27 April 2024

ਗ਼ਜ਼ਲਾਂ ਤੇ ਗੀਤ—ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

1. *ਗ਼ਜ਼ਲ*

ਮੈਨੂੰ ਮੇਰੇ ਦੁਸ਼ਮਣ ਚੰਗੇ ਲਗਦੇ ਨੇ।
ਯਾਰ ਦਿਲਾਂ ਵਿੱਚ ਪ੍ਰੇਮ ਦੇ ਦੀਵੇ ਜਗਦੇ ਨੇ।

ਆਪਣੇ ਤਾਂ ਬਣ ਗਏ ਨੇ ਪੁੱਤਰ ਪੈਸੇ ਦੇ
ਦਿਨ-ਰਾਤੀਂ ਜੋ ਮੈਨੂੰ ਰਹਿੰਦੇ ਠੱਗਦੇ ਨੇ।

ਮਿੱਠੇ ਫ਼ਲ ਨੂੰ ਵੱਟੇ ਵੱਜਣ ਭੁੱਲ ਗਏ
ਵਹਿਣ ਤਾਂ ਨੀਵੇਂ ਪਾਸੇ ਵੱਲ ਹੀ ਵਗਦੇ ਨੇ।

ਅਣਖ, ਜ਼ਮੀਰਾਂ, ਕੋਲ ਜਿਨ੍ਹਾਂ ਦੇ ਹਿੰਮਤ ਹੈ
ਸੂਰਜ ਵਾਂਗਰ ਰਹਿੰਦੇ ਜਗਦੇ-ਮਘਦੇ ਨੇ।

ਜਿਸਦੇ ਪੱਲੇ ਹੋਵੇ ਪਿਆਰ ਮੁਹੱਬਤ ਜੀ
ਸਚਿਆਰਾਂ ਵਿੱਚ ਬੈਠੈ ਓਹੀਓ ਫੱਬਦੇ ਨੇ।

ਸੁਣ ਲਖਵਿੰਦਰ ਕਰ ਨਾ ਭਰੋਸਾ ਉਹਨਾਂ ਤੇ
ਵਾਕਿਫ਼ ਜੋ ਤੇਰੀ ਹਰ ਇੱਕ ਰਗ-ਰਗ ਦੇ ਨੇ।
***

2. *ਗ਼ਜ਼ਲ*

ਰੁੱਖ ਤੇ ਪਾਣੀ ਦੀ ਸੰਭਾਲ ਕਰੀਏ।
ਆਉ ਇਕੱਠੇ ਹੋ ਕੇ ਕਮਾਲ ਕਰੀਏ।

ਧਰਤ ਜ਼ਰਾ ਵੀ ਜ਼ਹਿਰੀਲੀ ਨਾ ਹੋਵੇ,
ਵਾਤਾਵਰਨ ਦਾ ਮਿਲ ਕੇ ਖਿਆਲ ਕਰੀਏ।

ਕੁਦਰਤ ਦੇ ਰੰਗਾ ਵਿੱਚ ਰੰਗੇ ਜਾਈਏ
ਵਿਹੜਾ ਵਿਰਸੇ ਦਾ ਖੁਸ਼ਹਾਲ ਕਰੀਏ।

ਡੁੱਬੇ ਬੇੜੇ ਯਾਰ ਕਿਨਾਰੇ ਲੈ ਆਈਏ
ਸੱਚੀ ਸੁੱਚੀ ਸੇਵਾ ਹਰ ਹਾਲ ਕਰੀਏ।

ਆਦਤ ਰੁੱਖ ਲਗਾਉਣਾ ਦੀ ਪਾਈਏ
ਮਿਲ ਜੁਲ ਕੇ ਸੁੱਖਾਂ ਦੀ ਭਾਲ ਕਰੀਏ।

ਹੱਥੋਂ ਨਿਕਲ ਕਿਤੇ ਨਾ ਜਾਏ ਵੇਲਾ
ਰਲਕੇ ਲੱਖੇ ਜੱਗ ਬਹਾਲ ਕਰੀਏ।
***

3. *ਚੋਗ ਚੁਗਾਵਾਂ*

ਦਿਲ ਕਰਦਾ ਹੈ ਭੁੱਲ ਕੇ ਸਭ ਆਪਣੀਆਂ ਲੋੜਾਂ ਨੂੰ।
ਮੈਂ ਤਲੀਆਂ ਤੇ ਚੋਗ ਚੁਗਾਵਾਂ ਚਿੜੀਆਂ ਮੋਰਾਂ ਨੂੰ।

ਘੁੱਗੀ, ਗਟਾਰ ਜਾਂ ਤਿੱਤਰ-ਬਟੇਰੇ, ਉੱਲੂ ਤੋਤੇ ਨੂੰ,
ਬਗਲਾ, ਹੰਸ ਤੇ ਇੱਲਾਂ,ਬਿੱਜੜੇ, ਬਾਜ਼ ਜਿਨੌਰਾਂ ਨੂੰ।

ਕਦੇ ਕਬੂਤਰ, ਕੋਇਲ, ਪਪੀਹੇ ਦੀ ਮੈੰ ਸਾਰ ਲਵਾਂ,
ਛੱਡ ਕੇ ਮੇਰੇ ਦੇਸ਼ ਦੇ ਲੀਡਰ ਰਿਸ਼ਵਤ-ਖੋਰਾਂ ਨੂੰ।

ਤਨ ਦਾ ਮਾਸ ਵੀ ਅਰਪਣ ਕਾਵਾਂ ਨੂੰ ਮੈੰ ਕਰ ਦੇਵਾਂ,
ਤਿਆਗ ਸਾਰੇ ਸੁੱਖ ਆਪਣੇ ਮੈਂ ਸੁੱਖ ਦੇਵਾਂ ਹੋਰਾਂ ਨੂੰ।

ਆਪਣੇ ਸੁੱਖਾਂ ਦੇ ਲਈ ਸਾਰੇ ਦੌੜੇ ਫਿਰਦੇ ਨੇ,
ਹੋਵਾਂ ਵੇਖ ਹੈਰਾਨ ਲੋਕਾਂ ਦੀਆਂ ਬਦਲੀਆਂ ਤੋਰਾਂ ਨੂੰ।

‘ਲੱਖਾ’ ਸਲੇਮਪੁਰੀ ਸੋਚੇ ਲਵਾਂ ਸਾਰ ਪੰਛੀਆਂ ਦੀ,
ਛੱਡ ਦੁਨੀਆਂ ਦੇ ਆਪੋ-ਧਾਪੀ ਵਾਲਿਆਂ ਸ਼ੋਰਾਂ ਨੂੰ।
***

4. *ਗੱਭਰੂ ਮੇਰੇ ਸ਼ਹਿਰ ਦਿਓ*

ਗਭਰੂ ਮੇਰੇ ਸ਼ਹਿਰ ਦਿਓ,ਭਰੇ ਗ਼ੁਨਾਹ ਤੇ ਕਹਿਰ ਦਿਓ
ਲੱਚਰਤਾ ਵਾਲੀ ਲਹਿਰ ਦਿਓ,ਬੱਚਿਆਂ ਨੂੰ ਨਾ ਜ਼ਹਿਰ ਦਿਓ
ਚਾਹੀਦਾ ਹੁਣ ਸੋਚਾਂ ਵਿੱਚ ਸੁਧਾਰ ਲਿਆਉਣਾ
        ਛੱਡ ਦਿਓ ਸਾਰੇ ਲੱਚਰ ਬਾਈ ਲਿਖਣਾ ਤੇ ਗਾਉਣਾ

ਜੋ ਧੀਆਂ-ਭੈਣਾਂ ਦੇ ਉੱਤੇ ਗ਼ਲਤ ਟਿੱਪਣੀਆਂ ਲਿਖਦੇ ਗਾਉਂਦੇ
ਮਾਂ-ਪਿਓ ਉਨ੍ਹਾਂ ਦੇ ਨਾ ਕਿਹੜੀ ਗੱਲੋਂ ਉਨ੍ਹਾਂ ਨੂੰ ਸਮਝਾਉਂਦੇ
ਇੱਕ ਦਿਨ ਘਰ ਦਾ ਭਾਂਡਾ ਵੀ ਨਹੀਂ ਸਾਫ਼ ਥਿਆਉਣਾ
       ਛੱਡ ਦਿਓ ਸਾਰੇ ਲੱਚਰ ਬਾਈ ਲਿਖਣਾ ਤੇ ਗਾਉਣਾ

ਆਪਣੀਆਂ ਧੀਆਂ-ਭੈਣਾਂ, ਮਾਵਾਂ ਦਾ ਜੇਕਰ ਸਤਿਕਾਰ ਹੋ ਚਾਹੁੰਦੇ
ਮਨ ਦੀਆਂ ਭੈੜੀਆਂ ਸੋਚਾਂ ਨੂੰ ਫਿਰ ਕਿਉਂ ਨਾ ਵੀਰੋ ਲਾਂਬੂ ਲਾਉਂਦੇ
ਪਰ ਧੀਆਂ ਲਈ ਹਵਸ ਨੂੰ ਪੈਣਾ ਦਿਲੋਂ ਮਿਟਾਉਣਾ
      ਛੱਡ ਦਿਓ ਸਾਰੇ ਲੱਚਰ ਬਾਈ ਲਿਖਣਾ ਤੇ ਗਾਉਣਾ

ਕਾਮ ਚ’ਭਰੀਆਂ ਗਹਿਰੀਆਂ ਨਜ਼ਰਾਂ ਨਾਲ ਜੇ ਸਾਡੇ ਘਰ ਕੋਈ ਤੱਕੇ
ਇੱਜਤ ਆਪਣੀ ਲੁੱਟਦੀ ਤੱਕ ਕੇ ਹੁੰਦੇ ਕਿਉਂ ਫਿਰ ਹੱਕੇ-ਬੱਕੇ
ਦੂਜੇ ਦੀ ਧੀ-ਭੈਣ ਦੀ ਕਦੇ ਨਾ ਇੱਜਤ ਤਕਾਉਣਾ
      ਛੱਡ ਦਿਓ ਸਾਰੇ ਲੱਚਰ ਬਾਈ ਲਿਖਣਾ ਤੇ ਗਾਉਣਾ

ਦਾਰੂ, ਡੋਡੇ, ਚਰਸ ਤੇ ਭੁੱਕੀ, ਚਿੱਟੇ ਤੋਂ ਵੀ ਤੋਬਾ ਕਰ ਲਓ
ਦੇ ਕੇ ਇੱਜਤ ਪਰਾਈਆਂ ਨੂੰ ਖ਼ੁਦ ਇੱਜਤਾਂ ਦੇ ਨਾਲ ਝੋਲੀਆਂ ਭਰ ਲਓ
ਸੁਧਰ ਜਾਓ “ਲੱਖੇ” ਦੇ ਵੀਰੋ ਜੇ ਹੈ ਆਪਣਾ ਘਰ ਮਹਿਕਾਉਣਾ
        ਛੱਡ ਦਿਓ ਸਾਰੇ ਲੱਚਰ ਬਾਈ ਲਿਖਣਾ ਤੇ ਗਾਉਣਾ
***

5. *ਚਿੱਟੀ ਪੱਗੜੀ*

ਨੀ ਕੁੜੀਓ ਅਣਖ਼ਾਂ ਤੇ ਇੱਜ਼ਤਾਂ ਨੂੰ ਭੁੱਲ ਜਾਇਓ ਨਾ
ਬਾਬਲ ਦੀ ਚਿੱਟੀ ਪੱਗੜੀ ਨੂੰ ਦਾਗ਼ ਲਗਾਇਓ ਨਾ
         ਬਾਬਲ ਦੀ…..

ਧੀਆਂ ਲਾਜ਼ ਬਚਾ ਬਾਬਲ ਸਿਰ ਉੱਚਾ ਕਰਦੀਆਂ ਨੇ
ਸਧਰਾਂ ਵਾਲੀ ਮਾਂ ਦਾ ਵਿਹੜਾ ਸੁੱਚਾ ਕਰਦੀਆਂ ਨੇ
ਕਿਸੇ ਦੇ ਲਾਲਚ ਵਿੱਚ ਆ ਕੇ ਸਿਰ ਘੱਟਾ ਪਾਇਓ ਨਾ
        ਬਾਬਲ ਦੀ…..

ਆਂਢ-ਗੁਆਂਢ ਪਿਓ ਦੀ ਟੌਹਰ ਬਣਾ ਕੇ ਰੱਖਿਓ ਨੀ
ਦਿਲ ਆਪਣੇ ਨੂੰ ਇਸ਼ਕ ਤੋਂ ਸਦਾ ਬਚਾ ਕੇ ਰੱਖਿਓ ਨੀ
ਢਲਦੀ ਉਮਰੇ ਮਾਂ-ਪਿਓ ਮੱਥੇ ਕਾਲਖ਼ ਲਾਇਓ ਨਾ
       ਬਾਬਲ ਦੀ…..

ਇਸ਼ਕ ਸਮੁੰਦਰ ਡੂੰਘਾ ਕੋਈ ਵੀ ਬਚ ਨਾ ਪਾਉਂਦਾ ਏ
ਸੋਹਣੀ, ਸੱਸੀ, ਹੀਰ, ਸਾਹਿਬਾਂ ਦਾ ਚੇਤਾ ਆਉਂਦਾ ਏ
ਨਾ ਹੀ ਤਰਸਿਓ ਆਪ ਤੇ ਕਿਸੇ ਨੂੰ ਵੀ ਤਰਸਾਇਓ ਨਾ
        ਬਾਬਲ ਦੀ…..

ਸਿੱਖਲੌ ਤੁਰਨਾ ਰਾਹ ਜਾਂਦੇ ਕਰ ਨੀਵੀਂਆਂ ਅੱਖਾਂ ਨੀ
ਆਖੇ ਲੱਖਾ ਸਲੇਮਪੁਰੀ ਗੱਲ ਦਿਲ ਦੀ ਦੱਸਾਂ ਨੀ
ਅੱਲੜ੍ਹ ਕੁਆਰੀ ਉਮਰੇ ਗਭਰੂ ਮਿੱਤਰ ਬਣਾਇਓ ਨਾ
         ਬਾਬਲ ਦੀ…..
***
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਕੰਟੈਕਟ: +447438398345 ਯੂ.ਕੇ.
***
835
***

About the author

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

View all posts by ਲਖਵਿੰਦਰ ਸਿੰਘ ਲੱਖਾ ਸਲੇਮਪੁਰੀ →