15 October 2024

ਲੋਕ ਕਾਫ਼ਰ ਕਾਫ਼ਰ ਆਖਦੇ—ਡਾਕਟਰ ਅਜੀਤ ਸਿੰਘ ਕੋਟਕਪੂਰਾ 

ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰ ਸਮਝੇ ਜਾਂਦੇ ਹਨ : ਬਾਬਾ ਫਰੀਦ ਜੀ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁਲ੍ਹੇ ਸ਼ਾਹ| ਬਾਬਾ ਫਰੀਦ ਜੀ ਨੇ ਬਾਰਵੀਂ ਤੋਂ ਪੰਦਰਵੀਂ ਸਦੀ ਦਰਮਿਆਨ ਇਸ ਕਾਵਿ ਦੀ ਪ੍ਰਤੀਨਿਧਤਾ ਕੀਤੀ| ਸ਼ਾਹ ਹੁਸੈਨ ਨੇ ਸੌਲ੍ਹਵੀਂ ਸਦੀ ਦੀ ,ਸੁਲਤਾਨ ਬਾਹੂ ਨੇ ਸਤਾਰ੍ਹਵੀਂ ਸਦੀ ਦੀ ਅਤੇ ਬੁਲ੍ਹੇ ਸ਼ਾਹ ਨੇ ਅਠਾਰਹਵੀਂ ਸਦੀ ਦੀ ਪ੍ਰਤੀਨਿਧਤਾ ਕੀਤੀ ਸੀ| ਸਾਰੇ ਵਿਦਵਾਨਾਂ ਦੁਆਰਾ ਹੀ ਸੂਫ਼ੀਆਂ ਲਈ ਵਲੀ ਸ਼ਬਦ ਦਾ ਪ੍ਰਯੋਗ ਹੀ ਕੀਤਾ ਹੈ| ਨਬੀ ਸ਼ਬਦ ਤੋਂ ਵੱਖ ਇਸ ਸ਼ਬਦ ਦੇ ਅਰਥ ਕੁਝ ਇਸ ਤਰਾਂ ਪ੍ਰਗਟਾਏ ਗਏ ਹਨ। ਨਬੀ ਉਹ ਹੁੰਦਾ ਹੈ ਜਿਸ ਨੂੰ ਅੱਲ੍ਹਾ ਨੇ ਆਪਣੇ ਲਈ ਚੁਣਿਆ ਹੈ ਅਤੇ ਵਲੀ ਉਹ ਹੈ ਜਿਸਨੇ ਅੱਲ੍ਹਾ ਨੂੰ ਆਪਣੇ ਲਈ ਚੁਣਿਆ ਹੈ| ਇਸ ਤਰਾਂ ਨਬੀ ਪੈਗ਼ੰਬਰ ਹੋ ਗਿਆ ਅਤੇ ਵਲੀ ਆਸ਼ਕ ਹੋ ਗਿਆ| ਅੱਲ੍ਹਾ ਨੇ ਆਪਣੀ ਬਾਣੀ ਨਬੀ ਰਾਹੀਂ ਆਪਣੀ ਰਚਨਾ ਤਕ ਪੁੱਜਦੀ ਕੀਤੀ ਪ੍ਰੰਤੂ ਸੂਫ਼ੀ ਆਪਣੇ ਕਾਵਿ ਰਾਹੀਂ ਆਪਣੇ ਅੱਲ੍ਹਾ ਤਕ,ਆਪਣੇ ਮੂਲ ਤਕ, ਆਪਣੇ ਇਸ਼ਕ ਤਕ ਪੁਜਾ| ਇਸ ਕਾਵਿ ਅੰਦਰ ਵਸੀ ਖੂਬਸੂਰਤੀ ਇਸ ਪ੍ਰੇਮ ਭਾਵ ਦੀ ਸ਼ਿੱਦਤ ਕਾਰਨ ਹੋਂਦਸ਼ੀਲ ਹੈ| ਸ਼ਿੱਦਤ ਦੀ ਹਾਜ਼ਰੀ ਹੀ ਕਾਫੀ ਕਾਵਿ ਨੂੰ ਜਨਮ ਦਿੰਦੀ ਹੈ| ਬੁੱਲੇ ਨੇ ਆਪਣੇ ਸ਼ਬਦਾਂ ਵਿਚ ਕੁਝ ਇਸ ਤਰਾਂ ਵਰਨਣ ਕੀਤਾ ਹੈ ਕਿ –

ਘੂੰਘਟ ਚੁੱਕ ਓ ਸੱਜਣਾ ,
 ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ|

ਵਲੀ ਉਹ ਹੈ ਜਿਸ ਨੂੰ ਅੱਲ੍ਹਾ ਨੇ ਆਪਣਾ ਲਿਆ ਹੈ ਅਤੇ ਸੂਫ਼ੀ ਸ਼ਬਦ ਸਫ਼ਾ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਪਾਕ ਪਵਿੱਤਰ ਹੋਣ ਤੋਂ ਹੈ| ਉਹ ਦਿਲ ਜਿਸ ਨੇ ਆਪਣੇ ਆਪ ਨੂੰ ਇਤਨਾ ਸਾਫ ਪਾਕ  ਕਰ ਲਿਆ ਤਾਂ ਜੋ ਉਸ ਦਾ ਇਸ਼ਕ ਇਸ ਦੇ ਅੰਦਰ ਵਸਣ ਤੋਂ ਇਨਕਾਰ ਕਰ ਹੀ ਨਾ ਸਕੇ| ਇਹ ਅਵਸਥਾ ਹੀ ਇਹੋ ਜਿਹਾ ਕਾਵਿ ਰਚ ਸਕਦੀ ਹੈ:

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ,ਢੂੰਢਾਂ ਜੰਗਲ ਬੇਲੇ ਰੋਹੀ,
ਢੂੰਢਾਂ ਤਾਂ ਸਾਰਾ ਜਹਾਨ ਵੇ ਵੇਹੜੇ ਆ ਵੜ ਮੇਰੇ| 

ਉਸ ਦਾ ਅੱਲ੍ਹਾ ਨਬੀ ਦੇ ਅੱਲ੍ਹਾ ਨਾਲੋਂ  ਇਥੇ ਆ ਕੇ ਵੱਖਰਾ ਹੋ ਜਾਂਦਾ ਹੈ | ਅੱਲ੍ਹਾ ਦੀ ਦੀਦਾਰੀ ਕਰਾਮਾਤ ਨਾਲ ਨਬੀ ਭੈ ਭੀਤ ਹੋ ਜਾਂਦਾ ਹੈ ਅਤੇ ਬੁੱਲ੍ਹਾ ਨੂਰੋ ਨੂਰ ਹੋ ਉੱਠਦਾ ਹੈ | ਇਸ ਹਾਲਤ ਵਿਚ ਨੂਰੋ ਨੂਰ ਹੋਇਆ ਬੁੱਲ੍ਹਾ ਨੱਚ ਉੱਠਦਾ ਹੈ ਅਤੇ ਗੀਤ ਬਣ ਜਾਂਦਾ ਹੈ ਪ੍ਰੇਮ ਦਾ ਇਸ਼ਕ ਦਾ ਗੀਤ| ਨਬੀ ਦੀ ਵਹੀ ਅਤੇ ਸੂਫ਼ੀ ਦੀ ਬਾਣੀ ਇਸ ਤਰੀਕੇ ਨਾਲ ਇੱਕ ਦੂਜੇ ਤੋਂ ਭਿੰਨ੍ਹ ਹੋ ਜਾਂਦੀਆਂ ਹਨ |ਇਸ ਬਰੀਕ ਲੀਕ ਨੂੰ ਲੱਭਣ ਤੋਂ ਬਿਨਾ ਸੂਫ਼ੀ ਕਾਵਿ ਅਧਿਐਨ ਨੂੰ ਕਿਉਂ ਪ੍ਰੇਰਿਤ ਕਰਦਾ ਹੈ| ਉਸ ਦੀ ਰਸਨਾ ਬਿਨਾ ਕਿਸੇ ਉਚੇਚ ਤੋਂ ਅੱਜ ਵੀ ਬੁੱਲੇ ਸ਼ਾਹ ਦੀ ਕਾਫੀ ਨਾਲ ਸੁਆਦ ਦੀ ਭਰੀ ਭਰੀ ਰਹਿੰਦੀ ਹੈ | ਇਸ ਵਿਚਲੀ ਘੁੰਡੀ ਹੀ ਪੰਜਾਬੀਆਂ  ਅੰਦਰ ਪਿਆਸ ਨੂੰ ਵਧਾਉਂਦੀ ਹੈ |

ਅੱਲ੍ਹਾ ਜਿਸ ਨੂੰ ਪਿਆਰ ਕਰਦਾ ਹੈ ਉਹ ਨਬੀ ਹੈ ਅਤੇ ਜਿਸ ਨੂੰ ਅੱਲ੍ਹਾ ਨਾਲ ਇਸ਼ਕ ਹੋ ਜਾਂਦਾ ਹੈ ਉਸ ਨੂੰ ਸੂਫ਼ੀ ਕਿਹਾ ਜਾਂਦਾ ਹੈ| ਅੱਲ੍ਹਾ ਨੂੰ ਸਿੱਧਮ ਸਿੱਧਾ ਮਿਲ ਲੈਣ ਦੇ ਲੋਕਾਂ ਦੇ ਚਾਅ ਅੱਗੇ ਪੁਜਾਰੀ ਵਰਗ ਖੰਦਕ ਬੰਦ ਉਚਾਰਦਾ ਹੈ| ਬੁੱਲ੍ਹੇ ਦਾ ਕਾਵਿ ਇਸ ਖੰਦਕ  ਨੂੰ ਮਿਟਾਉਣ ਦਾ ਹੋਕਾ ਹੋ ਨਿਬੜਦਾ ਹੈ ਇਸ ਤਰਾਂ ਨਾਲ ਇਹ ਕਾਵਿ ਲੋਕਾਈ ਦੀ ਹੀ ਜ਼ੁਬਾਨ ਹੋ ਜਾਇਆ ਕਰਦਾ ਹੈ| ਉਸ ਨੇ ਲਿਖਿਆ ਹੈ ਕਿ –

ਬੁੱਲ੍ਹਿਆ ਧਰਮਸ਼ਾਲਾ ਧੜਵਾਈ ਰਹਿੰਦੇ ,ਠਾਕੁਰ ਦੁਆਰੇ ਠੱਗ ,
ਵਿਚ ਮਸੀਤਾਂ ਕੁਸਤੀਏ ਰਹਿੰਦੇ ਤੇ ਆਸ਼ਕ ਰਹਿਣ ਅਲੱਗ|

ਇਸ ਢੰਗ ਨਾਲ ਉਸ ਨੂੰ ਆਪਣੇ ਅੰਦਰੋਂ ਪੁਜਾਰੀ ਵਰਗ ਦੇ ਕਰਮ ਕਾਂਡ ਤੋਂ ਮੁਕਤੀ ਦਾ ਮਾਰਗ ਨਜ਼ਰ ਆਓਂਦਾ ਹੈ| ਉਸ ਨੇ ਲਿਖਿਆ ਹੈ ਕਿ –

ਬੁੱਲ੍ਹਿਆ ਆਸ਼ਕ ਹੋਇਓਂ ਰੱਬ ਦਾ ,ਮੁਲਾਮਤ ਹੋਈ ਲਾਖ|
ਲੋਕ ਕਾਫ਼ਿਰ ਕਾਫਿਰ ਆਖਦੇ ,ਤੂੰ ਆਹੋ ਆਹੋ ਆਖ |

ਅੱਜ ਵੀ ਪੁਜਾਰੀਆਂ ਅਤੇ ਲੋਕਾਂ ਦੇ ਦਰਮਿਆਨ ਇਹ ਝਗੜਾ ਚਲ ਹੀ ਰਿਹਾ ਹੈ| ਅੱਜ ਵੀ ਬੁੱਲ੍ਹਾ ਪੰਜਾਬੀ ਲੋਕ ਮਨ ਦੀ ਜੀਭ ਬਣਿਆ ਹੋਇਆ ਨਜ਼ਰੀ ਪੈਂਦਾ ਹੈ| ਉਸ ਦੇ ਰਚੇ ਹੋਏ ਦੋਹੜੇ ਤਾਂ ਪੰਜਾਬੀ ਭਾਸ਼ਾ ਦੇ ਮੁਹਾਵਰੇ ਹੀ ਬਣ ਚੁਕੇ ਹਨ ਜਿਵੇ:

ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ ,ਹੇਠ ਬਾਲ ਹੱਡਾਂ ਦੀ ਅੱਗ ,
ਚੋਰੀ ਕਰ ਤੇ ਭੰਨ ਘਰ ਰੱਬ ਦਾ ,ਉਸ ਠੱਗਾਂ ਦੇ ਠੱਗ ਨੂੰ ਠੱਗ|

ਅਤੇ ਉਹ ਲਿਖਦਾ ਹੈ ਕਿ –

ਬੁੱਲ੍ਹੇ ਨੂੰ ਲੋਕੀਂ ਮੱਤਾਂ ਦਿੰਦੇ,ਬੁੱਲ੍ਹਿਆਂ ਤੂੰ ਜਾ ਬਹੁ ਮਸੀਤੀਂ|
ਵਿਚ ਮਸੀਤਾਂ ਕਿ ਕੁਝ ਹੁੰਦਾ ,ਜੇ ਦਿਲੋਂ ਨਮਾਜ਼ ਨਾ ਕੀਤੀ|
ਬਾਹਰੋਂ ਪਾਕ ਕੀਤੇ ਕੀ ਹੁੰਦਾ ,ਜੇ ਅੰਦਰੋਂ ਨਾ ਗਈ ਪਲੀਤੀ|
ਬਿਨ ਮੁਰਸ਼ਿਦ ਕਾਮਲ ਬੁੱਲਿਆਂ ,ਤੇਰੀ ਐਵੈਂ ਗਈ ਇਬਾਦਤ ਕੀਤੀ|

ਉਨ੍ਹਾਂ ਵਲੋਂ ਰਚੇ ਬਹੁਤ ਸਾਰੇ ਮੁਖੜੇ ਤੇ ਦੋਹੜੇ ਅੱਜ ਦੀ ਪੰਜਾਬੀ ਲੋਕ ਗਾਇਕੀ ਦੀ ਰੂਹ ਬਣ ਚੁਕੇ ਹਨ| ਇਹ ਦਿਲ ਅੰਦਰ ਵਸਦੀ ਖੁਲ ਖਿਆਲੀ ਦੀ ਤਰਜਮਾਨੀ ਕਰਨ ਤੋਂ ਇਲਾਵਾ ਪੰਜਾਬੀਆਂ ਦੇ ਦਿਲਾਂ ਅੰਦਰ ਆਪਣੇ ਪਿਆਰ ਤੋਂ ਸਾਹ  ਜਿਤਨੀ ਵਿਥ ਦੀ ਦੂਰੀ ਨੂੰ ਝੱਲ ਸਕਣ ਦਾ ਜਿਗਰਾ ਨਹੀਂ ਰੱਖ ਸਕਦੇ ਅਤੇ ਨਾ ਹੀ ਅੱਲ੍ਹਾ ਨੂੰ ਆਪਣੇ ਇਸ਼ਕ ਨੂੰ ਉਹ ਅੱਖੋਂ ਓਹਲੇ ਛੁਪੇ ਰਹਿਣਾ ਬਖਸ਼ਦੇ ਹਨ| ਕਦੇ ਕਾਜ਼ੀ ਤੇ ਮੁੱਲਾਂ ਨੇ ਬੁੱਲ੍ਹੇ ਦੀ ਲਾਸ਼ ਨੂੰ ਕਬਰ ਵਿਚ ਪਾਉਣ ਵਾਸਤੇ ਕਸੂਰ ਦੇ ਕਬਰਿਸਤਾਨ ਅੰਦਰ ਢਾਈ ਗਜ਼ ਜ਼ਮੀਨ ਦੇਣ ਦੀ ਆਗਿਆ ਨਹੀਂ ਦਿਤੀ ਸੀ| ਅੱਜ ਦਾ ਕਸੂਰ ਸ਼ਹਿਰ ਬੁੱਲ੍ਹੇ ਦੀ ਕਬਰ ਦੁਆਲੇ ਹੀ ਵਸਿਆ ਹੋਇਆ ਦਿਖਾਈ ਦੇ ਰਿਹਾ ਹੈ|

ਬੁੱਲ੍ਹੇ ਸ਼ਾਹ ਦਾ ਅਸਲ ਨਾਂ ਅਬਦੁੱਲਾ ਜਾਂ ਅਬਦੁੱਲਾ ਸ਼ਾਹ ਸੀ ਆਪਣੇ ਅਸਲ ਨਾਂ ਦੇ ਸਬੰਧ ਵਿਚ ਬੁੱਲ੍ਹੇ ਨੇ ਲਿਖਿਆ ਹੈ:

ਹੁਣ ਇਨ੍ਹ ਅਲਾਹ ਆਖ ਕੇ ਤੁਮ ਕਰੋ ਦੁਆਈੰ,
ਪੀਆ ਹੀ ਸਭ ਹੋ ਗਿਆ, ਅਬਦੁੱਲਾ ਨਾਹੀਂ |

ਬੁੱਲ੍ਹਾ ਇਕ ਪ੍ਰਸਿੱਧ ਸਯਦ ਪਰਿਵਾਰ ਨਾਲ ਸਬੰਧ ਰੱਖਦਾ ਸੀ| ਬੁਲ੍ਹੇ ਸ਼ਾਹ ਦਾ ਜਨਮ ਕਸੂਰ (ਪੱਛਮੀ ਪਾਕਿਸਤਾਨ )ਦੇ ਨੇੜੇ ਪਿੰਡ ਪਾਂਡੋਕੇ ਵਿਖੇ ਹੋਇਆ| ਬੁੱਲ੍ਹੇ ਦੇ ਜਨਮ ਅਤੇ ਕਾਲ ਵੱਸ ਹੋਣ ਦੀਆਂ ਤਰੀਕਾਂ ਦੇ ਸਬੰਧ ਵਿਚ ਵਿਦਵਾਨਾਂ ਦੇ ਮਤ ਭੇਦ ਹਨ ਪ੍ਰੰਤੂ ਇਹ ਮੰਨ ਲਿਆ ਗਿਆ ਹੈ ਕਿ ਬੁੱਲ੍ਹੇ ਸ਼ਾਹ ਦਾ ਜਨਮ 1680 ਈਸਵੀ ਵਿਚ ਹੋਇਆ ਅਤੇ ਮ੍ਰਿਤੂ ਦਾ ਸਾਲ 1758 ਈਸਵੀ ਠੀਕ ਹਨ| ਉਸ ਦੇ ਪਿਤਾ ਦਾ ਨਾਂ ਸਯਦ ਮੁਹੰਮਦ ਜਾਂ ਮੀਆਂ ਮੁਹੰਮਦ ਦਰਵੇਸ਼ ਸੀ ਜੋ ਆਪਣੇ ਹੀ ਪਿੰਡ ਵਿਚ ਪੜਾਉਣ ਦਾ ਕੰਮ ਕਰਦਾ ਸੀ| ਸਯਦ ਮੁਹੰਮਦ ਬਹੁਤ ਹੀ ਨੇਕ ਅਤੇ ਪ੍ਰਭੂ ਭਗਤ ਵਿਅਕਤੀ ਹੋਇਆ ਹੈ  ਉਸ ਦੇ ਅੰਦਰ ਆਪਣੇ ਪੁੱਤਰ ਬੁੱਲ੍ਹੇ ਨੂੰ ਉਚੇਰੀ ਵਿਦਿਆ ਦੇਣ ਦੀ ਰੀਝ ਸੀ| 

ਇੱਕ ਰਵਾਇਤ ਅਨੁਸਾਰ ਉਸ ਦਾ ਜਨਮ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ-ਗਿਲਾਨੀਆ ਵਿਚ ਹੋਇਆ| ਉਹ ਅਜੇ 6 ਮਹੀਨੇ ਦਾ ਹੀ ਸੀ ਕਿ ਉਸ ਦੇ ਮਾਪੇ ਉਸ ਨੂੰ ਉੱਚ-ਗਿਲਾਨੀਆ ਤੋਂ ਪਹਿਲਾਂ ਮਲਕਵਾਲ ਤੇ ਫਿਰ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲਾ ਲਾਹੌਰ ਆ ਗਏ | ਉਨ੍ਹਾਂ ਦਾ ਬਚਪਨ ਪਾਂਡੋਕੇ ਵਿਚ ਹੀ ਬੀਤਿਆ| ਪੜ੍ਹਾਈ ਲਿਖਾਈ ਦੇ ਨਾਲ ਉਹ ਡੰਗਰ ਵੀ ਚਾਰਨ ਲੱਗੇ| ਇੱਕ ਦਿਨ ਉਹ ਡੰਗਰ ਲੈ ਕੇ ਬਾਹਰ ਗਏ ਅਤੇ ਇੱਕ ਰੁੱਖ ਦੀ ਸੰਘਣੀ ਛਾਂ ਹੇਠਾਂ ਸੌਂ ਗਏ| ਡੰਗਰਾਂ ਨੇ ਇਕ ਜ਼ਿਮੀਂਦਾਰ ਜੀਵਨ ਖਾਂ ਦੇ ਖੇਤ ਦਾ ਨਾਸ਼ ਕਰ ਦਿੱਤਾ ਕਿਓਂ ਜੋ ਡੰਗਰ ਉਸ ਦੇ ਖੇਤ ਅੰਦਰ ਵੜ ਗਏ ਸਨ| ਜ਼ਿਮੀਂਦਾਰ  ਪੂਰੇ ਰੋਹ ਵਿਚ ਵਾਗੀ ਨੂੰ ਸਜਾ ਦੇਣ ਖਾਤਿਰ ਅੱਗੇ ਵਧਿਆ| ਉਥੇ ਉਸ ਨੇ ਡਿਠਾ ਕਿ ਬੁੱਲ੍ਹੇ ਸ਼ਾਹ ਤਾਂ ਸੁਤਾ ਪਿਆ ਹੈ ਅਤੇ ਇੱਕ ਫਨੀਅਰ ਸੱਪ ਨੇ ਸਾਇਆ ਕੀਤਾ ਹੋਇਆ ਹੈ| ਉਹ ਦੌੜ ਕੇ ਪਿੰਡ ਗਿਆ ਅਤੇ ਮੌਲਵੀ ਸਾਹਿਬ ਨੂੰ ਸ਼ਕਾਇਤ ਕੀਤੀ ਕੇ ਤੁਹਾਡੇ ਪੁੱਤ ਨੇ ਮੇਰਾ ਖੇਤ ਉਜਾੜ ਦਿੱਤਾ ਤੇ ਉਹ ਉਥੇ ਮੋਇਆ ਪਿਆ ਹੈ| ਉਹ ਘਬਰਾ ਕੇ ਭੱਜੇ ਭੱਜੇ ਆਏ, ਵੇਖਿਆ ਕੇ ਲੜਕਾ ਤਾਂ ਅਰਾਮ ਨਾਲ ਸੁਤਾ ਪਿਆ ਹੈ| ਸੱਪ ਇਨ੍ਹਾਂ ਦਾ ਸ਼ੋਰ ਸੁਣ ਕੇ ਨੱਸ ਗਿਆ| ਬੁੱਲ੍ਹੇ ਸ਼ਾਹ ਉੱਠ ਬੈਠਾ| ਪਿਓ ਨੇ ਆਖਿਆ ਕਿ ਅਸੀਂ ਪ੍ਰਦੇਸੀ ਇਥੋਂ ਦੇ ਜ਼ਿਮੀਂਦਾਰਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਤੂੰ ਧਿਆਨ ਰਖਿਆ ਕਰ ਅਤੇ ਡੰਗਰਾਂ ਨੂੰ ਕਿਸੇ ਖੇਤ ਵਲ ਨਾ ਜਾਣ ਦਿਆ ਕਰ| ਦੇਖ ਡੰਗਰਾਂ ਨੇ ਜੀਵਨ ਖਾਂ ਦਾ ਖੇਤ ਉਜਾੜ ਸੁਟਿਆ ਹੈ| ਬੁੱਲ੍ਹੇ ਨੇ ਆਖਿਆ ਕੇ ਜੀਵਨ ਖਾਂ ਦਾ ਖੇਤ ਤਾਂ ਬਿਲਕੁਲ ਠੀਕ ਹੈ| ਜਦੋਂ ਸਾਰਿਆਂ ਨੇ ਜਾ ਕੇ ਦੇਖਿਆ ਤਾਂ ਖੇਤ ਸੱਚਮੁੱਚ ਹੀ ਹਰਿਆ ਭਰਿਆ ਸੀ| ਜੀਵਨ ਖਾਂ ਇਸ ਕਰਾਮਾਤ ਨੂੰ ਦੇਖ ਕੇ ਹੈਰਾਨ ਹੋ ਗਿਆ ਅਤੇ ਉਹ ਖੇਤ ਉਸ ਨੇ ਆਪ ਦੀ ਨਜ਼ਰ ਗੁਜ਼ਾਰ ਦਿੱਤਾ ਜੋ ਹੁਣ ਤਕ ਸਾਈਂ ਮੁਹੰਮਦ ਦਰਵੇਸ਼ ਦੇ ਮਜ਼ਾਰ ਦੀ ਮਲਕੀਅਤ ਹੈ |

ਬੁੱਲ੍ਹੇ ਸ਼ਾਹ ਨੇ ਆਪਣੀ ਮੁਢਲੀ ਸਿੱਖਿਆ ਦੂਸਰੇ ਬਾਲਕਾਂ ਵਾਂਗ ਆਪਣੇ ਪਿੰਡ ਪਾਂਡੋਕੇ ਦੇ ਮਦਰੱਸੇ ਵਿਚ ਹੀ ਪ੍ਰਾਪਤ ਕੀਤੀ| ਪਿੰਡ ਦਾ ਮਦਰੱਸਾ ਬੁੱਲੇ ਸ਼ਾਹ ਦੇ ਪਿਤਾ ਸਖੀ ਮੁਹੰਮਦ ਦਰਵੇਸ਼ ਜੀ ਹੀ ਚਲਾ ਰਹੇ ਸਨ| ਵਾਰਿਸ ਦੀ ਤਰਾਂ ਬੁੱਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਹੀਂ ਹੋਇਆ ਸੀ| ਕੇਵਲ ਉਸ ਦੀ ਭੈਣ ਨੇ ਹੀ ਸਹੀ ਅਰਥ ਵਿਚ ਉਸ ਨੂੰ ਸਮਝਿਆ| ਉਹ ਵੀ ਬੁੱਲ੍ਹੇ ਵਾਂਗਰਾਂ ਪੱਕੀ ਸੂਫ਼ੀ ਸੀ ਅਤੇ ਸਾਰੀ ਉਮਰ ਹੀ ਕੁਆਰੀ  ਰਹੀ| ਉਨ੍ਹਾਂ ਦਿਨਾਂ ਵਿਚ ਕਸੂਰ (ਜ਼ਿਲਾ ਲਾਹੌਰ) ਇਸਲਾਮੀ ਵਿੱਦਿਆ ਦਾ ਇੱਕ ਪ੍ਰਸਿੱਧ ਕੇਂਦਰ ਸੀ| ਉਥੋਂ ਦੇ ਖੇਸਗੀ ਪਠਾਣ ਵੱਡੇ ਜੱਬੇ ਵਾਲੇ ਸਨ| ਔਰੰਗਜ਼ੇਬ ਤਾਂ ਸਿਖਾਂ ਨਾਲ ਲਾਹੌਰ ਤੇ ਸਰਹੰਦ ਵਿਚਕਾਰ ਉਲਝਿਆ ਹੋਇਆ ਸੀ| ਲਾਹੌਰ ਦਾ ਸੂਬੇਦਾਰ ਅਬਦ-ਅਲ-ਸਮਦ ਖਾਂ ਤੇ ਫਿਰ ਜ਼ਕਰੀਆ ਖਾਂ ਸਿੱਖਾਂ ਪਿਛੇ ਬੁਰੀ ਤਰਾਂ ਪਿਆ ਹੋਇਆ ਸੀ| ਕਸੂਰ ਇਕ ਤਰਾਂ ਦਾ ਆਜ਼ਾਦ ਤੇ ਅਮਨ ਵਿਚ ਸੀ ਅਤੇ ਲਾਹੌਰ ਰਾਜ ਦਾ ਇਸ ਉਪਰ ਕੋਈ ਕੁੰਡਾ ਜਾਂ ਅੰਕੁਸ਼ ਨਹੀਂ ਸੀ| ਚਾਰੇ ਪਾਸਿਆਂ ਤੋਂ ਰੱਜੇ-ਪੁੱਜੇ ਪਠਾਣ ਕਸੂਰ ਆ ਕੇ ਵੱਸ ਗਏ ਸਨ ਅਤੇ ਕਸੂਰ ਆਲਮਾਂ, ਫਾਜ਼ਿਲਾਂ ਤੇ ਵਿਦਵਾਨਾਂ ਦਾ ਗੜ੍ਹ ਬਣ ਚੁਕਾ ਸੀ|

ਬੁੱਲ੍ਹੇ ਸ਼ਾਹ ਆਪਣੀ ਮੁਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਕਸੂਰ ਆ ਗਏ| ਇੱਥੇ ਇਨ੍ਹਾਂ ਨੇ ਮੌਲਵੀ ਗੁਲਾਮ ਮੁਰਤਜ਼ਾ ਪਾਸੋਂ ਉਨ੍ਹਾਂ ਦੇ ਚਰਨਾਂ ਵਿਚ ਬੈਠ ਸਿਖਿਆ ਪ੍ਰਾਪਤ ਕੀਤੀ| ਮੌਲਵੀ ਸਾਹਿਬ ਬਹੁਤ ਵੱਡੇ ਫਾਰਸੀ,ਅਰਬੀ ਦੇ ਆਲਮ ਸਨ| ਜ਼ਾਹਰੀ ਇਲਮ ਸਿੱਖਣ ਪਿੱਛੋਂ ਬੁੱਲ੍ਹੇ ਦੇ ਅੰਦਰ ਰੂਹਾਨੀ ਭੁੱਖ ਚਮਕੀ, ਜਵਾਨੀ ਵਿਚ ਕਦਮ ਰਖਿਆ ਅਤੇ ਕੁਝ ਮਜਬੂਰ ਹੋ ਗਏ| ਰੱਬੀ ਪਿਆਰ ਵਿਚ ਰਹਿਣ ਲੱਗੇ| ਕਸੂਰ ਪਿੱਛੋਂ ਇਕ ਵਾਰ ਫਿਰਦੇ ਫਿਰਾਂਦੇ ਬਟਾਲਾ (ਗੁਰਦਸਪੂਰ) ਪੁਜੇ| ਮਨਸੂਰ ਦੇ ਵਾਂਗ ਉਨ੍ਹਾਂ ਦੇ ਮੂੰਹੋਂ ਨਿਕਲਿਆ ਕਿ ਮੈਂ ਅੱਲ੍ਹਾ ਹਾਂ ਜਦੋਂ ਕਿ ਮਨਸੂਰ ਨੇ ਅਨਲਹੱਕ ਆਖਿਆ ਸੀ| ਲੋਕ ਬੁੱਲ੍ਹੇ ਨੂੰ ਫੜ ਕੇ ਦਰਬਾਰ ਫਾਜ਼ਲਾ ਦੇ ਮੋਢੀ ਸ਼ੇਖ ਫਾਜ਼ਿਲ-ਉਦ-ਦੀਨ ਕੋਲ ਲੈ ਗਏ| ਉਨ੍ਹਾਂ ਨੇ ਫ਼ਰਮਾਇਆ ਕਿ ਇਹ ਤਾਂ ਸੱਚ ਹੀ ਕਹਿੰਦਾ ਹੈ ਕਿ ਇਹ ਅੱਲ੍ਹਾ ਹੈ ਭਾਵ ਕੱਚਾ ਅਰਥਾਤ ਅੱਲ੍ਹੜ ਹੈ ਇਸ ਨੂੰ ਆਖੋ ਕਿ ਸ਼ਾਹ ਇਨਾਇਤ ਕੋਲ ਜਾ ਕੇ ਪੱਕ ਕੇ ਆਵੇ| ਇੱਥੋਂ ਬੁੱਲ੍ਹਾ ਲਾਹੌਰ ਚਲਾ ਗਿਆ ਜਿਥੇ ਇਨਾਇਤ ਸ਼ਾਹ ਕਾਦਰੀ ਸੱਤਾਰੀ ਰਹਿੰਦੇ ਸਨ| ਇਨਾਇਤ ਸ਼ਾਹ ਹਜ਼ਰਤ ਰਜ਼ਾ ਸ਼ਾਹ ਸੱਤਾਰੀ ਦੇ ਪੱਕੇ ਮੁਰੀਦ ਸਨ| ਆਪ ਜੀ ਨੇ ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ| ਆਪ ਜਾਤ ਦੇ ਅਰਾਈਂਂ ਅਤੇ ਕਸੂਰ ਦੇ ਜੰਮਪਲ ਸਨ| ਇਨਾਇਤ ਸ਼ਾਹ ਆਪ ਲਾਹੌਰੀ ਅਖਵਾਉਂਦੇ ਸਨ ਫਿਰਦੇ ਹੋਏ ਆਪ ਕਸੂਰ ਚਲੇ ਗਏ ਅਤੇ ਕਈ ਮੁਰੀਦ ਬਣਾਏ|

 ਦਾਰਾ ਸ਼ਿਕੋਹ ਕਾਦਰੀ ਫਿਰਕੇ ਦੇ ਸਿਧਾਂਤ ਇਸ ਤਰਾਂ ਲਿਖਦਾ ਹੈ:

1. ਕਾਦਰੀ ਸੂਫ਼ੀ ਤਿਆਗ ਦੁਆਰਾ ਅੰਤਰੀਵ ਸੁਤੀਆਂ ਆਤਮਕ ਤਾਕਤਾਂ ਨੂੰ ਜਗਾਉਣ ਵਿਚ ਵਿਸ਼ਵਾਸ਼ ਰੱਖਦੇ ਹਨ|
2. ਕਾਦਰੀ ਮੱਤ ਕਿਸੇ ਵੀ ਧਾਰਮਿਕ ਰਸਮਾਂ ਰਿਵਾਜਾਂ ਵਿਚ ਵਿਸ਼ਵਾਸ਼ ਨਹੀਂ ਰੱਖਦਾ|
3. ਕਾਦਰੀ ਮੱਤ ਬਾਹਰਲੇ ਮੁਸਲਮਾਨੀ ਭੇਖ ਤੇ ਸ਼ਰ੍ਹਾ ਆਦਿ ਦੀ ਕਰੜਾਈ ਉਤੇ ਵਿਸ਼ਵਾਸ਼ ਨਹੀਂ ਰੱਖਦਾ|
4. ਮਨੁੱਖ ਆਪਣੇ ਪੀਰ ਜਾਂ ਮੁਰਸ਼ਿਦ ਦੁਆਰਾ ਹੀ ਰੱਬ ਨੂੰ ਮਿਲ ਸਕਦਾ ਹੈ|
5. ਰੱਬ ਵੀ ਆਪਣੇ ਮੁਰਸ਼ਿਦ ਰਾਹੀਂ ਦੁਨੀਆ ਵਿਚ ਪ੍ਰਗਟ ਹੁੰਦਾ ਹੈ

ਕਾਦਰੀ ਸੂਫ਼ੀ ਉੱਚ ਆਚਰਣ ਦੇ ਹੁੰਦੇ ਸੀ ਅਤੇ ਉਹ ਗ੍ਰਹਿਸਥ ਵੀ ਧਾਰਨ ਨਹੀਂ ਕਰਦੇ ਸੀ| ਮੀਆਂ ਮੀਰ ਨੇ ਸ਼ਾਦੀ ਨਹੀਂ ਕਰਵਾਈ ਸੀ| ਉਸ ਦੇ ਬਹੁਤ ਸਾਰੇ ਮੁਰੀਦ ਵੀ ਜਤੀ ਸਤੀ  ਹੀ ਰਹੇ| ਇਨਾਇਤ ਸ਼ਾਹ ਉੱਚ ਕੋਟੀ ਦਾ ਵਿਦਵਾਨ ਤੇ ਸੂਫ਼ੀ ਸੰਤ ਸੀ| ਮੀਆਂ ਮੀਰ ਤੋਂ ਚਲੀ ਰਵਾਇਤ ਅਨੁਸਾਰ ਬੁੱਲ੍ਹੇ ਨੇ ਵੀ ਸਾਰੀ ਉਮਰ ਸ਼ਾਦੀ ਨਹੀਂ ਕੀਤੀ| ਇੱਕ ਥਾਂ ਤੇ ਉਹ ਮੁੱਲਾਂ ਅਤੇ ਮਸ਼ਾਲਚੀ ਬਾਰੇ ਲਿਖਦੇ ਹਨ:

ਬੁੱਲ੍ਹਿਆ ਮੁੱਲਾਂ ਅਤੇ ਮਿਸਾਲਚੀ, ਦੋਹਾਂ ਇੱਕੋ ਚਿੱਤ|
ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਨਿਤ|

ਜਦ ਬਟਾਲੇ ਤੋਂ ਬੁੱਲ੍ਹੇ ਸ਼ਾਹ ਨੂੰ ਲਾਹੌਰ ਜਾਣ ਦੀ ਹਦਾਇਤ ਹੋਈ ਤਾਂ ਬੁੱਲ੍ਹਾ ਆਪਣੇ ਮੁਰਸ਼ਿਦ ਨੂੰ ਮਿਲਣ ਖਾਤਿਰ ਲਾਹੌਰ ਪੁੱਜਾ| ਤਜਕਰਾ ਬੁੱਲ੍ਹੇ ਸ਼ਾਹ ਬਰਨੀ ਅਨੁਸਾਰ ਜਦੋਂ ਬੁੱਲ੍ਹਾ ਮੁਰਸ਼ਿਦ ਪਾਸ ਪੁਜਾ ਤਾਂ ਇਨਾਇਤ ਸ਼ਾਹ ਆਪਣੇ ਖੇਤ ਵਿਚ ਗੰਢਿਆ ਦੀ ਪਨੀਰੀ ਲਾ ਰਹੇ ਸਨ| ਬੁੱਲ੍ਹੇ ਨੂੰ ਵੇਖ ਉਨ੍ਹਾਂ ਨੇ ਸਹਿਜ ਸੁਭਾ ਪੁੱਛਿਆ ਕਿ ਜੁਆਨ ਕਿਵੇਂ ਆਇਆ ਹੈਂ| ਤਾਂ ਬੁੱਲ੍ਹੇ ਨੇ ਕਿਹਾ ਕਿ ਮੈਂ ਰੱਬ ਦਾ ਰਾਹ ਪੁੱਛਣ ਆਇਆ ਹਾਂ | ਰੱਬ ਕਿਵੇਂ ਪਾਈਦਾ ਹੈ| ਇਨਾਇਤ ਸ਼ਾਹ ਨੇ ਅੱਗੋਂ ਪਨੀਰੀ ਇੱਕ ਥਾਂ ਤੋਂ ਦੂਜੀ ਥਾਂ ਪੁੱਟ ਕੇ ਲਾਓਂਦਿਆਂ ਉੱਤਰ ਦਿੱਤਾ ਕਿ ਬੁੱਲ੍ਹਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਓਧਰ ਲਾਉਣਾ| ਇਸ ਗੱਲ ਨੇ ਬੁੱਲੇ ਦੇ ਮਨ ਤੇ ਅਜੀਬ ਅਸਰ ਕੀਤਾ| ਸਮਝ ਆ ਗਈ ਕਿ ਬਸ ਦੁਨੀਆ ਵਲੋਂ ਮਨ ਨੂੰ ਹੋੜਨਾ ਤੇ ਰੱਬ ਵਲ ਜੋੜਨਾ ਹੀ ਅਸਲ ਫ਼ਕੀਰੀ ਹੈ| ਉਹ ਮੁਰਸ਼ਿਦ ਦੇ ਕਦਮਾਂ ਤੇ ਡਿਗ ਪਿਆ ਤੇ ਸਦਾ ਲਈ ਮੁਰੀਦ ਹੋ ਗਿਆ|

ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ ਸੀ ਉਹ ਕਹਿੰਦਾ ਹੈ ਕਿ ਜੋ ਕੁਝ ਮੈਂ ਪਾਇਆ ਹੈ ਉਹ ਸਭ ਆਪਣੇ ਮੁਰਸ਼ਿਦ ਅਨਾਇਤ ਸ਼ਾਹ ਦੀ ਅਪਾਰ ਕਿਰਪਾ ਦੁਆਰਾ ਹੀ ਪ੍ਰਾਪਤ ਕੀਤਾ ਹੈ ਜਿਸ ਨੂੰ ਧੁਰ ਰੱਬੋਂ ਹੀ ਇਹ ਆਵਾਜ਼ ਸੁਣੀ ਹੈ ਕਿ ਰੱਬ ਸਭਨਾ ਵਿਚ ਵਸਦਾ ਹੈ| ਇਸ ਤਰਾਂ ਉਹ ਪ੍ਰਭੂ ਪ੍ਰਾਪਤੀ ਵਿਚ ਗੁਰੂ ਜਾਂ ਮੁਰਸ਼ਿਦ ਦਾ ਸਥਾਨ ਸਰਵੋਤਮ ਮੰਨਦਾ ਹੈ। ਉਹ ਲਿਖਦਾ ਹੈ:

ਅਰਸ਼ ਮੁਨਵਰੋੰ ਮਿਲੀਆਂ ਬਾਂਗਾਂ,
ਸੁਣਿਆ ਤੱਖਤ ਲਾਹੌਰ| 
ਸ਼ਾਹ ਅਨਾਇਤ ਕੁੰਡੀਆਂ ਪਾਈਆਂ,
ਲੁਕ ਛਿੱਪ ਖਿੱਚਦਾ ਡੋਰ|

ਉਸ ਨੇ ਮਨੋਂ ਅਰਾਈਂ ਜਾਤ ਦੇ ਦਰਵੇਸ਼ ਨੂੰ ਆਪਣਾ ਮੁਰਸ਼ਿਦ ਧਾਰ ਲਿਆ ਸੀ ਜਦੋਂ ਕਿ ਉਹ ਆਪ ਸਯਦ ਘਰਾਣੇ ਦਾ ਨੌ-ਨਿਹਾਲ ਸੀ| ਜਦੋਂ ਉਹ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸ ਦੀਆਂ ਚਾਚੀਆਂ ਤਾਈਆਂ ਤੇ ਭੈਣਾਂ ਭਰਜਾਈਆਂ ਉਸ ਦੇ ਦੁਆਲੇ ਆ ਜੁੜੀਆਂ ਤੇ ਉਸ ਨੂੰ ਬੁਰਾ ਭਲ਼ਾ ਕਹਿਣ ਲੱਗੀਆਂ ਕਿ ਉਸ ਨੇ ਸਯਦ ਕੁਲ ਨੂੰ ਲੀਕਾਂ ਲਾਈਆਂ ਹਨ|  ਇਸ ਦਾ ਵਰਨਣ ਉਸ ਨੇ ਆਪਣੀ ਉਲੀਕੀ ਕਾਫੀ ਵਿਚ ਇਸ ਤਰਾਂ ਕੀਤਾ:

ਬੁੱਲ੍ਹੇ ਨੂੰ ਸਮਝਾਵਣ ਆਈਆਂ ,
ਭੈਣਾਂ ਤੇ ਭਰਜਾਈਆਂ|
ਤੂੰ ਕਿਓਂ ਬੁੱਲ੍ਹਿਆ, ਸਯਦ ਹੋ ਕੇ,
ਕੁਲ ਨੂੰ ਲੀਕਾਂ ਲਾਈਆਂ| 

ਇਸੇ ਹੀ ਗੱਲ ਨੂੰ ਇੱਕ ਹੋਰ ਥਾਂ ਲਿਖਿਆ ਹੈ ਕਿ ਤੂੰ ਹਜ਼ਰਤ ਨਬੀ ਤੇ ਅਲੀ  ਦੀ ਔਲਾਦ ਹੋ ਕੇ ਇੱਕ ਅਰਾਈਂਂ ਦਾ ਪੱਲਾ ਕਿਓਂ ਫੜਿਆ ਹੈ:

ਬੁੱਲ੍ਹੇ ਨੂੰ ਸਮਝਾਵਣ ਆਈਆਂ,
ਭੈਣਾਂ ਤੇ ਭਰਜਾਈਆਂ| 
ਆਲ ਨਬੀ ਔਲਾਦ ਅਲੀ ਦੀ,
ਬੁੱਲ੍ਹਿਆ ਤੂੰ ਕਿਓਂ ਲੀਕਾਂ ਲਾਈਆਂ?
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ,
ਛੱਡ ਦੇ ਪੱਲਾ ਰਾਈਆਂ|

ਹੁਣ ਬੁੱਲ੍ਹਾ ਆਪਣੀ ਮੰਜ਼ਿਲ ਨੂੰ ਪਾ ਚੁਕਾ ਸੀ ਉਸ ਨੂੰ ਹੁਣ ਸ਼ੋਹਰਤ ਦੀ ਕੋਈ ਚਿੰਤਾ ਨਹੀਂ ਸੀ ਤੇ ਨਾ ਹੀ ਕੋਈ ਨਮੋਸ਼ੀ ਦਾ ਫਿਕਰ ਸੀ। ਸਯਦ ਹੋਣ ਦਾ ਕੋਈ ਮਾਣ ਨਹੀਂ ਸੀ ਉਸ ਨੇ ਉੱਤਰ ਵਿਚ ਕਾਫੀ ਲਿਖੀ ਜੋ ਇਸ ਤਰਾਂ ਹੈ:

ਜਿਹੜਾ ਸਾਨੂੰ ਸਯੱਦ ਆਖੇ, ਦੋਜ਼ਖ ਮਿਲਣ ਸਜ਼ਾਈਆਂ,
ਜਿਹੜਾ ਸਾਨੂੰ ਅਰਾਈਂ ਆਖੇ ਬਹਿਸ਼ਤੀ ਪੀਂਘਾਂ ਪਾਈਆਂ|
ਜੇ ਤੂੰ ਲੋੜੇ ਬਾਗ਼ ਬਹਾਰਾਂ, ਬੁੱਲ੍ਹਿਆ ਤਾਲਬ ਹੋ ਜਾ ਰਾਈਆਂ|

ਹੁਣ ਬਾਹਰਲੀਆਂ ਰਸਮਾਂ, ਰਹੁ ਰੀਤੀਆਂ ਤੇ ਪਲੀਤ ਦਿਲਾਂ ਨਾਲ ਗੁਜ਼ਾਰੀਆਂ ਨਮਾਜ਼ਾਂ ਉਸ ਨੂੰ ਚੰਗੀਆਂ ਨਹੀਂ ਲਗਦੀਆਂ ਸਨ| ਉਸ ਨੇ ਲਿਖਿਆ ਹੈ:

ਨਾ ਖੁਦਾ ਮਸੀਤੇ ਲੱਭਦਾ, ਨਾ ਲੱਭਦਾ ਵਿਚ ਕਾਅਬੇ|
ਨਾ ਖੁਦਾ ਕੁਰਾਨ ਕਿਤਾਬਾਂ, ਨਾ ਖੁਦਾ ਨਿਮਾਜ਼ੇ|
ਨਾ ਖੁਦਾ ਮੈਂ ਤੀਰਥ ਡਿੱਠਾ, ਐਵੈਂ ਪੈਂਡੇ ਝਾਗੇ|
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ, ਟੁੱਟੇ ਸਭ ਤਗਾਦੇ| 

ਇਕ ਦੋਹੜੇ ਦੇ ਅੰਦਰ ਉਸ ਕਿਹਾ:

ਭੱਠ ਨਿਮਾਜ਼ਾਂ ਤੇ ਚਿੱਕੜ ਰੋਜ਼ੇ,
ਕਲਮਾਂ ਤੇ ਫਿਰ ਗਈ ਸਿਆਹੀ|
ਬੁੱਲ੍ਹੇ ਸ਼ਾਹ ਸ਼ਹੁ ਅੰਦਰ ਮਿਲਿਆ,
ਭੁੱਲੀ ਫਿਰੇ ਲੋਕਾਈ|

ਜਾਂ ਉਸ ਨੇ ਇਹ ਦੋਹੜਾ ਵੀ ਲਿਖਿਆ ਕਿ:

ਬੁੱਲ੍ਹਿਆ ਖਾ ਹਰਾਮ ਤੇ ਪੜ੍ਹ ਸ਼ੁਕਰਾਨੇ ,
ਕਰ ਤੋਬਾ ਤਰਕ ਸਵਾਬੋਂ|
ਛੋੜ ਮਸੀਤ ਤੇ ਪਕੜ ਕਿਨਾਰਾ ,
ਤੇਰੀ ਤੁਟਸੀ ਜਾਨ ਅਜ਼ਾਬੋਂ|

ਪ੍ਰੰਤੂ ਬੁੱਲ੍ਹੇ ਦੇ ਬੋਲ ਉਸ ਦੇ ਮੁਰਸ਼ਿਦ ਨੂੰ ਨਾ ਭਾਏ ਤੇ ਉਨ੍ਹਾਂ ਨੇ ਬੁੱਲ੍ਹੇ ਤੋਂ ਆਪਣਾ ਮੂੰਹ ਮੋੜ ਲਿਆ ਬਸ ਫਿਰ ਕਿ ਸੀ ਬੁੱਲ੍ਹੇ ਦੇ ਇਸ਼ਕ ਦੀ ਚਿਣਗ ਮੱਚ ਉਠੀ ਤੇ ਭਾਂਬੜ ਬਣ ਬਣ ਨਜ਼ਰੀ ਆਈ| ਇਹ ਬੁੱਲ੍ਹੇ ਦੀ ਕਾਵਿ ਕਲਾ ਦਾ ਸਿਖਰ ਹੋ ਨਿੱਬੜੀ| ਬੁੱਲ੍ਹੇ ਦੇ ਜੀਵਨ ਦਾ ਇਹ ਜੋਬਨ ਸੀ, ਉਸ ਦੇ ਇਸ਼ਕ ਦਾ ਕਮਾਲ ਸੀ, ਹਿਜਰ ਦੀ ਹੱਦ ਸੀ ਅਤੇ ਕਵਿਤਾ ਆਪਣੇ ਪੂਰੇ ਜਲਾਲ ਤੇ ਸੀ| ਬੁੱਲ੍ਹੇ ਲਈ ਮੁਰਸ਼ਿਦ ਦਾ ਵਿਛੋੜਾ ਸੂਲਾਂ ਉਤੇ ਸੌਣ ਜਿਹਾ ਸੀ| 

ਸੂਫ਼ੀ ਮਤ ਵਿਚ ਇਸ਼ਕ ਮਜਾਜ਼ੀ ਨੂੰ ਇਸ਼ਕ ਹਕੀਕੀ ਦੀ ਨੀਂਹ ਮੰਨਿਆ ਗਿਆ ਹੈ ਇਹੋ ਕਾਰਣ ਹੈ ਕਿ ਬੁੱਲ੍ਹਾ ਵੀ ਆਪਣੇ ਰੱਬੀ ਪ੍ਰੇਮ ਨੂੰ ਦੁਨਿਆਵੀ ਪ੍ਰੇਮ ਦੇ ਰੂਪਕਾਂ ਦੁਆਰਾ ਪ੍ਰਗਟ ਕਰਦਾ ਹੈ। ਕੁਝ ਇਹੋ ਜਿਹੀ ਰੁਚੀ ਹੀ ਗੁਰਬਾਣੀ ਅੰਦਰ, ਬਾਬਾ ਫ਼ਰੀਦ ਤੇ ਸ਼ਾਹ ਹੁਸੈਨ ਦੀ ਰਚਨਾ ਵਿਚ ਵੀ ਮਿਲਦੀ ਹੈ। ਬੁੱਲ੍ਹਾ ਪਰਮਾਤਮਾ ਨੂੰ ਪ੍ਰੇਮੀ ਤੇ ਆਪਣੇ ਆਪ ਨੂੰ ਪ੍ਰੇਮਿਕਾ ਦੇ ਰੂਪ ਵਿਚ ਕਲਪਦਾ ਹੈ| ਜੀਵ ਇਸਤਰੀ ਲਈ ਇਹ ਦੁਨੀਆ ਪੇਕਾ ਘਰ ਹੈ ਤੇ ਪ੍ਰਭੂ ਪ੍ਰੀਤਮ ਦਾ ਦੇਸ ਸਹੁਰਾ ਘਰ| ਦੂਸਰੇ ਸ਼ਬਦਾਂ ਵਿਚ ਸਹੁਰਾ ਘਰ ਅਗਲੇ ਘਰ ਤੇ ਪੇਕਾ ਘਰ ਇਸ ਦੁਨੀਆ ਲਈ ਰੂਪਕ ਹਨ| ਜੀਵ ਇਸਤਰੀ ਨੂੰ ਪ੍ਰਭੂ ਪ੍ਰੀਤਮ ਦੇ ਘਰ ਪ੍ਰਵਾਨ ਹੋਣ ਲਈ ਸ਼ੁਭ ਅਮਲ ਦਾ ਦਾਜ ਤਿਆਰ ਕਰਨਾ ਪੈਂਦਾ ਹੈ। ਉਸ ਸਮੇਂ ਕੁੜੀਆਂ ਨੂੰ ਆਪ ਦਾਜ ਤਿਆਰ ਕਰਨਾ ਪੈਂਦਾ ਸੀ ਤੇ ਦਾਜ ਦੀ ਤਿਆਰੀ ਵਿਚ ਚਰਖੇ ਦਾ ਬਹੁਤ ਹੀ ਮਹੱਤਵ ਸੀ ਇਸ ਲਈ ਬੁੱਲੇ ਦੀ ਸੰਕੇਤਾਵਲੀ ਵਿਚ ਚਰਖੇ ਤੇ ਕੱਤਣ ਨੂੰ ਵਿਸ਼ੇਸ਼ ਸਥਾਨ ਦਿੱਤਾ| ਉਹ ਲਿਖਦੇ ਹਨ ਕਿ –

ਮਾਂ ਪਿਓ ਤੇਰੇ ਗੰਢੀ ਪਾਈਆਂ ਅਜੇ ਨਾ ਤੈਨੂੰ ਸੂਰਤਾਂ ਆਈਆਂ,
ਦਿਨ ਥੋੜੇ ਤੇ ਚਾਅ ਮੁਕਾਈਆਂ, ਨਾ ਆਸੇ ਪੇਕੇ ਵੱਤ ਕੁੜੇ,

ਕੱਤ ਕੁੜੇ ਨਾ ਵੱਤ ਕੁੜੇ|
ਜੇ ਦਾਜ ਵਿਹੂਣੀ ਜਾਵੇਂਗੀ ਤਾਂ ਕਿਸੇ ਭਲੀ ਨਾ ਭਾਵੇਂਗੀ,
ਉਥੇ ਸ਼ਹੁ ਨੂੰ ਕਿਵੇਂ ਰਿਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ
ਕੱਤ ਕੁੜੇ  ਨਾ ਵੱਤ ਕੁੜੇ। 

ਇਸ ਵਿਚ ਉਸ ਨੇ ਉਸ ਸਮੇਂ ਦੇ ਦਾਜ ਦੇ ਰਿਵਾਜ ਸਬੰਧੀ ਵਿਅੰਗ ਕੱਸਿਆ ਹੋਇਆ ਨਜ਼ਰੀ ਪੈਂਦਾ ਹੈ| ਉਸ ਵਲੋਂ ਵਰਤੇ ਗਏ ਪ੍ਰਤੀਕਾਂ ਤੇ ਬਿੰਬਾਂ ਦੇ ਕੁਝ ਉਦਾਹਰਣ ਇਸ ਤਰਾਂ ਹਨ:

ਓੜਕ ਜਾਵਣ ਜਾਵਣਾ, ਹੁਣ ਮੈਂ ਦਾਜ ਰੰਗਾਵਾਂ,
ਜੰਜ ਐਵੈਂ ਚਲ ਆਵਸੀ ਜਿਓਂ ਚੜਦਾ ਠਾਣਾ|
ਮੈਂ ਪੂਣੀ ਕੱਤ ਨਾ ਜਾਤੀਆ, ਅਜੇ ਰਹਿੰਦੇ ਗੋਹੜੇ|
ਅੱਜ ਕਲ ਤੇਰਾ ਮੁਕਲਾਵਾ ਏ ਕਿਓਂ ਸੁਤੀ ਕਰ ਕਰ ਦਾਹਵਾ ਏ|
ਸਾਹੇ ਤੇ ਜੰਜ ਆਵਸੀ, ਹੁਣ ਚਾਲੀ ਗੰਢ ਘਾਤਉ|

ਬੁੱਲ੍ਹਾ ਇੱਕ ਸਮਾਜਵਾਦੀ ਕਵੀ ਹੋਇਆ ਹੈ। ਉਸ ਨੇ ਤਤਕਾਲੀ ਸਮਾਜ ਦੇ ਸਰਮਾਏਦਾਰਾਂ ਵਲੋਂ ਗਰੀਬਾਂ ਉੱਤੇ ਹੋ ਰਹੇ ਅਤਿਆਚਾਰਾਂ ਨੂੰ ਆਪਣੀ ਕਾਵਿ ਸਿਰਜਣਾ ਦੁਆਰਾ ਨਸ਼ਰ ਕੀਤਾ| ਉਸ ਨੇ ਦੇਖਿਆ ਕਿ ਆਮਿਰ ਲੋਕ ਗਰੀਬ ਲੋਕਾਂ ਨੂੰ ਆਰਥਿਕ ਮੁਸੀਬਤਾਂ ਵਿਚ ਪਾ ਕੇ ਉਨ੍ਹਾਂ ਨੂੰ ਸਾਵਾਂ ਦੇ ਸਵਾਏ ਉੱਤੇ ਵੀ ਨਹੀਂ ਛੱਡਦੇ ਸਨ ਸਗੋਂ ਡਿਓਢੇ ਲੈਂਦੇ ਸਨ:

ਸਾਵੀਂ ਦੇ ਕੇ ਲਵੇਂ ਸਵਾਈ, ਡਿਓਢਿਆਂ ਉਤੇ ਬਾਜ਼ੀ ਲਾਈ|
ਇਹ ਮੁਸਲਮਾਨੀ ਕਿਥੋਂ ਪਾਈ, ਜਿਸ ਦਾ ਇਹ ਕਿਰਦਾਰ|

ਉਸ ਨੇ ਦੇਖਿਆ ਕਿ ਕਿਰਤੀਆਂ ਤੇ ਮਜ਼ਦੂਰਾਂ ਨੂੰ ਆਪਣੀ ਮੇਹਨਤ ਦਾ ਪੂਰਾ-ਪੂਰਾ ਇਵਜ਼ਾਨਾ ਨਹੀਂ ਮਿਲਦਾ| ਉਸ ਨੇ ਸਮਾਜ ਵਿਚ ਇਸ ਤਰਾਂ ਦੇ ਸਮਾਜਿਕ ਅਨਿਆਂ ਤੇ ਆਰਥਿਕ ਸੰਕਟਾਂ ਨੂੰ ਮਹਿਸੂਸ ਕੀਤਾ ਕਿ ਉਸ ਸਮੇਂ ਸਚੇ ਲੋਕਾਂ ਦੀ ਬੇਪਤੀ ਹੁੰਦੀ ਸੀ ਤੇ ਝੂਠੇ ਮਾਣ ਪ੍ਰਾਪਤ ਕਰਦੇ ਸਨ | ਉਸ ਨੇ ਲਿਖਿਆ:

ਕੀਤੀ ਮੇਹਨਤ ਮਿਲਦੀ ਨਾਂਹੀ ,
ਹੁਣ ਕੀ  ਕਰੇ ਲੋਕਾਈ| 
ਜਿੰਦ ਕੁੜਿਕੀ ਦੇ ਮੂੰਹ ਆਈ, 
ਉਲਟੇ ਹੋਰ ਜ਼ਮਾਨੇ ਆਏ|
ਹੁਣ ਅਸਾਂ ਭੇਦ ਸੱਜਣ ਦੇ ਪਾ|
ਆਪਣਿਆਂ ਵਿਚ ਉਲਫ਼ਤ ਨਾਂਹੀ 

ਕਿਆ  ਚਾਚੇ ਕਿਆ  ਤਾਏ|
ਪਿਓ ਪੁੱਤਰ ਇਤਫ਼ਾਕ ਨਾ ਕਾਈ ,
ਧੀਆਂ ਨਾਲ ਨਾ ਮਾਏ|
ਸੱਚਿਆਂ ਨੂੰ ਹੁਣ ਮਿਲਦੇ ਧੱਕੇ,
ਝੂਠੇ ਕੋਲ ਬਹਾਏ|

ਇਹ ਕਿਹਾ ਜਾਂਦਾ ਹੈ ਕਿ ਇਕ ਵਾਰ ਬੁੱਲ੍ਹੇ ਨੇ ਜ਼ਨਾਨਾ ਕਪੜੇ ਪਾਏ ਹੋਏ ਸਨ ਪੈਰੀਂ ਘੁੰਘਰੂ ਬੱਧੇ ਹੋਏ ਸਨ ਅਤੇ ਉਹ ਕਾਲਜੇ ਨੂੰ ਧੂਹ ਪਾਉਣ ਵਾਲੀ ਧੁੱਨ ਵਿਚ ਮਸਤ ਗਾ ਰਿਹਾ ਸੀ| ਜਦੋਂ ਮੁਰਸ਼ਿਦ ਨੇ ਇਹ ਆਵਾਜ਼ ਸੁਣੀ ਤਾਂ ਉਹ ਵੀ ਨੱਚਣ ਲੱਗੇ ਤੇ ਆਵਾਜ਼ ਦੀ ਸੇਧ ਵਲ ਖਿੱਚੇ ਹੋਏ ਆ ਗਏ| ਉਸ ਦੀ ਗਾਈ ਜਾ ਰਹੀ ਕਾਫੀ ਸੁਣ ਇਨਾਇਤ ਨੇ ਪੁਕਾਰ ਕੇ ਆਖਿਆ: ਵੇ ਤੂੰ ਬੁੱਲ੍ਹਾ ਏਂ| ਬੁੱਲ੍ਹਾ ਦੌੜ ਕੇ ਕਦਮਾਂ ਤੇ ਡਿਗਾ ਤੇ ਸੇਜਲ ਨੇਤਰਾਂ ਨਾਲ ਅਰਜ਼ ਗੁਜ਼ਾਰੀ ਕਿ ਜੀ ਹਜ਼ਰਤ! ਭੁੱਲਾ ਹਾਂ ਬੁੱਲ੍ਹਾ ਨਹੀਂ| ਸ਼ਾਹ ਸਾਹਿਬ ਹੱਸ ਪਏ, ਬੁੱਲ੍ਹੇ ਨੂੰ ਉਤਾਂਹ ਚੁੱਕਿਆ ਅਤੇ ਚੁੱਕ ਕੇ ਛਾਤੀ ਨਾਲ ਲਾ ਲਿਆ| ਬਸ ਫਿਰ ਕਿ ਸੀ ਬੁੱਲ੍ਹੇ ਦੇ ਤਪਦੇ ਹਿਰਦੇ ਨੂੰ ਠੰਡ ਪੈ ਗਈ| ਉਸ ਦੀ ਸੁੱਕੀ ਸੜੀ ਹੋਈ ਕਿਆਰੀ ਨੂੰ ਦੁਬਾਰਾ ਪਾਣੀ ਮਿਲ ਗਿਆ ਅਤੇ ਹਰੀ ਭਰੀ ਹੋ ਗਈ| 

ਬੁੱਲ੍ਹੇ ਸ਼ਾਹ ਦਾ ਪੰਜਾਬੀ ਸੂਫ਼ੀ ਕਵਿਤਾ ਵਿਚ ਇੱਕ ਵਿਸ਼ੇਸ਼ ਤੇ ਸ਼੍ਰੋਮਣੀ ਸਥਾਨ ਹੈ| ਉਸ ਨੇ ਅਠਾਰਵੀਂ ਸਦੀ ਦੀ ਕਵਿਤਾ ਨੂੰ ਚਾਰ ਚੰਨ ਲਾਏ, ਸੂਫ਼ੀ ਅਨੁਭਵ ਨੂੰ ਸਿਖਰ ਤੇ ਪਹੁੰਚਾਇਆ ਤੇ ਆਪਣੀ ਸੋਚ ਉਡਾਰੀ ਨੂੰ ਉਚੇ ਅਕਾਸ਼ਾਂ ਦੀ ਉਡਾਨ ਲਵਾਈ| ਇਸ ਸ਼੍ਰੋਮਣੀ ਕਵੀ ਨੇ ਸੂਖਮ ਸੂਫ਼ੀ ਭਾਵਾਂ ਨੂੰ ਠੇਠ ਕੇਂਦਰੀ ਟਕਸਾਲੀ ਪੰਜਾਬੀ ਵਿਚ ਗੁੰਦਿਆ| ਕਾਫ਼ੀ ਤਾਂ ਉਸ ਦੀ ਮੁੱਖ ਰਾਗਨੀ ਸੀ| ਜਿਸ ਦੀ ਧੁਨੀ ਨਾਲ ਪੰਜਾਬ ਭਰ ਦੇ ਸੂਫ਼ੀ ਦਰਵੇਸ਼ਾਂ ਦੇ ਤਕੀਏ ਗੂੰਜ ਉਠੇ ਲੋਕ ਨੱਚਣ ਲੱਗ ਪਏ| ਬੁੱਲ੍ਹੇ ਨੇ ਕਾਫ਼ੀਆਂ ਤੋਂ ਇਲਾਵਾ ਦੋਹੜੇ, ਸ਼ੀਹਰਫ਼ੀਆਂ, ਗੰਢਾ, ਬਾਰਾਂਮਾਹ ਅਤੇ ਅਠਵਾਰਾ/ਸੱਤਵਾਰਾ ਵੀ ਰਚੇ ਸਨ| ਉਨ੍ਹਾਂ ਦੀ ਰਚਨਾ ਵਿਚ 156 ਕਾਫ਼ੀਆਂ, 3 ਸ਼ੀਹਰਫ਼ੀਆਂ, 40 ਗੰਢਾਂ, 1 ਬਾਰਾਮਾਂਹ, 1 ਅੱਠਵਾਰਾ/ਸੱਤਵਾਰਾ ਅਤੇ 49 ਦੋਹੜੇ ਸਨ। ਕੁਝ ਅਣਛਪਿਆ ਸਾਹਿਤ ਵੀ ਮਿਲਦਾ ਹੈ| ਸਾਰੀ ਰਚਨਾ ਵਿੱਚੋਂ ਬੁੱਲ੍ਹੇ ਦੀਆਂ ਕਾਫ਼ੀਆਂ ਸਭ ਤੋਂ ਵੱਧ ਲੋਕ ਪ੍ਰਚਲਿਤ ਹੋਈਆਂ ਸਨ| ਇਹ ਤਾਂ ਘਰ ਘਰ ਹੀ ਗਾਈਆਂ ਜਾਂਦੀਆਂ ਸਨ|
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1014
***

dr. adit singh kot kapure
+15853050443 | dr.singhajit@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗਲੀ ਨੰਬਰ 4 (ਖੱਬਾ)
ਹੀਰਾ ਸਿੰਘ ਨਗਰ 
ਕੋਟ ਕਪੂਰਾ 151204 
ਮੋਬਾਈਲ +15853050443
Now at ----
38 Mc coord woods drive
Rochester NY 14450
USA

ਡਾ. ਅਜੀਤ ਸਿੰਘ ਕੋਟਕਪੂਰਾ

ਗਲੀ ਨੰਬਰ 4 (ਖੱਬਾ) ਹੀਰਾ ਸਿੰਘ ਨਗਰ  ਕੋਟ ਕਪੂਰਾ 151204  ਮੋਬਾਈਲ +15853050443 Now at ---- 38 Mc coord woods drive Rochester NY 14450 USA

View all posts by ਡਾ. ਅਜੀਤ ਸਿੰਘ ਕੋਟਕਪੂਰਾ →