤਲ ਨਹੀਂ ਵੀ ਲੱਭਦਾ ਤਾਂ ਵੀ ਕਿਸੇ ਨਾ ਕਿਸੇ ਨੂੰ ਫਸਾਉਣਾ ਹੀ ਹੁੰਦਾ ਹੈ ਤਾਂ ਕਿ ਕਿਸੇ ਖਾਸ ਵਰਗ ਦੇ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਮਿਲ ਸਕੇ। ਕਈ ਵਾਰੀ ਤਾਂ ‘ਕੌਮ ਦੀ ਸਲਾਮਤੀ’ ਲਈ ਵੀ ਬੇਗੁਨਾਹਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ। ਦੇਸ਼ ਦੀ ਖੈਰਖਾਹੀ ਦਾ ਬਹੁਤਾ ਦਮ ਭਰਨ ਵਾਲੇ ਤਾਂ ਕਿਸੇ ਖਾਸ ਧਰਮ ਨਾਲ ਸਬੰਧਤ ਬੰਦੇ ਨੂੰ ਫਾਂਸੀ ਦਿਵਾਉਣ ਲਈ ਬੁਰੇ ਦੇ ਘਰ ਤੱਕ ਵੀ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ‘ਕੌਮ’ ਵਿੱਚ ਉਨ੍ਹਾਂ ਦੀ ਧਾਕ ਜੰਮੀ ਰਹੇ। ਹਕੂਮਤਾਂ ਨੂੰ ਇਸ ਗੱਲ ਨਾਲ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਕਿ ਕੋਈ ਬੇਗੁਨਾਹ ਮਰ ਰਿਹਾ ਹੈ ਜਾਂ ਕਿ ਗੁਨਾਹਗਾਰ ਬਚ ਰਿਹਾ ਹੈ। ਉਨ੍ਹਾਂ ਨੂੰ ਸਿਰਫ ਇਸ ਗੱਲ ਦੀ ਹੀ ਚਿੰਤਾ ਹੁੰਦੀ ਹੈ ਕਿ ਕਿਤੇ ਲੋਕ ਹਕੂਮਤ ਕਰਨ ਵਾਲਿਆਂ ਦੇ ਹੀ ਖਿਲਾਫ ਨਾ ਹੋ ਜਾਣ।

ਕੁਝ ਸਾਲ ਪਹਿਲਾਂ ਕਸ਼ਮੀਰ ਦੇ ਛੱਤੀ ਸਿੰਘਪੁਰਾ ਪਿੰਡ ਵਿੱਚ ਇੱਕੋ ਰਾਤ ਹੀ ਕੁਝ ਸਿੱਖਾਂ ਦਾ ਸਮੂਹਕ ਕਤਲ ਕਰ ਦਿੱਤਾ ਗਿਆ। ਦੋਸ਼ ਲਾਇਆ ਗਿਆ ਕਿ ਕਸ਼ਮੀਰੀ ਅੱਤਵਾਦੀਆਂ ਨੇ ਇਹ ਕਾਰਾ ਕੀਤਾ ਹੈ। ਮਗਰੋਂ ਫੌਜ ਨੇ ਕੁਝ ਕਸ਼ਮੀਰੀ ਨੌਜਵਾਨਾਂ ਨੂੰ ਫੜ ਕੇ ਮਾਰ ਦਿੱਤਾ ਅਤੇ ਕਿਹਾ ਕਿ ਇਹ ਹੀ ਛੱਤੀ ਸਿੰਘਪੁਰਾ ਦੇ ਦੋਸ਼ੀ ਸਨ। ਪਰ ਜਦੋਂ ਪੋਲ ਖੁੱਲ੍ਹਿਆ ਤਾਂ ਪਤਾ ਲੱਗਾ ਕਿ ਸਿੱਖ ਵੀ ਏਜੰਸੀਆਂ ਨੇ ਹੀ ਸਰਕਾਰ ਦੇ ਕਹਿਣ ਉੱਤੇ ਮਾਰੇ ਸਨ ਅਤੇ ਇਹ ਨੌਜਵਾਨ ਵੀ ਸਰਕਾਰ ਦੇ ਹੁਕਮਾਂ ਉੱਤੇ ਹੀ ਮਾਰੇ ਗਏ ਸਨ। ਉਦੋਂ ਭਲਾ ਕਿਸਦੀ ਸਰਕਾਰ ਸੀ? ਜਿਹੜੇ ਲੋਕ ਸੰਨ ਚੁਰਾਸੀ ਵਿੱਚ ਸਿੱਖਾਂ ਦੇ ਕਤਲਾਂ ਉੱਤੇ ਰੌਲਾ ਪਾਉਂਦੇ ਹਨ ਉਨ੍ਹਾਂ ਨੇ ਛੱਤੀ ਸਿੰਘਪੁਰਾ ਵਿੱਚ ਸਿੱਖ ਮਰਵਾਏ ਅਤੇ ਜਿਹੜੇ ਲੋਕ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦੇ ਹਨ ਉਹ ਉਨ੍ਹਾਂ ਨਾਲ ਹੀ ਯਾਰੀਆਂ ਪਾਈ ਫਿਰਦੇ ਹਨ। ਉਹ ਕਿਸਦਾ ਕਤਲ ਕਰ ਰਹੇ ਹਨ ਭਲਾ? ਵਿਸ਼ਵਾਸ ਦਾ ਜਾਂ ਸਿੱਖੀ ਅਸੂਲਾਂ ਦਾ?

ਕਿਸੇ ਜਵਾਨ ਅਤੇ ਖੂਬਸੂਰਤ ਔਰਤ ਨੂੰ ਸਭ ਦੇ ਸਾਹਮਣੇ ਗੋਲੀ ਮਾਰ ਦੇਣਾ ਅਤੇ ਫੇਰ ਗਵਾਹੀਆਂ ਮੁਕਰਾ ਕੇ ਬਰੀ ਹੋ ਜਾਣਾ ਪੈਸੇ ਵਾਲਿਆਂ ਲਈ ਸਾਧਾਰਨ ਗੱਲ ਹੈ। ਜੇ ਲੋਕਾਂ ਨੇ ਰੌਲਾ ਨਾ ਪਾਇਆ ਹੁੰਦਾ ਤਾਂ ਹੁਣ ਤੱਕ ਇਸ ਮਾਮਲੇ ਨੂੰ ਸਭ ਨੇ ਭੁੱਲ ਭੁਲਾ ਵੀ ਜਾਣਾ ਸੀ। ਪਰ ਹੁਣ ਲਗਦਾ ਹੈ ਕਿ ਅਜਿਹੀ ਗੱਲ ਨਹੀਂ ਰਹੀ। ਪਰ ਇਹ ਉਦੋਂ ਤੱਕ ਹੀ ਹੈ ਜਦੋਂ ਤੱਕ ਸਿਸਟਮ ਨੂੰ ਇਸ ਗੱਲ ਦੀ ਲੋੜ ਹੈ ਕਿ ਲੋਕਾਂ ਦਾ ਇਸ ਸਿਸਟਮ ਵਿੱਚ ਵਿਸ਼ਵਾਸ ਕਿਤੇ ਬਿਲਕੁਲ ਹੀ ਖਤਮ ਨਾ ਹੋ ਜਾਵੇ। ਅਸੀਂ ਇਹ ਸੋਚ ਕੇ ਖੁਸ਼ ਹੋ ਜਾਂਦੇ ਹਾਂ ਕਿ ਚਲੋ ਜਾਂਦੇ ਚੋਰ ਦੀ ਤੜਾਗੀ ਹੀ ਸਹੀ।

ਵਿਸ਼ਵਾਸ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਹੈ। ਸਥਾਪਤੀ ਕਾਇਮ ਹੀ ਇਸ ਆਧਾਰ ਉੱਤੇ ਹੈ ਕਿ ਲੋਕ ਵਿਸ਼ਵਾਸ ਕਰਨ ਲੱਗਦੇ ਹਨ। ਪਰ ਵਿਸ਼ਵਾਸ ਦਾ ਕਤਲ ਵੀ ਓਨਾ ਹੀ ਵੱਡਾ ਜੁਰਮ ਹੈ ਜਿੰਨਾ ਵੱਡਾ ਕਿਸੇ ਬੰਦੇ ਦਾ ਕਤਲ। ਇਸੇ ਨੂੰ ਹੀ ਆਧਾਰ ਬਣਾ ਕੇ ਕਈ ਲੋਕ ਕੇਸਾਂ ਦੇ ਖੁਦ ਕੀਤੇ ਕਤਲ ਨੂੰ ਕਤਲ ਦਾ ਕੇਸ ਬਣਾ ਸਕਦੇ ਹਨ ਅਤੇ ਕਤਲ ਦੇ ਕੇਸ ਨੂੰ ਨਾਈ ਦੀ ਦੁਕਾਨ ਉੱਤੇ ਮੁਰਾਰੀ ਦੀ ਸ਼ੇਵ ਤੱਕ ਛੋਟਾ ਅਤੇ ਸੀਮਤ ਕਰ ਸਕਦੇ ਹਨ।

ਇਸ ਉੱਤੇ ਝੁਰਨ ਦੀ ਲੋੜ ਨਹੀਂ ਕਿਉਂਕਿ ਇਸ ਸਿਸਟਮ ਨੂੰ ਕਾਇਮ ਰੱਖਣ ਅਤੇ ਬਰਦਾਸ਼ਤ ਕਰੀ ਜਾਣ ਲਈ ਅਸੀਂ ਖੁਦ ਹੀ ਦੋਸ਼ੀ ਹਾਂ। ਜਦੋਂ ਧਰਮ ਨੂੰ ਸਿਰਫ ਬਾਣੇ ਤੱਕ ਹੀ ਸੀਮਤ ਕਰ ਦਿੱਤਾ ਜਾਵੇ ਤਾਂ ਹੋਰ ਕੋਈ ਸਿੱਟਾ ਨਿਕਲ ਵੀ ਨਹੀਂ ਸਕਦਾ। ਇਸ ਲਈ ਅੱਖਾਂ ਬੰਦ ਕਰਕੇ ਭਜਨ ਗਾਉ ਅਤੇ ਸੌਂ ਜਾਉ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 24 ਦਸੰਬਰ 2007)
(ਦੂਜੀ ਵਾਰ 28 ਅਕਤੂਬਰ 2021)

***
658
***

About the author

ਦਲਬੀਰ ਸਿੰਘ ਚੰਡੀਗੜ੍ਹ
 dalbirsingh50@yahoo.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

#412, ਸੈਕਟਰ 30 ਏ, ਚੰਡੀਗੜ੍ਹ

ਦਲਬੀਰ ਸਿੰਘ ਚੰਡੀਗੜ੍ਹ

#412, ਸੈਕਟਰ 30 ਏ, ਚੰਡੀਗੜ੍ਹ

View all posts by ਦਲਬੀਰ ਸਿੰਘ ਚੰਡੀਗੜ੍ਹ →