19 April 2024
ਉਜਾਗਰ ਸਿੰਘ

ਵਪਾਰਕ ਸੰਸਥਾਵਾਂ ਗੁਰੂਆਂ ਦੇ ਨਾਵਾਂ ਤੇ ਬਨਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ – ਉਜਾਗਰ ਸਿੰਘ

ਵਪਾਰਕ ਸੰਸਥਾਵਾਂ ਗੁਰੂਆਂ ਦੇ ਨਾਵਾਂ ਤੇ ਬਨਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ
ਸਿੱਖ ਕੌਮ ਆਪਣੇ ਗੁਰੂਆਂ ਦਾ ਅਥਾਹ ਸਤਿਕਾਰ ਕਰਦੀ ਹੈ। ਗੁਰੂ ਦਾ ਸਿੱਖ ਹਰ ਕੰਮ ਕਰਨ ਤੋਂ ਪਹਿਲਾਂ ਆਪਣੇ ਗੁਰੂ ਅਰਥਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦਾ ਹੈ, ਕਿਉਂਕਿ ਸਿੱਖਾਂ ਤੇ ਗੁਰੂ ਦੀ ਸੰਗਤ ਨੂੰ ਉਸ ਵਿੱਚ ਅਟੁੱਟ ਵਿਸ਼ਵਾਸ਼ ਹੈ। ਰੋਜ਼ਮਰਹਾ ਦੇ ਕੰਮ ਕਰਨ ਲੱਗਿਆ ਵੀ ਉਹ ਵਾਹਿਗੁਰੂ ਦਾ ਨਾਮ ਲੈਂਦੇ ਹਨ। ਹਰ ਰੋਜ਼ ਗੁਰਦੁਆਰਾ ਸਾਹਿਬ ਜਾਂ ਆਪਣੇ ਘਰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੱਤ ਮਸਤਕ ਹੁੰਦੇ ਹਨ, ਗੁਰੂ ਤੋਂ ਆਸ਼ੀਰਵਾਦ ਲੈ ਕੇ ਆਪਣੇ ਕਾਰੋਬਾਰ ਦੀ ਸਫਲਤਾ ਜਾਂ ਖੁਸ਼ੀਆਂ ਭਰਾਂ ਦਿਹਾੜਾ ਬੀਤਣ ਦੀ ਅਰਦਾਸ ਕਰਦੇ ਹਨ। ਇਕ ਦੂਜੇ ਨੂੰ ਮਿਲਣ ਸਮੇਂ ਸਤਿ ਸ਼੍ਰੀ ਅਕਾਲ ਕਹਿੰਦੇ ਹਨ, ਜਿਸਦਾ ਭਾਵ ਵੀ ਇਹੋ ਹੈ ਕਿ ਵਾਹਿਗੁਰੂ ਅਕਾਲ ਪੁਰਖ ਸੱਚਾ ਹੈ। ਇਸ ਤਰ੍ਹਾਂ ਵਾਹਿਗੁਰੂ ਨੂੰ ਹਮੇਸ਼ਾਂ ਯਾਦ ਰਖਦੇ ਹਨ। ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀ ਕਹਿੰਦੇ ਹਨ। ਇਸ ਦਾ ਮਤਲਬ ਵੀ ਇਹੋ ਹੈ ਕਿ ਫਤਹਿ ਅਰਥਾਤ ਜਿੱਤ ਵਹਿਗੁਰੂ ਦੀ ਹੀ ਹੈ ਤੇ ਖਾਲਸਾ ਅਰਥਾਤ ਉਸਦਾ ਸਿੱਖ ਵਾਹਿਗੁਰੂ ਦਾ ਹੀ ਹੈ। ਹਰ ਖੁਸ਼ੀ ਤੇ ਗਮੀ ਦੇ ਮੌਕੇ ਹਰ ਸਿੱਖ ਆਪਣੇ ਗੁਰੂ ਤੋਂ ਆਸਰਾ ਲੈਂਦਾ ਹੈ, ਜੇਕਰ ਕਿਸੇ ਸਿੱਖ ਸ਼ਰਧਾਲੂ ਦੇ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਹੁੰਦੀ ਹੈ ਜਾਂ ਸਫਲਤਾ ਮਿਲਦੀ ਹੈ ਤਾਂ ਵੀ ਉਹ ਸ਼ੁਕਰਾਨਾ ਆਪਣੇ ਗੁਰੂ ਦਾ ਹੀ ਕਰਦਾ ਹੈ। ਸਿੱਖ ਕੌਮ ਹਮੇਸ਼ਾਂ ਵਿਲੱਖਣ ਕੰਮ ਕਰਨ ਵਿੱਚ ਹੀ ਮੋਹਰੀ ਰਹੀ ਹੈ ਅਤੇ ਮੌਤ ਤੋਂ ਬਾਅਦ ਵੀ ਭਾਵੇਂ ਉਹ ਮੌਤ ਬੱਚੇ, ਨੌਜਵਾਨ ਜਾਂ ਬਜ਼ੁਰਗ ਦੀ ਹੋਵੇ ਤਾਂ ਵੀ ਸਿੱਖ ਆਪਣੇ ਗੁਰੂ ਦਾ ਆਸਰਾ ਲੈਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਪਰਕਾਸ਼ ਕਰਵਾ ਕੇ ਭੋਗ ਪਵਾਉਂਦਾ ਹੈ। ਆਪਣੇ ਗੁਰੂ ਦਾ ਸ਼ੁਕਰਾਨਾ ਕਰਦਾ ਹੈ, ਉਸ ਤੋਂ ਹੌਂਸਲਾ, ਸਦਮਾ ਸਹਿਣ ਲਈ ਢਾਰਸ ਅਤੇ ਬਲ ਮੰਗਦਾ ਹੈ। ਜਿੱਥੇ ਅਸੀਂ ਆਪਣੇ ਗੁਰੂ ਵਿੱਚ ਏਨਾਂ ਵਿਸ਼ਵਾਸ਼ ਰੱਖਦੇ ਹਾਂ ਉਥੇ ਅਸੀਂ ਆਪਣੀਆਂ ਪਦਾਰਥਵਾਦੀ ਲੋੜਾਂ ਤੇ ਇਛਾਵਾਂ ਦੀ ਖਾਤਰ ਵੀ ਗੁਰੂ ਦੇ ਨਾਮ ਦੀ ਹੀ ਦੁਰਵਰਤੋਂ ਕਰਦੇ ਹਾਂ, ਆਪਣੇ ਨਿੱਜੀ ਹਿੱਤਾਂ ਕਰਕੇ। ਸਿੱਖ ਆਪਣੇ ਗੁਰੂ ਦੀ ਯਾਦ ਨੂੰ ਸਦੀਵੀਂ ਰੱਖਣ ਦੀ ਆੜ ਵਿੱਚ ਗੁਰੂਆਂ ਦੇ ਨਾਵਾਂ ਤੇ ਗਲੀਆਂ, ਮੁਹੱਲਿਆਂ, ਸ਼ਹਿਰਾਂ, ਕਸਬਿਆਂ, ਦੁਕਾਨਾਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਹੋਸਟਲਾਂ, ਆਰਾਮ ਘਰਾਂ, ਰੈਣ ਵਸੇਰਿਆਂ, ਸਰਾਵਾਂ, ਧਰਮਸ਼ਾਲਾਵਾਂ, ਭਵਨਾਂ, ਵਿੱਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਨਾਮ ਰੱਖ ਰਹੇ ਹਾਂ। ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਨਾਮ ਤਾਂ ਗੁਰੂਆਂ ਦੇ ਨਾਮ ਤੇ ਰੱਖੇ ਜਾ ਸਕਦੇ ਹਨ, ਬਸ਼ਰਤੇ ਕਿ ਉੱਥੇ ਸਿਰਫ ਤੇ ਸਿਰਫ ਸਿੱਖ ਧਰਮ ਦੀ ਹੀ ਵਿੱਦਿਆ ਦਿੱਤੀ ਜਾਵੇ ਬਾਕੀ ਧਰਮਾਂ ਤੋਂ ਇਸ ਆਧੁਨਿਕ ਧਰਮ ਵਿੱਚ ਜਿਹੜੇ ਵੱਖਰੇ ਗੁਣ ਹਨ, ਉਹਨਾਂ ਬਾਰੇ ਤੁਲਨਾਤਮਕ ਅਧਿਐਨ ਕੀਤਾ ਜਾਵੇ। ਇਹ ਕੰਮ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਹੈ ਜਿਸ ਦਾ ਮੁੱਖ ਕੰਮ ਹੀ ਧਰਮ ਦਾ ਪ੍ਰਚਾਰ ਤੇ ਪਸਾਰ ਕਰਨਾ ਹੈ। ਉਹ ਇੱਧਰ ਕਦਮ ਤਾਂ ਚੁੱਕ ਰਹੀ ਹੈ ਪ੍ਰੰਤੂ ਅਜੇ ਸ਼ੁਰੂਆਤ ਹੀ ਹੈ। ਐਸ.ਜੀ.ਪੀ.ਸੀ. ਨੇ ਫਤਿਹਗੜ੍ਹ ਸਾਹਿਬ ਵਿਖੇ ਇੱਕ ਯੂਨੀਵਰਸਿਟੀ ਤਾਂ ਸਥਾਪਤ ਕੀਤੀ ਹੈ ਉਸ ਦਾ ਨਾਮ ਵੀ ਕਿਸੇ ਗੁਰੂ ਸਾਹਿਬਾਨ ਦੇ ਨਾਮ ਤੇ ਨਹੀਂ ਰੱਖਿਆ ਹੈ, ਇਹ ਚੰਗਾ ਉਦਮ ਹੈ ਪ੍ਰੰਤੂ ਇਸ ਦਾ ਪਹਿਲਾ ਹੀ ਕੁਲਪਤੀ ਵਿਵਾਦਗ੍ਰਸਤ ਵਿਅਕਤੀ ਲਗਾ ਕੇ ਬਾਦਲ ਪਰਿਵਾਰ ਨੂੰ ਖੁਸ਼ ਕੀਤਾ ਹੈ। ਗੁਰੂਆਂ ਦੇ ਪਵਿੱਤਰ ਨਾਵਾਂ ਤੇ ਖੋਲ੍ਹੇ ਗਏ ਸਕੂਲਾਂ, ਕਾਲਜ਼ਾਂ, ਯੂਨੀਵਰਸਿਟੀਆਂ ਅਤੇ ਇਹਨਾਂ ਦੇ ਹੋਸਟਲਾਂ ਵਿੱਚ ਸਾਡੀ ਨੌਜਵਾਨੀ ਕੀ ਗੁੱਲ ਖਿਲਾ ਰਹੀ ਹੈ, ਅਸੀਂ ਸਭ ਉਸ ਤੋਂ ਭਲੀ-ਭਾਂਤ ਜਾਣੂ ਹਾਂ। ਇਹਨਾਂ ਸੰਸਥਾਵਾਂ ਵੱਲੋਂ ਗੁਰੂਆਂ ਦੇ ਨਾਵਾਂ ਨੂੰ ਵਰਤਣਾਂ ਜਾਇਜ਼ ਨਹੀਂ। ਸਾਡੀ ਨੌਜਾਵਾਨ ਪੀੜ੍ਹੀ ਦਿਸ਼ਾਹੀਣ ਹੋਈ ਪਈ ਹੈ। ਨਸ਼ਿਆਂ ਵਿੱਚ ਗਲਤਾਨ ਹੈ। ਵਿੱਦਿਅਕ ਸੰਸਥਾਵਾਂ ਦੇ ਹੋਸਟਲਾਂ ਵਿੱਚ ਮੀਟ ਆਮ ਬਣਦਾ ਹੈ, ਸਿਗਰਟਾਂ ਤੇ ਜਰਦਿਆਂ ਦਾ ਸੇਵਨ ਹੋ ਰਿਹਾ ਹੈ। ਗੁਰੂਆਂ ਦੇ ਨਾਵਾਂ ਨੂੰ ਯਾਦ ਰੱਖਣ ਦਾ ਇਹ ਕਿਹੜਾ ਸਾਧਨ ਹੈ। ਗੁਰੂਆਂ ਦੀਆਂ ਪਾਈਆਂ ਪੰਰਪਰਾਵਾਂ ਤੇ ਚੱਲ ਕੇ ਗੁਰਬਾਣੀ ਦੇ ਅਸੂਲਾਂ ਤੇ ਅਮਲ ਕਰਕੇ ਸਿੱਖੀ ਪ੍ਰਫੂਲਿਤ ਹੋ ਸਕਦੀ ਹੈ। ਇਹਨਾਂ ਸੰਸਥਾਵਾਂ ਦੇ ਨਾਵਾਂ ਪਿੱਛੇ ਕੁੱਝ ਨਹੀਂ ਪਿਆ। ਇੱਕ ਪਾਸੇ ਸਕੂਲਾਂ, ਕਾਲਜਾਂ, ਦੁਕਾਨਾਂ ਤੇ ਵਿੱਦਿਅਕ ਸੰਸਥਾਵਾਂ ਦੇ ਨਾਮ ਧਾਰਮਿਕ ਤੇ ਮਹੱਤਵਪੂਰਨ ਵਿਅਕਤੀਆਂ ਦੇ ਨਾਵਾਂ ਤੇ ਰੱਖੇ ਹੋਏ ਹਨ, ਉਹ ਵਿਅਕਤੀ ਸਮਾਜਿਕ ਤੌਰ ਤੇ ਭਾਵੇਂ ਕਿੰਨੇ ਹੀ ਬਦਨਾਮ ਕਿਉਂ ਨਾ ਹੋਣ ਤੇ ਦੂਜੇ ਪਾਸੇ ਇਸ ਦੇ ਮੁਕਾਬਲੇ ਤੇ ਗੁਰੂਆਂ ਦੇ ਨਾਵਾਂ ਤੇ ਇਹਨਾਂ ਸੰਸਥਾਵਾਂ ਦੇ ਨਾਮ ਰੱਖੇ ਜਾ ਰਹੇ ਹਨ। ਇਹ ਕੰਮ ਸਿੱਖਾਂ ਲਈ ਸ਼ੋਭਾ ਨਹੀਂ ਦਿੰਦੇ। ਕਾਂਗਰਸ ਰਾਜ ਸਮੇਂ ਪਟਿਆਲਾ ਵਿਖੇ ਇੱਕ ਨਦੀ ਵਿੱਚ ਲੋਕਾਂ ਨੇ ਧੱਕੇ ਨਾਲ ਜ਼ਿਲ੍ਹਾ ਪ੍ਰਬੰਧ ਦੀ ਸ਼ਹਿ ਤੇ ਘਰ ਬਣਾ ਲਏ ਤੇ ਉਸ ਕਲੌਨੀ ਦਾ ਨਾਮ ਧੱਕਾ ਕਲੌਨੀ ਰੱਖ ਦਿੱਤਾ। ਇੱਕ ਹੋਰ ਕਲੌਨੀ ਦਾ ਨਾਮ ਸੰਜੇ ਗਾਂਧੀ ਦੇ ਨਾਮ ਤੇ ਸੰਜੇ ਕਲੌਨੀ ਰੱਖ ਦਿੱਤਾ। ਜਲੰਧਰ ਵਿਖੇ ਇੱਕ ਨਵੀਂ ਯੂਨੀਵਰਸਿਟੀ ਬਣਾਈ ਗਈ ਸੀ, ਜਿਸ ਦਾ ਨਾਮ ਯੂਨੀਵਰਸਿਟੀ ਦੇ ਮਾਲਕ ਨੇ ਆਪਣੇ ਬੱਚੇ ਦੇ ਘਰ ਦੇ ਛੋਟੇ ਨਾਂ ਤੇ “ਲਵਲੀ ਯੂਨੀਵਰਸਿਟੀ” ਰੱਖ ਦਿੱਤਾ। ਵਿਧਾਨ ਸਭਾ ਵਿੱਚ ਇਸ ਨਾਂ ਤੇ ਬਥੇਰਾ ਰੌਲਾ ਰੱਪਾ ਪਿਆ ਪ੍ਰੰਤੂ ਸਭ ਵਿਅਰਥ। ਇਸ ਯੂਨੀਵਰਸਿਟੀ ਦੇ ਮਾਲਕ ਦੀਆਂ ਜਲੰਧਰ ਵਿੱਚ ਲਵਲੀ ਸਵੀਟਸ ਦੇ ਨਾਂ ਦੀਆਂ ਮਠਿਆਈ ਦੀਆਂ ਦੁਕਾਨਾਂ ਹਨ। ਇੱਕ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਦੂਜੇ ਪਾਸੇ ਲਵਲੀ ਯੂਨੀਵਰਸਿਟੀ। ਇਸੇ ਤਰ੍ਹਾਂ ਗਲੀਆਂ ਮੁਹੱਲਿਆਂ ਦੇ ਨਾਂ ਜਿਵੇਂ ਬਿਸ਼ਨ ਨਗਰ, ਹਰਿੰਦਰ ਨਗਰ, ਰਤਨ ਨਗਰ, ਗੁਰਬਖਸ਼ ਕਲੌਨੀ ਅਤੇ ਇਸੇ ਤਰਜ਼ ਤੇ ਗੁਰੂ ਨਾਨਕ ਨਗਰ, ਹਰਗੋਬਿੰਦ ਨਗਰ, ਦਸ਼ਮੇਸ਼ ਨਗਰ, ਰਾਮਦਾਸ ਨਗਰ ਅਤੇ ਜੂਝਾਰ ਕਲੌਨੀ ਆਦਿ ਰੱਖੇ ਹੋਏ ਹਨ। ਇੱਥੇ ਹੀ ਬੱਸ ਨਹੀਂ ਟਰੱਕਾਂ, ਬੱਸਾਂ ਤੇ ਟਰਾਂਸਪੋਰਟ ਕੰਪਨੀਆਂ ਦੇ ਨਾਂ ਉਹਨਾਂ ਦੇ ਮਾਲਕਾਂ ਅਤੇ ਇਤਿਹਾਸਕ ਥਾਵਾਂ ਦੇ ਨਾਮ ਤੇ ਰੱਖੇ ਹੋਏ ਹਨ ਜਿਵੇਂ ਕਰਤਾਰ ਬੱਸ ਸਰਵਿਸ, ਨਿਰਭੈ ਬੱਸ ਸਰਵਿਸ, ਪ੍ਰੀਤਮ ਬੱਸ ਸਰਵਿਸ, ਲਿੱਬੜਾ ਬੱਸ ਸਰਵਿਸ, ਪਾਲ ਬੱਸ ਸਰਵਿਸ, ਫਤਿਹਗੜ੍ਹ ਸਾਹਿਬ ਬੱਸ ਸਰਵਿਸ ਅਤੇ ਦੂਜੇ ਪਾਸੇ ਹਰਗੋਬਿੰਦ ਬੱਸ ਸਰਵਿਸ, ਦਸ਼ਮੇਸ਼ ਹਾਈਵੇਅਜ਼, ਬਾਬਾ ਬੰਦਾ ਸਿੰਘ ਬਹਾਦਰ ਬੱਸ ਸਰਵਿਸ, ਗੁਰੂ ਨਾਨਕ ਰੋਡਵੇਜ਼, ਜੁਝਾਰ ਟਰੈਵਲਰਜ਼, ਕਲਗੀਧਰ ਬੱਸ ਸਰਵਿਸ, ਗੁਰੂ ਤੇਗ ਬਹਾਦਰ ਬੱਸ ਸਰਵਿਸ ਆਦਿ। ਇਹਨਾਂ ਬੱਸਾਂ ਅਤੇ ਖਾਸ ਤੌਰ ਤੇ ਟਰੱਕਾਂ ਤੇ ਅਜੀਬ ਕਿਸਮ ਦੇ ਸਲੋਗਨ ਵੀ ਲਿਖੇ ਹੁੰਦੇ ਹਨ। ਬੱਸਾਂ ਤੇ ਟਰੱਕਾਂ ਵਿੱਚ ਅਸਭਿਆ ਗੀਤ ਵੀ ਵੱਜਦੇ ਹਨ। ਇਸੇ ਤਰ੍ਹਾਂ ਢਾਬਿਆਂ ਦੇ ਨਾਮ ਵੀ ਗੁਰੂਆਂ ਦੇ ਨਾਵਾਂ ਤੇ ਰੱਖੇ ਹੋਏ ਹਨ, ਉਥੇ ਵੀ ਮੀਟ ਬਣਦਾ ਹੈ ਤੇ ਲਚਰ ਗੀਤ ਲੱਗੇ ਹੋਏ ਹੁੰਦੇ ਹਨ। ਹਰ ਸਿੱਖ ਸ਼ਰਧਾਲੂ ਪਾਠ ਕਰਦਿਆਂ ਅਤੇ ਅਰਦਾਸ ਵਿੱਚ ਕਹਿੰਦਾ ਹੈ:

”ਨਾਨਕ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਤਿਨ ਗੁਰੂ ਪਾਰ ਉਤਾਰਨ ਹਾਰ”

ਇਸ ਦਾ ਭਾਵ ਇਹ ਹੈ ਕਿ ਜਿਹੜਾ ਇਨਸਾਨ ਪਰਮਾਤਮਾ ਦਾ ਨਾਮ ਲਵੇਗਾ, ਪਾਠ ਕਰੇਗਾ, ਜੇਕਰ ਉਹ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਪਾਠ ਕਰੇਗਾ ਤਾਂ ਉਸ ਦਾ ਪਾਰ ਉਤਾਰਾ ਹੋਵੇਗਾ, ਉਸ ਦਾ ਜੀਵਨ ਸਫਲ ਹੋਵੇਗਾ ਪ੍ਰੰਤੂ ਜਿਸ ਤਰ੍ਹਾਂ ਅਸੀਂ ਆਪਣੇ ਗੁਰੂਆਂ ਵਿੱਚ ਸ਼ਰਧਾ ਦਾ ਵਿਖਾਵਾ ਕਰਨ ਲਈ ਉਹਨਾਂ ਦੇ ਨਾਵਾਂ ਦੀ ਦੁਰਵਰਤੋਂ ਕਰ ਰਹੇ ਹਾਂ ਤਾਂ ਜੋ ਦੁਨੀਂਆਂ ਗੁਰੂਆਂ ਦੇ ਨਾਮ ਦੀ ਸੰਸਥਾ ਨੂੰ ਚੰਗਾ ਕਹੇ। ਜੇਕਰ ਸੂਝਵਾਨ ਵਿਦਵਾਨਾਂ ਨੇ ਲੋਕਾਂ ਨੂੰ ਅਜਿਹਾ ਕਰਨੋ ਨਾ ਰੋਕਿਆ ਤਾਂ ਹੋ ਸਕਦਾ ਹੈ ਕੋਈ ਅਮੀਰ ਸਿੱਖ ਸ਼ਰਧਾਲੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਏਅਰ ਲਾਈਨ ਹੀ ਬਣਾ ਲਵੇ ਤਾਂ ਜੋ ਲੋਕ ਉਸ ਏਅਰ ਲਾਈਨ ਵਿੱਚ ਚੜ੍ਹ ਕੇ ਪਾਰ ਉਤਾਰਾ ਤਾਂ ਨਹੀਂ ਹੋ ਸਕਦਾ ਪ੍ਰੰਤੂ ਉਹਨਾਂ ਦਾ ਵਪਾਰ ਤਾਂ ਵੱਧ ਸਕਦਾ ਹੈ। ਸਾਡੇ ਗੁਰੂਆਂ ਨੇ ਸਾਨੂੰ ਅਜਿਹੇ ਕਰਮ ਕਾਂਡਾ ਤੋਂ ਛੁਟਕਾਰਾ ਦਿਵਾਇਆ ਸੀ। ਦੇਹਧਾਰੀ ਗੁਰੂਆਂ ਦੀ ਪਰੰਪਰਾ ਨੂੰ ਖਤਮ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਲਈ ਕਿਹਾ ਸੀ। ਇਸ ਸਮੇਂ ਅਸੀਂ ਗੁਰੂ ਦੇ ਆਦੇਸ਼ਾਂ ਦੇ ਉਲਟ ਆਪਣਾ ਵਪਾਰ ਚਮਕਾਉਣ ਲਈ ਦੁਕਾਨਾਂ ਤੇ ਆਪਣੇ ਗੁਰੂਆਂ ਦੀ ਫੋਟੋਆਂ ਲਗਾਉਣ ਲੱਗ ਪਏ ਹਾਂ ਅਤੇ ਉਹਨਾਂ ਦੇ ਬਰਾਬਰ ਹੋਰ ਧਰਮਾਂ ਤੇ ਫਿਰਕਿਆਂ ਦੇ ਮੁਖੀਆਂ ਦੀਆਂ ਫੋਟੋਆਂ ਲਗਾ ਲੈਂਦੇ ਹਾਂ। ਉਹਨਾਂ ਦੀ ਧੂਫਬੱਤੀ ਕਰਦੇ ਹਾਂ। ਅਸੀਂ ਬਿਨਾਂ ਵਜ੍ਹਾ ਸਿੱਖ ਧਰਮ ਦੀ ਵਿਚਾਰਧਾਰਾ ਦੇ ਉਲਟ ਕਰਮਕਾਂਡਾ ਵਿੱਚ ਪੈ ਗਏ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਖੌਤੀ ਪਾਂਡਿਆਂ, ਪਾਦਿਆਂ ਅਤੇ ਪੰਡਿਤਾਂ ਵੱਲੋਂ ਕੀਤੇ ਜਾਂਦੇ ਇਹਨਾਂ ਕਰਮਕਾਂਡਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਪੰਡਿਤਾਂ ਤੋਂ ਭਾਵ ਕਿਸੇ ਇੱਕ ਫਿਰਕੇ ਇੱਕ ਜਾਤ ਜਾਂ ਸੰਪਰਦਾਏ ਨਹੀਂ ਬਲਕਿ ਇਹ ਉਹਨਾਂ ਲੋਕਾਂ ਬਾਰੇ ਕਿਹਾ ਸੀ ਜਿਹੜੇ ਅਨਪੜ੍ਹ ਸ਼ਰਧਾਲੂਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਮੜੀਆਂ, ਮਸਾਣਾਂ ਤੇ ਦੇਹਧਾਰੀ ਗੁਰੂਆਂ ਨੂੰ ਪੁੱਜਣ ਲਈ ਕਹਿੰਦੇ ਸਨ, ਇਸੇ ਕਰਕੇ ਉਹਨਾਂ ਚੁੱਲਾ ਚੌਕਾਂ ਲਿਪ ਕੇ ਪੂਜਾ ਕਰਨ ਅਤੇ ਆਰਤੀ ਦਾ ਵਿਰੋਧ ਕਰਦੇ ਹੋਏ ਕਿਹਾ ਸੀ:

ਗਗਨ ਮੈ ਥਾਲ ਰਵਿ ਚੰਦ ਦੀਪਕ, ਬਨੇ ਤਾਰਿਕਾ ਮੰਡਲ ਜਨਕ ਮੋਤੀ
ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਇ ਫੁਲੰਤ ਜੋਤੀ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ।

ਗੁਰੂ ਜੀ ਨੇ ਪਦਾਰਥਵਾਦੀ ਕਰਮਕਾਂਡਾ ਤੋਂ ਹਟਾ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਵਾਹਿਗੁਰੂ ਜੀ ਨੇ ਕੁਦਰਤੀ ਆਰਤੀ ਕੀਤੀ ਹੋਈ ਹੈ ਜੋ ਕਿ ਹਮੇਸ਼ਾਂ ਹੁੰਦੀ ਰਹਿੰਦੀ ਹੈ। ਇਸ ਆਰਤੀ ਲਈ ਥਾਂ ਲਿਪਣਾਂ ਨਹੀਂ ਪੈਂਦਾ ਕਿਸੇ ਥਾਲ ਦੀ ਲੋੜ ਨਹੀਂ, ਧੂਪ ਬੱਤੀ ਨਹੀਂ ਕਰਨੀ ਪੈਂਦੀ, ਦੀਵੇ ਵਾਲ ਕੇ ਨਹੀਂ ਰੱਖਣੇ ਪੈਂਦੇ। ਇਹ ਅਸਥਾਈ ਦੁਨੀਂਆਵੀ ਵਸਤਾਂ ਹਨ, ਕਰਮਕਾਂਡ ਹਨ, ਗੁਰੂ ਜੀ ਨੇ ਅਸਮਾਨ ਨੂੰ ਥਾਲ, ਤਾਰਿਆਂ ਨੂੰ ਦੀਵੇ, ਸੂਰਜ ਤੇ ਚੰਦ ਰੋਸ਼ਨੀ ਦਿੰਦੇ ਹਨ, ਕੁਦਰਤ ਦੇ ਬੂਟੇ ਤੇ ਫੁੱਲ ਕੁਦਰਤੀ ਖੁਸ਼ਬੂ ਦਿੰਦੇ ਹਨ, ਹਵਾ ਹਮੇਸ਼ਾਂ ਚੌਰ ਕਰਦੀ ਰਹਿੰਦੀ ਹੈ। ਇਹ ਕੁਦਰਤ ਦੀ ਆਰਤੀ 24 ਘੰਟੇ ਹੁੰਦੀ ਰਹਿੰਦੀ ਹੈ, ਫਿਰ ਅਸੀਂ ਕਰਮਕਾਂਡ ਕਿਉਂ ਕਰ ਰਹੇ ਹਾਂ। ਜਦੋਂ ਸਾਡੇ ਗੁਰੂ ਨੇ ਇਹਨਾਂ ਕਰਮਕਾਂਡਾ ਤੋਂ ਸਾਨੂੰ ਵਰਜਿਆ ਸੀ ਫਿਰ ਅਸੀਂ ਅਜਿਹੇ ਦੁਨੀਂਆਵੀ ਪਾਖੰਡ ਕਿਉ਼ ਕਰਦੇ ਹਾਂ। ਬੁੱਤ, ਮੜੀਆ ਮਸਾਣਾਂ, ਤਸਵੀਰਾਂ ਦੀ ਪੂਜਾ ਕਿਉਂ ਕਰ ਰਹੇ ਹਾਂ। ਜੇ ਅਸੀਂ ਗੁਰੂ ਦੇ ਸਿੱਖ ਹਾਂ ਤਾਂ ਸਾਨੂੰ ਗੁਰਮੁੱਖ ਬਨਣਾ ਚਾਹੀਦਾ ਹੈ, ਗੁਰੂਆਂ ਦੀ ਵਿਚਾਰਧਾਰਾ ਦੇ ਉਲਟ ਜਾ ਕੇ ਗੁਰੂਆਂ ਦੀਆਂ ਫੋਟੋਆਂ ਲਗਾ ਕੇ ਪੂਜਾ ਨਹੀਂ ਕਰਨੀ ਚਾਹੀਦੀ, ਧੂਪਬੱਤੀ ਨਾ ਕਰੋ, ਕਲੰਡਰਾਂ ਤੇ ਗੁਰੂਆਂ ਦੀਆਂ ਫੋਟੋਆਂ ਨਾ ਪ੍ਰਕਾਸ਼ਿਤ ਕਰੋ। ਜੇ ਕਲੰਡਰਾਂ ਤੇ ਫੋਟੋ ਲਗਾਉਣੀ ਹੀ ਹੈ ਤਾਂ ਸ਼੍ਰੀ ਹਰਮੰਦਰ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਤਲਵੰਡੀ ਸਾਬੋ ਦੇ ਗੁਰਦੁਆਰਾ ਸਾਹਿਬ, ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਹਜ਼ੂਰ ਸਾਹਿਬ ਅਰਥਾਤ ਪੰਜਾਂ ਤਖ਼ਤਾਂ ਵਿਚੋ ਇੱਕ ਤਖ਼ਤ ਦੀ ਫੋਟੋ ਲਗਾ ਲਵੋ। ਆਪਣੇ ਗੁਰੂ ਦੀ ਵਿਚਾਰਧਾਰਾ ਦੇ ਉਲਟ ਨਾ ਚਲੋ। ਜੇਕਰ ਇਹ ਪਰੰਪਰਾ ਚਲਦੀ ਰਹੀ ਤਾਂ ਫਿਰ ਇਸ ਵਿੱਚ ਹੋਰ ਵਾਧਾ ਹੋਵੇਗਾ ਤੇ ਜਿਵੇਂ ਸਿੱਖੀ ਵਿੱਚ ਘੁਸਪੈਠ ਹੋ ਰਹੀ ਹੈ ਤੇ ਸਿੱਖ ਸੰਗਤ ਵਰਗੀਆਂ ਸੰਸਥਾਵਾਂ ਸਿੱਖੀ ਦਾ ਨੁਕਸਾਨ ਕਰ ਰਹੀਆਂ ਹਨ। ਅਸੀਂ ਆਪਣੇ ਪੈਰੀ ਆਪ ਕੁਹਾੜਾ ਮਾਰ ਰਹੇ ਹਾਂ। ਹੁਣ ਸਿੱਖਾਂ ਨੂੰ ਆਪਸੀ ਝਗੜੇ ਖਤਮ ਕਰਕੇ ਨਿੱਕੀਆਂ-ਮੋਟੀਆਂ ਗੱਲਾਂ ਭੁਲਾ ਕੇ, ਸੰਜੀਦਾ ਹੋ ਕੇ ਸਿੱਖ ਜਗਤ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜਦੋਂ ਸਾਡਾ ਨਿਸ਼ਾਨਾ ਇੱਕ ਹੈ ਫਿਰ ਅਸੀਂ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇੱਕ ਮੁੱਠ ਹੋਈਏ ਆਪਣੇ ਰਸਤੇ ਤੋਂ ਨਾ ਭੱਟਕੀਏ, ਹੁਣ ਕੀਤੀ ਹੋਰ ਦੇਰੀ ਸਾਡੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰੇਗੀ। ਸਿੱਖ ਕੌਮ ਦੀ ਪਹਿਲੀ ਜਿੰਮੇਵਾਰੀ ਹੈ ਕਿ ਆਪਣੀ ਔਲਾਦ ਨੂੰ ਗੁਰ ਸਿੱਖ ਬਨਾਉਣ ਦਾ ਤਹੱਇਆ ਕਰਨ ਤਾਂ ਜੋ ਆਪਣੇ ਨਿਸ਼ਾਨੇ ਤੋਂ ਭਟਕ ਰਹੀ ਸਿੱਖ ਕੌਮ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਜੇਕਰ ਅਜਿਹੇ ਕਦਮ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰਾਂਗੇ ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਾਂਗੇ ਤਾਂ ਫਿਰ ਅਸੀਂ ਹੋਰਨਾਂ ਨੂੰ ਸਲਾਹ ਦੇਣ ਦੇ ਯੋਗ ਹੋਵਾਂਗੇ। ਮਤਲਬ ਇਹ ਹੈ ਕਿ ਅਸੀਂ ਪਹਿਲਾਂ ਖੁਦ ਮਾਡਲ ਬਣੀਏ ਤੇ ਕੌਮ ਨੂੰ ਕਰਮਕਾਂਡਾ ਵਿਚੋ ਕੱਢ ਕੇ ਸਿੱਖੀ ਮਰਿਆਦਾਵਾਂ ਤੇ ਪਹਿਰਾ ਦੇਈਏ ਅਤੇ ਗੁਰੂਆਂ ਦੇ ਨਾਵਾਂ ਦੀ ਗਲਤ ਵਰਤੋਂ ਕਰਨ ਤੋਂ ਸਿੱਖਾਂ ਨੂੰ ਰੋਕੀਏ ਇਸੇ ਵਿੱਚ ਸਿੱਖ ਕੌਮ ਦਾ ਭਲਾ ਹੈ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 23 ਨਵੰਬਰ 2010)
(ਦੂਜੀ ਵਾਰ 6 ਸਤੰਬਰ 2021)

***
324
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ