19 June 2024

ਲਾਸਾਨੀ ਕਵੀਸ਼ਰ ਕਰਨੈਲ ਸਿੰਘ ਰਾਮੂਵਾਲੀਆ – ਪ੍ਰਿੰਸੀਪਲ ਸਰਵਣ ਸਿੰਘ

 

ਲਾਸਾਨੀ ਕਵੀਸ਼ਰ ਕਰਨੈਲ ਸਿੰਘ ਰਾਮੂਵਾਲੀਆ

-ਪ੍ਰਿੰਸੀਪਲ ਸਰਵਣ ਸਿੰਘ

ਕਈ ਲਿਖਤਾਂ ਕਿੰਨੀਆਂ ਵੀ ਪੁਰਾਣੀਆਂ ਕਿਓਂ ਨਾ ਹੋਣ, ਹਰ ਵਾਰ ਪੜ੍ਹਣ ਨਾਲ ਨਵੀਆਂ ਹੋ ਜਾਂਦੀਆਂ ਹਨ। ਅਜੇਹੀ ਹੀ ਇਕ ਪੁਰਾਣੀ ਯਾਦ ਨੂੰ ਫੇਰ ਤੋਂ ਛਾਪ ਕੇ ਖੁਸ਼ੀ ਲੈ ਰਹੇ ਹਾਂ। – ਲਿਖਾਰੀ 
ਦੇਖੋ ਪੂਰਵ ਵਾਲ਼ੇ ਲੋਕੋ,
ਪੱਛਮ ਨੇ ਕੀ ਰੀਤ ਚਲਾਈ?
ਪੁੱਤਰਾਂ ਤੋਂ ਵੱਧ ਕਰਨ ਚਾਕਰੀ,
ਰਲ਼ਕੇ ਧੀ ਤੇ ਪੁੱਤ-ਜਵਾਈ।—–ਪੰਨੂੂ

ਕਰਨੈਲ ਸਿੰਘ ਪਾਰਸ, ਜਸਵੰਤ ਸਿੰਘ ਕੰਵਲ ਤੇ ਹਰਕਿਸ਼ਨ ਸਿੰਘ ਸੁਰਜੀਤ ਲਗਪਗ ਹਾਣੀ ਹਨ। ਤਿੰਨੇ ਨੱਬਿਆਂ ਨੂੰ ਢੁੱਕੇ ਹੋਏ ਤੇ ਪਹਿਲੀ ਵਿਸ਼ਵ ਜੰਗ ਸਮੇਂ ਦੇ ਜੰਮੇ ਹੋਏ। ਪਾਰਸ ਕਵੀਸ਼ਰੀ ਦਾ ਚੈਂਪੀਅਨ ਹੈ, ਕੰਵਲ ਸਾਹਿਤ ਦਾ ਤੇ ਸੁਰਜੀਤ ਸਿਆਸਤ ਦਾ। ਹੁਣ ਉਹ ਸੈਂਚਰੀ ਮਾਰਨ ਵੱਲ ਵਧ ਰਹੇ ਹਨ। ਹੋ ਸਕਦੈ ਸੈਂਚਰੀ ਮਾਰ ਵੀ ਜਾਣ ਕਿਉਂਕਿ ਉਹ ਬਿਰਧ ਅਵੱਸਥਾ ਵਿੱਚ ਵੀ ਆਹਰੇ ਲੱਗੇ ਹੋਏ ਹਨ। ਪਾਠਕ ਜਾਣਨਾਂ ਚਾਹੁਣਗੇ ਕਿ ਏਨੀ ਵੱਡੀ ਉਮਰ ਵਿੱਚ ਉਹ ਕਿਵੇਂ ਰਹਿੰਦੇ ਹਨ? ਇਥੇ ਕੇਵਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਗੱਲ ਕਰਦੇ ਹਾਂ।

ਪਾਰਸ ਨੂੰ ਕੋਈ ਲੋਕ-ਮਨਾਂ ਦਾ ਕਵੀਸ਼ਰ ਕਹਿੰਦੈ, ਕੋਈ ਰੌਣਕੀ ਕਵੀਸ਼ਰ ਤੇ ਕੋਈ ਕਵੀਸ਼ਰਾਂ ਦਾ ਕਵੀਸ਼ਰ। ਕੋਈ ਕੱਚੇ ਦੁੱਧ ਦਾ ਕਟੋਰਾ, ਕੋਈ ਮੋਹ ਦਾ ਦਰਿਆ ਤੇ ਕੋਈ ਦਿਲਾਂ ਦਾ ਬੇਤਾਜ ਬਾਦਸ਼ਾਹ। ਉਹ ਪੰਜਾਬੀ ਕਵੀਸ਼ਰੀ ਦਾ ਬਾਬਾ ਬੋਹੜ ਵੀ ਹੈ। ਉਸ ਦੀ ਕਵੀਸ਼ਰੀ ਨੇ ਦੂਰ ਦੂਰ ਤਕ ਧੁੰਮਾਂ ਪਾਈਆਂ ਹਨ ਤੇ ਲੱਖਾਂ ਸਰੋਤਿਆਂ ਨੂੰ ਕੀਲਿਆ ਹੈ। ਜਦੋਂ ਕਦੇ ਪੰਜਾਬੀ ਦੀ ਸਮੁੱਚੀ ਗਾਇਣ ਕਲਾ ਦਾ ਇਤਿਹਾਸ ਲਿਖਿਆ ਗਿਆ ਤਾਂ ਉਸ ਵਿਚ ਪਾਰਸ ਦੀ ਰਚਨਾ ਤੇ ਰਾਮੂਵਾਲੀਏ ਕਵੀਸ਼ਰੀ ਜਥੇ ਦਾ ਉਚੇਚਾ ਜ਼ਿਕਰ ਹੋਵੇਗਾ।

ਉਹ ਪਿਛਲੇ ਕਈ ਸਾਲਾਂ ਤੋਂ ਕੈਨੇਡੀਅਨ ਬਣਿਆ ਹੋਇਐ ਤੇ ਹਰ ਸਾਲ ਪਿੰਡ ਗੇੜਾ ਮਾਰਦਾ ਰਹਿੰਦੈ। ਗਰਮੀਆਂ ਕੈਨੇਡਾ ਵਿੱਚ ਕੱਟਦਾ ਹੈ ਤੇ ਸਰਦੀਆਂ ਪੰਜਾਬ ਵਿਚ। ਕੈਨੇਡਾ ਵਿਚ ਉਹ ਬਰੈਂਪਟਨ ਦਾ ਵਾਸੀ ਹੈ। ਟੋਰਾਂਟੋ ਦੇ ਹਵਾਈ ਅੱਡੇ ਤੋਂ ਬਰੈਂਪਟਨ ਏਨਾ ਕੁ ਦੂਰ ਹੈ ਜਿੰਨਾ ਮੋਗੇ ਤੋਂ ਰਾਮੂਵਾਲਾ। ਉਥੇ ਉਹ ਜ਼ਿੰਦਗੀ ਦੀ ਸ਼ਾਮ ਸੋਹਣੀ ਗੁਜ਼ਾਰ ਰਿਹੈ। ਮੈਂ ਤੇ ਕਿਰਪਾਲ ਸਿੰਘ ਪੰਨੂੰ ਉਹਦੇ ਨੇੜੇ ਹੀ ਰਹਿੰਦੇ ਹਾਂ ਤੇ ਸ਼ਾਮ ਦੀ ਸੈਰ ਸਮੇਂ ਅਕਸਰ ਉਸਨੂੰ ਮਿਲ ਗਿਲ ਆਉਂਦੇ ਹਾਂ।

ਉਹਦੀ ਸ਼ਾਮ ਬੜੀ ਰੰਗੀਨ ਹੁੰਦੀ ਹੈ। ਉਂਜ ਵੀ ਉਹ ਬੜਾ ਰੰਗੀਲੜਾ ਤੇ ਮਿਲਾਪੜਾ ਸੱਜਣ ਹੈ ਜੀਹਦੀਆਂ ਗੱਲਾਂ ਬਾਤਾਂ ਵਿੱਚੋਂ ਫੁਲਝੜੀਆਂ ਝੜਦੀਆਂ ਤੇ ਅਨਾਰ ਖਿੜਦੇ ਹਨ। ਵਿਚੇ ਸਿਆਣਪਾਂ ਦੇ ਹੀਰੇ ਮੋਤੀਆਂ ਦੀ ਸੋਟ ਕਰੀ ਜਾਂਦਾ ਹੈ। ਕਦੇ ਕਦੇ ਲੱਗਦੈ ਜਿਵੇਂ ਕੋਈ ਪੈਗ਼ੰਬਰ ਬੋਲ ਰਿਹਾ ਹੋਵੇ। ਵਡੇਰੀ ਉਮਰ ਦੇ ਬਾਵਜੂਦ ਵੀ ਉਹਦੇ ਬੋਲਾਂ ਵਿੱਚ ਗੜ੍ਹਕਾ ਕਾਇਮ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਉਸ ਨੂੰ ਉੱਚਾ ਸੁਣਦੈ। ਨਜ਼ਰ ਠੀਕ ਹੈ, ਦੰਦ ਦਾੜ੍ਹਾਂ ਵੀ ਠੀਕ ਨੇ ਤੇ ਸੁਰਤੀ ਤਾਂ ਸਿਰੇ ਦੀ ਟਿਕਾਣੇ ਸਿਰ ਹੈ। ਸਿਰਫ ਲੱਤਾਂ ਹਨ ਜਿਹੜੀਆਂ ਪੂਰਾ ਭਾਰ ਨਹੀਂ ਝਲਦੀਆਂ। ਤੋਰੇ ਫੇਰੇ ਪੱਖੋਂ ਹੁਣ ਉਹ ‘ਪਾਰਸ ਕੁਟੀਆ’ ਤਕ ਹੀ ਸੀਮਤ ਹੈ।

“ਉਏ ਸਰਵਣ ਸਿਆਂ! ਮਾਰ ਲਿਆ ਇਕੱਲ ਨੇ। ਪੜ੍ਹਨ ਲਈ ਕੋਈ ਕਿਤਾਬ ਹੀ ਦੇ ਜਾ!” ਪ੍ਰਿੰਸੀਪਲ ਸਾਹਿਬ ਦੀ ਲਿਖੀ ਹੋਈ ਕਿਤਾਬ ਪੜ੍ਹਦਿਆਂ: ਕਿਸਮਤ ਨਾ ਸੀ ਲਿਖਿਆ ਕੁਦਰਤ, ਕਿਸੇ ਸਕੂਲੇ ਦਿਹਲ਼ੀ ਚੜ੍ਹਨਾ। ਲਾ ਕੇ ਲਗਨ, ਯਤਨ ਕਰ ਅਪਣੇ, ਵੇਦ ਕਿਤੇਵਾਂ ਨੂੰ ਸੀ ਪੜ੍ਹਨਾ। ਕਰਤਵ ਦੇ ਘਰ ਕਰਾਮਾਤ ਹੈ, ਕਰਕੇ ਸੱਚ ਦਿਖਾਈ ਲੋਕਾਂ, ਅੱਧੀ ਸਦੀ ਕਵੀਸ਼ਰ ਬਣਕੇ ਸੌਖਾ ਨਹੀਂ ਸਿਖਰਾਂ ‘ਤੇ ਖੜ੍ਹਨਾ।—-ਪੰਨੂੂ

ਰੇਡੀਓ ਉਹਦੇ ਕੰਨਾਂ ਨਾਲ ਲੱਗਾ ਰਹਿੰਦਾ ਹੈ ਤੇ ਅੱਖਾਂ ਅਖ਼ਬਾਰ-ਰਸਾਲੇ ਤੇ ਕਿਤਾਬਾਂ ਦੇ ਵਰਕਿਆਂ ਤੇ। ਖਬਰੇ ਕਿਹੜਾ ਗੁਆਚਾ ਲਾਲ ਲੱਭਦਾ ਹੈ ਉਹ। ਹਾਲੇ ਵੀ ਉਸ ਨੂੰ ਨਵਾਂ ਕੁਝ ਪੜ੍ਹਨ ਦੀ ਅਥਾਹ ਭੁੱਖ ਹੈ ਤੇ ਜੱਗ ਜਹਾਨ ਦੀਆਂ ਖ਼ਬਰਾਂ ਨਾਲ ਉਸ ਦਾ ਗਹਿਰਾ ਸਰੋਕਾਰ ਹੈ। ਕਹਿੰਦਾ ਰਹਿੰਦਾ ਹੈ ਕਿ ਮੌਤ ਦਾ ਮੈਨੂੰ ਕੋਈ ਡਰ ਨਹੀਂ ਪਰ ਮਰਨ ਦੀ ਵੀ ਕੋਈ ਕਾਹਲੀ ਨਹੀਂ। ਜਿੱਦਣ ਸੱਦਾ ਆਇਆ ਆਖਾਂਗਾ, “ਆਹ ਹੱਥ ਵਿਚਲੇ ਸਫ਼ੇ ਪੜ੍ਹ ਲੈਣ ਦਿਓ, ਰੇਡੀਓ ਦੀਆਂ ਖ਼ਬਰਾਂ ਸੁਣ ਲੈਣ ਦਿਓ, ਫੇਰ ਲੈ ਜਿਓ ਜਿਥੇ ਲਿਜਾਣੈ।”

ਉਂਜ ਉਸ ਨੂੰ ਪਤਾ ਹੈ ਕਿ ਨਾ ਕਿਸੇ ਨੇ ਉਹਨੂੰ ਲੈਣ ਆਉਣਾ ਤੇ ਨਾ ਉਸ ਨੇ ਕਿਸੇ ਨਰਕ ਸੁਰਗ ਜਾਣੈ। ਸਾਰਾ ਨਰਕ ਸੁਰਗ ਇਸੇ ਧਰਤੀ ਉਤੇ ਈ ਹੈ। ਉਹ ਰੱਬ ਨੂੰ ਨਹੀਂ ਮੰਨਦਾ ਤੇ ਨਾ ਕਿਸੇ ਦੇਵੀ ਦੇਵਤੇ ਨੂੰ। ਮੰਨ ਮਨੌਤ ਦੀਆਂ ਥਾਵਾਂ ਨੂੰ ਉਹ ਲੁੱਟ ਖਸੁੱਟ ਦੀਆਂ ਹੱਟੀਆਂ ਦੱਸਦੈ। ਧਰਮ ਉਹਦੇ ਕਹਿਣ ਅਨੁਸਾਰ ਬਿਜ਼ਨਿਸ ਬਣ ਗਿਐ ਤੇ ਧਰਮ ਸਥਾਨ ਬਿਜ਼ਨਿਸ ਦੇ ਅੱਡੇ। ਨਾਂ ਦੇ ਧਰਮੀ ਬੰਦੇ ਲਾਊਡ ਸਪੀਕਰ ਲਾ-ਲਾ ਕੇ ਸੌਦਾ ਵੇਚੀ ਜਾਂਦੇ ਨੇ। ਆਪ ਉਹ ਵਿਗਿਆਨਕ ਸੋਚ ਵਾਲਾ ਪੂਰਾ ਤਰਕਸ਼ੀਲ ਹੈ। ਕਹਿੰਦਾ ਹੈ, “ਪਰਲੋਂ ਪਾਪਾਂ ਨਾਲ ਨੀ ਆਉਣੀ। ਇਹ ਓਦੋਂ ਆਊ ਜਦੋਂ ਧਰਤੀ ਸੂਰਜ ਦੇ ਨੇੜੇ ਜਾ ਕੇ ਸੜ-ਗੀ ਜਾਂ ਦੂਰ ਜਾ ਕੇ ਠਰ-ਗੀ।”

ਉਹ ਇਹ ਵੀ ਕਹਿੰਦਾ ਹੈ, “ਜਦੋਂ ਮੈਂ ਮਰਾਂ ਮੇਰੀ ਦੇਹ ਏਥੇ ਜਾਂ ਓਥੇ ਕਿਸੇ ਮੈਡੀਕਲ ਕਾਲਜ ਵਿਚ ਡਾਕਟਰੀ ਤਜਰਬੇ ਲਈ ਵਰਤ ਲਈ ਜਾਵੇ। ਕੋਈ ਅੰਗ ਕਿਸੇ ਦੀ ਵਰਤੋਂ ਵਿੱਚ ਆ ਸਕੇ ਤਾਂ ਉਹ ਵਰਤ ਲਵੇ। ਮੈਂ ਮਰ ਕੇ ਵੀ ਕਿਸੇ ਦੇ ਕੰਮ ਆ ਸਕਾਂ ਤਾਂ ਹੋਰ ਮੈਨੂੰ ਕੀ ਚਾਹੀਦੈ? ਜੇਕਰ ਮੇਰੀ ਦੇਹ ਨੂੰ ਸਾੜਨਾ ਬਾਲਣਾ ਈ ਪਿਆ ਤਾਂ ਇਸ ਕਾਰਜ ਲਈ ਰਾਮੂਵਾਲੇ ਮਜ਼੍ਹਬੀਆਂ ਦੇ ਸਿਵੇ ਸਭ ਤੋਂ ਢੁਕਵੇਂ ਰਹਿਣਗੇ। ਜੇ ਅਸੀਂ ਮਰ ਕੇ ਵੀ ਜਾਤ ਪਾਤ ਕਾਇਮ ਰੱਖੀ ਤਾਂ ਅਸੀਂ ਕਾਹਦੇ ਗੁਰੂ ਦੇ ਸਿੱਖ ਆਂ?”

ਪਾਰਸ ਅੱਧੀ ਸਦੀ ਤੋਂ ਵੱਧ ਸਮਾਂ ਸਟੇਜਾਂ ਦਾ ਸ਼ਿੰਗਾਰ ਰਿਹਾ ਹੈ। ਛੰਦ ਜੋੜਦਾ ਰਿਹਾ ਤੇ ਆਪਣੇ ਜਥੇ ਨਾਲ ਕਵੀਸ਼ਰੀ ਕਰਦਾ ਚੰਗੀਆਂ ਗੱਲਾਂ ਦਾ ਪ੍ਰਚਾਰ ਕਰਦਾ ਰਿਹਾ। ਉਸ ਨੇ ਵਾਹ ਲੱਗਦੀ ਆਮ ਲੋਕਾਂ ਦਾ ਸਿਹਤਮੰਦ ਮਨੋਰੰਜਨ ਹੀ ਕੀਤਾ। ਉਸ ਨੇ ਧਰਮ, ਇਤਿਹਾਸ, ਸਭਿਆਚਾਰ ਤੇ ਲੋਕ ਕਥਾਵਾਂ ਨੂੰ ਰੂਹ ਨਾਲ ਗਾਇਆ ਤੇ ਵਿਖਿਆਨ ਨਾਲ ਸਪੱਸ਼ਟ ਕੀਤਾ। ਉਹਦੀ ਰਚਨਾ ਦੇ ਕਈ ਬੋਲ ਅਮਰ ਗੀਤ ਬਣ ਗਏ ਹਨ। ਹੁਣ ਉਹ ਪੰਜਾਬੀਆਂ ਦੇ ਲੋਕ ਗੀਤ ਹਨ। ਜਿਵੇਂ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ। ਉਂਜ ਤਾਂ ਉਹ ਪਹਿਲਾਂ ਵੀ ਖੁੱਲ੍ਹੀਆਂ ਗੱਲਾਂ ਕਰ ਲੈਂਦਾ ਸੀ ਪਰ ਹੁਣ ਤਾਂ ਖੁਸ਼ਵੰਤ ਸਿੰਘ ਵਾਂਗ ਬਹੁਤੀਆਂ ਹੀ ‘ਖੁੱਲ੍ਹੀਆਂ’ ਕਰਨ ਲੱਗ ਪਿਆ ਹੈ ਤੇ ਉਹਲੇ ਵਾਲੀਆਂ ਗੱਲਾਂ ਵੀ ਦੱਸੀ ਜਾਂਦੈ। ਵਿਚੇ ਕਹਿ ਦਿੰਦੈ ਕਿ ਇਹ ਸਾਰੀਆਂ ਗੱਲਾਂ ਲਿਖਣ ਵਾਲੀਆਂ ਨੀਂ। ਉਹ ਅੰਦਰੋਂ ਬਾਹਰੋਂ ਇਕ ਹੈ। ਕੋਈ ਲਕੋਅ ਨਹੀਂ, ਛਪੋਅ ਨਹੀਂ ਤੇ ਨਾ ਹੀ ਕਿਸੇ ਨਾਲ ਕੋਈ ਲਾਗ ਡਾਟ। ਪਾਰਦਰਸ਼ੀ ਸ਼ੀਸ਼ੇ ਵਾਂਗ ਉਹਦੇ ਵਿਚ ਦੀ ਸਾਰ ਪਾਰ ਵੇਖਿਆ ਜਾ ਸਕਦੈ। ਤੇ ਇੰਜ ਵੇਖਣ ਦੇ ਮੈਨੂੰ ਮੌਕੇ ਵੀ ਬੜੇ ਮਿਲੇ ਹਨ।

ਨੱਭਿਆਂ ਨੂੰ ਹੁਣ ਢੁੱਕਿਆ ਪਾਰਸ,
ਆਖਿਰ ਕੁਰਸੀ ਉੱਤੇ ਬਹਿ ਗਿਆ।
ਉਡਦੇ ਪੰਛੀ ਕੀਲਣ ਵਾਲ਼ਾ,
ਕੱਲਾ ਕਾਰਾ ਪੰਛੀ ਕਹਿ ਗਿਆ।
ਕਿੱਥੇ ਗਏ ਜ਼ਮਾਨੇ ਲੋਕੋ,
ਲੱਗਣੇ ਖਾੜੇ, ਢੁਕ ਢੁਕ ਜੁੜਨਾ,
ਸਾਰਾ ਹੀ ਸੰਸਾਰ ਸੁੰਗੜ ਕੇ,
ਹੁਣ ਤਾਂ ਰੇਡੀਓ ਤੀਕਰ ਰਹਿ ਗਿਆ।

ਜਦੋਂ ਕਦੇ ਮੈਂ ਤੇ ਪੰਨੂੰ ਸ਼ਾਮ ਵੇਲੇ ਉਹਨੂੰ ਮਿਲਣ ਜਾਂਦੇ ਹਾਂ ਤਾਂ ਉਹ ਆਪਣੇ ਕਮਰੇ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਤੇ ਰੇਡੀਓ ਸੁਣ ਰਿਹਾ ਹੁੰਦਾ ਹੈ। ਉਹਦੀ ਕੁਰਸੀ ਘੁੰਮਣ ਵਾਲੀ ਹੈ ਜੋ ਬੜੀ ਆਰਾਮਦੇਹ ਹੈ। ਮੈਂ ਉਹਦੇ ਉਤੇ ਖ਼ੁਦ ਬਹਿ ਕੇ ਵੇਖਿਆ ਹੈ। ਜਸਵੰਤ ਸਿੰਘ ਕੰਵਲ ਦੀ ਕੁਰਸੀ ਪੁਰਾਣੀ ਲੱਕੜ ਦੀ ਹੈ ਜਿਸ ਉਤੇ ਬਹਿ ਕੇ ਉਸ ਨੇ ਅਨੇਕਾਂ ਨਾਵਲ ਲਿਖੇ ਹਨ। ਉਹ ਕਈ ਵਾਰ ਟੁੱਟੀ ਤੇ ਜੋੜੀ ਗਈ ਹੈ। ਕੋਈ ਲੱਤ ਵਿੰਗੀ ਤੇ ਕੋਈ ਸਿੱਧੀ। ਬਹਿਣ ਲੱਗਿਆਂ ਉਹ ਢੀਚਕ ਮਾਰਦੀ ਹੈ ਤੇ ਫਾਲਾਂ ਲਾ ਕੇ ਕੱਸਣੀ ਪੈਂਦੀ ਹੈ। ਕੰਵਲ ਨੂੰ ਵਹਿਮ ਹੈ ਕਿ ਉਹ ਉਹਦੇ ਉਤੇ ਬਹਿ ਕੇ ਈ ਚੱਜ ਦਾ ਲਿਖ ਸਕਦੈ।

ਜਸਵੰਤ ਸਿੰਘ ਕੰਵਲ ਦਾ ਸਰੀਰ ਹਲਕਾ ਹੋਣ ਕਰਕੇ ਈ ਉਹ ਕਮਜ਼ੋਰ ਜਿਹੀ ਕੁਰਸੀ ਉਹਦਾ ਭਾਰ ਚੁੱਕੀ ਜਾਂਦੀ ਹੈ। ‘ਕੇਰਾਂ ਮੈ ਉਹਦੇ ਉਤੇ ਬਹਿ ਗਿਆ ਪਰ ਉਹਦਾ ਜੜਾਕਾ ਪੈਣ ਤੋਂ ਪਹਿਲਾਂ ਹੀ ਉਠਣਾ ਪਿਆ। ਕੰਵਲ ਸਾਹਿਬ ਨੂੰ ਬਥੇਰਾ ਕਹੀਦੈ ਕਿ ਉਹਨੂੰ ਹੁਣ ਕਿਤੇ ਸੰਭਾਲ ਦੇਵੇ ਪਰ ਉਹ ਅਜੇ ਵੀ ਉਹਦੇ ਬਾਹਰਲੇ ਘਰ ਦੇ ਬਰਾਂਡੇ ਵਿਚ ਬਾਹਰ ਈ ਪਈ ਹੁੰਦੀ ਹੈ। ਮੂਹਰੇ ਉਹੋ ਜਿਹਾ ਮੇਜ਼y ਹੁੰਦੈ। ਕਈ ਵਾਰ ਜੀਅ ਕਰਦੈ ਬਈ ਉਹ ਮੇਜ਼-ਕੁਰਸੀ ਚੁਰਾ ਲਈਏ ਤੇ ਕੰਵਲ ਦੇ ਜਾਣ ਮਗਰੋਂ ਦੁਰਲੱਭ ਸ਼ੈਅ ਬਣਾ ਕੇ ਵੇਚੀਏ! ਲੈ ਇਹ ਮਨ ਸਹੁਰ ਕਿਹੜੇ ਵਹਿਣੀ ਹੋ ਤੁਰਿਆ!

* * *

‘ਪਾਰਸ ਕੁਟੀਆ’ ਗਿਆਰਾਂ ਬਾਈ ਬਾਰਾਂ ਫੁਟ ਦੀ ਹੈ ਜਿਸ ਵਿਚ ਵੱਡਾ ਪਲੰਘ ਅਤੇ ਕੁਰਸੀ ਤੇ ਮੇਜ਼ ਡੱਠੇ ਹੋਏ ਹਨ। ਇਕ ਨਿੱਕਾ ਜਿਹਾ ਫਰਿੱਜ ਹੈ ਤੇ ਇਕ ਅਲਮਾਰੀ। ਉਹਦੀ ਕੁਰਸੀ ਪਿੱਛੇ ਉੱਚਾ ਟੇਬਲ ਲੈਂਪ ਜਗਦਾ ਰਹਿੰਦਾ ਹੈ ਤੇ ਉਹ ਆਮ ਕਰ ਕੇ ਨੰਗੇ ਸਿਰ ਪੜ੍ਹਦਾ ਹੈ। ਸਿਰ ਉਤੇ ਜਿਹੜੀ ਨਾਂਮਾਤਰ ਜੂੜੀ ਜਿਹੀ ਹੈ ਉਹਦੇ ਉਤੇ ਚਿੱਟਾ ਰੁਮਾਲ ਬੰਨ੍ਹਿਆ ਹੁੰਦਾ ਹੈ, ਕਿਸੇ ਉਲਿੰਪਕ ਦੇ ਖਿਡਾਰੀ ਵਾਂਗ।

ਉਹਦੇ ਕਮਰੇ ਦੀ ਸਭ ਤੋਂ ਵਿਲੱਖਣ ਵਸਤ ਉਹਦਾ ਡੇਢ ਬਾਈ ਢਾਈ ਫੁਟ ਦਾ ਮੇਜ਼ ਹੈ ਜਿਸ ਵਿਚ ਛੇ ਦਰਾਜ ਹਨ। ਉਹਨਾਂ ਵਿਚ ਉਹਦਾ ਬਹੁਤ ਕੁਝ ਬੰਦ ਹੈ। ਜਦੋਂ ਘੜੀ ਦੀ ਸੂਈ ਸੱਤ ਵਜਾਉਂਦੀ ਹੈ ਤਾਂ ਉਹ ਸਭ ਤੋਂ ਹੇਠਲੇ ਦਰਾਜ ਵਿੱਚੋਂ ਬੇਬੀ ਆਇਲ ਵਾਲੀ ਪਤਲੀ ਜਿਹੀ ਪਲਾਸਟਿਕ ਦੀ ਸ਼ੀਸ਼ੀ ਕੱਢਦੈ ਜਿਸ ਵਿਚ ਤੇਲ ਦੀ ਥਾਂ ਸ਼ਕਤੀ ਵਾਟਰ ਭਰਿਆ ਹੁੰਦੈ। ਫਿਰ ਉਹ ਪਲਾਸਟਿਕ ਦਾ ਨਿੱਕਾ ਜਿਹਾ ਮੱਘ ਚੁੱਕਦੈ ਜਿਸ ਉਤੇ ਮਿਲੀਲੀਟਰਾਂ ਤੇ ਔਂਸਾਂ ਦੀਆਂ ਲਾਲ ਲਕੀਰਾਂ ਲੱਗੀਆਂ ਹੁੰਦੀਐਂ।

ਚਾਨਣ ਦੇ ਸਾਹਮਣੇ ਕਰ ਕੇ ਉਹ ਸ਼ੀਸ਼ੀ ਦਾ ਢਿੱਡ ਘੁੱਟਦੈ ਜਿਸ ਨਾਲ ਮੱਘ ਵਿਚ ਪਿਚਕਾਰੀ ਵੱਜਦੀ ਐ। ਪੰਜ ਸੱਤ ਪਿਚਕਾਰੀਆਂ ਨਾਲ ਉਹਦਾ ਪਝੰਤਰ ਮਿਲੀਲੀਟਰ ਦਾ ਕੋਟਾ ਪੂਰਾ ਹੋ ਜਾਂਦੈ ਤੇ ਉਹ ਉਹਦੇ ਵਿਚ ਸ਼ਹਿਦ, ਪਾਣੀ ਜਾਂ ਸੋਡਾ ਮਿਲਾ ਲੈਂਦੈ। ਬੋਤਲ ਵਿੱਚੋਂ ਸਿੱਧੀ ਇਸ ਕਰਕੇ ਨਹੀਂ ਪਾਉਂਦਾ ਕਿ ਕਿਤੇ ਬਹੁਤੀ ਨਾ ਪੈ-ਜੇ। ਨਾਲੇ ਪਲਾਸਟਿਕ ਦੀ ਪਤਲੀ ਸ਼ੀਸ਼ੀ ਬਾਹਰ ਅੰਦਰ ਆਉਣ ਜਾਣ ਸਮੇਂ ਅੰਦਰਲੀ ਜੇਬ ਵਿਚ ਵੀ ਪੈ ਸਕਦੀ ਹੈ। ਲੱਗਦੈ ਉਹਦੀ ਇਹ ਜੁਗਤ ਹੋਰ ਵੀ ਕਈਆਂ ਦੇ ਕੰਮ ਆਵੇਗੀ। ਹੁਣ ਜੇ ਮੈਂ ਉਹਦੀ ਪੀਣ ਦੀ ਗੱਲ ਏਥੇ ਈ ਛੱਡ ਦਿਆਂ ਤਾਂ ਤੋਰਨੀ ਈ ਕਾਹਨੂੰ ਸੀ? ਪਝੰਤਰ ਮਿਲੀਲੀਟਰ ਦੇ ਫਾਈਨਲ ਰਾਊਂਡ ਵਿਚ ਪਹੁੰਚਣ ਵਾਸਤੇ ਉਹਨੇ ਪਝੰਤਰ ਸਾਲ ਹੀਟਾਂ ਲਾਈਆਂ। ਬੋਰੀਆਂ ਦੀਆਂ ਬੋਰੀਆਂ ਤੇ ਡਰੰਮਾਂ ਦੇ ਡਰੰਮ ਸ਼ਰਾਬ ਪੀਤੀ। ਵਿਚੇ ਠੇਕੇ ਦੀ, ਵਿਚੇ ਘਰ ਦੀ ਤੇ ਵਿਚੇ ਬਾਹਰ ਦੀ। ਇਕੇਰਾਂ ਉਹਨੂੰ ਅੱਠ ਦਿਨ ਤਾਪ ਚੜ੍ਹਿਆ ਪਰ ਉਹ ਅੱਠੇ ਦਿਨ ਅਖਾੜੇ ਲਾਉਂਦਾ ਰਿਹਾ ਤੇ ਆਥਣ ਨੂੰ ਸ਼ਰਾਬ ਵੀ ਪੀਂਦਾ ਰਿਹਾ। ਸ਼ਰਾਬ ਪੀਣ ਪਿਆਉਣ ਦੇ ਮਾਮਲੇ ਵਿਚ ਉਹ ਏਨਾ ਖੁੱਲ੍ਹ-ਦਿਲਾ ਰਿਹਾ ਕਿ ਅਖਾੜੇ ਦੀ ਸਾਈ ਫੜਨ ਲੱਗਾ ਨਾਲ ਬੋਤਲ ਪੱਕੀ ਕਰ ਲੈਂਦਾ ਸੀ ਤੇ ਨਾਲ ਈ ਆਖਦਾ ਸੀ, “ਬਈ ਜਿੰਨਾ ਚਿਰ ਮੇਰੇ ਬਟੂਏ ਵਿੱਚ ਪੈਸੇ ਆ, ਮੈਨੂੰ ਗਾਲ੍ਹ ਲੱਗੇ ਜੇ ਮੈਂ ਕਿਸੇ ਹੋਰ ਨੂੰ ਖਰਚਣ ਦੇਵਾਂ।”

“ਬਾਪੂ ਦਾ ਪਰਿਵਾਰ ਬਥੇਰਾ, ਹਰ ਮਹਿਫਲ ਹਰ ਖੇਤਰ ਛਾਇਆ।
ਧੀ, ਜੁਆਈ, ਪਤਨੀ ਸੋਚਣ, ਖ਼ੌਰੇ ਫੋਨ ਕਿਹੜੇ ਦਾ ਆਇਆ।”–ਪੰਨੂੰ

ਮੁੜ ਕੇ ਫੇਰ ਉਹਦੇ ਮੇਜ਼ ਵੱਲ ਆਉਂਦੇ ਆਂ। ਪੈੱਗ ਪਾ ਕੇ ਉਹ ਮੇਜ਼ ਦਾ ਦੂਜਾ ਦਰਾਜ ਖੋਲ੍ਹਦੈ। ਉਹਦੇ ਵਿਚੋਂ ਮੂੰਗਫਲੀ, ਮੱਕੀ ਤੇ ਛੋਲਿਆਂ ਦੇ ਦਾਣੇ ਕੱਢਦੈ। ਦਾਣਿਆਂ ਨੂੰ ਸਿਆਣੀ ਨੋਂਹ ਧੀ ਦੀ ਤਰ੍ਹਾਂ ਦਾਲ ਚੁਗਣ ਵਾਂਗ ਛਾਂਟਦੈ ਤੇ ਦੂਜੀ ਕੌਲੀ ਵਿਚ ਪਾਈ ਜਾਂਦੈ। ਫਿਰ ਕਹਿੰਦੈ, “ਲਓ ਐਹਦੇ ਵਿਚੋਂ ਤਾਂ ਮੈਂ ਕਿਸੇ ਨੂੰ ਕੁਛ ਦਿੰਦਾ ਨੀ। ਤੁਸੀਂ ਜੋ ਮਰਜ਼ੀ ਖਾਓ ਤੇ ਪੀਓ। ਨਾਲੇ ਤੁਸੀਂ ਬੈਠੇ ਕੀ ਕਰਦੇ ਓਂ? ਚੱਕੋ ਗਲਾਸ ਤੇ ਬੋਲੋ ਵਾਹਿਗੁਰੂ।”

ਫਿਰ ਉਹ ਆਪ ਬੀਤੀਆਂ ਤੇ ਜੱਗ ਬੀਤੀਆਂ ਸੁਣਾਉਣ ਲੱਗਦੈ। ਪਾਰਸ ਕੁਟੀਆ ਉਹਦੇ ਵਿਖਿਆਨ ਦੀ ਸਟੇਜ ਬਣ ਜਾਂਦੀ ਹੈ ਤੇ ਉਹ ਧਰਮ, ਅਰਥ, ਸਿਆਸਤ, ਸਿੱਖਿਆ ਤੇ ਚਲੰਤ ਮਾਮਲਿਆਂ ਬਾਰੇ ਟਿੱਪਣੀਆਂ ਦੀ ਛਹਿਬਰ ਲਾਈ ਜਾਂਦੈ। ਅਜੇ ਵੀ ਹਿੱਕ ਵਿੱਚੋਂ ਬੋਲਦੈ ਤੇ ਬੋਲਦੇ ਬੋਲਦੇ ਦੇ ਹੰਝੂ ਵੀ ਆ ਜਾਂਦੇ ਨੇ। ਐਨਕਾਂ ਲਾਹ ਕੇ ਆਪਣੇ ਦਿਲ ਦੇ ਉਬਾਲ਼ ਪੂੰਝਦੈ। ਆਏ ਗਏ ਦੇ ਹੱਥ ਚੁੰਮਦੈ, ਮੱਥਾ ਚੁੰਮਦੈ ਤੇ ਲੋਹੜੇ ਦਾ ਪਿਆਰ ਜਿਤਾਉਂਦੈ। ‘ਕੱਲਾ ਹੋਵੇ ਤਾਂ ਉਹ ਪਝੰਤਰ ਮਿਲੀਲੀਟਰ ਈ ਪੀਂਦੈ ਪਰ ਜਦੋਂ ਕੋਈ ਆਇਆ ਗਿਆ ਹੋਵੇ ਤਾਂ ਦਸ ਪੰਦਰਾਂ ਮਿਲੀਲੀਟਰ ਦਾ ਬੋਨਸ ਵੀ ਲੈ ਜਾਂਦੈ। ਜਿੱਦਣ ਬੋਨਸ ਵੱਧ ਲੈ ਜਾਵੇ ਤਾਂ ਆਖਦੈ, “ਅੱਜ ਮੈਂ ਏਨਾ ਖ਼ੁਸ਼ ਆਂ ਬਈ ਜੀਅ ਕਰਦੈ ਏਸੇ ਖ਼ੁਸ਼ੀ ਵਿੱਚ ਪੂਰਾ ਹੋ ਜਾਵਾਂ!”

ਕਦੇ ਕਦੇ ਉਹ ਅਖ਼ਬਾਰਾਂ ਤੇ ਕਿਤਾਬਾਂ ਦੀਆਂ ਅੰਡਰਲਾਈਨ ਕੀਤੀਆਂ ਸਤਰਾਂ ਵਿਖਾਉਣ ਲੱਗ ਪੈਂਦੈ ਤੇ ਕਦੇ ਕਾਪੀ ਵਿਚ ਲਿਖੇ ਸੰਖੇਪ ਨੋਟ। ਉਹਦੇ ਮੇਜ਼ ਉਤੇ ਕਲਮ ਤੇ ਫੱਟੀ ਵਿਚ ਕਸੇ ਕਾਗਜ਼ ਤਿਆਰ ਪਏ ਰਹਿੰਦੇ ਨੇ। ਕੈਂਚੀ ਨਾਲ ਉਹ ਕੰਮ ਦੀਆਂ ਕਾਤਰਾਂ ਕੱਟ ਲੈਂਦੈ। ਜਿੰਨਾ ਉਹ ਖਰਚੀਲਾ ਹੈ ਉਨਾ ਸੰਜਮੀ ਵੀ ਹੈ। ਹੱਥ ਪੂੰਝਣ ਵਾਲੇ ਕਾਗਜ਼ ਕੱਟ ਕੇ ਛੋਟੇ ਛੋਟੇ ਕਰ ਲੈਂਦਾ ਹੈ ਤਾਂ ਜੋ ਕੂੜੇਦਾਨ ਵਿਚ ਐਵੈਂ ਨਾ ਜਾਣ। ਫੋਨ ਉਤੇ ਵੀ ਸੰਜਮੀ ਗੱਲ ਬਾਤ ਕਰਦਾ ਹੈ ਬਈ ਵੱਧ ਪੈਸੇ ਨਾ ਪੈਣ। ਉਹ ਪੈਸੇ ਜੋੜਦਾ ਰਹਿੰਦਾ ਹੈ ਜਿਨ੍ਹਾਂ ਨਾਲ ਉਹਦੇ ਜੱਦੀ ਪਿੰਡ ਰਾਮੂਵਾਲੇ ਦੀ ਹੋਰ ਭਲਾਈ ਹੋ ਸਕੇ।

ਫੋਟੋ ਖਿੱਚ-ਖਿਚਾਵਣ ਖਾਤਰ,
ਪੰਨੂੰ ਵੀ ਪਾਰਸ ਸੰਗ ਛੋਹਿਆ।
‘ਪਾਰਸ’ ਆਖਿਰ ਪਾਰਸ ਹੁੰਦੈ,
ਲੋਹਾ ਛੋਹ ਕੇ ਸੋਨਾ ਹੋਇਆ।–ਪੰਨੂੰ

ਉਹਦੇ ਸਾਰੇ ਦਿਨ ਦੀ ਖ਼ੁਰਾਕ ਇਕ ਮਿੱਸੀ ਰੋਟੀ, ਦੋ ਕੱਪ ਚਾਹ, ਇਕ ਗਲਾਸ ਦੁੱਧ, ਚਵਨਪ੍ਰਾਸ਼, ਮਾਜੂਨ, ਕੁਝ ਕੁ ਦਾਣੇ, ਸੌਗੀ ਤੇ ਪਝੰਤਰ ਮਿਲੀਲੀਟਰ ਦਾਰੂ ਹੈ। ਦਾਰੂ ਉਹ ਛੱਡਣ ਨੂੰ ਫਿਰਦੈ ਪਰ ਡਾਕਟਰ ਕਹਿ ਦਿੰਦੇ ਨੇ ਕਿ ਹੁਣ ਨਾ ਛੱਡੀਂ। ਫਿਰ ਆਪ ਈ ਕਹਿ ਦਿੰਦੈ ਬਈ ਹੁਣ ਛੱਡਣ ਦਾ ਫਾਇਦਾ ਵੀ ਕੀ ਐ? ਸਿਆਲ ਵਿੱਚ ਜਦੋਂ ਉਹ ਪਿੰਡ ਜਾਣ ਲੱਗਦੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੈ ਜਿਵੇਂ ਮੁੜ ਕੇ ਨੀ ਆਉਣਾ ਹੁੰਦੈ ਪਰ ਉਹ ਹਰ ਵਾਰ ਮੁੜ ਆਉਂਦੈ ਤੇ ਲੱਗਦੈ ਅਜੇ ਕਈ ਵਾਰ ਆਵੇ ਜਾਵੇਗਾ। ਕੈਨੇਡਾ ਵਿਚ ਉਹਨੂੰ ਤੇ ਉਹਦੀ ਪਤਨੀ ਨੂੰ ਪੈਨਸ਼ਨ ਲੱਗੀ ਹੋਈ ਐ ਤੇ ਪਿੰਡੋਂ ਡੂਢ ਕੁ ਲੱਖ ਰੁਪਏ ਜ਼ਮੀਨ ਦਾ ਠੇਕਾ ਆ ਜਾਂਦੈ।

ਪਾਰਸ ਦੇ ਚਾਰ ਪੁੱਤਰ ਹਨ ਤੇ ਦੋ ਧੀਆਂ। ਸਭ ਤੋਂ ਵੱਡਾ ਹਰਚਰਨ ਸਿੰਘ ਪੰਜਾਬ ਵਿਚ ਮਾਸਟਰ ਸੀ ਤੇ ਹੁਣ ਕੈਨੇਡਾ ਵਿਚ ਮੋਗਾ ਫਰਨੀਚਰ ਸਟੋਰ ਦਾ ਮਾਲਕ ਹੈ। ਹਰਭਜਨ ਮਾਨ ਉਹਦਾ ਜੁਆਈ ਹੈ। ਦੂਜੇ ਪੁੱਤਰ ਬਲਵੰਤ ਸਿੰਘ ਰਾਮੂਵਾਲੀਏ ਨੂੰ ਸਭ ਜਾਣਦੇ ਹਨ। ਤੀਜਾ ਇਕਬਾਲ ਤੇ ਚੌਥਾ ਰਛਪਾਲ ਟੋਰਾਂਟੋ ਵਿਚ ਅਧਿਆਪਕ ਹਨ। ਇਕ ਧੀ ਕਰਮਜੀਤ ਸੰਗਰੂਰ ਪ੍ਰੋਫੈਸਰ ਲੱਗੀ ਹੋਈ ਹੈ ਤੇ ਦੂਜੀ ਧੀ ਚਰਨਜੀਤ ਆਪਣੇ ਪਤੀ ਅਮਰਜੀਤ ਸਿੰਘ ਨਾਲ ਬਰੈਂਪਟਨ ਵਿੱਚ ਰਹਿੰਦੀ ਹੈ। ਪਾਰਸ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਦਲਜੀਤ ਕੌਰ

ਬਾਪੂ ਸੀ ਕਿ ਸੂਰਜ ਤਪਦਾ, ਤੇ ਮਾਂ ਸੀ ਠੰਡੀਆਂ ਛਾਵਾਂ।
ਜੀ ਕਰਦੈ, ਲੈ ‘ਸੀਸ ਮਾਈ ਤੋਂ, ਮੈਂ ਪਾਰਸ ਹੀ ਬਣ ਜਾਵਾਂ।
‘ਕਿਓਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ?’
ਰਚਨਾ ਦੇ ਹਰ ਅੱਖਰ ਲਿਖਿਆ, ਲੱਭਦੈ ਪਾਰਸ ਦਾ ਸਿਰਨਾਵਾਂ।–ਪੰਨੂੰ

ਆਪਣੇ ਧੀ-ਜੁਆਈ ਕੋਲ ਰਹਿਣਾ ਪਸੰਦ ਕਰਦੇ ਹਨ। ਮੇਰਾ ਪਾਰਸ ਹੋਰਾਂ ਵੱਲ ਆਉਣ ਜਾਣ ਇਸ ਕਰਕੇ ਵੀ ਆਮ ਹੈ ਕਿ ਅਮਰਜੀਤ ਮੇਰੀ ਪਤਨੀ ਦੇ ਮਾਮੇ ਦਾ ਪੁੱਤ ਹੈ ਤੇ ਉਹ ਮੈਨੂੰ ਜੁਆਈਆਂ ਭਾਈਆਂ ਵਾਲਾ ਮਾਣ ਸਤਿਕਾਰ ਦਿੰਦਾ ਹੈ। ਉਹਦੇ ਸੇਵਾ-ਭਾਵ ਕਰਕੇ ਹੀ ਪਾਰਸ ਹੋਰਾਂ ਦਾ ਉਥੇ ਜੀਅ ਲੱਗਿਆ ਹੋਇਐ।

ਪਾਰਸ ਨੇ ਪੰਜਾਹ ਦੇ ਕਰੀਬ ਕਿੱਸੇ ਤੇ ਪ੍ਰਸੰਗ ਰਚੇ ਹੋਣਗੇ। ਵਿਚੇ ਫੁਟਕਲ ਕਵੀਸ਼ਰੀ ਜੋੜਦਾ ਰਿਹਾ ਜੋ ਅਜੇ ਵੀ ਜਾਰੀ ਹੈ। ਪੂਰਨ ਭਗਤ, ਕੌਲਾਂ ਭਗਤਣੀ, ਦਹੂਦ ਬਾਦਸ਼ਾਹ, ਸਰਵਣ ਪੁੱਤ, ਮੌਤ ਦਾ ਰਾਗ, ਰੂਪ ਬਸੰਤ ਤੇ ਆਜ਼ਾਦੀ ਦਾ ਸੱਚਾ ਆਸ਼ਕ ਆਦਿ ਕਿੱਸੇ ਬੜੇ ਮਕਬੂਲ ਹੋਏ। ਦਹੂਦ ਬਾਦਸ਼ਾਹ ਦਾ ਚਿੱਠਾ ਪਾਰਸ ਨੇ ਮੋਗੇ ਦੇ ਕਿਸ਼ਨ ਸਿੰਘ ਹਮੀਰ ਸਿੰਘ ਨੂੰ ਚਾਹ ਦੀ ਬਾਟੀ ਪੀ ਕੇ ਪ੍ਰਕਾਸ਼ਤ ਕਰਨਾ ਦੇ ਦਿੱਤਾ ਸੀ। ਚਾਹ ਦੀ ਬਾਟੀ ਬਦਲੇ ਦਿੱਤਾ ਉਹ ਕਿੱਸਾ ਹੁਣ ਤਕ ਪੌਣੇ ਦੋ ਲੱਖ ਵਿਕ ਚੁੱਕੈ। ਉਸ ਦੇ ਸਾਰੇ ਕਿੱਸੇ ਤਾਂ ਦਸ ਲੱਖ ਤੋਂ ਵੀ ਵੱਧ ਵਿਕ ਗਏ ਹੋਣਗੇ। ਰਾਮੂਵਾਲੀਏ ਜਥੇ ਦੇ ਭਰਾਏ ਰਿਕਾਰਡ ਵੀ ਲੱਖਾਂ ਦੀ ਗਿਣਤੀ ਵਿਚ ਵਿਕੇ ਨੇ ਤੇ ਹਰਭਜਨ ਮਾਨ ਹੋਰਾਂ ਨੇ ਤਾਂ ਪਾਰਸ ਦੀ ਕਵੀਸ਼ਰੀ ਨਾਲ਼ ਕੁਲ ਦੁਨੀਆਂ ਵਿਚ ਨਾਮਨਾ ਖੱਟਿਆ ਹੈ। ਪਾਰਸ ਦੀਆਂ ਅਨੇਕਾਂ ਪੰਗਤੀਆਂ ਅਨਮੋਲ ਹਨ:

-ਹੈ ਆਉਣ ਜਾਣ ਬਣਿਆ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ…

-ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ…

-ਕਦੇ ਇਸ਼ਕ ਨੀ ਛੁਪਦਾ ਛੁਪਾਇਆ ਜੱਗ ਤੋਂ…

-ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ…

-ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ …

* * *

ਪਚਵੰਜਾ ਸਾਲ ਪਹਿਲਾਂ ਮੈਂ ਪਾਰਸ ਹੋਰਾਂ ਦੀ ਕਵੀਸ਼ਰੀ ਪਹਿਲੀ ਵਾਰ ਸੁਣੀ ਸੀ। ਉਹ ਸਾਡੇ ਪਿੰਡ ਨਗਰ ਕੀਰਤਨ ਉਤੇ ਆਏ ਸਨ। ਮੈਂ ਬੱਚਾ ਹੀ ਸਾਂ ਤੇ ਪ੍ਰਾਇਮਰੀ ਸਕੂਲੇ ਪੜ੍ਹਦਾ ਸਾਂ। ਉਦੋਂ ਦੀ ਸੁਣੀ ਕਵੀਸ਼ਰੀ ਮੇਰੇ ਅਜੇ ਤਕ ਕੰਠ ਹੈ-ਬਿਨ ਵਿਦਿਆ ਦੇ ਹੈ…, ‘ਨੇਰ੍ਹਾ ਢੋਣੇ ਭਰਤ ਵਰਸ਼ ਦੀਆਂ…।

ਉਹਦੇ ਸਾਥੀ ਰਣਜੀਤ ਸਿੰਘ ਸਿੱਧਵਾਂ ਨੇ ਕੰਨ ‘ਤੇ ਹੱਥ ਰੱਖ ਕੇ ਉੱਚੀ ਲੰਮੀ ਆਵਾਜ਼ ਵਿਚ ਦੋਹਿਰਾ ਲਾਇਆ ਸੀ-ਕਰੇ ਜ਼ੁਲਮ ਜਾਂ ਜ਼ਾਲਮਾਂ ਧਰਤੀ ਹੋਈ ਲਾਚਾਰ, ਅੱਗੇ ਸਿਰਜਣਹਾਰ ਦੇ ਡਾਢੀ ਕਰੇ ਪੁਕਾਰ। ਦੋਹਿਰੇ ਪਿਛੋਂ ਗਾਉਣ ਚੱਲ ਪਿਆ ਸੀ-ਧਾਰ ਕੇ ਰੂਪ ਗਊ ਦਾ, ਆਗੀ ਹੁਣ ਧਰਤੀ ਮੈਂ…ਭੇਜੋ ਕਿਸੇ ਪੁਰਸ਼ ਬਲੀ ਨੂੰ। ਰਣਜੀਤ ਸਿੰਘ ‘ਕੱਲਾ ਗਾਉਂਦਾ ਸੀ ਅਤੇ ਪਾਰਸ ਤੇ ਚੰਦ ਸਿੰਘ ਜੰਡੀ ਰਲ ਕੇ ਗਾਉਂਦੇ ਸਨ। ਉਨ੍ਹਾਂ ਦਾ ਗਾਇਆ ਛੰਦ-ਪਟਨੇ ਵਿੱਚ ਚੜ੍ਹਿਆ ਸੱਚ ਦਾ ਚੰਦਰਮਾ ਆਸ਼ਕ ਆਜ਼ਾਦੀ ਦਾ… ਮੈਂ ਕਈ ਵਾਰ ਪਿੰਡ ਦੇ ਗੁਰਦਵਾਰੇ ਤੇ ਨਗਰ ਕੀਰਤਨ ਵਿਚ ਗਾਉਂਦਾ ਰਿਹਾ। ਰਾਮੂਵਾਲੀਏ ਜਥੇ ਨੂੰ ਗਾਉਂਦਾ ਵੇਖ ਕੇ ਮੇਰੇ ਮਨ ਵਿਚ ਰੀਝ ਪੈਦਾ ਹੋ ਗਈ ਸੀ ਕਿ ਵੱਡਾ ਹੋ ਕੇ ਕਵੀਸ਼ਰ ਬਣਾਂਗਾ। ਪਰ ਕਵੀਸ਼ਰ ਬਣਨਾ ਮੇਰੇ ਕਰਮਾਂ ਵਿਚ ਨਹੀਂ ਸੀ ਤੇ ਮੈਂ ਹੀਰ ਹਰਨਾਂ ਵੱਲ ਨੂੰ ਹੋ ਤੁਰਿਆ, ਜੋ ਮੈਂ ਤੇ ਮੇਰੀ ਕਲਮ ਅੱਜ ਤੀਕਰ ਓਸੇ ਰਾਹ ਤੁਰੀਂ ਜਾ ਰਹੇ ਹਾਂ।

ਕਰਨੈਲ ਸਿੰਘ ਪਾਰਸ ਨੂੰ ਵਿਰਸੇ ਵਿਚ ਬੜਾ ਯਤੀਮ ਜਿਹਾ ਬਚਪਨ ਮਿਲਿਆ ਸੀ। ਉਹ 19 ਜੁਲਾਈ 1914 ਨੂੰ ਪਿੰਡ ਰਾਮੂਵਾਲੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਤਾਰਾ ਸਿੰਘ ਦੇ ਘਰ ਪੈਦਾ ਹੋਇਆ। ਪਿਉ ਅਮਲੀ ਸੀ ਜੋ ਜ਼ਮੀਨ ਜਾਇਦਾਦ ਗਹਿਣੇ ਧਰ ਕੇ ਤੇ ਘਰ ਵਾਲੀ ਦੇ ਹੱਸ ਬੰਦ ਵੇਚ ਕੇ ਭਰ ਜੁਆਨੀ ਵਿਚ ਹੀ ਗੁਜ਼ਰ ਗਿਆ ਸੀ। ਬਾਲਕ ਕਰਨੈਲ ਸਿੰਘ ਨੂੰ ਅੰਤਾਂ ਦੇ ਮੰਦੇ ਦਿਨ ਵੇਖਣੇ ਪਏ। ਉਹ ਸਕੂਲ ਦਾ ਮੂੰਹ ਨਹੀਂ ਵੇਖ ਸਕਿਆ ਤੇ ਨਾ ਹੀ ਬਚਪਨ ਦੀਆਂ ਬੇਪਰਵਾਹੀਆਂ ਮਾਣ ਸਕਿਆ। ਨਿੱਕੇ ਹੁੰਦੇ ਦੇ ਹੀ ਸਿਰ ਕਬੀਲਦਾਰੀ ਦਾ ਬੋਝ ਪੈ ਗਿਆ। ਉਹ ਮੀਲਾਂ ਬੱਧੀ ਦੌੜ ਕੇ ਆਪਣੀਆਂ ਸਕੀਰੀਆਂ ਵਿੱਚ ਮਿਲਣ ਜਾਂਦਾ। ਘਰੋਂ ਦੌੜ ਕੇ ਗਿਆ ਹੀ ਉਹ ਮੁਕਤਸਰ ਗਿਆ ਸੀ ਤੇ ਰੋਡਿਆਂ ਵਾਲੇ ਕਵੀਸ਼ਰ ਮੋਹਨ ਸਿੰਘ ਦਾ ਸ਼ਗਿਰਦ ਬਣਿਆ ਸੀ। ਡੇਰੇ ਦੇ ਸਾਧ ਤੋਂ ਉਹਨੇ ਗੁਰਮੁਖੀ ਦੇ ਅੱਖਰ ਸਿੱਖੇ ਸਨ ਤੇ ਉਸੇ ਸਾਧ ਨੇ ਉਹਨੂੰ ਪਾਰਸ ਦਾ ਨਾਂ ਦਿੱਤਾ ਸੀ।

ਪਾਰਸ ਨੇ ਆਪਣੇ ਵਿਤ ਅਨੁਸਾਰ ਲੋਹੇ ਨੂੰ ਸੋਨਾ ਬਣਾਉਣ ਦਾ ਸੰਘਰਸ਼ ਕੀਤਾ ਹੈ। ਉਸ ਨੇ ਆਮ ਲੋਕਾਂ ‘ਤੇ ਜਾਦੂਈ ਅਸਰ ਕਰਨ ਵਾਲੀ ਸ਼ਾਇਰੀ ਰਚੀ ਹੈ। ਬੋਲੀ ਦੇ ਉਚਾਰਨ ਨੂੰ ਸ਼ੁਧਤਾ ਬਖਸ਼ੀ ਹੈ। ਸਿਖਿਆਦਾਇਕ ਤੇ ਮਨੋਰੰਜਕ ਗੱਲਾਂ ਬਾਤਾਂ ਕੀਤੀਆਂ ਹਨ। ਕਵੀਸ਼ਰੀ ਵਿਚ ਨਵੀਆਂ ਪਿਰਤਾਂ ਪਾਈਆਂ ਹਨ। ਅਨੇਕਾਂ ਸ਼ਗਿਰਦਾਂ ਨੂੰ ਸਟੇਜ ਦੇ ਧਨੀ ਬਣਨ ਦੇ ਗੁਰਮੰਤਰ ਸਿਖਾਏ ਹਨ। ਉਹਦੇ ਬਾਰੇ ਤਫ਼ਸੀਲ ਨਾਲ ਜਾਣਕਾਰੀ ਦੇਣ ਵਾਲੀ ਪੁਸਤਕ ਨਿੰਦਰ ਘੁਗਿਆਣਵੀ ਨੇ ‘ਕਰਨੈਲ ਸਿੰਘ ਪਾਰਸ-ਜੀਵਨ ਤੇ ਰਚਨਾ’ ਲਿਖੀ ਹੈ ਅਤੇ ‘ਵਡਮੁੱਲਾ ਪਾਰਸ’ ਸੰਪਾਦਿਤ ਕੀਤੀ ਹੈ।

ਉਸ ਨੇ ਮੱਦੋਕੇ ਦੇ ਗੁਰਦਵਾਰੇ ਤੋਂ ਅੰਮ੍ਰਿਤ ਛਕਿਆ ਸੀ ਪਰ ਰਾਮੂਵਾਲੇ ਪਹੁੰਚਣ ਤੀਕਰ ਵੀ ਉਹ ਕਾਇਮ ਨਾ ਰੱਖ ਸਕਿਆ। ਸਟੀਲ ਦਾ ਕੜਾ ਚੜ੍ਹਦੀ ਜੁਆਨੀ ਸਮੇਂ ਦਮਦਮੇ ਦੀ ਵਿਸਾਖੀ ‘ਤੇ ਕਿਸੇ … ਕੋਲ਼ੋਂ ਪੁਆਇਆ ਸੀ ਜੋ ਹੁਣ ਵੀ ਬਾਂਹ ਨੂੰ ਫੜੀਂ ਬੈਠਾ ਹੈ। ਉਹ ਲਾਹਿਆਂ ਨਹੀਂ ਲਹਿੰਦਾ ਤੇ ਪਾਰਸ ਕਹਿੰਦਾ ਹੈ, “ਹੁਣ ਇਹ ਮਰਨ ਪਿਛੋਂ ਈ ਲਹੂ।” ਪਾਰਸ ਦਾ ਵਿਆਹ ਕਵੀਸ਼ਰ ਹੋਣ ਕਾਰਨ ਬੋਪਾਰਾਏ ਦੇ ਸਿੰਘ ਸਭੀਆਂ ਦੀ ਧੀ ਦਲਜੀਤ ਕੌਰ ਨਾਲ ਹੋਇਆ ਸੀ। ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਵੀਸ਼ਰੀ ਕਰਨ ਦੇ ਨਾਲ ਦਾਰੂ ਦਾ ਸੇਵਣ ਵੀ ਕਰਦਾ ਸੀ ਨਹੀਂ ਤਾਂ ਸ਼ਾਇਦ ਉੱਥੇ ਨਾ ਹੀ ਹੁੰਦਾ।

ਉਹਦੀ ਮਾਸਟਰ ਤਾਰਾ ਸਿੰਘ ਨਾਲ ਨਹੀਂ ਸੀ ਬਣੀ ਪਰ ਸੰਤ ਫਤਿਹ ਸਿੰਘ ਤੋਂ ਲੈ ਕੇ ਸੰਤ ਲੌਂਗੋਵਾਲ ਤਕ ਅਕਾਲੀ ਦਲ ਦੇ ਹਰੇਕ ਪ੍ਰਧਾਨ ਨਾਲ ਬਣਦੀ ਰਹੀ। ਕਿਸਾਨ ਸਭਾਵਾਂ ਵਾਲੇ ਤੇ ਕਾਮਰੇਡ ਉਹਦੇ ਜਥੇ ਨੂੰ ਆਪਣੀਆਂ ਕਾਨਫਰੰਸਾਂ ਵਿਚ ਸੱਦਦੇ ਰਹੇ। ਮੋਗੇ ਦੀ ਕਮਿਊਨਿਸਟ ਕਾਨਫਰੰਸ ਲਈ ਉਹਨਾਂ ਦੇ ਜਥੇ ਨੇ ਚੌਦਾਂ ਸੌ ਮਣ ਮੱਕੀ ਉਗਰਾਹ ਕੇ ਦਿੱਤੀ ਸੀ। ਉਦੋਂ ਦੀ ਉਹਦੀ ਹਰਕਿਸ਼ਨ ਸਿੰਘ ਸੁਰਜੀਤ ਨਾਲ ਯਾਰੀ ਹੈ।

ਸੁਰਜੀਤ ਟੋਰਾਂਟੋ ਵਿਚ ਪਾਰਸ ਨੂੰ ਮਿਲਣ ਗਿਆ ਤਾਂ ਪੌੜੀਆਂ ਵਿੱਚੋਂ ਤਿਲ੍ਹਕ ਕੇ ਹੇਠਾਂ ਫਰਸ਼ ‘ਤੇ ਡਿੱਗ ਪਿਆ ਸੀ। ਐਨਕ ਕਿਸੇ ਪਾਸੇ ਤੇ ਪੱਗ ਕਿਸੇ ਪਾਸੇ। ਪਰ ਸੱਟ ਫੇਟ ਤੋਂ ਬਚਾਅ ਹੋ ਜਾਣ ਕਾਰਨ ਸਾਰੇ ਪਰਵਾਰ ਨੇ ਸੁਖ ਦਾ ਸਾਹ ਲਿਆ ਸੀ। ਕਿਤੇ ਜਾਹ ਜਾਂਦੀ ਹੋ ਜਾਂਦੀ ਤਾਂ ਹੋ ਸਕਦੈ ਭਾਰਤ ਦੀ ਪਰਧਾਨ ਮੰਤਰੀ ਦਾ ਇਤਿਹਾਸ ਕੋਈ ਹੋਰ ਹੀ ਹੁੰਦਾ। ਜਦੋਂ ਪਾਰਸ ਖ਼ੁਦ ਉਨ੍ਹਾਂ ਹੀ ਪੌੜੀਆਂ ਤੋਂ ਡਿੱਗਾ ਤਾਂ ਉਹਦੇ ਸੱਟਾਂ ਲੱਗ ਗਈਆਂ ਸਨ ਤੇ ਉਹਨੂੰ ਕਈ ਮਹੀਨੇ ਇਲਾਜ ਕਰਾਉਣਾ ਪਿਆ ਸੀ। ਸਿੱਧੀਆਂ ਪੌੜੀਆਂ ਤੋਂ ਛੁਟਕਾਰਾ ਪਾਉਣ ਲਈ ਹੁਣ ਉਨ੍ਹਾਂ ਨੇ ਘਰ ਬਦਲ ਲਿਆ ਹੈ ਜਿਸ ਦਾ ਸਿਰਨਾਵਾਂ 86 ਫੀਲਡ ਥਿਸਲ ਡਰਾਈਵ ਅਤੇ ਫੋਨ 905-790-8807 ਹੈ। ਜੀਹਨੇ ਨੱਬੇ ਸਾਲ ਪੂਰੇ ਕਰਨ ਦੀ ਵਧਾਈ ਦੇਣੀ ਹੋਵੇ ਜਾਂ ਅਸ਼ੀਸ਼ ਲੈਣੀ ਹੋਵੇ, ਖੁਸ਼ੀ ਨਾਲ ਦੇ/ਲੈ ਸਕਦਾ ਹੈ। ਜੇ ਕੋਈ ਸਭਾ ਸੁਸਾਇਟੀ ਨੱਬਿਆਂ ਨੂੰ ਅਪੜੇ ਸ਼੍ਰੋਮਣੀ ਕਵੀਸ਼ਰ ਦਾ ਨੱਬੇਵਾਂ ਜਨਮ ਦਿਨ ਮਨਾਉਣਾ ਚਾਹੇ ਤਾਂ ਕਹਿਣਾ ਹੀ ਕੀ?

ਉਸ ਨੇ ਕਵੀਸ਼ਰੀ ਰਾਹੀਂ ਜਿੰਨਾ ਪੈਸਾ ਲੋਕਾਂ ਦੀਆਂ ਜੇਬਾਂ ਵਿੱਚੋਂ ਕਢਾਇਆ ਉਸ ਤੋਂ ਵੱਧ ਰਾਮੂਵਾਲੇ ਦੀ ਭਲਾਈ ਲਈ ਲਾ ਦਿੱਤਾ। ਪਿੰਡ ਵਿਚ ਬਿਰਧ ਘਰ, ਪਬਲਿਕ ਲਾਇਬ੍ਰੇਰੀ, ਜਿਮਨੇਜ਼ੀਅਮ, ਮਜ਼੍ਹਬੀਆਂ ਦਾ ਸਮਸ਼ਾਨ ਘਰ, ਸਕੂਲ ਤੇ ਪਿੰਡ ਦੇ ਪ੍ਰਵੇਸ਼ ਦੁਆਰ ਉਤੇ ਲੱਖਾਂ ਰੁਪਏ ਕੋਲੋਂ ਖਰਚੇ ਤੇ ਲੱਖਾਂ ਆਪਣੇ ਸਹਿਯੋਗੀਆਂ ਤੋਂ ਖਰਚਵਾਏ ਹਨ। ਮੋਟੇ ਅੰਦਾਜ਼ੇ ਮੁਤਾਬਿਕ ਹੁਣ ਤਕ ਪੱਚੀ ਕੁ ਲੱਖ ਇਸ ਦਾਨ ਦੇ ਲੇਖੇ ਲੱਗ ਚੁੱਕੈ।

ਰਾਮੂਵਾਲੇ ਦੀ ਮਿੱਟੀ ਵਿਚ ਰੁਲਦਾ ਖੁਲਦਾ ਕੈਲੇ ਨਾਂ ਦਾ ਪਲਿਆ ਬੱਚਾ, ਪੰਜਾਬੀ ਕਵੀਸ਼ਰੀ ਦੇ ਇਤਿਹਾਸ ਦਾ ਇੱਕ ਅਮੁੱਲਾ ਲਾਲ ਸਿੱਧ ਹੋਇਆ ਅਤੇ ਉਹ ਰਾਮੂਵਾਲੇ ਦਾ ਨਾਂ ਕੁਲ ਦੁਨੀਆਂ ਵਿੱਚ ਚਮਕਾ ਗਿਆ। ਬਥੇਰੇ ਵੱਡੇ ਪਿੰਡ ਹਨ ਜਿਨ੍ਹਾਂ ਨੂੰ ਕੋਈ ਪੰਜਾਹ ਮੀਲਾਂ ਤੋਂ ਪਰ੍ਹਾਂ ਨਹੀਂ ਜਾਣਦਾ। ਪਾਰਸ ਪਰਵਾਰ ਨਾਲ ਦੇਸ਼ਾਂ ਬਦੇਸ਼ਾਂ ਵਿਚ ਰਾਮੂਵਾਲਾ ਰਾਮੂਵਾਲਾ ਹੋਈ ਪਈ ਹੈ। ਪਾਰਸ ਆਪਣੇ ਪੈਰਾਂ ‘ਤੇ ਆਪ ਖੜ੍ਹਾ ਹੋਇਆ ਤੇ ਆਪਣੇ ਅੰਦਰ ਲੁਕੀ ਪ੍ਰਤਿਭਾ ਨੂੰ ਉਸ ਨੇ ਆਪੇ ਸਾਣ ਚਾੜ੍ਹਿਆ। ਹਿੰਮਤ ਕੀਤੀ, ਸੰਘਰਸ਼ ਕੀਤਾ ਤੇ ਭਰਪੂਰ ਜੀਵਨ ਜੀਵਿਆ। ਹੁਣ ਉਹ ਨੱਬੇ ਸਾਲਾਂ ਦਾ ਹੋ ਰਿਹੈ। ਆਓ ਅਰਦਾਸ ਕਰੀਏ ਕਿ ਉਹ ਤੰਦਰੁਸਤ ਰਵ੍ਹੇ ਤੇ ਹੋਰ ਕਈ ਸਾਲ ਜੀਵੇ। ਉਹ ਸਾਡੀ ਕਵੀਸ਼ਰੀ ਦਾ ਚੰਦ ਵੀ ਹੈ ਤੇ ਸੂਰਜ ਵੀ। ਕੁਦਰਤ ਕਰੇ ਕਿ ਸਾਡਾ ਉਹ ਚੰਦ ਸੂਰਜ ਦੇਰ ਤਕ ਚਮਕਦਾ ਰਹੇ। ਉਹ ਅੱਜ ਵੀ ਗੁਣਾਂ ਦਾ ਖ਼ਜ਼ਾਨਾਂ ਹੈ ਜੇ ਕੋਈ ਕਦਰ ਕਰੇ? ਜੇ ਕੋਈ ਮੁੱਲ ਪਾਵੇ?

(ਫੋਟੋ ਅਤੇ ਕੈਪਸ਼ਨ, ਨਾਮਵਰ ਲੇਖਕ ਸ. ਕਿਰਪਾਲ ਸਿੰਘ ਪੰਨੂੰ)

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 20 ਜਨਵਰੀ 2007)
(ਦੂਜੀ ਵਾਰ 27 ਸਤੰਬਰ 2021)

***
400
***