7 December 2024

ਚਾਰ ਗ਼ਜ਼ਲਾਂ – ਗੁਰਦਾਸ ਸਿੰਘ ਪਰਮਾਰ (ਯੂ.ਕੇ.)

ਚਾਰ ਗ਼ਜ਼ਲਾਂ

ਗੁਰਦਾਸ ਸਿੰਘ ਪਰਮਾਰ (ਯੂ.ਕੇ.)
ਬਹੁ-ਪਖੀ ਪੰਜਾਬੀ ਲੇਖਕ ਸ: ਗੁਰਦਾਸ ਸਿੰਘ ਪਰਮਾਰ ਕਿਸੇ ਤਰ੍ਹਾਂ ਦੀ ਰਸਮੀ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਉਹ ਇਕ ਪ੍ਰਭਾਵਸ਼ਾਲੀ ਸ਼ੈਲੀ ਵਰਤਣ ਵਾਲਾ ਵਾਰਤਕ ਲਿਖਾਰੀ, ਕਹਾਣੀਕਾਰ, ਬਾ-ਦਲੀਲ ਸੰਤੁਲਤ ਆਲੋਚਕ ਅਤੇ ਉਸਤਾਦ ਗ਼ਜ਼ਲ-ਗੋਅ ਹੈ। ਉਸਦੀਆਂ ਅਗ੍ਹਾਂ ਦਰਜ ਚਾਰ ਨਵੀਆਂ ਗ਼ਜ਼ਲਾਂ ਵਿਸ਼ੇ ਅਤੇ ਰੂਪ ਵਜੋਂ ਲਾਜਵਾਬ ਅਤੇ ਸਾਦਾ ਹੁੰਦੀਆਂ ਹੋਈਆਂ ਵੀ ਕਿੰਨੀ ਸਹਿਜ ਵਾਲੀ ਰਵਾਨਗੀ ਨਾਲ ਕਿੰਨਾ ਕੁਝ ਕਹਿ ਜਾਂਦੀਆਂ ਹਨ। ਅਧਿਆਤਮ ਅਤੇ ਪਰਮਾਰਥ ਦੇ ਰਾਹ-ਦਸੇਰੇ ਵਜੋਂ ਇੰਨੇ ਘੱਟ ਸ਼ਬਦਾਂ ਵਿਚ “ਕੁੱਜੇ ਵਿਚ ਸਮੁੰਦਰ ਬੰਦ ਕਰਕੇ ਵਿਖਾਉਣ” ਵਾਲੀਆਂ ਗ਼ਜ਼ਲਾਂ ਪੇਸ਼ ਹਨ।—-ਲਿਖਾਰੀ

ਇੱਕ:
ਉੱਕਰੀ  ਹੋਈ ਮੈਂ  ਅਰਸ਼  ਤੇ  ਦੈਵੀ ਤਹਿਰੀਰ ਹਾਂ।
ਮਿਟਣਾ  ਨਹੀਂ  ਪੱਥਰ  ਤੇ ਮੈਂ  ਖਿੱਚੀ  ਲਕੀਰ ਹਾਂ।

ਮੈਂ  ਆਤਮਾ  ਹਾਂ  ਅਮਰ  ਹਾਂ  ਮੈਂ  ਹੀ  ਜ਼ਮੀਰ ਹਾਂ,
ਮਰਦੇ  ਤਾਂ  ਕੇਵਲ  ਜਿਸਮ  ਨੇ  ਮੈਂ ਬੇ ਸਰੀਰ ਹਾਂ।

ਵੱਜਦਾ   ਹਾਂ   ਠੀਕ  ਥਾਂ   ਤੇ   ਖੁੰਝਦਾ  ਨਹੀਂ ਕਦੇ,
ਛੱਡਦਾ ਹਾਂ ਜਦ ਕਮਾਨ ਮੈਂ ਅਰਜਨ ਦਾ ਤੀਰ ਹਾਂ।

ਮੈਲਾ  ਮੈਂ ਭਾਵੇਂ  ਹੋ ਗਿਆ  ਕਰਮਾਂ ਦੀ ਮੈਲ ਨਾਲ,
ਅਸਲੇ ਦਾ  ਮੈਂ ਪਰ  ਪਾਕ ਹਾਂ ਗੰਗਾ ਦਾ ਨੀਰ ਹਾਂ।

ਜੇ ਅਜ ਨਹੀਂ ਤਾਂ  ਕਲ੍ਹ ਸਹੀ,  ਬਣਨਾ ਹੈ ਮੈਂ ਖੁਦਾ,
ਕਿਓਂ ਜੋ  ਮੈਂ ਉਸ ਦੀ ਅੰਸ਼ ਹਾਂ ਉਸ ਦਾ ਖ਼ਮੀਰ ਹਾਂ।

ਖ਼ਬਰੇ   ਕਿਓਂ    ਹੈ    ਜਾਪਦਾ   ਮੈਂਨੂ   ਕਦੇ   ਕਦੇ,
ਮੈਂ   ਆਦ   ਹਾਂ   ਸੰਸਾਰ   ਦਾ   ਮੈਂ ਹੀ ਅਖੀਰ ਹਾਂ।

ਮੈਂ  ਬੰਧਨਾਂ  ਤੋਂ ਮੁਕਤ  ਹਾਂ ਖਾਹਸ਼ਾਂ  ਤੋਂ ਵੀ  ਆਜ਼ਾਦ,
ਮੈਂ ਹੀ ਹਾਂ ਅਸਲੀ ਸ਼ਹਿਨਸ਼ਾਹ ਕਿਓਂਕਿ ਫ਼ਕੀਰ ਹਾਂ।

****

ਦੋ:

ਕਦਮ   ਇਸ਼ਕ   ਇਮਾਨ  ਦੀ  ਗਲੀ ਅੰਦਰ,
ਜਦ ਤੋਂ  ਧਰੇ   ਤਾਂ  ਜੀਣ ਦਾ ਮਜ਼ਾ ਆਇਆ।
ਤੇਰੇ   ਨੈਣਾਂ   ਦੇ   ਤੀਰਾਂ   ਦੀ   ਚੋਟ   ਖਾ  ਕੇ,
ਜਿਸ ਦਿਨ ਮਰੇ ਤਾਂ ਜੀਣ ਦਾ ਮਜ਼ਾ ਆਇਆ।

ਸੁਹਣੇ    ਸੱਜਣਾਂ    ਤੇਰੇ     ਵਿਯੋਗ   ਅੰਦਰ,
ਹੌਕੇ ਭਰੇ ਤਾਂ   ਜੀਣ    ਦਾ   ਮਜ਼ਾ  ਆਇਆ।
ਸੁੱਕ   ਗਏ    ਸਨ   ਪਿਆਰ    ਦੇ   ਜੋ   ਬੂਟੇ,
ਹੋਏ   ਹਰੇ   ਤਾਂ   ਜੀਣ   ਦਾ  ਮਜ਼ਾ ਆਇਆ।

ਐਵੇਂ    ਜਿਦਾਂ    ਪੁਗਾ     ਕੇ    ਸਮਝਦੇ    ਸਾਂ,
ਸਾਡੀ    ਜਿਤ    ਹੋਈ    ਸਾਡੀ   ਜਿਤ    ਹੋਈ।
ਪਰ   ਜਦ   ਪਿਆਰ ਦੀ ਸ਼ੀਰੀ ਸ਼ਮਸ਼ੀਰ ਵੱਜੀ,
ਆਪਾਂ    ਹਰੇ    ਤਾਂ   ਜੀਣ ਦਾ ਮਜ਼ਾ ਅਇਆ।

ਡੁਬ    ਜਾਣ    ਦਾ  ਭੈਅ    ਸੀ ਜਿ਼ਹਨ   ਅੰਦਰ,
ਖੜ    ਕੇ    ਸੋਚਦੇ    ਰਹੇ    ਕਿਨਾਰਿਆਂ    ਤੇ।
ਕਰਕੇ    ਹੌਸਲਾ    ਪਿਆਰ   ਦੇ  ਸਿੰਧ   ਅੰਦਰ,
ਜਿਸ  ਦਿਨ ਤਰੇ ਤਾਂ  ਜੀਣ ਦਾ ਮਜ਼ਾ  ਆਇਆ।

ਚੜ੍ਹਕੇ     ਅੰਬਰਾਂ    ਤੇ     ਫੋਕੇ   ਗਰਜਦੇ   ਸਾਂ,
ਮਾਰੂਥਲ     ਸਨ    ਤਰਸਦੇ   ਪਾਣੀਆਂ     ਨੂੰ।
ਮਿਲਿਆ    ਨੀਰ   ਤਾਂ    ਰੱਜ   ਕੇ  ਖੂਬ   ਪੀਤਾ,
ਤੇ   ਫਿਰ   ਵਰ੍ਹੇ ਤਾਂ   ਜੀਣ ਦਾ   ਮਜ਼ਾ ਆਇਆ।

*****

ਤਿੰਨ:

ਹੋਂਦ   ਤੇਰੀ    ਨਾਲ  ਜਾਂਦੀ   ਹੈ ਜਿਧਰ    ਜਾਂਦਾ    ਹਾਂ ਮੈਂ।
ਇਸ ਲਈ ਤਾਂ ਅਗਨੀਆਂ  ਵਿੱਚ ਦੀ ਗੁਜ਼ਰ  ਜਾਂਦਾ ਹਾਂ ਮੈਂ।

ਮੱਚਦੇ    ਭਾਂਬੜ    ਚੁਫੇਰੇ    ਨਫ਼ਰਤਾਂ     ਦੀ    ਅੱਗ   ਦੇ,
ਚੈਨ    ਮਿਲ   ਜਾਂਦੈ   ਜਦੋਂ    ਵੀ  ਤੇਰੇ ਦਰ  ਜਾਂਦਾ ਹਾਂ ਮੈਂ।

ਤੰਗੀਆਂ    ਦੁਖ    ਦਰਦ   ਤਾਂ   ਮੇਰੇ   ਲਈ  ਵਰਦਾਨ ਨੇ,
ਜਦ    ਕਦੇ ਆਓਂਦੇ ਨੇ ਤਾਂ ਕੁਝ ਕੁਝ ਸੁਧਰ  ਜਾਂਦਾ ਹਾਂ ਮੈਂ।

ਬੁਲਬਲਾ   ਪਾਣੀ   ਦਾ    ਹਾਂ  ਇਕ ਭਾਵ ਹਾਂ ਸੂਖਮ ਜਿਹਾ,
ਪਲ ‘ਚ ਜੀ ਪੈਂਦਾ ਹਾਂ ਮੈਂ ਤੇ ਪਲ ਭਰ ‘ਚ ਮਰ ਜਾਂਦਾ ਹਾਂ ਮੈਂ।

ਭਾਲ   ਤੇਰੀ   ਦਿਲਬਰਾ   ਕਰਦਾ  ਹਾਂ ਮੈਂ ਹਰ ਜਨਮ ਵਿਚ,
ਧਰਤ ਅੰਬਰ ਤੇ  ਖਿਲਾਅ ਵਿਚ  ਦਰ ਬਦਰ  ਜਾਂਦਾ ਹਾਂ ਮੈਂ।

ਹੈ ਕਠਨ   ਪਰ   ਫੇਰ   ਵੀ   ਮੈਂ ਲੱਭਣਾ ਚਾਹਨਾਂ ਇਹ ਭੇਦ,
ਕਿਸ  ਤਰ੍ਹਾਂ   ਜੀਉਂਦਾ   ਹਾਂ ਤੇ  ਮਰਕੇ ਕਿਧਰ ਜਾਂਦਾ ਹਾਂ ਮੈਂ।

ਜਾਪਦਾ   ਬ੍ਰਹਿਮੰਡ    ਮੈਂ    ਸਾਰੇ   ਦਾ   ਸਾਰਾ   ਆਪ   ਹਾਂ,
ਜਦ ਕਦੇ   ਅਵਚੇਤ   ਮਨ   ਅੰਦਰ  ਉਤਰ   ਜਾਂਦਾ ਹਾਂ ਮੈਂ।

ਜਾਣ ਦਾ   ਹਾਂ   ਰਾਹ   ਬਿਖੜਾ   ਹੈ   ਗਲੀ   ਤੇਰੀ ਦਾ ਪਰ,
ਫਿਰ ਵੀ   ਜਾਂਦਾ   ਹਾਂ ਤਲੀ   ਤੇ ਸੀਸ   ਧਰ   ਜਾਂਦਾ ਹਾਂ ਮੈਂ।

ਚੁੱਪ    ਦਾ ਸੰਗੀਤ   ਜਦ   ਮਸਤਕ   ‘ਚ ਆ   ਕੇ  ਗੂੰਜਦਾ,
ਰੌਸ਼ਨੀ   ਬਣ    ਅੰਬਰਾਂ   ਉੱਤੇ   ਬਿਖਰ   ਜਾਂਦਾ   ਹਾਂ   ਮੈਂ।

****

ਚਾਰ:

ਅਸਾਂ ਤਾਂ ਆਸ ਦਾ ਦੀਪਕ   ਜਗਾ ਕੇ ਰੱਖਿਆ  ਹੈ।
ਮਿਲੇਗੀ   ਖ਼ੈਰ   ਵੀ   ਕਾਸਾ ਉਠਾ ਕੇ ਰੱਖਿਆ  ਹੈ।

ਅਖ਼ੀਰ   ਭੇਦ  ਉਹ   ਅੱਖੀਆਂ  ਨੇ ਖੋਲ੍ਹ  ਹੀ  ਦਿੱਤਾ,
ਬੜੀ  ਜੋ  ਦੇਰ  ਤੋਂ  ਦਿਲ    ਛੁਪਾ  ਕੇ  ਰੱਖਿਆ  ਹੈ।

ਇੱਕਲੇ   ਰੋਂਦਿਆਂ   ਡਿੱਠਾ     ਮੈਂ ਇਕ ਦਿਨ ਉਸ ਨੂੰ,
ਸਮੁੱਚੇ ਜੱਗ   ਨੂੰ     ਜਿਸ   ਨੇ ਹਿਸਾ ਕੇ ਰੱਖਿਆ ਹੈ।

ਅਖੀਰੀ ਵਕਤ  ਉਹ     ਗਰਦਨ ਉਠਾ ਕੇ  ਜਾਵੇਗਾ,
ਸਦਾ ਹੀ   ਸੀਸ    ਨੂੰ ਜਿਸ  ਨੇ ਝੁਕਾ ਕੇ ਰੱਖਿਆ  ਹੈ।

ਖ਼ੁਦਾ   ਦਾ   ਪੁੱਤ   ਹੋਣਾ ਹੈ   ਜਾਂ  ਫਿਰ ਖ਼ੁਦਾ ਖ਼ੁਦ ਹੀ,
ਕਦਮ ਜਿਸ ਕਤਲਗਾਹ ‘ਚ ਮੁਸਕਰਾ ਕੇ ਰੱਖਿਆ ਹੈ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2 ਜਨਵਰੀ 2003)
(ਦੂਜੀ ਵਾਰ 7 ਅਕਤੂਬਰ 2021)

***
420
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਦਾਸ ਸਿੰਘ ਪਰਮਾਰ (ਯੂ.ਕੇ.)

View all posts by ਗੁਰਦਾਸ ਸਿੰਘ ਪਰਮਾਰ (ਯੂ.ਕੇ.) →