ਅਮਰੀਕੀ ਲੋਕਾਂ ਵਲੋਂ ਹਰ ਸਾਲ ਮਨਾਇਆ ਜਾਣ ਵਾਲਾ ਦਿਵਸ, ਜੁਲਾਈ 4, ਇਸ ਸਾਲ ਮੰਗਲਵਾਰ ‘ਤੇ ਪੈਂਦਾ ਹੈ। ਭਾਵੇਂ ਕਰੋਨਾ ਵਾਇਰਸ ਦੌਰਾਨ, ਹੋਰ ਤਿਓਹਾਰਾਂ ਦੀ ਤਰ੍ਹਾਂ, ਜੁਲਾਈ 4 ਖੁੱਲ ਕੇ ਮਨਾਓਣ ਵਿੱਚ ਅੜਚਣਾਂ ਪੈਂਦੀਆਂ ਰਹੀਆਂ, ਆਮ ਹਾਲਾਤਾਂ ਵਿੱਚ ਇਹ ਪਰੇਡਾਂ, ਆਤਸਬਾਜੀਆਂ (Fireworks), ਬਾਰਬਿਕਯੂ ਪਿਕਨਿਕਾਂ, ਪਾਰਕਾਂ ਤੇ ਬੀਚਾਂ ‘ਤੇ ਲੱਗੀਆਂ ਰੌਣਕਾਂ, ਤੇ ਚਮਕਦੇ ਤਾਰਿਆ ਨਾਲ ਸੱਜੇ ਲਾਲ-ਚਿੱਟੇ-ਨੀਲੇ ਫਰੇਰਿਆਂ ਤੇ ਉਨਾਂ ਦੇ ਨਿਸ਼ਾਨਾਂ ਦੇ ਆਏ ਹੜ੍ਹ ਸੰਗ ਮਨਾਇਆ ਜਾਂਦਾ ਹੈ। ਇਸ ਸਾਲ ਹਾਲਾਤ ਕਰੀਬ ਆਮ ਨੇ। ਹਰ ਸਾਲ ਜੁਲਾਈ 4 ਅਮਰੀਕਾ ਵਿੱਚ ਆਜ਼ਾਦੀ ਦਿਵਸ ਦੇ ਤੌਰ ‘ਤੇ ਮਨਾਇਆਂ ਜਾਂਦਾ ਹੈ ਕਿਉਂਕਿ ਇਸ ਦੇਸ਼ ਵਿੱਚ ਜੁਲਾਈ 4, 1776 ਨੂੰ ‘ਆਜ਼ਾਦੀ ਦਾ ਐਲਾਨਨਾਮਾ’ ਨਾਮੀ ਦਸਤਾਵੇਜ਼ ਜਾਰੀ ਕਰਕੇ ਇੰਗਲੈਂਡ ਤੋਂ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਦਸਤਾਵੇਜ਼ ਦੇ ਸ਼ੁਰੂ ਸ਼ੁਰੂ ਵਿੱਚ ਹੀ ਇਸ ਮਸ਼ਹੂਰ ਲਾਇਨ ਦਰਜ਼ ਹੈ: “ਅਸੀਂ ਇਹ ਸਚਾਈ ਆਪਣੇ ਆਪ ਵਿੱਚ ਪ੍ਰਮਾਣਿਕ ਮੰਨਦੇ ਹਾਂ ਕਿ ਸਾਰੇ ਮਨੁੱਖ ਬਰਾਬਰ ਰਚੇ ਗਏ ਹਨ ਤੇ ਉਹ ਸਾਰੇ ਆਪਣੇ ਰਚਣਹਾਰੇ ਵਲੋਂ ਕੁਝ ਖ਼ਾਸ ਅਟੱਲ ਹੱਕਾਂ ਨਾਲ ਨਿਵਾਜ਼ੇ ਗਏ ਨੇ, ਜਿਨ੍ਹਾਂ ਵਿੱਚੋਂ ਕੁਝ ਹਨ: ਜ਼ਿੰਦਗੀ, ਸਵਤੰਤਰਤਾ, ਤੇ ਖ਼ੁਸ਼ੀ ਦੀ ਭਾਲ।” ਆਜ਼ਾਦੀ ਦਾ ਇਹ ਐਲਾਨਨਾਮਾ ਆਜ਼ਾਦੀ ਘੁਲਾਟੀਏ ਥੌਮਸ ਜੈਫਰਸਨ ਵਲੋਂ ਹੋਰ ਆਜ਼ਾਦੀ ਘੁਲਾਟੀਆਂ ਦੀ ਸਲਾਹ ਨਾਲ ਲਿਖਿਆਂ ਗਿਆ ਸੀ। ਇਹਨੂੰ ਜਾਰੀ ਕਰਨ ਵੇਲੇ, ਆਜ਼ਾਦੀ ਦਾ ਯੁੱਧ, ਜਿਸਨੂੰ ਇਨਕਲਾਬੀ ਯੁੱਧ ਵੀ ਕਿਹਾ ਜਾਂਦਾ ਹੈ, ਪਹਿਲਾਂ ਹੀ ਸ਼ੁਰੂ ਹੋ ਚੁੱਕਿਆਂ ਸੀ, ਅਮਰੀਕੀ ਫ਼ੌਜ ਦੇ ਕਮਾਂਡਰ ਜੌਰਜ ਵਾਸ਼ਿੰਗਟਨ ਦੀ ਅਗਵਾਈ ਵਿੱਚ। ਯੁੱਧ ਜਿੱਤਣ ਬਾਅਦ ਆਪਣੇ ਆਪ ਨੂੰ ਬਾਦਸ਼ਾਹ ਐਲਾਨਣ ਦੀ ਬਜਾਏ ਜੌਰਜ ਵਾਸ਼ਿੰਗਟਨ ਨੇ ਜਮਹੂਰੀਅਤ, ਯਾਣਿ ਕਿ ਲੋਕਤੰਤਰ, ਲਾਗੂ ਕਰਨ ਦਾ ਐਲਾਨ ਕੀਤਾ, ਜਿਸਦੇ ਤਹਿਤ ਉਹ, ਯਾਣਿ ਜੌਰਜ ਵਾਸ਼ਿੰਗਟਨ, ਇਸ ਦੇਸ਼ ਦੇ ਪਹਿਲੇ (1788 – 89) ਅਤੇ ਥੌਮਸ ਜੈਫਰਸਨ ਤੀਜੇ (1800) ਪ੍ਰਧਾਨ ਚੁਣੇ ਗਏ। ਇਸ ਲੇਖ ਦੇ ਸ਼ੁਰੂ ਵਿੱਚ ਜਦੋਂ ਮੈਂ ਕਿਹਾ ਕਿ “ਅਮਰੀਕੀ ਲੋਕਾਂ ਵਲੋਂ ਹਰ ਸਾਲ ਮਨਾਇਆ ਜਾਣ ਵਾਲਾ ਦਿਵਸ, ਜੁਲਾਈ 4, ਇਸ ਸਾਲ ਮੰਗਲਵਾਰ ‘ਤੇ ਪੈਂਦਾ ਹੈ।” ਤਾਂ ਅਮਰੀਕਾ ਵਿੱਚ ਵਸਦੇ ਪਹਿਲੀ ਪੀੜ੍ਹੀ ਦੇ ਪੰਜਾਬੀ-ਅਮਰੀਕਨਾਂ ‘ਚੋਂ ਭਾਰੀ ਬਹੁ-ਗਿਣਤੀ ਨੇ ਆਪਣੇ ਆਪ ਨੂੰ “ਅਮਰੀਕੀ ਲੋਕਾਂ” ਵਿੱਚ ਸ਼ਾਮਲ ਨਹੀਂ ਕੀਤਾ ਹੋਵੇਗਾ। ਪਹਿਲੀ ਪੀੜ੍ਹੀ ਦੇ ਪੰਜਾਬੀ-ਅਮਰੀਕਨਾਂ ਤੋਂ ਮੇਰਾ ਭਾਵ ਉਨ੍ਹਾਂ ਪੰਜਾਬੀਆਂ ਇੰਮੀਗਰੈਂਟਾਂ ਤੋਂ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲ ਚੁੱਕੀ ਹੈ। ਆਓ, ਉਸ ਦਿਨ ਤੋਂ ਹੀ ਸ਼ੁਰੂ ਕਰੀਏ ਜਿਸ ਦਿਨ ਨਾਗਰਿਕਤਾ, ਯਾਣਿ ਸਿਟੀਜ਼ਨਸ਼ਿਪ, ਮਿਲੀ ਸੀ। ਉਦਾਹਰਣ ਵਜੋਂ, ਜਦੋਂ ਮੈਨੂੰ ਅਮਰੀਕੀ ਨਾਗਰਿਕਤਾ ਮਿਲਣੀ ਸੀ ਤਾਂ ਮੈਂ ਉਸ ਦਿਨ ਜਦ ਅਮਰੀਕੀ ਨਾਗਰਿਕਤਾ ਦੀ ਸੌਂਹ ਖਾਣ ਦੀ ਰਸਮ ਵਿੱਚ ਹਾਜ਼ਰੀ ਭਰੀ ਸੀ, ਤਾਂ ਸੌਂਹ ਚੁੱਕਾਉਣ ਵਾਲੇ ਜੱਜ ਨੇ ਸਾਨੂੰ, ਸਾਰੇ ਸੌਂਹ-ਖਾਣਿਆਂ ਨੂੰ, ਸੰਬੋਧਿਤ ਕਰਦਿਆਂ ਕਿਹਾ: “ਹੁਣ ਤੋਂ ਤੁਸੀਂ ਸਾਰੇ ਅਮਰੀਕੀ ਹੋ; ਯੂਰਪੀਅਨ-ਅਮਰੀਕੀ, ਇੰਡੀਅਨ-ਅਮਰੀਕੀ, ਇਟੈਲੀਅਨ-ਅਮਰੀਕੀ, ਚਾਇਨੀਜ਼-ਅਮਰੀਕੀ, ਆਦਿ ਨਹੀਂ, ਬਲਕਿ ਅਮਰੀਕੀ।” ਇਸ ਤੋਂ ਬਾਅਦ ਮੈਨੂੰ ਉਸ ਸਮੇਂ ਦੇ ਅਮਰੀਕਨ ਪ੍ਰਧਾਨ, ਪ੍ਰਧਾਨ ਬਿੱਲ ਕਲਿੰਟਨ, ਦਾ ਰਸਮੀ ਖ਼ਤ ਮਿਲਿਆਂ, ਜਿਹਦੇ ਵਿੱਚ ਪ੍ਰਧਾਨ ਨੇ ਮੈਨੂੰ ‘ਮੇਰਾ ਸੰਗੀ ਅਮਰੀਕੀ’, ਜਾਣਿ ‘ਮਾਈ ਫ਼ੈਲੋ ਅਮੇਰਿਕਨ, ਕਹਿ ਕੇ ਸੰਬੋਧਨ ਕੀਤਾ ਸੀ। ਮੈਂ ਸ਼ਰਤ ਲਾਅ ਕੇ ਕਹਿ ਸਕਨਾਂ ਕਿ ਸਿਰਫ਼ ਬਾਕੀ ਪੰਜਾਬੀਆਂ ਦਾ ਹੀ ਨਹੀਂ, ਬਲਕਿ ਅਮਰੀਕੀ ਨਾਗਰਿਕਤਾ ਦੀ ਸੌਂਹ ਚੁੱਕਣ ਵਾਲੇ ਹਰੇਕ ਬੰਦੇ ਦਾ ਤਜਰਬਾ ਉੱਨੀ ਇੱਕੀ ਦੇ ਫ਼ਰਕ ਨਾਲ ਮੇਰੇ ਤਜਰਬੇ ਜਿਹਾ ਹੀ ਹੋਵੇਗਾ। ਅਸੀਂ ਅਮਰੀਕੀ ਨਾਗਰਿਕਤਾ ਦਾ ਕਾਰਡ/ਸਰਟੀਫ਼ੀਕੇਟ ਤੇ ਉਸ ਉੱਪਰ ਆਧਾਰਿਤ ਸੋਸ਼ਲ ਸਿਕਿਊਰਿਟੀ ਕਾਰਡ ਤੇ ਪਾਸਪੋਰਟ ਤਾਂ ਸਾਂਭ ਸਾਂਭ ਰੱਖਦੇ ਹਾਂ, ਪਰ ਸਾਡੇ ਵਿੱਚੋਂ ਬਹੁਤੇ ਸਾਨੂੰ ਦੱਸੀ ਇਹ ਗੱਲ ਭੁੱਲ ਜਾਂਦੇ ਨੇ ਜਾਂ ਨਜ਼ਰ-ਅੰਦਾਜ਼ ਕਰ ਜਾਂਦੇ ਨੇ ਕਿ ਅਮਰੀਕੀ ਨਾਗਰਿਕ ਬਣਨ ਦੇ ਰਸਮੀ ਜਸ਼ਨ ਤੋਂ ਬਾਅਦ ਅਸੀਂ ਵੀ ਅਮਰੀਕਨ ਹਾਂ। ਅਸੀਂ ਜੋ ਇਸ ਦੇਸ਼ ਵਿੱਚ ਨਹੀਂ ਜੰਮੇ, ਇਸ ਦੇਸ਼ ਵਿੱਚ ਆਪਣੇ ਖ਼ਾਨਦਾਨ ਵਿੱਚ ਪਹਿਲੀ ਪੀੜ੍ਹੀ ਦੇ ਅਮੇਰਿਕਨ ਹਾਂ ਤੇ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਇਸ ਦੇਸ਼ ਦੇ ਪ੍ਰਧਾਨ ਤੇ ਉਪ-ਪ੍ਰਧਾਨ ਤੋਂ ਸਿਵਾਏ ਕੁਛ ਵੀ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਪਰ, ਅਸੀਂ ਅਮਰੀਕੀ ਨਾਗਰਿਕ ਹੁੰਦੇ ਹੋਏ ਵੀ ‘ਅਮਰੀਕੀ ਲੋਕਾਂ’ ਦਾ ਹਵਾਲਾ ‘ਇਥੋਂ ਦੇ ਲੋਕ’ ਜਾਂ ‘ਅਮੇਰਿਕਨ’ ਆਦਿ ਨਾਵਾਂ ਨਾਲ ਦਿਦੇ ਹਾਂ ਜਿਨ੍ਹਾਂ ਵਿੱਚ ਅਸੀਂ ਆਪਣੇ ਆਪ ਨੂੰ ਤਾਂ ਕੀ ਆਪਣੇ ਇੱਧਰ ਜੰਮੇ ਪਲੇ ਬੱਚਿਆਂ ਨੂੰ ਵੀ ਸ਼ਾਮਲ ਨਹੀਂ ਕਰਦੇ। ਆਪਾਂ ਵਿੱਚੋਂ ਕੁਝ ਤਾਂ ਸਿਰਫ਼ ‘ਗੋਰੇ’, ਭਾਵ ਯੂਰਪੀਅਨ ਮੂਲ ਵਾਲੇ, ਲੋਕਾਂ ਨੂੰ ਹੀ ਅਮਰੀਕਨ ਸਮਝਦੇ ਨੇ। ਇਸ ਤਰ੍ਹਾਂ ਦਾ ਰਵੱਈਆਂ ਆਮ ਪੰਜਾਬੀ ਅਮਰੀਕਣਾਂ ਤੱਕ ਸੀਮਿਤ ਨਾ ਰਹਿ ਕੇ ਪੰਜਾਬੀ ਅਮਰੀਕਨਾਂ ਦੇ ਬੁੱਧੀਜੀਵੀ/ਲੇਖ਼ਕ ਤਬਕੇ ਦੇ ਵੱਡੇ ਹਿੱਸੇ ਵਿੱਚ ਵੀ ਘਰ ਚੁੱਕਿਆਂ ਹੈ; ਇਸ ਹਿੱਸੇ ਦੇ ਲੇਖ਼ਕ ਆਪਣੀਆਂ ਰਚਨਾਵਾਂ ਵਿੱਚ ਇਸ ਰਵੱਈਏ ਨੂੰ ਖ਼ੂਬ ਪੱਠੇ ਪਾਉਂਦੇ ਰਹਿਦੇ ਨੇ। ਅਸਲ ਵਿੱਚ ਜੇ ਹਕੀਕਤ ਦਾ ਪੱਲਾ ਫੜ੍ਹੀ ਰੱਖੀਏ ਤਾਂ ਇਹ ਵਿਸ਼ਾਂ ਜਾਂ ਮੁੱਦਾ ਇੰਨਾ ਜਟਿਲ ਵੀ ਨਹੀਂ। ਜਦੋਂ ਬੰਦਾ ਇੱਕ ਦੇਸ਼ ਵਿੱਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ‘ਤੇ ਕਿਸੇ ਦੂਜੇ ਦੇਸ਼ ਵਿੱਚ ਆਣ ਵਸੇ ਤੇ ਉਹਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਦੇਸ਼ ਬੰਦੇ ਦਾ ਦੇਸ਼ ਬਣ ਜਾਂਦਾ ਹੈ, ਜਿਹਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਦੇਸ਼, ਯਾਨਿ ਕਨਟ੍ਰੀ ਆਫ ਚੌਆਇਸ, ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਦੂਜਾ ਹੁਣ ਦਾ ਦੇਸ਼: ਪ੍ਰਦੇਸ਼ ਕੋਈ ਨਹੀਂ ਹੈ। ਇਹ ਇਸ ਸਥਿਤੀ ਪ੍ਰਤੀ ਉਚਿਤ, ਵਾਜਵ, ‘ਤੇ ਸਹਿਜ ਪਹੁੰਚ ਹੈ, ਜੋ ਹਕੀਕਤ ਉੱਪਰ ਆਧਾਰਿਤ ਹੈ। ਪਰ ਇਸ ਪਹੁੰਚ ਦੇ ਸਮਰਥਕ ਪੰਜਾਬੀ ਲੋਕਾਂ ਤੇ ਲੇਖਕਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਨੇ, ਆਟੇ ਵਿੱਚ ਲੂਣ ਬਰਾਬਰ। ਬਾਹਲੇ ਪੰਜਾਬ ‘ਚ ਜੰਮੇ ਤੇ ਦੂਜੇ ਦੇਸ਼ਾਂ ਵਿੱਚ ਆ ਵਸੇ ਪੰਜਾਬੀ ਦੂਜੇ ਨੂੰ ਵਿਦੇਸ਼ ਸਮਝ ਕੇ ਆਪੇ ਸਿਰਜਿਆ ਪ੍ਰਵਾਸੀ/ਵਿਦੇਸ਼ੀ ਹੋਣੇ ਦਾ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਨੇ। ਆਪਣੀ ਚੋਣ ਦੇ ਦੇਸ਼ ਵਿੱਚ ਪਰਵਾਸੀ, ਉਸ ਦੇਸ਼ ਦੇ ਸਿਸਟਮ ਵਿੱਚ ਪਲਦੇ, ਪੜ੍ਹਦੇ, ਨੌਕਰੀਆਂ ਕਰਦੇ ਆਪਣੇ ਬੱਚਿਆਂ ਵਿੱਚਕਾਰ ਖ਼ੁਦ ਪਰਵਾਸੀ। ਉੱਧਰ ਪੰਜਾਬ ਵਿੱਚ ਰਹਿੰਦੇ ਬਾਹਲੇ ਲੇਖਕ ਤੇ ਆਲੋਚਕ ਦੂਜੇ ਦੇਸ਼ੀਂ ਆ ਆਣ ਵਸੇ ਲੇਖਕਾਂ ਨੂੰ ਪਰਵਾਸੀ/ਵਿਦੇਸ਼ੀ ਹੋਣ ਦਾ ਖ਼ਿਤਾਬ ਦੇ ਦੇ ਕੇ ਉਨ੍ਹਾਂ ਦੀਆਂ ਰਚਨਾਵਾਂ ‘ਚੋਂ ਉਨ੍ਹਾਂ ਦਾ ਪਿਛੋਕੜ ਲੱਭਦੇ ਰਹਿੰਦੇ ਹਨ: “ਇਸ ਰਚਨਾ ‘ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ।” ਪੰਜਾਬ ਵਿੱਚ ਇਕ ਦੂਜੇ ਦੀਆਂ ਰਚਨਾਵਾਂ ਨੂੰ ਦੇਖ ਕੇ ਵਾਰਿਸ਼ ਸ਼ਾਹ, ਬੁੱਲੇ ਸ਼ਾਹ, ਤੇ ਸ਼ਿਵ ਵਰਗਿਆਂ ਨੂੰ ਹਾਕਾਂ ਮਾਰਨ ਲੱਗਦੇ ਨੇ। ਸ਼ਾਇਦ ਸਾਡੀ ਮਹਿਕ ਜਾਂ ਗਿਆਨ ਇੰਦਰੀ ਵਿਚੋਂ ‘ਹੁਣ’ ਦੀ ਮਹਿਕ ਜਾਂ ਸੋਚ ਦਾ ਸੈਂਸਰ ਗ਼ਾਇਬ ਹੈ। ਇਹ ਹਕੀਕਤ ਸ਼ਾਇਦ ਇਸ ਗੱਲ ਦੀ ਹੀ ਤਰਜ਼ਮਾਨੀ ਕਰਦੀ ਹੈ ਕਿ ਅਸੀਂ ਪੰਜਾਬੀ ਲੋਕ ਕਿੰਝ ਅੱਜ ਜਾਂ ਭਲਕ ਦੇ ਵਿਚਾਰਾਂ ਤੇ ਸੋਚ ਤੋਂ ਕੰਨੀ ਕਤਰਾ ਕੇ ਭੂਤ-ਮੁਖੀ ਸੋਚ ਤੇ ਪਹੁੰਚ ਅਪਣਾਉਂਦੇ ਹੋਏ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਆਪਣੇ ਪਿਛੋਕੜ ਵਿੱਚੋਂ ਲੱਭਣ ਤੁਰ ਪੈਂਦੇ ਆਂ। ਸੋ, ਇਸ ਪਰਵਾਸੀ ਰਵੱਈਏ ਦਾ ਪ੍ਰਦਰਸ਼ਨ ਅਸੀ ਭਾਰਤੀ, ਖ਼ਾਸ ਕਰ ਪੰਜਾਬੀ, ਸਾਰੇ ਪੱਛਮੀ ਦੇਸ਼ਾਂ ਵਿੱਚ ਕਰਦੇ ਆਂ ਕਿਉਂਕਿ ਇਹਦੀਆਂ ਜੜ੍ਹਾਂ ਅਸੀਂ ਆਪਣੇ ਜਨਮ-ਦੇਸ਼ ਤੋਂ ਲੈ ਕੇ ਆਉਂਦੇ ਆਂ, ਤੇ ਜੜ੍ਹਤਾ (੍Resistance to Change) ਦੀ ਸਾਡੇ ਵਿੱਚ ਕੋਈ ਕਮੀ ਨਹੀਂ: “ਕਹੀਂ ਬਦਲ ਨਾ ਜਾਨਾ ਸਨਮ”। ਮੁੱਕਦੀ ਗੱਲ, ਬਾਹਲੇ ਪੰਜਾਬ ਵਿੱਚਲੇ ਤੇ ਪੰਜਾਬੋਂ ਬਾਹਰ ਦੂਜੇ ਦੇਸ਼ਾਂ ਵਿੱਚ ਆ ਵਸੇ ਪੰਜਾਬੀ ਲੇਖਕਾਂ ਵਲੋਂ ‘ਪਰਵਾਸੀ’ ਸ਼ਬਦ ਦਾ ਅਰਥ ਕੁਛ ਇਸ ਤਰ੍ਹਾਂ ਦਾ ਚਿਤਰਿਆ ਤੇ ਉਭਾਰਿਆ ਜਾਂਦਾ ਹੈ: ਵਿਦੇਸ਼ੀ, ਨਾ ਘਰ ਦੇ ਨਾ ਘਾਟ ਦੇ, ਖ਼ਾਨਾ-ਬਦੋਸ਼, ਵਿਚਾਰੇ, ਇਨ੍ਹਾਂ ਵਲੋਂ ਖ਼ੁਦ ਚੁਣਿਆ ਹੋਇਆ ਦੇਸ਼ ਇਨ੍ਹਾਂ ਦਾ ਦੇਸ਼ ਨਹੀਂ, ਇਨ੍ਹਾਂ ਨੂੰ ਮਿਲੀ ਸਜ਼ਾ ਵਾਂਗੂ ਜੱਗੋਂ ਬਾਹਰੀ ਸਖ਼ਤ ਮੇਹਨਤ ਕਰਨੀ ਪੈਂਦੀ ਆ, ਵਗ਼ੈਰਾ-ਵਗ਼ੇਰਾ। ਪਰਵਾਸੀ ਸ਼ਬਦ ਦਫ਼ਤਰੀ ਤੌਰ ‘ਤੇ ਅੰਗਰੇਜ਼ੀ ਦੇ ਸ਼ਬਦ ਇੰਮੀਗਰੈਂਟ ਦਾ ਉਲਥਾ ਹੈ, ਪਰ, ਜਿਓਂ ਮੈਂ ਉੱਪਰ ਬਿਆਨ ਕੀਤਾ ਹੈ, ਅਸੀਂ ਇਹਦਾ ਹੋਰ ਹੀ ਕੁਝ ਬਣਾ ਛੱਡਿਆ ਹੈ। ਇਹ ਵਿਗ਼ੜਿਆ ਅਰਥ ਅਸੀਂ ਆਪਣੇ ਜਨਮ ਦੇਸ਼ ਤੋਂ ਹੀ ਲੈ ਆਉਂਦੇ ਹਾਂ, ਜਿੱਥੇ ਬਿਹਾਰ ਤੋਂ ਪੰਜਾਬ ਕੰਮ ਕਰਨ ਪੁੱਜਿਆ ਬੰਦਾ ਆਪਣੇ ਹੀ ਦੇਸ਼ ਵਿੱਚ ‘ਬਿਹਾਰ ਦਾ ਪਰਵਾਸੀ ਭਈਆ’ ਬਣ ਜਾਂਦਾ ਹੈ। ਤੁਸੀਂ ਇੱਧਰ ਅਮਰੀਕਾ (ਜਾਂ ਕੈਨੇਡਾ) ਵਿੱਚ ਕੰਮ ਜਾਂ ਕਿਸੇ ਹੋਰ ਕਾਰਣ ਇੱਕ ਤੋਂ ਦੂਜੇ ਸੂਬੇ ਨੂੰ ਮੂਵ ਕਰਨ ਵਾਲੇ ਬੰਦੇ ਜਾਂ ਪਰਵਾਰ ਉੱਪਰ ਕੀ ਕਦੀ ਪਰਵਾਸੀ ਹੋਣ ਦਾ ਠੱਪਾ ਲੱਗਦਿਆਂ ਦੇਖਿਆ ਹੈ? ਅੱਜ ਜਿਸ ਤਰਾਂ ਦਾ ਵੀ ਹੈ, ਇਸ ਦੇਸ਼ (ਅਮਰੀਕਾ) ਇੰਮੀਗਰੈਂਟਾਂ ਨੇ ਸ਼ੁਰੂ ਕੀਤਾ ਤੇ ਉਸਾਰਿਆਂ ਹੈ। ਆਦਿਵਾਸੀ ਅਮਰੀਕੀਆਂ ਤੋਂ ਇਲਾਵਾ, ਅੱਜ ਵੀ ਇਸ ਦੇਸ਼ ਦਾ ਹਰ ਇੱਕ ਵਿਅਕਤੀ ਜਾਂ ਟੱਬਰ ਜਾਂ ਤਾਂ ਇੰਮੀਗਰੈਂਟ ਹੈ, ਤੇ ਜਾਂ ਉਹਦੀਆਂ ਜੜ੍ਹਾਂ ਇਸ ਦੇਸ਼ ਵਿੱਚ ਇੱਕ ਇੰਮੀਗਰੈਂਟ ਵਿਅਕਤੀ ਜਾਂ ਟੱਬਰ ਤੱਕ ਪਹੁੰਚਦੀਆਂ ਹਨ। ਏਥੇ ਪਹਿਲੇ ਇੰਮੀਗਰੈਂਟ ਲੜਾਈਆਂ ਦੇ ਨੋਚੇ ਹੋਏ ਯੂਰਪ ਵਿੱਚੋਂ ਚੰਗੇਰੀ ਜ਼ਿੰਦਗੀ ਦੀ ਭਾਲ ਕਰਦੇ ਸੰਨ 1620 ਵਿੱਚ ਆਉਣੇ ਸ਼ੁਰੂ ਹੋਏ, ਜਦੋਂ ‘ਮੇਅ ਫਲਾਵਰ’ ਨਾਂ ਦੇ ਸਮੁੰਦਰੀ-ਜਹਾਜ਼ ‘ਤੇ ਪਹਿਲੇ 102 ਯਾਤਰੀਆਂ ਅਮਰੀਕਾ ਦੇ ਪੂਰਬੀ ਤੱਟ ‘ਤੇ ਉੱਤਰੇ; ਜਿਨ੍ਹਾਂ ਨੂੰ ਅਮਰੀਕੀ ਇਤਿਹਾਸ ਵਿੱਚ ਸਤਿਕਾਰ ਨਾਲ ਫ਼ਸਟ ਸੇਟਲਰਜ਼ ਜਾਂ ਪਿਲਗਰਿਮਜ਼ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਜ਼ਮੀਨ ਨੂੰ ਆਪਣੀ ਸਮਝ ਕੇ ਪਿਛਲ-ਝਾਤ ਦੀ ਬਜਾਏ ਅਗਾਂਹ-ਮੁਖੀ ਸੋਚ ਅਪਨਾਉਂਦੇ ਹੋਏ ਇੱਥੇ ਆਪਣੇ ਪਰਵਾਰ ਵਸਾਉਂਦੇ ਹੋਏ ਇਸ ਦੇਸ਼ ਦੀ ਉਸਾਰੀ ਆਰੰਭੀ, ਅਤੇ ਉਹਨਾਂ ਬਾਅਦ ਹੌਲੀ ਹੌਲੀ ਸੰਸਾਰ ਦੇ ਵੱਖ ਵੱਖ ਭਾਗਾਂ ‘ਚੋਂ ਆਉਣ ਵਾਲੇ ਇੰਮੀਗਰੈਂਟਾਂ ਤੇ ਇੰਮੀਗਰੈਂਟਾਂ ਦੀ ਔਲਾਦ ਦੀਆਂ ਪੀੜ੍ਹੀਆਂ ਨੇ ਇਹ ਉਸਾਰੀ ਜਾਰੀ ਰੱਖੀ। ਇਹ ਕੰਮ ਇੰਮੀਗਰੈਂਟਾਂ ਨੇ ਅਕਸਰ ਇਸ ਦੇਸ਼ ਨੂੰ ਆਪਣਾ ਦੇਸ਼ ਸਮਝ ਕੇ ਭਵਿੱਖ-ਮੁਖੀ ਪਹੁੰਚ ਅਪਣਾਉਂਦਿਆਂ ਕੀਤਾ। ਯਾਦ ਰਹੇ, ਇੰਮੀਗਰੈਂਟਾਂ, ਯਾਣਿ ਕਿ ਪਹਿਲੀ ਪੀੜ੍ਹੀ ਅਮਰੀਕੀਆਂ, ਨੇ ਅਮਰੀਕੀ ਆਜ਼ਾਦੀ ਦੇ ਇਨਕਲਾਬੀ ਯੁੱਧ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਅਰਥ ਤੇ ਰੋਲ ਰਿਹਾ ਹੈ ਇਸ ਦੇਸ਼ ਵਿੱਚ ਇੰਮੀਗਰੈਂਟਾਂ ਦਾ, ਇਸ ਦੇਸ਼ ਵਿੱਚ। ਇਹ ਅਰਥ ਪਰਵਾਸੀ ਸ਼ਬਦ ਦੇ ਉੱਪਰ ਚਰਚਿਤ ਉਨ੍ਹਾਂ ਅਰਥਾਂ ਤੋਂ ਵੱਖਰੇ ਹਨ ਜੋ ਸਾਡੇ ਵਿੱਚੋਂ ਬਾਹਲੇ ਪੰਜਾਬੀ ਅਮਰੀਕਣ, ਸਣੇ ਲੇਖ਼ਕ, ਵਰਤਦੇ ਤੇ ਹੰਡਾਉਂਦੇ ਨੇ। ਇਹ ਅਰਥ ਸਾਡੇ ਵਿੱਚੋਂ ਬਾਹਲੇ ਪੰਜਾਬੀ ਅਮਰੀਕਣਾਂ ਦੇ ‘ਅਮਰੀਕਾ’ ਤੇ ‘ਅਮਰੀਕਨ’ ਪ੍ਰਤੀ ਧਾਰੇ ਜਾਂ ਅਪਨਾਏ ਰਵੱਈਏ ਤੋਂ ਵੀ ਵੱਖਰੇ ਨੇ, ਜਿਸ ਰਵੱਈਏ ਦੀ ਮੈਂ ਹੱਥਲੇ ਲੇਖ ਵਿੱਚ ਗੱਲ ਕਰ ਰਿਹਾ ਹਾਂ। ਇੱਥੇ ਮੈਂ ਇਹ ਗੱਲ ਸਪੱਸ਼ਟ ਕਰ ਦਿਆਂ ਕਿ ਮੇਰੇ ਮਨ ਵਿੱਚ ਭੋਰਾ ਭਰ ਵੀ ਸ਼ੱਕ ਨਹੀਂ ਕਿ ਅਸੀਂ ਪੰਜਾਬੀ ਇੰਮੀਗਰੈਂਟਾਂ ਨੇ ਏਥੇ ਆਪਣੇ ਸੌ ਸਾਲਾਂ ਤੋਂ ਵੀ ਲੰਬੇ ਇਤਿਹਾਸ ਦੌਰਾਨ ਇਸ ਦੇਸ਼ ਦੀ ਉਸਾਰੀ ਵਿੱਚ ਆਪਣਾ ਮਹੱਤਵਪੂਰਣ ਹਿੱਸਾ ਪਾਇਆ ਹੈ, ਦੂਸਰੇ ਭਾਈਚਾਰਿਆਂ ਵਾਂਗੂੰ ਹੀ। ਪਰ, ਇਸ ਲੇਖ ਵਿੱਚ ਮੈਂ ਇਸ ਰਵੱਈਏ ਦੀ ਗੱਲ ਤਾਂ ਕਰ ਰਿਹਾਂ ਹਾਂ ਕਿਉਂਕਿ ਇਸ ਰਵੱਈਏ ਦੇ ਵੀ ਅਮਲੀ ਨਤੀਜੇ ਨਿੱਕਲਦੇ ਹਨ ਜੋ ਸਾਡੀ ਜ਼ਿੰਦਗੀ ਉੱਪਰ ਮਾਰੂ ਪ੍ਰਵਾਭ ਪਾਉਂਦੇ ਹਨ। ਇਹ ਮਾਰੂ ਪ੍ਰਭਾਵ ਘਰ ਤੋਂ ਸ਼ੁਰੂ ਹੁੰਦੇ ਨੇ। ਜਦੋਂ ਅਸੀਂ ਇਸ ਦੇਸ਼ ਨੂੰ ਆਪਣਾ ਨਾ ਸਮਝਦੇ ਹੋਏ ਇਹਦੇ ਵਿਸ਼ਾਲ ਵਿਭਿੰਨਤਾ ਵਾਲੇ ਸਾਮਾਜਿਕ ਤੇ ਰਾਜਨੀਤਕ ਜੀਵਨ ਵਿੱਚ ਦਿਲਚਸਪੀ ਨਹੀਂ ਲੈਂਦੇ ਤੇ ਆਪਣੇ ਤੰਗ ਭਾਈਚਾਰੇ ਤੱਕ ਹੀ ਸੀਮਿਤ ਰਹਿੰਦੇ ਹਾਂ, ਤਾਂ ਇਸ ਦੇਸ਼ ਦੇ ਸਿਸਟਮ ਵਿੱਚ ਪਲ਼ਦੀ, ਪੜ੍ਹਦੀ, ਤੇ ਨੌਕਰੀਆਂ ਕਰਦੀ ਆਪਣੀ ਔਲਾਦ ਦੀ ਸਮਝ ਅਤੇ ਆਪਣੀ ਸਮਝ ਵਿਚਕਾਰ ਬੇਸਮਝੀ ਦੀ ਖਾਈ ਪੁੱਟ ਲੈਂਦੇ ਹਾਂ। ਸਾਡੇ ਵਿੱਚੋਂ ਚੋਖੀ ਗਿਣਤੀ ਵਿੱਚ ਕਈ, ਆਪਣੀ ਰਹਿੰਦੀ ਉਮਰ ਖਾਈ ਦੇ ਇਸ ਪਾਰ ਖੜੋ, ਖਾਈ ਦੇ ਉਸ ਪਾਰ ਖੜੀ ਆਪਣੀ ਔਲਾਦ ਨਾਲ ਖ਼ਹਿਬੜਦੇ ਖ਼ਹਿਬੜਦੇ ਬਿਤਾ ਦਿੰਦੇ ਨੇ, ਜਾਂ ਕੁਝ ਦਬਾਅ ਪਾ ਕੇ ਔਲਾਦ ਨੂੰ ਆਪਣੇ ਪਾਸੇ ਨੂੰ ਧੂਹਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਕਾਮਯਾਬੀ ‘ਤੇ ਚਾਹੇ ਅਸੀਂ ਲੱਖ ਪਿੱਠਾਂ ਜਾਂ ਹਿੱਕਾਂ ਥਾਪੜਦੇ ਜੇਤੂ ਬਣ ਬਣ ਕੇ ਫਿਰੀਏ, ਕੌੜ੍ਹਾ ਸੱਚ ਤਾਂ ਇਹ ਹੈ ਕਿ ਸਾਡੀ ਇਹ ‘ਜਿੱਤ’ ਬੇਸਮਝੀ ਦੀ ਖਾਈ ਨੂੰ ਧੱਕ ਕੇ ਸਾਡੀ ਔਲਾਦ ਅਤੇ ਬਾਹਰਲੇ ਵਿਸ਼ਾਲ ਸਮਾਜ ਵਿਚਕਾਰ ਨੂੰ ਕਰ ਦਿੰਦੀ ਹੈ ਤੇ ਇੰਝ ਔਲਾਦ ਦੇ ਭਵਿੱਖ ਵਿੱਚ ਕੰਡੇ ਬੀਜ ਦਿੰਦੀ ਹੈ। ਔਲਾਦ ਨੂੰ ਇਹ ਖਾਈ ਬਾਅਦ ਦੀ ਜ਼ਿੰਦਗੀ ਦੇ ਧੌਲ ਧੱਫੇ ਖਾਕੇ ਹੌਲੀ ਹੌਲੀ ਆਪ ਹੀ ਪਾਰ ਕਰਨੀ ਪੈਂਦੀ ਹੈ ਜਾਂ ਸਾਰੀ ਜ਼ਿੰਦਗੀ ਇਸ ਖਾਈ ਦੀ ਸਜ਼ਾ ਅਸਫ਼ਲਤਾਵਾਂ ਦੇ ਰੂਪ ਵਿੱਚ ਭੁਗਤਣੀ ਪੈਂਦੀ ਹੈ। ਮੈਂ ਏਸ ਗੱਲੋਂ ਵੀ ਭਲੀਭਾਂਤ ਜਾਣੂ ਹਾਂ ਕਿ ਇੰਮੀਗਰੈਂਟਾਂ, ਯਾਨਿ ਪਹਿਲੀ ਪੀੜ੍ਹੀ ਦੇ ਅਮੇਰਿਕਨਾਂ, ਦੇ ਕੁਝ ਆਪਣੇ ਹੀ ਅਲੱਗ ਮੁੱਦੇ ਤੇ ਮਸਲੇ ਹੁੰਦੇ ਨੇ ਜਿਵੇਂ ਪਿੱਛੇ ਰਹਿ ਗਏ ਜਨਮ ਦੇਸ਼ ਦਾ ਹੇਰਵਾ, ਤੇ ਆਪਣੇ ਨਵੇਂ ਦੇਸ਼ ਵਿੱਚ ਵਸਣ ਦੀ ਪ੍ਰਕਿਰਿਆ ਦੌਰਾਨ ਆਉਂਦੀਆਂ ਮੁਸ਼ਕਲਾਂ। ਪਰ ਜਿਸ ਰਵੱਈਏ ਦੀ ਮੈਂ ਉੱਪਰ ਗੱਲ ਕੀਤੀ ਹੈ, ਉਹ ਰਵੱਈਆ ਇਨ੍ਹਾਂ ਮੁਸ਼ਕਲਾਂ ਦੇ ਹੱਲ ਕੱਢਣ ਵਿੱਚ ਸਹਾਈ ਹੋਣ ਦੀ ਬਜਾਏ ਇਨ੍ਹਾਂ ਮੁਸ਼ਕਲਾਂ ਨੂੰ ਵਧਾਉਂਦਾ ਹੀ ਹੈ। ਇਹ ਵੀ ਸੱਚ ਕਿ ਹੋਰ ਦੇਸ਼ਾਂ ਵਾਂਗ ਹੀ ਇਸ ਦੇਸ਼ ਦੇ ਇਤਿਹਾਸ ਵਿੱਚ ਵੀ ਹਮੇਸ਼ਾ ਸੱਭ ਕੁਛ ਠੀਕ-ਠਾਕ ਨਹੀਂ ਰਿਹਾ, ਅਤੇ ਸਮੇਂ ਸਮੇਂ ਵੱਖ ਵੱਖ ਇੰਮੀਗਰੈਂਟ ਗਰੁੱਪਾਂ ਨਾਲ ਵਿਤਕਰੇ ਹੁੰਦੇ ਰਹੇ ਹਨ, ਤੇ ਅੱਜ ਵੀ ਹੋ ਰਹੇ ਨੇ। ਪਰ ਇਹ ਸਮੱਸਿਆਵਾਂ ਵੀ ਏਸ ਲੇਖ ਵਿੱਚ ਚਰਚਿਤ ਰਵੱਈਆ ਅਪਣਾ ਕੇ ਨਹੀਂ ਸਗੋਂ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਹੀ ਹੱਲ ਕੀਤੀਆਂ ਜਾ ਸਕਦੀਆਂ ਨੇ। ਇਸ ਦੇਸ਼ ਨੂੰ ਆਪਣਾ ਸਮਝ ਕੇ ਨਾ ਅਪਨਾੳੇਣਾ, ਤਾਂ ਮੁੱਢੋਂ ਢੇਰੀ ਢਾਉਣ ਵਾਲੀ ਗੱਲ ਹੈ। ਇਸ ਲੇਖ ਵਿੱਚ ਜੋ ਮੈਂ ਹੁਣ ਤੱਕ ਕਿਹਾ ਉਹਦੇ ਪ੍ਰਸੰਗ ਵਿੱਚ, ਇੱਕ ਲੇਖ਼ਕ ਹੋਣ ਦੇ ਜ਼ਰੀਏ ਮੇਰਾ ਬਹੁਤ ਜੀਅ ਕਰਦਾ ਹੈ, ਜਾਂ ਇੰਝ ਸਮਝੋ ਕਿ ਜੇ ਮੇਰਾ ਵੱਸ ਚੱਲੇ ਤਾਂ, ਮੈਂ ਆਪਣੇ ਸੰਗੀ ਪੰਜਾਬੀ ਅਮਰੀਕਣ ਲੇਖ਼ਕਾਂ ਨੂੰ ਕਹਾਂ: ਆਉ, ਆਪਣੀ ਚੋਣ ਦੇ, ਆਪਣੇ ਅਪਨਾਏ ਹੋਏ, ਆਪਣੇ ਇਸ ਦੇਸ਼ ਦੀ ਜ਼ਮੀਂ ਉੱਪਰ ਆਪੇ ਰਚੀ ਵਿਦੇਸ਼ੀ/ਪਰਵਾਸੀ ਸ਼ੋਕ ਸਭਾ ਦੀ ਵਿਛਾਈ ਦਰੀ ਲਪੇਟ ਲਈਏ। ਇੱਕ ਪੰਜਾਬੀ ਬੰਦਾ ਹੋਣ ਦੇ ਜ਼ਰੀਏ ਮੇਰਾ ਬਹੁਤ ਜੀਅ ਕਰਦਾ ਹੈ ਕਿ ਮੈਂ ਆਪਣੇ ਸੰਗੀ ਪੰਜਾਬੀ ਅਮਰੀਕਣਾਂ ਨੂੰ ਕਹਾਂ: ਆਓ, ਆਪਣੀ ਚੋਣ ਦੇ, ਆਪਣੇ ਅਪਨਾਏ ਹੋਏ, ਆਪਣੇ ਇਸ ਦੇਸ਼ ਅਮਰੀਕਾ, ਇਹਦੇ ਕੌਮੀ ਤਿਉਹਾਰਾਂ, ਤੇ ਇਹਦੇ ਹੋਰ ਲੋਕਾਂ ਨੂੰ ਸੌਕਣਾਂ ਵਾਂਗੂ ਦੇਖਣ ਦੀ ਬਜਾਏ ਉਨ੍ਹਾਂ ਨੂੰ ਅਸਲ ਵਿੱਚ ਅਪਣਾਈਏ। ਅਪਣਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਣਾ ਸੱਭ ਕੁਛ ਛੱਡ ਦੇਈਏ। ਏਥੇ ਅਪਣਾਉਣ ਦਾ ਮਤਲਬ ਹੈ ਕਿ ਇਹਦੀਆਂ ਵਾਦੀਆਂ, ਪਹਾੜਾਂ, ਰੁੱਤਾਂ, ਬਰਫ਼ਾਂ, ਧੁੰਦਾਂ, ਤੇ ਬਾਰਿਸ਼ਾਂ ਸਮੇਤ ਅਮਰੀਕਾ ਨੂੰ ਆਪਣਾ ਦੇਸ਼ ਸਮਝੀਏ; ਤੇ ਏਥੇ ਰਹਿਣ ਵਾਲੇ ਹੋਰ ਲੋਕਾਂ ਨੂੰ ਆਪਣੇ ਦੇਸ਼ ਵਾਸੀ। ਅਪਣਾਉਣ ਦਾ ਮਤਲਬ ਵੀ ਹੁੰਦਾ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਬਾਹਰਲੇ ਆਪਣੇ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ, ਰਿਵਾਜ਼, ਤਿਉਹਾਰ ਆਦਿ ਸਾਂਝੇ ਕਰੀਏ ਅਤੇ ਉਹਨ੍ਹਾਂ ਦੇ ਵਿਚਾਰਾਂ, ਰਿਵਾਜ਼ਾਂ, ਤਿਉਹਾਰਾਂ ਆਦਿ ਨੂੰ ਸਮਝਣ ਕੋਸ਼ਿਸ਼ ਕਰੀਏ। ਅਪਣਾਉਣ ਦਾ ਮਤਲਬ ਇਹ ਵੀ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਲਾਂ, ਹੋਰ ਭਾਈਚਾਰਿਆਂ ਦੀਆਂ ਮੁਸ਼ਕਲਾਂ, ਤੇ ਆਪਣੇ ਦੇਸ਼ ਅਮਰੀਕਾ ਦੀਆਂ ਕੌਮੀ ਮੁਸ਼ਕਲਾਂ ਤੋਂ ਜਾਣੂ ਰਹੀਏ; ਅਤੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਆਪਣੀ ਵਿੱਤ ਮੂਜਬ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਈਏ। ਇਹੋ ਜਿਹਾ ਆਪਣੇਪਣ ਦਾ ਰਵੱਈਆਂ ਸਾਨੂੰ ਆਪਣੀ ਏਥੇ ਜੰਮਦੀ/ਪਲ਼ਦੀ ਔਲਾਦ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਣ ਤੇ ੳਸ ਨਾਲ ਨੇੜਤਾ ਵਧਾਉਣ ਵਿੱਚ ਵੀ ਸਹਾਈ ਹੋਏਗਾ। ਇਹੋ ਜਿਹਾ ਆਪਣੇਪਣ ਦਾ ਰਵੱਈਆਂ ਹੀ ‘ਪਰਵਾਸ’ ਰੋਗ ਦਾ ਅਸਲੀ ਇਲਾਜ ਹੈ। ਅਮਰੀਕਾ ਵਿੱਚ ਜੁਲਾਈ 4 ਵਰਗੇ ਦਿਨਾਂ-ਸੁੱਧਾਂ ਉੱਪਰ ਆਮ ਗਾਇਆ ਜਾਣ ਵਾਲਾ ਇੱਕ ਗੀਤ ਹੈ ਜੋ ਇਸ ਦੇਸ਼ ਵਿੱਚ ਸਦਾ-ਬਹਾਰ ਪ੍ਰਸਿੱਧ ਤੇ ਮਨਭਾਉਂਦੇ ਗੀਤਾਂ ਵਿੱਚੋਂ ਕੌਮੀ ਗੀਤ ਦੇ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ। ਇਹ ਗੀਤ ਅਮਰੀਕੀ ਲੋਕ ਗੀਤਕਾਰ ਤੇ ਗਾਇਕ ਵੁੱਡੀ ਗੱਥਰੀ (1912—1967) ਨੇ ਲਿਖਿਆਂ ਤੇ ਪਹਿਲੀ ਵਾਰ ਗਾਇਆ। ਇਹ ਗੀਤ ਇਨ੍ਹਾਂ ਲਾਇਨਾਂ ਨਾਲ ਸ਼ੁਰੂ ਹੁੰਦਾ ਹੈ: This land is your land, this land is my land ਹੇਠਾਂ ਇਨ੍ਹਾਂ ਲਾਇਨਾਂ ਦਾ ਮੈਂ ਇੰਝ ਉਲਥਾ ਕਰਦਾ ਹਾਂ: ਜੁਲਾਈ 4, ਜੋ ਇਸ ਸਾਲ ਮੰਗਲਵਾਰ ‘ਤੇ ਪੈਂਦਾ ਹੈ, ਕਈ ਇਹਨੂੰ ਖਿੱਚ ਕੇ ਲੰਬੇ ਵੀਕਇੰਡ ਵਿੱਚ ਬਦਲ ਲੈਣਗੇ। ਇਸ ਲੰਬੇ ਵੀਕਇੰਡ ‘ਤੇ, ਉੱਪਰੋਤਕ ਗੀਤ ਦੀ ਰੂਹ ਨਾਲ ਕੈਲੇਫੋਰਨੀਆਂ ਦੀ ਸਿਲੀਕਨ ਵਾਦੀ ਤੇ ਕੇਂਦਰੀ ਵਾਦੀ (ਯੂਬਾ ਸਿਟੀ, ਸੈਕਰਾਮਿੰਟੋ, ਫਰੈਜ਼ਨੋ, ਬੇਕਰਫ਼ੀਲਡ) ਤੋਂ ਜੈਕਸਨ ਹਾਈਟਜ਼/ਨਿਊਯਾਰਕ ਅਤੇ ਸ਼ਾਂਤ ਮਹਾਂਸਾਗਰ ਤੋਂ ਏਟਲੈਂਟਿਕ ਮਹਾਂਸਾਗਰ ਤੱਕ ਖਿੱਚੀ ਇਸ ਲਕੀਰ ਦੇ ਉਤੱਰ ਤੋਂ ਦੱਖਣ ਤੱਕ ਇਸ ਦੇਸ਼ ਵਿੱਚ ਵਸੇ ਆਪਣੇ ਸੰਗੀ ਪੰਜਾਬੀਆਂ ਨੂੰ ਮੈਂ ਕਹਿੰਦਾ ਹਾਂ: ਜੁਲਾਈ ਚਾਰ ਮੁਬਾਰਕ। ਆਓ, ਆਪਾਂ ਸਾਰੇ ਸ਼ਬਦ ਦੇ ਸਹੀ ਅਰਥਾਂ ਵਿੱਚ ਇਸ ਦੇਸ਼ ਨੂੰ ਆਪਣਾ ਦੇਸ਼ ਸਮਝੀਏ ਕਿਉਕਿ ਇਹ ਦੇਸ਼ ਜਿੰਨਾ ਹੋਰ ਦੇਸ਼ ਵਾਸੀਆਂ ਦਾ ਹੈ ਉੱਨਾ ਆਪਣਾ ਵੀ ਹੈ; ਇਸ ਦੇਸ਼ ਵਿੱਚ ਬਿਦੇਸ਼ੀ ਬਣ ਕੇ ਨਹੀਂ, ਸਗੋਂ ਦੇਸ਼-ਵਾਸੀਆਂ ਭਾਵ ਨਾਗਰਿਕਾਂ ਦੀ ਤਰਾਂ ਰਹੀਏ ਕਿਉਂਕਿ ਅਸੀਂ ਨਾਗਰਿਕ ਹਾਂ; ਬਾਕੀ ਦੇਸ਼ਾਂ ਵਾਂਗ ਇਸ ਦੇਸ਼ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ ਤੇ ਇਸ ਦੇਸ਼ ਵਿੱਚ ਵਸਦੇ ਹੋਰ ਭਾਈਚਾਰਿਆਂ ਵਾਂਗ ਪੰਜਾਬੀ ਭਾਈਚਾਰੇ ਨੂੰ ਵੀ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਤੇ ਆਉਂਦੀਆਂ ਨੇ; ਉਨ੍ਹਾਂ ਮਸ਼ਕਲਾਂ ਨੂੰ ਨਜਿੱਠੀਏ ਨਾਗਰਿਕਾਂ ਵਾਂਗ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਵਿੱਚ ਹਿੱਸਾ ਲੈ ਕੇ; ਜਦੋਂ ਅਸੀਂ ਨਾਗਰਿਕ, ਭਾਵ ਅਮਰੀਕਨ, ਬਣ ਕੇ ਪੇਸ਼ ਆਉਣ ਦੀ ਥਾਂ ਇਹ ਮਿੱਥ ਕੇ ਤੁਰਦੇ ਹਾਂ ਕਿ ਅਸੀਂ ਅਮਰੀਕਨ ਨਾ ਹੋ ਕੇ ਵਿਦੇਸ਼ੀ ਜਿਹੇ ਆਂ, ਤਾਂ ਅਸੀਂ ਪਹਿਲਾ ਕਦਮ ਚੁੱਕਣ ਤੋਂ ਪਹਿਲਾਂ ਹੀ ਹਾਰ ਜਾਂਦੇ ਹਾਂ। ਸੋ, ਆਓ ਜੁਲਾਈ ਚਾਰ, ਥੈਂਕਸਗਿਵੰਗ, ਸਟੇਟ ਫੈਅਰ, ਕਾਊਂਟੀ ਫੇਅਰਜ਼, ਤੇ ਇਸ ਦੇਸ਼ ਦੇ ਹੋਰ ਤਿਓਹਾਰ ਇਸ ਦੇ ਨਾਗਰਿਕਾਂ ਦੀ ਤਰ੍ਹਾਂ ਮਨਾਈਏ, ਉਨੇਂ ਹੀ ਉਤਸ਼ਾਹ ਨਾਲ ਜਿੰਨੇ ਉਤਸ਼ਾਹ ਨਾਲ ਅਸੀਂ ਭਾਰਤ ਦਾ ਆਜ਼ਾਦੀ ਦਿਵਸ 15 ਅਗੱਸਤ, ਲੋਹੜੀ, ਹੋਲੀ, ਤੇ ਦਿਵਾਲੀ ਬਗ਼ੈਰਾ ਮਨਾਉਂਦੇ ਹਾਂ। ਜੁਲਾਈ ਚਾਰ ਦਾ ਮੂਲ-ਮੰਤਰ ਹਮੇਸ਼ਾ ਯਾਦ ਰੱਖੀਏ: ਥੌਮਸ ਜੈਫਰਸਨ ਦੇ ਸ਼ਬਦਾਂ ਵਿੱਚ, “ਸਾਰੇ ਮਨੁੱਖ ਬਰਾਬਰ ਹਨ”, ਭਗਤ ਕਬੀਰ ਦੇ ਕਹੇ ਅਨੁਸਾਰ, “ਏਕ ਨੂਰ ਤੇ ਸਭੁ ਜਗੁ ਉਪਜਿਆ, ਕੁਦਰਤਿ ਕੇ ਸਭ ਬੰਦੇ”, ਤੇ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਵਿੱਚ, “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ”। E-mail: dr.sukhpal.sanghera@gmail.com |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |