24 April 2024

ਪੰਜਾਬ ਦਾ ਸੁਹਜਵਾਦੀ ਪੁੱਤਰ: ਡਾ.ਮਹਿੰਦਰ ਸਿੰਘ ਰੰਧਾਵਾ — ਜਰਨੈਲ ਸਿੰਘ ਆਰਟਿਸਟ

ਪੰਜਾਬ ਦਾ ਸੁਹਜਵਾਦੀ ਪੁੱਤਰ: ਡਾ.ਮਹਿੰਦਰ ਸਿੰਘ ਰੰਧਾਵਾ

-ਜਰਨੈਲ ਸਿੰਘ ਆਰਟਿਸਟ-

ਡਾ.ਮਹਿੰਦਰ ਸਿੰਘ ਰੰਧਾਵਾ ਨਾਲ ਮੇਰੀ ਪਹਿਲੀ ਮੁਲਾਕਾਤ ਸੰਨ 1975 ਦੇ ਆਸ ਪਾਸ ਹੋਈ। ਉਹਨਾਂ ਦਿਨਾਂ ਵਿਚ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਹੁੰਦੇ ਸਨ ਅਤੇ ਪੰਜਾਬ ਸਰਕਾਰ ਦੀ ਪੰਜਾਬ ਨੂੰ ਖੂਬਸੂਰਤ ਬਣਾਉਣ ਵਾਲੀ ਕਮੇਟੀ ਦੇ ਚੇਅਰਮੈਨ। ਨਾਲ ਹੀ ਪੰਜਾਬ ਲਲਿਤ ਕਲਾ ਅਕਾਦਮੀ ਦੇ ਚੇਅਰਮੈਨ ਵੀ। ਉਹਨਾਂ ਦਿਨਾਂ ਵਿਚ ਮੇਰੇ ਪਿਤਾ ਜੀ ਸ਼੍ਰੋਮਣੀ ਸਿੱਖ ਚਿੱਤਰਕਾਰ ਤੇ ਕੇਂਦਰੀ ਸਿੱਖ ਅਜਾਇਬ ਘਰ ਦੇ ਬਾਨੀ ਸ.ਕਿਰਪਾਲ ਸਿੰਘ ਚਿਤਰਕਾਰ, ਪੰਜਾਬ ਸਰਕਾਰ ਵਲੋਂ ਫੇਰੂ ਸ਼ਹਿਰ ਵਿਖੇ ਬਣਨ ਵਾਲੇ ਐਂਗਲੋ ਸਿੱਖ ਵਾਰਜ਼ ਮੈਮੋਰੀਅਲ ਅਜਾਇਬ ਘਰ ਵਾਸਤੇ ਅੰਗਰੇਜ਼ਾਂ ਸਿੱਖਾਂ ਦਰਮਿਆਨ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਈਆਂ ਜੰਗਾਂ, ਮੁੱਦਕੀ, ਫੇਰੂ ਸ਼ਹਿਰ, ਸਭਰਾਉ ਤੇ ਚੇਲਿਆਂਵਾਲਾ ਦੀਆਂ ਜੰਗਾਂ ਦੇ ਵਡਅਕਾਰੀ ਚਿਤਰ (10 ਫੁੱਟ x 20 ਫੁੱਟ) ਬਣਾ ਰਹੇ ਸਨ। ਇਹ ਸਾਰਾ ਪ੍ਰੋਜੈਕਟ ਡਾ.ਰੰਧਾਵਾ ਦੀ ਦੇਖ ਰੇਖ ਹੇਠ ਹੋ ਰਿਹਾ ਸੀ ਅਤੇ ਉਹ ਅਕਸਰ ਹੀ ਬਣ ਰਹੀਆਂ ਤਸਵੀਰਾਂ ਦੇਖਣ ਸਾਡੇ ਘਰ ਚੰਡੀਗੜ੍ਹ ਵਿਚ ਆਉਂਦੇ ਰਹਿੰਦੇ ਸੀ। ਅਜਿਹੀ ਇਕ ਫੇਰੀ ਦੌਰਾਨ ਹੀ ਉਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ। ਉਸਤੋਂ ਬਾਅਦ ਅਕਸਰ ਉਹਨਾਂ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ।

ਅਜਿਹੀ ਹੀ ਇਕ ਫੇਰੀ ਦੌਰਾਨ ਜਦੋਂ ਉਹ ਆਏ ਤਾਂ ਪਿਤਾ ਜੀ ਘਰ ਨਹੀਂ ਸਨ। ਮੈਂ ਉਹਨਾਂ ਨੂੰ ਬਣ ਰਹੀਆਂ ਤਸਵੀਰਾਂ ਵਿਖਾਈਆਂ।

ਫਿਰ ਮੈਨੁੰ ਪੁਛਣ ਲੱਗੇ ਕਿ ਤੂੰ ਕੀ ਕਰਦਾ ਹੁੰਦਾ ਹੈਂ? ਮੈਂ ਦਸਿਆ ਕਿ ਮੈਂ ਵੀ ਪੇਟਿੰਗ ਕਰਦਾ ਹਾਂ ਤਾਂ ਉਹਨਾਂ ਨੇ ਕਿਹਾ ਕਿ ਲਿਆ ਦਿਖਾ ਕੀ ਬਣਾਉਂਦਾ ਹੈਂ। ਮੈਂ ਉਹਨਾਂ ਨੂੰ ਅਪਣੀ ਬਣਾਈ ਇੱਕ ਫੁਲਕਾਰੀ ਕੱਢ ਰਹੀ ਪੰਜਾਬੀ ਮੁਟਿਆਰ ਦੀ ਪੇਟਿੰਗ ਵਿਖਾਈ। ਉਹ ਪੇਟਿੰਗ ਵੇਖ ਬਹੁਤ ਖੁਸ਼ ਹੋਏ। ਕਹਿਣ ਲੱਗੇ ਬਹੁਤ ਵਧੀਆ ਹੈ ਇਦਾਂ ਦੀਆਂ ਪੇਟਿੰਗਾਂ ਬਣਾਇਆ ਕਰ। ਉਹਨਾਂ ਦੀ ਹੌਂਸਲਾਅਫ਼ਜ਼ਾਈ ਤੇ ਪ੍ਰਸੰਸਾ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ। ਤੇ ਇਹ ਵੀ ਵੱਡਾ ਕਾਰਨ ਸੀ ਕਿ ਮੈਂ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਚਿੱਤਰਾਂ ਨੂੰ ਸੁਚੇਤ ਤੌਰ ਉੱਤੇ ਲੜੀਵਾਰ ਚਿਤਰਣ ਦਾ ਫੈਸਲਾ ਲਿਆ। ਇਹ ਤਰੀਕਾ ਸੀ ਉਹਨਾਂ ਦਾ ਹਰ ਸਖ਼ਸ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣਨ ਅਤੇ ਉਜਾਗਰ ਕਰਨ ਦਾ।

ਮੁੱਢਲੇ ਦੌਰ ਵਿੱਚ ਮੇਰੀ ਕਲਾ ਦੀ ਉਹਨਾਂ ਭਰਭੂਰ ਸਰਪ੍ਰਸਤੀ ਕੀਤੀ। ਇਸੇ ਸਦਕਾ ਹੀ ਮੇਰਾ ਸਿਰਫ਼ ਅਤੇ ਸਿਰਫ਼ ਕਲਾ ਦੇ ਸਿਰ ਉੱਤੇ ਜਿਉਣ ਦਾ ਸ਼ੌਕ ਪਾਲਣ ਦਾ ਫੈਸਲਾ ਲੈਣ ਦਾ ਹੌਸਲਾ ਪਿਆ।

ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦਾ ਉਹਨਾਂ ਦਾ ਆਪਣਾ ਤਰੀਕਾ ਸੀ। ਨਵੇਂ ਕਲਾਕਾਰਾਂ ਨੂੰ ਉਹ ਕਹਿੰਦੇ ਕਿ ਮੇਰੇ ਕੋਲ ਪੈਸੇ ਹੈ ਨਹੀਂ। ਜ਼ਿਆਦਾ ਪੈਸੇ ਨਹੀਂ ਮੈਂ ਤੁਹਾਨੂੰ ਦੇ ਸਕਦਾ, ਪਰ ਮੈਂ ਤੁਹਾਡੀਆਂ ਤਸਵੀਰਾਂ ਅਜਿਹੇ ਥਾਵਾਂ `ਤੇ ਲਗਵਾਵਾਂਗਾ ਜਿਥੇ ਉਹਨਾਂ ਨੂੰ ਹਜ਼ਾਰਾਂ ਲੋਕੀਂ ਦੇਖਣ। ਕਲਾਕਾਰ ਦੇ ਕੰਮ ਨੂੰ ਹੁੰਗਾਰਾ ( ਪ੍ਰਸੰਸਕ) ਮਿਲੇ ਇਹ ਉਸ ਵਾਸਤੇ ਇਸਤੋਂ ਵੱਡੀ ਹੱਲਾਸ਼ੇਰੀ ਹੋਰ ਕੀ ਹੋ ਸਕਦੀ ਹੈ।

ਮੈਨੂੰ ਉਹਨਾਂ ਨੇ ਪੁੱਛਦੇ ਰਹਿਣਾ ਕੀ ਹਾਲ ਹੈ। ਕਿਵੇਂ ਚੱਲਦਾ ਹੈ? ਮੈਂ ਕਹਿ ਦੇਣਾ ਜੀ ਠੀਕ ਹੈ। ਇਕ ਵਾਰੀ ਪੁੱਛਣ ਲੱਗੇ ਕੀ ਨੌਕਰੀ ਕਰਦਾ ਹੈ ਕੋਈ। ਮੈਂ ਕਿਹਾ ਕਿ ਨਹੀਂ ਜੀ। ਕਹਿਣ ਲੱਗੇ ਠੀਕ ਹੈ ਨੌਕਰੀ ਕੀ ਕਰਨੀ, ਟੇਲੈਂਟ ਡੈਡ ਹੋ ਜਾਂਦੀ ਹੈ।

ਹਮੇਸ਼ਾ ਹੀ ਉਹਨਾਂ ਨੇ ਕੋਈ ਨਾਂ ਕੋਈ ਤਸਵੀਰ ਕਿਸੇ ਦਫਤਰ, ਮਹਿਕਮੇ, ਯੂਨੀਵਰਸਿਟੀ, ਟੂਰਿਜ਼ਮ ਜਾਂ ਅਜਿਹੇ ਅਦਾਰੇ ਨੂੰ ਖਰੀਦਣ ਲਈ ਆਡਰ ਦੇਣਾ। ਉਹਨਾਂ ਦਾ ਕਿਹਾ ਮੋੜਨ ਦੀ ਕਿਸੇ ਵਿਚ ਜੁਰਅਤ ਨਹੀਂ ਸੀ। ਇਸ ਤਰ੍ਹਾਂ ਉਹ ਹਰ ਸਮੇਂ ਕਲਾਕਾਰਾਂ ਦੀ ਸਰਪ੍ਰਸਤੀ ਕਰਦੇ ਰਹਿੰਦੇ ਸਨ।

ਸਾਨੂੰ ਹਮੇਸ਼ਾ ਲੱਗਦਾ ਸੀ ਕਿ ਇਹ ਸਾਡੇ ਆਪਣੇ ਹਨ। ਕੋਈ ਗੱਲ, ਕੋਈ ਸਮੱਸਿਆ ਵੀ ਅਸੀਂ ਉਹਨਾਂ ਨੂੰ ਦੱਸ ਸਕਦੇ ਸੀ ਤੇ ਉਹਨਾਂ ਨੇ ਹਮੇਸ਼ਾ ਉਸ ਦਾ ਹੱਲ ਕਰਨਾ। ਛੋਟਿਆਂ ਨੂੰ ਵੀ ਪੂਰਾ ਆਦਰ ਮਾਣ ਦਿੰਦੇ ਸੀ ਤੇ ਝੂਠੀ ਮਾਨ ਮਰਿਆਦਾ ਤੋਂ ਕੋਹਾਂ ਦੂਰ ਸਨ।

ਇਕ ਵਾਰੀ ਮੈਨੂੰ ਉਹਨਾਂ ਨੇ ਆਪਣੇ ਦਫਤਰ ਬੁਲਾਇਆ। ਬਈ ਸਵੇਰੇ 10 ਵਜੇ ਆ ਜਾਈਂ। ਮੈਂ ਪਹੁੰਚਿਆ ਤਾਂ ਕੋਈ ਮੀਟਿੰਗ ਚੱਲ ਰਹੀ ਸੀ। ਉਹਨਾਂ ਨੇ ਮੈਨੂੰ ਦੇਖਿਆ ਤੇ ਮੈਂ ਫਤਹਿ ਬੁਲਾਈ। ਮੀਟਿੰਗ ਛੱਡ ਕੇ ਉਹ ਮੇਰੇ ਕੋਲ ਆਏ, ਗੱਲਬਾਤ ਕੀਤੀ। ਕੁਝ ਪੇਂਟਿੰਗਜ਼ ਪੰਜਾਬ ਟੂਰਿਜ਼ਮ ਵਾਸਤੇ ਬਣਾਉਣੀਆਂ। ਕਹਿੰਦੇ ਹੁੰਦੇ ਸੀ ਕਿ ਅੱਜ ਕੱਲ੍ਹ ਅਫਸਰ ਟਾਈਮ ਵੇਸਟ ਕਰਦੇ ਹਨ। ਗੱਲ ਕਰਨ ਲਈ ਸਿਰਫ 10 ਮਿੰਟ ਲੱਗਦੇ ਹਨ ਜਿਹੜੇ ਬੰਦੇ ਕਹਿੰਦੇ ਹਨ ਟਾਈਮ ਹੈ ਨੀ, ਉਹ ਹਮੇਸ਼ਾ ਜ਼ਿੰਦਗੀ ਵਿਚ ਫੇਲ੍ਹ ਹੁੰਦੇ ਹਨ।

ਕਹਿੰਦੇ ਕਿ ਮੈਂ ਐਨਾ ਕੰਮ ਤਾਂ ਹੀ ਕਰ ਸਕਿਆਂ ਕਿ ਮੈਂ ਪੂਰੀ ਪਲੈਨਿੰਗ ਕਰ ਲੈਣਾਂ ਪਹਿਲਾਂ।

ਪੰਜਾਬ ਵਿੱਚ ਅੱਜ ਜੋ ਅਸੀਂ ਕਲਾ ਭਵਨ, ਅਜਾਇਬ ਘਰ, ਰੋਜ਼ ਗਾਰਡਨ ਲਾਇਬਰੇਰੀਆਂ ਦੇਖ ਰਹੇ ਹਾਂ, ਇਹ ਸਭ ਉਹਨਾਂ ਦੀ ਦੇਣ ਹੈ। ਉਹਨਾਂ ਦਾ ਸੁਫਨਾ ਸੀ ਕਿ ਪੰਜਾਬ ਦੁਨੀਆ ਦਾ ਸਭ ਤੋਂ ਉਤਮ ਖੁਸ਼ਹਾਲ ਤੇ ਸਭਿਆਚਾਰ ਪੱਖੋਂ ਉਲਤ ਸੂਬਾ ਹੋਵੇ। ਹਰ ਸ਼ਹਿਰ ਵਿਚ ਰੋਜ਼ ਗਾਰਡਨ, ਅਜਾਇਬ ਘਰ, ਲਾਇਬ੍ਰੇਰੀ ਬਣਾਉਣ ਦਾ ਉਹਨਾਂ ਦਾ ਸੰਕਲਪ ਸੀ, ਜਿੱਥੇ ਵੀ ਉਹ ਰਹੇ ਕੰਧਾਂ ਤਸਵੀਰਾਂ ਨਾਲ ਭਰ ਦਿੱਤੀਆਂ, ਫੁੱਲ ਤੇ ਖੁਸ਼ਬੋਆਂ ਖਿਲਾਰੀਆਂ। ਫੁੱਲਾਂ ਵਾਂਗ ਦਰੱਖਤ ਲਗਾਏ! ਸਾਹਿਤ ਤੇ ਸਭਿਆਚਾਰ ਨੂੰ ਹੁਲਾਰਾ ਦਿੱਤਾ।

ਪੰਜਾਬੀ ਅਮੀਰ ਹਨ ,ਬਹੁਤ ਅਮੀਰ । ਇਨ੍ਹਾਂ ਨੇ ਆਪਣੀ ਮਿਹਨਤ ਸਦਕਾ ਹਰ ਥਾਂ ਖੁਸ਼ਹਾਲੀ ਲਿਆਂਦੀ ਹੈ। ਪਰ ਸੁਹਜ ਭਾਵਨਾ ਤੇ ਕਲਾ ਚੇਤਨਾ ਤੋਂ ਬਿਲਕੁਲ ਕੋਰੇ ਹਨ। ‘ਦੱਬ ਕੇ ਵਾਹ ਤੇ ਰੱਜ ਕੇ ਖਾਹ` ਦੇ ਸੰਕਲਪ ਨੂੰ ਇਹਨਾਂ ਨੇ ਰੂਪਮਾਨ ਕੀਤਾ ਹੈ। ਪਰ ਪੰਜਾਬੀ ਵਿਚ ਇਕ ਹੋਰ ਵੀ ਕਹਾਵਤ ਹੈ ਕਿ ‘ਰੱਜ ਨਾਲ ਚੱਜ`। ਇਹ ਹਾਲੇ ਸਾਡੇ ਵਿਚ ਨਹੀਂ ਆਇਆ। ਕਿਸੇ ਪੇਂਟਿੰਗਜ਼, ਚੰਗੀ ਕਿਤਾਬ ਜਾਂ ਸੰਗੀਤ ਤੇ ਖਰਚ ਅਜੇ ਵੀ ਸਾਡੇ ਵਿਚ ਫਜੂਲਖਰਚੀ ਸਮਝੀ ਜਾਂਦੀ ਹੈ।

ਡਾ.ਮਹਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਆਓ ਅਸੀਂ ਉਹਨਾਂ ਦੇ ਸੁਫਨਿਆਂ ਨੂੰ ਸਾਕਾਰ ਕਰੀਏ ਤੇ ਪੰਜਾਬ ਵਿਚ ਸਭਿਆਚਾਰਕ ਪੁਨਰ ਜਾਗ੍ਰਿਤੀ ਦਾ ਇਕ ਨਵਾਂ ਦੌਰ ਸ਼ੁਰੂ ਕਰੀਏ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 5 ਮਾਰਚ 2006)
(ਦੂਜੀ ਵਾਰ 10 ਅਕਤੂਬਰ 2021)

***
428
***

About the author

ਜਰਨੈਲ ਸਿੰਘ ਆਰਟਿਸਟ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਰਨੈਲ ਸਿੰਘ ਆਰਟਿਸਟ

View all posts by ਜਰਨੈਲ ਸਿੰਘ ਆਰਟਿਸਟ →