18 September 2024

ਕਨੇਡੀਅਨ ਪੰਜਾਬੀ ਕਹਾਣੀ ਦਾ ਸਿਰਕੱਢ ਕਹਾਣੀਕਾਰ ਰਵਿੰਦਰ ਰਵੀ – ਡਾ. ਰਜਨੀ ਰਾਣੀ

ਕਨੇਡੀਅਨ ਪੰਜਾਬੀ ਕਹਾਣੀ ਦਾ ਸਿਰਕੱਢ ਕਹਾਣੀਕਾਰ ਰਵਿੰਦਰ ਰਵੀ

-ਡਾ. ਰਜਨੀ ਰਾਣੀ, (ਕੁਰੁਕਸ਼ੇਤਰ, ਹਰਿਆਣਾ)

ਰਵਿੰਦਰ ਰਵੀ ਪੰਜਾਬੀ ਸਾਹਿਤ ਵਿਚ ਸੁਪਰਿਚਿਤ ਹਸਤਾਖ਼ਰ ਹੈ। ਰਵੀ ਸਭ ਤੋਂ ਪਹਿਲਾ ਪਰਵਾਸੀ ਲੇਖਕ ਹੈ। ਭਾਵੇਂ 70 ਕੁ ਪੁਸਤਕਾਂ ਦਾ ਸਿਰਜਣਹਾਰ ਰਵੀ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ, ਪਰ ਇਥੇ ਇਹ ਦੱਸਣਾ ਬਹੁਤ ਜ਼ਰੂਰੀ ਜਾਪਦਾ ਹੈ ਕਿ ਰਵੀ ਨੂੰ ਵੱਖ ਵੱਖ ਸਾਹਿਤ ਅਕਾਡਮੀਆਂ ਵੱਲੋਂ ਕਈ ਸਨਮਾਨ ਪ੍ਰਾਪਤ ਹੋਏ ਹਨ। ਇਸ ਲੇਖਕ ਦੀ ਪਹਿਚਾਣ ਉਂਝ ਤਾਂ ਪੰਜਾਬੀ ਸਾਹਿਤ ਜਗਤ ਵਿਚ ਬਹੁਵਿਧਾਵੀ ਲੇਖਕ ਵਜੋਂ ਹੈ, ਪਰ ਇਸ ਲੇਖ ਵਿਚ ਕੇਵਲ ਅਸੀਂ ਉਸ ਦੇ ਕਹਾਣੀ ਸੰਗ੍ਰਹਿਆਂ ਬਾਰੇ ਹੀ ਗੱਲ ਕਰਨੀ ਚਾਹਾਂਗੇ। ਉਸ ਵੱਲੋਂ ਹੁਣ ਤਕ ਅੱਠ ਕਹਾਣੀ ਸੰਗ੍ਰਹਿ ਪ੍ਰਕਾਸਿ਼ਤ ਹੋ ਚੁੱਕੇ ਹਨ। ਉਸ ਦੀਆਂ ਕਹਾਣੀਆਂ ਦਾ ਮੁੱਖ ਵਿਸ਼ਾ ਅਜੋਕੇ ਵਿਕਸਿਤ ਤੇਜ਼ ਰਫਤਾਰ ਯੁੱਗ ਵਿਚ ਵਿਚਰ ਰਹੇ ਮਨੁੱਖ ਦਾ ਬਹੁਪੱਖੀ ਵਿਸ਼ਲੇਸ਼ਣ ਕਰਨਾ ਹੈ। ਰਵੀ ਨੇ ਮਨੁੱਖ ਨੂੰ ਭਟਕਣ ਗ੍ਰਸਤ ਜ਼ਿੰਦਗੀ ਚੋਂ ਕੱਢਣ ਲਈ ਸੁਚੇਤ ਤੇ ਉਸਾਰੂ ਸੇਧ ਦੇਣ ਹਿੱਤ ਵਿਭਿੰਨ ਜੁਗਤਾਂ ਦੀ ਵਰਤੋਂ ਕੀਤੀ ਹੈ। ਮੇਰੀ ਕਹਾਣੀ ਦੇ 50 ਵਰ੍ਹੇ ਸਿਰਲੇਖ ਹੇਠ ਉਹ ਲਿਖਦਾ ਹੈ:- “ਮੇਰੀ ਕਹਾਣੀ ਇਕ ਸੀ ਰਾਜਾ ਵਾਲੀ ਪਰੰਪਰਾਗਤ ਬਿਰਤਾਂਤਕ ਸ਼ੈਲੀ ਦੇ ਅੰਤਰਗਤ ਨਹੀਂ ਆਉਂਦੀ, ਇਸ ਦੀ ਪ੍ਰਕ੍ਰਿਤੀ ਜਟਿਲ ਹੈ, ਕਿਉਂਕਿ ਜਿਸ ਅਨੁਭਵ ਉੱਤੇ ਇਸ ਦਾ ਆਧਾਰ ਹੈ, ਉਹ ਆਧਾਰ ਸਰਲ ਨਹੀਂ। ਇਸ ਵਿਚ ਨਾਟਕੀਅਤਾ, ਕਾਵਿਕਤਾ, ਦਰਸ਼ਨ, ਮਨੋਵਿਗਿਆਨ, ਮਨੋਵਿਸ਼ਲੇਸ਼ਣ ਅਤੇ ਗਲਪ ਤੇ ਸਵੈ-ਜੀਵਨੀਆਤਮ ਤੱਤ ਸਹਿਜ ਵਿਚਰਦੇ ਹਨ।”

ਰਵਿੰਦਰ ਰਵੀ ਨੇ ਕਹਾਣੀ ਦੀ ਰੂਪ ਵਿਧਾ, ਤਕਨੀਕ ਤੇ ਸ਼ੈਲੀ ਵਿਚ ਅਨੇਕਾਂ ਪ੍ਰਯੋਗ ਕੀਤੇ ਹਨ। ਵੱਖ-ਵੱਖ ਦੇਸ਼ਾਂ ਵਿਚ ਆਪਣੇ ਹੁਣ ਤਕ ਦੇ ਬਿਤਾਏ ਜੀਵਨ ਵਿਚ ਜਿਨ੍ਹਾਂ ਰੌਚਕ ਵਿਅਕਤੀਆਂ ਨਾਲ ਉਸ ਦਾ ਮੇਲ ਹੋਇਆ ਹੈ, ਉਨ੍ਹਾਂ ਨੂੰ ਉਹ ਆਪਣੀਆਂ ਹੁਣ ਤਕ ਦੀਆਂ ਲਿਖਤਾਂ ਵਿਚ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਰਵੀ ਨੇ 1955 ਵਿਚ ਭਾਰਤ ਰਹਿੰਦਿਆ ਹੀ ਆਪਣੀ ਸਾਹਿਤ ਸਾਧਨਾ ਆਰੰਭ ਕੀਤੀ। 1967 ਵਿਚ ਕੀਨੀਆ ਪਰਵਾਸ ਕਰਨ ਤੋਂ ਬਾਦ ਅਤੇ ਫਿਰ ਕੀਨੀਆ ਤੋਂ ਕੈਨੇਡਾ ਵਿਚ ਵੱਸ ਜਾਣ ਤੋਂ ਬਾਦ ਉਸ ਦੀ ਦ੍ਰਿਸ਼ਟੀ ਹੁਣ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਡਾ. ਰਘੁਬੀਰ ਸਿੰਘ ਰਵਿੰਦਰ ਰਵੀ ਬਾਰੇ ਲਿਖਦਾ ਹੈ :- “ਕਰਤਾਰ ਸਿੰਘ ਦੁੱਗਲ ਤੇ ਕੁਲਵੰਤ ਸਿੰਘ ਵਿਰਕ ਵਰਗੇ ਪੰਜਾਬੀ ਦੇ ਸਮੱਰਥ ਕਲਾਕਾਰ ਵੀ ਪੂੰਜੀਵਾਦੀ ਮਨੁੱਖ ਦੀ ਆਦਰਸ਼ ਵਿਹੂਣੀ ਸੁਤੰਤਰ ਸਵੈ ਹੋਂਦ ਦੀ ਬਾਤ ਉਸ ਤਰ੍ਹਾਂ ਨਹੀਂ ਪਾ ਸਕੇ, ਜਿਵੇਂ ਰਵਿੰਦਰ ਰਵੀ ਨੇ ਪਾਈ ਹੈ।” ਇਕ ਸਿਰਜਕ ਵਜੋਂ ਉਸ ਦਾ ਮੁੱਖ ਸਰੋਕਾਰ ਮਨੁੱਖ ਦੇ ਨਿੱਜ ਸੁਤੰਤਰ ਹੋਣ ਨਾਲ ਹੈ। ਰਵਿੰਦਰ ਰਵੀ ਵਿਚ ਨਵੇਂ ਵਿਸਿ਼ਆਂ ਦੀ ਤਲਾਸ਼ ਕਰਨ ਦੀ ਭਰਪੂਰ ਇੱਛਾ ਹੈ। ਅਜਿਹੀ ਇੱਛਾ ਉਹੀ ਲੇਖਕ ਕਰ ਸਕਦਾ ਹੈ ਜੋ ਸਮਕਾਲੀ ਘਟਨਾਵਾਂ ਦੀਆਂ ਖਬਰਾਂ ਵਿਚੋਂ ਸਮਾਜ ਦੀਆਂ ਭਵਿੱਖ-ਮੁਖੀ ਕਦਰਾਂ ਕੀਮਤਾਂ ਦੀ ਦੂਰਬੀਨੀ ਸ਼ਨਾਖ਼ਤ ਕਰਨ ਦੇ ਸਮੱਰਥ ਹੋਵੇ ਅਤੇ ਇਨ੍ਹਾਂ ਨੂੰ ਆਪਣੀ ਲਿਖਤ ਰਾਹੀਂ ਸਮਾਜ ਦੇ ਤਾਣੇ-ਪੇਟੇ ਵਿਚ ਬੁਣ ਸਕਣ ਦੀ ਸਮੱਰਥਾ ਰੱਖਦਾ ਹੋਵੇ। ਇਸੇ ਲਈ ਰਵਿੰਦਰ ਰਵੀ ਦੀਆਂ ਕਹਾਣੀਆਂ ਵਿਚ ਯਥਾਰਥ ਦੀ ਕਲਾਤਮਕ ਪੇਸ਼ਕਾਰੀ ਦਾ ਵਧੇਰੇ ਮੁੱਲ ਹੈ।”

ਮੇਰੀ ਕਹਾਣੀ ਸੰਗ੍ਰਹਿ ਵਿਚੋਂ ਅਸੀਂ ਉਸ ਦੇ ਪਹਿਲੇ ਭਾਗ : 91 ਕਹਾਣੀਆਂ ‘ਗੋਰੀਆਂ ਸ਼ਹੀਦੀਆਂ (ਤਿਆਰ-ਅਧੀਨ), (1992…) ਅਤੇ ਆਪਣੇ ਆਪਣੇ ਟਾਪੂ (1985-1992), (ਛਪਣ ਸਾਲ 1992) ਨੂੰ ਚਰਚਾ ਦਾ ਵਿਸ਼ਾ ਬਣਾਇਆ ਹੈ। ‘ਗੋਰੀਆਂ ਸਹੀਦੀਆਂ’ ਕਹਾਣੀ ਪੱਛਮੀ ਸਭਿਆਚਾਰ ਵਿਚ ਜਿਨਸੀ ਭੁੱਖ ਤੇ ਖੁੱਲ੍ਹੀ ਕਾਮ ਖੇਡ ਅਧੀਨ ਰਿਸ਼ਤਿਆਂ ਵਿਚ ਆ ਰਹੇ ਂਿਨਘਾਰ ਦੀ ਚਰਮ-ਸੀਮਾ ਨੂੰ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਪਾਤਰ ਜੀਨ ਹੈ ਜਿਸ ਨੂੰ ਉਸ ਦਾ ਬਾਪ ਬਚਪਨ ਵਿਚ ਹੀ ਆਪਣੀ ਹਵਸ ਦਾ ਸਿ਼ਕਾਰ ਬਣਾ ਲੈਂਦਾ ਹੈ। ਇਹ ਖੇਡ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤਕ ਉਹ ਆਪਣੇ ਬਾਪ ਦੀਆਂ ਧੀਆਂ ਦੀ ਮਾਂ ਬਣ ਜਾਂਦੀ ਹੈ ਪਰ ਧੀਆਂ ਦੇ ਜਵਾਨ ਹੋਣ ਉਪਰੰਤ ਜਦੋਂ ਪਿਤਾ ਦੀਆਂ ਕਾਮ ਹਵਸੀ ਗਤੀਵਿਧੀਆਂ ਉਸ ਦੀਆਂ ਧੀਆਂ ਵਲ ਵੱਧਦੀਆਂ ਹਨ ਤਾਂ ਉਹ ਇਸ ਸਥਿਤੀ ਦਾ ਡੱਟ ਕੇ ਮੁਕਾਬਲਾ ਕਰਦੀ ਹੈ :- “ਮੇਰੇ ਨਾਲ ਜੋ ਹੋਣਾ ਸੀ ਹੋ ਚੁੱਕਾ ਹੈ ਪਰ ਮੈਂ ਆਪਣੀਆਂ ਧੀਆਂ ਨਾਲ ਇਹ ਕੁਝ ਨਹੀੰ ਹੋਣ ਦੇਣਾ। ਤੂੰ ਪਾਪੀ, ਕਾਮੀ,ਹਿਰਸੀ ਜਾਨਵਰ ਹੈਂ। ਮੈਂ ਤੈਨੂੰ ਨਫਰਤ ਕਰਦੀ ਹਾਂ। ਨਿਕਲ ਜਾਂ ਏਥੋਂ।” ਇਨ੍ਹਾਂ ਸਥਿਤੀਆਂ ਦਾ ਸਿ਼ਕਾਰ ਬਣੀ ਜੀਨ ਅੰਤ ਵਿਚ ਆਪਣੀਆਂ ਧੀਆਂ ਨੂੰ ਮਾਰ ਕੇ ਖੁਦ ਨੂੰ ਵੀ ਅੱਗ ਲਾ ਲੈਂਦੀ ਹੈ। ਜੀਨ ਚਾਹੁੰਦੀ ਹੈ ਕਿ ਉਸ ਦਾ ਬਾਪ ਜਿਉਂਦੇ ਜੀਅ ਪਸ਼ਚਾਤਾਪ ਦੀ ਅੱਗ ਵਿਚ ਸੜੇ। ਇਸ ਤਰ੍ਹਾਂ ਇਸ ਕਹਾਣੀ ਵਿਚ ਪੇਸ਼ ਹੋਈ ਸਥਿਤੀ ਪੱਛਮੀ ਸਭਿਆਚਾਰ ਵਿਚ ਰਿਸ਼ਤਿਆਂ ਵਿਚ ਆ ਰਹੇ ਨਿਘਾਰ ਨੂੰ ਦਰਸਾ ਕੇ ਇਹੋ ਪੇਸ਼ ਕਰ ਰਹੀ ਹੈ ਕਿ ਭਾਵੇਂ ਪੱਛਮੀ ਔਰਤ ਗਗਨਾਂ ‘ਚ ਉਡਾਰੀਆਂ ਭਰ ਰਹੀ ਹੈ ਪਰੰਤੂ ਅੰਦਰ ਖਾਤੇ ਦੀ ਤਸਵੀਰ ਡਾਹਢੀ ਨਿਰਾਸ਼ਾਜਨਕ ਤੇ ਤ੍ਰਾਸਦਿਕ ਹੈ। ਇਵੇਂ ਕਹਾਣੀ ਦੀ ਨਾਇਕਾ ਨਿੱਤ ਨਿਘਰ ਰਹੇ ਪੱਛਮੀ ਜੰਗਲ ਲਈ ਇਕ ਚੇਤਾਵਨੀ ਬਣ ਜਾਂਦੀ ਹੈ। ਇਸ ਕਹਾਣੀ ਦੀ ਹਰ ਸਥਿਤੀ ਵਿਚ ਦਾਰਸ਼ਨਿਕਤਾ ਹੈ। ਕਹਾਣੀ ਦੀ ਸ਼ੈਲੀ ਬੜੀ ਕਾਵਿ ਮਈ ਹ,ੈ ਜਿਵੇਂ “ਇਕਲਾਪਾ ਜਦੋਂ ਮਜਬੂਰੀ ਵੱਸ ਜੀਵਨ ਸ਼ੈਲੀ ਬਣ ਜਾਏ, ਤਾਂ ਚੁੱਪ ਹੀ ਨਹੀਂ, ਬੋਲ ਵੀ ਬੜੇ ਤਿੱਖੇ ਹੋ ਜਾਂਦੇ ਹਨ। ਤਿੱਖੇ ਅਨੁਭਵ , ਤਿੱਖੇ ਸ਼ਬਦ, ਤਿੱਖੇ ਅਰਥ ਅਤੇ ਘੋੜੇ ਵਾਂਗ ਇਕ ਲੰਮੇ ਸਮੇਂ ਤੇ ਆਪਣੇ ਅੰਦਰ, ਲਗਾਤਾਰ ਸੀਖ-ਭਾਰ ਖੜ੍ਹੀ ਥਿਰ ਹੋਈ ਜਿ਼ੰਦਗੀ…ਠੰਡਾ, ਸਾਹ-ਹੀਣ ਸਖਤ ਪੱਥਰ ਦਾ ਬੁੱਤ…ਬੇਜਾਨ…ਬੇਹਿਸ…।” ਇਸ ਕਹਾਣੀ ਨੂੰ ਕਹਾਣੀਕਾਰ ਨੇ ਮਨੋਬਚਨੀ ਵਿਧਾ ਰਾਹੀਂ ਬਿਆਨਿਆ ਹੈ।

‘ਦੋਗਲੇ’ ਕਹਾਣੀ ਕੈਨੇਡੀਅਨ ਪੰਜਾਬੀ ਸਮੁਦਾਇ ਦੇ ਦੋਹਰੇ ਮਾਪ ਦੰਡਾਂ ਨੂੰ ਪੇਸ਼ ਕਰਦੀ ਹੈ। ਇਸ ਕਹਾਣੀ ਦਾ ਪਾਤਰ ਗੱਜਣ ਸਿੰਘ ਵੀ ਹੋਰ ਪਰਵਾਸੀਆਂ ਵਾਂਗ ਆਪਣੇ ਭਵਿੱਖ ਨੂੰ ਖੁਸ਼ਹਾਲ ਬਣਾਉਣਾ ਲੋਚਦਾ ਹੈ । ਕੈਨੇਡਾ ਵਿਚ ਰਹਿੰਦਿਆ ਉਹ ਸਖ਼ਤ ਮਿਹਨਤ ਕਰਦਾ ਹੈ ਤਾਂ ਜੋ ਉਸ ਦੇ ਬੱਚਿਆਂ ਨੂੰ ਭਵਿੱਖ ਵਿਚ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ ਜਿਵੇਂ ਉਸ ਨੂੰ ਕਰਨਾ ਪਿਆ ਸੀ। ਪਰ ਅਜਿਹਾ ਸੋਚਦਾ ਉਹ ਬੱਚਿਆਂ ਤੋਂ ਦੂਰ ਚਲਾ ਜਾਂਦਾ ਹੈ ਜਿਸ ਕਾਰਨ ਉਸ ਦਾ ਪੁੱਤਰ ਡਰਗੱਜ਼ ਦਾ ਸਿ਼ਕਾਰ ਹੋਕੇ ਇਸੇ ਧੰਦੇ ਵਿਚ ਪੁਲਿਸ ਦੇ ਹੱਥੋਂ ਗ੍ਰਿਫਤਾਰ ਹੋ ਜਾਂਦਾ ਹੈ। ਦੂਜੇ ਪਾਸੇ ਉਸ ਦੀ ਧੀ ਨਿੱਕੀ ਵੀ ਗੋਰੇ ਤੋਂ ਗਰਭਵਤੀ ਹੋ ਜਾਦੀ ਹੈ ਤੇ ਹਾਲਤ ਨਾਲ ਸਮਝੋਤੇ ਕਰਦੇ ਹੋਏ ਗੱਜਣ ਸਿੰਘ ਉਸ ਦਾ ਵਿਆਹ ਜੌਰਜ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ। ਉਸ ਦੀ ਪਤਨੀ ਵੀ ਪੰਜਾਬ ਤੋਂ ਆਉਂਦਿਆਂ ਹੋਇਆ ਅਤਿਵਾਦੀਆਂ ਦਾ ਸਿ਼ਕਾਰ ਹੋ ਜਾਂਦੀ ਹੈ ਤੇ ਗੱਜਣ ਸਿੰਘ ਬੇਗਾਨੀ ਧਰਤੀ ਤੇ ਇੱਕਲਾ ਰਹਿ ਜਾਂਦਾ ਹੈ। ਇਸ ਤੋਂ ਪਹਿਲਾ ਗੱਜਣ ਸਿੰਘ ਜਦੋਂ ਹਰ ਪੱਖੋਂ ਖੁਸ਼ਹਾਲ ਸੀ ਤਦ ਉਹ ਇਸ ਮੇਜਬਾਨ ਸਮਾਜ ਦੇ ਲੋਕਾਂ ਂਨੂੰ ਬੁਰਾ ਭਲਾ ਆਖਦਾ ਹੈ ਪਰ ਜਦੋਂਕਹਾਣੀ ਦੇ ਅੰਤ ਵਿਚ ਇਕੱਲਾ ਰਹਿ ਜਾਂਦਾ ਹੈ ਅਤੇ ਉਹ ਆਪਣੀ ਪਹਿਚਾਣ ਛੱਡ ਕੇ ਕੈਨੇਡੀਅਨ ਸਮਾਜ ਦਾ ਹੀ ਅੰਗ ਬਣਦਾ ਹੋਇਆ ਜੈਕੀ ਨਾਂ ਦੀ ਗੋਰੀ ਨਾਲ ਵਿਆਹ ਕਰ ਲੈਦਾ ਹੈ। ਜਿਹੜਾ ਗੱਜਣ ਦੋ ਨਸਲਾਂ ਤੋਂ ਪੈਦਾ ਹੋਈ ਔਲਾਦ ਨੂੰ ਦੋਗਲੀ ਨਸਲ ਕਹਿੰਦਾ ਤੇ ਨਫ਼ਰਤ ਕਰਦਾ ਸੀ, ਪੰਜਾਬੀ ਬਜ਼ੁਰਗਾਂ ਵਿਚ ਬੈਠ ਕੇ ਗੋਰੀਆਂ ਬਾਰੇ ਟਿੱਪਣੀਆਂ ਕਰਦਾ ਸੀ, ਆਪਣੇ ਸਾਥੀ ਬਜ਼ੁਰਗਾਂ ਦੇ ਦੋਹਰੇ ਜੀਵਨ ਮਿਆਰਾਂ ਦੀ ਆਲੋਚਨਾ ਕਰਦਾ ਸੀ ਉਹ ਹੁਣ ਆਪਣੇ ਆਪ ਨੂੰ ਅੱਜ ਇਸ ਪੱਛਮੀ ਸਭਿਆਚਾਰ ਦੇ ਅਨੁਕੂਲ ਢਾਲ ਲੈਂਦਾ ਹੈ ਤੇ ਆਖਦਾ ਹੈ, “ਕਿਸ਼ਨ ਸਿਆਂ , ਦੋਗਲੇ ਹਨ ਉਹ ਸਭ ਜੋ ਦਾਹੜੀਆਂ ਤੇ ਪੱਗਾਂ ਦੇ ਓਹਲੇ ਹੇਠਾਂ ਗੁਰਦੁਆਰਿਆਂ ਵਿਚ ਜਾ ਕੇ ਵਾਖਰੂ,ਵਾਖਰੂ ਕਰਦੇ, ਪਰ ਸਕੀਨਾ ਮਾਲ ਤੇ ਹਰ ਸੜਕ ਬਜ਼ਾਰ ਵਿਚ ਹਿਰਸੀ ਨਜ਼ਰ ਨਾਲ ਚਿੱਟੇ ਚੰਮ ਲਈ ਲਾਲਾਂ ਸੁੱਟਦੇ ਹਨ। ਬਰਸਾਤੀ ਮੱਖੀਆਂ ਵਾਂਗ ਚੁੰਮੜੇ ਰਹਿੰਦੇ ਹਨ, ਉਹ ਆਪਣੇ ਸੁਫਨਿਆਂ ਵਿਚ ਵੀ ਗੋਰੀਆਂ ਦੇ ਨੰਗੇ ਜਿਸਮ ਨੂੰ। ਆਪਣੇ ਬੇਅਰਥ ਸੰਸਕਾਰਾਂ ਤੇ ਰਿਵਾਜਾਂ ਦੇ ਮੁਲੰਮਿਆਂ ਪਿੱਛੇ ਲੱਗ ਕੇ ਆਪਾਂ ਬੁਢੇਪੇ ਵਿਚ ਵੀ ਇੱਕਲ ਦਾ ਨਰਕ ਭੋਗ ਰਹੇ ਹਾਂ। ਕੀ ਪਿਆ ਹੈ ਦੇਸੀ ਰਹੁ-ਰੀਤਾਂ ਦੇ ਛਲਾਵਿਆਂ ਵਿਚ ਜੋ ਆਪਣਾ ਬਣ ਸਕਦਾ ਹੈ, ਉਸ ਨੂੰ ਪ੍ਰਾਪਤ ਕਰਨ ਦਾ ਹੌਂਸਲਾ ਨਹੀਂ ਸਾਡੇ ਵਿਚ। ਜੋ ਆਪਣਾ ਹੈ ਈ ਨਹੀਂ, ਉਸ ਨੂੰ ਖੋ ਦੇਣ ਦੇ ਭੈਅ ਵਿਚ ਹਰ ਰੋਜ਼ ਬੇਅਰਥ ਹੋ ਰਹੇ ਹਾਂ ਅਸੀਂ।” ਗੱਜਣ ਸਿੰਘ ਵਿਚ ਆਈ ਤਬਦੀਲੀ ਦਾ ਕਾਰਣ ਦੂਸਰੇ ਦੇਸ਼ ਵਿਚ ਇੱਕਲਤਾ ਦਾ ਅਹਿਸਾਸ ਹੈ ਤੇ ਅਜਿਹੇ ਮੁਲਕ ਦੇ ਭੌਤਿਕ ਹਾਲਾਤ ਹੀ ਹੋ ਸਕਦੇ ਹਨ ਜੋ ਉਸ ਨੂੰ ਦੋਗਲਾਂ ਬਣਨ ਤੋਂ ਬਚਾਉਂਦੇ ਹਨ। ਇਸੇ ਲਈ ਉਹ ਆਖਦਾ ਹੈ:-“ਕਿਸ਼ਨ ਸਿਆਂ! ਪੰਛੀ ਵੀ ਚੁੰਜ ਵਿਚ ਚੁੰਜ ਪਾ ਕੇ ਇਕ ਦੂਜੇ ਨਾਲ ਪਿਆਰ ਤੇ ਕਲੋਲ ਕਰਦੇ ਆ! ਅਸੀਂ ਤਾਂ ਫੇਰ ਵੀ ਇਨਸਾਨ ਹਾਂ!” ਲੇਖਕ ਦਾ ਆਖੀਰ ਵਿਚ ਨਾਇਕ ਨੂੰ ਕੈਨੇਡਾ ਦੇ ਸਭਿਆਚਾਰ ਦਾ ਅੰਗ ਬਣਾ ਕੇ ਪੇਸ਼ ਕਰਨਾ ਕਹਾਣੀਕਾਰ ਦਾ ਆਪਣੀ ਕਲਾਤਮਕਤਾ ਬਾਰੇ ਸੁਚੇਤ ਹੋਣਾ ਹੈ। ਪਰ ਇਸ ਦੇ ਲਈ ਉਸ ਦੀ ਪਹਿਲੀ ਵਫ਼ਾ ਜੀਵਨ ਨਾਲ ਹੈ ਸਿ਼ਲਪ ਨਾਲ ਨਹੀਂ। ਇਸ ਕਹਾਣੀ ਵਿਚ ਕਹਾਣੀਕਾਰ ਨੇ ਕਈ ਮੁਹਾਵਰੇ ਤੇ ਅਖਾਣਾਂ ਦੀ ਵਰਤੋਂ ਕੀਤੀ ਹੋਈ ਹੈ ਜਿਵੇਂ ਗਧੀ ਸੇ ਲਗਾ ਇਸ਼ਕ ਤੋ ਪਰੀ ਕਯਾ ਚੀਜ਼ ਹੈ, ਪੰਜਾਬੀ ਸਤ ਤੇ ਗੋਰਾ ਰਸ, ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ, ਕੰਨ ਵਿਚ ਪਾਈ ਨਾ ਰੜਕਦੀ, ਸੱਤੀਂ ਕਪੜੀਂ ਅੱਗ ਲੱਗਣਾ ਆਦਿ।

‘ਖੁੱਲੀ ਕਿਤਾਬ’ਕਹਾਣੀ ਵਿਚ ਇਹ ਪੇਸ਼ ਕੀਤਾ ਗਿਆ ਹੈ ਕਿ ਔਰਤ ਦਾ ਸੁਭਾਅ ਪ੍ਰਕ੍ਰਿਤਿਕ ਪਰਿਸਥਿਤੀਆਂ ਨੇ ਭਾਵੁਕ ਬਣਾਇਆ ਹੈ। ਪੂੰਜੀਵਾਦੀ ਅਰਥਚਾਰੇ ਅਨੁਸਾਰ ਵਿਕਸਿਤ ਹੋਏ ਦੇਸ਼ਾਂ ਵਿਚ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਕਾਰਨ ਉਤਪਾਦਨ ਦੇ ਖੇਤਰ ਵਿਚ ਵਾਧਾ ਹੋਇਆ ਹੈ ਪਰ ਇਸ ਵਾਧੇ ਨੇ ਸਾਰੇ ਸੰਸਾਰ ਦੀ ਮਾਨਸਿਕਤਾ ਦੇ ਵਿਚ ਵੀ ਪਰਿਵਰਤਨ ਕੀਤਾ ਹੈ। ਪੱਛਮੀ ਔਰਤ ਵੀ ਹੁਣ ਸਰੀਰਕ ਸੰਤੁਸ਼ਟੀ ਦੀ ਭੁੱਖ ਤੋਂ ਹਟ ਕੇ ਮਾਨਸਿਕ ਸੰਤੁਸਟੀ ਵਲ ਵੱਧ ਰਹੀ ਹੈ। ਕਹਾਣੀਕਾਰ ਇਸ ਕਹਾਣੀ ਵਿਚ ਇਹ ਪੇਸ਼ ਕਰਨ ਦਾ ਯਤਨ ਕਰਦਾ ਹੈ ਕਿ ਔਰਤ ਕਿਸੇ ਵੀ ਦੇਸ਼ ਦੀ ਹੋਵੇ ਉਸ ਨੂੰ ਅਗਰ ਥੋੜ੍ਹੀ ਵੀ ਹਮਦਰਦੀ ਮਿਲ ਜਾਵੇ ਤਾਂ ਉਹ ਲਗਾਤਾਰ ਇਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਆਪਣਾ ਜੀਵਨ ਉਸ ਦੇ ਅੱਗੇ ਬਿਆਨ ਕਰ ਦਿੰਦੀ ਹੈ। ਕਹਾਣੀ ਦੀ ਨਾਇਕਾ ਕੈਥੀ ਜਿਸ ਨੇ ਜਿ਼ੰਦਗੀ ਵਿਚ ਬਹੁਤ ਉਤਾਰ ਚੜ੍ਹਾ ਵੇਖੇ ਹਨ ਜਿਸ ਨੂੰ ਉਸ ਦੀ ਮਾਂ ਨੇ ਜੰਮਦਿਆਂ ਹੀ ਲੈ-ਪਾਲਕ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬਾਦ ਵਿਚ ਉਹ ਲੈ-ਪਾਲਕ ਮਾਪੇ ਗੁੰਮ ਹੋ ਗਏ ਤੇ ਇਸ ਤਰ੍ਹਾਂ ਇਹ ਅਨਾਥ ਬੱਚੀ ਜਿ਼ੰਦਗੀ ਤੋਂ ਹੀ ਭਟਕ ਗਈ ਤੇ ਪੁਲਿਸ ਦੇ ਹੱਥੇ ਚੜ੍ਹ ਗਈ। ਪੁਲਿਸ ਤੋਂ ਬਾਦ ਹੀ ਉਹ ਜੇਮਜ਼ ਨੂੰ ਮਿਲਦੀ ਹੈ ਜੋ ਈਸਾਈ ਪਾਦਰੀ ਹੈ। ਉਹ ਉਸ ਵਲ ਆਪਣਾ ਧਿਆਨ ਆਕਰਸਿ਼ਤ ਦੇਖ ਕੇ ਉਸ ਨਾਲ ਵਿਆਹ ਕਰਵਾ ਲੈਂਦੀ ਹੈ। ਜੇਮਜ਼ ਦੀਆਂ ਸਭ ਫਰਮਾਇਸ਼ਾਂ ਉਹ ਪੂਰੀਆਂ ਕਰਦੀ ਹੈ ਪਰ ਜਦੋਂ ਜੇਮਜ਼ ਦੇ ਧਾਰਮਿਕ ਬਾਹਰੀ ਸਰੂਪ ਪਿੱਛੇ ਛੁਪੀ ਗੰਦਗੀ ਜਦੋਂ ਸਾਹਮਣੇ ਆ ਜਾਂਦੀ ਹੈ ਤਾਂ ਉਹ ਆਪਣੇ ਪੁੱਤਰ ਨੂੰ ਲੈ ਕੇ ਅਲਗ ਹੋ ਜਾਂਦੀ ਹੈ। ਪਰ ਬਿਰਤਾਂਤਕਾਰ ਦੇ ਸਮਝਾੳੇੁਣ ਤੇ ਮੁੜ ਜਦੋਂ ਉਹ ਜੇਮਜ਼ ਕੋਲ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਜੇਮਜ਼ ਦੇ ਸੌਣ ਵਾਲੇ ਕਮਰੇ ਵਿੱਚੋਂ ਹੱਥ ਵਿਚ ਡਾਲਰਾਂ ਦੇ ਨੋਟ ਦਾ ਥੱਬਾ ਫੜੀ, ਇਕ ਛੋਟੀ ਉਮਰ ਦਾ ਮੁੰਡਾ ਬਾਹਰ ਨਿਕਲ ਰਿਹਾ ਸੀ ਤੇ ਜੇਮਜ਼ ਆਪਣੇ ਪ੍ਰਗਟ ਹੋਏ ਨੰਗੇਜ਼ ਨੂੰ ਆਪਣੇ ਈਸਾਈ ਪਹਿਰਾਵੇ ਵਿਚ ਸਮੇਟਣ ਦਾ ਯਤਨ ਕਰ ਰਿਹਾ ਸੀ। ਇਸ ਤਰ੍ਹਾਂ ਇਹ ਕਹਾਣੀ ਕਰਮ ਤੇ ਧਰਮ ਦੇ ਦੁਫਾੜ ਦੀ ਦਾਸਤਾਂ ਬਿਆਨ ਕਰਦੀ ਹੈ।

ਇਹ ਕਹਾਣੀ ਪੱਛਮ ਵਿਚ ਚਲ ਰਹੀ ਕਾਮ ਜਾਂ ਹਵਸ ਨੂੰ ਵੀ ਦਰਸਾਉਂਦੀ ਹੈ। ਇਹ ਹਵਸ ਹੀ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ ਤੇ ਹਰ ਰਿਸ਼ਤੇ ਵਿਚੋਂ ਇਹ ਹਵਸ ਪੂਰੀ ਕਰਨ ਦੀ ਲਲਕ ਨੂੰ ਨੰਗਾ ਕਰਦੀ ਹੈ। ਉਸ ਹਵਸ ਵਿਚ ਮਾਸੂਮ ਬੱਚੇ ਵੀ ਸ਼ਾਮਿਲ ਹਨ। ਉਸ ਦੇਸ਼ ਦੇ ਮਾਸੂਮ ਬੱਚੇ ਜਿੱਥੇ ਛੋਟੇ ਬੱਚੇ ਦੀ ਪਰਵਰਿਸ਼ ਸਰਕਾਰ ਦੀ ਜਿ਼ੰਮੇਵਾਰੀ ਹੁਮਦਿ ਹੈ। ਉੱਥੇ ਦੀ ਔਰਤ ਵੀ ਐਸੇ ਭਰਵੇਂ ਤੇ ਸੰਪੂਰਨ ਮਨੁੱਖ ਦੀ ਕਲਪਨਾ ਕਰਦੀ ਹੈ, ਜਿਸ ਦੀ ਸਮੁੱਚੀ ਸ਼ਖ਼ਸੀਅਤ ‘ਚੋਂ ਰੱਬੀ ਕਿਰਨਾਂ ਦਾ ਨੂਰ ਬਰਸ ਰਿਹਾ ਹੋਵੇ। ਜੋ ਸੱਚ, ਸੁੱਚ ਤੇ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੋਵੇ। ਜੇਮਜ਼ ਦੇ ਸ਼ਬਦਾਂ ਅਨੁਸਾਰ, “ਆਪਣੀ ਮਰਜ਼ੀ ਤੋਂ ਬਿਨਾਂ ਆਪਣੇ ਪਤੀ ਨਾਲ ਪੁੱਠੇ ਸਿੱਧੇ ਕੰਮਾਂ ਵਿਚ ਹਮ-ਬਿਸਤਰੀ ਵੀ ਬਲਾਤਕਾਰ ਹੈ, ਵੇਸਵਾਈ ਹੈ, ਮਨ ਨਾ ਚਾਹੇ ਤਾਂ ਮਜਬੂਰ ਹੋ ਕੇ ਗਿਰਜੇ ਵਿਚ ਜਾਣਾ ਵੀ ਆਤਮਕ ਬਲਾਤਕਾਰ ਹੈ। ਜਿ਼ਹਨੀ ਵੇਸਵਾਈ ਹੈ!” ਹਰ ਦੇਸ਼ ਦੀ ਔਰਤ ਮਰਦ ਨਾਲ ਰੂਹ ਦੀ ਸਾਂਝ ਚਾਹੁੰਦੀ ਹੈ। ਬਿਨਾ ਮਰਜ਼ੀ ਤੋਂ ਪੈਦਾ ਹੋਇਆ ਜਿਨਸੀ ਰਿਸ਼ਤਾ ਉਸ ਲਈ ਵੇਸਵਾਗਮਨੀ ਦੇ ਸਮਾਨ ਹੈ। ਇਵੇਂ ਇਹ ਕਹਾਣੀ ਗਿਰਜਾਘਰਾਂ (ਧਾਰਮਿਕ ਸਥਾਨਾਂ) ਵਿਚ ਛੁਪੇ ਸ਼ੋਸ਼ਣਕਾਰੀਆਂ ਦੇ ਚਿਹਰਿਆਂ ਨੂੰ ਨੰਗਾਂ ਕਰਦੀ ਹੈ। ਕਹਾਣੀਕਾਰ ਨੇ ਇਸ ਕਹਾਣੀ ਵਿਚ ਕਈ ਨਵੇਂ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਜਿਵੇਂ ਲੈ-ਪਾਲਕ, ਆਰਾਮ-ਤਲਾ, ਭਾਫ਼ ਵਾਲਾ ਸਾਓਨਾ, ਖੁਸ਼ਕ ਸਾਓਨਾ, ਬਾਡੀ ਸ਼ਾਪ ਆਦਿ ਕਈ ਮੁਹਾਵਰੇ ਵੀ ਉਸ ਦੀ ਕਹਾਣੀ ਕਲਾ ਵਿਚ ਵਰਤੇ ਗਏ ਹਨ ਜਿਵੇਂ ਕੁੱਤੇ ਦੀ ਪੂਛ, ਜੇ ਬਾਰ੍ਹਾਂ ਸਾਲ ਤਕ ਵੀ ਨਲੀ ਵਿਚ ਪਾਈ ਰਖੀਏ, ਉਹ ਤਾਂ ਵੀ ਸਿੱਧੀ ਨਹੀਂ ਹੁੰਦੀ, ਮਗਰਮੱਛ ਦੇ ਅੱਥਰੂ, ਹਾਥੀ ਦੇ ਦੰਦ ਹਨ, ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ। ਇਹ ਸਾਰੀ ਕਹਾਣੀ ਬੀਤ ਗਏ ਦੀਆਂ ਘਟਨਾਵਾਂ ‘ਚੋਂ ਗੁਜ਼ਰਦੀ ਪੇਸ਼ ਕੀਤੀ ਗਈ ਹੈ।

‘ਸਪੈਮ’ ਇਕ ਅਜਿਹੀ ਕਹਾਣੀ ਹੈ ਜਿਸ ਦਾ ਅਰਥ ਹੈ ਅਣਇੱਛਤ ਮੱਲੋਮੱਲੀ ਆਈ ਇਸ਼ਤਿਹਾਰੀ ਈ-ਮੇਲ ਹੈ। ਕਹਾਣੀ ਦਾ ਪਾਤਰ ਸੁਮੇਰ ਕੱਦ ਦਾ ਮਧਰਾ ਹੈ, ਅਕਲੋਂ ਵੀ ਤੇ ਸ਼ਕਲੋਂ ਵੀ। ਕੈਨੇਡਾ ਆਇਆਂ ਉਸ ਨੂੰ ਤੀਹ ਸਾਲ ਹੋ ਚੁੱਕੇ ਹਨ। ਉਹ ਕੰਪਿਊਟਰ ਦੀ ਨੌਕਰੀ ਕਰਦਾ ਹੋਇਆ ਖ਼ੁਦ ਵੀ ਕੰਪਿਊਟਰ ਬਣ ਗਿਆ ਹੈ। ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਉਸ ਦੀ ਪਤਨੀ ਕਲਪਨਾ ਕਿਸੇ ਮਰਦ ਦੇ ਨਾਲ ਇੰਨਾ ਖੁੱਲ੍ਹ ਕੇ ਬੋਲੇ। ਜਦੋਂ ਉਸ ਦੀ ਪਤਨੀ ਉਸ ਤੋਂ ਨਾਰਾਜ਼ ਹੋ ਚਲੀ ਜਾਂਦੀ ਹੈ ਤਾਂ ੳੇੁਹ ਜਾਸੂਸੀ ਏਜੰਸੀ ਦੁਆਰਾ ਕਲਪਨਾ ਦੀ ਨਕਲੋ ਹਰਕਤ ਦਾ ਪਤਾ ਲਗਾਉਂਦਾ ਹੈ ਤੇ ਮੁੜ ਕਲਪਨਾ ਨੂੰ ਘਰ ਚਲਣ ਲਈ ਉਸ ਦੀ ਹਰ ਗੱਲ ਬਰਦਾਸ਼ਤ ਕਰਨ ਲਈ ਤਿਆਰ ਹੋ ਜਾਂਦਾ ਹੈ । ਕਹਾਣੀ ਵਿਚ ਵਰਤੇ ਗਏ ਸਾਰੇ ਹੀ ਸ਼ਬਦ ਕੰਪਿਉੂਟਰ ਦੇ ਲਈ ਵਰਤੇ ਗਏ ਸ਼ਬਦ ਹਨ। ਕਹਾਣੀ ਵਿਚ ਮੁਹਾਵਰੇ ਦੀ ਵਰਤੋਂ ਕਹਾਣੀ ਨੂੰ ਰਸਦਾਇਕ ਬਣਾਉਂਦੀ ਹੈ। ਵੈਸੇ ਇਹ ਕਹਾਣੀ ਇਕ ਸ਼ੱਕੀ ਤੇ ਖਰਦਿਮਾਗ ਸਨਕੀ ਮਨੁੱਖ ਦੀ ਦਾਸਤਾਂ ਪੇਸ਼ ਕਰਦੀ ਹੈ। ਇਹ ਕਹਾਣੀ ਇਹ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਕੰਪਿਊਟਰ ਨੇ ਜਿੱਥੇ ਹਰ ਕੰਮ ਨੂੰ ਆਸਾਨ ਬਣਾ ਦਿੱਤਾ ਹੈ ਉੱਥੇ ਇਸ ਦੀ ਵਧੇਰੇ ਵਰਤੋਂ ਨੇ ਮਨੁੱਖ ਦੀ ਸੋਚ ਨੂੰ ਬਿਲਕੁਲ ਜਰ ਲੱਗਾ ਦਿੱਤੀ ਹੈ।

1992-93 ਵਿਚ ਛਪਿਆ ਕਹਾਣੀ ਸੰਗ੍ਰਹਿ ‘ਆਪਣੇ ਆਪਣੇ ਟਾਪੂ’ ਨੂੰ ਮੈਂ ਆਪਣੇ ਲੇਖ ਦਾ ਵਿਸ਼ਾ ਬਣਾਇਆ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕੁਲ ਨੌਂ ਕਹਾਣੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚ ਕੇਵਲ ਇਕ ਕਹਾਣੀ ਨੂੰ ਛੱਡ ਕੇ ਬਾਕੀ ਅੱਠ ਕਹਾਣੀਆਂ ਔਰਤ ਮਰਦ ਦੇ ਸੰਬੰਧਾਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਕਹਾਣੀਆਂ ਵਿਚਲੇ ਇਸਤਰੀ ਪਾਤਰ ਮਰਦ ਦੇ ਸਾਥ ਲਈ ਤੜਪਦੇ ਹਨ ਪਰ ਨਾਲ-ਨਾਲ ਆਪਣੀ ਵੱਖਰੀ ਮਾਨਵੀ ਹੋਂਦ ਵੀ ਸਥਾਪਿਤ ਰੱਖਣਾ ਚਾਹੁੰਦੇ ਹਨ। ਇਹ ਔਰਤਾਂ ਮਰਦਾਂ ਉੱਪਰ ਨਿਰਭਰ ਨਹੀਂ ਹਨ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ‘ਆਦਮ ਹਵਾ ਦੀ ਮਾਂ’ ਵਿਚਲੀ ਪਾਤਰ ਐਲਨ ਦਾ ਪਿਉ ਭਾਵੇਂ ਪੱਛਮੀ ਸਭਿਆਚਾਰ ਦੇ ਪ੍ਰਭਾਵ ਅਧੀਨ ਈਸਾਈ ਧਰਮ ਗ੍ਰਹਿਣ ਕਰ ਚੁੱਕਾ ਹੈ ਪਰ ਉਸ ਦੀਆਂ ਨੈਤਿਕ ਕਦਰਾਂ ਕੀਮਤਾਂ ਅਜੇ ਵੀ ਆਪਣੇ ਕਬੀਲੇ ਤੇ ਕਬਾਇਲੀ ਜੀਵਨ ਨਾਲ ਜੁੜੀਆਂ ਹੋਈਆਂ ਹਨ ਜਿਸ ਦੀ ਸਜਾ ਐਲਨ ਤੇ ਉਸ ਵਰਗੇ ਹੋਰ ਕਈ ਸਮੁਦਾਇ ਦੇ ਲੋਕਾਂ ਨੂੰ ਭੁਗਤਣੀ ਪੈਂਦੀ ਹੈ ਜਿਵੇਂ, “ਉਹ ਜੋ ਵੈਲੀਆਂ ਦੇ ਡੇਰੇ ਚਲੇ ਗਏ ਨੇ ਇਨ੍ਹਾਂ ਦੀਆਂ ਸਖ਼ਤੀਆਂ ਦੇ ਮਾਰੇ ਉਹ ਨੇਟਿਵ ਇੰਡੀਅਨ ਹੁੰਦੇ ਹੋਏ ਵੀ ਨੇਟਿਵ ਇੰਡੀਅਨ ਨਹੀਂ ਰਹੇ, ਛੇਕ ਦਿੱਤੇ ਗਏ। ਨਾ ਪਾਰ ਉਤਾਰਾ, ਨਾ ਉਸ ਪਾਰ ਢੋਈ…..।” ਕੈਨੇਡਾ ਦੀ ਧਰਤੀ ਤੇ ਵਿਚਰ ਰਹੇ ਪ੍ਰਭਾਵ ਅਧੀਨ ਅਜਿਹੇ ਮਾਪ ਦੰਡਾਂ ਨੂੰ ਅਪਣਾ ਰਹੇ ਮਾਪਿਆਂ ਦੀ ਔਲਾਦ ਨਸ਼ੇ, ਤੇ ਲਿੰਗ ਖੁੱਲ੍ਹ ਦੀ ਜਿ਼ੰਦਗੀ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਜਿਨਸੀ ਸੰਬੰਧਾਂ ਦੀ ਖੁੱਲ੍ਹ ਭਾਵੇਂ ਔਰਤ ਦੀ ਜਿੰ਼ਦਗੀ ਵਿਚ ਕਈ ਸਮੱਸਿਆਵਾਂ ਪੇਸ਼ ਕਰਦੀ ਹੈ ਪਰ ਫਿਰ ਵੀ ਐਲਨ ਜਿਹੀ ਪਾਤਰ ਅਜਿਹੇ ਰਿਸ਼ਤੇ ਵਿਚੋਂ ਵਿਗਸ ਰਹੇ ਬੀਜ ਨੂੰ ਮਾਰਨਾ ਨਹੀਂ ਅਪਣਾਉਣਾ ਚਾਹੁੰਦੀ ਹੈ, ਉਹ ਵੀ ਮਰਦ ਤੋਂ ਬਿਨਾਂ। ਇਵੇਂ ਇਹ ਸਮੁਦਾਇ ਆਪਣੀ ਔਲਾਦ ਨੂੰ ਆਦਮ ਤੇ ਹਵਾ ਦੀ ਤਰ੍ਹਾਂ ਜਨਮ ਦੇਣ ਲਈ ਮਜਬੂਰ ਹੋ ਰਹੀ ਹੈ। ਉੱਤਮ ਪੁਰਖ ਵਿਚ ਲਿਖੀ ਇਹ ਕਹਾਣੀ ਰਵਿੰਦਰ ਰਵੀ ਦੀ ਇਕ ਮਹੱਤਵਪੂਰਨ ਕਹਾਣੀ ਹੈ। ਇਸ ਕਹਾਣੀ ਨੂੰ ਕਹਾਣੀਕਾਰ ਨੇ ਇਕ ਕਵੀ ਦੀ ਤਰ੍ਹਾਂ ਬਿਆਨਿਆਂ ਹੈ ਇਹੋ ਇਸ ਕਹਾਣੀ ਦੀ ਖੂਬਸੂਰਤੀ ਹੈ।

‘ਸੁਤੰਤਰਤਾ ਦੇ ਸਮਾਨ ਅੰਤਰ ਸਿਰੇ’ ਰਵਿੰਦਰ ਰਵੀ ਦੀ ਇਕ ਅਜਿਹੀ ਕਹਾਣੀ ਹੈ ਜਿਸ ਦਾ ਪਾਤਰ ਆਪਣੇ ਆਪ ਨੂੰ ਤਥਾਕਥਿਤ ਅਗਾਂਹਵਧੂ ਵਿਚਾਰਾਂ ਦਾ ਮੰਨਦਾ ਹੈ। ਜਿਸ ਨੂੰ ਹੋਰ ਪ੍ਰਾਪਤ ਕਰਨ ਦੀ ਭੁੱਖ ਅਤੇ ਹੋਰ ਰੱਜਣ ਦੀ ਲੋੜ ਇੰਗਲੈਂਡ ਵਰਗੇ ਪੂੰਜੀਵਾਦੀ ਦੇਸ਼ ਵਿਚ ਲੈ ਆਈ ਸੀ। ਹੁਣ ਇਥੇ ਆ ਕੇ ਸਖ਼ਤ ਮਿਹਨਤ ਕਰਕੇ, ਟੈਕਸਾਂ ਵਿਚ ਹੇਰਾ ਫੇਰੀ ਕਰਕੇ ਉਹ ਹੁਣ ਹੋਰ ‘ਅਗਾਂਹਵਧੂ’ ਬਣ ਗਿਆ ਸਮਝਦਾ ਹੈ। ਇਨ੍ਹਾਂ ਸਾਰੇ ਪ੍ਰਗਤੀਵਾਦੀ ਦਾਅਵਿਆਂ ਦੇ ਬਾਵਜੂਦ ਉਹ ਔਰਤ ਨੂੰ ਆਪਣੀ ਨਿੱਜੀ ਮਲਕੀਅਤ ਸਮਝਦਾ ਹੋਇਆ ਆਪਣੇ ਲਈ ਤੇ ਆਪਣੀ ਔਰਤ ਲਈ ਦੂਹਰੇ ਮਾਪ ਅਪਣਾਉਂਦਾ ਹੈ। ਪਹਿਲੀ ਪਤਨੀ ਦੇ ਤਿੰਨ ਬੱਚਿਆਂ ਦਾ ਬਾਪ ਕੁੰਦਨ ਸਿੰਘ ਨੂੰ ਉਸ ਦੀ ਦੂਸਰੀ ਪਤਨੀ ਵਰਸ਼ਾ ਇੰਦਰਾਨੀ ਆਖਦੀ ਹੈ ਕਿ, “ਜਿਸ ਅਮੋੜ ਤੇ ਆਸ਼ਵਾਦ ਦੀ ਮੈਂ ਤੇਰੇ ਤੋਂ ਆਸ ਕੀਤੀ ਸੀ ਉਸ ਦਾ ਤੇਰੇ ਵਿਚ ਅਭਾਵ ਹੈ।” ਉਸ ਦੀ ਦੂਸਰੀ ਪਤਨੀ ਉਸ ਦੀ ਨਿੱਜੀ ਜਾਇਦਾਦ ਬਣਨ ਤੋਂ ਇਨਕਾਰ ਕਰਦੀ ਹੈ। ਉਸ ਦਾ ਮੰਨਣਾ ਹੈ ਕਿ, “ਸਾਹਿਤ ਤੇ ਕਲਾ ਸੰਬੰਧੀ ਪਸੰਦ ਨਾ ਪਸੰਦ ਨਜ਼ਰੀਆ ਸਾਹਿਤਕਾਰ ਵਜੋਂ ਕਦੇ ਨਹੀੰਂ ਤਿਆਗਿਆ ਜਾ ਸਕਦਾ। ਸਾਹਿਤਕਾਰ ਬ੍ਰਹਿਮੰਡਕ ਲਖ਼ਸ਼ ਨਾਲ ਸੰਬੰਧਤ ਬੜੇ ਬਾਰੀਕ ਅਤੇ ਗਹਿਰੇ ਨੁਕਤੇ ਪ੍ਰਸਤੁਤ ਕਰਦਾ ਹੈ। ਸੁਹਾਜਤਮਕ ਢੰਗ ਨਾਲ, ਸਹਿਜ ਸੁਰ ਵਿਚ ਇਕਮਿਕ ਤੇ ਇਕ ਸਾਰ, ਉਨ੍ਹਾਂ ਵਿਚ ਦਵੰਦ ਤੇ ਪਾਖੰਡ ਨਹੀਂ ਹੈ।” ਵਰਸ਼ਾ ਇੰਦਰਾਨੀ ਕੁੰਦਨ ਸਿੰਘ ਨੂੰ ਆਖਦੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਹੋਰ ਮਰਦ ਤੋਂ ਤਿੰਨ ਨਹੀਂ ਕੇਵਲ ਇਕ ਬੱਚਾ ਪੈਦਾ ਕਰ ਲੈਣ ਦੇਵੇ ਫਿਰ ਉਹ ਉਸ ਲਈ ਭਰਪੂਰ ਤੇ ਸਰਬਾਂਗੀ ਔਰਤ ਬਣ ਕੇ ਜਨਮ ਲਵੇਗੀ ਤੇ ਫਿਰ ਪੂਰੀ ਦੀ ਪੂਰੀ ਤਰ੍ਹਾਂ ਕੇਵਲ ਉਸ ਦੀ ਹੋਕੇ ਰਹੇਗੀ। ਪਰ ਕਹਾਣੀਕਾਰ ਦਾ ਕਹਾਣੀ ਦਾ ਅਜਿਹਾ ਅੰਤ ਕਰਨਾ ਕਿਸੇ ਵੀ ਭਾਰਤੀ ਮਰਦ ਲਈ ਪ੍ਰਵਾਨ ਕਰਨਾ ਸੰਭਵ ਨਹੀਂ। ਕਹਾਣੀ ਦਾ ਵਿਸਥਾਰ ਬੜੀ ਦਾਰਸ਼ਨਿਕ ਵਿਧੀ ਦੇ ਦੁਆਰਾ ਕੀਤਾ ਗਿਆ ਹੈ। ‘ਰੌਲ ਕੀ ਜਾਣੇ ਚੌਲਾਂ ਦਾ ਭਾਅ’ ਜਿਹੇ ਮੁਹਾਵਰੇ ਦਾ ਪ੍ਰਯੋਗ ਇਸ ਤੋਂ ਅਗਾਂਹ ਵਾਲੀ ਕਹਾਣੀ ਵਿਚ ਵੀ ਕੀਤਾ ਗਿਆ ਹੈ। ਕਹਾਣੀ ਵਿਚ ਨਵਾਂ ਆਦਮ, ਨਵੀਂ ਹਵਾ, ਸ਼ਬਦਾਂ ਦੀ ਮੁੜ ਵਰਤੋਂ ਕੀਤੀ ਗਈ ਹੈ। ਰਵੀ ਦੀ ਇਹ ਕਹਾਣੀ ਪੱਛਮੀ ਪਰਿਵੇਸ਼ ਵਿਚ ਔਰਤ ਦੀ ਸੁਤੰਤਰਤਾ ਦੀ ਧਾਰਨਾ ਨੂੰ ਦਰਸਾਉਂਦੀ ਹੈ। ਇਹ ਧਾਰਨਾ ਪੰਜਾਬੀ ਸਮੁਦਾਇ ਵਿਚ ਕਿੰਨੀ ਸਾਰਥਕਤਾ ਰੱਖਦੀ ਹੈ ਇਸ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਅਜਿਹੀ ਧਾਰਨਾ ਦਾ ਪੰਜਾਬੀ ਸਮੁਦਾਇ ਵਿਚ ਫੈਲਣਾ ਇਕ ਬਹੁਤ ਵੱਡੀ ਸਮੱਸਿਆ ਹੈ। ਅਸੀਂ ਵੇਖਦੇ ਹਾਂ ਕੀ ਕਹਾਣੀਕਾਰ ਜਦੋਂ ਆਪਣੇ ਪਾਤਰਾਂ ਨੂਂੰ ਬਹੁਤੀ ਖੁੱਲ੍ਹ ਦਿੰਦਾ ਹੈ ਤਾਂ ਜਿਆਦਾ ਸਫਲ ਨਹੀਂ ਹੁੰਦਾ। ਕਹਾਣੀ ‘ਮਾਨਸਕ ਦਾ ਹਾਣ’ ਅਜਿਹੀ ਸੁਤੰਤਰਤਾ ਨੂੰ ਦਰਸਾਉਂਦੀ ਹੈ ਜਿਸ ਵਿਚ ਔਰਤ ਵਿਆਹ ਤੋਂ ਬਾਦ ਵੀ ਮਾਨਸਕ ਹਾਣ ਤੋਂ ਅਤ੍ਰਿਪਤ ਰਹਿੰਦੀ ਹੈ। ਅਜਿਹਾ ਸੰਤਾਪ ਭੋਗਦੀਆਂ ਔਰਤਾਂ ਪੈਸੇ ਦੇ ਪਿੱਛੇ ਭੱਜਦੇ ਮਨੁੱਖ ਅਤੇ ਜਵਾਨੀ ਦੀ ਉਮਰ ਹੰਢਾ ਚੁੱਕੇ ਮਨੁੱਖਾਂ ਦਾ ਤਿਆਗ ਕਰਕੇ ਵਿਆਹ ਬਾਹਰੇ ਸੰਬੰਧ ਸਥਾਪਿਤ ਕਰਨਾ ਕੋਈ ਅਵੈਧ ਨਹੀਂ ਸਮਝਦੀਆਂ। ਔਰਤ ਮਰਦ ਨਾਲ ਕੇਵਲ ਜਿਨਸੀ ਸੰਬੰਧ ਹੀ ਸਥਾਪਿਤ ਕਰਨਾ ਨਹੀਂ ਚਾਹੁੰਦੀ ਬਲਕਿ ਉਹ ਉਨ੍ਹਾਂ ਤੋਂ ਮਾਨਸਿਕ ਸਾਂਝ ਵੀ ਚਾਹੁੰਦੀ ਹੈ। ਮਨ ਦੀ ਸ਼ਮੂਲੀਅਤ ਤੋਂ ਬਿਨਾਂ ਤਨ ਦੀ ਸ਼ਮੂਲੀਅਤ ਅਧੂਰੀ ਹੈ, ਵੇਸਵਾਈ ਹੈ। ਤਨ ਤਾਂ ਕੇਵਲ ਮਾਧਿਅਮ ਹੈ ਮਨ ਤੱਕ ਜਾਣ ਦਾ। ਪਿਆਰ ਤੇ ਸਤਿਕਾਰ ਤੇ ਵਿਸ਼ਵਾਸ ਤੋਂ ਬਿਨਾਂ ਪੱਕੀਆਂ ਕੰਧਾਂ ਵੀ ਤਿੜਕ ਜਾਂਦੀਆਂ ਹਨ, ਫਿਰ ਇਨ੍ਹਾਂ ਕੱਚੇ ਧਾਗਿਆਂ ਦਾ ਕੀ ਭਰੋਸਾ। ਜਦੋਂ ਕੋਈ ਪ੍ਰੇਮੀ, ਪਤੀ ਤੇ ਪਤੀ ਤੋਂ ਮਰਦ ਬਣ ਜਾਵੇ ਤਾਂ ਜਜ਼ਬਿਆਂ ਦਾ ਘਾਤ ਹੁੰਦਾ ਹੈ। ਪਰ ਅਸਲ ਵਿਚ ਅੱਜ ਦੇ ਮਸ਼ੀਨੀ ਯੁੱਗ ਵਿਚ ਜਦੋਂ ਮਨੁੱਖ ਖ਼ੁਦ ਹੀ ਇਕ ਮਸ਼ੀਨ ਬਣ ਗਿਆ ਹੈ ਤਾਂ ਉਸ ਦੇ ਲਈ ਰਿਸ਼ਤਿਆਂ ਦੀ ਨਾਜ਼ੁਕਤਾ ਨੂੰ ਸਮਝਣਾ ਤੇ ਨਿਭਾਉਣਾ ਬੜਾ ਹੀ ਮੁਸ਼ਕਿਲ ਹੈ। ਉਮਰ ਦੇ ਹਰ ਪੜਾਅ ਨਾਲ ਨਿਰੰਤਰ ਵਿਗਸ ਰਿਹਾ ਇਕ ਐਸਾ ਮਾਨਸਕ ਹਾਣ ਦਾ ਸਾਥ ਔਰਤ ਲੋੜਦੀ ਹੈ ਜੋ ਮਨੁੱਖ ਅੰਦਰਲੇ ਪ੍ਰੇਮੀ ਅਤੇ ਔਰਤ ਅੰਦਰਲੀ ਪ੍ਰੇਮਿਕਾ ਨੂੰ ਜਿੰ਼ਦਗੀ ਦੇ ਹਰ ਪੜਾ ਤੇ ਆਖਰੀ ਸਾਹਾਂ ਤਕ ਜਗਾਈ ਰੱਖੇ। ਸ਼ੌਕ ਤੇ ਦਿਲਚਸਪੀਆਂ ਦੀ ਸਾਂਝ ਬਣਾਈ ਰੱਖੇ। ਇਕ ਦੂਜੇ ਨੂੰ ਇਕ ਦੂਜੇ ਵਿਚ ਸਮਾਈ ਰੱਖੇ। ਜੈਕੀ ਜਿਹੀਆਂ ਔਰਤਾਂ ਪੈਸੇ ਦੇ ਪਿੱਛੇ ਦੌੜ੍ਹਦੇ ਮਰਦਾਂ ਲਈ ਰਿਸ਼ਤਿਆਂ ਤੋਂ ਦੂਰ ਹੋਣ ਦਾ ਸੰਕੇਤ ਵੀ ਕਰਦੀਆਂ ਹਨ। ਪਰ ਕੀ ਮਾਨਸਕ ਹਾਣ ਦਾ ਸਾਥ ਲੋੜਣ ਲਈ ਵਿਆਹ ਬਾਹਰੇ ਸੰਬੰਧ ਸਥਾਪਿਤ ਕਰਨ ਨਾਲ ਸੰਤੁਸ਼ਟੀ ਮਿਲ ਸਕਦੀ ਹੈ, ਸ਼ਾਇਦ ਨਹੀਂ। ਇਹ ਕੇਵਲ ਆਪਣੇ ਆਪ ਵਿਚ ਭਰਮ ਪਾਲਣ ਦਾ ਨਤੀਜਾ ਹੈ। ਪਹਿਲਾ ਖ਼ੁਦ ਹੀ ਹਰ ਸੁੱਖ ਸਹੂਲਤ ਦੀ ਮੰਗ ਕਰਨਾ ਤੇ ਜਦੋਂ ਦੂਜਾ ਬੰਦਾ ਉਸ ਨੂੰ ਪੂਰਾ ਕਰਨ ਵਿਚ ਪੂਰੀ ਤਰ੍ਹਾਂ ਰੁੱਝ ਜਾਵੇ ਤਾਂ ਉਸ ਦੇ ਦੂਰ ਜਾਣ ਦਾ ਰੋਣਾ, ਰੋਣਾ ਇਕ ਮਾਤਰ ਕਮਜ਼ੋਰੀ ਹੀ ਹੈ, ਹਰ ਔਰਤ ਦੇ ਲਈ, ਚਾਹੇ ਉਹ ਕਿਸੇ ਵੀ ਦੇਸ਼ ਦੀ ਕਿਉਂ ਨਾ ਹੋਵੇ।

‘ਰਿਸ਼ਤਿਆਂ ਦੇ ਆਰ ਪਾਰ’ ਵਿਚਲਾ ਪਾਤਰ ਜੌਨ ਆਪਣੀ ਜਵਾਨ ਪਤਨੀ ਜੈਕੀ ਤੋਂ ਵੇਸਵਾ-ਬਿਰਤੀ ਕਰਵਾਉਂਦਾ ਹੈ, ਕੇਵਲ ਉਸ ਦੀ ਖੁਸ਼ੀ ਲਈ। ਜੌਨ ਪੈਸੇ ਤੇ ਐਸ਼ ਨੂੰ ਹੀ ਪ੍ਰਮੁੱਖਤਾ ਦਿੰਦਾ ਹੈ, ਇਸੇ ਲਈ ਉਸ ਦੇ ਪਹਿਲੇ ਤਿੰਨ ਵਿਆਹ ਅਸਫ਼ਲ ਹੋ ਚੁੱਕੇ ਹਨ । ਉਸ ਨੂੰ ਅਕਸਰ ਮਹਿਸੂਸ ਹੁੰਦਾ ਸੀ ਕਿ ਔਰਤ ਬੇਵਫ਼ਾਈ ਅਤੇ ਬੇਹਯਾਈ ਦਾ ਦੂਸਰਾ ਨਾਮ ਹੈ। ਦੂਸਰੇ ਪਾਸੇ ਜੈਕੀ ਦਾ ਇਸ ਦੁਨੀਆਂ ਵਿਚ ਕੋਈ ਨਹੀਂ ਸੀ। ਜੌਨ ਨਾਲ ਵਿਆਹਣ ਤੋਂ ਪਹਿਲਾ ਉਹ ਅਨਾਥ ਸੀ। ਉਸ ਦੇ ਮਾਪੇ ਇਸ ਪੂੰਜੀਵਾਦੀ ਸਮਾਜ ਵਿਚ ਗੁੰਮ ਹੋ ਚੁੱਕੇ ਸਨ। ਜੈਕੀ ਵੀ ਸਟਰੀਟ ਗਰਲ ਹੁੱਕਰ, ਵੇਸਵਾ ਬਣ ਕੇ ਗੁੰਮ ਗੁਆਚ ਗਈ, ਏਸ ਡਰੱਗ ਕਲਚਰ ਵਿਚ, ਜਿੱਥੇ ਹਰ ਛਿਣ ਕੇਵਲ ਲੋੜ ਨਾਲ ਰਿਸ਼ਤਾ ਸੀ। ਹਰ ਰਿਸ਼ਤੇ ਦੀ ਵਫ਼ਾ ਲੋੜ ਤੋਂ ਸੁਰੂ ਹੋ ਕੇ ਲੋੜ ਉੱਤੇ ਹੀ ਦਮ ਤੋੜ ਦਿੰਦੀ ਸੀ। ਇਸ ਜਿ਼ੰਦਗੀ ਤੋਂ ਉਕਤਾ ਕੇ ਹੀ ਉਸ ਨੇ ਪੰਜਾਹ ਸਾਲ ਦੇ ਜੌਨ ਨਾਲ ਵਿਆਹ ਰਚਾਇਆ ਸੀ ਤੇ ਫਿਰ ਜੌਨ ਦੇ ਹਰ ਜ਼ੁਲਮ ਨੂੰ ਸਹਿਣਾ ਉਸ ਲਈ ਜੀਣ ਦਾ ਇਕ ਮਕਸਦ ਸੀ। ਉਹ ਇਕ ਬੁੱਢੇ ਨ ੂੰਜਵਾਨ ਨਹੀਂ ਸੀ ਬਣਾ ਸਕੀ, ਪਰ ਜੌਨ ਨਾਲ ਰਿਸ਼ਤਾ ਜੋੜ ਕੇ ਉਸ ਨੂੰ ਸਹਿਜ ਪਹਿਚਾਣ ਤੇ ਸਹਿਜ ਅਪਣਤ ਮਿਲੀ ਸੀ। ਪਹਿਚਾਣ ਅਤੇ ਸਹਿਜ ਸਮਝ ਦਾ ਜਿਊਣ ਢੰਗ ਹੈ, ਜੀਵਨ ਸ਼ੈਲੀ। ਇਹ ਇਕ ਨਿਰ ਉਮਰ ਅਵਸਥਾ ਹੈ ਤੇ ਆਪਣੇ ਆਪ ਵਿਚ ਰਹੱਸ ਹੈ। ਆਦਮੀ ਦੀ ਪਹਿਚਾਣ ਹੈ। ਇਸ ਇਲਜ਼ਾਮ ਤੇ ਕਿ ਜੌਨ ਆਪਣੀ ਪਤਨੀ ਤੋਂ ਪੇਸ਼ਾ ਕਰਵਾਉਂਦਾ ਪਕੜਿਆ ਗਿਆ ਸੀ, ਨੂੰ ਪੜ੍ਹ ਕਿ ਜਿ਼ਆਦਾ ਅਚੰਭਾ ਨਹੀਂ ਹੁੰਦਾ ਕਿਉਂਕਿ ਕੈਨੇਡਾ ਜਿਹੀ ਧਰਤੀ ਤੇ ਇਹੋ ਜਿਹੇ ਧੰਦੇ ਕੋਈ ਖਾਸ ਮਾਇਨੇ ਨਹੀਂ ਰੱਖਦੇ । ਸਾਡੇ ਭਾਰਤ ਵਿਚ ਤਾਂ ਰੋਜ਼ ਅਜਿਹੀਆਂ ਖਬਰਾਂ ਪੜ੍ਹਨ ਨੂੰ ਆਉਂਦੀਆਂ ਹਨ ਕਿ ਬਾਪ ਦੇ ਦੁਆਰਾ ਧੀਆਂ ਤੋਂ ਅਜਿਹੇ ਧੰਦੇ ਕਰਵਾਏ ਜਾਂਦੇ ਹਨ, ਫਿਰ ਇਹ ਤਾਂ ਕੈਨੇਡਾ ਦੀ ਧਰਤੀ ਤੇ ਵਾਪਰਦਾ ਹੈ। ਉਹ ਵੀ ਬੱਢੇ ਪਤੀ ਦੇ ਦੁਆਰਾ ਆਪਣੀ ਜਵਾਨ ਪਤਨੀ ਦੇ ਲਈ ਉਸ ਦਾ ਹਾਣ ਦਾ ਸਾਥ ਲੱਭ ਕੇ ਦੇਣਾ ਕੇਵਲ ਆਪਣੀ ਸੰਤੁਸ਼ਟੀ ਲਈ। ਪਰ ਇਥੇ ਤਾਂ ਇਹ ਸਭ ਕੁਝ ਪੈਸੇ ਦੇ ਕਾਰਨ ਕੀਤਾ ਜਾਂਦਾ ਹੈ। ਅਸਲ ਵਿਚ ਮਸਲਾ ਕੇਵਲ ਔਰਤ ਦੇ ਸੌ਼ਸ਼ਣ ਦਾ ਹੈ, ਇਥੇ ਵੀ ਤੇ ਉਥੇ ਵੀ। ਸਚਮੁੱਚ ਰਿਸ਼ਤਿਆਂ ਦੇ ਆਰ-ਪਾਰ ਫੈਲਿਆ ਹੈ ਜਿਨਸੀ ਸੁੱਖ, ਕੇਵਲ ਜਿਨਸੀ ਸੁੱਖ ਜਿਸ ਦੇ ਲਈ ਹਰ ਇਨਸਾਨ ਸਭ ਕੁਝ ਦਾਅ ਤੇ ਲਗਾਉਣ ਲਈ ਤਿਆਰ ਰਹਿੰਦਾ ਹੈ।

‘ਮਰਦ ਬਨਾਮ ਮਸ਼ੀਨ’ਕਹਾਣੀ ਇਕ ਅਜਿਹੀ ਔਰਤ ਦੀ ਬਾਤ ਪਾਉਂਦੀ ਹੈ ਜੋ ਮਰਦ ਦੇ ਸਾਥ ਦੇ ਨਾਲ ਆਪਣੀ ਇਕ ਵੱਖਰੀ ਮਾਨਵੀ ਹੋਂਦ ਸਥਾਪਿਤ ਕਰਨਾ ਚਾਹੁੰਦੀ ਹੈ ਕਹਾਣੀ ਦੀ ਪਾਤਰ ਏਂਜਲਾ ਰਾਬਿਨਸਨ ਜੋ ਆਪਣੀ ਕਾਮ ਪੂਰਤੀ ਦੇ ਲਈ ਮਰਦ ਦਾ ਨਹੀਂ ਬਲਕਿ ਮਸ਼ੀਨੀ ਯੰਤਰ ਦਾ ਸਹਾਰਾ ਲੈਂਦੀ ਹੈ। ਉਸ ਦਾ ਮੰਨਣਾ ਹੈ ਕਿ ਏਸ ਆਨੰਦ ਦੀ ਅਵਸਥਾ ਵਿਚ ਉਸ ਨੂੰ ਮਰ ਜਾਣਾ ਮਨਜ਼ੂਰ ਹੈ, ਕਿਉਂਕਿ ਮਰਦ ਵਿਚ ਏਨਾ ਦਮ ਕਿੱਥੇ?” ਇਵੇਂ ਪ੍ਰਦੇਸਾਂ ਵਿਚ ਆਈਆਂ ਇਹੋ ਜਿਹੀਆਂ ਮਸ਼ੀਨਾਂ ਪ੍ਰਾਕ੍ਰਿਤੀ ਦੇ ਬਿਲਕੁਲ ਖਿਲਾਫ਼ ਕਹੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਵਰਤਣ ਵਾਲੇ ਦੇਸ਼ ਭਰਮਾਂ ‘ਚ ਵਸਦੇ ਸੱਚਾਂ ਅਤੇ ਸੱਚਾਂ ਤੋਂ ਭਟਕੇ ਭਰਮਾਂ ਵਿਚ ਵਿਚਰਦੇ ਹਨ। ਔਰਤ ਦੀ ਸੁਤੰਤਰਤਾ ਦਾ ਕਹਾਣੀਆਂ ਵਿਚ ਪੇਸ਼ ਹੁੰਦਾ ਅਜਿਹਾ ਰਾਹ ਚਿਰ ਸਥਾਈ ਰਹਿਣ ਵਾਲਾ ਨਹੀਂ ਕਿਹਾ ਜਾ ਸਕਦਾ। ਜਿੱਥੇ ਅਸੀਂ ਵਿਆਹ ਜਿਹੇ ਪਵਿਤਰ ਰਿਸ਼ਤਿਆਂ ਵਿਚ ਬੱਝਣ ਲਈ ਤਰਲੋ ਮੱਛੀ ਹੁੰਦੇ ਹਾਂ ਉਥੇ ਅਜਿਹੇ ਮਸ਼ੀਨੀ ਯੰਤਰ ਸਾਡੇ ਸਾਹਮਣੇ ਆਉਣ ਵਾਲੇ ਭਵਿੱਖ ਲਈ ਹਾਨੀਕਾਰਕ ਸਾਬਿਤ ਹੋ ਸਕਦੇ ਹਨ।

‘ਪੁਸ਼ਪ ਜਣਨੀ’ ਕਹਾਣੀ ਇਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਮਰਦ ਤੋਂ ਫੁੱਲਾਂ ਵਰਗੇ ਬੱਚੇ ਪ੍ਰਾਪਤ ਕਰਨ ਲਈ ਉਸ ਦੇ ਕਹਿਰ ਨੁੰ ਵੀ ਝੱਲੀ ਜਾਂਦੀ ਹੈ । ਇਸ ਕਹਾਣੀ ਦੀ ਪਾਤਰ ਕੈਥੀ ਸਿੰਗਲ ਪੇਰੈਂਟ ਭਾਵ ਅਣਵਿਆਹੀ ਮਾਂ ਹੈ। ਉਸ ਦੇ ਇਕ ਤੋਂ ਬਾਦ ਇਕ ਚਾਰ ਮਰਦਾਂ ਦੇ ਸੰਗ ਸਾਥ ਵਿਚੋਂ ਚਾਰ ਬੱਚੇ ਜਣੇ ਹਨ। ਚਾਰੇ ਵਾਰ ਗੱਲ ਵਿਆਹ ਤਕ ਪਹੁੰਚਦੀ ਪਹੁੰਚਦੀ ਟੁੱਟ ਗਈ। ਮਰਦ ਹੋਰ ਔਰਤਾਂ ਲੈ ਤੁਰੇ ਅਤੇ ਕੈਥੀ ਬੱਚਿਆਂ ਦੇ ਸਾਥ ਲਈ ਇੱਕਲੀ ਮਾ ਬਣ ਕੇ ਰਹਿ ਗਈ। ਹੁਣ ਉਸ ਨੇ ਸ਼ਾਦੀ ਦੀ ਆਸ ਛੱਡ ਦਿੱਤੀ ਸੀ । ਆਜ਼ਾਦ ਜੀਵਨ ਤੇ ਆਜ਼ਾਦ ਸਾਥ ਦਾ ਪਲ ਛਿਣ ਹੰਢਾਉਣ ਉਪਰੰਤ ਉਹ ਮਰਦ ਦੀ ਦੁਨੀਆਂ ਤੋਂ ਮੁਕਤ ਹੋ ਕੇ ਬੱਚਿਆਂ ਦੇ ਪਾਲਣ ਪੋਸ਼ਣ ਵਿਚ ਹੀ ਗੁਆਚ ਜਾਂਦੀ ਹੈ। ਆਰਥਕ ਸੁਤੰਤਰਤਾ ਅਤੇ ਬੱਚਿਆਂ ਦੇ ਮੋਹ ਨੇ ਉਸ ਵਿਚ ਨਵੀਂ ਸ਼ਕਤੀ, ਨਵਾਂ ਹੁਸ਼ਨ, ਨਵਾਂ ਸੁਹਜ, ਨਵਾਂ ਸਵੈ-ਭਰੋਸਾ ਭਾਵੇਂ ਭਰ ਦਿੱਤਾ ਸੀ ਪਰ ਫਿਰ ਵੀ ਉਹ ਮੰਨਦੀ ਹੈ ਕਿ “ਹਾਂ, ਹਾਂ, ਹਾਂ….ਪਰ ਮੈਂ ਮਰਦ ਨਹੀਂ ਬਣ ਸਕਦੀ। ਮੈਨੂੰ ਮਰਦ ਦੀ, ਉਸ ਦੇ ਪਿਆਰ ਦੀ, ਉਸ ਦੀ ਹਿਰਸ, ਉਸ ਦੇ ਹਵਸ, ਉਸ ਦੇ ਕਰੋਧ ਅਤੇ ਉਸ ਦੀ ਕ੍ਰੋਪੀ ਦੀ ਲੋੜ ਹੈ। ਮੈਂ ਆਜ਼ਾਦ ਅਤੇ ਸਵੈ-ਨਿਰਭਰ ਹੋ ਕੇ ਵੀ ਜਿਵੇਂ ਅਧੂਰੀ ਹਾਂ…….।” ਇਹੋ ਔਰਤ ਦਾ ਸੱਚ ਹੈ। ਮਰਦ ਦਾ ਸੱਚ ਵੀ ਇਹੋ ਹੈ। ਦੂਜਾ ਔਰਤ ਕਿਸੇ ਵੀ ਦੇਸ਼ ਦੀ ਹੋਵੇ ਮਾਂ ਬਣ ਕੇ ਬੱਚਿਆਂ ਨਾਲ ਮੋਹ ਉਸ ਦਾ ਕੁਦਰਤੀ ਤੇ ਸੁਭਾਵਿਕ ਹੈ। ਕੈਥੀ ਦੇ ਅਨੁਸਾਰ, “ਸੂਰਜ ਦੀ ਅੱਗ, ਝੱਖੜ ਮੀਂਹ, ਗੜੇ ਅਤੇ ਹੋਰ ਕਹਿਰ, ਸਭ ਇਸ ਧਰਤੀ ਉੱਤੇ ਟੁੱਟਦੇ ਹਨ। ਫਿਰ ਵੀ ਇਹ ਧਰਤੀ ਸਾਰੀ ਮਨੁੱਖਤਾ ਦੀ ਮਾਂ ਬਣ ਕੇ ਉਸ ਨੂੰ ਪਾਲਦੀ ਹੈ। ਕੁਦਰਤ ਦੇ ਰੰਗ ਬਿਰੰਗੇ ਫੁੱਲਾਂ ਅਤੇ ਹੁਸਨ ਦੀ ਚਿੱਤਰਕਾਰੀ ਸਾਡੇ ਸਭ ਲਈ ਕਰਦੀ ਹੈ। ਸਾਨੂੰ ਸੁਹਜ ਸਿਖਾਉਂਦੀ ਤੇ ਵਿਖਾਉਦੀ ਹੈ…ਇਹ ਧਰਤੀ…ਮੈਂ…ਧਰਤੀ…।” ਮਨੁੱਖ ਦਾ ਕ੍ਰੋਪ. ਬੁਰਾਈ, ਹਿਰਸ, ਹਵਸ, ਈਰਖਾ ਅਤੇ ਜਬਰ ਸਭ ਕੁਝ ਸਹਿ ਕੇ ਔਰਤ ਮਰਦ ਦੀ ਚੰਗਿਆਈ, ਉਸ ਦਾ ਬੀਜ ਆਪਣੀ ਕੁੱਖ ਵਿਚ ਸਮਾ ਲੈਂਦੀ ਹੈ। ਇਹ ਸੱਚ ਹੈ ਔਰਤ ਜਿਸ ਲਈ ਜਿਉਂਦੀ ਹੈ ਉਸ ਲਈ ਸਭ ਕੁਝ ਝੱਲਦੀ ਹੈ।

‘ਅਰਥ ਢੂੰਡਦੇ ਸ਼ਬਦ’ ਕਹਾਣੀ ਵਿਚ ਕਹਾਣੀਕਾਰ ਨੇ ਸਰੀਰ ਤੋਂ ਅਗਾਂਹ ਇਸਤਰੀ ਪੁਰਸ਼ ਦੀ ਪਰਸਪਰ ਮਾਨਸਿਕ ਤ੍ਰਿਪਤੀ ਦੇ ਹੱਕ ਵਿਚ ਗੱਲ ਕੀਤੀ ਹੈ। ਇਸ ਕਹਾਣੀ ਦੀ ਪਾਤਰ ਕੀਸ਼ਾ ਜੋ ਕਿਸੇ ਮਰਦ ਤੋਂ ਏਡਜ਼ ਦੀ ਬਿਮਾਰੀ ਲੈ ਬੈਠੀ ਹੈ, ਖੁਸ਼ਕਿਸਮਤੀ ਨੂੰ ਇਕ ਅਜਿਹੇ ਮਨੁੱਖ ਨੂੰ ਮਿਲਦੀ ਹੈ ਜੋ ਸਮਾਜ ਵਿਚ ਨਵੀਂ ਪੀੜ੍ਹੀ ਦੀ ਸਿਹਤ ਨੂੰ ਸਵਸਥ ਰੱਖਣ ਲਈ ਉਸ ਦੇ ਨਾਲ ਤੁਰਨ ਦਾ ਸੰਕਲਪ ਕਰਦਾ ਹੈ। ਭਾਵੇਂ ਇਸ ਕਹਾਣੀ ਵਿਚ ਕੁਝ ਅਕਾਉੂਪਣ ਹੈ ਪਰ ਫਿਰ ਵੀ ਇਹ ਕਹਾਣੀ ਇਕ ਸਮਾਜ ਸੁਧਾਰਕ ਨਿਬੰਧ ਹੋ ਨਿਬੜਦੀ ਹੈ। ਜਿਸਮ ਦੇ ਬੀਮਾਰ ਹੋਇਆਂ, ਬੰਦਾ ਬੀਮਾਰ ਨਹੀਂ ਹੁੰਦਾ। ਰੋਗ ਜਦੋਂ ਸੋਚ ਨੂੰ ਲਗ ਜਾਵੇ ਤਾਂ ਕੈਂਸਰ ਬਣ ਜਾਂਦਾ ਹੈ, ਏਡਜ਼ ਬਣ ਜਾਂਦਾ ਹੈ, ਲਾਇਲਾਜ ਹੋ ਜਾਂਦਾ ਹੈ। ਇਹੋ ਸਤਰਾਂ ਇਸ ਕਹਾਣੀ ਦਾ ਥੀਮ ਹਨ। ਦੂਜਾ ਮਾਂ ਬਣਨਾ ਹੀ ਜਿੰ਼ਦਗੀ ਦਾ ਇਕੋ ਇਕ ਅਰਥ ਨਹੀਂ, ਗਲ ਤਾਂ ਮਮਤਾ ਦੀ ਹੈ, ਮਮਤਾ ਜਿਸਮਾਨੀ ਤੌਰ ਤੇ ਮਾਂ ਬਣਨ ਤੋਂ ਬਿਨਾਂ ਵੀ ਕਾਇਮ ਰੱਖੀ ਜਾ ਸਕਦੀ ਹੈ। ਮਮਤਾ ਇਕ ਖਿਆਲ, ਇਕ ਭਾਵਨਾ, ਇਕ ਸੋਚ ਜਾਂ ਇਕ ਸੰਕਲਪ ਹੀ ਤਾਂ ਹੈ ਜੋ ਆਪਣੇ ਤੇ ਦੂਜੇ ਦੇ ਬੱਚੇ ਵਿਚ ਕੋਈ ਫ਼ਰਕ ਨਹੀਂ ਸਮਝਦਾ। ਭਾਵੇਂ ਇਸ ਤੱਥ ਤੇ ਅਮਲ ਕਰਨਾ ਮੁਸ਼ਕਿਲ ਹੈ ਪਰ ਇਹ ਇਕ ਰਹੱਸਮਈ ਸੱਚ ਹੈ ਜਿਸ ਦੇ ਅਰਥ ਮਾਂ ਹੋਣ ਨਾਲ ਜੁੜੇ ਹੋਏ ਹਨ।

“ਸ਼ਾਦੀ ਵੱਲ ਜਾਂਦੀ ਸੜਕ” ਪਰਵਾਸੀ ਮਾਪਿਆਂ ਵੱਲੋਂ ਇੰਡੀਆਂ ਤੋਂ ਮੰਗੇਤਰ ਮੰਗਵਾ ਕੇ ਆਪਣੀ ਕੁੜੀ ਦੇ ਗਲ ਮੜ੍ਹਨ ਦਾ ਪੁਰਾਣਾ ਵਿਸ਼ਾ ਕਹਾਣੀਕਾਰ ਨੇ ਆਪਣੀ ਕਹਾਣੀ ਵਿਚ ਲਿਆ ਹੈ। ਕਹਾਣੀ ਵਿਚ ਇਕੋ ਪੀੜ੍ਹੀ ਦੇ ਦੋ ਪਾਤਰ ਵੱਖੋ ਵੱਖਰੀ ਸੋਚ ਦੇ ਧਾਰਨੀ ਹਨ। ਮੋਹਣੀ ਦਾ ਪਿਉ ਇੰਦਰ ਸਿੰਘ ਭਾਰਤੀ ਜੜ੍ਹਾਂ ਤੇ ਕਲਚਰ ਦੇ ਨਾਮ ਤੇ ਹਮੇਸ਼ਾ ਆਪਣੇ ਬੱਚਿਆਂ ਨੂੰ ਬਲੈਕ ਮੇਲ ਕਰਦਾ ਹੈ ਪਰ ਉਸ ਦੀ ਧੀ ਨੂੰ ਇਹ ਪਸੰਦ ਨਹੀਂ ਕਿ ਉਸ ਦਾ ਬਾਪ ਆਪਣੀ ਧੀ ਦੀਆਂ ਸਾਰੀਆਂ ਖੁਸ਼ੀਆਂ ਇਨ੍ਹਾਂ ਜੜ੍ਹਾਂ ਤੇ ਏਸ ਕਲਚਰ ਦੀ ਬਲੀ ਚੜ੍ਹਾ ਦੇਵੇ। ਦੂਜੇ ਪਾਸੇ ਜੋਗਿੰਦਰ ਦਾ ਪਿਤਾ ਏਧਰਲੇ ਮਾਹੌਲ ਅਤੇ ਕਲਚਰ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲ ਚੁੱਕਾ ਹੈ। ਉਸ ਦਾ ਮੰਨਣਾ ਹੈ ਕਿ ਇਹ ਕਲਚਰ ਤੇ ਜੜ੍ਹਾਂ ਦੇ ਸੰਕਲਪ ਮਨੁੱਖ ਦੇ ਆਪਣੇ ਹੀ ਬਣਾਏ ਹੋਏ ਹਨ। ਜਿ਼ੰਦਗੀ ਨੂੰ ਸੌਖਿਆਂ ਤੇ ਮਰਿਆਾਦਾ ਵਿਚ ਢਾਲਣ ਲਈ ਹੀ ਰਸਮਾਂ, ਰਿਵਾਜਾਂ ਦਾ ਜਨਮ ਹੁੰਦਾ ਹੈ। ਜਦੋਂ ਇਹ ਸਭ ਕੁਝ ਮਨੁੱਖ ਦਾ ਸਾਹ ਘੁੱਟਣ ਲਗ ਪਵੇ ਤਾਂ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਜਿਸ ਕਲਚਰ ਨੂੰ ਸਾਡੇ ਪੰਜਾਬੀ ਗੰਦਗੀ ਦਾ ਮਾਹੌਲ ਕਹਿੰਦੇ ਹਨ, ਉਹ ਕੀਨੀਆਂ ਦੇ ਮਾਹੌਲ ਵਿਚ ਸਹਿਜ ਪਰਵਾਨਤ ਹੈ। ਪਰਵਾਸੀ ਜੀਵਨ ਵਿਚ ਇੰਦਰ ਸਿੰਘ ਜਿਹੇ ਪਾਤਰਾਂ ਦੀ ਸੋਚ ਖੋਖਲੀ ਹੈ। ਇਹ ਕਹਾਣੀ ਪਹਿਲਾ ਇਹ ਤੱਥ ਉਜਾਗਰ ਕਰਦੀ ਹੈ ਕਿ ਮਨੁੱਖ ਅਜਨਬੀ ਉਦੋਂ ਤੱਕ ਹੀ ਰਹਿੰਦਾ ਹੈ ਜਿਤਨੀ ਦੇਰ ਤਕ ਤੁਸੀ ਉਥੋਂ ਦਾ ਸਭਿਆਚਾਰ ਸਵੀਕਾਰ ਨਹੀਂ ਕਰ ਲੈਂਦੇ। ਦੂਜਾ ਨਵੀਂ ਪੀੜ੍ਹੀ ਨੂੰ ਦੇਸੀ ਸਭਿਆਚਾਰ ਦੇ ਨਾਲ ਨਾਲ ਮੁੱਖ ਸਭਿਆਚਾਰ ਨਾਲ ਮੇਲ ਮਿਲਾਪ ਦੇ ਮੌਕੇ ਦਿੱਤੇ ਜਾਣ ਦੀ ਵੀ ਲੋੜ ਹੈ, ਜਿਨ੍ਹਾਂ ਵਿੱਚੋਂ ਚੰਗੇ ਤੱਤਾਂ ਨੂੰ ਗ੍ਰਹਿਣ ਕਰਕੇ ਉਹ ਮਾਨਸਿਕ, ਬੌਧਿਕ ਤੇ ਸਮਾਜਕ ਵਿਕਾਸ ਰਾਹੀਂ ਸੰਤੁਲਿਤ ਸਖ਼ਸੀਅਤ ਦੀ ਸਿਰਜਣਾ ਕਰ ਸਕਣ। ਰਵਿੰਦਰ ਰਵੀ ਦੀ ਕਹਾਣੀ ਦੀ ਨਾਇਕਾ ਮੋਹਿਣਾ ਆਪਣੇ ਪ੍ਰੇਮੀ ਤੋਂ ਆਪਣੇ ਗਰਭ ਵਿਚ ਪਲ ਰਹੇ ਬੱਚੇ ਨੂੰ ਅਫਰੀਕੀ ਸਭਿਆਚਾਰਕ ਮਰਯਾਦਾ ਅਨੁਸਾਰ ਜਣਨ ਪਰੀਖਿਆ ਵਿਚੋਂ ਪਾਸ ਹੋਣ ਦਾ ਸਬੂਤ ਦੇ ਕੇ ਆਪਣੇ ਪ੍ਰੇਮੀ ਜੋਗਿੰਦਰ ਨਾਲ ਵਿਆਹ ਰਚਾਉਂਦੀ ਹੈ ਤੇ ਉਸ ਬੱਚੇ ਨੂੰ ਸ਼ਾਦੀ ਵੱਲ ਜਾਂਦੀ ਸੜਕ ਦਾ ਸ਼ਾਹਰਾਹ ਦੱਸਦੀ ਹੈ।

‘ਤੈਂ ਕੀ ਦਰਦ ਨਾ ਆਇਆ’ ਕਹਾਣੀ ਇਕ ਕਾਵਿਮਈ ਕਹਾਣੀ ਹੈ ਇਸ ਕਹਾਣੀ ਵਿਚ ਭਾਰਤੀ ਤੇ ਵਿਦੇਸ਼ੀ ਕਾਨੂੰਨ ਦੀ ਤੁਲਨਾ ਕੀਤੀ ਗਈ ਹੈ। ਇਥੋਂ ਦਾ ਕਾਨੂੰਨ ਹਰ ਮਨੁੱਖ ਨੂੰ ਹੀ ਨਹੀੰਂ ਹਰ ਜਾਨਵਰ ਨੂੰ ਵੀ ਇਕ ਨਜ਼ਰ ਨਾਲ ਅੱਖਾਂ ਖੋਲ੍ਹ ਕੇ ਵੇਖਦਾ ਹੈ ਸਾਡੇ ਦੇਸ਼ ਜਿੱਥੇ ਅਦਾਲਤਾਂ ਵਿਚ ਯੋਗ ਤੇ ਹੱਕੀ ਸੁਣਵਾਈ ਨਹੀਂ ਹੁੰਦੀ, ਜਿੱਥੇ ਬਿਨਾਂ ਮੁਕਦਮਾ ਚਲਿਆਂ, ਅਨਿਸ਼ਚਤ ਸਮੇਂ ਲਈ ਅਨੇਕਾਂ ਇਸਤਰੀ ਪੁਰਸ਼ ਜੇਲ੍ਹਾਂ ਅੰਦਰ ਡੱਕ ਦਿੱਤੇ ਜਾਂਦੇ ਹਨ। ਹਿੰਸਾ ਜਿੱਥੇ ਦੀ ਬੋਲੀ ਬਣ ਗਈ ਹੈ ਤੇ ਬੇਇਨਸਾਫ਼ੀ ਜਿੱਥੋਂ ਦਾ ਅਰਥ। ਇਵੇਂ ਕਹਾਣੀਕਾਰ ਨੇ ਆਪਣੇ ਭਾਰਤੀ ਕਾਨੂੰਨ ਤੇ ਪੱਛਮੀ ਕਾਨੂੰਨ ਵਿਚ ਅੰਤਰ ਤੇ ਰੌਸ਼ਨੀ ਪਾਈ ਹੈ ਜਿਥੇ ਕੁੱਤੇ ਨੂੰ ਇਨਸਾਫ ਹਾਸਿਲ ਕਰਨ ਦਾ ਪੂਰਾ ਹੱਕ ਹੈ ਪਰ ਸਾਡੇ ਦੇਸ਼ ਵਿਚ ਬੰਦੇ ਦੇ ਮਰਨ ਤੇ ਵੀ ਇਨਸਾਫ਼ ਨਹੀਂ ਮਿਲਦਾ। ਕਹਾਣੀਕਾਰ ਦੀ ਇਹ ਕਹਾਣੀ ਖੁਲ੍ਹੇ ਅੰਤਵਾਲੀ ਕਹਾਣੀ ਹੈ।

ਇਸ ਪੂਰੇ ਕਹਾਣੀ ਸੰਗ੍ਰਹਿ ਦਾ ਅਧਿਐਨ ਕਰਨ ਤੋਂ ਬਾਦ ਅਸੀਂ ਕਹਿ ਸਕਦੇ ਹਾਂ ਕਿ ਰਵਿੰਦਰ ਰਵੀ ਆਪਣੇ ਕਹਾਣੀ ਸੰਗ੍ਰਹਿ ਵਿਚ ਪੂਰਬੀ ਤੇ ਪੱਛਮੀ ਸਭਿਆਚਾਰਾਂ ਨੂੰ ਇਕ ਸੰਯੁਕਤ ਇਕਾਈ ਵਜੋਂ ਅਪਣਾ ਕੇ ਚਲਦਾ ਹੈ ਜਿਸ ਨਾਲ ਉਸ ਦੀਆਂ ਰਚਨਾਵਾਂ ਸਹੀ ਅਰਥਾਂ ਵਿਚ ਇੰਡੋ- ਕਨੇਡੀਅਨ ਸੁਭਾਅ ਵਾਲੀਆਂ ਬਣਦੀਆਂ ਹਨ। ਹਰ ਮੁਲਕ ਦੇ ਸਭਿਆਚਾਰ ਵਾਂਗ ਪੱਛਮੀ ਸੰਸਕ੍ਰਿਤੀ ਦੇ ਕੁਝ ਚੰਗੇ ਪੱਖ ਵੀ ਹਨ ਤੇ ਕੁਝ ਮਾੜੇ ਵੀ ਪਰ ਰਚਨਾ ਦਾ ਜਨਮ ਹਮੇਸ਼ਾ ਲੇਖਕ ਦੀ ਆਪਣੀ ਸੋਚ ਆਪਣੇ ਵਿਹਾਰ ਅਤੇ ਆਪਣੀ ਪ੍ਰਤਿਭਾ ਦੇ ਬਲ ਉੱਤੇ ਕੀਤਾ ਜਾਂਦਾ ਹੈ। ਅੰਤ ਅਸੀਂ ਕਹਿ ਸਕਦੇ ਹਾਂ ਕਿ ਰਵਿੰਦਰ ਰਵੀ ਇਕ ਉਘਾ ਤੇ ਕੁਸ਼ਲ ਕਹਾਣੀਕਾਰ ਹੈ ਜਿਸ ਨੂੰ ਪਾਤਰ ਚਿੱਤਰਨ ਕਹਾਣੀ ਗੁੰਦਣ ਤੇ ਪ੍ਰਭਾਵ ਸਿਰਜਣ ਦੀ ਮੁਹਾਰਤ ਹੈ। ਕੇਵਲ ਬਾਹਰੀ ਰੂਪ ਦੀ ਚਿੱਤਕਾਰੀ ਦਾ ਨਾਮ ਸਾਹਿਤ ਨਹੀਂ ਹੈ ਯਥਾਰਥ ਦੀ ਤਹਿ ਤੱਕ ਜਾ ਕੇ ਅਧਿਐਨ ਕਰਨਾ ਇਕ ਸਾਹਿਤਕਾਰ ਦਾ ਮੁੱਖ ਕੰਮ ਹੈ ਰਵਿੰਦਰ ਰਵੀ ਵੀ ਪਰਵਾਸ ਵਿਚ ਵਿਚਰਦਾ ਇਕ ਅਜਿਹਾ ਹੀ ਕਹਾਣੀਕਾਰ ਹੈ ਜਿਸ ਦਾ ਹੋਣਾ ਪੰਜਾਬੀ ਸਾਹਿਤ ਵਿਚ ਬੜੀ ਮਾਣ ਵਾਲੀ ਗੱਲ ਹੈ।

******

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 25 ਨਵੰਬਰ 2007)
(ਦੂਜੀ ਵਾਰ 1 ਨਵੰਬਰ 2021)

***
474
***

ਸੀ-122, ਯੂਨੀਵਰਸਿਟੀ ਕੈਂਪਸ, ਕੁਰੂਕਸ਼ੇਤਰ, ਹਰਿਆਣਾ (ਇੰਡੀਆ)-136119.

ਡਾ. ਰਜਨੀ ਰਾਣੀ

ਸੀ-122, ਯੂਨੀਵਰਸਿਟੀ ਕੈਂਪਸ, ਕੁਰੂਕਸ਼ੇਤਰ, ਹਰਿਆਣਾ (ਇੰਡੀਆ)-136119.

View all posts by ਡਾ. ਰਜਨੀ ਰਾਣੀ →