20 September 2024
Nachhatar Singh Bhopal

“ਦੁਸਹਿਰਾ-ਦਿਵਾਲੀ”—ਨਛੱਤਰ ਸਿੰਘ ਭੋਗਲ “ਭਾਖੜੀਆਣਾ”

ਚੰਗਾ ਲੱਗੇ ਨਾਂ ਦੁਸਹਿਰਾ, ਮਨਭਾਉਂਦੀ ਨਹੀਂ ਦਿਵਾਲੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਜ਼ਮੀਨਾਂ ਖੋਹਣ ਦਾ ਖਿਆਲ, ਤੇਰੇ ਮਨ ਵਿੱਚ ਆਇਆ,
ਧੱਕੇ-ਸ਼ਾਹੀ ਦੇ ਖ਼ਿਲਾਫ਼, ਕਿਸਾਨਾਂ ਮੋਰਚਾ ਲਗਾਇਆ,
ਝੱਲੀ ਰੁੱਤਾਂ ਦੀ ਕਰੋਪੀ, ਬਹਿ ਕੇ ਭੁੱਖਾ ਤਰਿਹਾਇਆ,
ਜੈ ਜਵਾਨ-ਜੈ ਕਿਸਾਨ, ਨਾਹਰਾ ਸਾਡੇ ਹਿੱਸੇ ਆਇਆ,
ਸਾਡੇ ਨਾਲ ਮਾੜੀ ਕੀਤੀ, ਸਾਡੇ ਚਿੱਤ ਨਾ ਖ਼ਿਆਲੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਕਾਲ੍ਹਾ-ਦੌਰ ਅਸੀਂ ਆਪਣੇ ਹੈ ਪਿੰਡੇ ਤੇ ਹੰਢਾਇਆ,
ਜਿਹਨੇ ਚੱੜਦੀ ਜਵਾਨੀ ਨੂੰ ਰਾਹ ਸਿਵਿਆਂ ਦੇ ਪਾਇਆ,
ਮਾਂ,ਬਾਪ,ਧੀਆਂ,ਭੈਣਾਂ ਨੂੰ ਜਾ ਠਾਣੇ ਸੀ ਬਿਠਾਇਆ,
ਝੂਠ ਚੰਦਰੇ ਨੇਂ ਸੱਚ ਨੂੰ ਸੀ ਫਾਂਸੀ ਲਟਕਾਇਆ,
ਛਾਇਆ ਘਰ-ਘਰ ਮਾਤਮ ਤੇ ਪਿੰਡ ਹੋਏ ਖਾਲ਼ੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਹਵਾਵਾਂ ਵਿੱਚ ਹੈ ਕੁੜੱਤਣ, ਜ਼ਹਿਰ ਘੁਲ੍ਹੀ ਵਿੱਚ ਪਾਣੀ,
ਮਾਰੂਥਲ ਬਣੀ ਜਾਂਦੀ, ਪਿਆਸੀ ਧਰਤੀ ਨਿਮਾਣੀ,
ਖੇਤੀ ਜੱਟ ਲਈ ਹੈ ਬਣੀ, ਬਘਿਆੜੀ ਬੰਦੇ ਖਾਣੀ,
ਤਾਹੀਉਂ ਰੱਸਾ ਗੱਲ੍ਹ ਪਾਕੇ ਕਰੇ ਖਤਮ ਕਹਾਣੀ,
ਉੱਡੀ ਫਸਲਾਂ ਦੇ ਉਤੋਂ, ਜਿਹੜੀ ਆਈ ਹਰਿਆਲੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਸਾਡੇ ਹਾਕਮਾਂ ਨੇ ਖ਼ੁਦ, ਬੜੀ ਲੁੱਟ-ਖੋਹ ਮਚਾਈ,
ਡੇਰੇ ਵਾਲ਼ਿਆਂ ਤੋਂ ਡਰੀ ਹੋਈ ਖੁਦਾ ਦੀ ਖੁਦਾਈ,
ਲੱਚਰ ਗਾਇਕਾਂ, ਬੇਸ਼ਰਮੀਂ ਦੀ ਹੱਦ ਹੈ ਮੁਕਾਈ,
ਜ਼ਿਹਨਾਂ ਢੋਲ ਦੀ ਧਮਾਲ ਤੇ ਪੰਜਾਬਣ ਨੱਚਾਈ,
ਸੁੱਚੇ ਵਿਰਸੇ ਦੇ ਮੂੰਹ ਤੇ ਲਾਉਣ ਕਾਲਖ ਇਹ ਕਾਲ਼ੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।

ਬੇਅਦਬੀ ਸ਼ਬਦ ਗੁਰੂ ਦੀ, ਸੋਚੀ ਸਮਝੀ ਸੀ ਚਾਲ,
ਭਾਵਨਾਵਾਂ ਦਾ ਕਤਲ, ਰੂਹ ਕੀਤੀ ਸੀ ਹਲਾਲ,
ਅਕਾਲ ਤੱਖਤ ਉਡਾਇਆ, ਸ਼ਰੇਆਮ ਤੋਪਾਂ ਨਾਲ,
ਨਹੀਂਉ ਭੁੱਲਣਾ “ਚੁਰਾਸੀ”, ਹੋਇਆ ਕੌਮ ਦਾ ਜੋ ਹਾਲ,
ਨਛੱਤਰ ਭੋਗਲ ਯਾਦ ਰੱਖੀਂ, ਗੱਲ ਨਹੀਂ ਭਲਾਉਣ ਵਾਲੀ।
ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।।
***
481
***

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →