4 December 2022

ਜੇ ਅਸੀਂ ਇਸ ਵੇਲੇ ਖੁਸ਼ ਹਾਂ ਤਾਂ ਇਹੋ ਹੀ ਸਵਰਗ ਹੈ – ਡਾ: ਗੁਰਦਿਆਲ ਸਿੰਘ ਰਾਏ

ਜੇ ਅਸੀਂ ਇਸ ਵੇਲੇ ਖੁਸ਼ ਹਾਂ ਤਾਂ ਇਹੋ ਹੀ ਸਵਰਗ ਹੈ

-ਡਾ: ਗੁਰਦਿਆਲ ਸਿੰਘ ਰਾਏ-

ਡਾ: ਗੁਰਦਿਆਲ ਸਿੰਘ ਰਾਏ ਦੀ ਇਹ ਲਿਖਤ ਪਹਿਲਾਂ “ਬਹਿਸ਼ਤ ਉੱਥੇ ਹੀ ਹੈ ਜਿੱਥੇ ਅੱਜ ਅਸੀਂ ਠੀਕ-ਠਾਕ ਹਾਂ” ਦੇ ਸਿਰਲੇਖ ਹੇਠ ਲਿਖਾਰੀ ਦੀ ਵੈਬਸਾਈਟ ਤੇ ਛਪੀ ਸੀ। ਲੇਖਕ ਨੇ ਇਸ ਪ੍ਰੇਰਨਾਦਾਇਕ ਲਿਖਤ ਜਰੀਏ ਮਨੁੱਖ ਨੂੰ “ਹੁਣ” ਵਿੱਚ ਰਹਿ ਕੇ ਜਿੰਦਗੀ ਦਾ ਆਨੰਦ ਮਾਨਣ ਦਾ ਸੁਨੇਹਾ ਦਿੱਤਾ। ਵਾਕਿਆ ਹੀ ਸਵਰਗ ਨਰਕ ਧਰਤੀ ਤੇ ਹੀ ਹਨ ਨੇ ਇਹਨਾਂ ਦਾ  ਅਹਿਸਾਸ ਕਰਨ ਲਈ ਮੌਤ ਦੀ ਊਡੀਕ ਜਰੂਰੀ ਨਹੀਂ। ਕੋਸ਼ਿਸ਼ ਹੋਵੇ ਕਿ ਜਿੰਦਗੀ ਵਿਚ ਵੱਡੀਆਂ ਪ੍ਰਾਪਤੀਆਂ ਤੇ ਵੱਡੀਆਂ ਚੀਜਾਂ ਪ੍ਰਾਪਤ ਕਰਨ ਦੀ ਦੌੜ ਵਿਚ “ਅੱਜ” ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨਾ ਵਿਸਾਰੀਏ। – ਕੰਵਰ

“Heaven is where you will be when you are okay right where you are” –Sun RA

ਸੰਸਾਰ ਦੇ ਸਾਰੇ ਧਰਮ, ਆਪਣੇ ਆਪਣੇ ਦਾਇਰਿਆਂ ਵਿੱਚ ਰਹਿੰਦਿਆਂ ‘ਨਰਕ ਅਤੇ ਬਹਿਸ਼ਤ’ ਸਬੰਧੀ ਵੱਖ ਵੱਖ ਵਿਚਾਰ ਪ੍ਰਗਟਾਉਂਦੇ ਹਨ ਪਰ ਸਾਡੀ ਇਸ ਗਲਬਾਤ ਦਾ ਮੰਤਵ ਨਾ ਤਾਂ ਇਹਨਾਂ ਧਾਰਨਾਵਾਂ ਸਬੰਧੀ ਕਿੰਤੂ-ਪਰੰਤੂ ਕਰਨਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਧਾਰਮਕ ਬਹਿਸ ਵਿੱਚ ਉਲਝਣਾ। ਸਗੋਂ ਗਲਬਾਤ ਦਾ ਧੁਰਾ ਤਾਂ ਧਾਰਮਕ ਵਿਚਾਰਧਾਰਾ ਤੋਂ ਜ਼ਰਾ ਕੁ ਵੱਖ ਹੋ ਕੇ ਕੇਵਲ ‘ਬਹਿਸ਼ਤ ਅਤੇ ਨਰਕ’ ਦੀ ਸਥਿਤੀ ਨੂੰ ਛੋਹਣਾ ਹੈ।

ਦਰਅਸਲ ਇਸ ‘ਬਹਿਸ਼ਤ’ ਅਤੇ ‘ਨਰਕ’ ਦਾ ਵੀ ਆਪਣਾ ਹੀ ਇਕ ਅਜੀਬ ‘ਕਲਪਨਾ-ਜਗਤ’ ਹੈ। ਕਿਤੇ ਹੂਰਾਂ ਹਨ ਅਤੇ ਕਿਤੇ ਦੋਜ਼ਖ ਦੀ ਅੱਗ। ‘ਕਲਪਨਾ’ ਜਾਂ ‘ਕਲਪਨਾ-ਜਗਤ’ ਇਸ ਲਈ ਆਖਿਆ ਹੈ ਕਿ ਇਹਨਾਂ ਦੀ ਅਸਲੀਅਤ ਦਾ ਕਿਸੇ ਨੂੰ ਵੀ ਪਤਾ ਨਹੀਂ। ਪਾਣੀ ਵਿੱਚ ਸੋਟੇ ਮਾਰੀ ਜਾਣਾ ਅਤੇ ‘ਕਿਆਸ’ ਕਰੀ ਜਾਣਾ ਸਾਡੇ ਵੱਸ ਦੀ ਗੱਲ ਰਹਿ ਗਈ ਹੈ। ਬਹਿਸ਼ਤ ਅਤੇ ਨਰਕ ਦੀ ਹੋਂਦ ਨੂੰ, ਮੌਤ ਉਪਰੰਤ ਲਾਜ਼ਮੀ ਆਉਣਾ, ਆਮ ਤੌਰ ਤੇ ਬਹੁਤਿਆਂ ਵੱਲੋਂ ‘ਕਿਆਸਿਆ’ ਜਾਂਦਾ ਹੈ। ਜੀਵਨ ਡਾਢਾ ਔਖਾ ਹੈ, ਮਿਹਨਤ ਮੰਗਦਾ ਹੈ। ਜੀਵਨ ਵਿਚ ਕੀ ਕੀ ਵਾਪਰ ਰਿਹਾ ਹੈ ਜਾਂ ਵਾਪਰ ਸਕਦਾ ਹੈ, ਉਸ ਦਾ ਥਹੁ-ਪਤਾ ਲਗਾਉਣ ਦੀ ਚਿੰਤਾ ਛੱਡ ਕੇ ਮੌਤ ਦੀ ਚਿੰਤਾ ਅਤੇ ਮੌਤ ਪਿੱਛੋਂ ਬਹਿਸ਼ਤ ਜਾਂ ਨਰਕ ਬਾਰੇ ਸੋਚੀ ਜਾਣਾ ਕਿੰਨਾ ਕੁ ਜਾਇਜ਼ ਹੈ?

ਜੋ ਜੰਮਿਆ ਹੈ, ਉਸਨੇ ਆਖਰ ਇਕ ਦਿਨ ਮਰਨਾ ਹੈ। ਜਨਮ, ਬਚਪਨ, ਜਵਾਨੀ ਅਤੇ ਬੁਢਾਪਾ ਜੀਵਨ ਦੇ ਪੜਾ ਹਨ। ਬੁਢਾਪੇ ਦੌਰਾਨ ਮੌਤ ਨੇ ਆ ਦਸਤਕ ਦੇਣੀ ਹੈ। ਪਰ ਜਦੋਂ ਅਜੇ ਮਰੇ ਨਹੀਂ ਅਤੇ ਹਾਲਾਂ ਬਿਲਕੁਲ ਜਿਉਂਦੇ ਜਾਗਦੇ ਹਾਂ ਤਾਂ ਕੀ ਮੌਤ ਅਤੇ ਮੌਤ ਪਿੱਛੋਂ ਮਿਲਣ ਵਾਲੇ ਨਰਕ-ਸਵਰਗ ਨੂੰ ਇੱਕ ਪਾਸੇ ਛੱਡ ਕੇ, ਅੱਜ ਦੇ ਜੀਵਨ ਬਾਰੇ ਵਿਚਾਰ ਨਾ ਕਰ ਲਈਏ?

ਪਤਾ ਨਹੀਂ ਬਜ਼ੁਰਗਾਂ ਦਾ ਕਿਆਸਿਆ, ਮੌਤ ਉਪਰੰਤ ਮਿਲਣ ਵਾਲਾ ਕੋਈ ਬਹਿਸ਼ਤ ਹੈ ਜਾਂ ਨਹੀਂ ਪਰ ਨਰਕ ਤਾਂ ਇਸੇ ਧਰਤੀ ਉੱਤੇ ਹੀ ਵੇਖਣ ਨੂੰ ਮਿਲ ਜਾਂਦਾ ਹੈ। ਇਸ ਜੀਵਨ ਵਿਚ ਨਰਕ ਵੇਖਣ ਲਈ ‘ਮਰਨ’ ਦੀ ਉਡੀਕ ਨਹੀਂ ਕਰਨੀ ਪੈਂਦੀ। ਵੇਖਣ ਵਾਲੀ ਅੱਖ ਅਤੇ ਸਹਿਣ ਵਾਲਾ ਗੁਰਦਾ ਚਾਹੀਦਾ ਹੈ। ਨਰਕ ਦੇ ਦਰਸ਼ਣ ਇੱਥੇ ਹੀ ਹੋ ਜਾਂਦੇ ਹਨ ਅਤੇ ਬਹਿਸ਼ਤਾਂ ਦੇ ਦਰ ਵੀ ਇੱਥੇ ਹੀ ਖੁਲ੍ਹਦੇ-ਭਿੜਦੇ ਨਜ਼ਰ ਆ ਜਾਂਦੇ ਹਨ।

ਦਰਅਸਲ ਜੇ ਅਸੀਂ ਹਰ ਤਰ੍ਹਾਂ ਠੀਕਠਾਕ; ਤੰਦਰੁਸਤ, ਪਰਸੰਨ, ਸੁਖੀ, ਸੰਤੁਸ਼ਟ ਹਾਂ ਅਤੇ ਪਰਵਾਰ ਚੜ੍ਹਦੀ ਕਲਾ ਵਿਚ ਹੈ; ਕੰਮਕਾਰ ਠੀਕ ਚੱਲ ਰਿਹਾ ਹੈ; ਦੰਪਤੀ ਜੀਵਨ ਸਹੀ ਹੈ; ਬੱਚੇ ਨੇਕ ਚਲਨ ਹਨ; ਤਾਂ ਬੱਸ ਇਹੋ ਹੀ ਬਹਿਸ਼ਤ ਹੈ।

ਜੇ ਅਸੀਂ ਦੁਖੀ ਹਾਂ, ਪੀੜਾਂ ਵਿਚ ਗ੍ਰਸੇ ਹੋਏ ਹਾਂ; ਲੋੜਾਂ-ਥੋੜਾਂ ਦੇ ਝੰਬੇ ਹੋਏ ਹਾਂ; ਬਿਮਾਰ ਜਾਂ ਅਪੰਗ ਹਾਂ; ਰੋਟੀ-ਕਪੜੇ ਅਤੇ ਛੱਤ ਦੀ ਚਿੰਤਾ ਰਾਤ-ਦਿਨ ਸਤਾਉਂਦੀ ਹੈ ਤਾਂ ਸਮਝੋ ਅਸੀਂ ਨਰਕ ਭੋਗ ਰਹੇ ਹਾਂ। ਇਸ ਸੰਸਾਰ ਵਿਚ ਜੇ ਜੀਵਨ ਸੁੱਖਾਂ ਵਿਚ ਵਿਚਰਦਿਆਂ ਬੀਤ ਰਿਹਾ ਹੈ ਤਾਂ ਬਹਿਸ਼ਤ ਅਤੇ ਜੇ ਦੁੱਖਾਂ ਵਿਚ ਵਿਚਰਦਿਆਂ ਬੀਤ ਰਿਹਾ ਹੈ ਤਾਂ ਨਰਕ।

ਆਪਣੇ ਆਪੇ ਤੋਂ ਜ਼ਰਾ ਕੁ ਅਗ੍ਹਾਂ ਵਧ ਕੇ ਇਸ ਸੰਸਾਰ ਵੱਲ ਵੇਖਿਆਂ ਨਰਕਾਂ-ਸਵਰਗਾਂ ਦੇ ਸਾਖਿਆਤ ਦਰਸ਼ਣ ਹੋ ਜਾਂਦੇ ਹਨ। ਗੱਲ ਤਾਂ ਕੇਵਲ ਇੰਨੀ ਕੁ ਹੀ ਹੈ ਕਿ ਸਾਡੇ ਅਹਿਸਾਸ ਕਿੰਨੇ ਕੁ ਜਿ਼ੰਦਾ ਅਤੇ ਦਿਲ-ਗੁਰਦੇ ਵਾਲੇ ਹਨ। ਨਰਕ ਅਤੇ ਸਵਰਗ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਜੀਵਨ ਹੈ ਤਾਂ ਇਹ ਦੁੱਖ-ਸੁੱਖ, ਘਾਟਾਂ-ਵਾਧਾਂ, ਬਿਮਾਰੀ-ਤੰਦਰੁਸਤੀ, ਪਰਸੰਨਤਾ-ਅਪਰਸੰਨਤਾ, ਸਭ ਕੁਝ ਚਲਦਾ ਹੀ ਰਹਿਣਾ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਜੀਵਨ ਵਿਚ ਇਕਸਾਰਤਾ ਅਤੇ ਇਕਸੁਰਤਾ ਕਿਵੇਂ ਕਾਇਮ ਰੱਖੀ ਜਾਵੇ? ਕੀ ਕੀਤਾ ਜਾਵੇ ਕਿ ਤੰਗੀਆਂ-ਤੁਰਸ਼ੀਆਂ ਅਤੇ ਔਖਿਆਈਆਂ ਭਰਿਆ ਜੀਵਨ ਭੋਗਦਿਆਂ ਹੋਇਆਂ ਵੀ ਸਵਰਗੀ ਜੀਵਨ ਦੇ ਝੂਟੇ ਲਏ ਜਾ ਸਕਣ? ਸੋਚ ਰਹੇ ਹੋਵੋਗੇ ਕਿ ਸ਼ਾਇਦ ਕੋਈ ‘ਅਲਾਦੀਨ ਦਾ ਚਿਰਾਗ਼’ ਹੱਥ ਲੱਗ ਜਾਵੇਗਾ, ਲੱਭ ਪਵੇਗਾ। ਨਹੀਂ, ਅਜਿਹਾ ਕੁਝ ਨਹੀਂ ਹੋਣਾ। ਹਰ ਇਕ ਨੂੰ ਆਪਣਾ ਆਪਣਾ ‘ਅਲਾਦੀਨ ਦਾ ਚਿਰਾਗ’ ਆਪ ਹੀ ਤਿਆਰ ਕਰਨਾ ਪਵੇਗਾ। ਇਹ ਸਭ ਸਾਡੇ ਆਪਣੇ ਹੱਥ-ਵੱਸ ਹੈ, ਕਿਸੇ ਹੋਰ ਦੇ ਨਹੀਂ। ਪਰ ਹਾਂ, ਕਦੇ ਕੋਈ ਪੜ੍ਹੀ ਜਾਂ ਕਿਸੇ ਦੀ ਆਖੀ ਹੋਈ ਗੱਲ ਸਾਨੂੰ ਟੁੰਬਦਿਆਂ ਹੋਇਆਂ ਕੁਝ ਕਰਨ ਲਈ ਪਰੇਰ ਜ਼ਰੂਰ ਸਕਦੀ ਹੈ; ਰਾਹ-ਦਸੇਰਾ ਬਣ ਸਕਦੀ ਹੈ; ਉੱਦਮ ਸਾਨੂੰ ਆਪ ਹੀ ਕਰਨਾ ਪੈਣਾ ਹੈ।

ਜਾਨਵਰਾਂ ਦੀ ਜੱਤ ਵਾਲੀ ਖੱਲ, ਜਿਸ ਨੂੰ ‘ਫਰ’ ਆਖਿਆ ਜਾਂਦਾ ਹੈ, ਨੂੰ ਲੰਮੇ ਸਮੇਂ ਤੋਂ ਪਹਿਰਾਵੇ ਵਜੋਂ ਵਰਤਿਆ ਜਾ ਰਿਹਾ ਹੈ। ਮਿੰਕ ਨਿਉਲੇ ਦੀ ਸ਼੍ਰੇਣੀ ਦਾ ਇਕ ਜਾਨਵਰ ਹੈ। ਉਸਦੀ ਫਰ ਬਹੁਤ ਮਹਿੰਗੀ ਹੁੰਦੀ ਹੈ। ਸ਼ਿਕਾਰੀ ਡੰਡਿਆਂ ਨਾਲ ਲੈਸ ਹੋ ਕੇ ਮਿੰਕ ਉੱਤੇ ਹਮਲਾ ਕਰਦਾ ਹੈ। ਮਿੰਕ ਆਪਣੇ ਬਚਾਓ ਲਈ ਹੱਥ-ਪੈਰ ਤਾਂ ਮਾਰਦਾ ਹੈ ਪਰ ਫਿਰ ਵੀ ਕਾਬੂ ਆ ਜਾਂਦਾ ਹੈ। ਕੁੱਟ ਖਾਂਦਾ ਹੈ; ਮਾਰ ਨਾਲ ਚੀਖ਼ਦਾ ਚਿਲਾਉਂਦਾ ਹੈ ਅਤੇ ਅੰਤ ਪ੍ਰਾਣ ਤਿਆਗ ਦਿੰਦਾ ਹੈ। ਉਹ ਜੀਵ ਤਸੀਹੇ ਝੱਲਦਾ ਹੈ ਕਿਉਂਕਿ ਉਹ ਆਪਣੇ ਨਾਲੋਂ ਡਾਢੇ ਜੀਵ ‘ਮਨੁੱਖ’ ਦੇ ਵੱਸ ਪਿਆ ਹੋਇਆ ਹੁੰਦਾ ਹੈ। ਪਰ ਮਨੁੱਖ ਅਜਿਹੀ ਹੋਣੀ ਕਿਉਂ ਭੋਗੇ?

ਜੋ ਕੁਝ ਵੀ ਸਾਡੇ ਨਾਲ ਜਾਂ ਸਾਡੇ ਆਸੇ ਪਾਸੇ ਜਾਂ ਕਿਸੇ ਹੋਰ ਪਾਸੇ ਗਲਤ ਵਾਪਰ ਰਿਹਾ ਹੈ, ਜਿਸ ਨੇ ਸਾਡਾ ਜਾਂ ਕਿਸੇ ਹੋਰ ਦਾ ਜੀਵਨ ਨਰਕ ਬਣਾਇਆ ਹੋਇਆ ਹੈ; ਉਸ ਨੂੰ ਰੋਕਣਾ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ। ਇਹ ਜਤਨ ਹਮੇਸ਼ਾ ਜਾਰੀ ਰਹਿਣੇ ਚਾਹੀਦੇ ਹਨ। ਇਹ ਮਨੁੱਖ ਦੀ ਹੋਣੀ ਹੈ, ਮਨੁੱਖੀ ਜੀਵਨ ਦਾ ਸੱਚ ਹੈ। ਇਸ ਸੱਚ ਤੋਂ ਲੁਕਦਿਆਂ ਆਪਣੀ ਕਿਸਮਤ ਨੂੰ ਕੋਸਦੇ ਰਹਿਣਾ ਦਾਨਸ਼ਮੰਦੀ ਨਹੀਂ। ਨਾਲ ਦੀ ਨਾਲ ਸਾਨੂੰ ਆਪ ਵੀ ਹਰ ਵੇਲੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪ ਅਜਿਹਾ ਕੋਈ ਕਰਮ ਨਾ ਕਰੀਏ ਜਿਸ ਨਾਲ ਕਿਸੇ ਦਾ ਦਿਲ ਦੁਖੇ, ਉਸਦੀ ਜਿ਼ੰਦਗੀ ਨਰਕ ਬਣੇ। ਕਿਸੇ ਗਰਜ਼ਮੰਦ ਦੀ ਮਦਦ ਕਰ ਦੇਣੀ, ਲੋੜ ਵੇਲੇ ਕਿਸੇ ਦੇ ਕੰਮ ਆ ਜਾਣਾ, ਦੁਖ-ਸੁਖ ਵੇਲੇ ਖਬਰਸਾਰ ਲੈ ਲੈਣੀ; ਇਹ ਨਿੱਕੀਆਂ ਨਿੱਕੀਆਂ ਗੱਲਾਂ ਹਨ ਜੋ ਮੁਰਝਾਏ ਚਿਹਰਿਆਂ ਉੱਤੇ ਮੁਸਕਰਾਹਟ ਲਿਆ ਸਕਦੀਆਂ ਹਨ।

ਉਪਭੋਗਤਾਵਾਦ ਨੇ ਅੱਜ ਦੇ ਮਨੁੱਖ ਨੂੰ ਵਸਤਾਂ ਇਕੱਤਰ ਕਰਨ ਦੀ ਦੌੜ ਵਿਚ ਲਾਇਆ ਹੋਇਆ ਹੈ। ਇਸ ਦੌੜ ਵਿਚ ਉਹ ਹੰਭ ਹੀ ਨਹੀਂ ਰਿਹਾ, ਹਫ ਵੀ ਰਿਹਾ ਹੈ। ਹਫੇ ਹੋਏ ਮਨੁੱਖ ਦੇ ਸਾਹਾਂ ਦੀ ਲੜੀ ਕਿਸੇ ਵੇਲੇ ਵੀ ਟੁੱਟ ਸਕਦੀ ਹੈ। ਮਹਿੰਗੀਆਂ ਕਾਰਾਂ ਜਾਂ ਮਹਿੰਗੇ ਘਰ ਖਰੀਦਣ ਲਈ ਦੌੜ ਭੱਜ ਕਰਦਿਆਂ ਜੇ ਪਰਵਾਰ ਖਿੰਡ-ਪੁੰਡ ਗਿਆ ਤਾਂ ਪੱਲੇ ਕੀ ਰਹਿ ਗਿਆ?

ਮੌਤ ਪਿੱਛੋਂ ਮਿਲਣ ਵਾਲੇ ਕਿਸੇ ਵੀ ਬਹਿਸ਼ਤ ਜਾਂ ਨਰਕ ਦੀ ਚਿੰਤਾ ਛੱਡ ਕੇ ‘ਅੱਜ’ ਦੇ ਸਨਮੁੱਖ ਬਲਵਾਨ ਬਣ ਕੇ ਖੜ੍ਹਨ ਦੀ ਲੋੜ ਹੈ। ਕਹਿਣਾ ਸੌਖਾ ਹੈ ਅਤੇ ਕਰਨਾ ਔਖਾ। ਔਖਾ ਹੈ, ਪਰ ਅਸੰਭਵ ਨਹੀਂ।

ਬੀਤੇ ਜਾਂ ਆਉਣ ਵਾਲੇ ਕੱਲ੍ਹ ਦੀ ਚਿੰਤਾ ਤਿਆਗ ਕੇ ‘ਅੱਜ’ ਨੂੰ ਆਪਣੀ ਮੁੱਠ ਵਿਚ ਫੜਨ ਦਾ ਜਤਨ ਕਰੀਏ। ‘ਹੁਣ‘ ਦੇ ਪਲ ਨੂੰ ਆਪਣੇ ਹੱਥ ਵਿਚੋਂ ਕਿਰਨ ਨਾ ਦੇਈਏ। ਸਾਡਾ ਭਲਾ ਇਸੇ ਗੱਲ ਵਿਚ ਹੈ ਕਿ ਅਸੀਂ ਸਤਰਕ ਹੋਈਏ ਅਤੇ ਆਪਣੇ ਆਪ ਨੂੰ ਕੋਸਣਾ ਛੱਡ ਦੇਈਏ। ਮੌਤ ਤੋਂ ਉਪਰੰਤ ਨਸੀਬ ਹੋਣ ਵਾਲੇ ਕਲਪਿਤ ਨਰਕ-ਸਵਰਗ ਦੀ ਚਿੰਤਾ ਤਿਆਗ ਕੇ ਆਪਣੇ ਅਤੇ ਹੋਰਨਾਂ ਦੇ ਅੱਜ ਦੇ ਨਰਕ ਨੂੰ ਸਵਰਗ ਵਿਚ ਬਦਲਣ ਦਾ ਜਤਨ ਕਰੀਏ।

ਸਬਰ-ਸੰਤੋਖ ਦਾ ਕੋਈ ਬਦਲ ਨਹੀਂ। ਗੱਲ ਪਾਣੀ ਦੇ ਅੱਧੇ ਗਲਾਸ ਨੂੰ ਅੱਧਾ ਭਰਿਆ ਜਾਂ ਅੱਧਾ ਖਾਲੀ ਸਮਝਣ ਦੀ ਹੈ। ਜੇ ਅਸੀਂ ਅੱਜ ਜੋ ਕੁਝ ਵੀ ਹਾਂ, ਜਿੱਥੇ ਵੀ ਹਾਂ ਅਤੇ ਜਿਵੇਂ ਵੀ ਹਾਂ, ਉਸੇ ਵਿਚ ਸੰਤੁਸ਼ਟੀ ਅਨੁਭਵ ਕਰਨਾ ਸਿੱਖ ਲਈਏ ਤਾਂ ਸਾਨੂੰ ਕਿਸੇ ਤੋਂ ਮੂੰਹ ਲੁਕਾਉਣ, ਹੀਣਾ ਜਾਂ ਊਣਾ ਸਮਝਣ ਦੀ ਕਦੇ ਵੀ ਲੋੜ ਨਹੀਂ ਪਵੇਗੀ। ਅਤੇ ਨਾਲ ਹੀ ਜੇ ਅਸੀਂ ਦੂਸਰਿਆਂ ਵੱਲ ਦੇਖ ਦੇਖ ਕੇ ਝੂਰਨਾ ਛੱਡ ਦੇਈਏ ਤਾਂ ਸਾਡੀਆਂ ਬਹੁਤ ਸਾਰੀਆਂ ਆਪੇ ਸਹੇੜੀਆਂ ਗਮੀਆਂ ਖੁਸ਼ੀ ਵਿਚ ਬਦਲ ਸਕਦੀਆਂ ਹਨ। ਜੇ ਅਸੀਂ ਇਸ ਵੇਲੇ ਖੁਸ਼ ਹਾਂ ਤਾਂ ਇਹੋ ਹੀ ਸਵਰਗ ਹੈ।

**

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 24 ਫਰਵਰੀ 2006)
(ਦੂਜੀ ਵਾਰ 13 ਅਕਤੂਬਰ 2021)

***
436
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ