25 July 2024

ਪਰਵਿੰਦਰ ਗੋਗੀ ਰਚਿਤ ਕਾਵਿ ਸੰਗ੍ਰਹਿ ‘ਤਾਰਿਆਂ ਦੇ ਪਾਰ’ —ਪਿਆਰਾ ਸਿੰਘ ਕੁੱਦੋਵਾਲ

ਰਹਾਉ ਪਬਲਿਕੇਸ਼ਨ ਵਲੋਂ ਛਾਪਿਆ ਗਿਆ 120 ਸਫਿਆਂ ਦਾ ਕਾਵਿ ਸੰਗ੍ਰਹਿ ‘ਤਾਰਿਆਂ ਦੇ ਪਾਰ’, ਜਸਵੰਤ ਸਿੰਘ ਕੰਵਲ ਦੀ ਭਤੀਜੀ, ਪਰਵਿੰਦਰ ਗੋਗੀ ਦਾ ਲਿਖਿਆ ਹੋਇਆ ਦੂਜਾ ਕਾਵਿ ਸੰਗ੍ਰਹਿ ਹੈ। ਉਸਦਾ ਪਹਿਲਾ ਕਾਵਿ ਸੰਗ੍ਰਿਹ ‘ਪਿਆਸੀ ਨਦੀ’ ਅਸੀਂ ‘ਦਾ ਲਿਟਰੇਰੀ ਰੀਫਲ਼ੈਕਸ਼ਨਜ਼’ ਵਲੋਂ ਰੀਲੀਜ਼ ਕੀਤਾ ਸੀ ਜਿਸਦੀ ਸਟੇਜ ਕਰਨ ਦਾ ਮਾਣ ਗੁਰਮੀਤ ਪਨਾਂਗ ਅਤੇ ਸੁਰਜੀਤ ਹੋਰਾਂ ਨੇ ਮੈਨੂੰ ਦਿੱਤਾ ਸੀ। ਇਸ ਲਈ ਉਹ ਪੁਸਤਕ ਪੜ੍ਹੀ ਸੀ। ਹੱਥਲੀ ਕਿਤਾਬ ਦੇ ਪਹਿਲੇ 16 ਸਫਿਆਂ ਵਿੱਚ ਪੁਸਤਕ ਦੀ ਜਾਣਕਾਰੀ, ਦੋ ਮੱਖ-ਬੰਦ, ਕ੍ਰਮਵਾਰ ਇਨਾਮਜ਼ਾਫਤਾ ਮੈਗਜ਼ੀਨ ‘ਏਕਮ’ ਦੀ ਪ੍ਰਸਿੱਧ ਸੰਪਾਦਕਾ ਅਤੇ ਸ਼ਾਇਰਾ ਅਰਤਿੰਰ ਸੰਧੂ ਅਤੇ ਸ਼ਿਕਾਗੋ ਵਸਦੇ ਪਿਆਰੇ ਸ਼ਾਇਰ ਰਾਜ ਲਾਲੀ ਬਟਾਲਾ ਵਲੋਂ ਅਤੇ ਕੁੱਝ ਸ਼ਬਦ ਲੇਖਕ ਨੇ ਆਪਣੇ ਵਲੋਂ ਲਿਖੇ ਹਨ। 103 ਸਫਿਆਂ ਤੇ ਉਹਨਾਂ ਦੀਆਂ 73 ਕਵਿਤਾਵਾਂ ਗੀਤ, ਗਜ਼ਲਾਂ, ਨਜ਼ਮਾਂ ਵੱਖੋ ਵੱਖਰੇ ਭਾਵ ਚਿੱਤਰਦੀਆਂ ਹੋਈਆਂ ਪੜ੍ਹੀਆਂ ਜਾ ਸਕਦੀਆਂ ਹਨ ਜੋ ਪਾਠਕ ਦੇ ਮਨ ਤੇ ਆਪਣਾ ਪ੍ਰਭਾਵ ਛੱਡਦੀਆਂ ਹਨ। ਉਹਨਾਂ ਦੀ ਕਵਿਤਾ ਦਾ ਮੁੱਖ ਵਿਸ਼ਾ ਔਰਤ ਦੀ ਵੇਦਨਾ ਹੈ। ਇਸਦੇ ਨਾਲ ਨਾਲ ਭੂ-ਹੇਰਵਾ, ਔਰਤ ਮਰਦ ਦਾ ਆਪਸੀ ਰਿਸ਼ਤਾ, ਮਰਦ ਦੀ ਧੌਂਸ, ਇਸਤਰੀ ਦੀ ਬੇਬਸੀ, ਮਜਬੂਰੀ ਅਤੇ ਅੰਦਰੂਨੀ ਦਰਦ ਨੂੰ ਚਿਤਰਦੇ ਕਾਵਿ ਬਿੰਬ ਵੇਖੇ ਜਾ ਸਕਦੇ ਹਨ। ਉਸਦੀ ਕਵਿਤਾ ‘ਗੱਲਾਂ’ ਪੰਨਾ 33- ਪੰਜਾਬੀ ਸਮਾਜ ਨਾਲ ਸਬੰਧਤ ਬਹੁਤ ਸਾਰੇ ਵਿਸ਼ਿਆਂ ਦਾ ਚਿਤਰਣ ਕਰਦੀ ਹੈ। ਪਰ ਲੇਖਿਕਾ ਨੂੰ ਲਗਦਾ ਲੋਕਾਂ ਨੂੰ ਭਾਵ ਸਾਨੂੰ ਸਮਾਜ ਵਿਚਰਦਿਆਂ ਦਿਆਂ ਕੁਦਰਤ ਬਾਰੇ ਵੀ ਗੱਲਾਂ ਕਰਨ ਦੀ ਲੋੜ ਹੈ:

ਲੋਕ ਗੱਲਾਂ ਕਰਦੇ ਨੇ ਇਕ ਦੂਜੇ ਦੀਆਂ,
ਕੁੱਝ ਜੰਗ ਦੀਆਂ ਕੁੱਝ ਰਾਜਨੀਤੀ ਦੀਆਂ ….
ਬਹੁਤ ਘੱਟ ਲੋਕ ਨੇ ਜੋ ਕਰਦੇ ਰੁਮਾਨੀ ਸੁਭਾਅ ਦੀਆਂ ਗੱਲਾਂ
ਚੰਦ ਤਾਰੇ ਪਹਾੜ ਸਮੁੰਦਰ ਦਰਿਆਵਾਂ ਦੀਆਂ ਗੱਲਾਂ
ਪੰਛੀਆਂ ਦੇ ਚਹਿਕਣ ਤੇ ਫੁੱਲਾਂ ਦੇ ਮਹਿਕਣ ਦੀਆਂ ਗੱਲਾਂ ….

ਉਸਨੇ ਰਾਜਨੀਤੀ, ਸਮਾਜਿਕ ਸਰੋਕਾਰਾਂ, ਆਰਥਿਕਤਾ ਕਿਸਾਨੀ ਅਤੇ ਮਜ਼ਦੂਰੀ ਨਾਲ ਜੁੜੇ ਲੋਕਾਂ ਦੀ ਤੇ ਖਾਸ ਕਰਕੇ ਖੁਦਕਸ਼ੀਆਂ ਦੀ ਬਾਤ ਵੀ ਪਾਈ ਹੈ: ਪੰਨਾ 24 ਤੇ ਖੇਤਾਂ ਦਾ ਪੁੱਤ ਵਿੱਚੋਂ:

ਮੱਤ ਸਾਡੀ ਹੈ ਕਰਜ਼ੇ ਮਾਰੀ
ਅਸੀਂ ਫਾਹੀਆਂ ਗਲ ਪਾ ਮੋਏ
ਧੀਆਂ ਬਾਰ ਬਰੂੰਹੀਂ ਬੈਠੀਆਂ
ਹੱਥ ਪੀਲੇ ਨਾ ਹੋਏ

ਪੰਜਾਬ ਦਾ ਪਾਣੀ ਘੱਟ ਰਿਹਾ ਹੈ। ਉਪਜਾਊ ਜ਼ਮੀਨ ਬੰਜਰ ਹੋ ਰਹੀ ਹੈ। ਖਾਦਾਂ ਤੇ ਜ਼ਹਿਰੀਲੇ ਕੀਟਨਾਸ਼ਕਾਂ, ਨਸ਼ਿਆਂ ਦੀ ਭਰਮਾਰ, ਪੰਜਾਬ ਦੇ ਪਾਣੀ ਦਾ ਗੰਧਲਾਇਆ ਜਾਣਾ, ਖੇਤੀ ਵਾਲੀ ਜ਼ਮੀਨ ਦੀ ਉਪਰਲੀ ਤਹਿ ਦਾ ਘੱਟ ੳਪਜਾਉ ਹੋਣਾ, ਲੋਕਾਂ ਕੋਲ ਦੂਜੇ ਬਦਲਵੇਂ ਰੋਜਗਾਰਾਂ ਦੀ ਘਾਟ ਹੋਣਾ ਅਤੇ ਉਤੋਂ ‘ਤਿੰਨ ਕਾਲੇ ਖੇਤੀ ਕਨੂੰਨ ਲੋਕਾਂ ਤੇ ਖਾਸ ਕਰਕੇ, ਕਿਸਾਨਾਂ ਨੂੰ ਦੋਹਰੀ-ਮਾਰ ਮਾਰ ਰਹੇ ਹਨ। ਸ਼ਾਇਰਾ ਲਿਖਦੀ ਹੈ:
ਪੰ 27
ਧਰਤੀ ਕੱਲਰਾਂ ਮਾਰੀਏ
ਤੇਰੇ ਕੱਲਰੀਂ ਸ਼ੂਕਣ ਨਾਗ
ਤੇਰੀ ਹਿੱਕ ਦੇ ਦੁੱਧ ਨੂੰ
ਕਿਸ ਲਾਇਆ ਵਿਹੁ ਦਾ ਜਾਗ

ਰੱਬ ਦਾ ਭਰਮ ਵੀ ਉਸਦਾ ਟੁੱਟਦਾ ਲੱਗਦਾ ਹੈ ਭਾਵੇਂ ਉਹ ਮੰਨਦੀ ਹੈ ਕਿ ਰੱਬ ਇਕ ਹੀ ਹੁੰਦਾ ਹੈ। ਸਮਾਜਿਕ ਵੰਡਾਂ ਨੇ ਰੱਬ ਨੂੰ ਵੀ ਵੰਡ ਲਿਆ ਹੈ। ਜਿਸ ਕਰਕੇ ਭੰਬਲਭੂਸਾ ਛਾ ਗਿਆ ਕਿ ਬੰਦਾ ਕਿਸ ਅੱਗੇ ਅਰਜੋਈ ਕਰੇ:
ਪੰਨਾ 39, ਰੱਬ:

ਧਰਮ ਨੇ ਬਹੁਤਾ ਖੂਨ ਵਹਾਇਆ
ਥਾਂ ਥਾਂ ਬੰਦੇ ਸੂਲੀ ਟੰਗੇ
ਲੋਕਾਂ ਨੇ ਰੱਬ ਬੜੇ ਬਣਾ ਲਏ
ਬੰਦਾ ਕਿਹੜੇ ਦਰ ਤੋਂ ਮੰਗੇ

ਪੰਨਾ 78 ਤੇ ਹਿੰਦ ਪਾਕ ਵਾਲੇ ਗੀਤ ਵਿਚ ਦੋਹਾਂ ਦੇਸ਼ਾਂ ਦੀ ਵੰਡ ਕਾਰਣ ਪੈਦਾ ਹੋਈ ਦੂਰੀ ਤੇ ਦਰਦ ਦੀ ਗੱਲ ਕੀਤੀ ਗਈ ਹੈ। ਉਹ ਚੜ੍ਹਦੇ ਲਹਿੰਦੇ ਪੰਜਾਬਾਂ ਦੀ ਸਾਂਝ ਨੂੰ ਅਭਿਵਿਅਕਤ ਕਰਦੀ ਹੋਈ ਲਿਖਦੀ ਹੈ:

ਜਿਸਮ ਦੋ ਤੇ ਜਾਨ ਤਾਂ ਇਕ ਹੈ
ਬੋਲੀ ਤੇ ਪਹਿਚਾਣ ਵੀ ਇਕ ਹੈ।

ਰਵਾਨੀ ਲਿਖਣ ਸ਼ੈਲੀ ਦਾ ਇਕ ਵੱਡਾ ਗੁਣ ਹੁੰਦਾ ਹੈ । ਇਸ ਨਾਲ ਪਾਠਕ ਸੁੱਤੇ ਸਿੱਧ ਰਚਨਾ ਦੇ ਨਾਲ ਹੋ ਤੁਰਦਾ ਹੈ, ਜੁੜ ਜਾਂਦਾ ਹੈ, ਪਲਕ ਝਮਕਣ ਦੀ ਵੀ ਹਿੰਮਤ ਨਹੀਂ ਕਰਦਾ ਤੇ ਅਨੰਦਤ ਹੋ ਜਾਂਦਾ ਹੈ। ਗੋਗੀ ਦੀ ਕਵਿਤਾ ਵਿਚ ਰਵਾਨੀ ਦੀ ਗੱਲ ਕਰਨੀ ਹੋਵੇ ਤਾਂ ਵਣਜਾਰਿਆ, ਧੀਆਂ, ਕੱਲਰ ਧਰਤੀ, ਪਰਦੇਸ, ਕੰਧਾਂ, ਬਿਰਹਾ ਆਦਿ ਜ਼ਿਕਰਯੋਗ ਹਨ।

ਧੀਆਂ ਦਾ, ਕੁੜੀਆਂ ਦਾ ਔਰਤਾਂ ਦਾ, ਕੁਆਰੀਆਂ ਤੇ ਵਿਆਹੀਆਂ ਦੀ ਵੇਦਨਾ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਪ੍ਰਗਟ ਹੋਈ ਹੈ। ਸੱਭ ਤੋਂ ਵੱਧ ਖਤਰਨਾਕ ਗੱਲ ਜੋ ਉਸਨੇ ਸੁਚੇਤ ਜਾਂ ਅਚੇਤ ਤੌਰ ਤੇ ਜਾਂ ਇੰਝ ਕਹਿ ਲਉ ਸੋਚ-ਸਮਝ ਕੇ ਜਾਂ ਸੁੱਤੇ-ਸਿੱਧ, ਪੰਜਾਬੀ ਜਾਂ ਭਾਰਤੀ ਸਮਾਜ ਅਤੇ ਸਾਡੇ ਡਾਇਸਪੋਰਾ ਦੀ ਉਭਾਰ ਕੇ ਕੀਤੀ ਹੈ, ਉਹ ਹੈ ਔਰਤ ਦਾ ਸ਼ੋਸ਼ਣ, ਕਿਸੇ ਵੀ ਉਮਰ ਵਿੱਚ, ਕਿਸੇ ਰੂਪ ਅਤੇ ਕਿਸੇ ਵੀ ਰਿਸ਼ਤੇ ਵਿੱਚ, ਆਪਣੇ ਹੀ ਘਰਾਂ ਵਿੱਚ, ਆਪਣਿਆਂ ਵਿੱਚ ਵੀ ਔਰਤ ਸੁਰੱਖਿਅਤ ਨਹੀਂ ਹੈ। ਘਰੇਲੂ ਹਿੰਸਾ, ਅਣਚਾਹਿਆ ਵਰ, ਲਾਲਚ ਵੱਸ ਥੋਪਿਆ ਰਿਸ਼ਤਾ ਅਤੇ ਹੋਰ ਕਈ ਤਰ੍ਹਾਂ ਦੀ ਭੰਨ ਟੁੱਟ ਆਦਿ। ਕਈ ਥਾਵਾਂ ਤੇ ਇਸ ਸੱਭ ਦਾ ਜ਼ਿਕਰ ਆਇਆ ਹੈ। ਧੀਆਂ, ਤਬਸਰੇ, ਸਰਦਲ, ਕਲਮ ਤੇ ਕੰਧਾਂ ਉਦਾਹਰਣ ਲਈ ਵੇਖ ਸਕਦੇ ਹੋ।

ਇਸ ਪੱਥਰ ਦੇ ਸ਼ਹਿਰ ਦੀਆਂ
ਜਾਈਆਂ ਦੇ ਕੰਨਾਂ ਵਿੱਚ
ਸਿੱਕਾ ਢਾਲਿਆ ਜਾਂਦਾ………..
ਉਹਨਾਂ ਦੇ ਘਰ ਬਣ ਜਾਂਦੇ
ੳਹਨਾਂ ਦੇ ਕੈਦ-ਖਾਨੇ
ਰਸਮੋ ਰਿਵਾਜ ਬਣ ਜਾਂਦੇ
ਪੈਰਾਂ ਦੀਆਂ ਬੇੜੀਆਂ
ਬੂਹਿਆਂ ਦੇ ਪਿਛੇ ਭਰੇ ਹੁੰਦੇ
ਉਹਨਾਂ ਦੇ ਪੱਲੂਆਂ ‘ਚ
ਹੰਝੂ ਹਾੳਕੇ ਹਾਵੇ ਤੇ ਡੁਸਕਣਾ (ਤਬਸਰੇ) ਪੰ 119
ਦਮਾਂ ਦੇ ਲੋਭੀ ਮਾਪਿਆਂ ਸਾਡੇ
ਜਿਸ ਸਰਦਲ ਵਣਜ ਕਮਾਏ
ਇਸ ਸਰਦਲ ਤੇ ਤੱਤੀਆਂ ਵਾਵਾਂ
ਚਾਰੇ ਪਾਸੇ ਕਾਲ਼ੇ ਸਾਏ –(ਸਰਦਲ)

ਮੇਰੇ ਦਿਲ ਦੇ ਹਨੇਰੇ ਖੂੰਜਿਆਂ ਵਿੱਚ ਕੀ ਵਾਪਰਦਾ
ਮੇਰੇ ਅੰਦਰ ਦੇ ਭੁਚਾਲ ਵਿਚ
ਹੁੰਦੀ ਟੁੱਟ ਭੱਜ ਤੇ ਤਿੜਕਣਾਂ ਦੀ
ਗੱਲ ਨਹੀਂ ਕਰਦੀ ਇਹ ਕਲਮ – (ਕਲਮ) ਪੰਨਾ: 57

ਜਨਮ ਲਿਆ ਅਸੀਂ ਕੰਧਾਂ ਅੰਦਰ
ਸਾਡਾ ਜੀਣਾ ਮਰਨਾ ਕੰਧਾਂ
ਔਰਤ ਲਈ ਗੁਲਾਮੀ ਬਣਕੇ
ਹਰ ਦਮ ਮੂਹਰੇ ਖੜੀਆਂ ਕੰਧਾਂ
ਲੱਜਾਂ ਸ਼ਰਮਾਂ ਕੁੱਟਾਂ ਮਾਰਾਂ
ਕੀ ਨਹੀਂ ਹੁੰਦਾ ਅੰਦਰ ਕੰਧਾਂ
ਕਤਲੋਗਾਰਦ ਜ਼ੁਲ਼ਮੀ ਮੰਜ਼ਰ
ਸੱਭ ਕੁੱਝ ਅੱਖੀਂ ਦੇਖਣ ਕੰਧਾਂ – ਕੰਧਾਂ ਪੰਨਾ 94

ਸ਼ਾਇਦ ਇਸ ਕਰਕੇ ਹੀ ੳਹ ਲਿਖਦੀ ਹੈ:
ਸਖੀਏ ਨੀ ਸਖੀਏ ਨੀ
ਗੱਲ ਸੁਣ ਸਖੀਏ ਨੀ
ਤੁਰੀਂ ਨਾ ਤੂੰ ਇਸ਼ਕੇ ਦੇ ਰਾਹ।

ਪਰਵਿੰਦਰ ਗੋਗੀ ਨੇ ਬਹੁਤ ਸਾਰੀਆਂ ਕਵਿਤਾਵਾਂ ਇਤਿਹਾਸਕ ਪਰਕਰਣਾਂ ਨੂੰ ਲੈ ਕੇ ਚੜਦੀ ਕਲਾ, ਦੇਸ਼ ਭਗਤੀ: ਪਰਵਾਨੇ, ਸ਼ੀਹਣੀ ਦੀਆਂ ਜਾਈਆਂ, ਹਿੰਦ ਪਾਕ ਅਤੇ ਪਿਆਰ ਮੁਹੱਬਤ ਵਾਲੀਆਂ ਵੀ ਲਿਖੀਆਂ ਹਨ। ਪਰੰਪਰਾਗਤ ਤਰੀਕੇ ਨਾਲ ਔਰਤ ਨੂੰ ਵੀ ਬਹਾਦਰ ਤੇ ਅਜ਼ਾਦ ਤਬੀਅਤ ਦੀ ਵਿਖਾਇਆ ਹੈ ਪਰ ਉਸ ਦੀ ਕਵਿਤਾ ਦੀ ਪ੍ਰਧਾਨ ਸੁਰ ਉਦਾਸੀ ਤੇ ਪੀੜਾ ਯੁਗਤ ਹੈ ਜੋ ਉਸਦੀ ਰਚਣ ਪ੍ਰਕਿਰਿਆ ਦੀ ਤਾਕਤ ਹੈ। ਉਸਦੀ ਇਸ ਇਕੱਲਤਾ ਭਰੀ ਉਦਾਸ ਸੁਰ ਨਿਕਲਦੀ ਕਵਿਤਾ ਨੇ ਹੀ ਮੈਨੂੰ ਅਥਾਹ ਪ੍ਰਭਾਵਤ ਕੀਤਾ ਹੈ।
ਮੈਂ ਇਸ ਕਿਤਾਬ ਨੂੰ ਜੀ ਆਇਆਂ ਆਖਦਾ ਹੋਇਆ ਲੇਖਕ ਪਰਵਿੰਦਰ ਗੋਗੀ ਨੂੰ ਵਧਾਈ ਦਿੰਦਾ ਹਾਂ।
***
418
***

ਪਿਆਰਾ ਸਿੰਘ ਕੁੱਦੋਵਾਲ , ਟੋਰੋਂਟੋ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →