27 November 2022

ਜੀਵਨ ਦੀ ਪੇਸ਼ਕਾਰੀ: ਦਿਸ਼ਾਵਾਂ – ਡਾ: ਗੁਰਦਿਆਲ ਸਿੰਘ ਰਾਏ

ਜੀਵਨ ਦੀ ਪੇਸ਼ਕਾਰੀ: ਦਿਸ਼ਾਵਾਂ

-ਡਾ: ਗੁਰਦਿਆਲ ਸਿੰਘ ਰਾਏ-

(ਨੋਟ: ਪੰਜਾਬੀ ਮਾਪਿਆਂ ਦੀ ਸਭਾ ਪੂਰਬੀ ਲੰਡਨ ਵਲੋਂ ਰਾਮਗੜ੍ਹੀਆ ਕਮਿਊਨਿਟੀ ਸੈਂਟਰ, 270 ਨੈਵਿਲ ਰੋਡ, ਫੌਰੈਸਟ ਗੇਟ, ਈ:7 ਵਿਖੇ ਐਤਵਾਰ 6 ਨਵੰਬਰ 2005 ਨੂੰ ਕਰਵਾਏ ਜਾ ਰਹੇ ‘ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ’ ਦੇ ਮੌਕੇ ਤੇ ਇਹ ਪਰਚਾ ਪੜ੍ਹਿਆ ਗਿਆ।)—ਲਿਖਾਰੀ

ਡਾ: ਪ੍ਰੀਤਮ ਸਿੰਘ ਕੈਂਬੋ ਇੱਕ ਬਹੁ-ਪੱਖੀ ਲੇਖਕ ਹੈ। ਥੋੜੇ ਹੀ ਸਮੇਂ ਵਿੱਚ ਪੰਜਾਬੀ ਸਾਹਿਤ ਨੂੰ ਉਸਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਸਬੰਧੀ ਪੁਸਤਕਾਂ ਦੇ ਕੇ ਇੱਕ ਸਫਲ ਲੇਖਕ ਵਜੋਂ ਨਾਮਣਾ ਖੱਟਿਆ ਹੈ। ਉਸਨੇ ਕਹਾਣੀ ਦੀ ਵਿਧਾ ਤੋਂ ਆਪਣਾ ਸਾਹਿਤਕ ਸਫ਼ਰ ਆਰੰਭਿਆ ਅਤੇ ਫਿਰ ਕਹਾਣੀ ਦੇ ਨਾਲ ਨਾਲ ਆਲੋਚਨਾ, ਖੋਜ, ਸੰਪਾਦਨਾ, ਪੁਸਤਕਾਂ ਦੇ ਮੁਖਬੰਧਾਂ ਅਤੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ ਨਾਲ ਵਿਸ਼ੇਸ਼ ਢੰਗ ਦੀਆਂ ਮੁਲਾਕਾਤਾਂ ਦੇ ਕਾਰਜਾਂ ਉਤੇ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਹੱਥ ਅਜ਼ਮਾਇਆ। ਬਾਰਾਂ ਕਹਾਣੀਆਂ ਤੇ ਨਿਰਭਰ ਉਸਦਾ ਪਹਿਲਾ ਕਹਾਣੀ ਸੰਗ੍ਰਹਿ ‘ਧੁੱਖਦਾ ਗੋਹਟਾ’ 1991 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਹੁਣ ਚੌਦਾਂ ਵਰ੍ਹੇ ਉਪਰੰਤ ਭਾਵ 2005 ਵਿੱਚ ਉਸਦਾ ਇਹ ‘ਦਿਸ਼ਾਵਾਂ’ ਨਾਂ ਦਾ ਕਹਾਣੀ ਸੰਗ੍ਰਹਿ ਛੱਪ ਕੇ ਪਾਠਕਾ ਅੱਗੇ ਆਇਆ ਹੈ।

‘ਧੁੱਖਦੇ ਗੋਹਟੇ’ ਦੀਆਂ ਕਹਾਣੀਆਂ ਰਾਹੀਂ ਡਾ: ਕੈਂਬੋ ਨੇ ਵਿਸ਼ੇਸ਼ ਰੂਪ ਵਿਚ ਬਰਤਾਨੀਆ ਵਿਚ ਵਸਦੇ ਪਰਵਾਸੀ ਪੰਜਾਬੀਆਂ ਦੀਆਂ ਬਹੁ-ਪਰਤੀ ਸਮੱਸਿਆਵਾਂ ਦਾ ਜਿਕਰ ਕੀਤਾ। ਲੇਖਕ ਦੇ ਅੰਦਰ ‘ਧੁੱਖਦੀ ਅੱਗ’ ਤਾਂ ਸਦਾ ਹੀ ਦਬੀ-ਘੁੱਟੀ, ਲੁਕੀ-ਛਿੱਪੀ ਰਹਿੰਦੀ ਹੈ। ਇਹ ਸੁਲਗਦੀ ਅਤੇ ਕਾਰਜ-ਰਤ ਅੱਗ ਹੀ ਹੁੰਦੀ ਹੈ ਜੋ ਕਹਾਣੀਆਂ ਦੇ ਪਾਤਰਾਂ ਦੇ ਅਮਲਾਂ ਭਾਵ ਕਰਮਾਂ ਰਾਹੀਂ ਸਥਿਤੀਆਂ ਦੀ ਤਹਿ ਤੱਕ ਪੁੱਜਦਿਆਂ, ਵਾਰਤਾਲਾਪ, ਬਿਆਨ ਅਤੇ ਪਾਤਰਾਂ ਦੇ ਆਪਸੀ ਵਰਤਾਰੇ ਰਾਹੀਂ ਕੰਮ ਕਰ ਰਹੇ ਮਾਨਸਿਕ ਤਨਾਉ ਦੇ ਪਛੋਕੜ ਨੂੰ ਉਜਾਗਰ ਕਰਦੀ ਹੈ। ਇਹ ਸੁਲਗਦੇ ਰੋਸ, ਗੁੱਸੇ ਅਤੇ ਅਸੰਤੋਸ਼ ਦੀ ਪੁੱਠ ਸਦਕਾ ਜਦੋਂ ਸੁੱਖ ਜਾਂ ਦੁੱਖ ਦੇ ਜਜ਼ਬਿਆਂ ਨੂੰ ਪ੍ਰਗਟਾ ਕੇ ਕੁਝ ਕਰ ਸਕਣ ਦੀ ਭਾਵਨਾ ਦਾ ਇਜ਼ਹਾਰ ਕਰੇ ਤਾਂ ਫਿਰ ਸਹਿਜੇ ਹੀ ‘ਦਿਸ਼ਾ’ ਜਾਂ ‘ਦਿਸ਼ਾਵਾਂ’ ਦਰਸਾਉਣ ਅਤੇ ਨਿਰਧਾਰਿਤ ਕਰਨ ਦੇ ਕਾਰਜ ਦਾ ਆਰੰਭ ਹੋ ਜਾਂਦਾ ਹੈ। ਹੱਥਲਾ ਸੰਗ੍ਰਹਿ, ਇਕ ਤਰ੍ਹਾਂ ਨਾਲ ਰਚਨਹਾਰੇ ਅੰਦਰ ‘ਧੁੱਖਦੇ ਗੋਹਟੇ’ ਦੀ ਕਾਰਜ ਸੰਪਨਤਾ ਮਗਰੋਂ, ਉੱਸਲਵੱਟੇ ਲੈਂਦੀਆਂ ‘ਦਿਸ਼ਾਵਾਂ’ ਦਾ ਹੀ ਪ੍ਰਗਟਾ ਹੈ।

ਹੱਥਲੇ ਸੰਗ੍ਰਹਿ ‘ਦਿਸ਼ਾਵਾਂ’ ਵਿੱਚ ਕੁੱਲ ਨੌਂ ਕਹਾਣੀਆਂ ਹਨ। ਉਂਝ ਤੇ ਕਿਸੇ ਨਾ ਕਿਸੇ ਰੂਪ ਵਿਚ ਇਹ ਸਾਰੀਆਂ ਕਹਾਣੀਆਂ ਵਿਚ ਹੀ ਪੰਜਾਬ, ਪੰਜਾਬੀ, ਪੰਜਾਬੀ ਕਲਚਰ, ਪਰਵਾਸ ਅਤੇ ਪਰਵਾਸ ਨਾਲ ਸਬੰਧਤ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਸਬੰਧੀ ਦਿਸ਼ਾ-ਨਿਰਧਾਰਣ ਦੇ ਸੰਕੇਤ, ਅਚੇਤ-ਸੁਚੇਤ ਮਿਲ ਜਾਂਦੇ ਹਨ। ਪਰ ਫਿਰ ਵੀ ਸਮਝ-ਸੌਖ ਲਈ ਇਹਨਾਂ ਕਹਾਣੀਆਂ ਨੂੰ, ਬਹੁਤੇ ਵਿਸਥਾਰ ਵਿਚ ਨਾ ਜਾਂਦਿਆਂ, ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:

(1) ਨੌਂ ਵਿਚੋਂ ਚਾਰ ਕਹਾਣੀਆਂ: ਮਮਤਾ, ਆਪਣਾ ਲਹੂ, ਦਿਸ਼ਾਵਾਂ ਅਤੇ ਭਟਕਣਾ ਪਰਵਾਸੀ ਪੰਜਾਬੀ ਦੀ ਪੀੜੀ ਪਾੜੇ ਕਾਰਨ ਤਿੜਕਦੇ ਰਿਸ਼ਤਿਆਂ ਅਤੇ ਸੰਤਾਪ ਦੀ ਸਮੱਸਿਆ ਨਾਲ ਜੂਝਦੀਆਂ ਮਿਲਦੀਆਂ ਹਨ। ਹੁਣ ਤੱਕ ਬਰਤਾਨੀਆ ਵਿਚ ਪੰਜਾਬੀ ਭਾਰਤੀਆਂ ਦੀਆਂ ਤਿੰਨ ਪੀੜੀਆਂ ਵੇਖ ਸਕਦੇ ਹਾਂ। ਹੈ ਤਾਂ ਇਹ ਸਾਰੇ ਪਰਵਾਸੀ ਹੀ ਪਰ ਪਹਿਲੀ ਪੀੜੀ ਨੇ ਪ੍ਰਵਾਸ ਦਾ ਜੋ ਸੰਤਾਪ ਹੰਢਾਇਆ ਅਤੇ ਨਸਲਵਾਦੀ ਸਰੋਕਾਰਾਂ ਨਾਲ ਜਿਵੇਂ ਦੋ-ਚਾਰ ਹੋਏ ਉਹ ਇੱਕ ਆਪਣੀ ਵੱਖਰੀ ਕਹਾਣੀ ਹੈ। ਦੂਜੀ ਤੇ ਤੀਜੀ ਪੀੜ੍ਹੀ ਦੀ ਸੋਚ ਪਹਿਲੀ ਪੀੜ੍ਹੀ ਨਾਲੋਂ ਬਿਲਕੁਲ ਵੱਖਰੀ ਹੈ। ਨਵੀ ਪੀੜੀ ਨੂੰ ਆਪਣੀਆਂ ਮੂਲ ਸਭਿਆਚਾਰਕ ਕਦਰਾਂ ਕੀਮਤਾਂ ਨਾਲ ਕੋਈ ਬਹੁਤਾ ਮਤਲਬ ਨਹੀਂ। ਉਹ ਪੱਛਮ ਦੇ ਰੰਗ ਵਿਚ ਪੂਰੀ ਤਰ੍ਹਾਂ ਰੰਗੇ ਗਏ ਹਨ। ਮੰਦੇ ਭਾਗੀਂ ਕੁਝ ਵੀ ਕਰ ਸਕਣ ਦੀ ਸਮਰੱਥਾ ਹੀਣੀ ਪਹਿਲੀ ਪੀੜ੍ਹੀ ਨਵੀਂ ਪੀੜ੍ਹੀ ਦੀ ਸੋਚ ਨੂੰ ਸਵੀਕਾਰ ਨਹੀਂ ਕਰਦੀ।

(2) ਦੋ ਕਹਾਣੀਆਂ: ‘ਜ਼ਿੰਦਗੀ ਦੀ ਫਸਲ’ ਅਤੇ ‘ਦਾਸਤਾਨ’ ਪੰਜਾਬੀਆਂ ਦੇ ਸਾਧਾਰਣ ਸਮਾਜਕ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਹਨ। ਇਹ ਕਹਾਣੀਆਂ ਪੀੜ੍ਹੀ ਦਰ ਪੀੜ੍ਹੀ ਦੇ ਅੰਤਰ ਅਤੇ ਸਵਾਰਥੀ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ।

(3) ਦੋ ਕਹਾਣੀਆਂ: ‘ਅਸੀਸ’ ਅਤੇ ‘ਸੁਪਨਿਆਂ ਦੀ ਸਿਰਜਣਾ’ ਦਾ ਵਿਸ਼ਾ ਪਿਆਰ ਹੈ। ਪਿਆਰ ਦੀ ਪਰਵਾਨਗੀ ਵਿਚ ਨੈਤਿਕ, ਸਮਾਜਕ, ਧਾਰਮਕ ਅਤੇ ਸਭਿਆਚਾਰਕ ਔਕੜਾ ਦਾ ਸਵੈ-ਵਿਰੋਧੀ ਰੋਲ ਹੀ ਇਹਨਾਂ ਕਹਾਣੀਆਂ ਦੀ ਖ਼ੂਬਸੂਰਤੀ ਹੈ।

(4) ‘ਜ਼ਹਿਰੀਲੀ ਹਵਾ’ ਨਾਂ ਦੀ ਕਹਾਣੀ, ਪੰਜਾਬ ਵਿਚ ਆਏ ਦਹਿਸ਼ਤਗਰਦੀ ਦੇ ਦਿਨਾਂ ਵਿਚਲੇ ਮਾਹੌਲ ਨਾਲ ਸੰਬੰਧਿਤ ਹੈ। ਦੁਖਿਤ ਘਟਨਾਵਾਂ ਦੇ ਬਾਵਜ਼ੂਦ ਕਾਇਮ ਸਦਭਾਵਨਾ ਨੂੰ ਦਰਸਾਉਂਦੀ ਅਤੇ ਪੰਜਾਬੀ ਸਭਿਆਚਾਰ ਦੀ ਜਿੱਤ ਪ੍ਰਗਟਾਉਂਦੀ ਦਿਲ ਟੁੰਬਵੀਂ ਕਹਾਣੀ ਹੈ।

ਡਾ: ਕੈਂਬੋ ਨੇ ਆਪਣੀ ਕਹਾਣੀ ਰਾਹੀਂ ਜੀਵਨ ਦਾ ਯਥਾਰਥ ਪੇਸ਼ ਕੀਤਾ ਹੈ। ਉਹ ਜ਼ਿਦਗੀ ਨੂੰ ਬਿਆਨਦਾ, ਕਥਾਨਕ ਤੋਰਦਾ ਲੜੀ ਦਰ ਲੜੀ ਘਟਨਾਵਾਂ ਨੂੰ ਪੇਸ਼ ਕਰਦਿਆਂ ਕਹਾਣੀ ਦੇ ਸਿਖਰ ਤੇ ਪੁੱਜਦਾ ਹੈ। ਹਰ ਕਹਾਣੀ ਵਿਚ ਵਾਪਰਨ ਵਾਲੀ ਘਟਨਾ ਪਾਠਕ ਨੂੰ ਆਪਣੇ ਨਾਲ ਤੋਰਦੀ ਪ੍ਰਤੀਤ ਹੁੰਦੀ ਹੈ। ਭਾਵੇਂ ਗੱਲ ‘ਮਮਤਾ’ ਵਿਚਲੇ ਜਸਵੰਤ ਸਿੰਘ ਤੇ ਉਸਦੀ ਪਤਨੀ ਦੇ ਪੱਲੇ ਪੈਣ ਵਾਲੇ ਪਛਤਾਵੇ ਦੀ ਹੋਵੇ ਜਾਂ ‘ਆਪਣੇ ਲਹੂ’ ਵਿਚ ਦੁਰਦਸ਼ਾ ‘ਕਿਰਪਾ ਸਿੰਘ ਤੇ ਪਰਕਾਸ਼ੋ’ ਦੀ ਹੋਵੇ। ਯਥਾਰਥਕ ਚਿਤਰਣ ਪੱਛਮੀ ਤੇ ਪੂਰਬੀ ਸਭਿਆਚਾਰ ਦੇ ਟਕਰਾ ਵਜੋਂ ਪਾਠਕਾਂ ਗੋਚਰੇ ਆ ਜਾਂਦਾ ਹੈ। ਪੱਛਮੀ ਸਭਿਆਚਾਰ ਵਿਚ ਜੰਮੀ-ਪਲੀ ਸੈਂਡੀ ਪੰਜਾਬੀ ਸਭਿਆਚਾਰ ‘ਚੋਂ ਆਏ ਸੁਖਪ੍ਰੀਤ ਤੋਂ ਆਪਣੀ ਖੁਲ੍ਹ ਉਤੇ ਕਿਸੇ ਵੀ ਤਰ੍ਹਾਂ ਦੀ ਬੰਦਸ਼ ਬਰਦਾਸ਼ਤ ਨਹੀਂ ਕਰਦੀ। ਫਿਰ ਟੁੱਟ-ਭੱਜ ਕਿਵੇਂ ਰੁਕੇ? ਇਨ੍ਹਾਂ ਦੋਹਾਂ ਕਹਾਣੀਆਂ ਵਿਚ ਡਾ: ਕੈਂਬੋ ਨੇ ਆਵਾਸੀ ਮਾਪਿਆਂ ਦੇ ਉਸ ਸੰਤਾਪ ਦੀ ਖ਼ੂਬ ਪੇਸ਼ਕਾਰੀ ਕੀਤੀ ਹੈ, ਜਿੱਥੇ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਪੈਸੇ ਦੇ ਸਿਰ ‘ਤੇ ਚੰਗੀ ਐਸ਼ ਕਰਨਾ ਲੋੜਦੇ ਹਨ ਪਰ ਉਹਨਾਂ ਦੇ ਮਨ ਵਿਚ ਆਪਣੇ ਮਾਪਿਆਂ ਪ੍ਰਤੀ ਰਤਾ ਭਰ ਵੀ ਮੋਹ-ਪਿਆਰ ਜਾਂ ਸਤਿਕਾਰ ਨਹੀਂ ਹੈ।

ਡਾ: ਕੈਂਬੋ ਦੀ ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ‘ਭਟਕਣਾ’ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿਉਂ ਜੋ ਇਹ ਕਹਾਣੀ ਅਜੋਕੇ ਸਮੇਂ ਵਿੱਚ ਬਹੁਤ ਹੀ ਪ੍ਰਸੰਗਿਕ ਹੈ। ਅੱਜ ਪੰਜਾਬ ਦਾ ਹਰ ਨੌਜਵਾਨ ਪੱਛਮੀ ਸਭਿਆਚਾਰ ਅਤੇ ਆਰਥਿਕਤਾ ਤੋਂ ਚੁੰਧਿਆ ਕੇ ਪੱਛਮ ਵਿਚ ਆਉਣ ਲਈ ਉਤਾਵਲਾ ਹੈ ਪਰ ਅਜਿਹੀ ਚਾਹਤ ਕਹਾਣੀ ਵਿਚਲੇ ਗੁਰਪ੍ਰਤਾਪ ਨੂੰ ਜਿਸ ਦੋਰਾਹੇ ਤੇ ਲਿਆ ਖੜਾ ਕਰ ਦਿੰਦੀ ਹੈ ਉਹ ਕਿਸੇ ਸਰਾਪ ਤੋਂ ਘੱਟ ਨਹੀਂ। ਮਿਹਨਤੀ ਹੁੰਦਾ ਹੋਇਆ ਵੀ ਜਦੋਂ ਦੋ ਪੁਲਸੀਏ ਉਸਨੂੰ ਆ ਫੜਦੇ ਹਨ ਤਾਂ ਉਸਦੀ ਮਾਨਸਿਕਤਾ ਵਿੱਚ ਇੱਕ ਭੁਚਾਲ ਜਿਹਾ ਆ ਜਾਂਦਾ ਹੈ ਅਤੇ ਗੁਰਪ੍ਰਤਾਪ ਨੂੰ ‘ਬਾਹਰ ਨਿਕਲੀ ਹੋਈ ਖ਼ੂਬਸੂਰਤ ਧੁੱਪ ਧੁੰਦਲੀ ਧੁੰਦਲੀ ਨਜ਼ਰ’ ਆਉਣ ਲੱਗ ਪੈਂਦੀ ਹੈ।

ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਹੈ ‘ਜ਼ਹਿਰੀਲੀ ਹਵਾ’ ਪੰਜਾਬ ਵਿਚ ਫਿਰਕੂ ਜ਼ਹਿਰ ਕਾਰਨ ਪੈਦਾ ਹੋਏ ਦੁਖਾਂਤ ਦਾ ਜ਼ਿਕਰ ਕਰਦੀ ਹੈ। ਹਿੰਦੂ-ਸਿੱਖਾਂ ਨਾਲ ਵਾਪਰੇ ਦੁਖਾਂਤ ਦਾ ਦਿਲ ਹਿਲਾਉਣਾ ਵਰਨਣ ਭਾਵੇਂ ਪਾਠਕ ਨੂੰ ਦੂੱਖੀ ਕਰਦਾ ਹੈ ਪਰ ਕਹਾਣੀ ਦਾ ਅੰਤ ‘ਪੰਜਾਬੀ ਸਭਿਆਚਾਰ’ ਦੀ ਜਿੱਤ ਨੂੰ ਪ੍ਰਗਟਾਉਂਦਾ ਹੋਇਆ ਚੰਗੇ ਕਲ੍ਹ ਦੀ ਕਾਮਨਾ ਵਲ ਸੰਕੇਤ ਕਰਦਾ ਹੈ।

‘ਦਿਸ਼ਾਵਾਂ’ ਕਹਾਣੀ ਦਾ ਜ਼ਿਕਰ ਇਸ ਲਈ ਵੀ ਜ਼ਰੂਰੀ ਹੈ ਕਿ ਇਸ ਕਹਾਣੀ ਦੇ ਨਾਂ ਉਤੇ ਹੀ ਸੰਗ੍ਰਹਿ ਦਾ ਨਾਂ ਰੱਖਿਆ ਗਿਆ ਹੈ। ਇਹ ਕਹਾਣੀ ਲੰਮੀ ਹੈ ਸ਼ਾਇਦ ਇਸਨੂੰ ਥੋੜਾ ਜਿਹਾ ਹੋਰ ਕਸਵਾਂ ਕੀਤਾ ਜਾਂਦਾ ਤਾਂ ਹੋਰ ਵੀ ਬੇਹਿਤਰ ਹੁੰਦਾ। ਇਹ ਕਹਾਣੀ ਅਜੋਕੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਤਾਂ ਹੈ ਹੀ ਪਰ ਇਸਦੇ ਨਾਲ ਹੀ ਇੱਕ ਗੰਭੀਰ ਸਮੱਸਿਆ ਦਾ ਪ੍ਰਗਟਾਅ ਵੀ ਹੈ। ਸਨਦੀਪ ਤੇ ਸੁਖਪ੍ਰੀਤ ਇੱਕ ਦੂਜੇ ਦੇ ਪੂਰਕ ਨਾ ਹੋ ਕੇ ਵਿਪਰੀਤ ਦਿਸ਼ਾਵਾਂ ਦੇ ਧਾਰਨੀ ਹਨ। ਇਹ ਰਵੱਈਆ ਉਹਨਾਂ ਦੀ ਜ਼ਿੰਦਗੀ ਵਿਚ ਵਿਸ ਘੋਲਦਿਆਂ ਉਹਨਾਂ ਨੂੰ ਦੋ ਵਿਪਰੀਤ ਦਿਸ਼ਾਵਾਂ ਵੱਲ ਲੈ ਜਾਂਦਾ ਹੈ। ਕਹਾਣੀਕਾਰ ਨੇ ਬੜੀ ਹੀ ਖ਼ੂਬਸੂਰਤੀ ਨਾਲ ਅਤੇ ਰੌਚਕਤਾ ਕਾਇਮ ਰੱਖਦਿਆਂ ਅਨਜੋੜ ਵਿਆਹ ਦੀ ਇਸ ਸਥਿਤੀ ਵੱਲ ਧਿਆਨ ਦੁਆਇਆ ਹੈ। ਲੇਖਕ ਸਾਧਾਰਨ ਅਤੇ ਸਹਿਜ ਅਵਸਥਾ ਵਿਚ ਰਹਿੰਦਿਆਂ ਕੋਈ ਉਚੇਚ ਨਹੀਂ ਕਰਦਾ ਸਗੋਂ ਸਹਿਜ ਸੁਭਾ ਕਥਾ ਤੋਰੀ ਰੱਖਦਾ ਹੈ। ਕੋਈ ਟਿੱਪਣੀਆਂ ਨਹੀਂ ਦਿੰਦਾ ਸਗੋਂ ਨਤੀਜਿਆਂ ਦੇ ਖੁਲਾਸੇ ਪਾਠਕਾਂ ਤੇ ਛੱਡ ਦਿੰਦਾ ਹੈ। ਸਮੱਸਿਆਵਾਂ ਸਬੰਧੀ ਕੋਈ ਵਿਚਾਰ ਨਹੀਂ ਪੇਸ਼ ਕਰਦਾ, ਲੈਕਚਰ ਨਹੀਂ ਦਿੰਦਾ। ਪਾਠਕ ਸਹਿਜ ਸੁਭਾ ਸਭ ਕੁਝ ਸਮਝ ਲੈਂਦਾ ਹੈ।

ਕਹਾਣੀ ਵਿਚ ਵਸਤੂ ਅਤੇ ਕਲਾਤਮਕ ਨਿਭਾਅ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਪਰੰਤੂ ਕਹਾਣੀ ਹਰ ਹੀਲੇ ਕਹਾਣੀ ਜ਼ਰੂਰ ਰਹਿਣੀ ਚਾਹੀਦੀ ਹੈ। ਹਰ ਲਿਖਤ ਦਾ ਕੋਈ ਨਾ ਕੋਈ ਮੰਤਵ ਹੁੰਦਾ ਹੈ ਅਤੇ ਕਹਾਣੀ ਦਾ ਥੀਮ ਵੀ ਕਹਾਣੀ ਪੜ੍ਹ ਕੇ ਸਮਝ ਆ ਸਕਣ ਵਾਲਾ ਹੋਣਾ ਚਾਹੀਦਾ ਹੈ। ਡਾ: ਕੈਂਬੋ ਆਪਣੀਆਂ ਕਹਾਣੀਆਂ ਰਾਹੀਂ ਆਪਣੇ ‘ਮਨੋਰਥ’ ਕਲਾਮਈ ਢੰਗ ਨਾਲ ਪ੍ਰਗਟਾਉਂਣ ਵਿਚ ਸਫਲ ਹੈ।

‘ਮਨੋਰਥ’ ਸਬੰਧੀ ਆਪਣੀ ਗੱਲ ਨੂੰ ਹੋਰ ਸਪਸ਼ਟਤਾ ਪ੍ਰਦਾਨ ਕਰਨ ਲਈ ਡਾ: ਕੈਂਬੋ ਦੀ ‘ਅਸੀਸ’ ਕਹਾਣੀ ਦਾ ਜ਼ਿਕਰ ਕਰਨਾ ਬਣਦਾ ਹੈ। ਇਸ ਕਹਾਣੀ ਰਾਹੀਂ ਕਹਾਣੀਕਾਰ, ਬਹੁਤ ਹੀ ਚੰਗੇ ਢੰਗ ਨਾਲ, ਭਾਰਤੀ ਸਭਿਆਚਾਰ ਦੀ ‘ਗੁਰੂ-ਸ਼ਿਸ਼’ ਦੀ ਸਨਮਾਨਿਤ ਪਰੰਪਰਾ ਨੂੰ ਪੇਸ਼ ਕਰਦਾ ਹੈ। ਭਾਰਤੀ ਸਭਿਆਚਾਰ ਵਿਚ ਵਿਦਿਆਰਥੀ ਤਾਂ ਅੀਧਆਪਕ ਲਈ ਆਪਣੀ ਸੰਤਾਨ ਵਾਂਗ ਹੀ ਹੁੰਦਾ ਹੈ। ਇਸੇ ਕਾਰਣ ਹੀ ਅਧਿਆਪਕ ਆਪਣੇ ਸ਼ਿਸ਼ ਨੂੰ ‘ਅਸੀਸ’ ਤਾਂ ਦੇ ਸਕਦਾ ਹੈ ਪਰ ‘ਸ਼ਿਸ਼’ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿਚ ਨਹੀਂ ਬੱਝ੍ਹ ਸਕਦਾ। ਪਵਨਜੀਤ ਅਤੇ ਪ੍ਰੀਤੀ ਇਸੇ ਕਾਰਣ ਹੀ ਪਤੀ-ਪਤਨੀ ਨਹੀਂ ਬਣਦੇ। ਨੌਜਵਾਨ ਅਧਿਆਪਕ ਪਵਨਜੀਤ ਆਪਣੇ ਅਧਿਆਪਕ ਫਰਜ਼ ਦੀ ਪੂਰਤੀ ਕਰਦਾ ਹੋਇਆ, ਭਾਵਨਾਵਾਂ ਦੀ ਰੌਂਅ ‘ਚ ਵਹਿਣ ਦੀ ਥਾਂ ਬੁੱਧ-ਵਿਵੇਕ ਤੋਂ ਕੰਮ ਲੈਂਦਿਆਂ ਭਾਰਤ ਦੀ ਨੈਤਿਕ ਪਰੰਪਰਾ ਦੇ ਪ੍ਰਤੀਕ ਵਜੋਂ ਸਰਵ-ਉੱਚ ਹੋ ਜਾਂਦਾ ਹੈ। ‘ਅਸੀਸ’ ਸੰਕੇਤਕ ਤਾਂ ਹੈ ਹੀ ਪਰ ਅਧਿਆਪਣ ਵਿਰਸੇ ਦੀ ਉਲੰਘਣਾ ਕਰਨ ਵਾਲਿਆਂ ਲਈ ਸਿੱਖਿਆਦਾਇਕ ਪ੍ਰੇਰਨਾ ਵੀ ਹੈ।

ਡਾ: ਕੈਂਬੋ ਨੇ ਇਹਨਾਂ ਕਹਾਣੀਆਂ ਨੂੰ ਗੁੰਝਲਦਾਰ ਨਹੀਂ ਬਣਨ ਦਿੱਤਾ। ਭਾਸ਼ਾ ਬੜੀ ਹੀ ਸਰਲ ਅਤੇ ਉਪਯੋਗੀ ਵਰਤੀ ਹੈ। ਕਹਾਣੀਆਂ ਰਾਹੀਂ ਉਸਦੀ ਲਿਖਣ-ਕਿਰਿਆ ਦੇ ਵਿਕਾਸ ਕਰਮ ਦਾ ਵੀ ਥਾਹ ਮਿਲਦਾ ਹੈ। ਪਰਪੱਕ ਸ਼ੈਲੀ ਅਤੇ ਵਿਸ਼ਿਆਂ ਵਿਚ ਆਈ ਗੰਭੀਰਤਾ ਨੇ ਥੀਮ ਦੇ ਪ੍ਰਗਟਾਅ ਦਾ ਰਾਹ ਹੋਰ ਵੀ ਸੁਖਾਲਾ ਕਰ ਦਿੱਤਾ ਹੈ। ਇਹੋ ਹੀ ਨਹੀਂ ਉਸਨੇ ਆਪਣੀਆਂ ਕਹਾਣੀਆਂ ਦੇ ‘ਥੀਮਜ਼’ ਰਾਹੀਂ ਵਰਤਮਾਨ ਪਾਠਕਾਂ ਨੂੰ ਅਣਭੋਲ ਹੀ ਨਵੀਆਂ ਦਿਸ਼ਾਵਾਂ ਵੱਲ ਪ੍ਰੇਰਤ ਕੀਤਾ ਹੈ।

ਸਮੁੱਚੇ ਤੌਰ ਤੇ ਡਾ: ਕੈਂਬੋ ਦੀ ਕਹਾਣੀ, ਪੂਰਬੀ ਤੇ ਪੱਛਮੀ ਮੁੱਲਾਂ, ਕਦਰਾਂ-ਕੀਮਤਾਂ ਵਿਚਕਾਰ ਟਕਰਾਅ ਨੂੰ ਦਰਸਾਉਂਦੀ ਹੈ। ਪਰਵਾਸੀ ਜੀਵਨ, ਪਰਵਾਸੀ ਦੀ ਪਹਿਲੀ ਪੀੜ੍ਹੀ ਦੀ ਦੁਬਿਧਾ ਅਤੇ ਨਵੀਂ ਪੀੜ੍ਹੀ ਦੀਆਂ ਚੁਨੌਤੀਆਂ ਅਤੇ ਵਰਗ ਗੱਤ ਵਰਤਾਰੇ ਦੀ ਮੂੰਹ-ਬੋਲਦੀ ਤਸਵੀਰ ਹਨ ਇਹ ਕਹਾਣੀਆਂ।

ਪੂਰਬੀ ਤੇ ਪੱਛਮੀ ਜੀਵਨ ਅਤੇ ਸਭਿਆਚਾਰ ਦੀ ਰਲਵੀਂ ਪੇਸ਼ਕਾਰੀ ‘ਦਿਸ਼ਾਵਾਂ’ ਦੀਆਂ ਕਹਾਣੀਆਂ ਵਰਤਮਾਨ ਸਮੇਂ ਦੇ ਮੇਚ ਦੀਆਂ ਤਾਂ ਹਨ ਹੀ ਪਰ ਨਾਲ ਹੀ ਪੜ੍ਹਨ, ਮਾਨਣ ਅਤੇ ਸਾਂਭਣ ਯੋਗ ਵੀ ਹਨ। ਕਹਾਣੀਕਾਰ ਵਧਾਈ ਦਾ ਪਾਤਰ ਹੈ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 6 ਨਵੰਬਰ 2005)
(ਦੂਜੀ ਵਾਰ 15 ਸਤੰਬਰ 2021)

***
358
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ