“ਲੰਡਨ ਦੀ ਔਕਸਫ਼ੋਰਡ ਸਟਰੀਟ”ਲੇਖਕ: ਮਨਮੋਹਨ ਸਿੰਘ ਮਹੇੜੂੂ (ਮੋਹਨ), ਯੂ.ਕੇ. |
![]() ਜੀ ਹਾਂ। ਲੰਡਨ ਦੀ ਔਕਸਫ਼ੋਰਡ ਸਟਰੀਟ ਕੋਈ ਯੂਨੀਵਰਸਿਟੀ ਵਾਲਾ ਔਕਸਫ਼ੋਰਡ ਸ਼ਹਿਰ ਨਹੀਂ। ਇਹ ਸ਼ਹਿਰ ਤਾਂ ਲੰਡਨ ਤੋਂ ਕੋਈ ਪੰਜਾਹ ਮੀਲਾਂ ਦੀ ਵਿੱਥ ‘ਤੇ ਹੈ ਤੇ ਕਾਰ ਰਾਹੀਂ ਪੂਰੇ ਘੰਟੇ ਦਾ ਸਫ਼ਰ। ਹਾਂ, ਲੰਡਨ ਦੀ ਡੇਢ ਮੀਲ ਲੰਮੀ ਤੇ ਕ੍ਰਿਚ ਵਾਂਗ ਸਿੱਧੀ ਇਹ ਔਕਸਫ਼ੋਰਡ ਸਟਰੀਟ, ਔਕਸਫ਼ੋਰਡ ਸ਼ਹਿਰ ਵੱਲ ਜਾਂਦੀ ਜ਼ਰੂਰ ਹੈ। ਤੀਰ ਵਾਂਗ ਸਿੱਧੀ ਹੋਣ ਕਰ ਕੇ ਜਾਪਦੈ ਜਿਵੇਂ ਇਸ ਦਾ ਮੁੱਢਲਾ ਆਕਾਰ ਰੋਮਨਾਂ ਨੇ ਹੀ ਉਲੀਕਿਆ ਹੋਵੇ, ਕਿਉਂ ਜੋ ਸਿੱਧੀਆਂ ਸੜਕਾਂ, ਸਿੱਧੀਆਂ ਗਲੀਆਂ ਅਤੇ ਸਿੱਧੇ ਪੁੱਲ ਉਸਾਰਨਾ ਰੋਮਨਾਂ ਦੀ ਹੀ ਕਰਣੀ ਸੀ। ਬਰਤਾਨੀਆਂ ਵਿੱਚ ਰੋਮਨਾਂ ਨੇ ਆਪਣੀ ਫੌਜੀ ਆਵਾਜਾਈ ਲਈ ਹੈਂਪਸ਼ਾਇਰ ਤੋਂ ਸੱਫ਼ਕ ਦੇ ਸਮੁੰਦਰੀ ਕੰਢੇ ਤੱਕ ਇੱਕ ਸਿੱਧੀ ਸੜਕ ਬਣਾਈ ਸੀ। ਲੰਡਨ ਦੀ ਔਕਸਫ਼ੋਰਡ ਸਟਰੀਟ ਕੀ ਹੈ? ਕੇਵਲ ਡੇਢ ਮੀਲ ਲੰਬਾ ਉਸ ਵੱਡੀ ਸੜਕ ਦਾ ਇੱਕ ਭਾਗ। ਸਮੇਂ ਸਮੇਂ ਇਸ ਟੋਟਕੇ ਦੇ ਹੋਰ ਨਾਂਅ ਵੀ ਰੱਖੇ ਗਏ। ਐਕਟਨ ਸ਼ਹਿਰ (ੳਚਟੋਨ ਠੋੱਨ) ਵੱਲ ਜਾਂਦੀ ਕਾਰਨ ਇਸ ਦਾ ਨਾਂਅ ਕਦੇ ਐਕਟਨ ਰੋਡ ਰੱਖਿਆ ਗਿਆ। ਫਿਰ ਟਾਈਬਰਨ ਦਰਿਆ ਦੇ ਬਹਾ ਵੱਲ ਜਾਂਦੀ ਕਾਰਨ ਇਸਨੂੰ ਟਾਈਬਰਨ ਰੋਡ ਅਤੇ ਔਕਸਫ਼ੋਰਡ ਰੋਡ ਵੀ ਆਖਿਆ ਗਿਆ, ਪਰ ਇਸ ਬਾਜ਼ਾਰ ਦਾ ਅਜੋਕਾ ਨਾਮ ਦਰਅਸਲ ਇਸ ਜਗ੍ਹਾ ਦੇ ਮਾਲਕ ਲੌਰਡ ਔਕਸਫ਼ੋਰਡ ਤੋਂ ਪਿਆ ਸੁਣਿਆਂ ਜਾਂਦੈ। 1713 ਵਿਚ ਔਕਸਫ਼ੋਰਡ ਸ਼ਹਿਰ ਦਾ ਅਰਲ ਐਡਵਰਡ ਹਾਅਰਲੀ ਸੀ, ਜਿਸ ਨੇ ਇੱਕੋ ਹੱਲੇ ਇਸ ਮਹੱਲੇ ਦੀ ਸਾਰੀ ਭੋਇੰ ਖ਼ਰੀਦ ਲਈ। ਇਹੀ ਵਜ੍ਹਾ ਹੈ ਕਿ ਔਕਸਫ਼ੋਰਡ ਸਟਰੀਟ ਦੇ ਆਂਢ-ਗੁਆਂਢ ਦੀਆਂ ਤਿੰਨ ਚਾਰ ਗਲੀਆਂ ਦੇ ਨਾਂਅ ਵੀ ਉਸਦੀ ਧਰਮ ਪਤਨੀ ਜਾਂ ਉਸ ਦੇ ਆਰ-ਪ੍ਰਵਾਰ ਦੇ ਨਾਵਾਂ ‘ਤੇ ਹੀ ਰੱਖੇ ਗਏ। ਲੌਰਡ ਵਿਲੀਅਮ ਬੈਂਟਿਕ , ਜੋ ਇੰਡੀਆ ਦਾ ਗਵਰਨਰ ਜਨਰਲ ਵੀ ਰਿਹੈ ਅਤੇ ਜਿਸ ਦੇ ਰਾਜ-ਕਾਲ ਵਿੱਚ ਭਿਆਨਕ ਕਾਲ ਵੀ ਪਏ, ਇਸ ਪ੍ਰਵਾਰ ਦਾ ਹੀ ਵੱਡਾ ਪ੍ਰਾਹੁਣਾ ਸੀ। ਇਹ ਸਾਰੀ ਢੇਰੀ ਕਿਉਂਕਿ ਇੱਕੋ ਰਈਸ ਦੀ ਹੀ ਸੀ, ਇਸ ਕਰ ਕੇ ਇਸ ਦਾ ਨਾਮ ਪੱਕੇ ਪੈਰੀਂ ਔਕਸਫ਼ੋਰਡ ਸਟਰੀਟ ਪੱਕ ਗਿਐ। ਲੰਡਨ ਦੀ ਔਕਸਫ਼ੌਰਡ ਸਟਰੀਟ ਕੋਈ ਛੋਟਾ ਮੋਟਾ ਭੈਰੋਂ, ਅਨਾਰਕਲੀ, ਚੌੜਾ ਬਾਜ਼ਾਰ ਜਾਂ ਸੈਕਟਰ 17 ਨਹੀਂ। ਇਹ ਤਾਂ ਲੰਡਨ ਦਾ ਮੱਧ ਹੈ, ਮਾਣ ਹੈ ਅਤੇ ਰਾਜਧਾਨੀ ਦਾ ਸਿੰ਼ਗਾਰ ਵੀ। ਇਸ ਮੱਧ ਦੀ ਡੀਂਗ ਨੂੰ ਉਭਾਰਨ ਲਈ ਏਥੇ ਕਹਿੰਦੇ ਨੇ ਰੋਮ ਸ਼ਹਿਰ ਇੱਕ ਦਿਨ ਵਿੱਚ ਹੀ ਉੱਸਰ ਗਿਆ ਸੀ ਅਤੇ ਚੰਡੀਗੜ੍ਹ ਜਾਂ ਇਸਲਾਮਾਬਾਦ ਕੇਵਲ ਅੱਧੇ ਦਿਨ ਵਿੱਚ। ਜੀ ਨਹੀਂ, ਇਸ ਤਰ੍ਹਾਂ ਨਹੀਂ। ਸੱਭ ਕੁਝ ਹੌਲੇ ਹੌ਼ਲੇ ਹੀ ਹੁੰਦੈ ਅਤੇ ਸਹਿਜਤਾ ਨਾਲ ਪੱਕਿਆ ਫਲ ਹੀ ਸ਼ਹਿਦ ਲਗਦੈ। ਔਕਸਫ਼ੋਰਡ ਸਟਰੀਟ ਦੀ ਬਣਤਰ ਅਠਾਰਵੀਂ ਸਦੀ ਵਿੱਚ ਸ਼ੁਰੂ ਹੋਈ, ਜਿੱਥੇ ਪਹਿਲੀ ਦੁਕਾਨ ਦਾ ਮਹੂਰਤ ਇੱਕ ਮਾਮੂਲੀ ਬਾਗ਼ਬਾਨ ਨੇ ਕੀਤਾ ਅਤੇ ਫਿਰ ਹੌਲੀ ਹੌਲੀ ਕਈਆਂ ਹੋਰਨਾਂ ਨੇ ਵੀ ਵਗਲੇ ਕਰ ਲਏ। ਕਾਰੋਬਾਰ ਲਈ ਪਹਿਲਾਂ ਏਥੇ ਡਰੇਪਰੀ (ਧਰਅਪੲਰੇ) ਵਾਲੇ ਆਏ, ਫਿਰ ਫਰਨੀਚਰ ਵਾਲਿਆਂ ਪੈਰ ਧਰੇ ਅਤੇ ਪਿੱਛੋਂ ਮੋਚੀਆਂ ਨੇ ਆ ਮੋਰਚੇ ਗੱਡੇ। ਜੇਕਰ ਅੱਜ ਵੀ ਧਿਆਨ ਨਾਲ ਵੇਖਿਆ ਜਾਵੇ ਤਾਂ ਮੌਜੇ ਵੇਚਣ ਵਾਲਿਆਂ ਦੀ ਲੰਡਨ ਦੇ ਇਸ ਸਭ ਤੋਂ ਵੱਡੇ ਬਾਜ਼ਾਰ ਵਿੱਚ ਅਜੇ ਵੀ ਭਰਮਾਰ ਹੈ। ਕਿਤਾਬਾਂ ਵਾਲੇ “ਧੀ਼਼ੌਂੰ” ਅਤੇ “ਭੌੌਖੰ Eਠਛ।” ਵਾਲੇ ਭਾਵੇਂ ਕੇਵਲ ਦੋ ਹੀ ਹਨ ਪਰ ਜੁੱਤੀਆਂ ਵੇਚਣ ਵਾਲੇ ਅਨੇਕ। ਮੋਚੀਆਂ ਤਾਂ ਅੱਜ ਵੀ ਹਿੱਕ ‘ਤੇ ਹੱਥ ਮਾਰ ਹਰ ਥਾਂ ਦਾਅਵੇ ਨਾਲ ਲਿਖਿਆ ਹੋਇਐ-“ਜੋੜਾ ਇੱਕ ਖ਼ਰੀਦੋ, ਦੂਜਾ ਅੱਧੇ ਭਾਅ ‘ਤੇ।”
ਅਠਾਰਵੀਂ ਸਦੀ ਵਿੱਚ ਆਰੰਭ ਹੋਇਆ, ਉੱਨੀਵੀਂ ਸਦੀ ਵਿੱਚ ਵੀ ਇਹ ਸੁਪ੍ਰਸਿੱਧ ਬਾਜ਼ਾਰ ਆਪਣੀ ਚਾਲੇ ਵੱਧਦਾ-ਫੁੱਲਦਾ ਹੀ ਗਿਆ। ਇੱਕ ਗੱਲ ਜ਼ਰੂਰ ਸੀ ਕਿ ਬਾਵਜੂਦ ਊਣਤਾਈਆਂ ਦੇ, ਉਨੀਵੀਂ ਸਦੀ ਦੇ ਅੰਤ ਤੱਕ ਇਸ ਦੀਆਂ ਧੁੰਮਾਂ ਸਾਰੇ ਜਹਾਨ ਵਿੱਚ ਪੈ ਚੁੱਕੀਆਂ ਸਨ। ਸਿੱਟੇ ਵਜੋਂ, ਹੌਲੇ ਹੌ਼ਲੇੇ ਧਨਾਢ ਹੱਟਵਾਣਿਆਂ ਨੇ ਦੇਸ ਪ੍ਰਦੇਸ ਵਿੱਚੋਂ ਆਪਣੇ ਰੁਖ਼ ਲੰਡਨ ਵੱਲ ਮੋੜ ਲਏ, ਕਿਉਂ ਜੋ ਉਸ ਸਮੇਂ ਜਗਤ ਭਰ ਵਿੱਚੋਂ ਲੰਡਨ ਹੀ ਤਾਂ ਸਭ ਤੋਂ ਵੱਡੀ ਗਾਹਕਾਂ ਦੀ ਮੰਡੀ ਸੀ। ਅੱਜ ਵਿਸ਼ਵ ਭਰ ਵਿੱਚੋਂ ਸੰਗੀਤ ਦੀਆਂ ਸੱਭ ਤੋਂ ਵੱਡੀਆਂ ਹੱਟੀਆਂ ਏਥੇ ਹੀ ਨੇ। ਕੁੱਤੇ ਦੀ ਤਸਵੀਰ ਵਾਲੇ ਐਚ.ਐਮ.ਵੀ. ਅਤੇ “ਵਰਜਿਨ ਮਿਊਜਿ਼ਕ ਸ਼ੌਪਸ” ਵਾਲੇ ਤਾਂ ਏਥੇ 1909 ਵਿੱਚ ਹੀ ਆ ਗਏ ਸਨ, ਜੋ ਅਜੇ ਤੱਕ ਵੀ ਵਿਸ਼ਵ ਭਰ ‘ਤੇ ਪਸਰੇ ਬੈਠੇ ਨੇ। ਗੀਤ-ਸੰਗੀਤ ਦੀ ਜਦ ਕਦੇ ਵੀ ਕੋਈ ਵਿਸ਼ੇਸ਼ ਵਿਕਰੀ ਦੀ ਖ਼ਬਰ ਮਿਲੇ ਤਾਂ ਮੋਢਿਆਂ ਤੇ ਬਾਹਾਂ ਰੱਖੀ, ਘੰਟਿਆਂ ਬੱਧੀ, ਸੱਪਾਹਾਰ ਕਤਾਰ ਵਿੱਚ ਖੜੇ ਯੁਵਕ ਤੇ ਯੁਵਕੀਆਂ ਦਾ ਹੁਲਾਸ ਭਰਿਆ ਨਜ਼ਾਰਾ ਏਥੇ ਵੇਖਣਯੋਗ ਹੁੰਦੈ। “ਜੌਹਨ ਲੂਇਸ” “ਹਾਊਸ ਆਫ਼ ਫਰੇਜ਼ਰ” “ਸੈਲਫਰਿਜਜ਼” ਅਤੇ “ਯੇਅਗਰ” ਵਰਗੇ ਵਿਸ਼ਵ ਪ੍ਰਸਿੱਧ ਚੇਨ-ਸਟੋਰਾਂ ਦੇ ਸੱਭ ਤੋਂ ਵੱਡੇ ਸਟੋਰ ਵੀ 1909 ਵਿੱਚ ਏਥੇ ਆਏ। ਘਣੀ ਵੱਸੋਂ ਵਾਲੇ ਸ਼ਹਿਰ ਲੀਡਜ਼ = ਤੋਂ “ਮਾਰਕਸ ਐਂਡ ਸਪੈਂਸਰ” = 1912 ਵਿੱਚ ਉੱਠ ਕੇ ਆਇਆ ਅਤੇ ਅੱਜ ਇਹਨਾਂ ਦਾ ਜਗਤ-ਪ੍ਰਸਿੱਧ ਬਹੁਤ ਹੀ ਵੱਡਾ ਸਟੋਰ ਔਕਸਫ਼ੋਰਡ ਸਟਰੀਟ ਵਿੱਚ ਹੀ ਹੈ, ਜਿਨ੍ਹਾਂ ਇਸ ਸਾਲ £150,000 ਕੇਵਲ ਦਾਨ ਵਜੋਂ “ਸਿਟੀ ਕੌਂਸਲ” ਨੂੰ ਦਿੱਤੇ। ਮਾਰਬਲ ਆੱਰਚ = ਵਾਲੇ ਇਸ ਸਟੋਰ ਦੀ ਇੱਕ ਘੰਟੇ ਦੀ ਵਿਕਰੀ ਇੱਕ ਮਿਲੀਅਨ ਪੌਂਡ ਦੀ ਹੈ। ਇਸ ਇੱਕਲੀ ਸਟਰੀਟ ਵਿੱਚ ਹੀ “ਛ & ੳ” ਵਾਲਿਆਂ ਦੇ ਤਿੰਨ ਸਟੋਰ ਹਨ। ਹੈਰੀ ਗੋਰਡਨ ਸੈਲਫਰਿਜ, 1905 ਵਿੱਚ ਸਿ਼ਕਾਗੋ ਤੋਂ ਆਇਆ ਸੀ ਅਤੇ ਇਮਾਰਤ ਉੱਤੇ ਅਮਰੀਕਣ ਪ੍ਰਭਾਵ ਵੀ ਪ੍ਰਤੱਖ ਹੈ। “ਸੈਲਫਰਿਜ” ਸਟੋਰ 1998 ਤੱਕ £60 ਮਿਲੀਅਨ ਕੇਵਲ ਆਪਣੀ ਟਿਪਟੋਪ ‘ਤੇ ਹੀ ਖਰਚ ਰਿਹੈ। ਬਰਤਾਨੀਆ ਨੇ ਅਜੋਕੇ ਯੁਗ ਵਿੱਚ ਅਨੇਕਾਂ ਹੀ ਨਵੀਆਂ ਪ੍ਰਿਤਾਂ ਪਾਈਆਂ ਹਨ ਅਤੇ ਬਹੁਤ ਸਾਰੇ ਨਵੇਂ ਕੰਮਾਂ ਵਿਚ ਪਹਿਲ ਵੀ ਕੀਤੀ ਹੈ। ਨੈਲਸਨ ਵਰਗੇ ਸੈਨਿਕ ਯੋਧਿਆਂ ਵਾਂਗ ਕਾਰੋਬਾਰੀ ਲੋਕਾਂ ਨੇ ਵੀ ਆਪਣੇ ਖੇਤਰਾਂ ਵਿੱਚ ਸਮੇਂ ਸਮੇਂ ਆਪਣੀ ਵਿਲੱਖਣਤਾ ਦਾ ਪ੍ਰਗਟਾਵਾ ਕੀਤਾ ਹੈ। ਲੰਡਨ ਬਰਿੱਜ ਵਾਲਾ ਮਿਸਟਰ ਪਾਮਰ ਜਦ ਔਕਸਫ਼ੋਰਡ ਸਟਰੀਟ ਆਇਆ ਤਾਂ ਉਸਨੇ ਸਾਰੀਆਂ ਵਸਤੂਆਂ ਦੀਆਂ ਕੀਮਤਾਂ ਪੱਕੀਆਂ ਕਰ ਦਿੱਤੀਆਂ। ਉਸਦੇ ਸਾਥੀ ਵਪਾਰੀ ਚੀਕਦੇ ਰਹੇ, ਕੁਰਲਾਂਦੇ ਰਹੇ ਅਤੇ ਰੱਜ ਰੱਜ ਵਿਰੋਧਤਾ ਵੀ ਕੀਤੀ, ਪਰ ਮਿਸਟਰ ਪਾਮਰ ਆਪਣੀ ਅੜੀ ‘ਤੇ ਬਜਿ਼ੱਦ ਰਹੇ। ਇਹ ਨਵੀਂ ਪ੍ਰਿਤ ਅੱਜ ਬਰਤਾਨੀਆ ਦੇ ਕੋਨੇ ਕੋਨੇ ਵਿੱਚ ਕੇਵਲ ਸਥਾਪਤ ਹੀ ਨਹੀਂ, ਸਗੋਂ ਦੁਨੀਆਂ ਦੇ ਹਰ ਹਿੱਸੇ ਵਿੱਚ ਵੀ ਹੌਲੇ ਹੌਲੇ ਜਾ ਰਹੀ ਹੈ। ਖਿੜਕੀਆਂ ਵਿੱਚ ਪ੍ਰਦਰਸ਼ਣੀ ਕਰਨ ਦਾ ਰਿਵਾਜ ਵੀ ਏਸੇ ਹੀ ਮਿਸਟਰ ਪਾਮਰ ਨੇ ਚਾਲੂ ਕਰਕੇ ਨਵੀਂ ਲੀਹ ਪਾਈ। ਉਹ ਹਰ ਚੀਜ਼ ਦੀ ਪ੍ਰਦਰਸ਼ਣੀ ਸੁਚੱਜੇ ਤੇ ਦਿਲਕਸ਼ ਢੰਗ ਨਾਲ ਕਰਦਾ। ਏਥੋਂ ਤੱਕ ਕਿ ਖੱੁਲ੍ਹੇ ਕਪੜੇ ਨੂੰ ਵੀ ਉਹ ਫੱਟਿਆਂ ਦੁਆਲੇ ਕੱਸ ਕੇ ਖਿੜਕੀਆਂ ਵਿੱਚ ਪੇਸ਼ ਕਰਦਾ। ਅੱਜ ਰੀਜੈਂਟ ਸਟਰੀਟ ਜਾਂ ਔਕਸਫ਼ੋਰਡ ਸਟਰੀਟ ਦੀ “ਖਿੜਕੀ ਪ੍ਰਦਰਸ਼ਣੀ” ਤੱਕਣ ਲਈ ਸਾਰਾ ਜਹਾਨ ਆਉਂਦੈ। ਮੁਫ਼ਤੋ-ਮੁਫ਼ਤੀ ਦਾ ਇਹ ਮੇਲਾ ਹਰ ਯਾਤਰੀ ਬੜੇ ਚਾਅ-ਮਲ੍ਹਾਰ ਨਾਲ ਲੰਡਨ ਤੱਕਦੈ। ਮਿਸਟਰ ਪਾਮਰ ਦੀ ਸੰਪੂਰਣ ਇਮਾਨਦਾਰੀ ਅਤੇ ਦਿਲਕਸ਼ ਪ੍ਰਦਰਸ਼ਣੀ ਤੋਂ ਪ੍ਰਭਾਵਿਤ ਹੋ ਕੇ ਗਾਹਕ ਖਿੱਚੇ ਚਲੇ ਆਉਂਦੇ ਸਨ। ਇੰਗਲੈਂਡ ਦੇ ਪਹਿਲੇ ਅੰਗਰੇਜੀ ਗਲਪਕਾਰ ਡੈਨੀਅਲ ਡੈਫੋਅ ਨੇ ਵੀ ਦੁਕਾਨਦਾਰਾਂ ਨੂੰ ਕਈ ਨੇਕ ਸੁਝਾਉ ਦਿੱਤੇ ਸਨ, ਜਿਵੇਂ ਬਾਜ਼ਾਰ ਵਿੱਚ ਕਿੱਧਰੇ ਵੀ ਲਹੂ-ਮਾਸ ਨਹੀਂ ਦਿਸਣਾ ਚਾਹੀਦਾ ਅਤੇ ਦੁਕਾਨਦਾਰ ਨੂੰ ਕਦੇ ਵੀ ਮੱਥੇ ਵੱਟ ਨਹੀਂ ਪਾਉਣਾ ਚਾਹੀਦੈ। ਹੁਣ ਤੱਕ ਗਾਹਕਾਂ ਨੂੰ ਉਧਾਰ ਵੀ ਦਿੱਤਾ ਜਾਣ ਲੱਗ ਪਿਆ ਸੀ ਅਤੇ ਉਹਨਾਂ ਦਾ ਖ਼ਰੀਦਿਆ ਮਾਲ ਵੀ ਖਿੜੇ ਮੱਥੇ ਘਰੋ-ਘਰ ਪਹੁੰਚਾਇਆ ਜਾਂਦਾ। ਇਸ ਤਰ੍ਹਾਂ ਸਹਿਜੇ ਸਹਿਜੇ ਪ੍ਰਫੁੱਲਤ ਹੋਏ ਔਕਸਫ਼ੋਰਡ ਸਟਰੀਟ ਦੇ ਬਾਜ਼ਾਰ ਨੂੰ ਅਸੀਂ ਅੱਜ ਦੁਨੀਆ ਦਾ ਸਭ ਤੋਂ ਵਧੀਆ ਸ਼ੌਪਿੰਗ ਸੈਂਟਰ ਆਖ ਸਕਦੇ ਹਾਂ। ਇਹ ਉਹ ਥਾਂ ਹੈ ਜਿੱਥੇ ਸਾਰੇ ਰੰਗਾਂ-ਨਸਲਾਂ ਦੇ 2,722 ਮਾਂ-ਬੋਲੀਆਂ ਬੋਲਣ ਵਾਲੇ ਲੋਕ ਢੁੱਕਦੇ ਨੇ। ਇਹ ਇੱਕ ਵੱਡ-ਆਕਾਰੀ ਅਨਾਰਕਲੀ ਜਾਂ ਪਾਲਕੀਆ ਬਾਜਾਰ ਹੀ ਤਾਂ ਹੈ, ਜਿਸ ਨੂੰ ਤੇਲ ਨਾਲ ਧਨਵਾਨ ਬਣੇ ਅਰਬ ਦੇਸ਼ਾਂ ਦੇ ਰਾਜੇ ਤੇ ਅਮੀਰਜ਼ਾਦੇ ਦੋਹੀਂ ਹੱਥੀਂ ਪੈਂਦੇ ਨੇ। ਪਿਛਲੇ ਸਾਲ 27-12-95 ਨੂੰ ਫਰਨੀਚਰ ਵਾਲੇ ਨੇ £400,000 ਦੀ ਵਿਕਰੀ ਇੱਕ ਦੋ ਮਿੰਟਾਂ ਵਿੱਚ ਹੀ ਕੀਤੀ ਅਤੇ ਕਟਰ ਦਾ ਪਾਗਲ ਰਾਜਾ ਦੁਕਾਨ ਦੇ ਫੱਟੇ ਨੰਗੇ ਕਰਕੇ ਹੀ ਬਾਹਰ ਨਿਕਲਿਆ। ਪਿਛਲੀਆਂ ਦੋ ਸਦੀਆਂ ਤੋਂ ਲੰਡਨ ਵਾਲਿਆਂ ਦੀ ਸਦਾ ਇਹੀ ਰੀਝ ਹੈ ਕਿ ਇਹ ਬਾਜ਼ਾਰ ਹਰ ਚੜ੍ਹਦੇ ਸਾਲ ਵਧੀਆ ਅਤੇ ਰਮਣੀਕ ਹੀ ਬਣਦਾ ਜਾਵੇ। ਸ਼ਾਲਾ! ਇਹ ਰਹੇਗਾ ਵੀ। ਸਾਰੇ ਬਰਤਾਨੀਆ ਦੇ ਜਿੰਨੇ ਵੀ ਸਿਰਕੱਢ ਸਟੋਰ ਹਨ, ਉਹਨਾਂ ਦੇ ਕੱਢੇ ਨਵੇਂ ਨਮੂਨੇ ਪਹਿਲਾਂ ਔਕਸਫ਼ੋਰਡ ਸਟਰੀਟ ਵਿਚ ਹੀ ਪਰਦਰਸਿ਼ਤ ਕੀਤੇ ਜਾਂਦੇ ਹਨ। ਜੇਕਰ ਉਹ ਏਥੇ ਮਾਰ ਕਰ ਜਾਣ, ਹਰਮਨ ਪਿਆਰੇ ਹੋ ਜਾਣ, ਤਾਂ ਫਿਰ ਉਹ ਦੇਸ਼ ਦੇ ਬਾਕੀ ਹਿੱਸਿਆਂ ਦੇ ਸਟੋਰਾਂ ਵਿਚ ਵੀ ਭੇੇਜੇ ਜਾਂਦੇ ਹਨ। ਸੁੰਦਰੀਆਂ ਦੇ ਰੂਪ ਨੂੰ ਨਿਖਾਰਨ ਵਾਲੀ ਕੋਈ ਨਵੀਂ ਖੁਸ਼ਬੂ ਨਿਕਲੀ ਹੋਵੇ ਜਾਂ ਰਾਤਾਂ ਨੂੰ ਪਹਿਨਣ ਵਾਲੀ ਲੌਂਜਰੀ, ਬਕੀਨੀ, ਤਾਂ ਔਕਸਫ਼ੌਰਡ ਸਟਰੀਟ ਪਹਿਲਾਂ ਆਵੇਗੀ ਅਤੇ ਬਰਮਿੰਘਮ ਜਾਂ ਗਲਾਸਗੋ ਵਰਗੇ ਬਰਤਾਨੀਆ ਦੇ ਦੂਜੇ, ਤੀਜੇ ਵੱਡੇ ਸ਼ਹਿਰਾਂ ਵਿਚ ਤਾਂ Eਦੋਂ ਪਹੁੰਚੇਗੀ, ਜਦੋਂ ਔਕਸਫੌਰਡ ਸਟਰੀਟ ਵਾਲੇ ਅਗਲੇ ਨਮੂਨੇ ਤਿਆਰ ਕਰ ਰਹੇ ਹੋਣਗੇ। ਬਰਤਾਨੀਆ ਭਾਵੇਂ ਆਕਾਰ ਵਿਚ ਛੋਟੈ, ਪਰ ਲੰਡਨ ਜਾਂ ਲੰਡਨ ਦੀ ਔਕਸਫ਼ੋਰਡ ਸਟਰੀਟ ਦੇ ਹੱਟ ਛੋਟੇ ਨਹੀਂ ਜਿਤਨੇ ਵੱਡੇ ਕਿਸੇ ਦੇ ਕਾਰੋਬਾਰੀ ਪੈਰ ਤੇ ਕਲਪਣਾ, ਉਤਨੀ ਵੱਡੀ ਹੀ ਉਸਦੀ ਚਾਦਰ ਤੇ ਆਕਾਰ। ਚਾਰ ਜਾਂ ਪੰਜ ਮੰਜ਼ਲਾਂ ਦੇ ਭਵਨਾਂ ਹੇਠ ਭੋਰੇ ਹੋਣ ਕਾਰਨ ਕੁੱਲ ਆਕਾਰ ਕਾਫ਼ੀ ਵੱਧ ਜਾਂਦੈ ਅਤੇ ਜਿੱਥੇ ਕਿੱਧਰੇ ਸ਼ੀਸ਼ੇ, ਸੰਗੀਤ ਤੇ ਸਕਰੀਨ ਦਾ ਪ੍ਰਯੋਗ ਕੀਤਾ ਜਾਵੇ, ਪ੍ਰਭਾਵ-ਸ਼ਲਾਵਾ ਹੋਰ ਵੀ ਵੱਡਾ ਹੋ ਉਘੜਦੈ। “ਠੋਪ ੰਹੋਪ” ਵਾਲਿਆਂ ਦੀ ਤਾਂ “ਜੀ ਆਇਆਂ ਸਕਰੀਨ ਹੀ 18’ਣ14’ ਦੀ ਹੈ, ਜਿੱਥੇ ਮੱਠਾ ਮੱਠਾ ਕੋਈ ਸ਼ੋਅ ਤੇ ਸੰਗੀਤ ਝਰਦਾ ਹੀ ਰਹਿੰਦਾ ਹੈ। ਗਾਹਕ ਆਪ ਹੀ ਮੱਖੀਆਂ ਵਾਂਗ ਮਿਕਨਾਤੀਸ ਵੱਲ ਖਿੱਚੀ ਆਉਂਦੇ ਹਨ। ਝੂਮਣ ਵਾਲੇ ਵਿਹਲੜ ਭਾਵੇਂ ਸੰਗੀਤਕ-ਸੁਰਾਂ ਨਾਲ ਲੋਰੋ-ਲੋਰ ਰਹਿੰਦੇ ਹਨ ਪਰ ਖ਼ਰੀਦਾਂ ਕਰਨ ਵਾਲੇ ਖਰਚਣੋਂ ਵੀ ਝਿੱਜਕਦੇ ਨਹੀਂ। ਗੋਰਡਨ ਸੈਲਫਰਿਜਜ਼ ਅਮਰੀਕਾ ਦੇ ਸਿ਼ਕਾਗੋ ਤੋਂ ਆਪਣੀ ਵਿਸ਼ਾਲ ਕਾਬਲੀਅਤ ਤੇ ਕਲਪਣਾ ਸਦਕੇ 1905 ਵਿੱਚ ਡੇਰਾ-ਡੱਟਾ ਪੱਟ ਕੇ ਔਕਸਫ਼ੋਰਡ ਸਟਰੀਟ ਆਇਆ। ਉਸਦਾ ਨਿੱਗਰ ਸਤੰਭਮਈ ਮਹੱਲ-ਭਵਣ 450,000 ਵਰਗ ਫੁੱਟ ਹੈ, ਜਿੱਥੇ ਪ੍ਰਵਾਰ ਆਸਾਨੀ ਨਾਲ ਇੱਕ ਪੂਰਾ ਦਿਨ ਬਿਤਾ ਸਕਦੈ ਅਤੇ ਸ਼ਾਮਾਂ ਨੂੰ ਨਿਹਾਲ ਹੋ ਕੇ ਆਪਣੇ ਘਰ ਸੌਂ ਸਕਦੈ। ਦਾਅਵੇ ਨਾਲ ਤਾਂ ਨਹੀਂ ਆਖ ਸਕਦੇ ਪਰ ਇਹ ਇੱਕੋ ਭਵਣ ਹੀ ਸਾਰੇ ਭੈਰੋਂ, ਸਾਰੀ ਅਨਾਰਕਲੀ, ਚੌੜੇ ਬਾਜ਼ਾਰ ਜਾਂ ਸੈਕਟਰ ਸਤਾਰਾਂ ਦੇ ਵਰਗ ਆਕਾਰਾਂ ਤੋਂ ਵੱਡਾ ਹੋਵੇਗਾ। ਇਸ ਤਰ੍ਹਾਂ ਹੀ “ਮਾਰਕਸ ਐਂਡ ਸਪੈਂਸਰ” ਦਾ ਵਰਗ-ਆਕਾਰ ਆਪਣੇ ਸੈਕ੍ਰੇਟਰੀਅਟ ਸਮਾਨ ਹੋਣੈਂ ਅਤੇ ਕਾਮਿਆਂ ਦੀ ਗਿਣਤੀ ਵੀ ਉਹਨਾਂ ਤੋਂ ਘੱਟ ਨਹੀਂ। ਬੌਂਡ ਸਟਰੀਟ ਦੇ ਨਾਲ ਲਗਦੇ “ਵੈਸਟ ਵੱਨ ਸ਼ੌਪਿੰਗ ਸੈਂਟਰ” ਅਤੇ ਇਸਦੇ ਨਾਲ ਲਗਦੀ ਲਿਸ਼ਕੋਰਾਂ ਮਾਰਦੀ ਵਾਧਵੀਂ ਸ਼ੀਸ਼-ਈਮਾਰਤ ਬਰਟਨ ਸੂਟਾਂ ਵਾਲਿਆਂ ਦੀ ਕਾਰੋਬਾਰੀ ਸੂਝ ਵੀ ਹੈ ਤੇ ਸ਼ਾਨ ਵੀ। ਰੇਲ ਗੱਡੀ ਵਿੱਚੋਂ ਆਉਂਦੇ ਸੈਲਾਨੀਆਂ ਨੂੰ ਉਹ ਦੁਕਾਨ ਪਹਿਲਾਂ ਹੀ ਬੋਚ ਲੈਂਦੀ ਹੈ। ਉਹਨਾਂ ਨੂੰ ਪੌੜੀਆਂ ਚੜ੍ਹਵਾ ਕੇ, ਅੱਖਾਂ ਚੁੰਧਿਆ ਕੇ ਤੇ ਆਪਣੀ ਪ੍ਰਦਰਸ਼ਣੀ ਕਰਵਾ ਕੇ ਫਿਰ ਹੀ ਕਿਤੇ ਔਕਸਫ਼ੋਰਡ ਸਟਰੀਟ ਦੇ ਵਗਦੇ ਦਰਿਆ ਵੱਲ ਭੇਜਦੀ ਹੈ। ਬੈਂਡ ਵਾਜੇ ਵਾਲਿਆਂ ਦਾ ਗ੍ਰੋਹ ਵੀ ਅਜਿਹੀ ਰਮਣੀਕ ਥਾਂ ਸਾਹਮਣੇ ਹੀ ਆ ਕੇ ਆਪਣੇ ਸਾਜ਼ੋ-ਸੰਗੀਤ ਦੇ ਜੌਹਰ ਵਿਖਾਉਂਦੈ ਕਿਉਂ ਜੋ ਉਹ ਵੀ ਬਹੁਤੇ ਕੀਰਤਨੀਆਂ ਵਾਂਗ ਸਦਾ ਦਰਸ਼ਕਾਂ ਵਲੋਂ ਵਹਾਈ ਮਾਇਆ ਦੇ ਗੱਫਿਆਂ ਤੇ ਹੀ ਅੱਖ ਰੱਖਦੇ ਨੇ। ਔਕਸਫੋਰਡ ਸਟਰੀਟ ਬਹੁਤੀ ਮਹਿੰਗੀ ਵੀ ਨਹੀਂ। ਕੋਵੈਂਟ ਗਾਰਡਨ ਵਾਂਗ ਨਾ ਤਾਂ ਏਥੇ ਅੱਗ ਵਰ੍ਹਦੀ ਹੈ ਅਤੇ ਨਾ ਹੀ ਸਲੋਨ ਸਟਰੀਟ ਵਾਂਗ ਉਹ ਪੂਰਾ ਲੁੱਟਦੇ ਹੀ ਨੇ। ਕੋਵੈਂਟ ਗਾਰਡਨ ਵਿੱਚ ਤਾਂ ਸਦੀਆਂ ਤੋਂ ਅਮੀਰਜ਼ਾਦਿਆਂ ਜਾਂ ਅਮਰੀਕਣਾਂ ਕੁਝ ਕੁ ਨਾਟਕ ਵੇਖਣੇ ਹੀ ਹਨ। ਫਿਰ ਅਨਾਰਕਲੀ-ਨੁਮਾਂ ਟਹਿਲ-ਚਹਿਲ ਵੀ ਕਰਨੀ ਹੋਈ। ਨਾਲੇ ਅਜਿਹਾ ਵਰਗ ਕਦੇ ਚੀਜ਼ਾਂ ਦਾ ਮੁੱਲ ਨਹੀਂ ਤੱਕਦਾ। ਪਰ ਏਥੇ ਤਾਂ ਕੋਈ ਵੀ ਅਸਲੀਅਤ ਤੋਂ ਦੂਰ ਨਹੀਂ ਜਾਂਦੈ, ਇਨਸਾਮਨੀਅਤ ਦਾ ਪੱਲੜਾ ਨਹੀਂ ਛੱਡਦੈ। ਹਰ ਕੋਈ ਜਾਣਦੈ ਕਿ ਇਹ ਡੇੜ੍ਹ ਮੀਲ ਲੰਬਾ ਲੰਡਨ ਦਾ ਉਹ ਦਰਿਆਏ ਟਹੇਮਜ਼ ਹੈ, ਜਿੱਥੇ ਜੀਵਨ ਦਾ ਹਰ ਵਰਗ ਆ ਮਿਲਦੈ ਅਤੇ ਜਿੱਥੇ ਸੈਲਾਨੀਆਂ ਦਾ ਪੈਂਦਾ ਹੜ੍ਹ ਇਸਨੂੰ ਦੂਣ ਸਵਾਇਆ ਵੀ ਕਰਦੈ। ਫਿਰ ਲੁੱਟ ਕਾਹਨੂੰ? ਏਥੇ ਸਰਦੇ ਘਰਾਂ ਦੇ ਕਾਕੇ ਤੇ ਫੱਗੂ ਪਹਿਲਾਂ ਬਰਾਬਰ ਜੀਨਾਂ ਖ਼ਰੀਦਦੇ ਨੇ ਅਤੇ ਫਿਰ ਮੈਕਡੌਨਲਡਜ਼ ਦੇ ਢਾਬੇ ਤੇ ਜਾ ਕੇ ਬਰਾਬਰ ਬੈਠ ਖਾਂਦੇ ਪੀਂਦੇ ਵੀ। ਤੇਜ਼ ਰਫ਼ਤਾਰ ਆਵਾਜਾਈ ਦੇ ਸਾਧਨਾਂ ਬਿਨਾਂ ਕਾਰੋਬਾਰ ਵੱਧਦੇ ਨਹੀਂ, ਚੱਲਦੇ ਨਹੀਂ ਅਤੇ ਸਾਂਭੇ ਵੀ ਨਹੀਂ ਜਾਂਦੇ। ਇਸ ਪੱਖੋਂ ਬ੍ਰਤਾਨਵੀ ਲੋਕ ਪੂਰੇ ਦੂਰਅੰਦੇਸ਼ ਨੇ। ਇੱਕ ਉਦਾਹਰਣ: ਔਕਸਫ਼ੋਰਡ ਸਟਰੀਟ ਵਿੱਚ ਜੇ ਪੈਦਲ ਜਾਂ ਕਾਰਾਂ ਰਾਹੀਂ ਹੀ ਲੋਕਾਂ ਨੇ ਆਉਣਾ ਹੁੰਦਾ ਤਾਂ ਬੜੇ ਥੋੜ੍ਹੇ ਲੋਕ ਢੁੱਕਦੇ। ਲੰਡਨ ਵਾਲਿਆਂ, ਭੁਇੰ ਹੇਠ ਵਿਛੀਆਂ ਬੇਸ਼ੁਮਾਰ ਰੇਲ-ਗੱਡੀਆਂ ਦੀਆਂ ਲਾਈਨਾਂ ਉੱਤੇ ਚਾਰ ਸਟੇਸ਼ਨ ਕੇਵਲ ਇਸ ਡੇੜ੍ਹ ਮੀਲ ਲੰਮੀ ਔਕਸਫ਼ੋਰਡ ਸਟਰੀਟ ਨੂੰ ਹੀ ਦੇ ਦਿੱਤੇ ਨੇ-ਮਾਰਬਲ ਆਰਚ , ਬੌਂਡ ਸਟਰੀਟ , ਔਕਸਫ਼ੋਰਡ ਸਰਕਸ ਅਤੇ ਟੌਟਨਮ ਕੋਰਟ ਰੋਡ । ਇਹਨਾਂ ਚੌਹਾਂ ਸਟੇਸ਼ਨਾਂ ਨੂੰ 100 ਮਿਲੀਅਨ ਲੋਕ ਸਾਲਾਨਾ ਵਰਤਦੇ ਨੇ ਅਤੇ ਜ਼ਮੀਨ ਵਿੱਚੋਂ ਲੋਕ ਇਸ ਤਰ੍ਹਾਂ ਨਿਕਲਦੇ ਨੇ ਜਿਵੇਂ ਅਕਾਲੀ ਮੋਰਚਿਆਂ ਤੇ ਜਾ ਰਹੇ ਹੋਣ, ਜਿਵੇਂ ਲੋਕਾਂ ਦਾ ਹੇਠੋਂ ਕੋਈ ਸੋਮਾ ਫੱੁਟਦਾ ਹੋਵੈ ਅਤੇ ਜਾਂ ਜਿਵੇਂ ਪੈਲੀ ਵਿੱਚ ਕੋਈ ਨਾਲ ਲਗਾਈ ਹੋਈ ਹੋਵੇ। ਅੱਜ ਲੰਡਨ ਦੇ ਇੱਕ ਮਿਲੀਅਨ ਲੋਕਾਂ ਪਿੱਛੇ 63 ਕਿੱਲੋਮੀਟਰ ਲਾਈਨ ਜ਼ਮੀਨ ਦੇ ਹੇਠਾਂ ਮੁਹੱਈਆ ਹੈ ਜਦ ਕਿ ਫਰੈਂਕਫੋਰਟ ਵਿੱਚ 22 ਕਿੱਲੋ ਮੀਟਰ, ਬਰਲਿਨ ਵਿੱਚ 39 ਅਤੇ ਪੈਰਿਸ ਵਿੱਚ 51 ਕਿੱਲੋਮੀਟਰ ਹੀ ਹੈ। ਇਹੀ ਨਹੀਂ, ਲੰਡਨ ਵਿੱਚ ਨਾਲੋ ਨਾਲ 495 ਬੱਸ ਰੂਟ ਵੀ ਚੱਲਦੇ ਨੇ ਅਤੇ ਟਾਕਰੇ ਵਜੋਂ ਪੈਰਿਸ ਵਿੱਚ ਕੇਵਲ 298 ਹੀ ਹਨ। ਲੰਡਨ ਦਾ ਹੀਥਰੋ ਹਵਾਈ ਅੱਡਾ ਵੀ ਵਿਸ਼ਵ ਭਰ ਵਿੱਚ ਵੱਡਾ ਹੈ, ਜਿੱਥੇ ਇਕ-ਅੱਧ ਮਿੰਟ ਬਾਅਦ ਇਕ ਜਹਾਜ਼ ਠਾਹ ਕਰਕੇ ਡਿੱਗਦੇ । ਸਦਕੇ ਜਾਈਏ ਐਂਜੀਨੀਅਰਾਂ ਦੇ, ਜਿਨ੍ਹਾਂ ਫਰਾਂਸ ਤੇ ਇੰਗਲੈਂਡ ਵਿਚਕਾਰ ਪੈਂਦੇ ਸਮੁੰਦਰ-ਇੰਗਲਿਸ਼ ਚੈਨਲ- ਦੇ ਹੇਠੋਂ ਦੀ ਸੁਰੰਗ ਕੱਢ ਕੇ, ਤੇਜ਼ ਰਫ਼ਤਾਰ ਰੇਲ ਗੱਡੀਆਂ ਚਲਾ ਕੇ, ਪੈਰਿਸ ਤੇ ਬਰੱਸਲਜ਼ ਸ਼ਹਿਰਾਂ ਨੂੰ ਔਕਸਫੋ਼ਰਡ ਸਟਰੀਟ ਤੋਂ ਕੇਵਲ ਤਿੰਨ ਘੰਟੇ ਦੀ ਵਿੱਥ ਤੇ ਕਰ ਦਿਤੈ। ਏਸੇ ਹੀ ਥਾਂ ਸਮੁੰਦਰੀ ਜਹਾਜ਼ਾਂ ਵਾਲੇ ਅੱਜ ਕੱਲ ਇੱਕ ਇੱਕ ਪੌਂਡ ਨੂੰ ਫਰਾਂਸ ਦਾ ਰੀਟਰਨ ਟਿਕਟ ਦੇ ਰਹੇ ਨੇ। ਸਰਕਾਰ ਦੀ ਅਗਲੀ ਅੱਖ ਲੰਡਨ ਦੇ ਢਿੱਡ ਵਿੱਚ ਵਗਦੇ ਟਹੇਮਜ਼ ਦਰਿਆ ‘ਤੇ ਹੈ। ਅਗਲੇ ਦਹਾਕੇ ‘ਚ ਕਿਸ਼ਤੀਆਂ ਰਾਹੀਂ ਆਵਾਜਾਈ ਚਾਲੂ ਕਰ ਕੇ ਇਸ ਦਰਿਆ ਨੂੰ ਵੀ ਸੁੱਤਾ ਨਹੀਂ ਰਹਿਣ ਦੇਣਗੇੇ ਅਤੇ ਧੜਕਦੀ ਜਿ਼ੰਦਗੀ ਦਾ ਆਭਾਸ ਵੱਗਦੇ ਪਾਣੀਆਂ ਉੱਤੇ ਵੀ ਹੋਵੇਗਾ। ਹੁਣ ਦੱਸੋ, ਔਕਸਫ਼ੋਰਡ ਸਟਰੀਟ ਝੱਜਰ ਨਦੀ ਨਾ ਬਣੇ ਤਾਂ ਹੋਰ ਕਰੇ ਵੀ ਕੀ? 25 ਸਾਲ ਪਹਿਲਾਂ, ਸਭ ਤੋਂ ਵੱਡੀ ਸਿਨਮਾ ਸਟਰੀਟ ਵੀ ਇਹੀ ਸੀ। ਪਰ ਅੱਜ ਇਹ ਮਾਣ ਲੈਸਟਰ ਸੁਕੇਅਰ ਨੇ ਖੋਹ-ਖਿੱਚ ਲਿਆ ਹੈ। ਬਾਕੀ ਇੰਗਲੈਂਡ ਵਾਂਗ ਔਕਸਫ਼ੋਰਡ ਸਟਰੀਟ ਵਿੱਚ ਪੱਬ ਤੇ ਕਲੱਬ ਬਾਹਰੋਂ ਨਜ਼ਰੀਂ ਨਹੀਂ ਪੈਂਦੇ। ਇਹ ਬਹੁਤੇ ਕਰਕੇ ਹੇਠਾਂ ਭੋਰਿਆਂ ਵਿੱਚ ਹਨ। ਧਰਾਤਲੀ ਮੰਜ਼ਲ ਦਾ ਘੱਟ ਕਰਾਇਆ ਤੇ ਬਹੁਤਾ ਹਨੇ੍ਹਰਾ ਇਸ ਧੰਦੇ ਦੇ ਅਨਕੂਲ ਵੀ ਹੈ। ਆਲੇ ਦੁਆਲੇ ਵੀ ਕਾਫੀ ਪੱਬ-ਕਲੱਬ ਹਨ। 120 ਔਕਸਫੋਰਡ ਸਟਰੀਟ ਵਿੱਚ “ਪਲਾਜ਼ਾ ਸ਼ੌਪਿੰਗ ਸੈਂਟਰ” ਹੈ ਜਿੱਥੇ “ਹੋਮਜ਼ ਪਲੇਸ ਹੈਲਥ ਕਲੱਬ” ਸੈਂਟਰ ਹੈ। ਕਈ ਵਲੈਤ ਆਏ ਸੈਲਾਨੀ ਲੌਂਗ ਦਾ ਲਿਸ਼ਕਾਰਾ ਵੇਖਣ ਨੂੰ ਰੀਝਦੇ ਨੇ, ਤਰਸਦੇ ਹਨ ਅਤੇ ਬੇਬਸੀ ਦੀ ਹਾਲਤ ਵਿੱਚ ਕੁਝ ਵਿਚਾਰੇ ਤਰਸਦੇ ਕੋਸਦੇ ਹੀ ਵਾਪਿਸ ਚਲੇ ਜਾਂਦੇ ਨੇ। ਜੇ ਉਹਨਾਂ ਜੁਆਨੀ ਦੀ (ਅੰਗੜਾਈ ਦਾ ਮੁੜ੍ਹਕਾ ਲੈਣਾ ਹੋਵੇ ਤਾਂ ਇੱਕ-ਅੱਧ ਦਿਨ ਇਹਨਾਂ ਹੈਲਥ ਕਲੱਬਾਂ ਵਿੱਚ ਬਿਤਾਉਣ। ਵੜਦਿਆਂ ਹੀ ਇਰਦ-ਗਿਰਦ ਖੜਮਸਤ ਹੂਰਾਂ ਸ਼਼ੂਕਣਗੀਆਂ। ਕਸਰਤ-ਘਰਾਂ ਵਿੱਚ ਘੱਟ ਤੋਂ ਘੱਟ ਕਪੜੇ ਪਹਿਨੀ ਮੁਟਿਆਰਾਂ ਕਸਰਤ ਕਰ ਰਹੀਆਂ ਹਨ ਅਤੇ ਟੋਭਿਆਂ ਵਿੱਚ ਘੜਮ ਛਲਾਂਗਾਂ ਵੀ। ਖ਼ੁਦ ਕਸਰਤ ਕਰੋ, ਨਹਾਵੋ, ਗਰਮ ਸੌਨਾ ਬਾਥ ਲਵੋ, ਤਰੋ ਤੇ ਜੇ ਫਿਰ ਮਾਲਿਸ਼ ਵੀ ਕਰਵਾਉਣੀ ਹੋਵੇ ਤਾਂ ਅੰਗਰੇਜ਼ੀ ਵਿੱਚ ਗੱਲ ਕਰ ਲਵੋ। ਭਰ ਜੋਬਨ ਰੁੱਤੇ ਬੇਰੁਜ਼ਗਾਰੀ ਦੀਆਂ ਭੰਨੀਆਂ ਇਹ ਉਹੀ ਸਟੇਜੀ ਐਕਟਰੈਸਾਂ ਹੋਣਗੀਆਂ, ਜਿਨ੍ਹਾਂ ਬਾਰੇ ਸ਼ਹਿਜ਼ਾਦੀ ਡਿਆਨਾ ਨੇ ਹਾਲ ਹੀ ਵਿੱਚ ਆਵਾਜ਼ ਉਠਾਈ ਹੈ, ਦੁਹਾਈ ਪਾਈ ਹੈ। ਕਈ ਨਾਈਟ ਕਲੱਬਾਂ 5 ਤੋਂ 8 ਤੱਕ ਅੱਧੇ ਭਾਅ ‘ਤੇ ਸ਼ਰਾਬ-ਬੀਅਰ ਵੇਚਦੀਆਂ ਹਨ। ਟਿਮਟਮਾਉਂਦੀਆਂ ਸੱਤਰੰਗੀ ਬੱਤੀਆਂ, ਸੰਗੀਤ ਤੇ ਸੰਗਤ ਦਾ ਤੁਸੀਂ ਪੂਰਾ ਆਨੰਦ ਮਾਣ ਸਕਦੇ ਹੋ। ਮੇਲਾ ਮੱਘਦਾ ਦੂਜੇ ਪਹਿਰ 10 ਤੋਂ ਬਾਅਦ ਹੈ ਤੇ ਰਚਦਾ ਤੀਜੇ ਪਹਿਰ ਰਾਤ ਕੋਈ ਇੱਕ ਵਜੇ। ਔਕਸਫ਼ੋਰਡ ਸਟਰੀਟ ਤੋਂ ਤਾਂ ਬੱਸਾਂ ਵੀ ਹਰ ਪਾਸੇ ਨੂੰ ਸਾਰੀ ਰਾਤ ਹੀ ਚੱਲਦੀਆਂ ਨੇ। ਮਾਂ-ਬੋਲੀ ਪੰਜਾਬੀ ਦੇ ਜ਼ਬਾਨਦਾਨਾਂ ਦਾ ਭਾਵੇਂ ਅਜੇ ਤੱਕ ਬਹੁਤਾ ਮੁੱਲ ਪੈਣਾ ਆਰੰਭ ਨਹੀਂ ਹੋਇਆ ਪਰ ਔਕਸਫ਼ੋਰਡ ਸਟਰੀਟ ਦਾ ਸਹਾਰਾ ਲੈ ਕੇ, ਅੰਗਰੇਜੀ ਵਾਲੇ ਮੂੰਹ ਮੰਗੀਆਂ ਮੁਰਾਦਾਂ ਲੈ ਰਹੇ ਹਨ। ਸੈਲਾਨੀਆਂ ਦਾ ਪੂਰਾ ਲਾਹਾ ਲੈਣ ਲਈ ਇਸ ਸਟਰੀਟ ਵਿੱਚ ਕਈ “ਸਕੂਲ ਔਫ ਇੰਗਲਿਸ਼” ਵੀ ਹਨ, ਜੋ ਥੋੜੇ੍ਹ ਸਮੇਂ ਵਿੱਚ ਹੀ ਅੰਗਰੇਜੀ ਦੀ ਸਰਦਾਈ-ਸਲਾਜੀਤ ਪਿਲਾ ਕੇ ਤੁਹਾਨੂੰ ਖੜ੍ਹਿਆਂ ਕਰ ਦੇਣ ਦਾ ਦਾਅਵਾ ਕਰਦੇ ਨੇ। ਔਕਸਫ਼ੋਰਡ ਸਟਰੀਟ ਵਿੱਚ ਇੱਕ ਚਰਚ ਵੀ ਹੈ, ਜਿਸ ਦਾ ਨਾਂ “ਸੇਂਟ ਜਾਈਲਜ਼ ਇਨ ਦਾ ਫੀਲਡਜ਼” ਹੈ। ਸ਼ੈਕਸਪੀਅਰ ਦੇ ਪ੍ਰਸਿੱਧ ਐਕਟਰ ਡੇਵਿਡ ਗੈਰਿਕ ਦੀ ਸ਼ਾਦੀ ਏਸੇ ਚਰਚ ਵਿੱਚ ਹੋਈ ਸੀ। ਕਵੀ ਸ਼ੈਲੇ ਤੇ ਬਾਇਰਨ ਦੇ ਬੱਚਿਆਂ ਦੇ ਮੁਨੰਣ ਵੀ ਏਸੇ ਜਗਾਹ ਹੀ ਹੋਏ ਸਨ। ਲੰਡਨ ਦੀ ਮਹਾਂਮਾਰੀ ਪਲੇਗ ਨੇ ਵੀ 1665 ‘ਚ ਇਸ ਚਰਚ ਤੋਂ ਹੀ ਮਾਰੋ-ਮਾਰ ਕਰਨੀ ਅਰੰਭੀ ਸੀ। ਔਕਸਫ਼ੋਰਡ ਸਟਰੀਟ ਦੀ ਸਫ਼ਾਈ ਤੇ ਅਨੁਸਾਸ਼ਨ ਵੀ ਵੇਖਣਯੋਗ ਹੈ। ਪਾਨ ਤਾਂ ਏਧਰ ਕੋਈ ਖਾਂਦਾ ਹੀ ਨਹੀਂ, ਪਰ ਛੋਕਰਿਆਂ ਨੂੰ ਗੂੰਦ ਜਾਂ ਚੁਇੰਗਮ ਖਾ ਕੇ ਫੁੱਟ ਪਾਥਾਂ ਤੇ ਸੁੱਟਨ ਦੀ ਆਦਤ ਜ਼ਰੂਰ ਹੈ, ਜੋ ਡਿਗਦਾ ਹੀ ਚੁੰਬਕ-ਪੱਥਰ ਵਾਂਗ ਚੁੰਬੜ ਜਾਂਦੈ। ਡਰਵ ਵਾਲਿਆਂ ਦੇ ਮੋਟਰ ਨਾਲ ਚੱਲਦੇ ਚਾਰ ਝਾੜੂ-ਬਰਦਾਰ ਲੋਕਾਂ ਦੇ ਚਰਨਾਂ ‘ਚ ਹਰ ਵੇਲੇ ਹੀ ਚੱਲਦੇ ਰਹਿੰਦੇ ਨੇ। ਬਹੁਤੇ ਸਟੋਰਾਂ ਦੇ ਪ੍ਰਸਾਧਨ/ਟਾਇਲਟ ਭਾਗਾਂ ‘ਚ ਏਨੀ ਸੂਖਮ ਸਫਾਈ ਹੈ ਕਿ ਬਿਪਤਾ ਵੇਲੇ ਆਲੂ-ਮੇਥਿਆਂ ਵਾਲੇ ਪਰੌਠੇ ਤੁਸੀਂ ਆਸਾਨੀ ਨਾਲ ਏਥੇ ਖਾ ਸਕਦੇ ਹੋ। ਇੱਕ ਕੁਲਵਕਤੀ ਆਦਮੀ ਹਰ ਵੇਲੇ ਹੀ ਇਸ ਭਾਗ ਨੂੰ ਲਿਸ਼ਕਾਂਦਾ ਰਹਿੰਦੈ ਅਤੇ ਉਹ ਆਪਣੀ ਰੁਖੀ ਸੁੱਕੀ ਵੀ ਕਿਸੇ ਕੈਂਟੀਨ ‘ਚ ਬੈਠ ਕੇ ਨਹੀਂ ਖਾਂਦਾ। ਬਹੁਤੀ ਔਕਸਫੋਰਡ ਸਟਰੀਟ ਵਿੱਚ ਕੇਵਲ ਬੱਸਾਂ ਤੇ ਟੈਕਸੀਆਂ ਹੀ ਚਲਦੀਆਂ ਨੇ। ਸਵਾਏ ਪੁਲਸ ਜਾਂ ਰਾਣੀ ਤੋਂ, ਦੋ ਜਾਂ ਚਾਰ ਪੜੂਆਂ ਵਾਲੇ ਵਾਹਨ ਹੋਰ ਕਿਸੇ ਵੀ ਨੱਥੂ ਖੈਰੇ ਦੇ ਏਥੇ ਨਹੀਂ ਵੜ ਸਕਦੈ। ਕੋਈ ਝਗੜਾ ਨਹੀਂ, ਕੋਈ ਗਾਲ੍ਹ ਨਹੀਂ, ਕੋਈ ਉੱਚੀ ਆਵਾਜ਼ ਨਹੀਂ। ਲੋਕਾਂ ਦਾ ਹੜ੍ਹ ਪਰ ਕਿਸੇ ਨੂੰ ਵੀ ਚੋਰੀ ਦਾ ਡਰ ਨਹੀਂ, ਕੂਲੇ ਮਾਸ ਤੇ ਮੱਛਰ ਦਾ ਭੈਅ ਨਹੀਂ। ਧੰਨਵਾਦ ਤੇ ਖਿਮ੍ਹਾਂ, ਦੋ ਹੀ ਸ਼ਬਦ। ਕੋਈ ਹੌਰਨ ਨਹੀਂ, ਕੋਈ ਧੂਆਂ ਨਹੀਂ। ਕੋਈ ਫਲ ਸਬਜ਼ੀ ਬਾਹਰ ਨਹੀਂ ਵੇਚਦੈ। ਏਥੇ ਢੀਠ ਤੇ ਬੇਸ਼ਰਮ ਵੀ ਨੇ। ਇਹਨਾਂ ਬਾਰੇ ਪੜ੍ਹਿਆ ਤੇ ਸੁਣਿਆ ਵੀ ਸੀ ਕਿ ਇਹ ਬਮਾਰੀ ਏਥੇ ਦੋ ਸੌ ਸਾਲਾਂ ਤੋਂ ਹੀ ਹੈ। ਚਿਤਾਵਣੀ ਹੈ: “ਲਸੰਸੋਂ ਬਗ਼ੈਰ ਕਈ ਲੋਕ ਜ਼ਾਹਲੀ ਚੀਜ਼ਾਂ ਵੇਚ ਰਹੇ ਨੇ।” ਔਕਸਫ਼ੋਰਡ ਸਟਰੀਟ ਦੇ 133-35 ਨੰਬਰ ‘ਚ “ਬਰੈਡਫੋਰਸ” –ਨਿਲਾਮੀ ਘਰ ਹੈ, ਜੋ ਟੈਕਸਫਰੀ ਐਕਸਪੋਰਟ ਦਾ ਹੋਕਾ ਦੇ ਕੇ ਚੀਜ਼ਾਂ ਦੀ ਬੋਲੀ ਕਰ ਰਿਹੈ। ਕਮਾਲ ਹੈ! ਜ਼ਰਾ ਅੱਗੇ ਜਾਵੋ, ਨਾਲ ਹੀ “ਲੌਰੈਂਬੇ ਲਿਮਟਿਡ ਕੰਪਨੀ” ਵਾਲੇ ਦਾ ਬੋਲੀ ਦਿੰਦੇ ਦਾ ਸੰਘ ਬੈਠਾ ਹੋਇਐ। “ਦਸ ਪੌਂਡਾਂ ਦੀ ਸੈਂਟ ਦੀ ਇੱਕ ਸ਼ੀਸ਼ੀ ਤੇ ਵੀਹਾਂ ਪੌਂਡਾਂ ਦੀਆਂ ਤਿੰਨ” ਫੁੱਟ-ਪਾਥ ‘ਤੇ ਤੁਰੀ ਜਾਂਦੀ ਮੁਟਿਆਰ ਵੇਚ ਰਹੀ ਹੈ ਅਤੇ ਆਖਦੀ ਹੈ, “ਲੁੱਟ ਲਉ ਮੌਜ ਬਹਾਰਾਂ ਜਦ ਤਾਈਂ ਪੁਲਸ ਨਹੀਂ ਬੰਦ ਕਰਦੀ।” ਸਾਰੀ ਦੁਨੀਆ ਤੋਂ ਵਧੇਰੇ ਸੈਂਟ ਦੀ ਪਰਚੂਨ ਵਿਕਰੀ ਏਥੇ ਹੀ ਹੁੰਦੀ ਹੈ। ਜੇਕਰ “ਵੈਸਟਮਨਿਸਟਰ ਸਿਟੀ ਕੌਂਸਲ” ਜਾਂ “ਔਕਸਫ਼ੋਰਡ ਸਟਰੀਟ ਐਸੋਸੀਏਸ਼ਨ” ਚਾਹੇ ਤਾਂ ਇਹਨਾਂ ਨੂੰ ਨੁੱਕਰੇ ਲਾ ਕੇ ਨਕੇਲ ਪਾ ਸਕਦੀ ਹੈ ਪਰ ਇਤਨੀ ਕੁ ਸਹਿਣਸ਼ੀਲਤਾ ਬਰਤਾਨਵੀ ਚਲਣ ਦਾ ਹਿੱਸਾ ਹੈ। ਇਹ ਵਿਸ਼ਵ ਭਰ ਦੀਆਂ ਲਹਿਰਾਂ ਤੇ ਘੁੰਮਣਘੇਰੀਆਂ ਲਾਉਣ ਵਾਲਿਆਂ ਦਾ ਕੌਮੀ ਖ਼ਾਸਾ ਹੈ। ਕਿਤੇ ਕਿਤੇ ਕੋਈ ਮੰਗਤਾ ਵੀ ਮਿਲ ਜਾਂਦੈ, ਜੋ ਬੱਝੇ ਪੌਂਡ ਦੀ ਆਸ ਤਾਂ ਨਹੀਂ ਰੱਖਦਾ ਪਰ ਭਾਨ ਜ਼ਰੂਰ ਮੰਗਦੈ। ਕਦੇ ਕਦਾਈਂ ਸਿਆਲਾਂ ਨੂੰ ਭਰ ਰਾਤੇ ਕੋਈ ਰਜਾਈ ਵਿੱਚ ਗੁੱਛੂੰ-ਮੁੱਛੂੰ ਹੋਇਆ ਵੀ ਮਿਲਦੈ। 18-12-95 ਨੂੰ ਕਰਿਸਮਸ ਤੌਂ ਕੁਝ ਦਿਨ ਪਹਿਲਾਂ ਬੈਂਕ ਦੀਆਂ ਮਸ਼ੀਨਾਂ ‘ਚ ਪੈਸੇ ਰੱਖਣ ਲੱਗਿਆਂ ਇਕ ਮਾਮੂਲੀ ਜਿਹਾ ਡਾਕਾ ਵੀ ਪਿਆ। ਇਹ ਸਟਰੀਟ ਬੇਰੁਖੀ ਜਿਹੀ ਵੀ ਹੈ। ਜੇ ਕਰ ਸੰਭਵ ਹੋਵੇ ਤਾਂ ਇਸ ਦਾ ਸੁਆਦ ਥੋੜ੍ਹਾ ਥੋੜ੍ਹਾ ਕਰ ਕੇ ਚੱਖਣਾ ਚਾਹੀਦੈ। ਇਹ ਨਹੀਂ ਕਿ ਲੰਡਨ ਵਿੱਚ ਐਕਸੀਡੈਂਟ ਨਹੀਂ ਹੁੰਦੇ। ਹੁੰਦੇ ਹਨ, ਪਰ ਬਾਕੀ ਦੁਨੀਆਂ ਦੇ ਟਾਕਰੇ ‘ਤੇ ਬਹੁਤ ਹੀ ਘੱਟ। 1959 ਦੀ ਗੱਲ ਹੈ। ਔਕਸਫ਼ੋਰਡ ਸਰਕਸ ਦੇ ਚੌਕ ਵਿੱਚ ਜਦ 18 ਇੰਚ ਲੰਮੀ ਬਿਜਲਈ ਮੋਮਬੱਤੀ ਚੌਖੀ ਉਚਾਈ ਤੋਂ ਧੱੜਮ ਕਰ ਕੇ ਹੇਠਾਂ ਡਿੱਗੀ ਤਾਂ ਲੰਡਨ ਦੇ “ਈਵਨਿੰਗ ਸਟੰਡਰਡ” ਅਖ਼ਬਾਰ ਨੇ ਹਾ-ਹਾ-ਕਾਰ ਮਚਾ ਦਿੱਤੀ। ਫਿਰ Eਸੇ ਸਾਲ, Eਸੇ ਹੀ ਥਾਂ ਜਦੋਂ 15 ਫੁੱਟ ਉੱਚਾ ਸਿੰ਼ਗਾਰ ਰੁੱਖ ਡਿਗਣ ਨਾਲ ਇੱਕ ਬੰਦਾ ਹੀ ਜਾਂਦਾ ਲੱਗਾ, ਤਾਂ ਲੰਡਨ ਕੁਰਲਾ ਉਠਿਆ। ਦਸੰਬਰ ਦੇ ਮਹੀਨੇ ਅਤੇ ਕਰਿਸਮਸ ਤੋਂ ਕੁਝ ਹਫ਼ਤੇ ਪਹਿਲਾਂ, ਗਾਹਕਾਂ ਨੂੰ ਖਿੱਚਣ ਅਤੇ ਪ੍ਰਸਿੱਧ ਬਾਜ਼ਾਰਾਂ ਨੂੰ ਮਨਮੋਹਕ ਬਣਾਉਣ ਲਈ ਲੰਡਨ ਬਿਜਲਈ ਸਿ਼ਗਾਰ-ਬੱਤੀਆਂ ਨਾਲ ਜਗਮਗਾ ਉੱਠਦੈ। ਅੱਧੀ ਸਦੀ ਤੋਂ ਚੱਲਦੀ ਆ ਰਹੀ ਇਸ “ਬੱਤੀਆਂ ਜਗਮਗਾਉਣ” ਦੀ ਰਸਮ ਦਾ ਉਦਘਾਟਨ ਵੀ ਕੋਈ ਸਿਆਸਤਦਾਨ ਨਹੀਂ, ਸਗੋਂ ਉਸੇ ਸਾਲ ਵਿੱਚ ਨਿੱਖਰਿਆ ਕੋਈ ਨਾਮਵਰ ਹਸਤਾਖ਼ਰ ਹੀ ਕਰਦੈ। ਪਿੱਕਾਡਿਲੀ ਦੀ ਰੀਜੈਂਟ ਸਟਰੀਟ ਨੇ ਸਿ਼ੰਗਾਰ-ਬੱਤੀਆਂ ਜਗਾਉਣ ਦੀ ਪ੍ਰਿਤ 1954 ਤੋਂ ਚਾਲੂ ਕਰ ਦਿੱਤੀ ਸੀ ਅਤੇ ਪਿੱਛੋਂ ਜਾ ਕੇ ਬਾਕੀਆਂ ਨੇ ਵੀ ਇਹ ਭੇਡ-ਚਾਲ ਅਰੰਭ ਕਰ ਦਿੱਤੀ। ਔਕਸਫ਼ੋਰਡ ਸਟਰੀਟ ਵਾਲੇ 1959 ਤੋਂ ਇਹ ਰਸਮ ਲਗ-ਭਗ ਬਖ਼ੂਬੀ ਚਲਾ ਰਹੇ ਨੇ। 1978 ‘ਚ ਸ਼ਹਿਜ਼ਾਦਾ ਚਾਰਲਸ ਜਦ 30 ਵਰ੍ਹਿਆਂ ਨੂੰ ਢੁੱਕਿਆ, ਤਾਂ ਔਕਸਫ਼ੋਰਡ ਸਟਰੀਟ ਨੇ ਇਹ ਮਾਣ ਉਸ ਨੂੰ ਬਖ਼ਸਿ਼ਆ। 1982 ‘ਚ ਬਰਤਾਨੀਆਂ ਨੇ ਅਰਜੈਨਟਾਈਨਾ ਨਾਲ ਫਾਕਲੈਂਡ ਦੀ ਲੜਾਈ ਵਿੱਢ ਲਈ, ਜਿਸ ਵਿੱਚ ਸ਼ਹਿਜ਼ਾਦੇ ਐਂਡਰੀਊ ਨੇ ਹਾਲੀਕਾਪਟਰ ਚਲਾ ਕੇ ਭਾਗ ਲਿਆ। ਜਿੱਤ ਹੋਣ ਉਪਰੰਤ ਸ਼ਹਿਜ਼ਾਦੇ ਦਾ ਮਾਣ ਰੱਖਣ ਲਈ 1982 ‘ਚ ਇਹ ਬੱਤੀਆਂ ਉਸ ਨੇ ਜਗਾਈਆਂ। 1981 ਵਿੱਚ ਲੰਡਨ ਦੀ ਮਿੱਸ ਵਰਲਡ ਕਿਉਂਕਿ ਹਰ ਕਿਸੇ ਦੇ ਬੁੱਲਾਂਖ ‘ਤੇ ਸੀ, ਔਕਸਫ਼ੋਰਡ ਸਟਰੀਟ ਨੇ ਇਹ ਮਾਣ-ਸਤਿਕਾਰ ਉਸ ਸੁੰਦਰੀ ਨੂੰ ਦਿੱਤਾ ਅਤੇ 1985 ਵਿੱਚ ਲੋੜਵੰਦਾਂ ਲਈ ਕ੍ਰੋੜਾਂ ਪੌਂਡ ਇਕੱਠੇ ਕਰਨ ਵਾਲੇ “ਜਿ਼ੰਦਾ ਸਹਾਇਤਾ” ਦੇ ਨਾਇਕ ਬੌਬ ਗਿਲਡੌਫ ਨੂੰ। ਪਿੱਛੋਂ ਜਾ ਕੇ, ਬੀ.ਬੀ.ਸੀ. ਦੇ ਆਇਰਸ਼ ਟੈਰੀ ਵੌਗਨ ਅਤੇ ਫਿਰ “ਈਸਟ ਐਂਡਜ਼” ਅਤੇ 1993 ‘ਚ “ਵਰਜਿਨ ਏਅਰਲਾਈਨਜ਼” ਦੇ ਧਮਾਕੇਖ਼ੇਜ਼ ਰਿਚਰਡ ਬਰੈਨਸਨ ਨੇ ਵੀ ਇਹ ਮਾਣ ਖੱਟਿਆ। ਔਕਸਫੋਰਡ ਸਟਰੀਟ ‘ਚ ਕੁਝ ਕੁ ਕਾਰੋਬਾਰੀ ਪਤਵੰਤੇ ਇਕੱਠੇ ਹੁੰਦੇ ਨੇ। ਲੋਕ-ਨਾਇਕ ਤਾੜੀਆਂ ਦੀ ਗੁੰਜਾਰ ਨਾਲ ਕਿਸੇ ਵੀ ਸਟੋਰ ਜਾਂ ਦੁਕਾਨ ਵਿੱਚੋਂ ਨਿਕਲਦੈ ਅਤੇ ਫਿਰ ਉਹ ਇੱਕ ਕਰੇਨ ਵਾਲੀ ਗੱਡੀ ‘ਚ ਜਾ ਚੜ੍ਹਦੈ, ਜੋ ਉਸਨੂੰ ਲੋਕਾਂ ਨਾਲੋਂ ਕੁੱਝ ਉਚੇਰਾ ਖੜਾ ਕਰਦੀ ਹੈ। ਦੋਵੇਂ ਹੱਥ ਉੱਚੇ ਕਰ ਉਹ ਆਖਦੈ, “ਹੋਵੇ ਚਾਨਣ ਪ੍ਰਵੇਸ਼” ਫਿਰ ਕੀ? ਬਾਜ਼ਾਰ ਟਿਮਟਿਮਾ ਪੈਂਦੇ, ਜਗਮਗਾ ਉਠਦੇ। ਪਤਵੰਤੇ ਆਪਣੇ ਕੰਮੀ-ਕਾਰੀਂ ਜੁੱਟ ਜਾਂਦੈ ਅਤੇ ਨਾਇਕ “ਧਨ ਸ਼ੁਹਰਤ ਦੁਇ” ਨਾਲ ਲੈ ਸਾਲ ਭਰ ਲਈ ਮਾਲਾ-ਮਾਲ ਹੋ Eਥੋਂ ਟਿਬਦਾ ਬਣਦੈ। ਕਾਰੋਬਾਰਾਂ ਵਿੱਚ ਚੋਰੀ ਸਦਾ ਹੀ ਇੱਕ ਸਿਰਦਰਦ ਹੈ। ਹੱਥ ਅੰਦਰਲਾ ਸਟਾਫ ਫੇਰੇ ਜਾਂ ਗਾਹਕ, ਵਪਾਰਕ ਬੋਲੀ ਵਿੱਚ ਇਸ ਨੂੰ “ਸੁੰਗੜਾਊ” ਆਖਿਆ ਜਾਂਦੈ। ਅੰਦਾਜ਼ਾ ਹੈ ਕਿ ਸਾਰੇ ਬਰਤਾਨੀਆਂ ਦੀਆਂ ਹੱਟੀਆਂ ਵਿੱਚ ਹਰ ਵਰ੍ਹੇ ਇੱਕ ਹਜ਼ਾਰ ਮਿਲੀਅਨ (1,000 ੰ) ਪੌਂਡਾਂ ਦਾ ਸੁੰਗੜਾਉ ਹੁੰਦੈ। ਔਕਸਫ਼ੋਰਡ ਸਟਰੀਟ ਦੇ ਵੱਡੇ ਸਟੋਰਾਂ ਨੇ ਨਿੱਜੀ ਰਖਵਾਲੇ ਵੀਹਵੀਂ ਸਦੀ ਦੇ ਆਰੰਭ ਤੋਂ ਹੀ ਰੱਖੇ ਹੋਏ ਨੇ ਪਰ ਅਜੇ ਵੀ ਇਸ ਸਟਰੀਟ ਵਿੱਚ ਹਰ ਵਰ੍ਹੇ ਕੋਈ 100 ਮਿਲੀਅਨ ਪੌਂਡਾਂ ਨੂੰ ਹੂੰਝਾ ਫਿਰ ਜਾਂਦੈ। ਚੋਰ, ਆਪਣੀ ਭਾਸ਼ਾ ਵਿੱਚ ਇਸ ਬਾਜ਼ਾਰ ਨੂੰ “ਸੁਨਹਿਰੀ ਮੀਲ” ਆਖਦੇ ਨੇ। ਅੱਧੀ ਚੋਰੀ ਤਾਂ ਬੈਂਕ ਦੇ ਕ੍ਰੈਡਿਟ ਕਾਰਡਾਂ ਨਾਲ ਹੁਂੰਦੀ ਹੈ ਅਤੇ ਬਾਕੀ 50 ਮਿਲੀਅਨ ਦਾ ਚੀਜ਼ਾਂ ਵਸਤਾਂ ਨੂੰ ਥੁੱਕ ਲਗਦੈ। ਮਹਿੰਗੀ ਮੱਛੀ ਨੂੰ ਹੱਥ ਪਾਉਣ ਵਾਲੀਆਂ ਕੇਵਲ ਨਿੱਕੀਆਂ ਮੋਟੀਆਂ ਬੁਢੜੀਆਂ ਹੀ ਨਹੀਂ, ਸਗੋਂ ਪੁਲਸ ਜਾਂ ਸਕਿਉਰਿਟੀ ਗਾਰਡਾਂ ਦੇ ਭੇਸ ਵਿੱਚ ਚੋਰਾਂ ਦੇ ਗ੍ਰੋਹ ਵਿਉਂਤਬੰਦੀ ਨਾਲ ਵੀ ਪੈਂਦੇ ਨੇ। ਇੰਗਲੈਂਡ ਵਿੱਚ ਕਦੇ ਭਲੋੋਮੲਰਸ ਜਾਂ ਘੱਗਰੀਆਂ ਪਹਿਨਣ ਦਾ ਰਵਾਜ ਸੀ, ਜੋ ਗੋਡਿਆਂ ਤੋਂ ਹੇਠਾਂ ਨਾਲੇ ਵਾਂਗ ਕੱਸੀਆਂ ਜਾਂਦੀਆਂ। ਉਸਤਾਦ ਫਫੇਕੁੱਟਣੀਆਂ ਉਹਨੀਂ ਦਿਨੀਂ ਇਤ੍ਰਫਲੇਲ, ਲਿਪਸਟਿਕ, ਸਿਲਕੀ ਕਪੜੇ ਜਾਂ ਪਾਰਕਰ ਦੇ ਪੈਨਾਂ ਨੂੰ ਹੱਥ ਫੇਰਦੀਆਂ, ਖਚਰੇ ਗੀਤ ਗਾਉਂਦੀਆਂ, “ਪੱਲਾ ਚੱਕਿਆ, ਘੜੱਮ ਵਿੱਚ ਰੱਖਿਆ, ਬਈ….ਘੱਗਰੀ…ਦੀ ਮੌਜ…ਬੜੀ”। ਅਜੋਕਿਆਂ ਠੱਗਾਂ ਵਿੱਚੋਂ ਅੱਧੇ ਵਿਦੇਸ਼ੀ ਹੁੰਦੇ ਨੇ ਜੋ ਫੜੇ ਜਾਣ ਤੇ ਥਿੜਕ ਜਾਂਦੇ ਨੇ, ਪਰ ਸਥਾਨਕ ਭੇਤੀ ਤੇ ਖ਼ਾਸਕਰ ਸਾਂਵਲੇ ਰੰਗ ਦੇ, ਪੈਂਦਿਆਂ ਹੀ ਤਿੱਤਰ। ਨੰਬਰ ਇੱਕ ਜੇਬ-ਕਤਰੇ ਦੱਖਣੀ ਅਮਰੀਕਾ ਤੋਂ ਆਉਂਦੇ ਨੇ ਪਰ ਬੌਸਨੀਆ ਦੇ 12-14 ਸਾਲ ਦੇ ਬਲੂਰ ਵੀ ਮਾਣ ਨਹੀਂ, ਤਾਹੀEਂ ਤਾਂ ਪੁਲਸ ਹੁਣ 500,000 ਪੌਂਡ ਲਗਾ ਕੇ 35 ਟੀ.ਵੀ. ਕੈਮਰੇ ਲਗਾ ਰਹੀ ਏ। ਪਕੜੇ ਤਾਂ ਹੁਣ ਵੀ ਅਨੇਕਾਂ ਹੀ ਜਾਂਦੇ ਨੇ ਪਰ ਕੇਸ ਕੋਈ 10,000 ਤੇ ਹੀ ਚੱਲਦੈ। ਔਕਸਫ਼ੋਰਡ ਦੇ ਸੁੰਗੜਾਊ ਤੋਂ, ਕੀ ਤੁਸੀਂ ਇਸ ਸਟਰੀਟ ਦੀ ਵੱਟਤ ਦਾ ਅਨੁਮਾਨ ਨਹੀਂ ਲਗਾ ਸਕਦੇ? 5 ਮਿਲੀਅਨ ਵਰਗ ਫੁੱਟ ਢੇਰੀ ਵਿੱਚ ਬੈਠੇ ਕੇਵਲ 300 ਹੋਟਲ-ਹੱਟੀਆਂ ਵਾਲੇ 5 ਬਿਲੀਅਨ ਪੌਂਡਾਂ ਦੀ ਵਿਕਰੀ ਕਰਦੇ ਨੇ ਵਾਰਸ਼ਕ। ਦੇਸ਼ ਭਗਤੀ ਦੇ ਨਾਹਰਿਆਂ ਜਾਂ ਕੇਵਲ ਫੋਕੀਆਂ ਟਾਹਰਾਂ ਨਾਲ ਕੌਮਾਂ ਬਣਦੀਆਂ ਨਹੀਂ। ਗੱਲ ਤਾਂ ਤਲੀ ‘ਤੇ ਸਿਰ ਧਰਿਆਂ, ਪੁਰਜ਼ਾ ਪੁਰਜ਼ਾ ਕੱਟ ਮਰਿਆਂ ਹੀ ਬਣਦੀ ਹੈ। ਔਕਸਫੋ਼ਰਡ ਸਟਰੀਟ ਆਪਣੇ ਸ਼ਹੀਦਾਂ-ਸੂਰਬੀਰਾਂ ਨੂੰ ਵੀ ਵਿਸਾਰਦੀ ਨਹੀਂ। ਪਹਿਲੀ ਵੱਡੀ ਜੰਗ ‘ਚ ਬਰਤਾਨੀਆ ਦੇ ਇੱਕ ਮਿਲੀਅਨ ਜੁਆਨ ਸ਼ਹੀਦ ਹੋਏ ਤੇ ਅਨੇਕਾਂ ਫੱਟੜ ਵੀ। ਔਕਸਫ਼ੋਰਡ ਸਟਰੀਟ ਵਿੱਚੋਂ ਸ਼ਹੀਦ ਹੋਏ ਜੁਆਨਾਂ ਦੀਆਂ ਯਾਦਾਂ ਅਜੇ ਵੀ ਹਰ ਸਟੋਰ ਵਿੱਚ ਕਾਇਮ-ਦਾਇਮ ਨੇ। ਸੁੰਦਰ ਪਲੇਟਾਂ ਉਤੇ ਸ਼ੁਭ-ਕਰਮਣਕਾਰੀਆਂ ਦੇ ਨਾਮ ਉੱਕਰੇ ਹੋਏ ਨੇ। ਫੱਟੜ ਜੁਆਨਾਂ ਨੂੰ ਸਟੋਰਾਂ ਨੇ ਵਾਪਿਸ ਲੈ ਲਿਆ ਤੇ ਟਰੇਨਿੰਗ ਦੇ ਕੇ ਮੁੜ ਨੌਕਰੀਆਂ ਵੀ ਦੇ ਦਿੱਤੀਆਂ। ਜੰਗ 11 ਨਵੰਬਰ ਨੂੰ 11 ਵਜੇ ਬੰਦ ਹੋਈ। ਔਕਸਫ਼ੋਰਡ ਸਟਰੀਟ ਦਾ ਇਕ ਸਿਰਤਾਜ ਸਟੋਰ, ਹਰ ਸਾਲ ਜਿੱਤ ਦੇ ਦਿਨ 11 ਵਜੇ ਉਹਨਾਂ ਦੀ ਯਾਦ ਵਿੱਚ ਬਿਗਲ ਬਜਾਉਂਦਾ। ਬਿਗਲ ਦੀ ਤਾਨ “਼ਅਸਟ ਫੋਸਟ” ਸੁਣਦਿਆਂ ਹੀ ਸਾਰੀ ਆਵਾਜਾਈ ਰੁਕ ਜਾਂਦੀ। ਲੋਕ ਖੜੇ ਹੁੰਦੇ, ਹੈਟ ਉਤਾਰਦੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ। ਦੋ ਮਿੰਟਾਂ ਦੀ ਚੁੱਪ ਤੋਂ ਬਾਅਦ ਜਦੋਂ ਬਿਗਲ ਦੀ ਤਾਨ “੍ਰੲਵਲਿਲੲ” ਵਿੱਚ ਬਦਲਦੀ ਤਾਂ ਸਿਲ੍ਹੇ ਰੁਮਾਲਾਂ ਨੂੰ ਬੋਝਿਆਂ ਵਿੱਚ ਪਾਉਂਦੇ ਸਭ ਚਲਦੇ ਬਣਦੇ। ਸ਼ਹੀਦਾਂ ਦਾ ਇਹ ਰੱਬ ਵਰਗਾ ਸਨਮਾਨ ਦੂਜੀ ਜੰਗ ਦੇ ਅਰੰਭ ਤੱਕ ਹਰ ਸਾਲ ਚੱਲਦਾ ਰਿਹੈ। ਖੁਸ਼ੀ-ਖੇੜੇ ਦੀ ਗੱਲ ਇਹ ਕਿ ਇਸ ਸਟੋਰ ਦਾ ਮਾਲਕ ਗੋਰਡਨ ਇੱਕ ਗ਼ੈਰ-ਬਰਤਾਨਵੀ ਵਿਦੇਸ਼ੀ ਸੀ, ਜਿਸ ਨੇ ਸਥਾਨਕ ਲੋਕਾਂ ਨੂੰ ਨਾਲ ਲੈ, ਆਪਣੀ ਸੰਪੂਰਨ ਵਫ਼ਾਦਾਰੀ ਦਾ ਸਬੂਤ ਦਿੰਦਿਆਂ ਵਪਾਰਕ ਟੀਚੇ ਵਿੱਚ ਅਣਕਿਆਸੀਆਂ ਸਿੱਖਰਾਂ ਛੁਹੀਆਂ। ਅੱਜ ਉਸ ਸਟੋਰ-ਮਾਲਕ ਦੀ ਯਾਦ ਵਿਚ ਲਗਾਈ ਪਿੱਤਲ-ਪਲੇਟ ਦੀ ਵੀ ਹਰ ਕੋਈ ਪ੍ਰਕਰਮਾਂ ਕਰਦੈ। ਔਕਸਫ਼ੋਰਡ ਸਟਰੀਟ ‘ਚ ਸੈਲਾਨੀਆਂ ਦੀਆਂ ਭਰੀਆਂ-ਭਕੁੰਨੀਆਂ ਸਿਰਖੁੱਲੀਆਂ ਦੁਮੰਜ਼ਲੀਆਂ ਬੱਸਾਂ ਜਦੋਂ ਬੁੱਕਦੀਆਂ ਹਨ ਤਾਂ ਖੁਸ਼ੀ ਦਾ ਪ੍ਰਗਟਾਵਾ ਵੇਖਣਯੋਗ ਹੁੰਦੈ। ਅੱਧਵਾਟੇ, ਔਕਸਫ਼ੋਰਡ ਸਰਕਸ ਪਹੁੰਚ, ਇਹੀ ਬੱਸਾਂ ਜਦੋਂ ਔਕਸਫ਼ੋਰਡ ਸਟਰੀਟ ਨੂੰ ਦੁਫਾੜ ਚੀਰਦੀਆਂ ਪਿੱਕਾਡਿਲੀ ਵੱਲ, ਰੀਜੈਂਟ ਸਟਰੀਟ ਦਾ ਕੂਹਣੀ-ਮੋੜ ਮੁੜਦੀਆਂ ਨੇ ਤਾਂ ਨਿੱਕੇ ਬੱਚੇ ਮੁਸਕਰਾਉਂਦੇ, ਸਿਆਣੇ ਤਾੜੀਆਂ ਵਜਾਉਂਦੇ, ਗਿੱਧੇ ਪਾਉਂਦੇ, ਨੱਚਦੇ-ਟੱਪਦੇ ਹੱਸਦੇ, ਪੈਲਾਂ ਪਾਉਂਦੇ, ਬੁਲਬੁਲੀਆਂ ਬੁਲਾਉਂਦੇ, ਗੁਲੂਬੰਦ ਉਡਾਉਂਦੇ, ਹੇਅ…ਹੇਅ… ਦੀ ਉੱਚੀ ਗੁੰਜਾਰ ਗਜਾਉਂਦੇ ਨੇ ਤਾਂ ਫੁੱਟ-ਪਾਥਾਂ ‘ਤੇ ਜਾਂਦੇ ਲੋਕੀਂ ਜਵਾਬੀ ਬਾਹਾਂ ਉਲਾਰਦੇ ਨਹੀਂ ਮਿਉਂਦੇ। ਹਰ ਚੜ੍ਹਦੇ ਦਿਨ, ਚੱਤੋ-ਪਹਿਰ, ਬਾਰਾਂ ਮਹੀਨੇ ਹੀ ਇਵੈ ਜਾਪਦੈ, ਜਿਵੇਂ ਦੋਵੈਂ ਧਿਰਾਂ ਇਕ ਦੂਸਰੇ ਨੂੰ “ਮੈਰੀ ਕਰਿਸਮਸ” ਜਾਂ “ ਹੈਪੀ ਨਿਊ ਯੀਅਰ” ਆਖ ਰਹੀਆਂ ਹੋਣ। ***** |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 2001-2007) *** |
ਡਾਇਰੀ / ਲਿਖਾਰੀ 2001-2007 / ਲੇਖ