20 April 2024
ਅਮਰਜੀਤ ਚੀਮਾਂ (ਯੂ.ਐਸ.ਏ.)

ਸਵੈ-ਕਥਨ: ਨੰਨੀ ਜਿਹੀ ਚਿੜੀ—ਅਮਰਜੀਤ ਚੀਮਾਂ (ਯੂ.ਐੱਸ. ਏ.)

ਅੱਜ ਮਨ ਬਹੁਤ ਉਦਾਸ ਹੈ

ਦੋਸਤੋ ਅੱਜ ਮਨ ਬਹੁਤ ਉਦਾਸ ਹੈ। ਪਹਿਲਾਂ ਮੈਂ ਘਟਨਾ ਦੇ ਪਿਛੋਕੜ ਬਾਰੇ ਦੱਸ ਦੇਵਾਂ, ਮੈਂ ਨਿਊਯਾਰਕ ਸਟੇਟ ਦੇ ਸ਼ਹਿਰ ਬੱਫਲੋਂ ਵਿੱਚ ਰਹਿ ਰਿਹਾ ਹਾਂ। ਮੌਸਮ ਮੁਤਾਬਕ ਇੱਥੇ 6 ਕੁ ਮਹੀਨੇ ਠੰਡ ਬਰਫਬਾਰੀ, ਢਾਈ ਕੁ ਮਹੀਨੇ ਬਾਰਸ਼ਾਂ ਤੇ ਤਿੰਨ ਸਾਢੇ ਤਿੰਨ ਮਹੀਨੇ ਗਰਮੀ ਦਾ ਮੌਸਮ ਹੁੰਦਾ ਹੈ।

ਪੰਜਾਬ ਤੋਂ ਖੇਤੀਬਾੜੀ ਨਾਲ ਸਬੰਧ ਰੱਖਦਾ ਹੋਣ ਕਰਕੇ ਮੇਰੇ ਦਿਲ ਦੀ ਕੁਝ ਰੀਝ ਹੁੰਦੀ ਹੈ ਕਿਉਂਕਿ ਸਾਲ ਵਿੱਚ ਸਾਢੇ ਤਿੰਨ ਮਹੀਨੇ ਮੇਰੀ ਪਸੰਦ ਦਾ ਮੌਸਮ ਹੁੰਦਾ ਹੈ। ਆਪਣੇ ਘਰ ਦੇ ਪਿੱਛਵਾੜੇ ਮੇਰੀ ਖਾਲੀ ਪਈ ਜਗਾ ਵਿੱਚ ਮੈਂ ਇਕ ਛੋਟਾ ਜਿਹਾ ਗਾਰਡਨ ਬਣਾਇਆ ਹੋਇਆ ਹੈ।

ਦਿਲੀ ਤਮੰਨਾ ਹੁੰਦੀ ਹੈ ਕਿ ਇਸ ਮੌਸਮ ਵਿੱਚ ਤਾਜ਼ੀਆਂ ਸਬਜ਼ੀਆਂ ਉਗਾਈਆਂ ਜਾਣ, ਜਿੰਨੀਆਂ ਵੀ ਵੱਧ  ਤੋਂ ਵੱਧ ਕਿਸਮਾਂ ਦੇ ਬੀਜ ਮੈ ਇੰਡੀਆ ਤੋਂ ਮੰਗਵਾ ਕੇ ਰੱਖੇ ਹੋਏ ਨੇ, ਬੜੀ ਮੁਸ਼ਕਿਲ ਨਾਲ ਹੱਥੀਂ ਗੋਡੀ ਕਰਕੇ ਥਾਂ ਤਿਆਰ ਕੀਤੀ ਜਾਂਦੀ ਹੈ, ਪਨੀਰੀ ਬੀਜੀ ਜਾਂਦੀ ਹੈ ਉਸੇ ਪਿਆਰ ਨਾਲ ਜਿਵੇਂ ਅਸੀਂ ਪੰਜਾਬੀ ਕਰਦੇ ਹਾਂ ਥਾਂ ਬਣਾਉਣ ਸਮੇਂ।

ਮੈਂ ਦੇਖਿਆ ਕਿੰਨੇ ਸਾਰੇ ਗੰਡੋਏ, ਕੀੜੇ-ਮਕੌੜੇ ਵੱਢ ਹੋ ਜਾਂਦੇ ਨੇ ਕਹੀ ਨਾਲ ਜਮੀਨ ਨੂੰ ਤਿਆਰ ਕਰਨ ਵੇਲੇ, ਸਬਜ਼ੀ ਦੇ ਬੂਟਿਆਂ ਨੂੰ ਖ਼ਰਗੋਸ਼ ਤੋਂ ਬਚਾਉਣਾ ਪੈਂਦਾ ਹੈ ਤੇ ਬੀਜ ਵਾਲੇ ਬੂਟਿਆਂ ਨੂੰ ਕਾਟੋ (ਗਲਹਿਰੀ)ਕੋਲੋਂ ਬਚਾਉਣਾ ਪੈਂਦਾ ਹੈ। ਖਰਗੋਸ਼ ਤੇ ਕਾਟੋ ਤੋ ਭਾਵੇਂ ਜਿੰਨੇ ਮਰਜ਼ੀ ਰਾਖੀ ਕਰ ਲਓ ਉਹ ਆਪਣਾ ਦਾਅ ਲਾ ਹੀ ਜਾਂਦੇ ਨੇ।

ਜਦੋਂ ਸਬਜ਼ੀਆਂ ਨਾਲੋ-ਨਾਲ ਤਾਜ਼ੀਆਂ ਤੋੜ ਕੇ ਖਾਣ ਲਈ ਵਰਤੀਆਂ ਜਾਂਦੀਆਂ ਨੇ ਬਾਕੀ ਦੀਆਂ ਬੱਚਦੀਆਂ ਨੂੰ ਅਸੀਂ ਕੱਟ ਕੇ ਫਰੀਜ਼ ਕਰ ਲੈਂਦੇ ਹਾਂ, ਤੇ ਲੋੜ ਮੁਤਾਬਿਕ ਕੱਢ ਕੇ ਵਰਤ ਲੈਂਦੇ ਹਾਂ। ਇੰਝ ਸਾਰਾ ਸਾਲ ਸਾਨੂੰ ਲੱਗਦੇ ਹੱਥ ਸਬਜ਼ੀ ਬਜ਼ਾਰੋਂ ਨਹੀਂ ਖਰੀਦਣੀ ਪੈਂਦੀ। ਕੀ ਸਾਗ ,ਕੀ ਟਮਾਟਰ, ਕੱਦੂ ਬਤਾਊ ਜਾਣੀ ਕਿ ਹਰ ਤਰ੍ਹਾਂ ਦੀਆਂ ਸਬਜ਼ੀਆਂ।

ਹਰ ਸਾਲ ਦੀ ਤਰ੍ਹਾਂ ਮੈਂ ਇਸ ਵਾਰ ਵੀ ਕਾਫ਼ੀ ਮਿਹਨਤ ਕਰ ਕੇ ਮੁੜ੍ਹਕੋ ਮੁੜ੍ਹਕੀ ਹੋ ਕੇ ਸਬਜ਼ੀਆਂ ਲਾਈਆਂ।

ਦੋਸਤੋ ਮੈਨੂੰ ਆਪਣੀਆਂ ਲਾਈਆਂ ਛੱਲੀਆਂ ਬਹੁਤ ਪਸੰਦ ਨੇ। ਮੈਂ ਇੰਡੀਆ ਤੋਂ ਬੀਜ ਮੰਗਵਾਇਆ ਹੈ। ਵੈਸੇ ਅਮਰੀਕਾ ਵਿੱਚ ਵੀ ਛੱਲੀਆਂ ਬਹੁਤ ਨੇ, ਡਾਲਰ ਦੀਆਂ ਪੰਜ ਛੇ ਮਿਲ ਜਾਂਦੀਆਂ ਨੇ, ਪਰ ਉਨ੍ਹਾਂ ਦਾ ਸਵਾਦ ਇੰਡੀਆ ਵਰਗਾ ਨਹੀਂ ਹੁੰਦਾ ਇਹ ਲੋਕ ਇਹਨੂੰ ਉਬਾਲ ਜਾਂ ਸਟੀਮ ਦੇ ਕੀ ਹੀ ਚਰੂੰਡ ਜਾਂਦੇ ਨੇ। ਪਰ ਸਾਨੂੰ ਸੁਆਦ ਆਉਂਦਾ ਹੈ ਹੱਥਾਂ ਨਾਲ ਦਾਣੇ ਭੋਰ ਭੋਰ ਖਾਣ ਦਾ।

ਇਸ ਵਾਰ ਖਰਗੋਸ਼ ਵੀ ਦਾਅ ਲਾ ਗਿਆ ਫਿਰ ਮੈਂ ਹਾਰ ਸਾਲ ਦੀ ਤਰ੍ਹਾਂ ਚੰਗੀ ਮਜ਼ਬੂਤ ਤਾਰ ਦੀ ਵਾੜ ਲਗਾਈ ਪਰ ਕਾਟੋ ਵਾੜ ਦੀ ਕੋਈ ਪਰਵਾਹ ਨਹੀ ਕਰਦੀ। ਦਰਖਤਾਂ ਉੱਤੋ ਦੀ ਛਾਲ ਮਾਰ ਕੇ, ਬਿਜਲੀ ਦੀਆਂ ਤਾਰਾਂ ਤੋਂ ਛਾਲਾਂ ਮਾਰ ਕੇ ਅੰਦਰ ਆ ਜਾਂਦੀ ਹੈ ਤੇ ਆਉਂਦੀ ਤੜਕੇ ਜਿਹੇ ਨਾਲ ਜਦੋਂ ਅਸੀਂ ਘੂਕ ਸੁੱਤੇ ਪਏ ਹੁੰਦੇ ਹਾਂ। ਇਸ ਸਾਲ ਉਸਦਾ ਐਸਾ ਮੂੰਹ ਪਿਆ ਕਿ ਮੈ ਦਾਣੇ ਚੈੱਕ ਕਰਕੇ ਹੱਟਣਾ ਦੂਸਰੇ ਦਿਨ ਦੇਖਣਾ ਕਿ ਕਾਟੋ ਨੇ ਸਾਰੇ ਬੀਜ ਕੱਢ ਕੇ ਖਾ ਲਏ।

ਉਦੋਂ ਬੜਾ ਦੁੱਖ ਲੱਗਦਾ ਜਦੋਂ ਬਣੇ ਬਣਾਏ ਟਾਂਡੇ ਦੇ ਥੱਲੋਂ ਦਾਣਾ ਕੱਢ ਕੇ ਤੇ ਟਾਂਡੇ ਨੂੰ ਟੁੱਕ ਸੁੱਟਦੀ ਹੈ ਭਾਵੇਂ ਉਹ ਜਾਨਵਰ ਹੈ ਤੇ ਮੈਂ ਇਹ ਸਮਝ ਸਕਦਾ ਹਾਂ। ਪਰ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਇਹ ਬਰਬਾਦ ਹੁੰਦੀ ਦੇਖ ਕੇ ਦਿਲ ਦੁਖੀ ਹੋ ਜਾਂਦਾ ਹੈ।

ਮੈਂ ਦੁਖੀ ਹੋ ਕੇ ਬਾਜ਼ਾਰੋਂ ਕੁਝ ਟਰੱਪਰ ਖਰੀਦ ਲਿਆਂਦੇ, ਉਹ ਇੱਕ ਪਲਾਸਟਿੱਕ ਦੇ ਟੁਕੜੇ ਉੱਤੇ ਕਾਫੀ ਸਟ੍ਰਾਂਗ ਗਲੂ (ਫੈਵੀਕਵਿੱਕ ਜਿਹੀ) ਲੱਗੀ ਹੁੰਦੀ ਹੈ ਜਦੋਂ ਕੋਈ ਵੀ ਜਾਨਵਰ ਉਸਨੂੰ  ਟੱਚ ਕਰ ਜਾਂਦਾ ਹੈ ਜਾਨਵਰ ਉਸ ਨਾਲ ਚਿੱਪਕ ਜਾਂਦਾ ਹੈ ਤੇ ਤੜਪ ਕੇ ਮਰ ਜਾਂਦਾ ਹੈ।

ਮੈਂ ਰਾਤ ਨੂੰ ਟਰੱਪਰ ਲਗਾ ਦਿੱਤੇ ਤੇ ਸਵੇਰੇ ਉੱਠ ਕੇ ਦੇਖਿਆ, ਕਾਟੋ ਫਿਰ ਕਈ ਟਾਂਡੇ ਖਾ ਗਈ ਸੀ।

ਮੈ ਟਰੱਪਰ ਉਸੇ ਤਰ੍ਹਾਂ ਰਹਿਣ ਦਿੱਤੇ ਤੇ ਮੱਕੀ ਦੀ ਜਗ੍ਹਾ ਬਦਲ ਲਈ, ਮੇਰੇ ਕੋਲ ਛੋਟੇ ਛੋਟੇ ਦੋ ਗਾਰਡਨ ਹਨ। ਮੈਂ ਦੂਸਰੇ ਗਾਰਡਨ ਵਿੱਚੋਂ ਸਬਜ਼ੀ ਦੇ ਬੂਟੇ ਪੱਟ ਕੇ ਮੱਕੀ ਵਾਲੀ ਜਗ੍ਹਾ ਤੇ ਲਾ ਦਿੱਤੇ। ਭਾਵੇਂ ਇਹ ਕਾਫੀ ਮੁਸ਼ਕਿਲ ਕੰਮ ਹੁੰਦਾ ਹੈ। ਦੋਸਤੋ ਅਮਰੀਕਾ, ਕੈਨੇਡਾ ਦੀ ਜ਼ਿੰਦਗੀ ਤੁਹਾਨੂੰ ਸ਼ਾਇਦ ਨਹੀਂ ਪਤਾ ਬਾਰਾਂ ਤੇਰਾਂ ਘੰਟੇ ਕੰਮ ਕਰ ਕੇ ਫਿਰ ਘਰ ਸ਼ਾਮ ਨੂੰ ਆਪਣੇ ਗਾਰਡਨ ਨੂੰ ਪਾਣੀ ਦੇਣਾ ਦੇਖ ਭਾਲ ਕਰਨੀ ਕੋਈ ਸੌਖੀ ਗੱਲ ਨਹੀਂ।

ਸਬਜ਼ੀ ਵਾਲੀ ਜਗ੍ਹਾ ਤੇ ਮੱਕੀ ਬੀਜ ਦਿੱਤੀ ਕਿਉਂਕਿ ਉਹ ਗਾਰਡਨ, ਕਾਟੋ ਤੋਂ ਕੁਝ ਜਿਆਦਾ ਸੇਫ ਸੀ। ਦੂਸਰੇ ਦਿਨ ਦੁਪਹਿਰ ਦੇ ਚਾਰ ਕੁ ਵਜੇ ਕਾਫੀ ਬਾਰਿਸ਼ ਹੋ ਰਹੀ ਸੀ। ਜਿਵੇਂ ਜੱਟ ਨੂੰ ਬਾਰਿਸ਼ ਦੀ ਖੁਸ਼ੀ ਹੁੰਦੀ ਝੋਨੇ ਦੀ ਫਸਲ ਲਾਉਣ ਤੋਂ ਪਹਿਲਾਂ, ਮੈਨੂੰ ਵੀ ਇਸੇ ਤਰ੍ਹਾਂ ਸੀ। ਇੱਕ ਤਾਂ ਦੋ ਦਿਨ ਪਾਣੀ ਨਹੀਂ ਲਾਉਣਾ ਪਵੇਗਾ ਦੂਜਾ ਜੋ ਫਸਲ ਲਈ ਬਾਰਿਸ਼ ਕੰਮ ਆਉਂਦੀ ਹੈ ਉਹ ਆਮ ਪਾਣੀ ਨਹੀਂ ਕੰਮ ਕਰਦਾ।

ਕੋਈ ਪੰਜ ਕੁ ਵਜੇ ਮੈਂ ਬਾਹਰ ਨਿਕਲਿਆ ਤੇ ਦੇਖਿਆ ਕਿ ਮੇਰੀ ਵਾਈਫ ਬਾਹਰ ਸੋਫੇ ਤੇ ਸੁੱਤੀ ਪਈ ਹੈ ਕਿਉਂਕਿ ਉਸ ਨੂੰ ਏ ਸੀ ਚੰਗਾ ਨਹੀਂ ਲੱਗਦਾ। ਮੱਕੀ ਵਾਲੇ ਗਾਰਡਨ ਵਿੱਚ ਮੈਨੂੰ ਇੱਕ ਖੰਭ ਜਿਹਾ ਹਿਲਦਾ ਦਿਖਾਈ ਦਿੱਤਾ। ਮੈਂ ਭੱਜ ਕੇ ਗਿਆ ਤੇ ਦੇਖਿਆ ਇੱਕ ਨੰਨ੍ਹੀ ਮੁੰਨੀ ਸੁਨਹਿਰੀ ਰੰਗ ਦੀ ਚਿੜੀ ਟਰੱਪਰ ਵਿੱਚ ਫਸੀ ਪਈ ਆ। ਮੈਂ ਵਾਈਫ ਨੂੰ ਉੱਚੀ ਦੇਣੀ ਆਵਾਜ਼ ਮਾਰੀ ਕੇ ‘ਜਾ ਕੋਈ ਚਾਕੂ ਲੈ ਕੇ ਆ। ਇਸ ਨੰਨੀ ਜਿਹੀ ਚਿੜੀ ਨੂੰ ਗਲੂ ਵਿੱਚੋਂ ਆਜ਼ਾਦ ਕਰਾਇਆ ਜਾਵੇ।’

ਉਹ ਚਾਕੂ ਤਾਂ ਦੇ ਗਈ ਪਰ ਭੱਜ ਕੇ ਅੰਦਰ ਵੜ ਗਈ। ਉਹ ਵੀ ਮੇਰੇ ਵਾਂਗ ਨਰਮ ਦਿਲ ਆ, ਬੜੀ ਛੇਤੀ ਇਮੋਸ਼ਨਲ ਹੋ ਜਾਂਦੀ ਆ।

ਚਿੜੀ ਦੇਖ ਕੇ ਮੇਰਾ ਦਿਲ ਦਹਿਲ ਗਿਆ, ਕਿ ਇਹ ਕੀ ਹੋ ਗਿਆ? ਗਲੂ ਵਿੱਚੋਂ ਨਿਕਲਣ ਲਈ ਉਹ ਕਾਫੀ ਫੜ ਫੜਾਉਂਦੀ ਰਹੀ ਹੋਵੇਗੀ ਉਹਦੇ ਸਾਰੇ ਖੰਭ ਉਹਦੇ ਸਰੀਰ ਨਾਲੋਂ ਉੱਖੜ ਚੁੱਕੇ ਸਨ, ਉਹਦਾ ਲਹੂ ਲੁਹਾਣ ਹੋਇਆ ਨਿੱਕਾ ਜਿਹਾ ਸਰੀਰ ਪੂਰੀ ਤਰ੍ਹਾਂ ਖੂਨ ਨਾਲ ਲੱਥਪਥ ਸੀ। ਮੈਂ ਚਾਕੂ ਦੀ ਮਦਦ ਨਾਲ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਸਭ ਕੁੱਝ ਵਿਆਰਥ ਸੀ।

ਮੈਂ ਉਹਦੀ ਚੁੰਝ ਨੂੰ ਬਾਹਰ ਕੱਢਿਆ ਤੇ ਉਸਨੇ ਮਰੀ ਹੋਈ ਹਾਲਤ ਵਿੱਚ ਵੀ ਮੇਰੀ ਉਂਗਲੀ ਤੇ ਦੋ ਵਾਰ ਦੰਦੀ ਵੱਡੀ। ਮੈਨੂੰ ਲੱਗਾ ਜਿਵੇਂ ਉਹ ਮੈਨੂੰ ਘੂਰ ਰਹੀ ਸੀ, ਤੇ ਕਹਿ ਰਹੀ ਸੀ ਹੁਣ ਤੂੰ ਬਹੁਤ ਖ਼ੁਸ਼ ਏਂ। ਇੱਕ ਨੰਨ੍ਹੀ ਜਿਹੀ ਦੀ ਜਾਨ ਲੈ ਕੇ।

ਮੈਂ ਤੇਰਾ ਕੀ ਖਾਂਦੀ ਸੀ, ਮੈਂ ਵੀ ਕਿਸੇ ਦੀ ਮਾਂ ਹਾਂ, ਭੈਣ ਹਾਂ, ਧੀ ਹਾਂ ਤੈਨੂੰ ਕੀ ਪਤਾ ਮੇਰੇ ਛੋਟੇ ਛੋਟੇ ਬੱਚੇ ਮੇਰੀ ਰਾਹ ਉਡੀਕਦੇ ਹੋਣਗੇ। ਤੂੰ ਤਾਂ ਆਪਣੇ ਸੁਆਰਥ ਲਈ ਮੇਰੀ ਜਾਨ ਲੈ ਲਈ। ਜਿਸ ਲਈ ਤੂੰ ਇਹ ਸਾਰਾ ਜਾਲ ਬੁਣਿਆ ਸੀ ਉਹ ਤੇ ਬਚ ਗਈ ਪਰ ਮੈਂ ਭਲੀ ਮਾਣਸ ਤੇਰੇ ਜਾਲ ਵਿੱਚ ਫੱਸ ਗਈ। ਮੈਨੂੰ ਜਾਪ ਰਿਹਾ ਸੀ ਕਿ ਉਹ ਸਹੀ ਬੋਲ ਰਹੀ ਹੈ। ਅੱਜ ਕੱਲ ਚਲਾਕ ਬੰਦੇ ਬੜੀਆਂ ਬੜੀਆਂ ਮੁਸ਼ਕਿਲਾਂ ਵਿੱਚੋਂ ਬਾਹਰ ਆ ਜਾਂਦੇ ਨੇ ਤੇ ਵਿਚਾਰੇ ਭੋਲੇ ਭਾਲੇ ਬਲੀ ਦੇ ਬੱਕਰੇ ਬਣ ਜਾਂਦੇ ਨੇ।

ਹੁਣ ਉਹ ਬਹੁਤ ਤੜਫ ਰਹੀ ਸੀ। ਮੈਨੂੰ ਪਤਾ ਸੀ ਕਿ ਉਹ ਹੁਣ ਮਰ ਜਾਵੇਗੀ ਪਰ ਤੜਫ-ਤੜਫ ਕੇ।ਮੇਰਾ ਰੋਣ ਨਿਕਲ ਗਿਆ। ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਵਾਹਿਗੁਰੂ ਮੈਂ ਇਹ ਕੀ ਕਰ ਬੈਠਾ ਜੇ ਇਸ ਦੀ ਜਗ੍ਹਾ ਕਾਟੋ ਵੀ ਫਸੀ ਹੁੰਦੀ ਤਾਂ ਵੀ ਮੈਂ ਦੇਖ ਨਹੀਂ ਸੀ ਸਕਦਾ। ਮੈਂ ਦੋਸ਼ੀ ਸੀ ਉਸਦਾ। ਪਹਿਲਾਂ ਮੇਰਾ ਦਿਲ ਕਰੇ ਕੇ ਚਾਕੂ ਨਾਲ ਆਪਣਾ ਹੀ ਗਲਾ ਕੱਟ ਲਵਾਂ।

ਫਿਰ ਹੌਸਲਾ ਕਰਕੇ ਦਿਲ ਨੂੰ ਮਜਬੂਤ ਕੀਤਾ।

ਉਹਦਾ ਸਾਰਾ ਸਰੀਰ ਖੰਭਾਂ ਤੋਂ ਅਲੱਗ ਹੋ ਚੁੱਕਾ ਸੀ। ਉਹਦਾ ਸਿਰ ਵੀ ਗਲੂ ਦੇ ਵਿੱਚ ਸਟੱਕ ਹੋਇਆ ਪਿਆ ਸੀ, ਨਾ ਚਾਹੁੰਦੇ ਹੋਏ ਵੀ ਉਹਦੇ ਸਿਰ ਵਿੱਚ ਦੋ ਹੋਰ ਸੱਟਾਂ ਮਾਰੀਆਂ ਕਿ ਇਹਨੂੰ ਵਿਚਾਰੀ ਨੂੰ ਹੋਰ ਤੜਫਣਾ ਨਾ ਪਵੇ ਹਰ ਸੱਟ ਨਾਲ ਉਹ ਮੂੰਹ ਅੱਡਦੀ ਸੀ। ਤੀਜੀ ਸੱਟ ਨਾਲ ਉਹ ਮਰ ਗਈ, ਦੋਸਤੋ ਜਾਨ ਸੌਖੀ ਨਹੀਂ ਨਿਕਲਦੀ, ਮੈਂ ਆਪਣੇ ਅੱਖੀਂ ਵੇਖ ਲਿਆ ਸੀ। ਮੈਂ ਸੋਚਦਾ ਸੀ, ਅੱਜ ਕੱਲ ਲੋਕੀਂ ਕਿਵੇਂ ਆਪਣੇ ਸੁਆਰਥ ਲਈ ਦੂਜਿਆਂ ਦੇ ਗਲੇ ਕੱਟ ਦਿੰਦੇ ਨੇ, ਜ਼ਮੀਨਾਂ ਖ਼ਾਤਰ ਆਪਣੇ ਭਰਾਵਾਂ ਦੀਆਂ ਧੌਣਾਂ ਲਾਹ ਦਿੰਦੇ ਨੇ, ਕਈ ਤਾਂ ਜਿਉਂਦਿਆਂ ਨੂੰ ਮਾਰ ਦਿੰਦੇ ਨੇ, ਉਨ੍ਹਾਂ ਦੀਆਂ ਜਿਉਂਦਿਆਂ ਦੀਆਂ ਜਾਇਦਾਦਾਂ ਕੋਠੀਆਂ ਸਾਂਭ ਲੈਂਦੇ ਨੇ, ਪਰ ਕਦੇ ਸੋਚਿਆ ਆਖ਼ਰ ਨੂੰ ਖਾਲੀ ਹੱਥ ਤੁਰ ਜਾਣਾ ਸਭ ਨੇ, ਪਰ ਮੋਹ ਮਾਇਆ ਦੇ ਲਾਲਚ ‘ਚ ਅਸੀਂ ਮਨੁੱਖਤਾ ਦਾ ਕਤਲ ਕਰੀ ਜਾਨੇ ਆਂ।

ਮੈਂ ਉਹ ਟਰੱਪਰ ਬਾਹਰ ਸੁੱਟ ਦਿੱਤਾ ਦੁਖੀ ਹੋਏ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਉਹ ਪੀੜ ਜੋ ਮੈਂ ਆਪਣੇ ਦਿਲ ਤੇ ਜਰੀ ਉਹਨੂੰ ਮੈਂ ਹੀ ਮਹਿਸੂਸ ਕਰ ਸਕਦਾ ਹਾਂ। ਸਭ ਤੋਂ ਪਹਿਲਾਂ ਮੈਂ ਗਾਰਡਨ ਵਿੱਚੋਂ ਦੂਜੇ ਟਰੱਪਰ ਚੁੱਕ ਕੇ ਗਾਰਬੈਜ ਬੈਗ ਵਿੱਚ ਪਾ ਕੇ ਬਾਹਰ ਸੁੱਟ ਦਿੱਤੇ। ਜਿਸ ਟਰੱਪਰ ਤੇ ਮੇਰੀ ਨੰਨ੍ਹੀ ਜਿਹੀ ਜਿੰਦ ਸੀ ਉਹਨੂੰ ਜਾ ਕੇ ਫਿਰ ਚੈੱਕ ਕੀਤਾ ਕਿ ਉਹ ਸਿੱਧੇ ਮੂੰਹ ਤਾਂ ਨਹੀਂ ਤੇ ਉਹਨੂੰ ਮੂੰਧੇ ਮੂੰਹ ਕੀਤਾ ਕਿ ਕੋਈ ਹੋਰ ਪਰਿੰਦਾ ਉਹਦੇ ਵਿੱਚ ਨਾ ਫਸ ਜਾਵੇ।

ਦੋਸਤੋਂ ਮੈਂ ਇੱਕ ਕਾਤਲ ਹਾਂ ਉਸ ਨੰਨ੍ਹੀ ਜਾਨ ਦਾ, ਮੈਂ ਅਰਦਾਸ ਕਰਦਾ ਹਾਂ ਉਸ ਦੀ ਆਤਮਿਕ ਸ਼ਾਂਤੀ ਲਈ,  ਰੱਬ ਜੋ ਵੀ ਮੈਨੂੰ ਸਜ਼ਾ ਦੇਵੇ ਮੈਂ ਤਿਆਰ ਹਾਂ, ਵੈਸੇ ਵੀ ਇਹ ਪੀੜ ਮਿੱਠੂ ਦੇ ਮੇਮਣੇ ਵਾਂਗੂੰ ਮੈਨੂੰ ਜਿਊਣ ਨਹੀਂ ਦੇਵੇਗੀ ਮੈਂ ਰਹਿੰਦੀ ਉਮਰ ਤੱਕ ਪਸ਼ਚਾਤਾਪ ਕਰਾਂਗਾ ਅੱਗੇ ਤੋਂ ਮੇਰੇ ਕੋਲੋਂ ਕੁਝ ਇਸ ਤਰ੍ਹਾਂ ਨਾ ਹੋਵੇ ਇਹ ਅਰਦਾਸ ਕਰਾਂਗਾ।

ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਮੈਂ ਇਸ ਸਜ਼ਾ ਦਾ ਹੱਕਦਾਰ ਹਾਂ ਰੱਬ ਕਰੇ ਮੇਰਾ ਐਕਸੀਡੈਂਟ ਹੋ ਜਾਵੇ। ਹਾਰਟ ਅਟੈਕ ਹੋ ਜਾਵੇ। ਮੈਂ ਜ਼ਿੰਦਗੀ ਤੋਂ ਬਹੁਤ ਉਦਾਸ ਹਾਂ ਮੈਂ ਹੋਰ ਜਿਊਣਾ ਨਹੀਂ ਚਾਹੁੰਦਾ। ਮੈਂ ਉਸ ਨੰਨ੍ਹੀ ਦੀ ਖ਼ੂਬਸੂਰਤੀ ਕੀ ਬਿਆਨ ਕਰਾਂ ਬਰਾਊਨ ਪੰਜੇ, ਸਰੀਰ ਦਾ ਰੰਗ ਗੁਲਾਬੀ, ਖੰਭ ਕਾਲੇ ਚਿੱਟੇ, ਚੁੰਝ ਬਿਲਕੁਲ ਲਾਲ ਗੁਲਾਬੀ,  ਤੁਹਾਡੇ ਨਾਲ ਇਹ ਕਹਾਣੀ ਤਾਂ ਸ਼ੇਅਰ ਕਰ ਰਿਹਾ ਕਿ ਤੁਸੀਂ ਵੀ ਅੱਗੇ ਤੋਂ ਕੋਈ ਅਜਿਹੀ ਗਲਤੀ ਨਾ ਕਰਿਓ।

ਅਸੀਂ ਜਮੀਨਾਂ ਤੇ ਕਬਜੇ ਕਰੀ ਬੈਠੇ ਹਾਂ ਇਹ ਜਾਨਵਰ ਕਿੱਥੇ ਜਾਣ? ਕੀ ਇਨ੍ਹਾਂ ਦਾ ਕੁਦਰਤ ਤੇ ਕੋਈ ਹੱਕ ਨਹੀਂ? ਇਹ ਕਿੱਥੋਂ ਖਾਣ? ਕਿੱਥੇ ਰਹਿਣ? ਮੈਂ ਬਹੁਤ ਹੀ ਭਾਵੁਕ ਹੋ ਗਿਆ ਹਾਂ, ਲੱਗਦਾ ਹੈ ਮੈਨੂੰ ਜੋ ਤਕਲੀਫ ਜੋ ਦਰਦ ਗੁਰਸ਼ਰਨ ਚਾਲੀ ਸਾਲ ਪਹਿਲਾਂ ਦੇ ਗਈ ਸੀ,  ਉਹ ਸਾਰੇ ਜ਼ਖ਼ਮ ਫਿਰ ਤੋਂ ਤਾਜੇ ਹੋ ਗਏ ਨੇ, ਮੈਂ ਆਪਣਾ ਦੁੱਖ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਕਹਿੰਦੇ ਨੇ ਦੁੱਖ ਵੰਡਾਇਆ ਅੱਧਾ ਰਹਿ ਜਾਂਦਾ ਹੈ, ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਆਪਣੇ ਬਾਰੇ ਕੀ ਕਹਾਂ? ਮੈਂ ਬੇਈਮਾਨ ਧੋਖੇਬਾਜ਼ ਇੱਕ ਘਟੀਆ ਇਨਸਾਨ ਹਾਂ? ਵੈਸੇ ਮੈਂ ਆਪਣੇ ਆਪ ਨੂੰ ਰਹਿੰਦੀ ਜ਼ਿੰਦਗੀ ਤੱਕ ਇਨਸਾਨ ਨਹੀਂ ਇੱਕ ਹੈਵਾਨ ਕਹਾਂਗਾ। ਇਹੋ ਮੇਰੀ ਸਜ਼ਾ ਹੈ ਮੈਨੂੰ ਕਦੇ ਵੀ ਨਹੀਂ ਭੁੱਲੇਗੀ ਨੰਨ੍ਹੀ ਜਿਹੀ ਸੁਨਹਿਰੀ ਚਿੜੀ! ਬੜੇ ਦੁੱਖ ਨਾਲ ਅਲਵਿਦਾ!!

ਅੱਗੇ ਤੋਂ ਮੇਰਾ ਗਾਰਡਨ ਸਾਰੇ ਜਾਨਵਰਾਂ ਤੇ ਪੰਛੀਆਂ ਲਈ, ਜੋ ਕੁਝ ਬਚੇਗਾ ਉਹ ਮੈਂ ਖਾ ਲਵਾਂਗਾ, ਕੋਈ ਰਾਖੀ ਨਹੀਂ, ਕੋਈ ਪਹਿਰਾ ਨਹੀਂ, ਜਾਨਵਰਾਂ ਤੇ ਬਾਕੀ ਰਹਿੰਦੀ ਜ਼ਿੰਦਗੀ ਮੈਂ ਹਰ ਕਦਮ ਸੋਚ ਸੋਚ ਕੇ ਤੁਰਾਂਗਾ। ਦੋਸਤੋਂ ਇਨਸਾਨ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ। ਆਦਮੀ ਗਲਤੀਆਂ ਦਾ ਪੁਤਲਾ ਹੈ। ਇਨਸਾਨ ਉਹੀ ਜੋ ਗਲਤੀਆਂ ਤੋਂ ਸਿੱਖਦਾ ਹੈ। ਅਲਵਿਦਾ।

***
77
***
+1 (716) 908 – 3631 

About the author

ਅਮਰਜੀਤ ਚੀਮਾਂ
ਅਮਰਜੀਤ ਚੀਮਾਂ (ਯੂ.ਐਸ.ਏ.)
+1 (716) 908 3631 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →