23 May 2024

ਚਾਂਦੀ ਦਾ ਗੇਟ – ਮਿੰਨੀ ਗਰੇਵਾਲ

ਚਾਂਦੀ ਦਾ ਗੇਟ

ਮਿੰਨੀ ਗਰੇਵਾਲ

ਮਿੰਨੀ ਗਰੇਵਾਲ ਪੰਜਾਬੀ ਸਾਹਿਤਕ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ। ਉਸ ਦੇ ਹੁਣ ਤੱਕ (1) ਕੈਕਟਸ ਦੇ ਫੁੱਲ, (2) ਚਾਂਦੀ ਦਾ ਗੇਟ ਅਤੇ (3) ਫ਼ਾਨੂਸ, ਤਿੰਨ ਕਹਾਣੀ ਸੰਗ੍ਰਹਿ ਅਤੇ ਇੱਕ ‘ਫੁੱਲ-ਪੱਤੀਆਂ’ (ਕਾਵਿ ਸੰਗ੍ਰਹਿ) ਛਪ ਚੁੱਕੇ ਹਨ। ਕਹਾਣੀਕਾਰ ਜਰਨੈਲ ਸਿੰਘ ਅਨੁਸਾਰ ‘ਉਹ ਜਿੱਥੇ ਇਸਤਰੀ ਦੀ ਮਾਨਸਿਕਤਾ ਨੂੰ ਬਾਖ਼ੂਬੀ ਸਮਝਦੀ ਹੈ ਉੱਥੇ ਔਰਤ ਦੀ ਹੋਂਦ ਤੇ ਹੋਣੀ ਨਾਲ ਸੰਬੰਧਿਤ ਮਸਲਿਆਂ ਨੂੰ ਗਲਪੀ-ਬਿੰਬ ‘ਚ ਢਾਲਣ ਦੀ ਯੋਗਤਾ ਵੀ ਰੱਖਦੀ ਹੈ। ਉਹ ਔਰਤ ਨੂੰ ਸੰਪੂਰਨ ਵਿਅਕਤੀ ਵੇਖਣਾ ਲੋਚਦੀ ਹੈ।’

‘ਲਿਖਾਰੀ’ ਵਿੱਚ ਪਹਿਲਾਂ ਮਿੰਨੀ ਗਰੇਵਾਲ ਦੀਆਂ ਚਾਰ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੁਣ ਉਸ ਦੀ ਦਿਲ ਨੂੰ ਟੁੰਬਦੀ, ਸੋਚ ਨੂੰ ਵੰਗਾਰਦੀ ਅਤੇ ਸੁਆਲਾਂ ਦੇ ਸੁਆਲ ਖੜ੍ਹੀ ਕਰਦੀ ਇੱਕ ਹੋਰ ਬਹੁਤ ਹੀ ਖ਼ੂਬਸੂਰਤ ਕਹਾਣੀ ਪਾਠਕਾਂ ਦੇ ਰੂ-ਬ-ਰੂ ਕਰਦਿਆਂ ‘ਲਿਖਾਰੀ’ ਪ੍ਰਸੰਨਤਾ ਦਾ ਅਨੁਭਵ ਕਰ ਰਿਹਾ ਹੈ। ਆਪ ਦੇ ਵਿਚਾਰਾਂ ਦੀ ਉਡੀਕ ਰਹੇਗੀ।—ਲਿਖਾਰੀ

ਦੋ ਸ਼ਬਦ

ਪਹਿਲੀ ਨਜ਼ਰੇ ਮਿੰਨੀ ਗਰੇਵਾਲ ਦੀ ਕਹਾਣੀ ‘ਚਾਂਦੀ ਦਾ ਗੇਟ’ ਮੈਨੂੰ ਇਕ ਬੱਚਿਆਂ ਨੂੰ ਸੁਣਾਈ ਗਈ ਇਕ ਬਾਤ ਵਾਂਗ ਲੱਗੀ। ਕੁੱਝ ਏਸ ਤਰਾਂ ਵੀ ਸੀ ਕਿ ਮੈਂ ਤਰਕਸ਼ੀਲ ਵਿਚਾਰਾਂ ਤੋਂ ਵੀ ਪ੍ਰਭਾਵਿਤ ਹੋਣ ਕਾਰਨ ਮੈਨੂੰ ਇਹ ਕਹਾਣੀ ਪ੍ਰਭਾਵਹੀਣ ਲੱਗੀ। ਮਰਨ ਤੋਂ ਬਾਅਦ ਜਦੋਂ ਰੂਹਾਂ ਸਵਰਗ-ਲੋਕ ਦੇ ਚਾਂਦੀ ਗੇਟ `ਤੇ ਪਹੁੰਚ ਕੇ ਦਰਬਾਨਾਂ ਨੂੰ ਮਿਲਦੀਆਂ ਹਨ, ਫਿਰ ਉਨ੍ਹਾਂ ਦਾ ਦਰਬਾਨਾਂ ਦੇ ਨਾਲ ਗੱਲਬਾਤ ਕਰਨਾ ਯਾਂ ਫਿਰ ਸਵਰਗ-ਲੋਕ ਦਾ ਦ੍ਰਿਸ਼, ਇਹ ਸਭ ਕੁੱਝ ਮੈਨੂੰ ਨਾ ਹਜ਼ਮ ਹੋਣ ਵਾਲਾ ਲੱਗਿਆ।

ਇਕ ਦਿਨ ਜਗਜੀਤ ਸਿੰਘ ਦੀ ਆਵਾਜ਼ ਵਿਚ ਇੱਕ ਸ਼ੇਅਰ ਸੁਣਿਆ, ਅਸਲ ਵਿਚ ਮੈਨੂੰ ਇਸ ਵਿੱਚ ਗ਼ਜ਼ਲਗੋ ਦੀ ਸਾਦਗੀ ਅਤੇ ਦਿਆਨਤਦਾਰੀ ਬਹੁਤ ਚੰਗੀ ਲੱਗੀ, ਉਸ ਦਾ ਸੋਚਣ ਦਾ ਤੇ ਕਹਿਣ ਦਾ ਸਲੀਕਾ ਬੜਾ ਸੁਹਣਾ ਫ਼ਕੀਰਾਨਾ ਲੱਗਾ:

ਦੋ ਔਰ ਦੋ ਕਾ ਜੋੜ ਹਮੇਸ਼ਾ ਚਾਰ ਕਹਾਂ ਹੋਤਾ ਹੈ
ਸੋਚ ਸਮਝ ਵਾਲੋਂ ਕੋ ਥੋੜ੍ਹੀ ਨਾਦਾਨੀ ਦੇ ਮੌਲਾ।
—————–
ਚਿੜੀਓ ਕੋ ਦਾਨਾ ਬੱਚੋਂ ਕੋ ਗੁੜਧਾਨੀ ਦੇ ਮੌਲਾ।

ਠੀਕ ਇਹੀ, ਮਿੰਨੀ ਗਰੇਵਾਲ ਦੀ ਕਹਾਣੀ ਦੇ ਵਿਚੋਂ ਮੈਨੂੰ ਇਕ ਨਜ਼ਰੀਆ ਮਹਿਸੂਸ ਹੋਇਆ। ਕਿੰਨੀ ਸ਼ਿੱਦਤ ਦੇ ਨਾਲ ਇਨਸਾਨੀ ਅਤੇ ਜਾਨਵਰਾਂ ਦੇ ਦਰਦ ਨੂੰ ਪੇਸ਼ ਕੀਤਾ ਹੈ। ਮੈਨੂੰ ਇਸ ਤਰਾਂ ਲੱਗਿਆ ਕਿ ਇਨਸਾਨੀਅਤ ਦੇ ਪ੍ਰਤੀ ਕੋਈ ਵੀ ਚੰਗੀ ਉਸਾਰੂ ਰਚਨਾ ਦੀ ਹਮੇਸ਼ਾ ਤਾਰੀਫ਼ ਕਰਨੀ ਜ਼ਰੂਰੀ ਬਣਦੀ ਹੈ। ਕਹਾਣੀ ਸ਼ੁਰੂ ਵਿਚ ਥੋੜ੍ਹਾ ਜਿਹਾ ਇਕ ਅਲੱਗ ਜਿਹੀ, ਅਣਪਛਾਤੀ ਥਾਂ ਸਵਰਗ-ਲੋਕ ਤੋਂ ਸ਼ੁਰੂ ਹੁੰਦੀ ਹੈ ਪਰ ਛੇਤੀ ਹੀ ਇਹ ਸਾਡੀ ਧਰਤੀ ਅਤੇ ਲੋਕਾਂ ਨਾਲ ਆ ਜੁੜਦੀ ਹੈ। ਇਹ ਕਹਾਣੀ ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਹਾਸਲ ਕਰ ਰਿਹਾ ਹਾਂ।——ਜਸਕਰਨ ਸੰਧੂ
*****

ਧੁੱਪ ਵਿੱਚ ਚਮਕਦਾ ਚਾਂਦੀ ਦਾ ਗੇਟ ਦੂਰੋਂ ਹੀ ਨਜ਼ਰ ਆ ਜਾਂਦਾ। ਚਾਂਦੀ ਦੀਆਂ ਮੇਖ਼ਾਂ ਨਾਲ, ਚਾਂਦੀ ਦੇ ਦੋ ਥੰਮ੍ਹਲਿਆਂ ਨੂੰ ਜੜਿਆ ਇਹ ਚਾਂਦੀ ਦਾ ਗੇਟ ਹਮੇਸ਼ਾ ਖੁੱਲ੍ਹਾ ਹੀ ਰਹਿੰਦਾ। ਚਾਂਦੀ ਦੇ ਦੋਹਾਂ ਥੰਮ੍ਹਲਿਆਂ ਉੱਤੇ ਸੋਨੇ ਦੀਆਂ ਰੱਸੀਆਂ ਵੀ ਲਟਕਦੀਆਂ ਹਨ। ਵੇਲੇ ਕੁਵੇਲੇ, ਕਾਹਲੀ ਵਿੱਚ ਆਇਆ ਕੋਈ ਬੰਦਾ, ਜੇ ਦਰਬਾਨ ਨੂੰ ਨਾ ਲੱਭ ਸਕੇ ਤਾਂ ਇਹਨਾਂ ਰੱਸੀਆਂ ਨੂੰ ਖਿੱਚੇ ਆਪਣੇ ਆਉਣ ਦਾ, ਕਾਹਲੀ ਵਿੱਚ ਆਪਣੀ ਸੁਣਵਾਈ ਕਰਾਉਣ ਦਾ ਐਲਾਨ ਕਰ ਸਕਦਾ ਹੈ। ਉਂਜ ਤਾਂ ਦੋਹਾਂ ਚਾਂਦੀ ਦੇ ਥੰਮ੍ਹਲਿਆਂ ਨਾਲ ਲੱਗੀਆਂ ਦੋ ਚਿੱਟੇ ਸੰਗਮਰਮਰ ਦੀਆਂ ਕੁਰਸੀਆਂ ਹਨ। ਇਨ੍ਹਾਂ ਕੁਰਸੀਆਂ ਤੇ ਬੈਠ ਦੋਵੇਂ ਦਰਬਾਨ ਮੇਹਰੂ ਤੇ ਕ੍ਰਿਪੂ ਹਰ ਵਕਤ ਹੀ ਇਸ ਚਾਂਦੀ ਦੇ ਗੇਟ ਤੇ ਪਹਿਰਾ ਦੇਂਦੇ ਹਨ। ਗੇਟ ਦੇ ਦੋਹੀਂ ਪਾਸੀਂ ਦੋ ਖੁੱਲ੍ਹੇ ਕਮਰੇ ਹਨ। ਦਰਵਾਜ਼ੇ ਤੇ ਖਿੜਕੀ ਲਈ ਥਾਂ ਜ਼ਰੂਰ ਬਣਾਈ ਹੈ, ਪਰ ਲੱਕੜੀ ਤੇ ਸ਼ੀਸ਼ੇ ਦਾ ਨਾਂ ਦਰਵਾਜ਼ਾ ਹੈ ਅਤੇ ਨਾ ਹੀ ਖਿੜਕੀ। ਇਨ੍ਹਾਂ ਖੁੱਲ੍ਹੇ ਕਮਰਿਆਂ ਵਿੱਚ ਕੰਪਿਊਟਰ ਵੀ ਲੱਗੇ ਹੋਏ ਹਨ।

ਇਸ ਚਾਂਦੀ ਦੇ ਗੇਟ ਤੋਂ ਮਸਾਂ ਹਜ਼ਾਰ ਕੁ ਗਜ਼ ਪਰਾਂ ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਸ਼ੁਰੂ ਹੁੰਦੀ ਹੈ ਜੋ ਇਸ ਗੇਟ ਤਕ ਆਉਂਦੀ ਹੈ ਤੇ ਗੇਟ ਲੰਘ ਕੇ ਦੂਜੇ ਪਾਸੇ ਅੱਖਾਂ ਤੋਂ ਓਝਲ ਹੋ ਜਾਂਦੀ ਹੈ। ਦਿਨ ਦੀ ਧੁੱਪ ਹੋਵੇ ਜਾਂ ਰਾਤ ਨੂੰ ਚੰਨ ਦੀ ਚਾਨਣੀ, ਇਹ ਚਾਂਦੀ ਦਾ ਗੇਟ ਦੂਰੋਂ ਹੀ ਚਮਕ ਪੈਂਦਾ ਹੈ। ਕਦੇ-ਕਦਾਈਂ, ਜਦ ਬੱਦਲਾਂ ਦੀਆਂ ਟੋਲੀਆਂ ਆਉਂਦੀਆਂ ਹਨ ਤਾਂ ਉਹ ਇਸ ਨਿੱਕੀਆਂ-ਨਿੱਕੀਆਂ ਇੱਟਾਂ ਵਾਲੀ ਸੜਕ ਨੂੰ, ਇਸ ਹਮੇਸ਼ ਖੁੱਲ੍ਹੇ ਰਹਿਣ ਵਾਲੇ ਚਾਂਦੀ ਦੇ ਗੇਟ ਨੂੰ ਅਤੇ ਕੰਪਿਊਟਰ ਵਾਲੇ ਕਮਰਿਆਂ ਨੂੰ ਢੱਕ ਲੈਂਦੀਆਂ ਹਨ। ਅਤੇ ਦੋਹੀਂ ਪਾਸੀਂ ਚਿੱਟੇ ਸੰਗਮਰਮਰ ਦੀਆਂ ਕੁਰਸੀਆਂ ਤੇ ਬੈਠੇ ਮੇਹਰੂ ਤੇ ਕ੍ਰਿਪੂ ਵੀ ਲੁਕ ਜਾਂਦੇ ਹਨ।

ਮੇਹਰੂ ਤੇ ਕ੍ਰਿਪੂ ਦੋਵੇਂ ਇਸ ਚਾਂਦੀ ਦੇ ਗੇਟ ਦੇ ਦਰਬਾਨ ਹਨ। ਪੈਰਾਂ ਤਾਈਂ ਲੰਮੇ ਦੁੱਧ ਚਿੱਟੇ ਰੇਸ਼ਮ ਦੇ ਚੋਗ਼ੇ (ਚੋਲ੍ਹੇ), ਮੱਥੇ ਤੋਂ ਪਿਛਾਂਹ ਨੂੰ ਖਿੱਚੇ ਪੋਨੀ-ਟੇਲ ਵਿੱਚ ਬੰਨੇ ਲੰਮੇ ਵਾਲ ਅਤੇ ਪੈਰਾਂ ਵਿੱਚ ਪਾਏ ਮੋਤੀਆਂ ਦੇ ਸੈਂਡਲ-ਦੋ ਬਿੰਦੂਆਂ ਵਾਂਗ ਚਮਕਦੀ ਉਹਨਾਂ ਦੀ ਹਸਤੀ ਕਿਸੇ ਸੁਨਹਿਰੇ ਜ਼ਮਾਨੇ ਦੇ ਰਾਜਕੁਮਾਰਾਂ ਦੀ ਯਾਦ ਦੁਆਉਂਦੀ ਹੈ। ਦੋਹਾਂ ਦੇ ਚਿਹਰਿਆਂ ਉੱਤੇ ਹਮਦਰਦੀ ਦੀ ਲਾਲੀ ਹੈ ਅਤੇ ਅੱਖਾਂ ਵਿੱਚ ਪਿਆਰ ਦਾ ਅਥਾਹ ਸਮੁੰਦਰ ਹੈ। ਚਾਂਦੀ ਦੇ ਗੇਟ ਦੇ ਦੋਹੀਂ ਪਾਸੀਂ ਬੈਠ ਉਹ ਆਉਣ ਵਾਲੇ ਮੁਸਾਫ਼ਰਾਂ ਨੂੰ ਉਡੀਕਦੇ ਰਹਿੰਦੇ ਹਨ। ਲੰਬੇ ਜਾਂ ਛੋਟੇ ਸਫ਼ਰ ਤੋਂ ਆਏ, ਥੱਕੇ ਟੁੱਟੇ ਜਾਂ ਘਬਰਾਏ ਮੁਸਾਫ਼ਰਾਂ ਨੂੰ ਤਸੱਲੀ ਦੇਣੀ, ਉਹਨਾਂ ਨੂੰ ਜੀਅ ਆਇਆਂ ਆਖਣਾ ਇਹੋ ਦੋਹਾਂ ਦਰਬਾਨਾਂ ਦੀ ਡਿਊਟੀ ਹੈ। ਜੀਅ ਆਇਆਂ ਆਖਣ ਪਿੱਛੋਂ ਉਹ ਹਰ ਮੁਸਾਫ਼ਰ ਨੂੰ ਕੰਪਿਊਟਰ ਵਾਲੇ ਕਮਰੇ ਵਿੱਚ ਲੈ ਜਾਂਦੇ ਹਨ, ਜਿੱਥੇ ਹਰ ਮੁਸਾਫ਼ਰ ਅਪਣਾ ਨਾਂਅ ਅਤੇ ਆਪਣੇ ਦੇਸ਼ ਦਾ ਨਾਂਅ ਭਰਦਾ ਹੈ। ਜਿਸ ਪਿੱਛੋਂ ਮੇਹਰੂ ਜਾਂ ਕ੍ਰਿਪੂ ਉਸ ਮੁਸਾਫ਼ਰ ਨੂੰ ਚਾਂਦੀ ਦੇ ਗੇਟ ਅੰਦਰ ਜਾਂਦੀ, ਨਿੱਕੀਆਂ-ਨਿੱਕੀਆਂ ਇੱਟਾਂ ਵਾਲੀ ਸੜਕ ਦੇ ਦੂਜੇ ਪਾਸੇ ਤਾਈਂ ਛੱਡ ਆਉਂਦਾ ਹੈ।

ਕਈ ਕਈ ਦਿਨ ਜਦ ਮੁਸਾਫ਼ਰ ਨਾ ਆਉਂਦੇ ਤਾਂ ਮੇਹਰੂ ਤੇ ਕ੍ਰਿਪੂ ਅਪਣਾ ਵਕਤ ਇਕ ਲੰਮੀ ਖ਼ਾਮੋਸ਼ੀ ਵਿੱਚ ਕੱਟਦੇ, ਜਾਂ ਦੂਰੋਂ ਆਉਂਦੇ ਮੱਧਮ ਸੰਗੀਤ ਦੀਆਂ ਧੁਨਾਂ ਸੁਣਦੇ ਰਹਿੰਦੇ ਜਾਂ ਆਪਸ ਵਿੱਚ ਗੱਪਾਂ ਮਾਰਦੇ, ਹਾਸੀ-ਮਜ਼ਾਕ ਕਰਦੇ ਰਹਿੰਦੇ।

ਸੂਰਜ ਦੀਆਂ ਸੁਨਹਿਰੀ ਕਿਰਨਾਂ ਚਮਕ ਪਈਆਂ ਸਨ ਤਾਂ ਇਹ ਸੜਕ, ਇਹ ਗੇਟ ਤੇ ਦੋਵੇਂ ਦਰਬਾਨ ਸੋਨੇ ਵਾਂਗ ਚਮਕ ਪਏ।

ਅੱਖਾਂ ਉੱਤੇ ਖੱਬਾ ਹੱਥ ਰੱਖਦਿਆਂ ਮੇਹਰੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ, “ਧਰਤੀ ਉੱਤੇ ਵੱਸਦੇ ਲੋਕਾਂ `ਤੇ ਮੈਨੂੰ ਬਹੁਤ ਤਰਸ ਆਉਂਦਾ ਹੈ ਕ੍ਰਿਪੂ ,…ਹਾਲ ਬਹੁਤ ਮਾੜਾ ਏ …”

“ਪਹਿਲੀ ਗੱਲ ਤਾਂ ਹੈ ਮੇਹਰੂ, ਮੈਨੂੰ ਕ੍ਰਿਪੂ-ਕ੍ਰਿਪੂ ਨਾ ਕਰਿਆ ਕਰ। ਤੈਨੂੰ ਪਤਾ ਏ ਮੇਰਾ ਨਾਂਅ ਕ੍ਰਿਪੂ ਨਹੀਂ ਪਰ ਕਿਰਪਾਲ ਹੈ। ਕਿੰਨੀ ਵੇਰ ਤੈਨੂੰ ਸਮਝਾਇਆ ਹੈ ਮੈਂ…” ਕ੍ਰਿਪੂ ਨੇ ਕਿਹਾ।

“ਮੈਨੂੰ ਸਮਝਾ ਰਿਹਾ ਏਂ ਕ੍ਰਿਪੂ ?ਫੇਰ ਤੈਨੂੰ ਵੀ ਪਤਾ ਏ ਕਿ ਮੇਰਾ ਨਾਂਅ ਮੇਹਰੂ ਨਹੀਂ ਪਰ ਮਿਹਰਬਾਨ ਹੈ …ਇਹ ਤੂੰ ਵੀ ਯਾਦ ਰੱਖੀਂ …” ਮੇਹਰੂ ਨੇ ਪਿਆਰ ਨਾਲ ਟਾਂਚ ਮਾਰੀ।

“ਚੰਗਾ ਮੇਹਰੂ ਜੋ ਤੇਰਾ ਜੀਅ ਕਰੇ ਕਹਿ ਕੇ ਬੁਲਾ ਲੈ । ਜਿਨ੍ਹਾਂ ਚਿਰ ਪਿਆਰ ਨਾਲ ਬੁਲਾਏਂਗਾ, ਸਾਰੇ ਨਾਂਅ ਸਿਰ ਮੱਥੇ `ਤੇ। ਹਾਂ ਧਰਤੀ ਬਾਰੇ ਤੈਨੂੰ ਕੀ ਫ਼ਿਕਰ ਲੱਗ ਗਿਆ ਏ।”

“ਮੈਂ ਕਹਿੰਦਾ ਸੀ ਧਰਤੀ ਦਾ ਮੌਸਮ ਕਿੰਨਾ ਬਦਲ ਗਿਆ ਏ ,ਧਰਤੀ ਦਾ ਸੁਭਾਅ ਹੀ ਜਿਵੇਂ ਗਰਮ ਹੋ ਗਿਆ ਏ । ਅੱਧਾ ਪਾਸਾ ਧਰਤੀ ਦਾ ਬਰਫ਼ ਦੇ ਤੁਫ਼ਾਨਾਂ ਹੇਠ ਦੱਬਿਆ ਪਿਆ ਹੈ ਤੇ ਅੱਧੀ ਧਰਤੀ ਦਾ ਹਿੱਸਾ ਮੀਂਹ ਅਤੇ ਹੜ੍ਹ ਦੇ ਤੁਫ਼ਾਨਾਂ ਹੇਠ ਗ਼ਰਕ ਹੋ ਰਿਹਾ ਏ।” ਕਹਿੰਦਿਆਂ ਕਹਿੰਦਿਆਂ ਮੇਹਰੂ ਦੇ ਚਿਹਰੇ `ਤੇ ਚਿੰਤਾਵਾਂ ਦੀਆਂ ਲਕੀਰਾਂ ਉੱਭਰ ਪਈਆਂ ।

ਕ੍ਰਿਪੂ ਤੇ ਮੇਹਰੂ ਦੋਵੇਂ ਚੁੱਪ ਹੋ ਗਏ , ਆਪੋ ਆਪਣੇ ਖ਼ਿਆਲਾਂ ਵਿੱਚ ਗੁੰਮ ਹੋ ਗਏ ।
ਮੈਂ ਕਈ ਵੇਰ ਸੋਚਦਾ ਹਾਂ ਕਿ ਰੱਬ ਨੂੰ ਜਾ ਕੇ ਇਸ ਦਾ ਭੇਦ ਪੁੱਛਾਂ । ਪੁੱਛਾਂ! ਬਈ ਧਰਤੀ ਦਾ ਸੁਭਾਅ ਕਿਉਂ ਇਨ੍ਹਾਂ ਬਦਲ ਗਿਆ ਏ? ਪਰ ਮੈਨੂੰ ਪਤਾ ਹੈ ਰੱਬ ਤੋਂ ਮੈਨੂੰ ਕੀ ਜਵਾਬ ਮਿਲਣਾ ਏ …” ਮੇਹਰੂ ਨੇ ਕਿਹਾ।
“ਕੀ ਜਵਾਬ ਮਿਲੂ, ਮੈਨੂੰ ਵੀ ਦੱਸ …” ਕ੍ਰਿਪੂ ਨੇ ਪੁੱਛਿਆ।
“ਇਹੋ ਬਈ ਧਰਤੀ `ਤੇ ਰਹਿੰਦੇ ਲੋਕਾਂ ਦੇ ਕਰਮ ਨੇ । ਆਪਣੇ ਕਰਮਾਂ ਦਾ ਫਲ਼ ਭੁਗਤ ਰਹੇ ਨੇ ਲੋਕ …। ਪਰ ਕ੍ਰਿਪੂ ਤੇਰਾ ਕੀ ਖ਼ਿਆਲ ਏ ਕਿ ਧਰਤੀ ਦਾ ਕੋਈ ਅਜਿਹਾ ਹਿੱਸਾ ਨਹੀਂ, ਜਿਸ `ਤੇ ਅੱਜਕੱਲ੍ਹ ਕਿਸੇ ਨੇ ਚੰਗੇ ਕਰਮ ਨਹੀਂ ਕੀਤੇ , ਕਰਮਾਂ ਦੇ ਚੰਗੇ ਬੀਜ ਨਹੀਂ ਬੀਜੇ …?” ਮੇਹਰੂ ਦੀ ਗੱਲ ਪੂਰੀ ਨਹੀਂ ਸੀ ਹੋਈ ਜਦ ਕ੍ਰਿਪੂ ਬੋਲ ਪਿਆ।

“ਮੈਂ ਆਪ ਧਰਤੀ ਦੇ ਲੋਕਾਂ ਨੂੰ ਸਮਝ ਨਹੀਂ ਸਕਿਆ। ਪ੍ਰਮਾਤਮਾ ਨੇ ਇਨ੍ਹਾਂ ਨੂੰ ਫ਼ਰਿਸ਼ਤਿਆਂ ਵਰਗਾ ਬਣਾਇਆ। ਸੈਰ ਕਰਨ ਲਈ ਹਰੀ ਭਰੀ ਇਹ ਫੁਲਵਾੜੀ ਅਤੇ ਦਰਿਆਵਾਂ ਸਮੁੰਦਰਾਂ ਨਾਲ ਵਹਿੰਦੀ ,ਪਹਾੜਾਂ ਨਾਲ ਸਜਾਈ ਇਹ ਧਰਤੀ ਇਨਸਾਨ ਨੂੰ ਇਕ ਤੋਹਫ਼ੇ ਵਜੋਂ ਦਿੱਤੀ ਸੀ । ਪਰ ਇਨਸਾਨ ਨੇ ਇਸ ਨੂੰ ਧੁਆਂਖ ਕੇ ਰੱਖ ਦਿੱਤਾ , ਆਪਣੇ ਲਾਲਚ ਹੱਥੀਂ ਧਰਤੀ ਨੂੰ ਨਿਲਾਮ ਕਰ ਦਿੱਤਾ…” ਕ੍ਰਿਪੂ ਦੀ ਆਵਾਜ਼ ਜਜ਼ਬਾਤ ਨਾਲ ਕੰਬਣ ਲੱਗੀ।

“ਤਰਸ ਤਾਂ ਮੈਨੂੰ ਵੀ ਬਹੁਤ ਆਉਂਦਾ ਹੈ, ਇੰਝ ਧਰਤੀ ਦੇ ਨਿਲਾਮ ਹੋਣ ਦਾ। ਇਹ ਦੁੱਖ ਇਕ ਹੌਕਾ ਜਿਹਾ ਬਣ ਮੇਰੇ ਗਲੇ ਵਿੱਚ ਅਟਕ ਗਿਆ ਏ। ਧਰਤੀ ਨੂੰ ਵੰਡ ਲਿਆ ਲੋਕਾਂ ਨੇ। ਜ਼ਮੀਨ ਦੇ ਟੁਕੜੇ ਕਰ ਵੱਖਰੇ ਵੱਖਰੇ ਨਾਂਅ ਰੱਖ ਲਏ । ਆਪਣੀ ਚਮੜੀ ਦੇ ਰੰਗ ਅਨੁਸਾਰ ਬੰਦਿਆਂ ਦੀਆਂ ਨਸਲਾਂ ਬਣਾ ਲਈਆਂ । ਇਨ੍ਹਾਂ ਰੰਗਾਂ ਦੇ ਨਾ ਤੇ ਫ਼ੈਸਲਾ ਕਰ ਲਿਆ ਕਿ ਕੌਣ ਚੰਗਾ ,ਕੌਣ ਤਾਕਤਵਰ ਅਤੇ ਕੌਣ ਕਮਜ਼ੋਰ ਹੈ। ਰੱਬ ਦਾ ਨਾਂਅ ਲੈ ਵੱਖਰੇ ਵੱਖਰੇ ਮਜ਼੍ਹਬ ਬਣਾ ਲਏ ਅਤੇ ਇਨ੍ਹਾਂ ਮਜ਼੍ਹਬਾਂ ਖ਼ਾਤਰ ਮਾਸੂਮ ਲੋਕਾਂ ਦੀਆਂ ਕੁਰਬਾਨੀਆਂ ਦੇ ਦਿੱਤੀਆਂ …”

“ਕੀ ਦੱਸਾਂ ਮੇਹਰੂ, ਮੇਰੀ ਆਪਣੀ ਅਕਲ ਬੌਖਲਾ ਜਾਂਦੀ ਏ । ਹਾਲੇ ਪਰਸੋਂ ਹੀ ਕਿੰਨਾ ਵੱਡਾ ਹਜੂਮ ਆਇਆ ਸੀ ਇਸ ਚਾਂਦੀ ਦੇ ਗੇਟ ਅੰਦਰ-ਬੇ ਮੌਤ ਮਾਰੇ ਗਏ ਲੋਕ। ਧਰਤੀ `ਤੇ ਜਿਉਂਦੇ ਜੀਅ ਲੋਕ ਸਮਝਦੇ ਨੇ ਮਰ ਕੇ ਉਹ ਸਵਰਗ ਪ੍ਰਾਪਤ ਕਰ ਲੈਣਗੇ ।ਉਨ੍ਹਾਂ ਨੂੰ ਕੋਈ ਕਿਵੇਂ ਸਮਝਾਵੇ ਕਿ ਸਵਰਗ ਅਤੇ ਨਰਕ ਦੋਵੇਂ ਧਰਤੀ `ਤੇ ਹੀ ਹਨ। ਧਰਤੀ `ਤੇ ਹੀ ਸਭ ਭੁਗਤਿਆ ਜਾਂਦਾ ਹੈ।” ਕ੍ਰਿਪੂ ਆਪਣੀਆਂ ਹੀ ਗੱਲਾਂ ਵਿੱਚ ਗੁੰਮ ਹੋ ਗਿਆ।

ਮੇਹਰੂ ਬੋਲਿਆ, “ਮੈਂ ਦੁਆ ਕਰਦਾ ਹਾਂ ਕਿ ਧਰਤੀ ਉੱਤੇ ਕੋਈ ਨਾ ਕੋਈ ਆਪਣੇ ਪਿਆਰ ਦੇ ਬੀਜ ਬੀਜੇ, ਸੁਹਣੇ ਖ਼ਿਆਲਾਂ ਦੇ ਬੀਜ ਬੋੲੈ …”

ਫਿਰ ਕ੍ਰਿਪੂ ਵੱਲ ਮੂੰਹ ਕਰਕੇ ਕਹਿਣ ਲੱਗਾ, “ਇੱਕੋ ਵਕਤ ਇੰਨੀ ਵੱਡੀ ਗਿਣਤੀ ਵਿੱਚ ਜੇ ਮੁਸਾਫ਼ਰ ਆਉਂਦੇ ਰਹੇ ਫਿਰ ਤਾਂ ਜਾ ਕੇ ਰੱਬ ਨੂੰ ਕਹਿਣਾ ਪਵੇਗਾ ਕਿ ਹੋਰ ਚਾਂਦੀ ਦਾ ਗੇਟ, ਹੋਰ ਕੰਪਿਊਟਰ ਅਤੇ ਹੋਰ ਦਰਬਾਨਾਂ ਦਾ ਬੰਦੋਬਸਤ ਕਰਨਾ ਹੀ ਚਾਹੀਦਾ ਹੈ …”

ਮੇਹਰੂ ਦੀ ਗੱਲ ਹਾਲੇ ਮੁੱਕੀ ਨਹੀਂ ਸੀ ਜਦ ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਦੇ ਪਰਲੇ ਪਾਸਿਓਂ ਦੁਖ ਭਰੀਆਂ ਆਵਾਜ਼ਾਂ ਆਉਣ ਲੱਗੀਆਂ । ਇਸ ਦੁਖ ਦੀ ਚੀਖ਼ ਵਿੱਚ ਲਹੂ ਤੇ ਹੰਝੂ, ਭੁੱਖ ਅਤੇ ਬਿਮਾਰੀ, ਜ਼ਹਿਰੀਲੀ ਗੈਸ ਨਾਲ ਫੈਲਾਈ ਮੌਤ, ਮਜ਼੍ਹਬ ਦੇ ਨਾਂਅ `ਤੇ ਕੁਰਬਾਨ ਕੀਤੇ ਜਾ ਰਹੇ ਮਾਸੂਮ ਬੱਚਿਆਂ ਦਾ ਡਰ ਰਲਿਆ ਹੋਇਆ ਸੀ । ਅਜਿਹੀ ਖ਼ੌਫ਼ਨਾਕ ਚੀਖ਼ ਸੁਣ ਦੋਹਾਂ ਦਰਬਾਨਾਂ ਦੇ ਦਿਲ ਧੜਕਣੋਂ ਬੰਦ ਹੋ ਗਏ । ਉਨ੍ਹਾਂ ਨੂੰ ਲੱਗਾ ਇਹ ਚੀਖ਼ ਤਾਂ ਰੱਬ ਦਾ ਤਖ਼ਤ ਹੀ ਨਹੀਂ ਬਲਕਿ ਤਖ਼ਤ ਦੀਆਂ ਜੜ੍ਹਾਂ ਵੀ ਹਿਲਾ ਦਿਓ ।

ਦੋਹਾਂ ਦੇ ਚਿਹਰੇ ਪੀਲੇ ਭੂਕ ਹੋ ਗਏ। ਹੈਰਾਨੀ ਭਰੀਆਂ ਅੱਖਾਂ ਨਾਲ ਦੋਵੇਂ ਨਿੱਕੀਆਂ ਨਿੱਕੀਆਂ ਇੱਟਾਂ ਦੀ ਸੜਕ ਦੇ ਪਰਲੇ ਪਾਰ ਵੇਖਣ ਲੱਗੇ । ਇੰਨੇ ਲੋਕ, ਇੰਨੀ ਭੀੜ, ਲਹੂ ਲੁਹਾਨ ਹੋਇਆਂ ਲੋਕਾਂ ਦੀਆਂ ਲਾਸ਼ਾਂ ਦਾ ਕਾਲਾ ਦਾਗ਼ ਚੁਹੀਂ ਪਾਸੀਂ ਫੈਲ ਰਿਹਾ ਸੀ।

“ਇਹ ਕੀ? ਹੋਰ ਇੰਨੇ ਮੁਸਾਫ਼ਰ , ਏਨੀ ਛੇਤੀ …ਮੈਂ ਜਾ ਕੇ ਪੁੱਛ ਦਾ ਹਾਂ …” ਇਹ ਕਹਿੰਦਾ ਕ੍ਰਿਪੂ ਆਪਣੀ ਕੁਰਸੀ ਤੋਂ ਉੱਠਣ ਲੱਗਿਆ।

“ਇਹ ਹਜੂਮ ਤਾਂ ਧਰਤੀ ਦੀ ਹਰ ਨੁੱਕਰੋਂ ਆਇਆ ਲੱਗਦਾ ਏ ਕ੍ਰਿਪੂ , ਕਿਸੇ ਖ਼ਾਸ ਇਕ ਥਾਂ ਤੋਂ ਨਹੀਂ । ਲੱਗਦਾ ਏ ਧਰਤੀ ਉੱਤੇ ਪਰਲੋ ਦੀ ਹਵਾ ਚੱਕਰ ਲਾ ਆਈਏ …” ਮੇਹਰੂ ਵੀ ਕੁਰਸੀ ਤੋਂ ਉੱਠ ਖਲੋਤਾ ਸੀ ।

ਮੇਹਰੂ ਤੇ ਕ੍ਰਿਪੂ ਆਪਣੀਆਂ ਕੁਰਸੀਆਂ ਤੋਂ ਉਠਦੇ ਹਾਲੇ ਖੜੇ ਹੀ ਹੋਏ ਸਨ ਜਦ ਉਸ ਹਜੂਮ ਨੂੰ ਚੀਰਦੀ , ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਉੱਤੇ ਦੌੜਦੀ, ਚਾਂਦੀ ਦੇ ਗੇਟ ਵਿਚਕਾਰ, ਪ੍ਰਮਾਤਮਾ ਦੇ ਦਰਬਾਰ, ਚਾਰ ਵਰ੍ਹਿਆਂ ਦੇ ਮੁੰਡੇ ਦੀ ਧੁਆਂਖੀ ਹੋਈ ਰੂਹ ਆ ਖੜੀ ਹੋਈ । ਧੂੰਏਂ ਨਾਲ ਸਾਰਾ ਸਰੀਰ ਕਾਲਾ ਹੋਇਆ ਪਿਆ ਸੀ। ਗਲੇ ਵਿੱਚ ਧੂੰਏਂ ਦੀ ਸੁਆਹ ਜਿਵੇਂ ਜੰਮ ਗਈ ਸੀ। ਉਸ ਨਿੱਕੀ ਜਿਹੀ ਰੂਹ ਨੂੰ ਸਾਹ ਵੀ ਔਖਾ ਆ ਰਿਹਾ ਸੀ।

ਨਿੱਕੀ ਜਿਹੀ ਰੂਹ ਦਾ ਇਹ ਹਾਲ ਵੇਖ ਮੇਹਰੂ ਨੇ ਭੱਜ ਕੇ ਉਹਨੂੰ ਗੋਦੀ ਚੁੱਕ ਲਿਆ। ਆਪਣੇ ਚਿੱਟੇ ਰੇਸ਼ਮੀ ਚੋਗ਼ੇ ਨਾਲ ਉਹਦੇ ਆਂਸੂ ਪੂੰਝਣ ਲੱਗਾ। ਉਹਦੇ ਜਿਸਮ ਤੋਂ ਸੁਆਹ ਦੀ ਕਾਲਖ ਸਾਫ਼ ਕਰਨ ਲੱਗਾ। ਫਿਰ ਪਿਆਰ ਭਰੀ ਆਵਾਜ਼ ਵਿੱਚ ਇਸ ਦੁਰਦਸ਼ਾ ਦਾ ਕਾਰਨ ਪੁੱਛਣ ਲਗਾ।

“ਮੈਂ ਸੁਤਾ ਪਿਆ ਸੀ, ਜਦ ਘਰ ਨੂੰ ਅੱਗ ਲਗ ਗਈ।” ਰੋਂਦਾ ਮੁੰਡਾ ਬੋਲਿਆ।
“ਜਦ ਅੱਗ ਲੱਗੀ ਸੀ ਤਦ ਤੇਰੇ ਮਾਂ ਅਤੇ ਪਿਓ ਕਿਥੇ ਸਨ?”
“ਮੈਨੂੰ ਨਹੀਂ ਪਤਾ, ਕਿਥੇ ਸਨ, ਮੈਨੂੰ ਅੱਗ ਤੋਂ ਬਚਾਣ ਕੋਈ ਨਹੀਂ ਆਇਆ, ਮੈਂ ਤਾਂ ਰੋਈ ਜਾਂਦਾ ਸੀ।”
“ਤਾਂ ਕੀ ਘਰ ਵਿੱਚ ਤੂੰ ਇਕੱਲਾ ਹੀ ਸੀ?”ਮੇਹਰੂ ਨੇ ਆਪਣਾ ਸੁਆਲ ਜਾਰੀ ਰੱਖਦਿਆਂ ਪੁੱਛਿਆ।
“ਮੰਮੀ ਡੈਡੀ ਨੂੰ ਮੈਂ ਬਹੁਤ ਆਵਾਜ਼ਾਂ ਮਾਰੀਆਂ। ਉੱਚੀ ਉੱਚੀ ਮੈਂ ਰੋਂਦਾ ਸੀ ਪਰ……………।”

ਹਿਚਕੀਆਂ ਲੈ ਲੈ ਬੱਚਾ ਰੋਂਦਾ ਰਿਹਾ। ਮੇਹਰੂ ਨੇ ਮੁੰਡੇ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਲਾ ਲਿਆ।

“ਮੇਰਾ ਬਾਬਾ ਮੈਨੂੰ ਗੋਦੀ ਬਿਠਾ ਕੇ ਰੋਂਦਾ ਰਹਿੰਦਾ ਸੀ । ਮਰ ਗਈ ਬੇਬੇ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਸੀ। ਬਾਬੇ ਦੇ ਨਾਲ ਮੈਂ ਵਤਨ ਦੀ ਸੈਰ ਕਰਨ ਜਾਣਾ ਸੀ । ਬਾਬਾ ਕਹਿੰਦਾ ਸੀ ਮੈਨੂੰ ਊਠ ਦੀ ਸਵਾਰੀ ਕਰਾਊਂ ਗਾ …………।”

ਮੇਹਰੂ ਦੇ ਗਲੇ ਲੱਗ ਬੱਚਾ ਰੋਈ ਜਾਂਦਾ ਸੀ । ਹਿਚਕੀਆਂ ਲੈ ਲੈ ਉਹ ਦੂਹਰਾ ਹੋਈ ਜਾਂਦਾ ਸੀ। ਰੋਂਦਾ ਰੋਂਦਾ ਬੋਲਿਆ , “ਮੇਰਾ ਦੰਦ ਟੁੱਟ ਗਿਆ। ਬਾਬਾ ਕਹਿੰਦਾ ਸੀ ਦੰਦਾਂ ਵਾਲੀ ਪਰੀ ਆਊ ਤੇ ਮੇਰੇ ਸਰਹਾਣੇ ਹੇਠ ਪੈਸੇ ਰੱਖ ਜਾਊ। ਮੈਂ ਤਾਂ ਪਰੀ ਨੂੰ ਉਡੀਕਦਾ ਉਡੀਕਦਾ ਸੌਂ ਗਿਆ ਸੀ।”
“ਮੇਰੀ ਮੰਮੀ ਤੇ ਡੈਡੀ ਕਿਥੇ ਨੇ …………।।?”

ਬੱਚੇ ਦੀਆਂ ਗੱਲਾਂ ਸੁਣ ਸੁਣ ਚੁਪਾਸੀਂ ਸੰਨਾਟਾ ਫੈਲਦਾ ਜਾ ਰਿਹਾ ਸੀ । ਬੱਚੇ ਦਾ ਸਵਾਲ ਹਾਲੇ ਪੂਰਾ ਨਹੀਂ ਸੀ ਹੋਇਆ ਜਦ ਹਜੂਮ ਵਿੱਚ ਫਿਰ ਭਾਰੀ ਹਲਚਲ ਹੋਈ। ਇਕ ਰੌਲਾ ਜਿਹਾ ਉੱਠਿਆ। ਮੇਹਰੂ ਤੇ ਕ੍ਰਿਪੂ ਨੇ ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਤੇ ਡੂੰਘੀ ਨਜ਼ਰ ਫੇਰ ਇਸ ਦਾ ਕਾਰਨ ਲੱਭਣ ਦੀ ਕੋਸ਼ਸ਼ ਕੀਤੀ। ਦੱਸ ਕੁ ਵਰ੍ਹਿਆਂ ਦੀ ਕੁੜੀ ਆਪਣੇ ਫੱਟੇ ਹੋਏ ਫ਼ਰਾਕ ਵਿੱਚ ਆਪਣੀਆਂ ਬਾਂਹਾਂ ਅਤੇ ਲੱਤਾਂ ਦੇ ਲਹੂ ਲੁਹਾਨ ਟੁਕੜੇ ਸਾਂਭਦੀ ਇਸ ਸੜਕ ਤੇ ਤੁਰੀ ਆ ਰਹੀ ਸੀ। ਹਜੂਮ ਦੇ ਲੋਕਾਂ ਤੋਂ ਆਪਣੀ ਮਾਂ ਬਾਰੇ ਪੁੱਛ ਰਹੀ ਸੀ। ਕਹਿੰਦੀ ਉਹ ਆਪਣੀ ਮਾਂ ਨੂੰ ਲੱਭਣ ਇੱਥੇ ਆਈ ਹੈ ।

ਇਸ ਕੁੜੀ ਦੀ ਹਾਲਤ ਵੇਖ ਕ੍ਰਿਪੂ ਤੇ ਮੇਹਰੂ ਦੇ ਦਿਲ ਜਿਵੇਂ ਸੜਕ ਦੀਆਂ ਇੱਟਾਂ ਹੇਠ ਡਿੱਗ ਪਏ।

ਬੁੱਤ ਬਣੇ, ਸੁੰਨ ਹੋਏ ਦਰਬਾਨਾਂ ਕੋਲ ਆਕੇ ਉਹ ਕੁੜੀ ਬੋਲੀ, “ਮੈਂ ਰੱਬ ਨੂੰ ਪੁੱਛਣ ਆਈ ਹਾਂ ਕਿ ਮੇਰੇ ਜਿਸਮ ਦੇ ਟੁਕੜੇ ਕਰ ਕਰ ਕਿਉਂ ਮੈਨੂੰ ਮਾਰਿਆ ਗਿਆ? ਜੇ ਛੋਟੀ ਉਮਰੇ ਮੈਂ ਮਰਨਾ ਹੀ ਸੀ ਤਾਂ ਚੱਜ ਨਾਲ ਕਿਉਂ ਨਾ ਮਰੀ ? ਮੈਂ ਕੀ ਕਸੂਰ ਕੀਤਾ ਸੀ ? ਅਤੇ ਮੈਨੂੰ ਦੱਸੋ ਮੇਰੀ ਮਾਂ ਕਿੱਥੇ ਹੈ …?” ਸਵਾਲਾਂ ਦੇ ਜਾਲ ਵਿੱਚ ਉਹਦਾ ਜਿਸਮ ਉਲਝ ਕੇ ਰਹਿ ਗਿਆ। ਪੈਰਾਂ ਤਾਈਂ ਵਹਿੰਦੀ ਹੰਝੂਆਂ ਦੀ ਲੜੀ ਖ਼ੂਨ ਦਾ ਰੰਗ ਫੜਨ ਲੱਗੀ।

ਕੁਝ ਚਿਰ ਪਿੱਛੋਂ ਫਿਰ ਬੋਲੀ, “ਸਾਰੀ ਰਾਤ ਮੈਂ ਆਪਣੇ ਸਰੀਰ ਦੇ ਟੁਕੜੇ ਲੱਭਦੀ ਰਹੀ। ਥਾਂ ਥਾਂ ਉੱਤੇ ਮੇਰੇ ਸਰੀਰ ਦੇ ਟੁਕੜੇ ਕਿਸ ਲੁਕਾਏ ?ਮੈਨੂੰ ਇੱਕੋ ਥਾਂ ਕਿਉਂ ਨਾ ਦੱਬ ਦਿੱਤਾ ਗਿਆ? ਰੱਬ ਨੂੰ ਪੁੱਛਦੀ ਹਾਂ ਅਜਿਹੇ ਰਾਖਸ਼ਾਂ ਦੇ ਘਰ ਕਿਉਂ ਮੈਨੂੰ ਭੇਜਿਆ…?”

ਭੱਜ ਕੇ ਕ੍ਰਿਪੂ ਨੇ ਉਸ ਕੁੜੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਉਹਦੇ ਸਰੀਰ ਦੇ ਟੁਕੜਿਆਂ ਨੂੰ ਆਪਣੇ ਚੋਲ੍ਹੇ ਵਿੱਚ ਬੰਨ੍ਹ ਲਿਆ ।

“ਮੇਰੇ ਪਿਓ ਤੇ ਮਤ੍ਰੇਈ ਮਾਂ ਪਾਰਟੀਆਂ ਦਾ ਸ਼ੌਕ, ਦਾਰੂ ਪੀਣ ਦਾ ਸ਼ੌਕ, ਗੋਲੀਆਂ ਖਾਣ ਦਾ ਸ਼ੌਕ, ਖ਼ਾਲੀ ਮੇਰਾ ਸ਼ੌਕ ਨਹੀਂ ਸੀ। ਤਾਂ ਹੀ ਮੈਨੂੰ ਮਾਰਦੇ ਕੁੱਟ ਦੇ ਰਹਿੰਦੇ ਸਨ। ਮਤਰੇਈ ਮਾਂ ਮੈਨੂੰ ਘਰੋਂ ਕੱਢਣ ਨੂੰ ਫਿਰਦੀ ਸੀ। ਪਿਓ ਮੇਰੇ ਨੂੰ ਦਿਨ ਰਾਤ ਡਰਾਵੇ ਦੇਂਦੀ ਸੀ। ਇੰਝ ਟੁਕੜੇ ਟੁਕੜੇ ਕਰਕੇ ਮਰਨ ਨਾਲੋਂ ਮੈਨੂੰ ਮੇਰੇ ਦੇਸ਼, ਮੇਰੀ ਨਾਨੀ ਕੋਲ ਭੇਜ ਦੇਂਦੇ, ਮੈਨੂੰ ਕਿਸੇ ਯਤੀਮ-ਖਾਨੇ ਭਰਤੀ ਕਰਵਾ ਦਿੰਦੇ, ਕੀ ਤੁਹਾਨੂੰ ਪਤਾ ਏ ਕਿ ਧਰਤੀ ਉੱਤੇ ਥਾਂ ਥਾਂ ਕਿਵੇਂ ਮੇਰਾ ਲਹੂ ਡਿੱਗਿਆ ਏ …” ਤੇ ਕੁੜੀ ਧਾਹਾਂ ਮਾਰ ਮਾਰ ਰੋਣ ਲੱਗੀ।
“ਮੇਰੀ ਆਪਣੀ ਮਾਂ ਕਿੱਥੇ ਹੈ ਲੋਕੋ, ਕੋਈ ਤਾਂ ਉਹਨੂੰ ਲੱਭ ਦਿਓ । ਉਹ ਕਹਿੰਦੀ ਹੁੰਦੀ ਸੀ ਕਿ ਹਥਣੀ ਵੀ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾਂਦੀ। ਜਦ ਤਾਈਂ ਉਹਦੇ ਬੱਚੇ ਦੇ ਸਰੀਰ ਵਿੱਚ ਸਾਹ ਹੈ, ਹਥਣੀ ਉੱਥੇ ਹੀ ਬੈਠੀ ਰਹਿੰਦੀ ਹੈ। ਫੇਰ ਮੈਨੂੰ ਜਿਊਂਦੀ ਨੂੰ ਛੱਡ ਕੇ ਮੇਰੀ ਮਾਂ ਕਿੱਥੇ ਚਲੀ ਗਈ! ਪਰਸੋਂ ਨੂੰ ਮੇਰਾ ਜਨਮ ਦਿਨ ਹੈ।”

ਦੋਹਾਂ ਬਚਿਆਂ ਦੀ ਮੌਤ ਬਾਰੇ ਸੁਣ ਮੇਹਰੂ ਤੇ ਕ੍ਰਿਪੂ ਨੂੰ ਕੁਝ ਵਰ੍ਹੇ ਪਹਿਲੋਂ ਹੋਈ ਇਕ ਹੋਰ ਬੱਚੇ ਦੀ ਮੌਤ ਚੇਤੇ ਆਈ। ਫ਼ਰਕ ਸਿਰਫ਼ ਇਨ੍ਹਾਂ ਸੀ ਕਿ ਉਸ ਬਚੇ ਨੂੰ ਆਪਣੇ ਘਰਦਿਆਂ ਨੇ ਨਹੀਂ ਪਰ ਬਿਗਾਨਿਆਂ ਨੇ ਮਾਰਿਆ ਸੀ। ਉਹ ਨਿੱਕਾ ਮੁੰਡਾ ਦਿਨੇ ਸਕੂਲ ਜਾਂਦਾ ਤੇ ਸ਼ਾਮ ਨੂੰ ਜੁੱਤੀਆਂ ਪਾਲਿਸ਼ ਕਰਕੇ ਕੁਝ ਪੈਸੇ ਕਮਾ ਲੈਂਦਾ। ਤਿੰਨ ਭੈਣਾਂ ਨੂੰ ਪਾਲਣ ਵਿੱਚ ਆਪਣੀ ਮਾਂ ਦੀ ਪੈਸਿਆਂ ਨਾਲ ਮਦਦ ਕਰਦਾ। ਸਕੂਲੋਂ ਕ੍ਰਿਸਮਸ ਦੀਆਂ ਛੁੱਟੀਆਂ ਸਨ ਤੇ ਉਹ ਸਾਰਾ ਦਿਨ ਬਾਜ਼ਾਰ ਬੈਠਕੇ ਵਧੇਰੇ ਪੈਸੇ ਕਮਾਉਣ ਦੀ ਕੋਸ਼ਿਸ਼ਾਂ ਵਿੱਚ ਰਹਿੰਦਾ। ਇਕ ਦਿਨ ਤਿੰਨ ਬੰਦੇ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਏ। ਘਰ ਲਿਜਾ ਕੇ ਉਹਦੇ ਨੰਗੇ ਸਰੀਰ ਨਾਲ ਖੇਡਦੇ ਰਹੇ। ਤਿਹਾਂ ਆਦਮੀਆਂ ਨੇ ਬਾਰ ਬਾਰ ਆਪਣੇ ਸਰੀਰ ਦੀ ਹਵਸ ਪੂਰੀ ਕੀਤੀ। ਜਦ ਦਿਲ ਭਰ ਗਿਆ ਤਾਂ ਗ਼ੁਸਲਖ਼ਾਨੇ ਵਿੱਚ ਨਲਕੇ ਹੇਠਾਂ ਪਾਣੀ ਦੀ ਚਿਲਮਚੀ ਭਰ ਕੇ ਉਹਦਾ ਨੱਕ ਮੂੰਹ ਡੁੱਬੋ ਦਿੱਤਾ। ਤਿਹਾਂ ਨੇ ਆਪਣੇ ਹੱਥਾਂ ਨਾਲ ਫੜ੍ਹ ਉਹਦਾ ਸਿਰ ਮੂੰਹ ਤਦ ਤਕ ਪਾਣੀ ਵਿੱਚ ਡਬੋਈ ਰੱਖਿਆ ਜਦ ਤਕ ਉਹ ਮਰ ਨਾ ਗਿਆ। ਬਹੁਤ ਤੜਫਾਇਆ ਸੀ ਉਹ ਮੁੰਡਾ, ਇਕ ਇਕ ਸਾਹ ਕਰਕੇ ਉਸ ਜਾਨ ਦਿੱਤੀ ਸੀ। ਮਰਨ ਪਿੱਛੋਂ ਭਾਵੇਂ ਸਾਰਾ ਸ਼ਹਿਰ ਉਹਦੇ ਜਨਾਜ਼ੇ ਤੇ ਮਾਤਮ ਕਰਨ ਆਇਆ ਸੀ।

“ਅਜਿਹੀਆਂ ਕਹਾਣੀਆਂ ਤਾਂ ਗ਼ਰੀਬ ਦੇਸ਼ਾਂ ਤੋਂ ਸੁਣਨ ਵਿੱਚ ਆਇਆ ਕਰਦੀਆਂ ਸਨ। ਪਰ ਇਹ ਬੱਚੇ ਤਾਂ ਬਰਫ਼ ਨਾਲ ਢਕੇ ਅਮੀਰ ਦੇਸ਼ਾਂ ਤੋਂ ਆਏ ਹਨ। ਲੋਕਾਂ ਦੀ ਅਕਲ ਨੂੰ, ਦਿਲਾਂ ਦੇ ਲਾਲਚ ਨੂੰ, ਸੱਚਮੁੱਚ ਹੀ ਪਰਲੋ ਦੀ ਖ਼ੌਫ਼ਨਾਕ ਹਵਾ ਕਾਲੀ ਚਾਦਰ ਹੇਠ ਢੱਕ ਆਈ ਹੈ।” ਮੇਹਰੂ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀ।

“ਇਹ ਲੋਕ ਤਾਂ ਅਪਣਾ ਗ਼ਰੀਬ ਦੇਸ਼ ਛੱਡ, ਬਦੇਸ਼ਾਂ ਵਿੱਚ ਦੌਲਤ ਲੱਭਣ ਗਏ ਸਨ। ਹੱਡੀਆਂ ਰਗੜ ਰਗੜ ਮਿਹਨਤ ਕਰਨ ਪਿੱਛੋਂ ਦੌਲਤ ਤਾਂ ਮਾੜੀ ਮੋਟੀ ਮਿਲ ਹੀ ਗਈ ਹੈ , ਪਰ ਦਿਲਾਂ ਦੀ ਲਾਲਸਾ ਵੱਧ ਗਈ। ਥੱਕੇ ਟੁੱਟੇ ਸਰੀਰਾਂ ਨੂੰ ਜੋੜ ਰੱਖਣ ਲਈ ,ਉਨ੍ਹਾਂ ਤੋਂ ਵਧੇਰੇ ਕੰਮ ਲੈਣ ਲਈ ਨਸ਼ੇ ਵੱਧ ਗਏ।” ਆਪਣੇ ਹੀ ਖ਼ਿਆਲਾਂ ਦੀ ਲੜੀ ਵਿੱਚ ਜੁੜਿਆ ਮੇਹਰੂ ਕੋਈ ਜਵਾਬ ਲੱਭਣ ਦੀ ਕੋਸ਼ਸ਼ ਕਰ ਰਿਹਾ ਸੀ।

ਕ੍ਰਿਪੂ ਤੇ ਮੇਹਰੂ ਇਕ ਦੂਜੇ ਵਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਵੇਖਦੇ ਰਹੇ। ਦੋਹਾਂ ਦੇ ਦਿਮਾਗ਼ ਵਿੱਚ ਇੱਕੋ ਹੀ ਸਵਾਲ ਘੁੰਮ ਰਿਹਾ ਸੀ-ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਦੇ ਉਸ ਪਾਰ, ਚਾਂਦੀ ਦੇ ਗੇਟ ਦੇ ਪਰਲੇ ਪਾਸੇ ਜਾ ਕੇ ਉਹ ਰੱਬ ਨੂੰ ਕੀ ਦੱਸਣ? ਉਹਨਾਂ ਨੂੰ ਯਕੀਨ ਸੀ ਕਿ ਇੰਝ ਬੇ ਵਕਤ ਮੌਤ ਮਰਿਆਂ ਬੱਚਿਆਂ ਦਾ ਰੌਲਾ ਸੁਣ ਰੱਬ ਬੜੀ ਬੇਚੈਨੀ ਨਾਲ ਉਹਨਾਂ ਦੋਹਾਂ ਦੀ ਉਡੀਕ ਕਰ ਰਿਹਾ ਸੀ।

ਇਹ ਮਿਹਰਬਾਨ ਹੋਣ ਵਾਲੇ, ਇਹ ਕਿਰਪਾਲ ਹੋਣ ਵਾਲੇ ਦੋਵੇਂ ਦਰਬਾਨ ਸਿਰ ਨੀਵਾਂ ਪਾਈ ਖੜੇ ਰਹੇ। ਸੂਰਜ ਦੀ ਸੁਨਹਿਰੀ ਧੁੱਪ, ਦੁੱਖਾਂ ਦੀ ਸਿਆਹੀ ਨਾਲ ਕਾਲੀ ਹੋ ਗਈ। ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਲਹੂ ਲੁਹਾਨ ਹੋ ਗਈ। ਇੱਟਾਂ ਲਹੂ ਹੇਠ ਲੁਕ ਗਈਆਂ। ਚਾਂਦੀ ਦੇ ਚਮਕਦੇ ਚਿੱਟੇ ਗੇਟ ਉੱਤੇ ਥਾਂ ਥਾਂ ਲਹੂ ਦੇ ਛਿੱਟਿਆਂ ਕਰਕੇ ਉਹਦੀ ਚਮਕ ਧੁੰਦਲਾ ਗਈ। ਦਰਬਾਨਾਂ ਦੇ ਚਿੱਟੇ ਚੋਲ੍ਹੇ ਲਹੂ ਨਾਲ ਰੰਗੇ ਗਏ। ਪੈਰਾਂ ਵਿੱਚ ਪਾਏ ਮੋਤੀਆਂ ਦੇ ਸੈਂਡਲ ਲਹੂ ਨਾਲ ਥੱਪ ਥੱਪ ਕਰਨ ਲੱਗੇ ।

ਕ੍ਰਿਪੂ ਤੇ ਮੇਹਰੂ ਨੇ ਸੋਚਿਆ ਹੁਣ ਤਾਂ ਸੋਨੇ ਦੀਆਂ ਰੱਸੀਆਂ ਖਿਚਕੇ ਰੱਬ ਦੇ ਦਰਬਾਰ ਇਨ੍ਹਾਂ ਬਚਿਆਂ ਦੀ ਸੁਣਵਾਈ ਕਰਾਉਣੀ ਹੀ ਪਵੇਗੀ, ਕੀ ਪਤਾ ਰੱਬ ਗ਼ੁੱਸੇ ਵਿੱਚ ਆਕੇ ਸਾਰੀ ਧਰਤੀ ਹੀ ਤਬਾਹ ਕਰ ਦੇਵੇ। ਇੱਕ ਵਾਰ ਪਹਿਲੋਂ ਵੀ ਧਰਤੀ `ਤੇ ਵੱਸਦੇ ਲੋਕਾਂ ਦੀਆਂ ਹਰਕਤਾਂ ਵੇਖ ਰੱਬ ਤੰਗ ਆ ਗਿਆ ਸੀ, ਸਰੀਰ ਦੀ ਅਣ-ਮੁੱਕ ਲਾਲਸਾ ਵੇਖ ਉਹ ਸ਼ਰਮਿੰਦਾ ਹੋ ਗਿਆ ਸੀ। ਤਦ ਉਹਨੇ ਸੌਡਮ ਅਤੇ ਗਾਮੋਰਾਹ* ਨਾਮ ਦੇ ਸ਼ਹਿਰਾਂ ਨੂੰ ਮਲੀਆਂ ਮੇਟ ਕਰ ਦਿੱਤਾ ਸੀ, ਉਹਨਾਂ ਦਾ ਨਿਸ਼ਾਨ ਤੱਕ ਮਿਟਾ ਦਿੱਤਾ ਸੀ। ਹੁਣ ਤਾਂ ਬੱਚਿਆਂ `ਤੇ ਹੋ ਰਹੇ ਜ਼ੁਲਮ ਵੇਖ ਧਰਤੀ ਦੇ ਬਚਣ ਦਾ ਕੋਈ ਉਪਰਾਲਾ ਨਹੀਂ ਸੀ ਦਿਸਦਾ।

ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਹਜ਼ਾਰ ਕੁ ਗਜ਼ ਪਹਿਲੋਂ ਜਿੱਥੇ ਸ਼ੁਰੂ ਹੁੰਦੀ ਹੈ ,ਓਧਰ ਨੂੰ ਮੂੰਹ ਕਰਕੇ, ਖ਼ੂਨ ਨਾਲ ਲੱਥ-ਪੱਥ ਹੋਏ ਕ੍ਰਿਪੂ ਨੇ ਉੱਚੀ ਆਵਾਜ਼ ਵਿੱਚ, ਚੋਹੀਂ ਪਾਸੀਂ ਫੈਲੇ ਖ਼ਲਾਅ ਨੂੰ ਪੁੱਛਿਆ , “ਕੀ ਧਰਤੀ ਉੱਤੇ ਕਿਸੇ ਨੇ ਪਿਆਰ ਦੇ ਬੀਜ ਨਹੀਂ ਬੀਜੇ? ਕੋਈ ਰਹਿਮ ਦਾ ਕੰਮ ਨਹੀਂ ਕੀਤਾ? ਕਿਸੇ ਦਾ ਭਲਾ ਨਹੀਂ ਕੀਤਾ? ਕਿਸੇ ਦੇ ਹੱਕ ਲਈ ਖੜ੍ਹਾ ਹੋ ਕੋਈ ਇਨਸਾਫ਼ ਲਈ ਲੜਿਆ ਨਹੀਂ?”
ਧਰਤੀ ਅਤੇ ਆਕਾਸ਼ ਦੀ ਖ਼ਾਮੋਸ਼ੀ ਵਿੱਚ ਕ੍ਰਿਪੂ ਦੇ ਸਵਾਲ ਗੂੰਜਣ ਲੱਗੇ।

“ਸੋਚ ਮੇਹਰੂ ਸੋਚ ,ਕਿਸੇ ਇਕ ਪਿਆਰੀ ਰੂਹ ਦੀ ਪਿਆਰੀ ਕਹਾਣੀ ਸੋਚ। ਸੋਨੇ ਦੀ ਰੱਸੀ ਖਿੱਚਣ ਤੋਂ ਪਹਿਲੋਂ ਸੋਚ। ਮੈਨੂੰ ਤਾਂ ਡਰ ਲਗਦਾ ਏ …”

ਖ਼ੂਨ ਵਿੱਚ ਡੁੱਬੀ ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਦੇ ਪਰਲੇ ਕਿਨਾਰਿਓਂ ਇੱਕ ਮੱਧਮ ਜਿਹੀ ਆਵਾਜ਼ ਆਈ। ਜਿਵੇਂ ਕੋਈ ਨਿੱਕਾ ਬੱਚਾ ਸੀਟੀ ਵਜਾਉਣ ਦੀ ਕੋਸ਼ਸ਼ ਕਰ ਰਿਹਾ ਹੋਵੇ। ਟੁੱਟੀ ਫੁੱਟੀ ਆਵਾਜ਼ ਕੱਢਦਾ, ਖ਼ੂਨ ਵਿੱਚ ਲਿੱਬੜੇ ਚਾਂਦੀ ਦੇ ਗੇਟ ਵਲ ਨੂੰ ਤੁਰਦਾ ਆ ਰਿਹਾ ਹੋਵੇ।

ਸਾਰਾ ਹਜੂਮ ਉਸ ਆਵਾਜ਼ ਵੱਲ ਮੂੰਹ ਕਰ ਖੜ੍ਹਾ ਹੋ ਗਿਆ। ਨਿੱਕੇ ਮੁੰਡੇ ਦੀ ਰੋ ਰੋ ਹਿਚਕੀ ਜਿਹੜੀ ਬੰਦ ਨਹੀਂ ਸੀ ਹੋ ਰਹੀ, ਬੰਦ ਹੋ ਗਈ। ਆਪਣੀਆਂ ਲੱਤਾਂ ਬਾਂਹਾਂ ਦੇ ਟੁਕੜੇ ਸਾਂਭਦੀ ਨਿੱਕੀ ਕੁੜੀ ਨੇ ਵੀ ਆਪਣੀ ਮਾਂ ਨੂੰ ਲੱਭਣਾ ਬੰਦ ਕਰ ਦਿੱਤਾ। ਖ਼ੂਨ ਨਾਲ ਲਿੱਬੜੇ ਚਿੱਟੇ ਚੋਗ਼ਿਆਂ ਵਾਲੇ ਮੇਹਰੂ ਤੇ ਕ੍ਰਿਪੂ ਦੀਆਂ ਅੱਖਾਂ ਵਿੱਚ ਹੈਰਾਨੀ ਤੇ ਉਮੀਦ ਦੀ ਝਲਕ ਪੈਦਾ ਹੋਣ ਲੱਗੀ।

ਸੜਕ ਤੇ ਤੁਰਿਆ ਆਉਂਦਾ, ਮੂੰਹ ਨੂੰ ਗੋਲ ਗੋਲ ਕਰ ਸੀਟੀ ਵਜਾਉਣ ਦੀ ਕੋਸ਼ਸ਼ ਕਰਦਾ ਬਾਂਦਰ ਦਾ ਇਕ ਨਿੱਕਾ ਜਿਹਾ ਬੱਚਾ ਸੀ। ਬੜਾ ਖ਼ੁਸ਼ ਸੀ । ਖ਼ੁਸ਼ੀ ਨਾਲ ਉਹ ਟਪੂਸੀਆਂ ਮਾਰ ਰਿਹਾ ਸੀ। ਇੰਨੇ ਸਾਰੇ ਲੋਕਾਂ ਨੂੰ ਵੇਖ ਉਹ ਹੈਰਾਨ ਨਹੀਂ ਹੋਇਆ। ਪਰ ਇੰਨੇ ਹਜੂਮ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਹ ਉੱਚੀ ਉੱਚੀ ਬੋਲਣ ਲਗਾ।

“ਕ੍ਰਿਪੂ ਤੇ ਮੇਹਰੂ ਕਿਥੇ ਹੋ ਤੁਸੀਂ ,ਤੁਹਾਨੂੰ ਪਤਾ ਏ ਅੱਜ ਮੇਰੇ ਨਾਲ ਕੀ ਹੋਇਆ?ਇੱਥੇ ਆਓ ਮੈਂ ਤੁਹਾਨੂੰ ਦੱਸਦਾ ਹਾਂ। ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਆਸਾਮ ਦਾ ਰਹਿਣ ਵਾਲਾ ਹਾਂ। ਆਸਾਮ ਦੇ ਇਕ ਸ਼ਹਿਰ ਦੀ ਸੜਕ `ਤੇ ਮੈਂ ਦੋਸਤਾਂ ਨਾਲ ਖੇਡਦਾ ਫਿਰਦਾ ਸੀ। ਬਹੁਤ ਭੀੜ ਸੀ। ਢੇਰ ਸਾਰੀਆਂ ਮੋਟਰਾਂ,ਕਾਰਾਂ ਅਤੇ ਬੱਸਾਂ ਭੱਜੀਆਂ ਫਿਰਦੀਆਂ ਸਨ। ਮੈਂ ਇਨ੍ਹਾਂ ਗੱਡੀਆਂ ਤੋਂ ਨਹੀਂ ਡਰਦਾ। ਦਰੱਖਤਾਂ `ਤੇ ਸੜਕਾਂ `ਤੇ ਮੈਂ ਤੇ ਮੇਰੇ ਦੋਸਤ ਨਿਡਰ ਹੋ ਖੇਡਦੇ ਫਿਰਦੇ ਸੀ । ਮੇਰੀ ਮਾਂ ਨੂੰ ਜੇ ਪਤਾ ਲਗਦਾ ਕਿ ਅਸੀਂ ਸੜਕਾਂ `ਤੇ ਟੱਪਦੇ ਫਿਰਦੇ ਸੀ ਤਾਂ ਮੇਰੀ ਬਹੁਤ ਕੁਟਾਈ ਹੋਣੀ ਸੀ।

ਖ਼ੈਰ, ਖੇਡਣ ਵਿੱਚ ਅਸੀਂ ਮਸਤ ਸੀ । ਖੇਡਦਾ ਖੇਡਦਾ ਜਦ ਮੈਂ ਸੜਕ ਪਾਰ ਕਰਨ ਲੱਗਾ ਤਾਂ ਇਕ ਮੋਟਰ ਮੇਰੇ ਵਿੱਚ ਆਕੇ ਲੱਗੀ। ਉਹਦਾ ਵੱਡਾ ਕਾਲਾ ਪਹੀਆ ਮੇਰੇ ਢਿੱਡ ਉੱਤੋਂ ਦੀ ਲੰਘ ਗਿਆ। ਮੈਂ ਨੂੰ ਮੋਟਰ ਥੱਲੇ ਆਇਆ ਦੇਖ ਮੇਰੇ ਦੋਸਤਾਂ ਨੇ ਰੌਲਾ ਪਾ ਦਿੱਤਾ। ਹਾਲ ਦੁਹਾਈ ਮੱਚ ਗਈ। ਮੇਰੇ ਮਾਂ ਪਿਓ ਕੀ ਸਾਰਾ ਪਰਿਵਾਰ, ਸਾਰਾ ਪਿੰਡ ਉਠਦੇ ਆ ਗਿਆ। ਕੋਈ ਸੌ ਕੁ ਬਾਂਦਰ ਇਕੱਠੇ ਹੋ ਗਏ। ਤੁਹਾਨੂੰ ਤਾਂ ਪਤਾ ਹੈ ਜਦ ਇੰਨੇ ਸਾਰੇ ਬਾਂਦਰ ਇਕੱਠੇ ਹੋ ਜਾਣ ਤਾਂ ਕੀ ਹੁੰਦਾ ਹੈ! ਕਿੰਨਾ ਚੀਖ਼ ਚਿਹਾੜਾ ਪੈਂਦਾ ਹੈ। ਸਾਰਿਆਂ ਨੇ ਰਲ ਕੇ ਮੋਟਰ ਵਾਲੇ ਨੂੰ ਘੇਰ ਲਿਆ। ਸੜਕ ਰੋਕ ਲਈ। ਪੂਰੇ ਇੱਕ ਘੰਟੇ ਤਾਈਂ ਟਰੈਫ਼ਿਕ ਬੰਦ ਕਰ ਦਿੱਤੀ। ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ। ਕੁਝ ਦੇਰ ਮੇਰੀ ਮਾਂ ਅਤੇ ਹੋਰ ਮਾਸੀਆਂ ਨੇ ਰਲ ਕੇ ਮੇਰੀਆਂ ਲੱਤਾਂ ਤੇ ਬਾਂਹਾਂ ਦੀ ਮਾਲਸ਼ ਕੀਤੀ। ਫਿਰ ਮੇਰਾ ਪਿਓ ਮੈਨੂੰ ਮੋਢਿਆਂ `ਤੇ ਚੁੱਕ ਕੇ ਘਰ ਨੂੰ ਲੈ ਗਿਆ। ਧਰਤੀ ਦਾ ਸਫ਼ਰ ਮੇਰਾ ਖ਼ਤਮ ਹੋ ਗਿਆ ਤੇ ਹੁਣ ਮੈਂ ਇੱਥੇ ਤੁਹਾਡੇ ਕੋਲ ਇਸ ਚਾਂਦੀ ਦੇ ਖੁੱਲ੍ਹੇ ਗੇਟ ਤੇ ਆ ਗਿਆ ਹਾਂ………”

ਧੁੱਪ ਵਿੱਚ ਚਮਕ ਰਿਹਾ ਚਾਂਦੀ ਦਾ ਗੇਟ ਦੂਰੋਂ ਹੀ ਦਿਖਾਈ ਦੇ ਰਿਹਾ ਸੀ। ਚਾਂਦੀ ਦੇ ਦੋਹਾਂ ਥਮ੍ਹਲਿਆਂ `ਤੇ ਸੋਨੇ ਦੀਆਂ ਦੋ ਰੱਸੀਆਂ ਵੀ ਲਟਕ ਰਹੀਆਂ ਸਨ। ਚਿੱਟੇ ਸੰਗਮਰਮਰ ਦੀਆਂ ਕੁਰਸੀਆਂ ਉੱਤੇ ਬੈਠੇ ਦੋ ਦਰਬਾਨ ਇਸ ਹਮੇਸ਼ ਖੁੱਲ੍ਹੇ ਰਹਿਣ ਵਾਲੇ ਗੇਟ ਤੇ ਪਹਿਰਾ ਦੇ ਰਹੇ ਸਨ। ਨਿੱਕੀਆਂ ਨਿੱਕੀਆਂ ਇੱਟਾਂ ਵਾਲੀ ਸੜਕ ਹਜ਼ਾਰ ਕੁ ਗਜ਼ ਪਹਿਲੋਂ ਸ਼ੁਰੂ ਹੋ ਗੇਟ ਦੇ ਪਰਲੇ ਪਾਸੇ ਜਾ ਅੱਖੋਂ ਓਝਲ ਹੋ ਚੁੱਕੀ ਸੀ।

ਫੁੱਟ-ਨੋਟ
(ਬਾਈਬਲ ਵਿੱਚ ਓਲਡ ਟੈਸਟਾਮੈਂਟ ਅਨੁਸਾਰ, ਜਾਰਡਨ ਦੇਸ਼ ਦੇ ਦੋ ਸ਼ਹਿਰਾਂ ਸੌਡਮ ਅਤੇ ਗਾਮੋਰਾ ਦੇ ਲੋਕਾਂ ਦੀ ਬਦਚਲਨੀ ਵੇਖ, ਸਜ਼ਾ ਵਜੋਂ ਰੱਬ ਨੇ ਉਹ ਦੋਵੇਂ ਸ਼ਹਿਰ ਤਬਾਹ ਕਰ ਦਿੱਤੇ ਸਨ। ਜੈਨੇਸਿਜ਼ 19 ਦੇ ਅਨੁਸਾਰ ਇਸ ਤਬਾਹੀ ਵਿੱਚ ਲੌਟ ਨਾਮ ਦਾ ਬੰਦਾ, ਉਹਦੀ ਪਤਨੀ ਅਤੇ ਧੀਆਂ ਬਚੀਆਂ ਸਨ। ਰੱਬ ਦੇ ਹੁਕਮ ਅਨੁਸਾਰ ਸ਼ਹਿਰ ਤੋਂ ਭੱਜਣ ਵੇਲੇ ਪਿੱਛੇ ਮੁੜ ਕੇ ਵੇਖਣਾ ਮਨ੍ਹਾ ਸੀ। ਪਰ ਲੌਟ ਦੀ ਪਤਨੀ ਨੇ ਪਿੱਛੇ ਮੁੜ ਕੇ ਵੇਖਿਆ ਜਿਸ ਕਰਕੇ ਉਹ ਉੱਥੇ ਹੀ ਲੂਣ ਦਾ ਥੰਮ੍ਹ ਬਣ ਗਈ ਸੀ)
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ।ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 21 ਅਕਤੂਬਰ 2005)
(ਦੂਜੀ ਵਾਰ 24 ਅਪ੍ਰੈਲ 2022)

***
752

About the author

ਮਿੰਨੀ ਗਰੇਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ