20 April 2024

ਇੱਕ ਹੋਈ ਬੀਤੀ ਸੱਚੀ ਕਹਾਣੀ – ਜਾਗੀ ਹੋਈ ਆਤਮਾ ਕਿ ਪ੍ਰੇਤ-ਆਤਮਾ – ਹਰਬਖਸ਼ ਮਕਸੂਦਪੁਰੀ

 

ਇਹ ਰਚਨਾ ਲਿਖਾਰੀ’  ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤਲਿਖਾਰੀ.ਨੈੱਟਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।ਲਿਖਾਰੀ

ਇੱਕ ਹੋਈ ਬੀਤੀ ਸੱਚੀ ਕਹਾਣੀ – ਜਾਗੀ ਹੋਈ ਆਤਮਾ ਕਿ ਪ੍ਰੇਤ-ਆਤਮਾ – ਹਰਬਖਸ਼ ਮਕਸੂਦਪੁਰੀ

ਪਿਛਲੇ ਸਾਲ ਜਦੋਂ ਮੈਂ ਉੱਤਰ-ਆਂਚਲ ਵਿਚ ਰਹਿੰਦੇ ਆਪਣੇ ਬੜੇ ਭਰਾ ਮਲਕੀਤ ਸਿੰਘ ਰੌਸ਼ਨ ਨੂੰ ਮਿਲਣ ਗਿਆ ਤਾਂ ਉਸਨੇ ਇਕ ਸਜੇ ਫਬੇ ਛੀਟਕੇ ਜਹੇ 30ਕੁ ਸਾਲ ਦੀ ਉਮਰ ਦੇ ਬੰਦੇ ਨਾਲ ਅਨੋਖੇ ਜਹੇ ਢੰਗ ਨਾਲ ਜਾਣ ਪਛਾਣ ਕਰਵਾਈ, ‘ਇਹਨੂੰ ਮਿਲ, ਇਹ ਅਜਮੇਰ ਸਿੰਘ ਦਾ ਭਰਾ ਬਲਬੰਤ ਹੈ’।

 ਮੈਂ ਬਲਬੰਤ ਨਾਲ ਹੱਥ ਮਿਲਾਉਂਦਿਆਂ ਹੋਇਆਂ ਪਹਿਲਾਂ ਆਪਣੇ ਭਰਾ ਦੇ ਮੂੰਹ ਵਲ ਦੇਖਿਆ ਤੇ ਫੇਰ ਬਲਬੰਤ ਦੇ ਮੂੰਹ ਵਲ, ਇਹ ਦੇਖਣ ਲਈ ਕਿ ਇਸ ਤਰ੍ਹਾਂ ਮੁਲਾਕਾਤ ਕਰਵਾਣ ਪਿਛੇ ਕੀ ਕਾਰਨ ਹੋਵੇਗਾ। ਮੈਂ ਦੇਖਿਆ ਕਿ ਅਜਮੇਰ ਸਿੰਘ ਦੇ ਨਾਉਂ ਦੇ ਜ਼ਿਕਰ ਨਾਲ ਦੋਹਾਂ ਦੇ ਮੂੰਹਾਂ ਉਤੇ ਅਜੀਬ ਜੇਹਾ ਜਲਾਲ ਆ ਗਿਆ ਸੀ। ਇਸ ਜਲਾਲ ਪਿੱਛੇ ਕੀ ਕਾਰਨ ਹੋਣਗੇ? ਕੁਝ ਤਾਂ ਹੋਵਗਾ ਹੀ ਅਜਮੇਰ ਸਿੰਘ ਦੇ ਨਾਉਂ ਨਾਲ ਅਜੇਹਾ ਜੁੜਿਆ ਹੋਇਆ। ਮੇਰੇ ਅੰਦਰ ਉਸ ਵਾਰੇ ਜਾਣਨ ਦੀ ਉਤਸਕਤਾ ਜਾਗਣੀ ਹੀ ਸੀ। ਰਸਮੀ ਗੱਲਾਂ ਬਾਤਾਂ ਪਿਛੋਂ ਮੈਂ ਆਪਣੇ ਭਰਾ ਤੋਂ ਅਜਮੇਰ ਸਿੰਘ ਬਾਰੇ ਜਾਣਨ ਦੀ ਇੱਛਾ ਪਰਗਟ ਕੀਤੀ।

 ਉਸਨੇ ਲੰਮਾ ਸਾਹ ਲੈਂਦਿਆਂ ਹੋਇਆਂ ਦਸਿਆ ,” ਇੱਕ ਜਾਗੀ ਹੋਈ ਆਤਮਾ ਸੀ ਅਜਮੇਰ ਸਿੰਘ ਜਿਸ ਨੇ ਇਹ ਫੈਸਲਾ ਕਰ ਲਿਆ ਸੀ ਕਿ ਭਾਵੇਂ ਕੁੱਝ ਵੀ ਹੋ ਜਾਵੇ, ਉਹ ਕਹੇਗਾ ਤੇ ਕਰੇਗਾ ਉਹੀ ਜੋ ਉਸਦੀ ਆਤਮਾ ਕਹੇਗੀ। ਇਸ ਫੈਸਲੇ ਪਿਛੋਂ ਉਹ ਜਿੰਨਾ ਚਿਰ ਵੀ ਜੀਵਿਆ ਆਪਣੇ ਅਹਿਦ ਤੇ ਕਾਇਮ ਰਿਹਾ। ਕਾਸ਼! ਉਹ ਲੰਮਾ ਸਮਾਂ ਜੀਅ ਸਕਦਾ। ਉਹ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ।” ਮੈਂ ਦੇਖਿਆ ਮਲਕੀਤ ਸਿੰਘ ਤੇ ਬਲਬੰਤ ਦੋਹਾਂ ਦੀਆਂ ਅੱਖਾਂ ਵਿਚ ਅਥਰੂ ਆ ਗਏ ਸਨ। ਅਜਮੇਰ ਸਿੰਘ ਦੀ ਜਿਹੜੀ ਕਹਾਣੀ ਉਨ੍ਹਾਂ ਨੇ ਮੈਨੂੰ ਦਸੀ ਸੀ, ਅੱਜ ਮੈਂ ਉਹ ਤੁਹਾਨੂੰ ਇਨ ਬਿਨ ਦਸਦਾ ਹਾਂ।

 ਅਜਮੇਰ ਸਿੰਘ ਉੱਤਰਆਂਚਲ ਦੇ ਜਿਲ੍ਹਾ ਊਧਮਸਿੰਘ ਨਗਰ ਦੇ ਇਕ ਛੋਟੇ ਜਹੇ ਪਿੰਡ ਦੇ ਇੱਕ ਖਾਂਦੇ ਪੀਂਦੇ ਪੰਜਾਬੀ ਜ਼ਿਮੀਂਦਾਰ ਦਾ ਹੋਣਹਾਰ ਪੁੱਤਰ ਸੀ। ਉਹ ਸਕੂਲ ਵਿਚ ਪੜ੍ਹਦਾ ਆਮ ਬੱਿਚਆਂ ਨਾਲੋਂ ਕੁਝ ਵਧੇਰੇ ਹੀ ਤੀਖਣਬੁਧ ਸੀ ਤੇ ਪੜ੍ਹਾਈ ਵਿਚ ਸਦਾ ਪਹਿਲੇ ਨੰਬਰ ਤੇ ਰਹਿੰਦਾ ਸੀ। ਇਸ ਲਈ ਉਸਦੇ ਬਾਪ ਨੇ ਉਸਨੂੰ ਵਕੀਲ ਬਣਾਉਣ ਦੀ ਸਧਰ ਪਾਲ ਰੱਖੀ ਸੀ। ਸਕੂਲ ਦੀ ਪੜ੍ਹਾਈ ਖਤਮ ਕਰਨ ਪਿਛੋਂ ਉਸਨੂੰ ਲਖਨਊ ਯੂਨੀਵਰਸਟੀ ਵਿਚ ਕਾਨੂੰਨ ਦੀ ਪੜ੍ਹਾਈ ਲਈ ਦਾਖਲਾ ਸਹਿਜੇ ਹੀ ਮਿਲ ਗਿਆ। ਵਕਾਲਤ ਦੀ ਪੜ੍ਹਾਈ ਖਤਮ ਕਰਨ ਤੱਕ ਉਹ ਆਮ ਬੰਦਿਆਂ ਵਰਗਾ ਬੰਦਾ ਸੀ। ਪਰ ਵਕਾਲਤ ਪਾਸ ਕਰਨ ਦੇ ਠੀਕ ਪਿੱਛੋਂ ਉਸਦੇ ਵਰਤਾਰੇ ਤੇ ਬੋਲ ਚਾਲ ਵਿਚ ਅਜੇਹੀ ਤਬਦੀਲੀ ਆਈ ਕਿ ਉਹ ਪਹਿਲਾਂ ਵਾਲਾ ਅਜਮੇਰ ਸਿੰਘ ਨਾ ਰਿਹਾ। ਉਸ ਨੇ ਵਕਾਲਤ ਤਾਂ ਪਾਸ ਕਰ ਲਈ, ਪਰ ਇਸਨੂੰ ਪੇਸ਼ੇ ਦੇ ਤੌਰ ਤੇ ਅਪਣਾਉਣ ਤੋਂ ਪਹਿਲਾਂ ਹੀ ਉਸਦੀ ਆਤਮਾ ਜਾਗ ਪਈ। ਆਤਮਾ ਦੀ ਅਵਾਜ਼ ਸੁਣ ਕੇ ਉਸਨੇ ਇਹ ਫੈਸਲਾ ਕਰ ਲਿਆ ਕਿ ਵਕਾਲਤ ਦੀ ਪ੍ਰੈਕਟਿਸ ਵਿਚ ਉਹ ਕਦੀਂ ਵੀ ਝੂਠੇ ਬੰਦਿਆਂ ਦੇ ਕੇਸ ਨਹੀਂ ਲੜੇਗਾ ਤੇ ਹਮੇਸ਼ਾ ਸੱਚ ਦਾ ਸਾਥ ਦੇਵੇਗਾ। ਸੱਚੇ ਸੁੱਚੇ ਬੰਦੇ ਉਸ ਪਾਸ ਕਦ ਆਉਣੇ ਸਨ ਤੇ ਕਿੰਨੇ ਕੁ ਆਉਣੇ ਸਨ? ਇਸਦੇ ਨਾਲ ਹੀ ਉਸ ਨੇ ਇਹ ਵੀ ਫੈਸਲਾ ਕਰ ਲਿਆ ਕਿ ਨਿਰਦੋਸ਼ ਗ਼ਰੀਬ ਲੋਕਾਂ ਦੇ ਕੇਸ ਉਹ ਮੁਫਤ ਲੜੇਗਾ। ਗ਼ਰੀਬਾਂ ਤੋਂ ਉਸਨੇ ਕੁਝ ਲੈਣਾ ਨਹੀਂ ਸੀ ਤੇ ਅਮੀਰਾਂ ਦੇ ਝੂਠੇ ਮੁਕੱਦਮੇ ਲੜਨੇ ਨਹੀਂ ਸਨ ਫੇਰ ਆਮਦਨ ਕਿੱਥੋਂ ਹੁੰਦੀ? ਇਸ ਲਈ ਛੇਤੀ ਹੀ ਉਸਨੇ ਵਕਾਲਤ ਦਾ ਕੰਮ ਠੱਪ ਦਿਤਾ।

 ਉਸਦੇ ਬਾਪ ਨੁੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਲਖਨਊ ਆਇਆ ਤੇ ਉਸਨੂੰ ਵਕਾਲਤ ਦਾ ਕੰਮ ਨਾ ਤਿਆਗਣ ਲਈ ਜ਼ੋਰ ਪਾਉਣ ਲੱਗਾ। ਬਾਪ ਨੇ ਬਥੇਰਾ ਜ਼ੋਰ ਲਾਇਆ ਤੇ ਉਸ ਉੱਤੇ ਕੀਤੇ ਖਰਚਾਂ ਦਾ ਵੀ ਵਾਸਤਾ ਪਾਇਆ। ਪਰ ਉਸਨੇ ਉਹਦੀ ਇੱਕ ਵੀ ਨਾ ਸੁਣੀ ਤੇ ਆਪਣੇ ਫੈਸਲੇ ਤੇ ਪੱਕਾ ਰਿਹਾ। ਉਸਦਾ ਬਾਪ ਨਿਰਾਸ਼ ਹੋ ਕੇ ਵਾਪਸ ਪਰਤ ਆਇਆ ਪਰ ਅਜਮੇਰ ਲਖਨਊ ਹੀ ਟਿਕਿਆ ਰਿਹਾ। ਬਾਪੂ ਨੇ ਸੋਚਿਆ, ‘ਚਲੋ ਕੁਝ ਦਿਨ ਧੱਕੇ ਖਾ ਕੇ ਸੁਰਤ ਟਿਕਾਣੇ ਆ ਜਾਵੇਗੀ ਤੇ ਅਸਲ ਰਾਹ ਤੇ ਆ ਜਾਵੇਗਾ’ ।

ਕੁਝ ਮਹੀਨੇ ਲੰਘ ਜਾਣ ਪਿਛੋਂ ਇੱਕ ਦਿਨ ਉਸਦੇ ਘਰ ਦਿਆਂ ਨੂੰ ਉੜਦੀ ਉੜਦੀ ਖਬਰ ਮਿਲੀ ਕਿ ਉਹ ਸਖਤ ਬੀਮਾਰ ਹਸਪਤਾਲ ਵਿਚ ਪਿਆ ਹੈ। ਸਾਰਾ ਟੱਬਰ ਉਸਨੂੰ ਦੇਖਣ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਹ ਤਾਂ ਇੱਕ ਮਹੀਨੇ ਤੋਂ ਬੀਮਾਰ ਪਿਆ ਸੀ। ਬਾਪੂ ਨੇ ਕਿਹਾ, ‘ਸਾਨੂੰ ਤਾਂ ਪਤਾ ਦੇ ਦਿੰਦਾ, ਤੇਰਾ ਇਲਾਜ ਚੱਜ ਨਾਲ ਕਰਵਾਉਂਦੇ। ਤੂੰ ਤਾਂ ਇਸਤਰ੍ਹਾਂ ਸਮਝ ਲਿਆ, ਜਿਵੇਂ ਕਿ ਅਸੀਂ ਤੇਰੇ ਕੁਝ ਨਾ ਲਗਦੇ ਹੋਈਏ’। ਅਜਮੇਰ ਦਾ ਜਵਾਬ ਸੀ, ‘ਕੀ ਲੋੜ ਸੀ ? ਤੁਸੀਂ ਕੰਮ ਛੱਡ ਕੇ ਆਉਂਦੇ। ਖਾਹਮਖਾਹ ਖਰਚ ਕਰਦੇ। ਉਨ੍ਹਾਂ ਦੀ ਦੇਖ ਭਾਲ ਕੋਣ ਕਰਦਾ ਹੈ, ਜਿਨ੍ਹਾਂ ਦਾ ਕੋਈ ਨਹੀਂ ਤੇ ਉਨ੍ਹਾਂ ਉਤੇ ਖਰਚ ਕੌਣ ਕਰਦਾ ਹੈ, ਜਿਨ੍ਹਾਂ ਦੇ ਕੋਲ ਕੁਝ ਨਹੀਂ? ਮੈਂ ਇੱਥੇ ਇਸ ਸਰਕਾਰੀ ਹਸਪਤਾਲ ਵਿਚ ਹੀ ਠੀਕ ਹਾਂ, ਜਿੱਥੇ ਅਤਿ ਦੇ ਗ਼ਰੀਬ ਲੋਕਾਂ ਨੂੰ ਜਗਾ ਮਿਲਦੀ ਹੈ’। ਉਸਦੇ ਬਾਪੂ ਤੇ ਉਸਦੇ ਸਾਰੇ ਭੈਣਾਂ ਭਰਾਵਾਂ ਦੇ ਤਰਲੇ ਬੇਅਰਥ ਗਏ ਤੇ ਉਹ ਨਾ ਕਿਸੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾਉਣ ਲਈ ਮੰਨਿਆ ਤੇ ਨਾ ਉਸ ਨੇ ਬਾਪ ਤੋਂ ਪੈਸੇ ਲੈਣੇ ਹੀ ਸ੍ਵੀਕਾਰ ਕੀਤੇ। ਸਾਰੇ ਨਿਰਾਸ ਤੇ ਪ੍ਰੇਸ਼ਾਨ ਵਾਪਸ ਤੁਰ ਗਏ। ਬਾਪੂ ਨੇ ਤੁਰਨ ਲਗਿਆਂ ਡੂੰਘਾ ਹੌਕਾ ਲੈ ਕੇ ਕਿਹਾ, ‘ ਪਤਾ ਨਹੀਂ ਮੇਰੇ ਪੁੱਤ ਨੂੰ ਕਿਸਦੀ ਖੋਟੀ ਨਜ਼ਰ ਲੱਗ ਗਈ ਹੈ’? ਉਸਦੀ ਮਾਂ ਦਾ ਖਿਆਲ ਸੀ, “ਮੁੰਡਾ ਕਿਸੇ ਪ੍ਰੇਤ ਆਤਮਾ ਦੀ ਛਾਇਆ ਹੇਠ ਆ ਗਿਆ ਹੈ। ਪਿੰਡ ਲੈ ਜਾਕੇ ਕਿਸੇ ਸਿਆਣੇ ਨੂੰ ਦਿਖਾਲਣਾ ਚਾਹੀਦਾ ਹੈ”। ਪਰ ਅਜਮੇਰ ਨੂੰ ਜ਼ਬਰਦਸਤੀ ਕਿਸਤਰ੍ਹਾਂ ਲੈ ਜਾਇਆ ਜਾ ਸਕਦਾ ਸੀ?

   ਕੁਝ ਦਿਨਾਂ ਪਿੱਛੋਂ ਉਹ ਤੰਦਰੁਸਤ ਹੋ ਗਿਆ। ਫੇਰ ਇਕ ਦਿਨ ਪਿੰਡ ਆਇਆ। ਉਸਦਾ ਤਿੰਨ ਸਾਲ ਦਾ ਮੁੰਡਾ ਗਲ਼ੀ ਵਿਚ ਖੇਲ੍ਹ ਰਿਹਾ ਸੀ। ਉਸਦੇ ਬਹੁਤ ਹੀ ਸੁਹਣੇ ਫਬਵੇਂ ਕਪੜੇ ਪਾਏ ਹੋਏ ਸਨ ਤੇ ਨਹਾ ਧੁਆ ਕੇ ਵਾਲ ਰਿਬਨ ਨਾਲ ਬੰਨ੍ਹੇ ਹੋਏ ਸਨ। ਉਹ ਆਪਣੇ ਬਾਪ ਨੂੰ ਦੇਖ ਕੇ ਮੁਸਕਰਾਇਆ। ਅਜਮੇਰ ਸਿੰਘ ਨੇ ਮੁੰਡੇ ਨੂੰ ਕੋਲ ਸਦ ਕੇ ਉਸਦੇ ਕਪੜਿਆਂ ਤੇ ਮਿੱਟੀ ਪਾ ਦਿੱਤੀ ਤੇ ਕਿਹਾ,” ਮੇਰੇ ਬੱਚੇ ਨੂੰ ਮੇਰੇ ਦੇਸ ਦੇ ਆਮ ਗ਼ਰੀਬਾਂ ਦੇ ਬੱਚਿਆਂ ਨਾਲੋਂ ਸੁਹਣਾ ਲੱਗਣ ਤੇ ਫਬਣ ਦਾ ਕੋਈ ਹੱਕ ਨਹੀਂ”। ਜਦੋਂ ਉਸਦੀ ਪਤਨੀ ਨੇ ਉਸਦੀ ਇਸ ਹਰਕਤ ਤੇ ਇਤਰਾਜ਼ ਕੀਤਾ ਤਾਂ ਉਹ ਕਹਿਣ ਲੱਗਾ,” ਕੀ ਤੂੰ ਗ਼ਰੀਬ ਲੋਕਾਂ ਦੇ ਬੱਚਿਆਂ ਨੂੰ ਇਸ ਵਾਂਗ ਸਜਾਉਣ ਸੰਵਾਰਨ ਵਿਚ ਮਦਦ ਕਰ ਸਕਦੀ ਹੈ? ਜੇ ਨਹੀਂ, ਤਾਂ ਨਾ ਤੈਨੂੰ ਨਾ ਮੈਨੂੰ ਇਸਨੂੰ ਸਜਾਉਣ ਫਬਾਉਣ ਦਾ ਹੱਕ ਹੈ”। “ਕੀ ਹੋ ਗਿਆ ਹੈ ਮੇਰੇ ਸਰਦਾਰ ਨੂੰ, ਕਿੰਨਾ ਚੰਗਾ ਪਿਆਰ ਕਰਨ ਵਾਲਾ ਸੀ। ਮਾਂ ਠੀਕ ਹੀ ਕਹਿੰਦੀ ਸੀ , ਇਸ ਤੇ ਤਾਂ ਕਿਸੇ ਪ੍ਰੇਤ ਆਤਮਾ ਦਾ ਛਾਇਆ ਹੈ”, ਉਹ ਉਭਾਸਰੀ ਤਾਂ ਕੁਝ ਨਾ ਪਰ ਅੰਦਰ ਹੀ ਅੰਦਰ ਇਹ ਸੋਚ ਗਈ ।

ਅਜਮੇਰ ਸਿੰਘ ਦੀ ਹਾਲਤ ਦੇਖ ਕੇ ਘਰ ਦੇ ਸਾਰੇ ਜੀਅ ਦੁਖੀ ਸਨ। ਪਰ ਕੋਈ ਕਰ ਕੁਝ ਨਹੀਂ ਸਕਦਾ ਸੀ। ਮਾਂ ਦੀ ਜ਼ਿੱਦ ਤੇ ਇਸਰਾਰ ਅੱਗੇ ਝੁਕ ਕੇ ਬਾਪੂ ਇੱਕ ਦਿਨ ਇੱਕ ਸਿਆਣੇ ਨੂੰ ਘਰ ਲੈ ਆਇਆ। ਪਰ ਅਜਮੇਰ ਜੁਤੀ ਲਾਹ ਕੇ ਉਸ ਸਿਆਣੇ ਨੂੰ ਪੈ ਗਿਆ ਤੇ ਉਸਨੂੰ ਭਜ ਕੇ ਜਾਨ ਬਚਾਉਣੀ ਪਈ। ਅਜਮੇਰ ਉਸੇ ਦਿਨ ਕਿਤੇ ਚਲਾ ਗਿਆ, ਹਾਲਾਂਕਿ ਉਸਨੂੰ ਦਸਿਆ ਜਾ ਚੁੱਕਾ ਸੀ ਕਿ ਉਸਦੀ ਛੋਟੀ ਭੈਣ ਦਾ ਵਿਆਹ ਹੋਣ ਵਿਚ ਕੇਵਲ ਵੀਹ ਦਿਨ ਹੀ ਬਾਕੀ ਸਨ।

 ਉਹ ਭੈਣ ਦੇ ਵਿਆਹ ਵਾਲੇ ਦਿਨ ਹੀ ਵਾਪਸ ਮੁੜਿਆ। ਜਦੋਂ ਉਸਨੇ ਘਰ ਦੇ ਅੰਦਰ ਬਾਹਰ ਸਜਾਵਟ ਦੇਖੀ ਤੇ ਝੰਡੀਆਂ ਲੱਗੀਆਂ ਹੋਈਆਂ ਦੇਖੀਆਂ ਤਾਂ ਉਹ ਖਿਝ ਕੇ ਕਹਿਣ ਲੱਗਾ, “ਕੇਹੋ ਜਹੇ ਹੋ ਤੁਸੀਂ ਲੋਕ? ਸਾਡੇ ਦੇਸ ਵਿਚ ਲੱਖਾਂ ਲੋਕਾਂ ਨੂੰ ਰੋਟੀ ਨਹੀਂ ਜੁੜਦੀ ਤੇ ਤੁਸੀਂ ਖਾਹਮਖਾਹ ਇਸ ਸਜਾਵਟ ਤੇ ਪੈਸਾ ਰੋੜ੍ਹ ਰਹੇ ਹੋ”। ਇਹ ਕਹਿ ਕੇ ਉਸਨੇ ਸਜਾਵਟੀ ਦਰਵਾਜੇ ਢਾਹ ਸੁਟੇ ਤੇ ਝੰਡੀਆਂ ਲਾਹ ਕੇ ਪੈਰਾਂ ਹੇਠ ਮਧੋਲਣੀਆ ਸ਼ੁਰੂ ਕਰ ਦਿਤੀਆਂ। ਉਸਦੇ ਪਿਉ ਨੇ ਗ਼ੁਸੇ ਵਿਚ ਆ ਕੇ ਕਿਹਾ,” ਅਜਮੇਰ! ਤੂੰ ਕਿਸ ਜਨਮ ਦ ਬਦਲਾ ਸਾਥੋਂ ਲੈ ਰਿਹਾ ਹੈਂ। ਤੂੰ ਵਿਆਹ ਦੀ ਤਿਆਰੀ ਵਿਚ ਹੱਥ ਤਾਂ ਕੀ ਵਟਾਉਣਾ ਸੀ? ਇੱਕ ਤਾਂ ਆਇਆਂ ਦਿਨ ਦੇ ਦਿਨ ਤੇ ਫੇਰ ਸਾਡੇ ਕੀਤੇ ਕੰਮ ਦਾ ਵੀ ਸਤਿਆਨਾਸ ਮਾਰ ਰਿਹਾਂ”।

“ਮੈਂ ਅਜੇਹੀਆਂ ਫਜੂਲ ਖਰਚੀਆਂ ਬਰਦਾਸ਼ਤ ਨਹੀਂ ਕਰ ਸਕਦਾ। ਨਾ ਇਨ੍ਹਾਂ ਕੰਮਾਂ ਵਿਚ ਤੁਹਾਡਾ ਸਾਥ ਦੇ ਸਕਦਾ ਹਾਂ, ਇਸ ਲਈ ਤੁਸੀਂ ਮੈਨੂੰ ਜੁਦਾ ਕਰ ਦਿਓ”। ਅਜਮੇਰ ਸਿੰਘ ਇਹ ਕਹਿ ਕੇ ਬਾਹਰ ਨੂੰ ਤੁਰ ਗਿਆ। ਫੇਰ ਉਹ ਵਾਪਸ ਆਇਆ ਤਾਂ ਵਿਆਹ ਵਾਲੇ ਦਿਨ, ਐਨ ਉਸ ਵੇਲੇ ਜਿਸ ਵੇਲੇ ਕੁੜੀ ਨੂੰ ਤੋਰਨ ਦਾ ਸਮਾਂ ਆ ਗਿਆ ਸੀ। ਉਸਨੇ ਕੁੜੀ ਨੂੰ ਤੋਰਨ ਸਮੇਂ ਸਿਰ ਤੇ ਹੱਥ ਰੱਖਕੇ ਪਿਆਰ ਦਿੱਤਾ ਤੇ ਜੰਞ ਦੇ ਤੁਰ ਜਾਣ ਪਿਛੋਂ ਬਿਨਾ ਕੁਝ ਖਾਧੇ ਪੀਤੇ ਬਾਹਰ ਨੂੰ ਤੁਰ ਗਿਆ।

ਉਸਦਾ ਬਾਪ ਆਪਣੇ ਥਾਂ ਬਹੁਤ ਦੁਖੀ ਸੀ। ਇਹ ਸੋਚ ਕੇ ਕਿ ਸ਼ਾਇਦ ਇਸਤਰ੍ਹਾਂ ਹੀ ਉਹ ਘਰ ਟਿਕ ਕੇ ਬੈਠ ਸਕੇ ਤੇ ਕੁਝ ਕਰ ਸਕੇ, ਉਸਨੇ ਉਸਦੇ ਹਿੱਸੇ ਆਉਂਦੇ ਦਸ ਖੇਤ ਉਸਦੇ ਨਾਉਂ ਲਵਾ ਦਿਤੇ। ਪਰ ਅਜਮੇਰ ਦੇ ਅੰਦਰ ਦੀਆਂ ਕੋਈ ਨਹੀਂ ਸੀ ਜਾਣਦਾ। ਉਸਨੇ ਕੁਝ ਦਿਨਾਂ ਵਿਚ ਹੀ ਪੰਜ ਖੇਤ ਵੇਚ ਕੇ ਇੱਕ ਟਰੈਕਟਰ ਲੈ ਲਿਆ ਤੇ ਇੱਕ ਜੀਪ ਖਰੀਦ ਲਈ। ਉਸਦੇ ਮਾਪੇ ਤੇ ਉਸਦੀ ਪਤਨੀ ਉਸਦੀ ਇਸ ਹਰਕਤ ਤੋਂ ਬਹੁਤ ਦੁਖੀ ਹੋਏ। ਪਤਨੀ ਦੁਖੀ ਹੋ ਕੇ ਕਹਿਣ ਲੱਗੀ, ‘ਜੇ ਆਪਣਾ ਤੈਨੂੰ ਕੋਈ ਫਿਕਰ ਨਹੀਂ ਤਾਂ ਆਪਣੇ ਇਕਲੌਤੇ ਪੁਤਰ ਲਈ ਤਾਂ ਕੁਝ ਰਹਿਣ ਦੇ, ਕਿਉਂ ਸਭ ਕੁਝ ਖਤਮ ਕਰਨ ਤੇ ਤੁਲਿਆ ਹੋਇਆ ਏ?ਂ’।

 ‘ਕਿੰਨੇ ਕੁ ਲੋਕੀਂ ਨੇ ਜਿਨ੍ਹਾਂ ਕੋਲ ਪੰਜਾਂ ਖੇਤਾਂ ਤੋਂ ਵੱਧ ਜ਼ਮੀਨ ਹੈ, ਫੇਰ ਮੇਰਾ ਪੁਤ ਵੀ ਇਸਤੋਂ ਵੱਧ ਜ਼ਮੀਨ ਦਾ ਮਾਲਕ ਕਿਉਂ ਬਣੇ?’ ਉਸਦਾ ਜਵਾਬ ਸੁਣਕੇ ਸਾਰੇ ਹੈਰਾਨ ਰਹਿ ਗਏ। ਚੁਪ ਕਰ ਗਏ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਜਮੇਰ ਦੀ ਜ਼ਿਦ ਸਾਹਮਣੇ ਉਹ ਕੁਝ ਨਹੀਂ ਕਰ ਸਕਦੇ ਸਨ।

ਕੁਝ ਮਹੀਨੇ ਹੀ ਲੰਘੇ ਸਨ ਕਿ ਇਕ ਦਿਨ ਉਹ ਜੀਪ ਲੈ ਕੇ ਨਿਪਾਲ ਦੀ ਸਰਹੱਦ ਦੇ ਨੇੜੇ ਬੇਅਬਾਦ ਇਲਾਕੇ ਵਿਚ ਗਿਆ ਤੇ ਉਥੇ ਅਣਵਾਹੀ ਪਈ ਸੈਂਕੜੇ ਏਕੜ ਜਮੀਨ ਦੇਖ ਕੇ ਹੌਕਾ ਲੈ ਕੇ ਕਿਹਾ,‘ਇੰਨੀ ਜ਼ਮੀਨ ਅਣਵਾਹੀ ਪਈ ਹੈ ਤੇ ਸਾਡੇ ਦੇਸ ਦੇ ਲਖਾਂ ਲੋਕ ਹਾਲੀਂਂ ਵੀ ਅੱਧਭੁਖੇ ਜੀਂਦੇ ਤੇ ਸੌਂਦੇ ਹਨ। ਕਦੋਂ ਸੋਚਣਗੇ ਸਾਡੇ ਦੇਸ ਦੇ ਸਿਆਸਤਦਾਨ?’

ਤੇ ਜਿਹੜੀ ਗੱਲ ਸਾਡੇ ਦੇਸ ਦੇ ਸਿਆਸਤਦਾਨਾਂ ਦੇ ਦਿਮਾਗ ਵਿਚ ਨਹੀਂ ਆਈ ਸੀ ਉਹ ਉਸਦੇ ਦਿਮਾਗ ਵਿਚ ਆ ਗਈ ਸੀ। ਉਹ ਉੱਥੇ ਖੜ੍ਹਾ ਹੀ ਕਿਸੇ ਫੈਸਲੇ ਤੇ ਪਹੁੰਚ ਗਿਆ।

ਘਰ ਆਕੇ ਉਸਨੇ ਆਪਣੀ ਪਤਨੀ ਨੂੰ ਕਿਹਾ,‘ਭਾਗਵਾਨੇ! ਮੈਂ ਆਪਣਾ ਆਦਰਸ਼ ਲਭ ਲਿਆ ਹੈ। ਤੂੰ ਮੇਰਾ ਸਾਥ ਦੇਣਾ ਹੈ ਤਾਂ ਤਿਆਰ ਹੋ ਜਾ ਮੇਰੇ ਨਾਲ ਜਾਣ ਲਈ’।

ਉਸਦੀ ਪਤਨੀ ਜਾਣਦੀ ਸੀ ਕਿ ਉਸਦਾ ਆਦਰਸ਼ ਕੇਹੋ ਜੇਹਾ ਹੋਵੇਗਾ। ਉਹ ਚੁਪ ਰਹੀ।

ਅਜਮੇਰ ਸਿੰਘ ਨੇ ਆਪਣਾ ਟ੍ਰੈਕਟਰ ਸਟਾਰਟ ਕੀਤਾ ਤੇ ਆਪਣੇ ਸੁਪਨਿਆਂ ਦਾ ਸੰਸਾਰ ਸਿਰਜਣ ਲਈ ਤੁਰ ਗਿਆ।

 ਉਹ ਆਪਣੇ ਟਿਕਾਣੇ ਨਿਪਾਲ ਦੀ ਸਰਹੱਦ ਦੇ ਨੇੜੇ ਪਈ ਬੇਆਬਾਦ ਜ਼ਮੀਨ ਵਿਚ ਜਾ ਪੁਜਾ। ਕੁਝ ਦਿਨਾਂ ਵਿਚ ਉਸਨੇ ਨੇੜੇ ਦੇ ਪਿੰਡਾਂ ਵਿਚ ਚਕਰ ਮਾਰ ਕੇ ਸੌ ਕੁ ਅਜੇਹੇ ਟੱਬਰ ਲਭ ਲਏ, ਜਿਹੜੇ ਬੇਜ਼ੀਨੇ ਸਨ ਤੇ ਜਿਹੜੇ ਕੰਮ ਨਾ ਮਿਲਣ ਕਰ ਕੇ ਭੁਖਮਰੀ ਦੇ ਕਿਨਾਰੇ ਤੇ ਪੁੱਜੇ ਹੋਏ ਸਨ। ਉਸਨੇ ਉਨ੍ਹਾਂ ਨੂੰ ਇਕੱਠੇ ਕਰ ਕੇ ਕਿਹਾ, ‘ਮੇਰਾ ਸਾਥ ਦਿਓ। ਮੈਂ ਤੁਹਾਨੂੰ ਪੰਜ ਖੇਤ ਜਮੀਨਂ ਦੇ ਪ੍ਰਤੀ ਟੱਬਰ ਦੇਣ ਦਾ ਵਾਅਦਾ ਕਰਦਾ ਹਾਂ। ਜ਼ਮੀਨ ਮੈਂ ਟ੍ਰੈਕਟਰ ਨਾਲ ਵਾਹ ਕੇ ਤਿਆਰ ਕਰ ਕੇ ਬੀਜ ਕੇ ਦਿਆਂਗਾ ਤੁਸੀਂ ਸਿਰਫ ਆਪਣੇ ਹੱਥਾਂ ਨਾਲ ਮੇਰੀ ਮਦਦ ਕਰਨੀ ਹੈ’। ਪਹਿਲਾਂ ਤਾਂ ਉਸਦਾ ਸਾਥ ਦੇਣ ਲਈ ਥੋੜੇ ਹੀ ਬੰਦੇ ਤਿਆਰ ਹੋਏ। ਜਦੋਂ ਉਸਨੇ ਜ਼ਮੀਨ ਵਾਹ ਬੀਜ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਤਾਂ ਹੋਰ ਵੀ ਲੋਕ ਉਸ ਪਾਸ ਆਉਣ ਲਗ ਪਏ। ਇਸਤਰ੍ਹਾਂ ਉਸਨੇ ਸਾਲ ਕੁ ਵਿਚ ਹੀ ਸੈਂਕੜੇ ਖੇਤ ਤਿਆਰ ਕਰ ਕੇ ਵਾਹ ਬੀਜ ਕੇ ਇਨ੍ਹਾਂ ਬੇਜ਼ਮੀਨੇ ਲੋਕਾਂ ਨੂੰ ਸੰਭਾਲ ਦਿੱਤੇ। ਇਹ ਨਵੇਂ ਆਬਾਦ ਹੋਏ ਟੱਬਰ ਆਪਣੇ ਹੱਥਾਂ ਨਾਲ ਆਪਣੇ ਮਾੜੇ ਮੋਟੇ ਪਸੂਆਂ ਦੀ ਮਦਦ ਨਾਲ ਇਨ੍ਹਾਂ ਖੇਤਾਂ ਵਿਚ ਆਪਣੇ ਨਿਰਬਾਹ ਲਈ ਮਿਹਨਤ ਕਰਨ ਲਗ ਪਏ।

ਅਜਮੇਰ ਸਿੰਘ ਮਹੀਨੇ ਵਿਚ ਇੱਕ ਅੱਧ ਵਾਰੀ ਇਧਰ ਆਪਣੇ ਟਰੈਕਟਰ ਨਾਲ ਚਕਰ ਮਾਰਦਾ ਰਹਿੰਦਾ ਸੀ ਤੇ ਲੋੜ ਪੈਣ ਤੇ ਕਦੀਂ ਕਦੀਂ ਇਨ੍ਹਾਂ ਟਬਰਾਂ ਦੀ ਖੇਤੀ ਵਿਚ ਟ੍ਰੈਕਟਰ ਮਦਦ ਵੀ ਕਰ ਦਿੰਦਾ ਸੀ। ਜੇ ਉਨ੍ਹਾਂ ਨੂੰ ਮਦਦ ਦੀ ਲੋੜ ਨਾ ਵੀ ਹੋਵੇ ਤਾਂ ਵੀ ਉਹ ਜੀਪ ਲੈ ਕੇ ਆ ਜਾਦਾ ਸੀ ਤੇ ਉਨ੍ਹਾਂ ਦਾ ਦੱੁਖ ਸੱੁਖ ਪੁਛ ਜਾਂਦਾ ਸੀ। ਉਹ ਬੀਮਾਰਾਂ ਲਈ ਸ਼ਹਿਰੋਂ ਦਵਾਈਆਂ ਵੀ ਲੈ ਆਉਂਦਾ ਸੀ ਤੇ ਕਈ ਵੇਰ ਬੀਮਾਰਾਂ ਨੂੰ ਆਪਣੀ ਜੀਪ ਵਿਚ ਸ਼ਹਿਰ ਲੈਜਾ ਕੇ ਡਾਕਟਰ ਨੂੰ ਵੀ ਦਿਖਾ ਲਿਆਉਂਦਾ ਸੀ।

ਇਸਤਰ੍ਹਾਂ ਇਨ੍ਹਾਂ ਨਵੇਂ ਆਬਾਦਕਾਰਾਂ ਦਾ ਸਮਾਂ ਸੁਹਣਾ ਲੰਘਣ ਲੱਗ ਪਿਆ ਸੀ। ਫੇਰ ਛੇਤੀ ਹੀ ਅਜਮੇਰ ਨੂੰ ਸ਼ਕਾਇਤਾਂ ਮਿਲਣ ਲਗ ਪਈਆਂ ਕਿ ਇਨ੍ਹਾਂ ਆਬਾਦਕਾਰਾਂ ਨੂੰ ਕੁਝ ਅਣਪਛਾਣੇ ਬੰਦੇ ਧਮਕੀਆਂ ਦੇਣ ਲੱਗ ਪਏ ਸਨ ਕਿ ਜੇ ਉਹ ਇੱਥੋਂ ਆਪਣੇ ਟੱਬਰ ਟੀਹਰ ਸਮੇਤ ਤੁਰ ਨਾ ਗਏ ਤਾਂ ਉਨਾਂ ਨੂੰ ਨਤੀਜੇ ਭੁਗਤਣੇ ਪੈਣਗੇ। ਕੁਝ ਟੱਬਰ ਧਮਕੀਆਂ ਤੋਂ ਡਰ ਕੇ ਛੱਡ ਵੀ ਗਏ। ਜਦੋਂ ਅਜਮੇਰ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਸਾਰੇ ਅਬਾਦਕਾਰਾਂ ਦਾ ਇਕੱਠ ਕਰ ਕੇ ਉਨ੍ਹਾਂ ਨੂੰ ਹੌਸਲਾ ਦਿੰਦਿਆ ਕਿਹਾ,‘ ਘਬਰਾਓ ਨਹੀਂ, ਜਦੋਂ ਤੱਕ ਮੈਂ ਜੀਉਂਦਾ ਹਾਂ ਕੋਈ ਵੀ ਤੁਹਾਡਾ ਵਾਲ ਬਿੰਗਾ ਨਹੀਂ ਕਰ ਸਕਦਾ’। ਇਸ ਪਿੱਛੋਂ ਆਪਣੀ ਲਾਇਸੰਸੀ ਬੰਦੂਕ ਲੈ ਕੇ ਉਹ ਹਫਤੇ ਵਿਚ ਇੱਕ ਵਾਰ ਆਪਣੀ ਜੀਪ ਵਿਚ ਇੱਧਰ ਚੱਕਰ ਲਾਉਣ ਲੱਗ ਪਿਆ।

ਸਿਰ ਫਿਰੇ ਖੂਨਖਾਰ ਜਾਨਵਰਾਂ ਤੋਂ ਉਹ ਕਿੰਨਾ ਕੁ ਚਿਰ ਇਨ੍ਹਾਂ ਲੋਕਾਂ ਦੀ ਰਾਖੀ ਕਰ ਸਕਦਾ ਸੀ? ਇੱਕ ਦਿਨ ਇਨ੍ਹਾਂ ਨਵ-ਅਬਾਦਕਾਰਾਂ ਨੇ ਨਵਾਂ ਜੀਵਨ ਦਾਨ ਕਰਨ ਵਾਲੇ ਆਪਣੇ ਇਸ ਪਿਆਰੇ ਸੁਪਨੇ ਸਾਜ਼ ਸਰਦਾਰ ਦੀ ਗੋਲੀਆ ਬਿਨ੍ਹੀ ਲਾਸ਼ ਉਸਦੀ ਜੀਪ ਸਣੇ ਝੁਲਸੀ ਪਈ ਦੇਖੀ। ਗ਼ਰੀਬਾਂ ਦੇ ਬੱਚਿਆਂ ਦੇ ਮੂਹਾਂ ਤੇ ਮੁਸਕਰਾਹਟ ਦੇਖਣ ਦਾ ਚਾਹਵਾਨ ਆਪਣੇ ਬੱਚਿਆਂ ਤੇ ਪਤਨੀ ਨੂੰ ਹੰਝੂਆਂ ਦੇ ਹਾਰ ਦੇ ਕੇ ਤੁਰ ਗਿਆ। ਕੋਈ ਪਤਾ ਨਹੀਂ ਲਾ ਸਕਿਆ ਕਿ ਅਜਮੇਰ ਦੀ ਮੌਤ ਲਈ ਕੌਣ ਜ਼ਿਮੇਵਾਰ ਸੀ। ਲੋਕੀਂ ਤਰ੍ਹਾਂ ਤਰ੍ਹਾਂ ਦੇ ਕਿਆਸ ਲਾਉਂਦੇ ਸਨ। ਕੋਈ ਉਸਦੇ ਕ਼ਤਲ ਵਿਚ ਸਰਕਾਰੀ ਬੰਦਿਆਂ ਦਾ ਹੱਥ ਦਸਦਾ ਹੋਇਆ ਕਹਿੰਦਾ,‘ ਸਰਕਾਰ ਕਦੋਂ ਬਰਦਾਸ਼ਤ ਕਰ ਸਕਦੀ ਹੈ ਕਿ ਕੋਈ ਉਸਦੀ ਖਾਲੀ ਪਈ ਜ਼ਮੀਨ ਤੇ ਕਬਜ਼ਾ ਕਰ ਲਵੇ। ਜੇ ਇਸਤਰ੍ਹਾਂ ਸਰਕਾਰ ਹੋਣ ਦੇਵੇ ਤਾਂ ਲੋਕ ਤਾਂ ਸਾਰੀ ਵਿਹਲੀ ਪਈ ਸਰਕਾਰੀ ਜ਼ਮੀਨ ਮੱਲ ਲੈਣ’। ਬਹੁਤੇ ਲੋਕਾਂ ਦਾ ਖਿਆਲ ਸੀ। ਇਹ ਬੇਅਬਾਦ ਜ਼ਮੀਨ ਭਾਰਤ-ਨੀਪਾਲ ਸਰਹੱਦ ਦੇ ਆਰਪਾਰ ਜਾਂਦੇ ਆਉਂਦੇ ਸਮਗਲਰਾਂ ਦਾ ਸ੍ਵਰਗ ਸੀ। ਇਸਦੇ ਆਬਾਦ ਹੋਣ ਨਾਲ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪੈ ਗਈ ਸੀ। ਅਜਮੇਰ ਸਿੰਘ ਨੂੰ ਮਾਰ ਕੇ ਉਨ੍ਹਾਂ ਨੇ ਇਹ ਰੁਕਾਵਟ ਦੂਰ ਕਰ ਦਿੱਤੀ ਸੀ।

ਅਜਮੇਰ ਸਿੰਘ ਦੀ ਉਮਰ ਉਸ ਵੇਲ਼ੇ 25 ਕੁ ਸਾਲ ਦੀ ਸੀ। ਉਸਦੀ ਮੌਤ ਪਿੱਛੋਂ ਕੁਝ ਮਹੀਨਿਆਂ ਵਿਚ ਹੀ ਸਾਰੇ ਅਬਾਦਕਾਰ ਜ਼ਮੀਨਾਂ ਛਡ ਕੇ ਚਲੇ ਗਏ। ਇਹ ਬੇਅਬਾਦ ਪਈ ਜ਼ਮੀਨ ਹੁਣ ਫੇਰ ਸਮਗਲਰਾਂ ਦਾ ਸ੍ਵਰਗ ਬਣ ਗਈ ਹੈ। ਹੁਣ ਕੌਣ ਆਉਂਦਾ ਉਨੂਾਂ ਨਵ-ਆਬਾਦਕਾਰਾਂ ਨੂੰ ਹੌਸਲਾ ਦੇਣ? ਅਜਮੇਰ ਸਿੰਘ ਵਰਗੇ ਚਮਤਕਾਰੀ ਮਨੁੱਖ ਨਿਤ ਤਾਂ ਨਹੀਂ ਜੰਮਦੇ।
***
301

***

ਨੋਟ: ਹਰਬਖਸ਼ ਸਿੰਘ ਮਕਸੂਦਪੁਰੀ ਦੀ ਇਹ ਰਚਨਾ ਪਹਿਲੀ ਵਾਰ 2001 ਤੋਂ 2011 ਦੇ ਵਿਚਕਾਰ ਲਿਖਾਰੀ ਵੈਬਸਾਈਟ ਉਪਰ ਛਪੀ ਸੀ।
(ਦੂਜੀ ਵਾਰ 31 ਅਗਸਤ 2021)

About the author

ਹਰਬਖ਼ਸ਼ ਸਿੰਘ ਮਕਸੂਦਪੁਰੀ
ਹਰਬਖ਼ਸ਼ ਸਿੰਘ ਮਕਸੂਦਪੁਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਹਰਬਖ਼ਸ਼ ਸਿੰਘ ਮਕਸੂਦਪੁਰੀ

View all posts by ਹਰਬਖ਼ਸ਼ ਸਿੰਘ ਮਕਸੂਦਪੁਰੀ →