17 September 2024

ਮੋਹ ਦੀਆਂ ਤੰਦਾਂ – ਜਰਨੈਲ ਸਿੰਘ ਗਰਚਾ

ਮੋਹ ਦੀਆਂ ਤੰਦਾਂ

-ਜਰਨੈਲ ਸਿੰਘ ਗਰਚਾ-

“ਭਲੀਏ ਲੋਕੇ ਆਪਾਂ ਏਥੇ ਕਿਉਂ ਬੇਸਮੈਂਟ ਦੇ ਡੱਬੇ ਵਿਚ,ਪਿੰਜਰੇ ਵਿੱਚ ਬੰਦ ਪੰਛੀ ਵਾਂਗ ਨਰਕੀ-ਜੀਵਨ ਜੀ ਰਹੇ ਹਾਂ। ਇਹ ਵੀ ਕੋਈ ਜੂਨ ਐ ? ਪੰਛੀ ਦੀ ਤਾਂ ਮਜਬੂਰੀ ਹੁੰਦੀ ਹੈ,ਆਪਾਂ ਨੂੰ ਕੀ ਮਜਬੂਰੀ ਐ ?” ਰਾਮ ਸਿੰਘ ਨੇ ਬੰਤੀ ਨਾਲ ਦੁੱਖ ਸਾਂਝਾ ਕੀਤਾ।

ਮਿੰਟੂ ਦੇ ਬਾਪੂ, “ਪੰਛਿੀਆਂ ਤੇ ਆਪਾਂ ਵਿਚ ਫਰਕ ਕਿਉਂ ਨਹੀਂ,ਹੈ ਬਹੁਤ ਫਰਕ ਹੈ। ਤੁਸੀਂ ਤਾਂ ਇਹ ਜੂਨ ਨੂੰ ਪਿੰਜਰੇ ਪਏ ਪੰਛੀ ਨਾਲ ਤੁਲਨਾ ਕਰ ਲਈ,ਜਿਹੜੇ ਆਜ਼ਾਦ ਹੁੰਦੇ ਨੇ । ਉਨ੍ਹਾਂ ਦੀ ਜ਼ਿਮੇਦਾਰੀ ਕੋਈ ਨਹੀਂ ਹੁੰਦੀ,ਜੇ ਹੈ ਤਾਂ ਬੱਚਿਆਂ ਲਈ ਕੇਵਲ ਆਲ੍ਹਣਾ ਬਣਾ ਕੇ ਅੰਡੇ ਦੇ ਕੇ ਬੱਚੇ ਕੱਢ ਕੇ ਕੁੱਝ ਚਿਰ ਚੋਗਾ ਦੇ ਕੇ ਉੜਨ-ਯੋਗ ਕਰ ਦੇਣਾ ਹੀ ਹੈ। ਉਡਾਰ ਹੋਏ ਬੱੇਚੇ ਫੇਰ ਮਾਪਿਆਂ ਕੋਲ ਨਹੀਂ ਪਰਤਦੇ,ਉਨ੍ਹਾਂ ਦੀ ਮਾਪਿਆਂ ਪ੍ਰਤੀ ਕੋਈ ਜ਼ਿਮੇਵਾਰੀ ਨਹੀਂ ਹੁੰਦੀ । ਏਥੇ ਦੇ ਗੋਰੇ ਵੀ ਏਵੇਂ ਹੀ ਕਰਦੇ ਹਨ । ਪਰ ਆਪਾਂ ਅਜੇ ਇਸ ਹੱਦ ਤੱਕ ਨਹੀਂ ਪੁਜੇ,ਭਾਵੇਂ ਅਗਲੀ ਪੀੜ੍ਹੀ ਇਸ ਪਾਸੇ ਨੂੰ ਛੜੱਪੇ ਮਾਰ-ਮਾਰ ਵੱਧ ਰਹੀ ਹੈ। ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ੇ ਤੇ ਰੰਗ ਤਾਂ ਅਵੱਸ਼ ਚੜ੍ਹਨਾ ਹੀ ਹੁੰਦਾ ਹੈ। ਆਪਾਂ ਅਜੇ ਮੋਹ ਦੀਆਂ ਤੰਦਾਂ ਅਤੇ ਆਪਣੀ ਸੱਭਤਾ ਵਿਚ ਬੱਜੇ ਪੋਤੇ-ਪੋਤਰੀਆਂ,ਦੋਹਤੇ-ਦੋਹਤੀਆਂ ਨੂੰ ਵੀ ਪਿਆਰ ਦੇ ਮਾਰੇ ਪਾਲਦੇ ਹਾਂ। ਬੱਚੇ ਜ਼ਰੂਰ ਮਾਪਿਆਂ ਨੂੰ ਘਰੋਂ ਧੱਕੇ ਮਾਰ ਬਾਹਰ ਕੱਢ ਦਿੰਦੇ ਹਨ,ਆਪਾਂ ਨੂੰ ਵੀ ਬਾਹਰ ਸੁੱਟ ਹੀ ਦਿੱਤਾ ਹੈ।”

“ਬੰਤੀਏ,ਤੂੰ ਤਾਂ ਅੱਜ ਵਈ ਬੜੀਆਂ ਫੈਲਸੂਫੀਆਂ ਘੋਟ ਦੀ ਐਂ। ਕਿੱਥੋਂ ਆ ਗਈਆਂ ਇਹ ਤੈਨੂੰ?”

“ਆਉਣੀਆਂ ਕਿੱਥੋਂ ਸੀ? ਪਾਰਕ ਵਿਚ ਬੱਚਿਆਂ ਨੂੰ ਖਿਡਾਉਣ ਆਈਆਂ ਸੱਭ ਮੇਰੇ ਵਰਗੀਆਂ,ਆਪੋ-ਆਪਣੇ ਰੋਣੇ ਰੋਂਦੀਆਂ ਹਨ। ਮੈਂ ਤਾਂ ਸੁਖੀ ਕੋਈ ਨਹੀਂ ਦੇਖੀ।” ਬੰਤੀ ਨੇ ਉਤੱਰ ਮੋੜਿਆ।

“ਤੇਰੀ ਗੱਲ ਸੋਲਾਂ ਆਨੇ ਸੱਚ ਐ। ਮੈਨੂੰ ਵੀ ਲੱਗਿਆ,ਮੇਰੇ ਵਰਗੇ ਬਜ਼ੁਰਗ ਵੀ ਪਾਰਕਾਂ ਵਿਚ ਬੈਠੇ ਤਾਸ਼ ਖੇਡਦੇ ਜਾਂ ਸੀਨੀਰ-ਕਲੱਬਾਂ ਵਿਚ ਗੱਲਾਂ ਮਾਰਦੇ ਇਹੀ ਸਿੜ੍ਹੀ-ਸਿਆਪਾ ਕਰਦੇ ਦੁਖੀ ਹੀ ਦੇਖੇ ਜਾਂਦੇ ਹਨ । ਸੁਖੀ ਕੋਈ ਨਹੀਂ ਲੱਗਾ ।ਬਹੁਤੇ ਇਹ ਹੀ ਕਹਿੰਦੇ ਸੁਣੀਦੇ ਹਨ,ਜਦੋਂ ਕੰਮ ਨਹੀਂ ਕਰਦੇ ਸੀ ਤਾਂ ਮੁੰਡੇ ਤੇ ਨੂੰਹਾਂ ਵੱਡੂੰ-ਖਾਊਂ ਹੀ ਕਰਦੇ ਰਹਿੰਦੇ ਸੀ। ਕੰਮ ਕਰਨ ਲੱਗਿਆਂ ਨੂੰ ਹੀ ਚੱਜ ਨਾਲ ਬਲਾਉਣ ਲੱਗੇ ਹਨ। ਭਲੀਏ ਮਾਣਸੇ ਹਾਲ ਸੱਭ ਦਾ ਆਪਣੇ ਵਰਗਾ ਹੀ ਹੈ। ਏਥੇ ਦੀ ਸੱਭਤਾ ਨੇ ਵੀ ਆਪਣਾ ਰੰਗ ਚਾੜ੍ਹਨਾ ਹੀ ਹੈ। ਸੁਣਿਆ ਇਹ ਗੋਰੇ ਤਾਂ ਬੜੇ ਦੁਖੀ ਹੁੰਦੇ ਹਨ,ਜੇ ਬੱਚੇ ਸੋਲਾਂ ਸਾਲ ਤੋਂ ਪਿੱਛੋਂ ਵੀ ਨਾਲ ਰਿਹੀ ਜਾਂਦੇ ਹੋਣ ।”ਰਾਮ ਸਿੰਘ ਨੇ ਆਪਣਾ ਦਿਲ ਹੌਲਾ ਕੀਤਾ।

ਬੰਤੀ ਉੱਠ ਕੇ ਕੰਮ-ਧੰਦੇ ਵਿਚ ਲੱਗ ਗਈ ਤੇ ਰਾਮ ਸਿੰਘ ਬੈੱਡ ਤੇ ਜਾ ਟੇਢਾ ਹੋਇਆ ਤੇ ਸੋਚਾਂ ਵਿਚ ਜਾ ਡੁੱਬਾ। ਪਿਆ-ਪਿਆ ਆਪਣੇ ਪਿਛਲੇ ਜੀਵਨ ਬਾਰੇ ਸੋਚਦਾ ਪਿੰਡ ਜਾ ਪਹੁੰਚਿਆ। ਉਸ ਕੋਲ ਪੰਜ ਕੀਲੇ ਪੈਲੀ ਸੀ ਤੇ ਉਹ ਵਾਹੀ ਕਰਕੇ ਸੋਹਣੀ ਕਬੀਲਦਾਰੀ ਤੋਰੀਂ ਜਾਂਦਾ ਸੀ। ਬਹੁਤੀ ਲੰਮੀ-ਚੌੜੀ ਟੱਬਰੀ ਨਹੀਂ ਸੀ । ਵੱਡਾ ਮੁੰਡਾ ਜੱਗਾ ਪੜ੍ਹਨ ਵਿਚ ਨਕੰਮਾ ਨਿਕਲਿਆ ਸੀ। ਅੱਠਵੀਂ ਕਰਨ ਪਿੱਛੋਂ ਨਾਲ ਹੀ ਖੇਤੀ ਵਿੱਚ ਹੱਥ ਵਟਾਉਣ ਲੱਗ ਗਿਆ ਸੀ। ਜੱਗੇ ਨੇ ਕਿਹਾ ਸੀ, “ਬਾਪੂ,ਮੈਥੋਂ ਨਹੀਂ ਪੜ੍ਹਿਆ ਜਾਂਦਾ । ਊਂ ਵੀ ਨੌਕਰੀ ਤਾਂ ਮਿਲਣੀ ਨਹੀਂ,ਬਥੇਰੇ ਐਮ-ਏ,ਬੀ-ਏ ਰੋਡ-ਇੰਸਪੈਕਟਰ ਬਣੇ ਸੜਕਾਂ ਤੇ ਧੱਕੇ ਖਾਦੇ ਫਿਰਦੇ ਹਨ। ਸਫਾਰਸ਼ ਤੇ ਪੈਸੇ ਦੇ ਕੇ ਹੀ ਨੌਕਰੀਆਂ ਲੱਭਦੀਆਂ ਹਨ। ਹਰੀਜਨਾਂ ਦੀਆਂ ਪੰਜੇ ਘਿਓੁ ਵਿਚ ਹਨ,ਪੰਜਾਹ ਸਾਲ ਪਿੱਛੋਂ ਵੀ ਰੀਜ਼ਰਵੇਸ਼ਨ ਦਾ ਲਾਹਾ ਲਈ ਜਾਂਦੇ ਹਨ। ਕਿਸੇ ਪਾਸੇ ਨਜ਼ਰ ਮਾਰ ਲੋ ਵੱਡੀਆਂ-ਵੱਡੀਆਂ ਪੋਸਟਾਂ ਇਹ ਮਾਠੀਂ ਬੈਠੇ ਨੇ,ਬਾਕੀ ਚੜੇ-ਚਪੜਾਸੀ ਤੋਂ ਲੈ ਕੇ ਕਲਰਕਾਂ ਤੱਕ ਘੱਟ ਪੜ੍ਹੇ ਪਿੰਡਾਂ ਵਾਲੇ ਸਾਂਭ ਲੈਂਦੇ ਹਨ। ਸਾਰਾ ਹਰੀਜਨਾਂ ਦਾ ਵੇੜ੍ਹਾਂ ਹੀਰੋ-ਹਾਂਡਿਆਂ ਅਤੇ ਸਕੂਟਰਾਂ ਤੇ ਹੂਟੇ ਲੈਂਦੇ ਮੌਜਾਂ ਕਰਦੇ ਫਿਰਦੇ ਨੇ। ਅਸੀਂ ਰਹਿ ਗਏ ਖੇਤੀ ਜੋਗੇ ਬਲਦਾਂ ਦੀਆਂ ਪੂਛਾਂ ਮਰੋੜਨ ਨੂੰ।”

“ਜੱਗਿਆ ਚਾਰ ਅੱਖਰ ਹੋਰ ਪੜ੍ਹ ਲੈਂਦਾ ਤਾਂ ਖਬਰਾ ਜੱਟਾਂ ਵਾਲੀ ਜੂਨ ਤੋਂ ਖਹਿੜਾ ਛੁੱਟ ਹੀ ਜਾਂਦਾ। ਕਹਿੰਦੇ ਹੁੰਦੇ ਨੇ ਜੱਟਾ ਤੇਰੀ ਜੂਨ ਬੁਰੀ,ਹਲ ਛੱਡ ਕੇ ਚਰ੍ਹੀ ਨੂੰ ਜਾਣਾ। ਐਵੇਂ ਮੇਰੇ ਵਾਂਗ ਏਸੇ ਗਧੀ-ਗੇੜ ਵਿਚ ਫਸਿਆ ਰਹੇਂਗਾ।” ਮੈਂ ਜੱਗੇ ਨੂੰ ਨੇਕ ਸਲਾਹ ਦਿੱਤੀ ਸੀ।

“ਨਹੀਂ ਬਾਪੂ,ਆਪਾਂ ਮਿੰਟੂ ਨੂੰ ਖੂਬ ਪੜ੍ਹਾਵਾਂਗੇ । ਉਹ ਪੜ੍ਹਨ ਨੂੰ ਹੈ ਵੀ ਆਰੀ ਵਰਗਾ ਤਿੱਖਾ। ਆਪਾਂ ਦੋਵੇਂ ਦੱਬ ਕੇ ਵਾਹੀ ਦੀ ਭੁਤਨੀ ਭਲਾ ਕੇ ਖੂਬ ਪੈਸੇ ਕਮਾਵਾਂਗੇ ਤੇ ਰਿਸ਼ਵਤ ਦੇ ਕੇ ਨੌਕਰੀ ਲੈ ਦੇਵਾਂਗੇ । ਫੇਰ ਖਬਰਾ ਰੱਬ ਸੁਣ ਹੀ ਲਵੇ ਤੇ ਕੋਈ ਬਾਹਰ ਦੀ ਕੁੜੀ ਲੱਭ ਜਾਵੇ ਨੌਕਰੀ ਦੇ ਮੂੰਹ ਨੂੰ। ਫੇਰ ਤੁਸੀਂ ਸਾਰੇ ਜਾ ਕੇ ਕਿਸੇ ਤਰ੍ਹਾਂ ਮੇਰਾ ਵੀ ਓਦੱਰ ਮੰਗਵਾਉਣ ਦਾ ਤੋਪਾ ਭਰ ਲਿਓ ।”ਜੱਗਾ ਸ਼ੇਖ-ਚਿੱਲੀ ਵਾਲੀਆਂ ਸਕੀਮਾਂ ਲੜਾਉਂਦਾ ਮੇਰੇ ਨਾਲ ਲੱਕ ਬੰਨ੍ਹ ਕੇ ਖੇਤੀ ਕਰਨ ਲੱਗ ਗਿਆ ਸੀ।

ਸੱਚ ਹੀ ਉਹਦੀ ਸਕਮਿ ਰੰਗ ਲੈ ਆਈ ਸੀ। ਮਿੰਟੂ ਬੀ-ਐਸ-ਸੀ ਪਿੱਛੋਂ ਬੀ-ਐਡ ਕਰ ਗਿਆ ਸੀ। ਫੇਰ ਮਾਸਟਰ ਦੀ ਜੌਬ ਵੀ ਚਾਂਦੀ ਦੀ ਜੁੱਤੀ ਨਾਲ ਲੈਣ ਵਿਚ ਸਫਲ ਹੋ ਗਿਆ ਸੀ। ਕਿਸਮਤ ਬਦਲਦੀ ਨੂੰ ਦੇਰ ਨਹੀਂ ਲੱਗਦੀ। ਸਾਡੇ ਚੰਗੇ ਭਾਗਾਂ ਨੂੰ ਇੱਕ ਕਨੇਡਾ ਵਿਚ ਰਹਿੰਦੇ ਪਰਿਵਾਰ ਨੇ ਮਿੰਟੂ ਨਾਲ ਆਪਣੀ ਕੁੜੀ ਨੂੰ ਵਿਆਹ ਕੇ ਕਨੇਡਾ ਮੰਗਵਾ ਲਿਆ ਸੀ। ਜੱਗੇ ਨੂੰ ਵੀ ਆਸ ਹੋ ਗਈ ਸੀ ਕਿ ਸ਼ਾਇਦ ਹੁਣ ਉਸ ਦਾ ਵੀ ਕਨੇਡਾ ਜਾਣ ਦਾ ਕੋਈ ਤੁੱਕਾ ਲੱਗ ਹੀ ਜਾਵੇ ?

“ਲੈ ਚਾਹ ਪੀ ਲੈ,ਕਿਹੜੀਆਂ ਸੋਚਾਂ ਚ ਪਿਆ ਹੋਇਆਂ ?” ਬੰਤੀ ਨੇ ਆ ਕੇ ਹਲੂਣਿਆ।

“ਹੁਣ ਸੋਚਾਂ ਕਾਹਦੀਆਂ ਰਹਿ ਗਈਆਂ ਬੰਤੀਏ ? ਦਿਨ ਕਟੀ ਕਰੀ ਜਾਂਦੇ ਆਂ । ਬਹੁਤੀ yਲੰਘ ਗਈ,ਬਾਕੀ ਰਹਿੰਦੀ ਵੀ ਲੰਘ ਹੀ ਜਾਊ ਅੇਵੇਂ ਕਿਵੇਂ। ਪਰ ਸੋਚਦਾਂ ਅਸੀਂ ਇਸ ਘਰ ਲਈ ਕੀ ਨਹੀਂ ਕੀਤਾ? ਇਹ ਕਹੀ ਸਜ਼ਾ ਮਿਲੀ ਐ,ਨਹੀਂ ਸਾਨੂੰ ਦਿੱਤੀ ਜਾ ਰਹੀ ਐ, ਇਸ ਬੜ੍ਹਾਪੇ ਵਿਚ ਸਾਡੀ ਹੀ ਢਿੱਡੋਂ ਜੰਮੀ ਔਲਾਦ ਵੱਲੋਂ ? ਇਸ ਪਰਿਵਾਰੀ-ਬੂਟੇ ਂਨੂੰ ਖੂਨ-ਪਸੀਨਾ ਇੱਕ ਕਰਕੇ ਘਣੀ ਛਾਂ ਵਾਲਾ ਬਣਾਇਆ ਸੀ,ਇਸ ਦੀ ਛਾਵੇਂ ਬੈਠ ਕੇ ਛਾਂ ਮਾਣਨ ਲਈ ਤੇ ਮਿੱਠੇ ਫਲ ਖਾਣ ਲਈ। ਪਰ ਦੋਵੇਂ ਚੀਜ਼ਾਂ ਨਸੀਬ ਨਹੀਂ ਹੋਈਆਂ । ਕਿੱਥੇ ਕੋਈ ਅਣਗਿਹਲੀ ਹੋ ਗਈ ਜੋ ਇਹ ਹਾਲ ਐ ?” ਰਾਮ ਸਿੰਘ ਨੇ ਦਿਲ ਹੌਲਾ ਕਰਦੇ ਨੇ ਬੰਤੀ ਨੂੰ ਕਿਹਾ।

“ਝੂਰੋ ਨਾ । ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦੀ ਆਂ। ਕੱਲ੍ਹ ਹੀ ਸੁਣੀ ਐ। ਪਾਰਕ ਵਿਚ ਦਿਆਲੋ ਮਝੈਲਣ ਸੁਣਾਉਂਦੀ ਸੀ। ਉਨ੍ਹਾਂ ਦੇ ਗੁਆਂਡ ਖਡੂਰਸਾਹਿਬ ਇੱਕ ਬਹੁਤ ਹੀ ਬਿਰਧ ਸੱਤਰ-ਅੱਸੀ ਸਾਲ ਦੇ ਨੇੜੇ-ਤੇੜੇ ਮਾਈ ਰਹਿੰਦੀ ਸੀ। ਉਸ ਦੇ ਮੁੰਡੇ-ਕੁੜੀਆਂ ਸੱਭ ਚੰਗੇ ਕੰਮਾਂ-ਕਾਰਾਂ ਵਾਲੇ ਤੇ ਚੰਗੀਆਂ ਨੌਕਰੀਆਂ ਤੇ ਸਨ। ਪੋਤੇ-ਪੋਤੀਆਂ,ਦੋਹਤੇ-ਦੋਹਤੀਆਂ ਵਾਲੀ ਵੱਡੇ ਪਰਿਵਾਰ ਵਾਲੀ ਸੀ। ਸਾਰੇ ਜ਼ੋਰ ਲਾਉਂਦੇ ਸਨ ਕਿ ਸਾਡੇ ਕੋਲ ਚੱਲ,ਪਰ ਨਹੀਂ ਜਾਂਦੀ ਸੀ। ਉਸ ਨੇ ਕਹਿਣਾ, “ਅਜੇ ਮੇਰੇ ਨੈਣ-ਪਰਾਨ ਚੱਲਦੇ ਹਨ,ਮੈਂ ਇਨ੍ਹਾਂ ਦੇ ਆਸਰੇ ਕਿਉਂ ਜੀਵਾਂ ? ਹੁਣੇ ਤਾਂ ਮੇਰਾ ਆਪਣੀ ਪਸੰਦ ਦਾ ਖਾਣ-ਪੀਣ ਦਾ ਵੇਲਾ ਐ। ਅੱਗਾ ਸਵਾਰਣ ਦਾ ਵੀ ਹੁਣ ਹੀ ਸਮਾ ਹੈ । ਅਜਿਹਾ ਟੱਬਰ ਵਿਚ ਰਹਿ ਕੇ ਨਹੀਂ ਹੋ ਸਕਦਾ । ਸੋ ਸਾਰੇ ਬੱਚੇ ਉਸ ਦੇ ਖਾਣ-ਪੀਣ ਲਈ ਵਾਧੂ ਪੈਸੇ ਦੇ ਜਾਂਦੇ ਸੀ । ਉਹ ਆਪ ਹੀ ਮਨਮਰਜ਼ੀ ਦਾ ਖਾਂਦੀ-ਪੀਂਦੀ,ਪਾਠ ਕਰਦੀ ਤੇ ਹਾੜ੍ਹ-ਸਿਆਲ ਵਿਚ ਸਰੋਵਰ ਵਿਚ ਹੀ ਇਸ਼ਨਾਨ ਕਰਦੀ ਤੇ ਕਈ ਗੁਰੂ-ਘਰਾਂ ਵਿੱਚ ਮੱਥਾ ਟੇਕ ਕੇ ਆਉਂਦੀ । ਉਹ ਪੂਰੀ ਸੰਟੁਸ਼ਟ ਸੀ ਤੇ ਖੁਸ਼ ਸੀ । ਆਪਾਂ ਸਮਝੋ ਜਬਰੀ ਓਹੋ ਜਿਹੀ ਜੂੰਨ ਦੋਵੇਂ ਭੋਗ ਰਹੇ ਆਂ,ਉਹ ਤਾਂ ਹੈ ਵੀ ਇਕੱਲੀ ਵਿਧਵਾ ਸੀ । ਰਲ-ਮਿਲ ਇਸ ਨੂੰ ਜੀ ਹੀ ਲਵਾਂਗੇ ।” ਬੰਤੀ ਨੇ ਰੌਂ ਠੀਕ ਕਰਨ ਲਈ ਇਹ ਵਾਰਤਾ ਸੁਣਾਈ ।

“ਮਾਈ ਤਾਂ ਖੁਸ਼-ਕਿਸਮਤ ਸੀ ਬੱਚੇ ਉਕਰ ਤਾਂ ਕਰਦੇ ਸੀ। ਅਸੀਂ ਨਾਲੇ ਏਥੇ ਕੰਮ ਵੀ ਕਰਦੇ ਸੀ ਨਾਲੇ ਬੱਚੇ ਪਾਲਦੇ ਸੀ, ਪਰ ਭੋਰਾ ਕੁੱਤੇ ਜਿੰਨਾ ਵੀ ਸਤਿਕਾਰ-ਪਿਆਰ ਨਹੀਂ ਮਿਲਆ ਤੇ ਮੁੱਲ ਪਿਆ। ਜੇ ਓਲਡ-ਏਜ ਪੈਂਸ਼ਨਾਂ ਸਰਕਾਰ ਨੇ ਲਾਈਆਂ,ਤਾਂ ਜੀਹਨੂੰ ਦੇਈਏ ਉਹ ਹੀ ਰੱਖਣ ਨੂੰ ਤਿਆਰ ਸੀ ਤੇ ਬੜਾ ਹਸਾਨ ਜਤਾਉਂਦਾ ਸੀ। ਦੂਜਾ ਮੁੰਡਾ ਤੇ ਉਸ ਦਾ ਟੱਬਰ ਮਾਰਨ-ਖੂੰਡੀ ਗਾਂ ਵਾਂਗ ਦੇਖਦਾ ਸੀ ਤੇ ਬਲਾਉਣੋਂ ਵੀ ਹਟ ਜਾਂਦਾ ਸੀ । ਜਦੋਂ ਤੂੰ ਆਪਣੇ ਭਤੀਜੇ ਟੈਣੀ ਨੂੰ ਪੜ੍ਹਨ ਲਈ ਸਪਾਉਂਸਰ ਕਰਕੇ ਮੰਗਵਾ ਲਿਆ ਸੀ,ਤਾਂ ਡੋਕਲ ਮੱਝ ਵਾਂਗ ਲੱਤ ਮਾਰ ਕੇ ਘਰੋਂ ਹੀ ਕੱਢ ਦਿੱਤਾ,ਵਈ ਹੁਣ ਇਹ ਸਾਨੂੰ ਡੋਕੇ ਲਈ ਬੈਠੇ ਨੇ ।” ਰਾਮ ਸਿੰਘ ਨੇ ਬੰਤੀ ਨਾਲ ਹੋਰ ਦੁੱਖ ਫੋਲਿਆ । “ਕੱਲ੍ਹ ਪਾਰਕ ਵਿਚ ਸੁੱਚਾ ਸਿੰਘ ਆਪਣੀ ਰਾਮ-ਕਥਾ ਦੱਸ ਰਹਿਾ ਸੀ । ਏਥੇ ਬੱਚੇ ਕਿਸੇ ਤਰ੍ਹਾਂ ਵੀ ਖੁਸ਼ ਨਹੀਂ ਹੁੰਦੇ । ਹਾਰ ਕੇ ਪਿੰਡ ਮੁੜਨ ਦਾ ਪੱਕਾ ਮਨ ਬਣਾ ਲਿਆ ਹੈ । ਖੇਤਾਂ ਵਿਚ ਕੰਮ ਕਰਨਾ ਕਿਹੜਾ ਸੌਖਾ ? ਪਰ ਉਹ ਕਹਿੰਦੇ ਨੇ ਇੰਡੀਆ ਵੀ ਤਾਂ ਕਰਦੇ ਹੀ ਸੀ । ਓਥੇ ਠਾਠ ਨਾਲ ਸਰਦਾਰੀ ਕਰੀਦੀ ਸੀ । ਹੁਣ ਤਾਂ ਆਪ ਕੰਮ ਕਰਨ ਦੀ ਲੋੜ ਹੀ ਨਹੀਂ ਸੀ । ਸਾਰਾ ਕੰਮ ਭਈਏ ਕਰੀ ਜਾਂਦੇ ਹਨ । ਟਰੈਕਟਰ ਤੇ ਬਹਾ ਦੇਵੋ ਉਸ ਦੀਆਂ ਵੀ ਗੁਡੀਆਂ ਘੁਕਾਈਂ ਰੱਖਦੇ ਹਨ । ਅੱਗੇ ਜੱਟ ਸੁਹਾਗੇ ਤੇ ਮਾਨ ਨਹੀਂ ਹੁੰਦਾ ਸੀ ਤੇ ਭਈਏ ਟਰੈਕਟਰ ਤੇ ਆਪਣੇ ਆਪ ਨੂੰ ਲਾਲੂ ਪਰਸ਼ਾਦ ਯਾਦਵ ਹੀ ਸਮਝਦੇ ਹਨ । ਆਪ ਤਾਂ ਕਦੇ-ਕਦੇ ਬਾਹਰ ਗੇੜਾ ਮਾਰਨ ਦੀ ਹੀ ਲੋੜ ਹੈ । ਸਾਰਾ ਦਿਨ ਗੱਪਾਂ ਮਾਰੀਦੀਆਂ ਸਨ ਜਾਂ ਤਾਸ਼ ਖੇਡ ਲਈਦੀ ਸੀ । ਏਥੇ ਆ ਕੇ ਤਾਂ ਰੁਲ ਹੀ ਗਏ ਹਾਂ । ਪੰਜਾਬ ਵਾਲੀਆਂ ਮੌਜਾਂ ਨੂੰ ਤਰਸ ਹੀ ਗਿਆ ਹਾਂ । ਸਿਆਲ ਨੇ ਅੱਡ ਅੰਦਰ ਵਾੜ-ਵਾੜ ਗੋਡੇ ਖੜਾ੍ਹ ਦਿੱਤੇ ਹਨ । ਲੱਤਾਂ-ਗੋਡਿਆਂ ਦੀਆਂ ਪੀੜਾਂ ਨੇ ਤੁਰਨੋਂ ਵੀ ਹਟਾ ਦੇਣਾ ਜੇ ਹੋਰ ਏਥੇ ਰਹੇ । ਓਥੇ ਆਥਣੇ ਪੀਣ ਦਾ ਵੀ ਜੁਗਾੜ ਕਰ ਲਈ ਦਾ ਸੀ । ਏਥੇ ਪਾਰਟੀ ਵਿਚ ਭਾਵੇਂ ਘੁੱਟ ਡਰਦੇ-ਡਰਦੇ ਪੀ ਲਈਏ। ਸੋਚੀਦਾ ਮੁੰਡੇ ਤੇ ਉਸ ਦੇ ਦੋਸਤ ਅਤੇ ਰਿਸ਼ਤੇਦਾਰ ਕਹਿਣਗੇ ਅਜੇ ਬਾਪੂ ਦਾ ਪੀਣ ਦਾ ਕੋਟਾ ਪੰਜਾਬ ਵਿਚ ਪੂਰਾ ਨਹੀਂ ਹੋਇਆ ਸੀ ? ਅਜੇ ਵੀ ਡੱਫੀ ਜਾਂਦਾ,ਸ਼ਇਦ ਨਾ ਹੀ ਸੋਚਦੇ ਹੋਣ ਪਰ ਆਪ ਨੂੰ ਹੀ ਸੋਚਣਾ ਬਣਦਾ ਹੈ ।”

ਉਸ ਦੀਆਂ ਗੱਲਾਂ ਨੇ ਜੀ ਤਾਂ ਮੇਰਾ ਵੀ ਕਰਨ ਲਾ ਦਿੱਤਾ ਹੈ ਕਿ ਕਿਉਂ ਏਥੇ ਨਰਕ ਵਿਚ ਫਸੇ ਹੋਏ ਹਾਂ,ਵਾਪਸ ਮੁੜ ਜਾਈਏ ।” ਰਾਮ ਸਿੰਘ ਨੇ ਬੰਤੀ ਨੂੰ ਸੁਝਾ ਦਿੱਤਾ ।

“ਪਾਧਾ ਨਾ ਪੁੱਛ। ਚਲੋ ਚੱਲੀਏ, ਮੈਂ ਤਾਂ ਆਪ ਏਥੇ ਪੂਰੀ ਦੁਖੀ ਹਾਂ।” ਬੰਤੀ ਹੁਲਾਸ ਵਿਚ ਚਹਿਕੀ।

“ਕਿਵੇਂ ਜਾਈਏ? ਜਿਹੜੇ ਚਾਰ ਸਿਆੜ ਸੀ ਉਹ ਵੇਚ ਕੇ ਜੱਗੇ ਨੂੰ ਏਧਰ ਮੰਗਵਾ ਲਿਆ ਸੀ। ਘਰ ਦੀਆਂ ਵੀ ਹੁਣ ਕੜੀਆਂ-ਬਾਲੇ ਚਕੂਂਦਰਾਂ ਵਾਂਗ ਲਟਕਦੇ ਹੋਣਗੇ। ਇੱਕ ਤੂੰ ਭਤੀਜੇ ਦੀ ਫਾਹੀ ਗਲ ਪਾ ਲਈ ਐ। ਅੱਗੇ ਮੁੰਡਿਆਂ ਨੇ ਜਿਹੜੇ ਅੰਬ ਖੁਆ ਤੇ ਉਹੋ ਜਿਹੇ ਸੇਬ-ਅੰਗੂਰ ਇਹ ਦੇ ਦੂ ਖਾਣ ਨੂੰ । ਇਹ ਕਿਹੜਾ ਉਨ੍ਹਾਂ ਤੋਂ ਘੱਟ ਹੋਊ ? ਸਗੋਂ ਚਾਰ ਕਦਮਾਂ ਅੱਗੇ ਹੀ ਹੋਊ। ਏਥੇ ਦਾ ਪਾਉਣ-ਪਾਣੀ ਤੇ ਸੰਗਤ ਨਹੀਂ ਛੱਡਦੀ ਅਪਣੱਤ । ਸੱਭ ਸਾਕ ਗੌਂ ਭੁਣਾਵੇ ਜੌਂ ਵਾਲੇ ਹੀ ਹਨ। ਕੰਮ ਕੱਢਿਆ ਤੇ ਮੈਂ ਕੌਣ ਤੇ ਤੂੰ ਕੌਣ ਹੋ ਜਾਂਦੇ ਹਨ । ਮੋਮੋਂ-ਠੱਗਣੀਆਂ ਇਹ ਹੁਣੇ ਮਾਰਦਾ,ਫੇਰ ਦੇਖੀਂ ਕੀ ਚੰਦ ਚਾੜ੍ਹਦਾ? ਮੈਨੂੰ ਤਾਂ ਲੱਗਦਾ ਇਹਦਾ ਵੀ ਕੋਈ ਪਿਛਲੇ ਜਨਮ ਦਾ ਹੀ ਲੈਣ-ਦੇਣ ਦਾ ਸੰਬੰਧ ਜਾਪਦਾ,ਆਪਾਂ ਨੂੰ ਪੂਰਾ ਕਰਨਾ ਪੈ ਰਿਹਾ।” ਰਾਮ ਸਿੰਘ ਨੇ ਲੰਮਾ ਹੌਕਾ ਲੈਂਦਿਆਂ ਕਿਹਾ।

“ਤੂੰ ਤਾਂ ਐਵੇਂ ਢੇਰੀ ਢਾਈ ਜਾਨੈਂ ਆਦਮੀ ਹੋ ਕੇ। ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਮੇਰਾ ਭਤੀਜਾ ਟੈਣੀ ਨਹੀਂ ਉਨ੍ਹਾਂ ਨਲੈਕਾਂ ਵਰਗਾ। ਮੇਰੀਆਂ ਤਾਂ ਹੁਣ ਸਾਰੀਆਂ ਆਸਾਂ ਏਸੇ ਤੇ ਨੇ। ਇਹ ਆਪਣੀ ਪੂਰੀ ਸੇਵਾ ਕਰੂ ਤੇ ਸਵਰਗ ਦੇ ਹੂਟੇ ਦੇਊ। ਤੂੰ ਦੇਖਦਾ ਨਹੀਂ ਕਿਵੇਂ ਆਪਣਾ ਸਾਰਾ ਕੰਮ ਆਪ ਕਰਦਾ ਤੇ ਮੇਰੇ ਨਾਲ ਵੀ ਸਫਾਈ ਤੇ ਲਾਂਡਰੀ ਵਿਚ ਵੀ ਮਦਦ ਕਰਦਾ ਹੈ । ਭੁਆ ਜੀ-ਭੁਆ ਜੀ ਕਰਦਾ ਥੱਕਦਾ ਨਹੀਂ।”ਬੰਤੀ ਟੈਣੀ ਦੀਆਂ ਸਿਫਤਾਂ ਕਰਨ ਲੱਗੀ ਜਿਵੇਂ ਸਿਫਤਾਂ ਦੇ ਆਸਰੇ ਹੀ ਸੱਭ ਸੁੱਖ ਮਿਲ ਜਾਣੇ ਨੇ।

“ਚੰਗਾ ਜਾ ਹੁਣ ਕੋਈ ਆਰ੍ਹੇ ਲੱਗ ,ਫੋਕੇ ਝੂਟੇ ਈ ਨਾ ਲਈ ਜਾ। ਨਸੀਬ ਖਬਰਾ ਹੌਣੇ ਐ ਕਿ ਨਹੀਂ ? ਹਾਂ ਸੁਪਣੇ ਲੈਣ ਦਾ ਕਿਹੜਾ ਮੁਲ ਲੱਗਦਾ।” ਬੰਤੀ ਨੂੰ ਭੇਜ ਕੇ ਆਪ ਰਾਮ ਸਿੰਘ ਫੇਰ ਝੋਰਾ ਕਰਦਾ ਵਿਹਣਾਂ ਵਿਚ ਬਿਹ ਗਿਆ। ” ਕਿਵੈਂ ਬਿਨਾ ਕਹੇ ਹੀ ਖੇਤਾਂ ਵਿਚ ਕੰਮ ਕਰਕੇ ਇਨ੍ਹਾਂ ਲਈ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਸੀ। ਚੈਕੱ ਮਿੰਟੂ ਤੇ ਉਸ ਦੀ ਬਹੂ ਜੱਸੀ ਨੂੰ ਦੇ ਦੇਣਾ। ਪਰ ਬੰਤੀ ਦੇ ਢਿੱਲੀ-ਮੱਠੀ ਹੋਈ ਤੇ ਕਦੇ ਜੇ ਜੱਸੀ ਨੂੰ ਮੇਰੇ ਲਈ ਲੰਚ ਬਣਾ ਕੇ ਦੇਣਾ ਪੈ ਜਾਣਾ ਤਾਂ ਉਸ ਦੇ ਸਿਰ ਸੌ ਘੜ੍ਹਾ ਪਾਣੀ ਦਾ ਪੈ ਜਾਣਾ। ਤਾਜ਼ੀ ਕੁੜਕ ਹੋਈ ਮੁਰਗੀ ਵਾਂਗ ਕੁੜ-ਕੁੜ ਕਰਦੀ ਨੇ ਸਾਰਾ ਘਰ ਸਿਰ ਤੇ ਚੱਕਿਆ ਹੋਣਾ। ਬੋਲੀ ਜਾਣਾ, “ਪਹਿਲਾਂ ਇਹਦਾ[ਸੱਸ]ਦਾ ਸਿਆਪਾ ਕਰਾਂ,ਫੇਰ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਤੋਰਦੀ ਹਾਂ । ਇਹ ਬੁੜ੍ਹੇ ਤੋਂ ਚੰਗੇ ਭਲੇ ਤੋਂ ਫਰਿੱਜ ਵਿਚੋਂ ਆਪਣੇ ਲਈ ਲਿਜਾਣ ਲਈ ਖਾਣ-ਪੀਨ ਨੂੰ ਝੋਲੇ ਵਿੱਚ ਪਾ ਕੇ ਨਹੀਂ ਲਿਜਾ ਹੁੰਦਾ,ਜਿਵੇਂ ਹੱਥ ਟੁੱਟੇ ਹੋਏ ਹੋਣ। ਉਹ ਵੀ ਮੈਂ ਹੀ ਇਸ ਨੂੰ ਫੂਕਾਂ। ਆਹ ਬੁੜ੍ਹੀ ਐ,ਮਾੜ੍ਹਾ ਜਿਹਾ ਸਿਰ ਨੂੰ ਪਤਾ ਨਹੀਂ ਕੁੱਝ ਹੁੰਦਾ ਵੀ ਐ ਕਿ ਨਹੀਂ,ਬੱਸ ਬੈਡੱ ਮੱਲ ਕੇ ਪਈ ਰਹੂ। ਐਂ ਨਹੀਂ ਵਈ ਟੈਲਾਨੌਲ ਦੀ ਗੋਲੀ ਖਾਵੇ ਤੇ ਬੁੜ੍ਹੇ ਨੂੰ ਤਾਂ ਅੱਗ ਲਾ ਦੇਵੇ ਅਤੇ ਆਪ ਝੁਲਸ ਲਵੇ ਜੋ ਜੀ ਕਰਦਾ।”ਰਾਮ ਸਿੰਘ ਨੇ ਬੰਤੀ ਨਾਲ ਦਿਲ ਫਰੋਲਦੇ ਨੇ ਹਿਰਖ ਕੀਤਾ।

“ਤੂੰ ਤਾਂ ਸਵੇਰੇ ਕੰਮ ਤੇ ਚਲਾ ਜਾਂਦਾ ਸੀ ਪਰ ਮੈਂ ਤਾਂ ਘਰ ਜੋਗੀ ਹੀ ਸੀ। ਘਰ ਦਾ ਸਾਰਾ ਰੋਟੀ-ਪਾਣੀ ਦਾ ਵੀ ਕਰਦੀ ਸੀ, ਸਾਰੇ ਭਾਂਡੇ ਧੋਣੇ ਤੇ ਘਰ ਦੀ ਸਫਾਈ ਕਰਦੀ ਸੀ । ਨੈਣ-ਪਰਾਨ ਚਲਦੇ ਸੀ ਤੇ ਕੰਮ ਕਰਨ ਦਾ ਕੋਈ ਡਰ ਵੀ ਨਹੀਂ ਹੁੰਦਾ । ਬੱਚੇ ਵੀ ਮੈਂ ਤਿਆਰ ਕਰਕੇ ਸਕੂਲ ਤੋਰਦੀ ਸੀ । ਰਾਣੀ ਜੀ ਨੂੰ ਵੀ ਕੰਮ ਤੇ ਜਾਣ ਲਈ ਸੱਭ ਕੁੱਝ ਮੈਂ ਹੀ ਬਣਾ ਕੇ ਦਿੰਦੀ ਸੀ । ਇਹ ਤੋਂ ਤਾਂ ਜਾਣ ਤੱਕ ਆਪਣਾ ਹਾਰ-ਸ਼ੰਗਾਰ ਮਸਾਂ ਹੁੰਦਾ ਸੀ । ਕੰਮ ਤੋਂ ਮੁੜ ਕੇ ਤਾਂ ਹਾਏ-ਹਾਏ ਹੀ ਹੁੰਦੀ ਸੁਣੀ ਦੀ ਸੀ, ਮਜਾਲ ਐ ਕਿਸੇ ਕੰਮ ਨੂੰ ਹੱਥ ਵੀ ਲਾ ਜਾਵੇ । ਚਲੋ ਕੰਮ ਨਾਲ ਬੰਦਾ ਮਰਦਾ ਨਹੀਂ । ਪਰ ਜੇ ਕੰਮ ਕੀਤੇ ਦਾ ਕੋਈ ਮੁੱਲ ਵੀ ਨਾ ਪਾਵੇ ਤੇ ਸਿੱਧੇ ਮੂੰਹ ਪਿਆਰ-ਸਤਿਕਾਰ ਨਾਲ ਬੁਲਾਵੇ ਵੀ ਨਾ ਤਾਂ ਰੂਹ ਪੱਛੀ ਜਾਂਦੀ ਹੈ । ਜੇ ਦੋ ਘੜੀ ਪਿਆਰ ਨਾਲ ਬੋਲੇ ਤਾਂ ਸਾਰਾ ਥਕੇਵਾਂ ਦੂਰ ਹੋ ਜਾਂਦਾ ਹੈ । ਪਰ ਇਹ ਵੀ ਨਸੀਬ ਨਹੀਂ ਸੀ ਹੁੰਦਾ । ਹੁਣ ਮਸਾਂ ਸੁੱਖ ਦਾ ਸਾਹ ਲਿਆ ਹੈ ।” ਬੰਤੀ ਨੇ ਆਪਣਾ ਰੋਣਾ ਰੋਇਆ ਤੇ ਹੌਲੀ ਹੋ ਕੇ ਕੰਮ ਜਾ ਲੱਗੀ ।

“ਜੱਗੇ ਤੇ ਆਸਾਂ ਸੀ,ਖਬਰੇ ਆ ਕੇ ਸੁੱਖ ਦੇਵੇਗਾ ਪਰ ਉਸ ਤੋਂ ਤਾਂ ਆਪਣੀ ਕਬੀਲਦਾਰੀ ਚਲਾਉਣੀ ਹੀ ਔਖੀ ਸੀ। ਪਹਿਲਾਂ ਪੱਕਾ ਹੋਣ ਨੂੰ ਬਹੁਤ ਸਮਾਂ ਲੱਗ ਗਿਆ। ਬੱਚੇ ਆਏ ਤਾਂ ਉਨ੍ਹਾਂ ਨੂੰ ਪੜ੍ਹਾਉਣਾ ਤੇ ਸੈਟੱ ਹੁੰਦੇ ਨੂੰ ਜੁੱਗ ਬੀਤ ਗਿਆ । ਕੱਠ ਵੀ ਨਾ ਨਿਭਆ । ਛੋਟੀ ਜੱਸੀ ਤਿੱਖੀ ਸੀ,ਸਮਝਦੀ ਸੀ ਕਿ ਇਕੱਠੇ ਰਹੇ ਤਾਂ ਉਸ ਨੂੰ ਹੀ ਘਾਟਾ ਸਿਹਣਾ ਪਵੇਗਾ ਜੇਠ ਦੀ ਮਦਦ ਕਰਨ ਨਾਲ। ਇੱਟ-ਖੜਿੱਕਾ ਸ਼ੁਰੂ ਕਰ ਦਿੱਤਾ ਸਾਹ ਜੱਗੇ ਨੂੰ ਘਰੋਂ ਭਜਾ ਕੇ ਹੀ ਲਿਆ । ਇਹ ਜੱਗੇ ਨੂੰ ਭਾਵੇਂ ਚੰਗਾ ਵੀ ਸਿੱਧ ਹੋਇਆ ਸੀ । ਉਹ ਵੱਧ ਮਿਹਨਤ ਕਰਕੇ ਛੇਤੀ ਆਪਣੇ ਪੈਰੀਂ ਹੋ ਗਿਆ ਸੀ । ਏਧਰ ਮਸਾਂ ਰੱਬ-ਰੱਬ ਕਰਕੇ ਪੈਂਸ਼ਨਾਂ ਲੱਗੀਆਂ ਪਰ ਸੇਹ ਦਾ ਤੱਕਲਾ ਹੀ ਸਿੱਧ ਹੋਈਆਂ। ਸੋਚਿਆ ਤਾਂ ਇਹ ਸੀ ਕਿ ਹੁਣ ਕੰਮ ਤੋਂ ਖਹਿੜਾ ਛੁੱਟ ਗਿਆ ਤੇ ਹਰ ਸਾਲ ਛੇ ਮਹੀਨੇ ਠੰਡ ਦੇ ਪੰਜਾਬ ਵਿਚ ਘਰ ਦੀ ਮਰੱਮਤ ਕਰਵਾ ਕੇ ਕੱਟ ਕੇ ਆਇਆ ਕਰਾਂਗੇ। ਪਰ ਪੈਂਸ਼ਨਾਂ ਦੇ ਚੈਕੱ ਤਾਂ ਦੇਖਣੇ ਹੀ ਨਸੀਬ ਨਾ ਹੁੰਦੇ। ਚਾਰ ਡਾਲਰਾਂ ਨੂੰ ਤਰਸਦੇ ਹੀ ਰਹੇ। ਜੱਗਾ ਹੁਣ ਪੈਂਸ਼ਨਾ ਕਰਕੇ ਆਪਣੇ ਨਾਲ ਰੱਖਣ ਨੂੰ ਕਾਹਲਾ ਪੈ ਗਿਆ ਸੀ। ਕਹੇ ਬਾਪੂ,ਮਿੰਟੂ ਵੱਲ ਤੁਸੀਂ ਬਹੁਤ ਰਹਿ ਲਏ ਹੁਣ ਸਾਨੂੰ ਸੇਵਾ ਦਾ ਮੌਕਾ ਦੇਵੋ। ਵੱਡੀ ਨੂੰਹ ਵੀ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਮਾਰਿਆ ਕਰੇ ਵੀਕ-ਐਂਡ ਤੇ ਘਰ ਲਿਜਾ ਕੇ। ਤੁਸੀਂ ਬਹੁਤ ਕੰਮ ਕੀਤਾ ਹੁਣ ਸਾਡੇ ਕੋਲ ਰਹਿ ਕੇ ਸੁਖ ਲਵੋ। ਸਮਝਦੇ ਵਿਚੋਂ ਅਸੀਂ ਵੀ ਸੀ । ਜੱਸੀ ਨੇ ਵੀ ਬਥੇਰੇ ਪਾਪੜ ਵੇਲੇ ਸੀ। ਡਾਲਰਾਂ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਤੋਂ ਨਿਖੱੜਨ ਨੂੰ ਉਸ ਦਾ ਵੀ ਜੀ ਨਹੀਂ ਕਰਦਾ ਸੀ। ਜੱਗੇ ਨੂੰ ਕਿਹੇ ਏਥੇ ਇਹ ਮੌਜਾਂ ਲੁੱਟਦੇ ਨੇ ਵੁੱਲੇ ਵੱਡਦੇ ਨੇ,ਪੂਰਾ ਸੁਖ ਲਿਆ । ਵੀਕ-ਖੰਡ ਤੁਹਾਡੇ ਕੋਲ ਵੀ ਰਹਿ ਆਇਆ ਕਰਨਗੇ । ਸੇਵਾ ਕਰਨ ਦਾ ਤਾਂ ਸਾਡਾ ਹੀ ਹੱਕ ਬਣਦਾ,ਸਾਨੂੰ ਇਨ੍ਹਾਂ ਬਹੁਤ ਸੁਖ ਦਿੱਤਾ । ਹੁਣ ਇਨ੍ਹਾਂ ਨੂੰ ਸੁਖ ਦੇਣ ਦੀ ਸਾਡੀ ਜੁਮੇਵਾਰੀ ਹੀ ਬਣਦੀ ਹੈ। ਪਰ ਅਸੀਂ ਉਨ੍ਹਾਂ ਦਾ ਦਿੱਤਾ ਸੁਖ ਦਾ ਸੁਆਦ ਦੇਖ ਚੁੱਕੇ ਸੀ। ਸੋ ਅਸੀਂ ਜੱਗੇ ਵਲ ਆ ਗਏ ਸੀ,ਕੁੱਝ ਸੌਖੇ ਵੀ ਹੋ ਗਏ ਸਾਂ। ਛੇ ਮਹੀਨੇ ਇੰਡੀਆ ਵੀ ਲਾ ਆਏ ਸਾਂ,ਓਥੇ ਰਹਿ ਕੇ ਮਨ ਪੂਰਾ ਖੁਸ਼ ਹੋ ਗਿਆ ਸੀ।”

“ਤੀਮੀਆਂ ਨੂੰ ਪੇਕਿਆਂ ਨਾਲ ਵੱਧ ਹੀ ਮੋਹ ਹੁੰਦਾ। ਭਰਝਾਈ ਮੀਤੋ ਨੇ ਟੈਣੀ ਨੂੰ ਕਨੇਡਾ ਸੱਦ ਲੈਣ ਦਾ ਸਵਾਲ ਪਾਇਆ ਤਾਂ ਬੰਤੀ ਨੂੰ ਪਤਾ ਨਹੀਂ ਕਿਹੜੀਆਂ ਮੋਹ-ਤੰਦਾਂ ਨੇ ਫਾਹ ਲਿਆ ਝੱਟ ਹਾਂ ਕਰ ਦਿੱਤੀ। ਮੈਂ ਤਾਂ ਵਥੇਰਾ ਟਾਲਾ ਲਾਇਆ ਪਰ ਇਸ ਨੂੰ ਪੇਕੇ ਘਰ ਦੀ ਸੇਵਾ ਕਰਨ ਦਾ ਮਸਾਂ ਮੌਕਾ ਹੱਥ ਆਇਆ ਸੀ । ਮੈ ਬਹੁਤ ਸਮਝਾਇਆ ਸੀ ਨਾ ਇਸ ਉਮਰ ਵਿਚ ਇਸ ਪੁਆੜੇ ਵਿਚ ਪੈ। ਬੱਚੇ ਦੀ ਬਹੁਤ ਜੁਮੇਵਾਰੀ ਹੁੰਦੀ ਐ। ਬੰਤੀ ਨੇ ਇੱਕ ਨਾ ਮੰਨੀ ਤੇ ਟੈਣੀ ਨੂੰ ਪੜ੍ਹਾਉਣ ਲਈ ਸੱਦ ਲਿਆ ਸੀ। ਮੁੰਡੇ ਦੇ ਆਉਣ ਤੇ ਵੱਡੀ ਨੂੰਹ ਸਵੀਟੀ ਨੇ ਕਲੇਸ਼ ਕਰਨਾ ਅਰੰਭ ਦਿੱਤਾ। ਕਿਹੇ ਬੀਬੀ ਨੇ ਆਹ ਕੀ ਪੰਗਾ ਲੈ ਲਿਆ,ਘਰ ਵਿਚ ਤਾਂ ਅੱਗੇ ਹੀ ਵਾਧੂ ਥਾਂ ਨਹੀਂ। ਬੱਚੇ ਵੱਡੇ ਹੋ ਗਏ ਹਨ,ਉਨ੍ਹਾਂ ਨੂੰ ਵੱਖਰੇ ਕਮਰੇ ਚਾਹੀਦੇ ਹਨ । ਐਂ ਕਰਦੇ ਹਾਂ ਕਰਾਏ-ਦਾਰ ਤੋਂ ਬੇਸਮੈਂਟ ਖਾਲੀ ਕਰਵਾ ਲੈਂਦੇ ਹਾਂ,ਤੁਸੀਂ ਮੁੰਡੇ ਨਾਲ ਉਸ ਵਿਚ ਰਹੀ ਜਾਇਓ ਤੇ ਓਨਾ ਕਰਾਇਆ ਸਾਨੂੰ ਦੇਈ ਜਾਣਾ ਤੇ ਆਪਣਾ ਖਾਇਓ ਪਕਾਓ। ਅਸੀਂ ਸਮਝ ਗਏ ਸੀ ਬਹੂ ਦਾ ਇਸ਼ਾਰਾ।” ਫੁੱਫੜ ਜੀ ਉਠੋ ਰੋਟੀ ਖਾ ਲਵੋ,ਆ ਜੋ ਪਾਈ ਪਈ ਐ। ਅੱਖਾਂ ਮਲਦਾ ਸੋਚਾਂ ਦੀ ਦੁਨੀਆਂ ਚੋਂ ਅਸਲੀ ਦੁਨੀਆਂ ਵਿੱਚ ਪਰਤ ਆਇਆ ਸੀ।

ਰੋਟੀ ਖਾ ਕੇ ਰਾਮ ਸਿੰਘ ਪਾਰਕ ਵਿੱਚ ਘੁਮਣ ਚਲਾ ਗਿਆ । ਬੰਤੀ ਰੋਟੀ-ਟੁੱਕ ਤੇ ਸਫਾਈ ਤੋਂ ਵਿਹਲੀ ਹੋ ਕੇ ਬੈਡ ਤੇ ਕੁੱਝ ਰਮਾਨ ਕਰਨ ਲਈ ਟੇਢੀ ਹੋ ਗਈ। ਉਹ ਵੀ ਅੱਧ-ਸੁੱਤੀ ਜਿਹੀ ਇੰਡੀਆ ਆਪਣੇ ਪਿੰਡ ਜਾ ਪਹੁੰਚੀ । ਉਨ੍ਹਾਂ ਦੇ ਵਿਹੜੇ ਵਿਚ ਕਿਵੇਂ ਆਂਡ-ਗੁਆਂਢ ਦੀਆਂ ਤੀਮੀਆਂ ਦਾ ਮੇਲਾ ਲੱਗਾ ਰਹਿੰਦਾ । ਕੁੜੀਆਂ-ਬਹੂਆਂ ਨੇ ਗੱਲਾਂ ਦੀ ਛਿਹਬਰ ਲਾਈ ਹੁੰਦੀ ਸੀ, ਹਾਸੇ ਦੇ ਫੁਹਾਰੇ ਚੱਲਦੇ ਹੁੰਦੇ ਸੀ। ਇੱਕ ਦੂਜੀ ਦੀ ਗੱਲ ਭੁੰਜੇ ਨਹੀਂ ਸੀ ਡਿੱਗਣ ਦਿੰਦੀਆਂ । ਪਿੰਡ ਦੀਆਂ ਚੰਗੀਆਂ-ਮੰਦੀਆਂ ਗੱਲਾਂ ਦੱਸਦੀਆਂ,ਲੋਕਾਂ ਦੇ ਪਹਿਣਨ ਖਾਣ ਪਰਖੇ ਜਾਂਦੇ । ਨੂੰਹਾਂ-ਧਅਿਾਂ ਵੀ ਛੱਟੀਆਂ ਤੇ ਸਲਾਹੀਆਂ ਜਾਂਦੀਆਂ । ਪਰ ਇਹ ਕੁੱਝ ਨੂੰ ਬੰਤੀ ਏਥੇ ਤਰਸਦੀ ਹੀ ਰਹਿੰਦੀ । ਅੱਧਾ ਸਾਲ ਤਾਂ ਅੰਦਰ ਕੈਦ ਹੀ ਰਹਿਣਾ ਪੈਂਦਾ ਹੈ । ਟੈਣੀ ਨੇ ਬੈਲ ਕਰਕੇ ਬੰਤੀ ਂਨੂੰ ਇਸ ਸਵਰਗੀ ਦੁਨੀਆਂ ਚੋਂ ਬੇਸਮੈਂਟ ਵਿਚ ਲੈ ਆਂਦਾ । ਟੈਣੀ ਮੁੜ ਬਾਹਰ ਨੂੰ ਜਾਣ ਲੱਗਾ ਤਾਂ ਕਿਹਣ ਲੱਗੀ, “ਟੈਣੀ,ਤੇਰਾ ਫੁਫੜ ਮੈਨੂੰ ਗੁੱਸੇ ਹੁੰਦਾ ਸੀ । ਤੂੰ ਕਦੇ ਘਰ ਹੀ ਨਹੀਂ ਵੜਦਾ । ਰਾਤ ਨੂੰ ਵੀ ਬਹੁਤ ਦੇਰ ਨਾਲ ਘਰ ਮੁੜਦਾ ਐਂ । ਹੋਰ ਕਹਿੰਦਾ ਸੀ ਉਸ ਤੋਂ ਵੱਧ-ਘੱਟ ਕਹਿ ਹੋ ਜੂ,ਮੈਂ ਹੀ ਸਮਝਾਵਾਂ । ਦੱਬ ਕੇ ਪੜ੍ਹੇ । ਤੂੰ ਆਪਣੀ ਪੜ੍ਹਾਈ ਪੂਰੀ ਕਰ ਲੈ । ਫੇਰ ਏਥੇ ਦਾ ਪੱਕਾ ਵੀਜ਼ਾ ਲੈ ਕੇ ਮੀਤੋ ਹੋਰੀਂ ਸਾਰੇ ਏਥੇ ਆ ਜਾਣਗੇ । ਐਵੇਂ ਬਾਹਰ ਮੁੰਡਿਆਂ ਨਾਲ ਹੀ ਨਾ ਘੁਮਦਾ ਰਿਹਾ ਕਰ ।”

“ਭੁਆ ਜੀ,ਤੁਸੀਂ ਮੇਰਾ ਭੋਰਾ ਫਿਕਰ ਨਾ ਕਰੋ। ਮੈਨੂੰ ਤੁਹਾਡੇ ਨਾਲੋਂ ਬਹੁਤਾ ਫਿਕਰ ਐ, ਮੈਂ ਕੀ ਕਰਨਾ ? ਮੁੰਡਿਆਂ ਨਾਲ ਬੈਠ-ਉਠ ਕੇ ਤਾਂ ਕੈਨੇਦਾ ਬਾਰੇ ਪਤਾ ਲੱਗਦਾ ਹੈ। ਇੱਕ ਦੂਜੇ ਤੋਂ ਸਿੱਖੀਦਾ ਹੈ ਕਿਵੇਂ ਏਥੈ ਸੈੱਟ ਹੋਣਾ। ਕਿਵੇਂ ਚੰਗੀ ਕਮਾਈ ਕਰੀਦੀ ਐ।” ਟੈਣੀ ਨੇ ਭੁਆ ਦੀ ਪੂਰੀ ਤਸੱਲੀ ਕਰਵਾ ਦਿੱਤੀ ।

ਰਾਮ ਸਿੰਘ ਪਾਰਕ ਵਿਚ ਤਾਸ਼ ਖੇਡਦਾ ਤੇ ਨਵੀਆਂ ਤਾਜ਼ੀਆਂ ਸੁਨਣ ਚਲਾ ਗਿਆ। ਅੱਜ ਸਵਰਨ ਸਿੰਘ ਨੇ ਦੱਸਿਆ, “ਵਈ ਹੁਣ ਤਾਂ ਆਪਣੇ ਮੁੰਡੇ ਵੀ ਗੋਰਿਆਂ ਤੇ ਕਾਲਿਆਂ ਮੁੰਡਿਆਂ ਦੀ ਹਰ ਕਿਸਮ ਦੀ ਰੀਸ ਕਰਨ ਲੱਗ ਗਏ ਹਨ । ਬਹੁਤਿਆਂ ਦਾ ਪੜ੍ਹਨ ਵੱਲ ਖਿਆਲ ਘੱਟ ਹੀ ਜਾਪਦਾ । ਛੇਤੀ ਅਮੀਰ ਬਣਨ ਲਈ ਕਾਹਲੇ ਹਨ । ਗੈਂਗਾਂ ਵਿਚ ਰਲਣ ਦੀ ਰੁਚੀ ਵੱਧਦੀ ਲੱਗਦੀ ਐ, ਕਿਤੇ ਇਨ੍ਹਾਂ ਟੋਲਿਆਂ ਵਿਚ ਰਲ ਕੇ ਡਰੱਗ ਖਾਣ ਤੇ ਵੇਚਣ ਹੀ ਨਾ ਲੱਗ ਜਾਣ । ਚਿੰਤਾ ਵਾਲੀ ਗੱਲ ਹੀ ਹੈ। ਬੀ-ਸੀ ਵਿੱਚ ਤਾਂ ਕੋਈ ਪੰਜਾਹ-ਸੱਠ ਮੁੰਡੇ ਅਜਿਹੇ ਧੰਦੇ ਵਿੱਚ ਮਾਰੇ ਵੀ ਗਏ ਹਨ।”

ਪੂਰਨ ਸਿੰਘ ਨੇ ਗੱਲ ਨੂੰ ਫੜਦਿਆਂ ਕਿਹਾ, “ਤੂੰ ਕਹਿਨਾਂ ਲੱਗ ਨਾ ਜਾਣ,ਮੈਨੂੰ ਲੱਗਦਾ ਇਹ ਮੋਹਰੀ ਨਾ ਹੋ ਜਾਣ। ਅਖਬਾਰਾਂ ਵਿੱਚ ਆਮ ਹੀ ਖਬਰਾਂ ਆਉਣ ਲੱਗੀਆਂ ਕਿ ਪੰਜਾਬੀ ਟਰੱਕਾਂ ਵਿੱਚ ਕੁਕੀਨ ਤੇ ਚਰਸ ਫੜੀ ਗਈ ਐ। ਸੁੱਖਾ[ਮਾਰਜਵਾਨਾ] ਜਿਹੜਾ ਆਪਣੇ ਤਾਂ ਅਮ੍ਰੀਕਨ-ਬੂਟੀ ਵਾਂਗ ਹੀ ਖੜਾ ਹੁੰਦਾ,ਉਹ ਵੀ ਫੜਿਆ ਜਾਂਦਾ। ਏਥੇ ਸੁੱਖਾ ਬੀਜਨਾ ਤੇ ਕੋਲ ਹੋਣਾ ਜੁਰਮ ਐ।”

“ਮੈਂ ਤਾਂ ਸੁਣਿਆ ਇਸ ਨੂੰ ਘਰਾਂ ਵਿੱਚ ਖਾਸ ਕਰਕੇ ਬੇਸਮੈਂਟਾਂ ਵਿੱਚ ਹੀ ਬੀਜ ਲੈਂਦੇ ਹਨ। ਖਾਸ ਜੰਤਰਾਂ ਨਾਲ ਖਾਦ ਤੇ ਕੈਮੀਕਲ ਪਾ ਕੇ ਬਹੁਤ ਜਲਦੀ ਬੂਟੇ ਵੱਡੇ ਕਰ ਲੈਂਦੇ ਹਨ। ਬਿਜਲੀ ਦੀ ਵੀ ਚੋਰੀ ਕਰਦੇ ਹਨ। ਇੱਕ ਬੂਟੇ ਦਾ ਮੁੱਲ ਇੱਕ ਹਜ਼ਾਰ ਡਾਲਰ ਵੱਟਦੇ ਹਨ।” ਭਾਗ ਸਿੰਘ ਨੇ ਆਪਣਾ ਗਿਆਨ ਸਾਂਝਾ ਕੀਤਾ।

ਜੁਗਿੰਦਰ ਸਿੰਘ ਕਹਿੰਦਾ, “ਅਜਿਹੇ ਕੰਮ ਕਰਨ ਵਾਲੇ ਨਵੀਂ ਉਮਰ ਦੇ ਬੱਚਿਆਂ ਨੂੰ ਚੇਲੇ ਮੁੰਨਦੇ ਨੇ। ਸਾਨੂੰ ਆਪਣੇ ਬੱਚਿਆਂ ਵਾਰੇ ਅਵੇਸਲੇ ਨਹੀਂ ਹੋਣਾਂ ਚਾਹੀਦਾ,ਪਤਾ ਰੱਖਣਾ ਬਣਦਾ ਵਈ ਉਹ ਕੀ ਕਰਦੇ ਹਨ ? ਪੜ੍ਹਨ ਵਿੱਚ ਕਿਵੇਂ ਹਨ ? ਸਕੂਲ ਦੇ ਟੀਚਰਾਂ ਤੋਂ ਪੜ੍ਹਾਈ ਬਾਰੇ ਪਤਾ ਕਰਦੇ ਰਹਿਣਾ ਚਾਹੀਦਾ ਹੈ। ਏਸੇ ਪਾਰਕ ਵਿੱਚ ਕੱਲ੍ਹ ਦੀ ਗੱਲ ਐ,ਅਸੀਂ ਅਜੇ ਘਰਾਂ ਨੂੰ ਜਾਣ ਹੀ ਲੱਗੇ ਸੀ ਕਿ ਪਾਰਕ ਨੂੰ ਪੁਲਸ ਦੀਆਂ ਕਾਰਾਂ ਨੇ ਚਾਰੇ ਪਾਸਿਉਂ ਘੇਰਾ ਪਾ ਲਿਆ । ਔਹ ਜਿਹੜੇ ਸਾਹਮਣੇ ਸੰਘਣੇ ਸਜਾਵਟੀ ਰੁੱਖ ਨੇ ਉਨ੍ਹਾਂ ਵਿੱਚੋ ਜਾ ਫੜੇ ਛੇ-ਸੱਤ ਮੁੰਡੇ-ਕੁੜੀਆਂ। ਅਸੀਂ ਹੈਰਾਨ ਰਹਿ ਗਏ ਦੋ ਮੁੰਡੇ ਪੰਜਾਬੀ ਵੀ ਸਨ। ਉਂਨ੍ਹਾਂ ਕੋਲੋਂ ਡਰੱਗ ਫੜੀ ਗਈ ਤੇ ਹੱਥ-ਕੜੀਆਂ ਲਾ ਕੇ ਲੈ ਗਏ ।”

ਰਾਮ ਸਿੰਘ ਨੇ ਘਰ ਆ ਕੇ ਰੋਟੀ ਖਾਣ ਪਿੱਛੋਂ ਬੰਤੀ ਨੂੰ ਕਿਹਾ, “ਮੈਂ ਮੁੰਡਿਆਂ-ਕੁੜੀਆਂ ਬਾਰੇ ਬੜੀਆਂ ਭੈੜੀਆਂ-ਭੈੜੀਆਂ ਗੱਲਾਂ ਸੁਣ ਕੇ ਆਇਆਂ । ਜੋ ਕੁੱਝ ਓਥੇ ਅੱਜ ਅੱਖੀਂ ਦੇਖਿਅ,ਉਸ ਨਾਲ ਇਹ ਸੱਭ ਸੱਚ ਹੀ ਲੱਗਦੀਆਂ ਹਨ । ਅੱਜ ਪਾਰਕ ਵਿੱਚ ਸਾਡੇ ਸਾਹਮਣੇ ਡਰੱਗ ਦਾ ਧੰਦਾ ਕਰਦੇ ਮੁੰਡੇ-ਕੁੜੀਆਂ ਫੜੇ ਗਏ ਹਨ ,ਦੋ ਮੁੰਡੇ ਆਪਣੇ ਸਨ । ਮੈਨੂੰ ਤਾਂ ਤੇਰੇ ਭਤੀਜੇ ਦੇ ਚਾਲੇ ਵੀ ਠੀਕ ਨਹੀਂ ਜਾਪਦੇ । ਖਬਰਾ ਜਿਹੜਾ ਰਾਤ ਨੂੰ ਏਨੀ ਦੇਰ ਨਾਲ ਆਉਂਦਾ,ਕਿਤੇ ਅਜਿਹੇ ਟੋਲਿਆਂ ਵਿੱਚ ਹੀ ਨਾ ਫਸ ਜਾਵੇ, ਜਾਂ ਕੀ ਆ ਫਸਿਆ ਹੀ ਨਾ ਹੋਵੇ ? ਪੜ੍ਹਦਾ ਤਾਂ ਮੈਂ ਕਦੇ ਇਸ ਨੂੰ ਦੇਖਿਆ ਨਹੀਂ । ਇੱਕ ਕੰਨਾਂ ਵਿੱਚ ਕੁੱਝ ਲਾ ਕੇ ਬੈਠਾ-ਖੜ੍ਹਾ ਹਿਲਦਾ ਰਹਿੰਦਾ । ਇਸ ਨੂੰ ਰੋਕਿਆ ਕਰ ਕਿਤੇ ਸਿਰ ਵਿੱਚ ਖੇਹ ਹੀ ਨਾ ਪਾ ਦੇਵੇ ?”

“ਲੱਗਦਾ ਤਾਂ ਨਹੀਂ ਅਜਿਹਾ,ਪਰ ਆਪਾਂ ਨੂੰ ਕਿਹੜਾ ਦੱਸਦਾ ਕੀ ਕਰਦਾ ਰਹਿੰਦਾ ? ਜੇ ਕਦੇ ਪੁੱਛਦੀ ਹਾਂ ਤਾਂ ਕਹਿ ਦਿੰਦਾ, “ਲਾਇਬਰੇਰੀ ਵਿੱਚ ਪੜ੍ਹ ਕੇ ਆਇਆਂ । ਇਹ ਲਾਬਰੇਰੀ ਕੀ ਹੁੰਦੀ ਐ ?”ਬੰਤੀ ਪੁੱਛਣ ਲੱਗੀ ।

“ਇਹ ਬੱਚਿਆਂ ਦੇ ਪੜ੍ਹਨ ਲਈ ਥਾਂ ਹੁੰਦਾ। ਓਥੇ ਬਹੁਤ ਸਾਰੀਆਂ ਕਤਾਬਾਂ ਹੁੰਦੀਆਂ ਨੇ ਤੇ ਕੰਪੂਟਰ ਵੀ ਹੁੰਦੇ ਨੇ। ਮੈਨੂੰ ਵੀ ਤਾਂ ਪਤਾ,ਇੱਕ ਦਿਨ ਭਾਗ ਸਿੰਘ ਨਾਲ ਓਥੇ ਗਿਆ ਸੀ । ਬਹੁਤ ਬੱਚੇ,ਕੁੜੀਆਂ-ਮੁੰਡੇ ਤੇ ਆਦਮੀ ਵੀ ਬੈਠੇ ਪੜ੍ਹ ਰਹੇ ਸੀ।”  ਰਾਮ ਸਿੰਘ ਨੇ ਬੰਤੀ ਨੂੰ ਦੱਸਿਆ।

ਰਾਮ ਸਿੰਘ ਦੀਆਂ ਗੱਲਾਂ ਸੁਣ ਕੇ ਬੰਤੀ ਨੂੰ ਬਹੁਤ ਫਿਕਰ ਲੱਗ ਗਿਆ ਕਿਤੇ ਟੈਣੀ ਵੀ ਅਜਿਹਾ ਹੀ ਨਾ ਬਣ ਜਾਵੇ। ਜੇ ਉਸ ਨੂੰ ਪੁੱਛਦੀ,ਤਾਂ ਉਹ ਕੋਈ ਲੜ ਨਾ ਫੜਾਉਂਦਾ। “ਵੇ ਟੈਣੀ,ਮੈਨੂੰ ਪਤਾ ਲੱਗ ਗਿਆ। ਤੇਰੀ ਲਾਬਰੇਰੀ ਤਾਂ ਨੌਂ ਵਜੇ ਬੰਦ ਹੋ ਜਾਂਦੀ ਐ,ਤੂੰ ਅੱਧੀ-ਅੱਧੀ ਰਾਤ ਤੱਕ ਕਿੱਥੇ ਧੱਕੇ ਖਾਂਦਾ ਰਹਿਨਾ ? ਮੈਨੂੰ ਠੀਕ-ਠੀਕ ਦੱਸ ਐਨਾ ਚਿਰ ਕਿੱਥੇ ਖੇਹ ਖਾਂਦਾ ਰਹਿਨਾ । ਜੇ ਨਹੀਂ ਦੱਸਣਾ ਤਾਂ ਮੈਂ ਤੇਰੇ ਮਾਂ-ਪਿਓ ਨੂੰ ਟੈਲੀਫੂਨ ਕਰ ਦੇਣਾ।”

“ਭੂਆ ਜੀ,ਹੁਣ ਤਾਂ ਮੈਂ ਰਾਤ ਨੂੰ ਗੈਸ-ਸਟੇਸ਼ਨ ਤੇ ਕੰਮ ਕਰਨ ਲੱਗ ਗਿਆ ਹਾਂ। ਤੁਸੀਂ ਮੇਰਾ ਭੋਰਾ ਫਿਕਰ ਨਾ ਕਰੋ। ਮੈਨੂੰ ਆਪ ਬਹੁਤ ਫਿਕਰ ਐ,ਮੈਂ ਕੀ ਕਰਨਾ ਹੈ। ਪਹਿਲਾ ਪੜ੍ਹਾਈ ਕਰਕੇ ਪੱਕਾ ਹੋਣਾ,ਫੇਰ ਬੀਬੀ-ਭਾਪੇ ਹੋਰਾਂ ਨੂੰ ਏਥੇ ਸੱਦਣਾ। ਆਖਰੀ ਕੰਮ ਤੁਹਾਨੂੰ ਸੱਭ ਨੂੰ ਪੂਰਾ ਸੁੱਖ ਦੇਣਾ ਵਿਆਹ ਕਰਾਕੇ, ਜਿਹੜਾ ਵੀਰੇ ਹੋਰਾਂ ਤੋਂ ਨਹੀਂ ਮਿਲਿਆ ।”ਟੈਣੀ ਨੇ ਭੂਆ ਨੂੰ ਗੱਲਾਂ ਨਾਲ ਪੂਰਾ ਸਵਰਗ ਦਾ ਝਾਉਲਾ ਦਿਖਾ ਦਿੱਤਾ ਤੇ ਭੂਆ ਨੂੰ ਚੁੱਕ ਕੇ ਪੁਆਟਨੀਆਂ ਦੇ ਦਿੱਤੀਆਂ । ਕੁੱਝ ਚਿਰ ਹੋਰ ਸਮਾਂ ਆਪਣੀ ਤੋਰੇ ਤੁਰਦਾ ਗਿਆ । ਇੱਕ ਦਿਨ ਰਾਤ ਨੂੰ ਉਹ ਖਾਣ-ਪਕਾਉਣ ਤੋਂ ਵੇਲ੍ਹੇ ਹੋ ਕੇ ਟੈਣੀ ਦੀ ਉਡੀਕ ਕਰ ਰਹੇ ਸੀ ਕਿ ਬੈੱਲ ਹੋਈ । ਰਾਮ ਸਿੰਘ ਨੇ ਜਦੋਂ ਡੋਰ ਖੋਲਿਆ ਤਾਂ ਪੁਲਸ ਦੇ ਸਿਪਾਹੀ ਨੂੰ ਦੇਖ ਕੇ ਉਹ ਘਬਰਾ ਗਿਆ। ਪੁਲੀਸ-ਮੈਨ ਨੇ ਸਤਿਕਾਰ ਨਾਲ ਪੁਛਿੱਆ, “ਡਰੋ ਨਾ ਕੁੱਝ ਪੁੱਛਣਾ-ਦੱਸਣਾ ਹੈ ਤੁਹਾਨੂੰ। ਟੈਣੀ ਨਾਂ ਦਾ ਲੜਕਾ ਤੁਹਾਡੇ ਕੋਲ ਰਹਿੰਦਾ ਹੈ ? ਕੀ ਕਰਦਾ ਹੈ ?”

ਰਾਮ ਸਿੰਘ ਨੇ ਘਬਰਾਹਟ ਵਿੱਚ ਪੁਛਿੱਆ, “ਕੀ ਹੋਇਆ ਉਸ ਨੂੰ ? ਕਿੱਥੇ ਐ ਉਹ ਹੁਣ ? ਕੀ ਕੀਤਾ ਉਹਨੇ ?”

“ਮਿਸਟਰ ਸਿੰਘ,ਜੋ ਮੈਂ ਪੁਛਿੱਆ ਉਹਦਾ ਉਤੱਰ ਦੇਵੋ,ਫੇਰ ਟੈਣੀ ਬਾਰੇ ਵੀ ਦੱਸ ਦੇਵਾਂਗਾ, ਉਸ ਨਾਲ ਕੀ ਬੀਤੀ ਹੈ ? ਉਸ ਦੀ ਸੂਚਨਾ ਦੇਣ ਹੀ ਹਾਜ਼ਰ ਹੋਇਆ ਹਾਂ।”ਪੋਲਸਿ-ਮੈਨ ਨੇ ਠਰੱਮ੍ਹੇ ਨਾਲ ਕਿਹਾ।

“ਉਹ ਜੀ ਪੜ੍ਹਦਾ ਹੈ ਤੇ ਕਹਿੰਦਾ ਸੀ ਹੁਣ ਪਾਰਟ-ਟਾਈਮ ਕੰਮ ਕਿਸੇ ਗੈਸ-ਸਟੇਸ਼ਨ ਤੇ ਰਾਤ ਨੂੰ ਕਰਦਾ ਐ।” ਰਾਮ ਸਿੰਘ ਨੇ ਦੱਸਿਆ । ਕੋਲ ਆ ਕੇ ਬੰਤੀ ਵੀ ਡੌਰ-ਭੌਰ ਹੋਈ ਗੱਲਾਂ ਸੁਨਣ ਦਾ ਯਤਨ ਕਰ ਰਹੀ ਸੀ।

“ਤੁਹਾਡੇ ਟੈਣੀ ਦਾ ਕਾਰ ਐਕਸੀਡੈਂਟ ਹੋ ਗਿਆ। ਕਾਰ ਉਨ੍ਹਾ ਚਾਰ ਮੁੰਡਿਆਂ ਨੇ ਚੋਰੀ ਕੀਤੀ ਹੋਈ ਸੀ ਤੇ ਬਹੁਤ ਤੇਜ਼ ਚਲਾ ਰਹੇ ਸੀ। ਜਦੋਂ ਅਸੀਂ ਪਿੱਛਾ ਕੀਤਾ ਤਾਂ ਹੋਰ ਤੇਜ਼ ਕਰਕੇ ਭੱਜਨ ਦੀ ਕੋਸ਼ਿਸ਼ ਕਰਦਿਆਂ ਨੇ ਕਾਰ ਬਿਜਲੀ ਦੇ ਖੰਬੇ ਵਿੱਚ ਮਾਰੀ। ਸਾਰਿਆਂ ਨੇ ਡ੍ਰਿੰਕ ਕੀਤੀ ਹੋਈ ਸੀ। ਕਾਰ ਵਿੱਚੋਂ ਡਰੱਗ ਵੀ ਮਿਲੀ ਹੈ। ਖਾਲੀ ਸ਼ਰਾਬ ਦੀ ਬੋਤਲ ਵੀ ਕਾਰ ਵਿੱਚੋਂ ਲੱਭੀ ਹੈ।”

ਵਿੱਚੋਂ ਈ ਟੋਕਦੀ ਬੰਤੀ ਬੋਲੀ, “ਮੇਰਾ ਟੈਣੀ ਤਾਂ ਠੀਕ-ਠਾਕ ਐ ?ਹੁਣ ਕਿੱਥੇ ਆ ? ਅਸੀਂ ਉਸ ਨੂੰ ਮਿਲ ਸਕਦੇ ਹਾਂ ?”

“ਧੀਰਜ ਨਾਲ ਸੁਣੋ, ਉਸ ਨਾਲ ਦੇ ਤਿਨੇ ਮੁੰਡੇ ਮੌਕੇ ਤੇ ਹੀ ਦੰਮ ਤੋੜ ਗਏ ਹਨ। ਚਾਰਾਂ ਕੋਲ ਗੰਨਾਂ ਵੀ ਸੀ। ਟੈਣੀ ਬਹੁਤ ਜ਼ਿਆਦਾ ਜ਼ਖਮੀ ਸੀ ਤੇ ਪੀਲ ਹਸਪਤਾਲ ਵਿੱਚ ਹੈ। ਇਹ ਸੈਡ ਖਬਰ ਤੁਹਾਨੂੰ ਸੁਨਾਉਣ ਦਾ ਮੈਨੂੰ ਬੜਾ ਅਫਸੋਸ ਹੈ। ਹੌਂਸਲਾ ਰੱਖੋ ਅਤੇ ਉਸ ਦੀ ਸਿਹਤਯਾਬੀ ਲਈ ਗਾਡ ਕੋਲ ਦੁਆ ਕਰੋ, ਕਿ ਉਹ ਉਸ ਨੂੰ ਬਚਾ ਲਵੇ। ਅੱਛਾ ਹੁਣ ਮੈਂ ਚਲਦਾ ਹਾਂ।” ਇਹ ਸੱਭ ਕੁੱਝ ਦੱਸ ਕੇ ਪੁਲੀਸ-ਮੈਨ ਚਲਾ ਗਿਆ।

ਰਾਮ ਸਿੰਘ ਨੇ ਵੱਡੇ ਮੁੰਡੇ ਜੱਗੇ ਨੂੰ ਫੂਨ ਕਰਕੇ ਸੱਦਿਆ। ਉਸ ਦੇ ਆਉਂਦੇ ਨੂੰ ਬੰਤੀ ਨੇ ਰੋ-ਰੋ ਬੁਰਾ ਹਾਲ ਕਰ ਲਿਆ ਸੀ। ਦੋਵੇਂ ਪਿਓ ਪੁੱਤ ਉਸ ਨੂੰ ਦਲਾਸਾ ਦਿੰਦੇ ਹਸਪਤਾਲ ਨੂੰ ਜਾ ਰਹੇ ਸੀ ਪਰ ਆਪ ਵੀ ਕਿਸੇ ਅਣਸੁਖਾਵੀਂ ਖਬਰ ਂਨੂੰ ਕਿਆਸਦੇ ਭੈਭੀਤ ਵੀ ਸਨ। ਹਸਪਤਾਲ ਪਹੁੰਚ ਕੇ ਪਤਾ ਲੱਗਾ ਕਿ ਟੈਣੀ ਤਾਂ ਪਰਲੋਕ ਸੁਧਾਰ ਗਿਆ ਸੀ। ਬੰਤੀ ਲਾਸ਼ ਨੂੰ ਚਿਮਟ ਕੇ ਧਾਹਾਂ ਮਾਰਦੀ ਹੌਲੀ-ਹੌਲੀ ਕਹਿ ਰਹੀ ਸੀ, “ਟੈਣੀ ਇਹ ਤੂੰ ਕੀ ਕੀਤਾ ? ਮੀਤੋ ਨੂੰ ਕੀ ਦੱਸਾਂਗੀ, ਤੈਨੂੰ ਕੀ ਖਾ ਗਿਆ? ਸਾਨੂੰ ਤਾਂ ਤੂੰ ਉਨ੍ਹਾਂ ਨੂੰ ਮੂੰਹ ਦਖਾਉਣ ਜੋਗਾ ਹੀ ਨਹੀਂ ਛੱਡਿਆ?”  ਰੋਂਦੇ ਸਾਰੇ ਘਰ ਨੂੰ ਆ ਰਹੇ ਸੀ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 13 ਜਨਵਰੀ 2005)
(ਦੂਜੀ ਵਾਰ 27 ਸਤੰਬਰ 2021)

***
395
***

(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)

ਜਰਨੈਲ ਸਿੰਘ ਗਰਚਾ

(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)

View all posts by ਜਰਨੈਲ ਸਿੰਘ ਗਰਚਾ →