6 December 2024
ਚਰਨਜੀਤ ਸਿੰਘ ਪੰਨੂ

ਮੀਮੋ—ਚਰਨਜੀਤ ਸਿੰਘ ਪੰਨੂ

ਨੀਲੇ ਨੈਣਾਂ ਵਾਲੀ ਕੁੜੀ ਅੱਜ ਫੇਰ ਛੇ ਮਹੀਨੇ ਪਿੱਛੋਂ ਸਟੇਸ਼ਨ ‘ਤੇ ਫਿਰਦੀ ਨਜ਼ਰ ਆਈ ਸੀ। ਉਸ ਨੂੰ ਵੇਖ ਕੇ ਕਾਲਜ ਦੇ ਮੁੰਡਿਆਂ ਨੇ ਚੜ੍ਹ ਗਿੱਲੀ ਮਚਾਈ ਤੇ ਅਵਾਜ਼ੇ ਕੱਸੇ। ਪਰ ਉਸ ਦੀ ਇਕ ਨਜ਼ਰੇ ਅੱਖਾਂ ਦੀ ਮੁਸਕਰਾਹਟ ਨੇ ਸਾਰਿਆਂ ਦੇ ਦਿਲ ਸ਼ਾਂਤ ਹੌਲੇ ਫੁੱਲ ਕਰ ਦਿੱਤੇ। ਪਾਟੇ ਚੀਥੜਿਆਂ ਵਿਚ ਲਪੇਟੀ ਇਹ ਅਣਭੋਲ ਜੁਆਨੀ, ਰੇਲ ਦੇ ਇਸ ਬਾਰਾਂ ਮੀਲ ਦੇ ਟੋਟੇ ਵਿਚ ਗੱਡੀ ਵਿਚ ਗੀਤ ਗਾਉਂਦੀ ਤੇ ਮੰਗਦੀ ਸੀ। ਉਸ ਦੇ ਗੀਤ ਦੀ ਦਾਦ ਲਈ ਕਈ ਭੂਤਰੇ ਜੱਟ ਨੋਟਾਂ ਦੇ ਨੋਟ ਉਸ ਅੱਗੇ ਢੇਰੀ ਕਰ ਦਿੰਦੇ ਪਰ ਉਹ ਠੁਕਰਾ ਕੇ ਕਿਸੇ ਕੋਲੋਂ ਵੀ ਇਕ ਰੁਪੇ ਤੋਂ ਵੱਧ ਨਾ ਲੈਂਦੀ।

”ਮੈਂ ਭੀਖ ਲੈਣੀ ਹੈ ਸਰਦਾਰ ਜੀ, ਕਰਜ਼ਾ ਨਹੀਂ, ਵੱਢੀ ਨਹੀਂ। ਤੇ ਇਸ ਤਰ੍ਹਾਂ ਸ਼ਾਮ ਤੱਕ ਉਸ ਦੀ ਜੇਬ ਨੋਟਾਂ ਨਾਲ ਭਰ ਜਾਂਦੀ।

ਕੁੱਝ ਮਹੀਨੇ ਪਹਿਲਾਂ ਉਸ ਨੂੰ ਇਸੇ ਸਟੇਸ਼ਨ ਦੇ ਕੁੱਝ ਕਰਮਚਾਰੀਆਂ ਨੇ ਬਿਨ ਟਿਕਟ ਦੇ ਦੋਸ਼ ਵਿਚ ਫੜ ਲਿਆ ਸੀ ਤੇ ਫਿਰ ਪਰ੍ਹੇ ਕੁਆਰਟਰਾਂ ਵਿਚ ਲੈ ਗਏ ਸਨ।

“ਚਲੋ ਇਸ ਦੀ ਮੀਮੋ ਕੱਟਦੇ ਹਾਂ-।” ਉਸ ਦੀ ‘ਮੀਮੋ’ ਕੱਟ ਕੇ ਉਨ੍ਹਾਂ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ।

ਉਸ ਦਿਨ ਤੋਂ ਬਾਅਦ ਉਹ ਉਸ ਸਟੇਸ਼ਨ ‘ਤੇ ਨਾ ਦਿਸੀ, ਬਿਨ ਟਿਕਟ ਸਫ਼ਰ ਕਰਨ ਦੇ ਜੁਰਮ ਤੋਂ ਡਰ ਗਈ ਸੀ ਜਾਂ ਮੀਮੋ ਤੋਂ। ਪਰ ਅੱਜ ਉਸ ਦਾ ਪੀਲਾ ਪੈ ਚੁੱਕਿਆ ਚਿਹਰਾ, ਲੋਕਾਂ ਦੀ ਇਸ ਦੰਦ ਕਥਾ ਦੀ ਸ਼ਾਹਦੀ ਭਰਦਾ ਸੀ, ਪਈ ਉਹਨੂੰ ਕੋਈ ਅਵੱਲੀ ਬਿਮਾਰੀ ਲੱਗ ਗਈ ਤੇ ਕਿਸੇ ਪੁਰਾਣੇ ਹਕੀਮ ਨੇ ਦੁਆਈ ਦੇ ਕੇ ਉਸ ਦੇ ਅੰਦਰੋਂ ਕੁੱਝ ਖ਼ਾਰਜ ਕੀਤਾ ਸੀ, ਜਿਸ ਕਰਕੇ ਉਹ ਬਹੁਤ ਦੇਰ ਮੰਜੇ ਤੋਂ ਨਹੀਂ ਸੀ ਉੱਠ ਸਕੀ। ਉਸ ਦੀਆਂ ਅੱਖਾਂ ਦੀ ਚਮਕ ਤੇ ਬੁੱਲ੍ਹਾਂ ਦੀ ਮੁਸਕਰਾਹਟ ਅਜੇ ਵੀ ਉਹੀ ਸੀ ਭਾਵੇਂ ਬਿਮਾਰੀ ਨੇ ਉਸ ਦੀ ਸਾਰੀ ਰੱਤ ਚੂਸ ਲਈ ਸੀ। ਅਖਾੜੇ ਵਿਚ ਪਹਿਲਵਾਨ ਵਾਂਗ ਪਲੇਟ ਫਾਰਮ ‘ਤੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਉਸ ਨੇ ਚੱਕਰ ਲਗਾਇਆ। ਹੁਣ ਤਾਂ ਥਾਣਿਓਂ ਮੁੜੀ ਖੋਤੀ ਵਾਂਗ ਪੁਲਿਸ ਕਰਮੀਆਂ ਨਾਲ ਉਸ ਦੀ ਗੂੜ੍ਹੀ ਵਾਕਫ਼ੀਅਤ ਹੋ ਗਈ ਸੀ। ਉਸ ਦੀਆਂ ਸ਼ਿਕਾਰੀ ਨਜ਼ਰਾਂ ਕਿਸੇ ਦੀ ਕਮਜ਼ੋਰੀ ਦੀ ਤਾੜ ਵਿਚ ਸਨ। ਇਹੋ ਉਸ ਦੀ ਮੰਗਣ ਦੀ ਕਲਾ ਸੀ, ਤਰੀਕਾ ਸੀ, ਜਾਦੂ ਸੀ। ਉਹ ਹੱਸ ਕੇ ਦਿਖਾ ਦਿੰਦੀ, ਹੱਥ ਫੈਲਾ ਦਿੰਦੀ। ਲੋਕ ਸਮਝਦੇ ਬੱਸ ਬਣ ਗਿਆ ਕੰਮ। ਤੇ ਫਿਰ ਇਸ ਤਰ੍ਹਾਂ ਇਹ ਨੀਲੇ ਨੈਣਾਂ ਵਾਲੀ ਕੁੜੀ ਸ਼ਾਮ ਤੱਕ ਚੰਗੇ ਪੈਸੇ ਕਮਾ ਲੈਂਦੀ। ਪਰ ਕਿਸੇ ਦੇ ਪੱਲੇ ਕੁੱਝ ਨਾ ਪਾਉਂਦੀ।

ਪਾਸੇ ਬੈਂਚ `ਤੇ ਬੈਠੇ ਹੱਸਦੇ ਪੇਂਡੂ ਗੱਭਰੂਆਂ ਦਾ ਸੁਖਾਵਾਂ ਮਾਹੌਲ ਵੇਖ ਕੇ ਉਸ ਨੇ ਸਾਰਸ ਜਿੱਡੀ ਲੰਮੀ ਧੋਣ ਫੈਲਾ ਕੇ ਉਧਰ ਨਿਗਾਹ ਸੁੱਟੀ ਤੇ ਚੁੰਨੀ ਨੂੰ ਸੰਵਾਰਦੀ ਹੋਈ ਜਾ ਅਲਖ ਜਗਾਈ।

”ਬਾਬੂ ਜੀ ਚਾਰ ਆਨੇ, ਵੀਰ ਜੀ ਚਾਰ ਆਨੇ, ਰੱਬ ਤੈਨੂੰ ਵਹੁਟੀ ਦੇਵੇ। ਸਿਰਫ਼ ਚਾਰ ਆਨੇ।” ਇਕ ਮੁਸ਼ਟੰਡੇ ਨੇ ਹੱਸਦਿਆਂ ਹੱਸਦਿਆਂ ਉਸ ਦੀਆਂ ਅਦਾਵਾਂ ਦਾ ਸੁਆਗਤ ਕੀਤਾ।

”ਜਾਹ ਪਰ੍ਹੇ ਨੰਬਰਦਾਰਾ ਤੂੰ ਵੀ ਐਵੇਂ ਫੋਕਾ ਮਖ਼ੌਲ ਕਰਦਾ ਰਹਿੰਦੋਂ।” ਨੰਬਰਦਾਰ ਦੀ ਉਪਾਧੀ ਲੈ ਕੇ ਨੰਬਰਦਾਰ ਦੀ ਛਾਤੀ ਫੁੱਲ ਗਈ ਪਰ ”ਫੋਕੇ ਮਖ਼ੌਲ” ਦੀ ਕਾਟ ਉਸ ਨੂੰ ਪੈਰਾਂ ਤੱਕ ਹਲੂਣ ਗਈ। ਉਸ ਦੀ ਅਣਖ ਨੂੰ ਸੇਕ ਲੱਗਾ ਵੇਖ ਕੇ ਉਹ ਘੁੱਟਿਆ ਜਿਹਾ ਗਿਆ। “ਤੂੰ ਹਾਂ ਕਰ ! ਮੈਂ ਤੇਰੇ ਤੋਂ ਸਭ ਕੁੱਝ ਕੁਰਬਾਨ ਕਰ ਦਿਆਂ।”

“ਚੱਲ ! ਚੱਲ ! ਇਕ ਰੁਪਿਆ ਨਿਕਲਦਾ ਨਹੀਂ, ਤੇ ਸਭ ਕੁੱਝ ਕੁਰਬਾਨ ਕਰਨ ਵਾਲਾ ਆਇਐ ਵੱਡਾ।” ਉਸ ਦੇ ਦੂਜੇ ਹਮਲੇ ਨੇ ਗੱਭਰੂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ।

“ਇਕ ਇਕ ਰੁਪਿਆ, ਕਿੰਨਿਆਂ ਕੋਲੋਂ ਮੰਗਦੀ ਰਹੇਂਗੀ, ਇਕ ਵੇਰਾਂ ਹੀ ਦਸ ਰੁਪੇ ਲੈ ਲੈ।” ਗੱਭਰੂ ਨੇ ਆਖ਼ਰ ਝਕਦੇ ਝਕਦੇ ਦਿਲ ਦੀ ਗੱਲ ਖੋਲ੍ਹ ਦਿਤੀ।

“ਕੁੱਝ ਦੇਨਾ ਵੀ ਐਂ ਕਿ?”

”ਜਾਹ ਬੀਬੀ ਜਾਹ, ਇਹ ਐਵੇਂ ਝੇਡਾਂ ਕਰਦਾ ਤੇਰੇ ਨਾਲ। ਨਾ ਪੈਸਾ ਨਾ ਧੇਲਾ ਤੇ ਕਰਦੀ ਮੇਲਾ ਮੇਲਾ।” ਨੇੜੇ ਬੈਠੇ ਇਕ ਬੁੱਢੇ ਨੇ ਗੱਭਰੂ ਦੇ ਖੋਖਲੇਪਨ ਤੋਂ ਪਰਦਾ ਚੁੱਕ ਦਿੱਤਾ।
“ਨਹੀਂ, ਨਹੀਂ, ਲੈ ਫੜ” ਖਾਲੀ ਨਿਰਾਸ਼ਾ ਨਾਲ ਵੇਖ ਕੇ ਗੱਭਰੂ ਨੇ ਜੇਬ ਵਿਚੋਂ ਇਕ ਰੁਪਏ ਦਾ ਨੋਟ ਕੱਢ ਕੇ ਕੁੜੀ ਵੱਲ ਵਗਾਹ ਦਿੱਤਾ ਤੇ ਆਪਣੀ ਜੇਬ ਖਾਲੀ ਕਰ ਲਈ।

“ਪਰ ਹੱਸ ਕੇ ਦਿਖਾ ਇੱਕ ਵੇਰਾਂ” ਉਸ ਨੇ ਆਪਣੇ ਰੁਪਏ ਦੀ ਕੀਮਤ ਮੰਗੀ।

ਉਹ ਖਿੜ ਖਿੜਾ ਕੇ ਹੱਸੀ, “ਅੱਛਾ ਵੀਰ ਜੀ, ਬੜੀ ਮਿਹਰਬਾਨੀ।”

‘ਵੀਰ ਜੀ’ ਸ਼ਬਦ ਨੇ ਗੱਭਰੂ ਦੀਆਂ ਬਣੀਆਂ-ਬਣਾਈਆਂ ਸਕੀਮਾਂ ‘ਤੇ ਪਾਣੀ ਫੇਰ ਦਿੱਤਾ। ਉਹ ਚਲਦੀ ਬਣੀ ਅੱਗੇ ਤੇ ਪਿੱਛੇ ਨਾਲ ਦੇ ਸਾਥੀ ਉਸ ਅਖੌਤੀ ਗੱਭਰੂ ਨੂੰ ਕਿੰਨੀ ਦੇਰ ਮਖ਼ੌਲ ਕਰਦੇ ਰਹੇ।

ਸਟੇਸ਼ਨ ਦੇ ਸਾਰੇ ਮੁਸਾਫ਼ਰਾਂ ਦੀਆਂ ਨਜ਼ਰਾਂ ਉਸ ਲੜਕੀ ‘ਤੇ ਕੇਂਦਰਿਤ ਸਨ। ਹੁਣ ਉਹ ਨੀਲੇ ਨੈਣਾਂ ਵਾਲੀ ਕੁੜੀ ਕਾਲਜ ਦੇ ਮੁੰਡਿਆਂ ਦੀ ਢਾਣੀ ਵੱਲ ਵਧੀ ਜੋ ਉਸ ਵਾਂਗ ਹੀ ਗੱਡੀ ਦੀ ਉਡੀਕ ਕਰ ਰਹੇ ਸਨ ਤੇ ਉਸ ਦੀ ਵੀ। ਉਨ੍ਹਾਂ ਨੂੰ ਪਤਾ ਸੀ ਇਹ ਸਿੱਧੇ ਸਾਦੇ ਜੱਟਾਂ ਦੀ ਛਿੱਲ ਲਾਹ ਕੇ ਉਨ੍ਹਾਂ ਵੱਲ ਵੀ ਆਵੇਗੀ ਜ਼ਰੂਰ।
“ਆ ਬੱਲੀਏ! ਆ ਗਈ ਏਂ?” ਇਕ ਪਾੜ੍ਹੇ ਨੇ ਪਹਿਲ ਕੀਤੀ।

”ਆ ਗਈ ਆਂ ਜੀ! ਤੁਹਾਡਾ ਆਸਰਾ ਤੱਕ ਕੇ।” ਨੀਲੋ ਦੀ ਹਲੀਮੀ ਨੇ ਸਭ ਦੇ ਦਿਲ ਜਿੱਤ ਲਏ।

“ਅਜ ਇੱਕ ਗਾਣਾ ਸੁਣਾ ਦੇ ਚੋਂਦਾ ਚੋਂਦਾ।” ਸਿਫ਼ਾਰਸ਼ ਆਈ।

“ਨਹੀਂ, ਇੱਥੇ ਨਹੀਂ ਗੱਡੀ ‘ਚ।” ਕਹਿ ਕੇ ਉਸ ਨੇ ਆਪਣੇ ਹੱਥ ਫੈਲਾ ਦਿੱਤੇ। ਸ਼ਰਮੋ ਸ਼ਰਮੀਂ ਤੇ ਵੇਖੋ ਵੇਖੀ ਸਾਰਿਆਂ ਨੇ ਚਾਰ ਚਾਰ ਆਨੇ ਦੇ ਕੇ ਕੁੜੀ ਦੀ ਝੋਲੀ ਭਾਨ ਨਾਲ ਭਰ ਦਿੱਤੀ ਪਤਾ ਨਹੀਂ ਕਿਉਂ ਉਹ ਪੈਸੇ ਉਸ ਦੇ ਹੱਥ ‘ਤੇ ਧਰਨ ਦੀ ਬਜਾਏ ਉਸ ਦੀ ਝੋਲੀ ਵਿਚ ਪਾਣ ਨੂੰ ਤਰਜੀਹ ਦਿੰਦੇ ਸਨ।

“ਅਗਲੇ ਡੱਬੇ `ਚ ਚੜ੍ਹੀਂ, ਗਾਣਾ ਸੁਣਾਏਂਗੀ, ਸਾਡੇ ਕੋਲ ਬੈਠੇਂਗੀ ਜੋ ਕਹੇ ਦੇ ਦਿਆਂਗੇ।” ਇਕ ਮੁੰਡੇ ਨੇ ਕਿਹਾ। ਨੀਲੋ ਨੇ ਹੱਸ ਕੇ ਹਾਂ ਕਰ ਦਿੱਤੀ। ਇਹ ਉਸ ਲਈ ਪਹਿਲਾ ਕੰਮ ਥੋੜਾ ਸੀ ਜੁ ਡਰ ਜਾਂਦੀ।
ਗੱਡੀ ਸਟੇਸ਼ਨ ‘ਤੇ ਪਹੁੰਚ ਗਈ। ਸਾਰੇ ਮੁਸਾਫ਼ਰਾਂ ਵਿਚ ਹਫੜਾ-ਦਫੜੀ ਮੱਚ ਗਈ। ਵੇਖਦੇ ਵੇਖਦੇ ਸਟੇਸ਼ਨ ਦੀ ਸਾਰੀ ਰੌਣਕ ਗੱਡੀ ਵਿਚ ਸਵਾਰ ਹੋ ਗਈ। ਪਾੜ੍ਹੇ ਮੁੰਡੇ ਨਾ ਚੜ੍ਹੇ, ਉਹ ਦੇਖ ਰਹੇ ਸਨ, ਜਿੱਥੇ ਨੀਲੋ ਚੜ੍ਹੇਗੀ ਉੱਥੇ ਹੀ ਚੜ੍ਹਨਗੇ। ਗੱਡੀ ਨੇ ਚੀਕ ਮਾਰੀ ਤੇ ਹੌਲੀ ਹੌਲੀ ਹਿੱਲ ਪਈ।

“ਉਹ ਲੜਕੀ! ਟਿਕਟ?” ਉਹ ਚੜ੍ਹਨ ਹੀ ਲੱਗੀ ਸੀ ਕਿ ਖਾਕੀ ਵਰਦੀ ਵਾਲੇ ਇਕ ਬਾਬੂ ਨੇ ਆ ਘੇਰਿਆ।

“ਜੀ ਬਾਬੂ ਜੀ! …ਟਿਕਟ ਤਾਂ ਹੈ ਨਹੀਂ…।” ਨੀਲੋ ਨੇ ਡਰਦੇ ਡਰਦੇ ਕਿਹਾ।

“ਤੇ ਗੱਡੀ ਤੇਰੇ ਪਿਉ ਦੀ ਏ?” ਬਾਬੂ ਦੀ ਆਵਾਜ਼ ਵਿਚ ਰੋਹਬ ਸੀ।

“ਜੀ ਮੈਂ ਗਰੀਬ ਆਂ…। ਹਮੇਸ਼ਾਂ ਗੱਡੀ ਵਿਚ ਪੈਸੇ ਮੰਗਦੀ ਆਂ। ਮੇਰੀ ਇਕ ਅੰਨ੍ਹੀ ਮਾਂ, ਇਕ ਲੂਲ੍ਹਾ ਭਾਈ ਤੇ ਇਕ ਛੋਟੀ ਭੈਣ ਦੀ ਰੋਟੀ ਮੇਰੇ ਸਿਰ ‘ਤੇ ਹੈ ਬਾਬੂ ਜੀ।”

“ਤੂੰ ਗੱਡੀ ਨਹੀਂ ਚੜ੍ਹ ਸਕਦੀ।” ਬਾਬੂ ਨੇ ਕੜਕ ਕੇ ਕਿਹਾ।

“ਮੇਰੇ ‘ਤੇ ਤਰਸ ਕਰੋ ਮੇਰੀ ਅੰਨ੍ਹੀ ਮਾਂ ‘ਤੇ ਤਰਸ ਕਰੋ” ਨੀਲੋ ਨੇ ਤਰਲੇ ਕੱਢੇ।

“ਨਖ਼ਰੇ ਨਾ ਕਰ ਐਵੇਂ! ਤੁਸੀਂ ਕੀ ਮਖ਼ੌਲ ਸਮਝ ਛੱਡਿਐ, ਸਰਕਾਰ ਨੂੰ ਘਾਟਾ ਪਾ ਰਹੇ ਹੋ, ਇੱਧਰ ਆ ਮੇਰੇ ਨਾਲ।” ਬਾਬੂ ਦੀਆਂ ਅੱਖਾਂ ਵਿਚ ਲੁੱਚਪੁਣਾ ਉਤਰ ਆਇਆ।

“ਕਿਧਰ ਬਾਬੂ ਜੀ?” ਲੜਕੀ ਦੇ ਭਾਣੇ ਭੂਚਾਲ ਆ ਗਿਆ ਹੋਵੇ। ਉਹ ਕੰਬਣ ਲੱਗੀ।
“ਕੁ-ਲਗਦੀ ਕਿੱਧਰ ਦੀ।”

ਏਨੇ ਨੂੰ ਗਾਰਡ ਦਾ ਡੱਬਾ ਨੇੜੇ ਆ ਰਿਹਾ ਸੀ। ਗੱਡੀ ਅਜੇ ਹੌਲੀ ਹੀ ਸੀ ਜਿਵੇਂ ਨੀਲੋ ਦੇ ਚੜ੍ਹਨ ਦੀ ਉਡੀਕ ਕਰ ਰਹੀ ਹੋਵੇ।

“ਚੜ੍ਹ ਉੱਪਰ। ਗਾਰਡ ਦੇ ਡੱਬੇ ‘ਚ। ਨਹੀਂ ਤੇ ਤੇਰੀ ਮੀਮੋ ਕੱਟਦਾ ਹਾਂ, ਤੂੰ ਸਰਕਾਰ ਨੂੰ ਘਾਟਾ ਪਾ ਰਹੀ ਹੈਂ।”

“ਮੀਮੋ। ਨਹੀਂ ਬੱਚਿਆਂ ਵਾਲਿਆ ਮੇਰੀ ਨਾ ਕੱਟੀਂ, ਮੈਂ ਮੀਮੋ ਨਹੀਂ ਕਟਾਉਣੀ ਮੈ ਤਾਂ ਅੱਗੇ ਹੀ ਮਰ ਕੇ ਬਚੀ ਆਂ।” ਨੀਲੋ ਨੂੰ ਪਹਿਲੀ ਮੀਮੋ ਦੀ ਯਾਦ ਆ ਗਈ। ਖੌਰੇ ਮੀਮੋ ਸੀ ਜਾਂ ਤਲਵਾਰ, ਮੀਮੋ ਤੋਂ ਡਰਦੀ ਉਹ ਲੜਕੀ ਝੱਟ ਪੱਟ ਗਾਰਡ ਦੇ ਡੱਬੇ `ਚ ਚੜ੍ਹ ਗਈ ਤੇ ਪਿੱਛੇ ਹੀ ਉਹ ਬਾਬੂ।

“ਆਉ ਮੇਰੀ ਜਾਨ।” ਗਾਰਡ ਨੇ ਬਾਹਰ ਹਰੀ ਝੰਡੀ ਲਿਆਂਦੇ ਨੇ ਕਿਹਾ, ਜਿਵੇਂ ਡਰਾਈਵਰਾਂ ਨੂੰ ਸਪੀਡ ਤੇਜ਼ ਕਰਨ ਦਾ ਸੰਕੇਤ ਦੇ ਰਿਹਾ ਹੋਵੇ। ਹੁਣ ਗੱਡੀ ਦੀ ਚਾਲ ਤੇਜ਼ ਹੋ ਚੁੱਕੀ ਸੀ।

ਨਿੰਮੋਝੂਣੇ ਹੋਏ ਨਿਰਾਸ਼ ਪਾੜ੍ਹੇ ਡੱਬਿਆਂ ਤੋਂ ਬਾਹਰ ਸੀਖਾਂ ਨਾਲ ਲਟਕੇ, ਹੱਡਾ ਰੋੜੀ ਦੀ ਗਿੱਧ ਵਾਂਗ ਗਾਰਡ ਦੇ ਡੱਬੇ ਵਲ ਨਜ਼ਰ ਟਿਕਾਈ ਆਪਣੀ ਹਾਰ `ਤੇ ਪਸ਼ਚਾਤਾਪ ਕਰ ਰਹੇ ਸਨ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1032
***

ਚਰਨਜੀਤ ਸਿੰਘ ਪੰਨੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ