18 September 2024

ਇਕ ਮੋੜ ਵਿਚਲਾ ਪੈਂਡਾ (ਅਠਵੀਂ ਕਿਸ਼ਤ)-ਮੇਰੀ ਕੈਂਸਰ ਅਤੇ ਅਗਲਾ ਜੀਵਨ—ਡਾ. ਗੁਰਦੇਵ ਸਿੰਘ ਘਣਗਸ

 

ਡਾ. ਗੁਰਦੇਵ ਸਿੰਘ ਘਣਗਸਨੋਟਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).

‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ

***
ਇਕ ਮੋੜ ਵਿਚਲਾ ਪੈਂਡਾ (ਅਠਵੀਂ ਕਿਸ਼ਤ)-ਮੇਰੀ ਕੈਂਸਰ ਅਤੇ ਅਗਲਾ ਜੀਵਨ—ਡਾ. ਗੁਰਦੇਵ ਸਿੰਘ ਘਣਗਸ
ਭਾਗ: 5
ਅਧਿਆਇ 22 
ਕੈਲੇਫੋਰਨੀਆ ਅਜਾਇਬ ਘਰ ਅਤੇ ਬਲੈਕ ਚੈਜ਼ਮ ਗੁਫਾ

ਫਰਵਰੀ 2018 ਵਿਚ, ਇੰਡੀਆ ਜਾਣ ਤੋਂ ਪਹਿਲਾਂ, ਮੈਂ ਅਤੇ ਸੁਰਿੰਦਰ ਨੇ ਸੈਕਰਾਮੈਂਟੋ ਦੇ ਇਰਦ ਗਿਰਦ ਘੁੰਮਣ ਲਈ ਸਿਆਰਾ ਕਾਲਜ ਦੇ ਓਲੀ ਪਰੋਗਰਾਂਮ ਰਾਹੀਂ ਦਿੱਤੀਆਂ ਜਾਂਦੀਆਂ ਫੇਰੀਆਂ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਅਸੀਂ ਪਹਿਲਾਂ ਵੀ ਕੁਝ ਥਾਵਾਂ ਤੇ ਗਏ ਸੀ ਅਤੇ ਸੋਚਿਆ ਸੀ ਕਿ ਟੀ.ਵੀ. ਦੇਖੀ ਜਾਣ ਨਾਲੋਂ ਇਹ ਬਿਹਤਰ ਗੱਲ ਸੀ। ਮੁਲਕ ਦੀ ਸਿਆਸਤ ਨਾਲ ਦਮ ਘੁੱਟਦਾ ਜਾ ਰਿਹਾ ਸੀ। ਭਾਰਤ ਦੀ ਫੇਰੀ ਇਸ ਵਾਤਾਵਰਨ ‘ਤੋਂ ਇਕ ਛੁਟਕਾਰਾ ਸੀ।

ਇੰਡੀਆ ਤੋਂ ਵਾਪਸ ਆਕੇ ਮਹਿਸੂਸ ਹੋਇਆ ਕਿ ਸਾਡੇ ਜਾਣ ਸਮੇਂ ਅਮਰੀਕਾ ਦਾ ਸਿਆਸੀ ਮਹੌਲ ਮੰਦੇ ਦਾ ਮੰਦਾ ਹੀ ਰਿਹਾ। ਇੰਡੀਆ ਵਿਚ ਅਸੀਂ ਟੀ.ਵੀ. ਬਹੁਤ ਹੀ ਘੱਟ ਦੇਖਦੇ – – ਸਾਨੂੰ ਇੰਡੀਆ ਦੀਆਂ ਟੀ.ਵੀ. ਖਬਰਾਂ ਅਕਾਊ ਲਗਦੀਆਂ। ਕੈਲੇਫੋਰਨੀਆ ਵਾਪਿਸ ਆਕੇ, ਜਦ ਇੰਡੀਆ ਫੇਰੀ ਦੀ ਯਾਦ ਵੀ ਸਤਾ ਰਹੀ ਸੀ, ਅਸੀਂ ਅਪਰੈਲ 13, 2018 ਵਾਲੇ ਦਿਨ ਕੈਲੇਫੋਰਨੀਆ ਅਜਾਇਬ ਘਰ ਦੇ ਦਰਸ਼ਨ ਕੀਤੇ। ਘੁੰਮਣ ਫਿਰਨ ਲਈ ਇਹ ਵੀ ਇਕ ਚੰਗੀ ਚੋਣ ਸਾਬਤ ਹੋਈ।

ਸਾਡੇ ਨਾਲ ਤਕਰੀਬਨ 30 ਸਵਾਰੀਆਂ ਸਨ, ਜ਼ਿਆਦਾ ਤਰ ਸਿਆਣੀ ਉਮਰ ਦੀਆਂ ਜ਼ਨਾਨੀਆਂ। ਇਸਤੋਂ ਇਲਾਵਾ ਬੱਸ ਡਰੈਵਰ ਜੋਹਨ, ਅਤੇ ਸਿਆਰਾ ਦੇ ਪਰੋਗਰਾਂਮ ਦੀਆਂ ਪਰਬੰਧਕ ਕੁੜੀਆਂ ਸ਼ੈਰੀ ਅਤੇ ਮੈਡੀਸਨ। ਬੱਸ ਵਿਚ ਚੜ੍ਹਾਕੇ ਸ਼ੈਰੀ ਅਤੇ ਮੈਡੀਸਨ ਨੇ ਕਾਗਜ਼-ਪੱਤਰ ਇਕੱਠੇ ਕੀਤੇ, ਬੱਸ 9:30 ਤੇ ਚੱਲ ਪਈ। ਸਾਨੂੰ ਮੂਜ਼ੀਅਮ ਲਾਗੇ, ਜੋ ਸੈਕਰਾਮੈਂਟੋ ਵਿਚ, 1020 ਓ ਸਟਰੀਟ ਤੇ ਹੈ, ਉਤਾਰ ਦਿੱਤਾ ਗਿਆ। ਤਦ ਤੱਕ ਸਵੇਰ ਦੀ ਭੀੜ ਮੱਠੀ ਹੋ ਚੁੱਕੀ ਸੀ। ਮੈਂਨੂੰ ਬੱਸ ਵਿਚ ਜਾਣ ਨਾਲ ਬਹੁਤ ਅਨੰਦ ਆਇਆ। ਸੈਕਰਾਮੈਂਟੋ ਅਤੇ ਹਾਈਵੇ 80, ਬੱਸ ਰਾਹੀਂ ਬਹੁਤ ਵੱਖਰੇ ਲਗਦੇ ਹਨ। ਮੇਰੇ ਮਨ ਵਿਚ ਕਾਰ ਨਾਲ ਜਾਣ ਦੀ ਤਸਵੀਰ ਬਣੀ ਹੋਈ ਸੀ।

‘‘ਲੱਤਾਂ ਲਈ ਜਗਾਹ ਬਹੁਤ ਭੀੜੀ ਹੈ,’’ ਇਕ ਜਨਾਨੀ ਬੱਸ ਵਿਚ ਚੜ੍ਹਕੇ ਝੱਟ ਰੌਲਾ ਪਾਉਣ ਲੱਗ ਪਈ। ਉਹਦੇ ਨਾਲ ਲਗਦੀ ਕੁਰਸੀ ਤੇ, ਸ਼ਾਇਦ ਉਹਦਾ ਪਤੀ, ਜ਼ਨਾਨੀ ਤੋਂ ਉਲਟ, ਚੁੱਪ ਚਾਪ ਬੈਠਾ ਸੁਣਦਾ ਰਿਹਾ। ਮੈਂ ਇਸ ਗੱਲ ਦਾ ਆਨੰਦ ਮਾਣ ਰਿਹਾ ਸਾਂ ਕਿ ਲੋਕਾਂ ਨਾਲੋਂ ਮੈਂ ਵੀ ਇਤਨਾ ਵੱਖਰਾ ਨਹੀਂ। ਸਾਡੀ ਬੱਸ ਵਿਚ ਐਮਰਜੈਂਸੀ ਬੂਹੇ ਵੀ ਲੱਗੇ ਹੋਏ ਸਨ। ਪਰ ਸਾਨੂੰ ਕਿਸੇ ਨਾ ਦੱਸਿਆ ਕਿ ਪਤੰਦਰਾਂ ਨੂੰ ਵਰਤਣਾ ਕਿੱਦਾਂ ਹੈ। ਮੈਂਨੂੰ ਅੱਧੀ ਸਦੀ ਹੋ ਚੱਲੀ ਸੀ ਜਹਾਜਾਂ ਵਿਚ ਸਫਰ ਕਰਦਿਆਂ, ਪਰ ਅਜੇ ਤੱਕ ਐਮਰਜੈਂਸੀ ਬੂਹੇ ਵਰਤਣ ਦਾ ਭਰੋਸਾ ਨਹੀਂ ਸੀ। ਕਿਉਂਕਿ ਅਸੀਂ ਹੁਣੇ ਹੁਣੇ ਇੰਡੀਆ ਤੋਂ ਵਾਪਸ ਆਏ ਸੀ, ਮੇਰਾ ਮਨ ਅਜੇ ਵੀ ‘‘ਓਥੇ ਅਤੇ ਐਥੇ’’ ਦੇ ਚੱਕਰ ਵਿਚ ਲਟਕ ਰਿਹਾ ਸੀ।
ਅਜਾਇਬ ਘਰ ਦੀ ਦਾਖਲਾ ਫੀਸ ਭਰਦਿਆਂ ਸਾਰ, ਅਸੀਂ ਦੋ ਭਾਗਾਂ ਵਿਚ ਵੰਡੇ ਗਏ। ਹਰ ਗਰੁੱਪ ਲਈ ਵੱਖਰਾ ਗਾਈਡ ਨਿਯੁਕਤ ਕੀਤਾ ਗਿਆ। ਇਸ ਮੁਜ਼ੀਅਮ ਵਿਚ ਕੈਲੇਫੋਰਨੀਆ ਦੇ ਇਤਿਹਾਸ ਦੀਆਂ ਪ੍ਰਦਰਸ਼ਨੀਆਂ ਹੁੰਦੀਆਂ ਹਨ। ਕੁਝ ਪ੍ਰਦਰਸ਼ਨੀਆਂ ਢੇਰ ਚਿਰ ਤੋਂ ਚੱਲ ਰਹੀਆਂ ਸਨ; ਕੁਝ ਚੰਦ ਹਫਤਿਆਂ ਲਈ। ਕੈਲੇਫੋਰਨੀਆ ਦੇ ਮਸ਼ਹੂਰ ਚਿਤਰਕਾਰ, ਫਿਲਮ ਡਾਇਰੈਕਟਰ, ਕੈਲੇਫੋਰਨੀਆ ਦੇ ਆਦਿ-ਵਾਸੀ, ਸਿਰਕੱਢ ਜ਼ਨਾਨੀਆਂ, ਵਚਿੱਤਰ ਪੱਥਰ, ਇਨ੍ਹਾਂ ਪ੍ਰਦਰਸ਼ਨੀਆਂ ਵਿਚ ਸ਼ੁਸ਼ੋਭਤ ਸਨ। ਹਾਂ ਸੱਚ, ਕੈਲੇਫੋਰਨੀਆਂ ਦੇ ਬਾਹਰੋਂ ਆਏ ਵਸਿੰਦੇ ਵੀ। ਇਨ੍ਹਾਂ ਵਸਿੰਦਿਆਂ ਵਿਚ ਇਕ ਪ੍ਰਦਰਸ਼ਨੀ ਉਜਾੜੇ ਦੀ ਸੀ ਜੋ ਸਭ ਤੋਂ ਵੱਧ ਧਿਆਨ ਖਿੱਚ ਰਹੀ ਸੀ। ਇਸਦਾ ਨਾਮ ਸੀ ‘‘ਉਜਾੜੇ! ਜਪਾਨੀ ਅਮ੍ਰੀਕਣ ਦੂਜੇ ਸੰਸਾਰ ਯੁੱਧ ਸਮੇਂ’’ (“Uprooted! Japanese Americans During WWII”)। ਸਾਡੀ ਟੋਲੀ ਦੇ ਦੋ ਗਾਈਡ, ਸਟੈਨ ਯੂਮੇਡਾ, ਉਮਰ 82, ਅਤੇ ਮਾਸ ਹਟਾਨੋ, 89 – – ਯੁੱਧ ਸਮੇਂ ਦੋਨੋ ਨਜ਼ਰਬੰਦੀ ਕੈਂਪਾਂ ਵਿਚ ਭੇਜੇ ਗਏ ਸਨ, ਜਦ ਉਹਨਾਂ ਦੀ ਉਮਰ 7 ਅਤੇ 14 ਸਾਲ ਦੀ ਸੀ। ਇਨ੍ਹਾਂ ਦੇ ਪਰਿਵਾਰ ਸੈਕਰਾਮੈਂਟੋ ਦੇ ਆਸ-ਪਾਸ ਰਹਿੰਦੇ ਸਨ।

ਜਿਸ ਤਰ੍ਹਾਂ ਦੇ ਘਰਾਂ ਵਿਚ ਜਾਪਾਨੀ ਮੂਲ ਦੇ ਲੋਕਾਂ ਨੂੰ ਰੱਖਿਆ ਗਿਆ ਸੀ, ਜਪਾਨੀ ਅਮ੍ਰੀਕਣ ਪ੍ਰਦਰਸ਼ਨੀ ਵਿਚ ਉਸ ਘਰ ਦੇ ਅਸਲੀ ਨਮੂਨੇ ਪਏ ਸਨ ਜਿਸ ਵਿਚ ਉਨ੍ਹਾਂ ਦੀ ਸ਼ਿਲਪ, ਕੱਪੜੇ, ਤਸਵੀਰਾਂ, ਤੇ ਉਸ ਵੇਲੇ ਦਾ ਹੋਰ ਨਿੱਕ-ਸੁੱਕ ਪਿਆ ਸੀ। ਸਟੈਨ ਇਕ ਮੌਜੀ ਮਖੌਲੀਆ ਸੀ। ‘‘ਮੈਂ ਤਾਂ ਕੈਂਪਾਂ ਵਿਚ ਮੌਜਾਂ ਕਰਦਾ ਫਿਰਦਾ ਰਹਿੰਦਾ ਸੀ,’’ ਸਟੈਨ ਕਹਿੰਦਾ – – ਜਿਵੇਂ ਅਜੇ ਵੀ ਬੱਚਾ ਹੋਵੇ।

ਇਹ ਉਹ ਸਮਾਂ ਸੀ, ਜਦ ਇੰਡੀਆ ਵਿਚ ਮੇਰਾ ਜਨਮ ਹੋਇਆ, ਤੇ ਯੂਰਪ ਵਿਚ ਹਿਟਲਰ ਦਾ ਘੱਲੂਘਾਰਾ ਚੱਲ ਰਿਹਾ ਸੀ। ਅਸੀਂ ਕਿੱਥੋਂ ਦੇ ਕਿੱਥੇ ਆ ਗਏ ਹਾਂ। ਇਸ ਅਜਾਇਬ ਘਰ ਨੇ ਮੈਂਨੂੰ ਆਪਣੇ ਅਤੀਤ ਦੇ ਦਰਸ਼ਨ ਕਰਵਾਕੇ, ਇਤਿਹਾਸ ਸਮਝਣ ਵਿਚ ਸਹਾਇਤਾ ਕੀਤੀ।

ਸੰਨ 1974-76 ਦਰਮਿਆਨ ਓਕਲੈਂਡ, ਕੈਲੇਫੋਰਨੀਆ ਦੇ ਲਾਗੇ ਰਹਿਣ ਕਰਕੇ, ਮੈਂ ਹੈਰਾਨ ਤੇ ਖੁਸ਼ ਹੋਇਆ ਜਦੋਂ ਮੈਂ ਕੰਧ ਤੇ ਲੱਗੀਆਂ ਤਸਵੀਰਾਂ ਵਿਚ ਜਿੰਮ ਪਲੰਕਟ ਨੂੰ ਸ਼ਾਮਲ ਕੀਤਾ ਦੇਖਿਆ ਜੋ ਕਿ ਓਕਲੈਂਡ ਰੇਡਰਜ਼ (ਅਮਰੀਕਣ ਫੁੱਟਬਾਲ) ਦਾ ਮਸ਼ਹੂਰ ਕੁਆਟਰ ਬੈਕ ਹੁੰਦਾ ਸੀ।

ਮਸ਼ਹੂਰ ਬੰਦਿਆਂ ਦੀ ਪ੍ਰਦਰਸ਼ਨੀ ਵਿਚ ਡਾ. ਮੇਰੀਅਨ ਕੋਸ਼ਲੈਂਡ ਵੀ ਸ਼ਾਮਲ ਸੀ, ਜੋ ਸਾਡੇ ਬਾਇਓਕੈਮਿਸਟਰੀ ਦੇ ਪਰਧਾਨ, ਡਾ. ਡੇਨੀਅਅਲ ਕੋਸ਼ਲੈਡ ਦੀ ਘਰਵਾਲੀ ਸੀ। ਮੇਰੀਅਨ ਕੋਸ਼ਲੈਂਡ ਆਪਣੇ ਸਮੇਂ ਦੀ ਵੱਡੀ ਸਾਇੰਸਦਾਨ ਸੀ। ਇਸ ਗੱਲ ਦਾ ਗਿਆਨ ਮੈਂਨੂੰ ਅੱਜ ਹੋਇਆ ਸੀ, ਸ਼ਾਇਦ ਡੇਨੀਅਅਲ ਕੋਸ਼ਲੈਡ ਦੀ ਮਸ਼ਹੂਰੀ ਹੋਰ ਵੀ ਬਹੁਤੀ ਹੋਣ ਕਰਕੇ।

ਅਜਾਇਬ ਘਰ ਦੇ ਇਕ ਕਿਨਾਰੇ, ਸ਼ਾਇਰ ਗੈਰੀ ਸਨਾਈਡਰ ਦੇ ਹੱਥੀਂ ਲਿਖੇ ਵਰਕੇ ਕੱਚ ਦੀ ਅਲਮਾਰੀ ਵਿਚ ਬੰਦ ਕੀਤੇ ਦਿਸ ਰਹੇ ਸਨ। ਕਵੀ ਸਨਾਈਡਰ ਬਾਰੇ ਮੈਂ ਪਹਿਲਾਂ ਨਹੀਂ ਸੀ ਸੁਣਿਆ। ਜੀਅ ਕਰਦਾ ਸੀ ਕਿ ਕਿਸੇ ਲਾਇਬਰੇਰੀ ਜਾਕੇ ਉਹਦੀਆਂ ਕਵਿਤਾਵਾਂ ਪੜ੍ਹਾਂ। ਅੰਗਰੇਜ਼ੀ ਦੀ ਬਹੁਤੀ ਕਵਿਤਾ ਮੇਰੇ ਲਈ ਫੋਕੀ ਚਾਹ ਵਰਗੀ ਹੈ, ਮੈਂ ਦੇਖਣਾ ਚਾਹੁੰਦਾ ਸੀ ਕਿ ਸ਼ਾਇਦ ਇਹਦੇ ਵਿਚ ਫਰਕ ਹੋਵੇ।

ਦੋ ਮੰਜਲਾ ਅਜਾਇਬ ਘਰ ਕੋਈ ਬਹੁਤਾ ਵੱਡਾ ਨਹੀਂ। ਬੱਚਿਆਂ ਵਾਸਤੇ ਵੀ ਕੁਝ ਖਾਸ ਚੀਜਾਂ ਸਨ। ਇਕ ਮੇਜ਼ ਤੇ ਬੱਚੇ ਕਾਗਜ਼ ਤੇ ਕੈਲੇਫੋਨੀਆ ਦੀ ਮੋਹਰ, Great Seal of the State of California, ਬਣਾ ਸਕਦੇ ਸਨ। ਉਸ ਦਿਨ ਸਾਡੇ ਨਾਲ ਬੱਚੇ ਨਹੀਂ ਸਨ, ਇਸ ਲਈ ਮੈਂ ਖੁਦ ਮੋਹਰ ਬਣਾਕੇ ਦੇਖੀ ਜੋ ਬਹੁਤ ਖੂਭ ਲੱਗ ਰਹੀ ਸੀ।
ਇਸ ਟੂਰ ਵਿਚ ਅਸੀਂ ਵੱਖ ਵੱਖ ਤਜਰਬਿਆਂ ਵਾਲੇ ਇਨਸਾਨਾਂ ਨਾਲ ਗੱਲ ਬਾਤ ਕੀਤੀ। ਇਕ ਸਿੰਘ ਨਾਂ ਦਾ ਵਿਅਅਕਤੀ ਉਥੇ ਕੰਮ ਕਰਦਾ ਸੀ। ਉਹ ਮੈਂਨੂੰ ਆਪਣੀ ਗਾਥਾ ਆਪ ਦੱਸਣ ਲੱਗ ਪਿਆ।

ਪਹਿਲੇ ਸੰਸਾਰ ਯੁੱਧ ਵਿਚ, ਸਿੰਘ ਦੇ ਦਾਦੇ ਨੂੰ ਛੋਟੀ ਉਮਰ ‘ਚ ਕੰਮ ਕਰਨ ਲਈ ਸਮੁੰਦਰੀ ਬੇੜੇ ਵਿਚ ਫਿੱਜ਼ੀ ਲਿਆਂਦਾ ਗਿਆ। ਫਿੱਜ਼ੀ ਆਸਟਰੇਲੀਆ ਲਾਗੇ ਇਕ ਟਾਪੂ ਹੈ, ਜਿੱਥੇ ਅੰਗਰੇਜ਼ ਹਕੂਮਤ ਦਾ ਅੱਡਾ ਸੀ। ਭਾਵੇਂ ਨੌਕਰੀ ਥੋੜੇ ਸਮੇਂ ਲਈ ਸੀ, ਪਰ ਕਿਸੇ ਨੇ ਉਹਨੂੰ ਵਾਪਸ ਇੰਡੀਆ ਜਾਣ ਲਈ ਕੋਈ ਬੇੜਾ ਨਾ ਭੇਜਿਆ।

‘‘ਮੇਰਾ ਪਿਤਾ, ਅਪਣੇ ਮਾਂ-ਬਾਪ ਦੀ ਗੱਲ ਨਹੀਂ ਸੀ ਕਰਦਾ,’’ ਸਿੰਘ ਦੀਆਂ ਅੱਖਾਂ ਭਰ ਗਈਆਂ, ਜਦ ਉਹ ਐਨਕ ਸਾਫ ਕਰਦਾ ਬੋਲਿਆ, ‘‘ਮੈਂ ਕਦੇ ਇੰਡੀਆ ਨਹੀਂ ਗਿਆ।’’

‘‘ਮੈਂ ਰੀਟਾੲਰ ਹੋਣ ਤੋਂ ਬਾਅਦ, ਇੰਡੀਆ ਜਾਣਾ ਹੈ। ਤਦ ਮੇਰੇ ਕੋਲ ਪੈਸੇ ਵੀ ਹੋਣਗੇ।’’ ਅਜਾਇਬ ਘਰ ਦੀ ਨੌਕਰੀ ਵਿਚ ਉਹ ਹੈਂਬਰਗਰ-ਤੰਦੂਰੀਏ ਦੀ ਨੌਕਰੀ ਨਾਲੋਂ ਖੁਸ਼ ਲਗਦਾ ਸੀ।

‘‘ਰੱਬ ਤੇਰਾ ਭਲਾ ਕਰੇ,’’ ਮੈਂ ਆਪਣੇ ਮਨ ‘ਚ ਕਿਹਾ। ਉਹ ਸ਼ਰੀਫ ਜਿਹਾ ਬੰਦਾ, ਜਿਸਦਾ ਪਿੱਛਾ ਬਿਹਾਰ ਸੂਬੇ ਦਾ ਸੀ, ਟੁੱਟੀ ਭੱਜੀ ਹਿੰਦੀ ਬੋਲਦਾ ਸੀ। ਬਿਹਾਰ ਵਿਚ ਨਾ ਉਹ ਬਾਪ ਦੇ ਰਿਸ਼ਤੇਦਾਰਾਂ ਨੂੰ ਜਾਣਦਾ ਸੀ, ਨਾ ਕੋਈ ਸੰਬੰਧ ਬਨਾਉਣ ਜੋਗਾ ਸੀ। ਸਿੰਘ ਇਕ ਅਣਲਿਖੀ ਤੁਰਦੀ ਫਿਰਦੀ ਯਾਦ-ਦਾਸ਼ਤ ਸੀ।

ਮੈਂ ਜਪਾਨੀ ਅਮ੍ਰੀਕਣਾਂ ਤੇ ਫਿੱਜ਼ੀ ਤੋਂ ਆਕੇ ਅਮ੍ਰੀਕਾ-ਵਸੇ ਬਿਹਾਰੀ ਮੂਲ ਦੇ ਸਿੰਘ ਦੀਆਂ ਤਸਵੀਰਾਂ ਲਈਆਂ। ਅਜਾਇਬ ਘਰ ਵਿਚ ਦੋ ਜਪਾਨੀ ਅਮ੍ਰੀਕਣਾਂ ਨੂੰ ਭਾਲਕੇ ਹੱਥ ਮਿਲਾ ਸਕਣਾ, ਮੇਰੇ ਲਈ ਇਕ ਇਤਿਹਾਸਕ ਆਨੰਦ ਸੀ।
ਅਗਲੇ ਦਿਨ ਸੁਰਿੰਦਰ ਐਲਕ ਗਰੋਵ ਇਲਾਕੇ ਦੇ ਪਰਿਵਾਰ ਨੂੰ ਮਿਲੀ ਜੋ ਸਾਡੇ ਗੁਆਂਢ ਘਰ ਖਰੀਦਣ ਵਾਸਤੇ ਘੁੰਮਦੇ ਫਿਰਦੇ ਸਨ। ਲਗਦੇ ਉਹ ਚੀਨੀ ਸਨ, ਗੱਲਾਂ ਹਿੰਦੀ ‘ਚ ਕਰਦੇ ਸਨ। ਸਾਡੇ ਨਾਲ ਗੱਲਾਂ ਕਰਕੇ ਬਹੁਤ ਖੁਸ਼ ਹੋਏ। ਪਤਾ ਲੱਗਿਆ ਕਿ ਉਹ ਬੰਬਈ ਦੇ ਜੰਮ-ਪਲ ਸਨ ਜਿਨ੍ਹਾਂ ਦੇ ਪੁਰਖੇ ਬੰਬਈ ਦੁਕਾਨ ਚਲਾਉਂਦੇ ਸਨ। ਇਹ ਸੀ, ਅਜਾਇਬ ਘਰ ਦੇ ਦਰਸ਼ਨਾਂ ਬਾਅਦ, ਇਕ ਹੋਰ ਅਜਾਇਬ ਗੱਲ। ‘‘ ਅਮ੍ਰੀਕਾ ਨੂੰ ‘ਪਿਘਲਦਾ ਭਾਂਡਾ’ (melting point) ਐਵੇਂ ਤਾਂ ਨੀ ਕਹਿੰਦੇ,’’ ਮੈਂ ਆਪਣੇ ਮਨ ‘ਚ ਕਿਹਾ। ਅਮ੍ਰੀਕਾ ਸਿਰਫ ਪਿਘਲਦਾ ਭਾਂਡਾ ਹੀ ਨਹੀਂ, ਇੱਥੇ ਲੋਕ ਇਤਨੇ ਗਤੀਸ਼ੀਲ ਹਨ ਕਿ ਬਹੁਤ ਘੱਟ ਲੋਕ ਉਸ ਥਾਂ ਤੇ ਮਰਦੇ ਹਨ ਜਿਸ ਥਾਂ ਤੇ ਉਹਨਾਂ ਜਨਮ ਲਿਆ ਹੋਵੇ।

ਸਟੈਨ ਓਮੇਡਾ ਦੂਜੇ ਸੰਸਾਰ ਯੁੱਧ ਸਮੇਂ ਨਜ਼ਰਬੰਦੀ ਕੈਂਪਾਂ ਵਿਚ ਡੱਕੇ, ਜਪਾਨੀ ਅਮ੍ਰੀਕਣਾਂ ਦੀ ਦਾਸਤਾਨ ਸੁਣਾਉਂਦਾ, 2018

ਸਾਡਾ ਅਗਲਾ ਟਰਿੱਪ ਮਈ 10, 2018 ਦੇ ਸਾਰੇ ਦਿਨ ਲਈ ਮਿਥਿਆ ਗਿਆ। ਅਸੀਂ ਐਮਾਡੋਰ ਕਾਉਂਟੀ ਵਿਚ ਪੈਂਦੀ ਬਲੈਕ ਚੈਜ਼ਮ ਨਾਂ ਦੀ ਗੁਫਾ ਨੂੰ ਦੇਖਣ ਜਾਣਾ ਸੀ। ਸੁਰਿੰਦਰ ਅਤੇ ਮੈਂ ਇਕ ਦੂਜੇ ਨੂੰ ਦਸਦੇ ਰਹੇ ਸੀ ਕਿ ਉਸ ਦਿਨ ਕੋਈ ਹੋਰ ਪ੍ਰੋਗਰਾਮ ਨਹੀਂ ਬਣਾਉਣਾ।

ਇੱਥਕਾ ਰਹਿੰਦਿਆਂ ਅਸੀਂ ਬੱਚਿਆਂ ਨਾਲ ਨੀਊ ਯਾਰਕ ਦੇ ਆਲਬਨੀ ਸ਼ਹਿਰ ਲਾਗੇ ਗੁਫਾਵਾਂ ਦੇਖਣ ਗਏ ਸੀ। ਇਸ ਲਈ ਸਾਨੂੰ ਕੁਝ ਗਿਆਨ ਸੀ ਕਿ ਗੁਫਾ ਕੀ ਹੁੰਦੀ ਹੈ। ਪਰ, ਕੋਈ ਗੁਫਾ ਕਿਸੇ ਦੂਜੀ ਗੁਫਾ ਵਰਗੀ ਵੀ ਨਹੀਂ ਹੁੰਦੀ। ਮਈ ਦੇ ਮਹੀਨੇ ਕੈਲੇਫੋਰਨੀਆ ‘ਚ ਗਰਮੀ ਵੀ ਬਹੁਤ ਪੈਂਦੀ ਹੈ, ਪਰ ਗੁਫਾ ਦਾ ਤਾਪਮਾਨ ਕਾਫੀ ਠੰਢਾ ਹੋ ਸਕਦਾ ਹੈ।

ਇਕ ਪਾਸੇ ਅਸੀਂ ਗੁਫਾ ਯਾਤਰਾ ਦੀ ਭਵਿੱਖ-ਬਾਣੀ ਕਰਦੇ ਰਹੇ, ਦੂਜੇ ਪਾਸੇ ਕੁਝ ਪੜ੍ਹਦੇ ਰਹੇ। ਫੇਰ, 26 ਅਪਰੈਲ ਨੂੰ ਯਾਤਰਾ-ਪ੍ਰਬੰਧਕਾਂ ਵੱਲੋਂ ਈ-ਮੇਲ ਆ ਗਈ:

ਹੈਲੋ ਓਲੀ ਦੇ ਵਿਦਿਆਰਥੀਓ,
ਬਹਾਰ ਮੌਸਮ ਦੀ ਸਾਡੀ ਅਖੀਰਲੀ ਯਾਤਰਾ ਕਿਨਾਰੇ ਤੇ ਖੜੀ ਹੈ। ਇਸ ਵਾਰ ਅਸੀਂ ਵੋਲਕਾਨੋ, ਕੈਲੇਫੋਰਨੀਆ ਜਾ ਰਹੇ ਹਾਂ, ਜਿੱਥੇ 10 ਮਈ ਨੂੰ ਅਸੀਂ ਬਲੈਕ ਚੈਜਮ ਗੁਫਾ ਦੀ ਖੋਜ-ਪੜਤਾਲ ਕਰਾਂਗੇ। ਬੱਸ ਠੀਕ ਸਵੇਰੇ 9:15 ਤੇ ਚੱਲ ਪਵੇਗੀ।

ਤੁਹਾਡਾ ਨਾਂ ਯਾਤਰਾ ਦੀ ਸੂਚੀ ਵਿਚ ਦਰਜ ਹੈ, ਅਗਲੇ ਹਫਤੇ ਅਸੀਂ ਹੋਰ ਜਾਣਕਾਰੀ ਭੇਜਾਂਗੇ ਅਤੇ ਕੁਝ ਖਤਰਿਆਂ ਬਾਰੇ ਕਾਨੂੰਨੀ ਪੱਤਰ ਵੀ। ਜੇ ਕਿਸੇ ਕਾਰਨ ਤੁਸੀਂ ਜਾ ਨਹੀਂ ਸਕਦੇ, ਕਿਰਪਾ ਕਰਕੇ ਸਾਨੂੰ ਛੇਤੀ ਦੱਸ ਦਿਓ, ਕਿਉਂਕਿ ਸਾਡੀ ਉਡੀਕ ਸੂਚੀ ਵਿਚ ਕਈ ਹੋਰ ਚਾਹਵਾਨ ਦਰਜ ਹਨ!
ਇਸ ਅਦਭੁੱਤ ਯਾਤਰਾ ਲਈ ਅਸੀਂ ਤੁਹਾਡੇ ਦਰਸ਼ਨ ਅਭਿਲਾਖੀ ਹਾਂ! ਅਤੇ ਸਿਆਰਾ ਕਾਲਜ ਦੇ ਇਸ ਕਾਰਜ ਵਿਚ ਭਾਗ ਲੈਣ ਲਈ ਧੰਨਵਾਦੀ ਹਾਂ।
ਮੈਡੀਸਨ ਮਕਕੋਏ (Madison McCoy)
ਓਲੀ ਐਟ ਸਿਆਰਾ ਕਾਲਜ (OLLI at Sierra College)

****

ਪਿਛਲੀ ਵਾਰ ਸਾਡੀ ਜੀ.ਪੀ.ਐਸ ਸਾਨੂੰ ਵੱਖਰੇ ਰਸਤੇ ਪਾਕੇ ਇੱਧਰ-ਉੱਧਰ ਘੁਮਾਉਂਦੀ ਰਹੀ। ਜਦ ਤੱਕ ਅਸੀਂ ਬੱਸ ਕੋਲ ਪਹੁੰਚੇ, ਸੁਰਿੰਦਰ ਦਾ ਪਾਰਾ ਚੜ੍ਹਿਆ ਹੋਇਆ ਸੀ। ਇਸ ਵਾਰ ਏਦਾਂ ਨਹੀਂ ਹੋਣ ਦੇਣਾ, ਮੈਂਨੂੰ ਪੂਰੀ ਆਸ ਸੀ।

ਕੈਲੇਫੋਰਨੀਆ ਅਜਾਇਬ ਘਰ ਦੇਖਣ ਲਈ ਕੂਚ ਕਰਨ ਤੋਂ ਪਹਿਲਾਂ, ਮੈਂਨੂੰ ਲਗਦਾ ਸੀ ਕਿ ਲਿਖਣ ਲਈ ਕੰਪਿਊਟਰ ਤੋਂ ਜਿੰਨੀ ਜਾਣਕਾਰੀ ਮਿਲ ਸਕਦੀ ਸੀ, ਮਿਲ ਗਈ ਹੈ। ਪਰ, ਜਦ ਲਿਖਣ ਲੱਗਿਆ ਤਾਂ ਸਾਇੰਸ ਦੀ ਖੋਜ ਵਾਂਗ ਗੱਲ ਤੋਂ ਗੱਲ ਵਧਦੀ ਗਈ, ਅਤੇ ਹੋਰ ਸਫੇ ਭਰੇ ਗਏ। ਅਤੇ ਨਵੀਆਂ ਮੁਹਿੰਮਾਂ ਲਈ ਰਸਤੇ ਖੁੱਲ ਗਏ।

ਸਿਆਰਾ ਕਾਲਜ ਦੀਆਂ ਲਿਖਾਈ ਕਲਾਸਾਂ ਵਿਚ ਜਾਣਾ ਕੁਝ ਦੇਰ ਲਈ ਮੈਂ ਛੱਡ ਦਿੱਤਾ ਸੀ। ਸੰਗੀਤ ਸਿੱਖਣ ਲਈ। ਮੈਂਨੂੰ ਡਰ ਸੀ ਕਿ ਜੇ ਹੁਣ ਨਾ ਸਿੱਖ ਸਕਿਆ ਤਾਂ ਫੇਰ ਨਹੀਂ ਸਿੱਖ ਹੋਣਾ। ਇਹ ਸਿਰਫ ਮੇਰੀ ਉਮਰ ਕਰਕੇ ਹੀ ਨਹੀਂ ਸੀ। ਹੁਣ ਮੈਂ ਸੈਕਰਾਮੈਂਟੋ ਅਤੇ ਇੰਡੀਆ ਵਿਚ ਚੰਗੇ ਉਸਤਾਦਾਂ ਨਾਲ ਸੰਪਰਕ ਕਾਇਮ ਕਰ ਲਿਆ ਸੀ। ਇੰਡੀਆ ਤੋਂ ਸਬਕ ਸਕਾਈਪ (Skype) ਰਾਹੀਂ ਚਲਦੇ ਸਨ। ਸਕਾਈਪ ਕੰਮਪਿਊਟਰਾਂ ਤੇ ਮੇਲ ਕਰਵਾਉਣ ਵਾਲੀ ਵਿਧੀ ਹੈ। ਮੇਰੇ ਸੰਗੀਤ ਸਿੱਖਣ ਲਈ ਇਹ ਕੋਈ ਧੁਰੋਂ ਭੇਜੀ ਸੁਗਾਤ ਸੀ, ਇਹ ਸਮਾਂ ਗਵਾਉਣ ਵਾਲਾ ਨਹੀਂ ਸੀ। ਸੈਕਰਾਮੈਂਟੋ ਇਲਾਕੇ ਵਿਚਲੇ ਦੋ ਉਸਤਾਦ ਮੇਰੇ ਰਾਸ ਨਾ ਆਏ, ਇੱਕ ਲਾਲਚੀ ਹੋ ਗਿਆ, ਤੇ ਦੂਜਾ ਸੁਸਤ।

ਸੰਗੀਤ ਉਸਤਾਦਾਂ ਨਾਲ ਸੰਪਰਕ ਬਣਾਈ ਰੱਖਣਾ ਵੱਡੀ ਉਮਰ ਵਿੱਚ ਵੀ ਸਾਵਧਾਨੀ ਮੰਗਦਾ ਹੈ।

ਲਿੰਕਨ ਸ਼ਹਿਰ ਵਿਚ ਸਾਡੀ ਯਾਦ-ਦਾਸਤਾ ਅਧਿਆਪਕ, ਸੂਅ ਕਲਾਰਕ, ਏਦਾਂ ਪੜ੍ਹਾਉਂਦੀ ਕਿ ਇਕ ਆਮ ਲਿਖਤ ਖਾਸ ਲਿਖਤ ਬਣ ਜਾਂਦੀ। ਸੂਅ ਦੇ ਦਿੱਤੇ ਕੰਮ, ਹੋਮਵਰਕ, ਵਿਚ ਤਿੰਨ ਸਫੇ ਦੀ ਰਚਨਾ ਹੁੰਦੀ ਸੀ ਜੋ ਡਬਲ ਸਪੇਸਡ 12 ਮਾਪ ਦੀ ਕੰਪਿਊਟਰ ਤੇ ਖਾਸ ਅੰਗਰੇਜ਼ੀ ਫੌਂਟ ਵਿਚ ਲਿਖੀ ਹੁੰਦੀ ਸੀ। ਉਸ ਤਿੰਨ ਸਫਿਆਂ ਦੇ ਕੌਮਿਆਂ ਨੂੰ ਇਧਰ-ਉਧਰ ਹਿਲਾਕੇ, ਸ਼ਬਦਾਂ ਦੀ ਕਟ-ਵੱਢ ਕਰਕੇ ਜਦ ਕਲਾਸ ਵਿਚ ਵਾਪਸ ਕਰਦੀ, ਸਭ ਵਿਦਿਆਰਥੀ ਮੁਸ਼ਕੜੀਆਂ ਹਸਦੇ ਰਹਿੰਦੇ। ਕਲਾਸ ਛੇ ਹਫਤੇ ਚਲਦੀ ਜਿਸ ਵਿਚ ਹਰ ਬੰਦੇ ਨੂੰ ਖੜ੍ਹਕੇ ਆਪਣੇ ਤਿੰਨ ਸਫੇ ਇਕ ਵਾਰ ਜਰੂਰ ਪੜ੍ਹਨੇ ਪੈਂਦੇ।

ਸੂਅ ਕਲਾਰਕ ਢੇਰਾਂ ਦੇ ਢੇਰ ਸਫਿਆਂ ਵਿਚੋਂ ਯਾਦਾਂ ਫਰੋਲ਼ਕੇ ਕਿਤਾਬ ਛਾਪਣ ਲਈ ਤਿਆਰ ਕਰ ਸਕਦੀ। ਕਲਾਸ ਦੇ ਬੰਦਿਆਂ ਲਈ ਇਹ ਲਾਭਦਾਇਕ ਮੌਕਾ ਸੀ।

ਇਕ ਪਾਸੇ ਇਹ ਕਲਾਸਾਂ ਆਤਮਕ ਰੌਸ਼ਨੀ ਪਰਦਾਨ ਕਰਦੀਆਂ, ਦੂਜੇ ਪਾਸੇ ਕਦੇ ਕਦੇ ਉਦਾਸ ਵੀ ਕਰ ਜਾਂਦੀਆਂ ਸਨ। ਕਿਉਂਕਿ ਬਹੁਤੇ ਵਿਦਿਆਰਥੀ ਪੱਕੀ ਉਮਰ ਦੇ ਸਨ, ਉਨ੍ਹਾਂ ਵਿਚੋਂ ਬਹੁਤੇ ਆਪਣੇ ਕੰਮ ਅੱਧ-ਵਿਚਕਾਰ ਲਟਕਦੇ ਛੱਡ ਜਾਂਦੇ।

ਕੈਲੇਫੋਰਨੀਆ ਦੇ ਇਤਿਹਾਸਕ ਯਾਦਗਾਰ ਵਾਲੇ ਟੂਰ ਦੀ ਯਾਦ ਮੇਰੇ ਮਨ ਵਿਚ ਅਜੇ ਵੀ ਤਾਜੀ ਸੀ – – ਜਿੱਥੇ ਮੈਂ ਜਾਪਾਨੀ-ਅਮ੍ਰੀਕਣ ਸਟੈਨ ਉਮੇਡਾ, ਉਮਰ 82, ਅਤੇ ਮਸ ਹਟਾਨੋ, 89, ਨੂੰ ਮਿਲਿਆ। ਇਹ ਦੋਨੋ ਸਖ਼ਸ਼ 7, ਅਤੇ 14 ਸਾਲ ਦੀ ਉਮਰ ਵਿਚ, ਪਰਵਾਰਾਂ ਸਮੇਤ, ਅਮ੍ਰੀਕਣ ਕੈਂਪਾਂ ਦਾ ਦੁੱਖ ਭੋਗ ਚੁੱਕੇ ਸਨ। ਸਾਡੀ ਅਗਲੇ ਹਫਤੇ ਦੀ ਕਲਾਸ ਵਿਚ ਇਕ ਧੀਮੀ ਆਵਾਜ਼ ਵਾਲੀ ਜਨਾਨੀ ਨੇ ਆਪਣੇ ਤਿੰਨ ਸਫੇ ਪੜ੍ਹੇ। ਉਸ 84 ਸਾਲਾਂ ਦੀ ਜਨਾਨੀ ਨੇ ਵੀ, ਜਾਪਾਨੀ-ਅਮ੍ਰੀਕਣ ਹੋਣ ਕਰਕੇ, ਦੂਜੇ ਸੰਸਾਰ ਜੰਗ ਸਮੇਂ ਅਮ੍ਰੀਕਾ ਵਿਚਲੇ ਕੈਂਪਾਂ ਦੀ ਜ਼ਿਦਗੀ ਭੋਗੀ ਸੀ। ਇਸ ਤਰ੍ਹਾਂ ਦੇ ਤਿੰਨ ਬੰਦਿਆਂ ਨੂੰ ਇਕ ਹਫਤੇ ਵਿਚ ਮਿਲਕੇ ਮੈਂ ਹੈਰਾਨ ਰਹਿ ਗਿਆ।

ਇਤਨੇ ਵਰਿੵਆਂ ਦੀ ਚੁੱਪ ਤੋਂ ਬਾਅਦ ਜਦ ਉਹ ਜਨਾਨੀ ਆਪਣਾ ਦੁਖ-ਸੁਖ ਕਰਨ ਲੱਗੀ, ਤਾਂ ਮੈਂਨੁੰ ਏਦਾਂ ਲਗਦਾ ਸੀ ਜਿਵੇਂ ਮੇਰੇ ਸਾਹਮਣੇ ਇਕ ਲਿਖਾਰੀ ਜਨਮ ਲੈ ਰਿਹਾ ਹੋਵੇ।

ਸੁਰਿੰਦਰ ਤੇ ਮੈਂ ਆਪਣੇ ਘਰ ‘ਬਲੈਕ ਚੈਸਮ ਗੁਫਾ’ ਵਾਰੇ ਕੁਝ ਨਾ ਕੁਝ ਪੜ੍ਹਦੇ ਰਹਿੰਦੇ। ਕੰਮਪਿਊਟਰ ਤੇ ਵੀ ਬਹੁਤ ਕੁਝ ਮਿਲ ਜਾਂਦਾ। ਇਨ੍ਹਾਂ ਲੇਖਾਂ ਵਿਚ ਸੋਨਾ, ਧਰਤੀ ਥੱਲੇ ਦਾ ਪਾਣੀ, ਸਖਤ ਟੋਪ(ਹੈਟ), ਬਚਾਊ-ਐਨਕਾਂ, ਘੋਰ-ਹਨ੍ਹੇਰਾ, ਪੱਥਰ ਦੇ ਟੁਕੜੇ ਵਰਗੇ ਸ਼ਬਦ ਆਮ ਵਰਤੇ ਹੁੰਦੇ, ਜਿਨ੍ਹਾਂ ਨੂੰ ਪੜ੍ਹਕੇ ਸਾਨੂੰ ਨੀਊ ਯਾਰਕ ਦੇ ਸ਼ਹਿਰ ਆਲਬਨੀ ਲਾਗੇ ਦੀਆਂ ਗੁਫਾਵਾਂ ਯਾਦ ਆ ਜਾਂਦੀਆਂ, ਜੋ ਅਸੀਂ ਤੀਹ ਸਾਲ ਪਹਿਲਾਂ ਬੱਚਿਆਂ ਨਾਲ ਦੇਖਣ ਗਏ ਸੀ। ਹੁਣ ਅਸੀਂ ਕੇਲੈਫੋਰਨੀਆ ਦੀ ਗੁਫਾ ਦਾ ਨੀਊ ਯਾਰਕ ਵਾਲੀਆਂ ਗੁਫਾਵਾਂ ਨਾਲ ਟਾਕਰਾ ਕਰਨ ਲਈ ਉਤਾਵਲੇ ਰਹਿਣ ਲੱਗੇ।

ਇਕ ਆਉ ਭਗਤ ਸਾਡੀ ਉਡੀਕ ਕਰ ਰਹੀ ਸੀ, ਪਰ ਇਸਤੋਂ ਪਹਿਲਾਂ ਮੈਂ ਸ਼ਾਇਰ ਗੈਰੀ ਸਨਾਈਡਰ ਦੀ ਜ਼ਿੰਦਗੀ ਅਤੇ ਅਜਾਇਬ ਘਰ ਵਿਚ ਰੱਖੀ ਕਾਵਿ ਰਚਨਾ ਬਾਰੇ ਜਾਣਕਾਰੀ ਲੈਣੀ ਸੀ। ਸਨਾਈਡਰ ਦੀਆਂ ਕੁਝ ਕਿਤਾਬਾਂ ਲਾਇਬਰੇਰੀਆਂ ਵਿਚ ਪਈਆਂ ਹਨ, ਜਿਨ੍ਹਾਂ ਵਿਚ ਕੁਝ ਕਾਵਿ ਰਚਨਾਵਾਂ ਹਨ। ਉਹ ਹੁਣ 88 ਦਾ ਹੋ ਗਿਆ ਸੀ। ਰਹਿੰਦਾ ਵੀ ਗਰਾਸ ਵੈਲੀ ਦੇ ਇਲਾਕੇ ਵਿਚ ਸੀ, ਜੋ ਸੈਕਰਾਮੈਂਟੋ ਤੋਂ ਬਹੁਤੀ ਦੂਰ ਨਹੀਂ। ਮੇਰੇ ਲਈ ਇਹ ਦਿਲਚਸਪ ਖਬਰ ਸੀ।

ਸ਼ਾਇਰ ਸਨਾਈਡਰ ਦੀ ਜੀਵਨ ਕਹਾਣੀ ਮੇਰੇ ਲਈ ਖਿੱਚ ਦਾ ਕਾਰਨ ਬਣੀ ਰਹੀ। ਉਹਨੇ ਬਹੁਤ ਯਾਤਰਾ ਕੀਤੀ ਜਿਸ ਵਿੱਚ ਇੰਡੀਆ, ਇੰਡੋਨੇਸ਼ੀਆ, ਅਤੇ ਤੁਰਕੀ ਵੀ ਸ਼ਾਮਲ ਹਨ। ਉਹਨੇ ਬੁੱਧ ਧਰਮ ਬਾਰੇ ਪੜ੍ਹਿਆ ਅਤੇ ਕੁਝ ਸਮਾਂ ਜਾਪਾਨ ਵਿੱਚ ਗੁਜ਼ਾਰਿਆ। ਉਸਦੀ ਕਾਵਿ ਰਚਨਾ ਮੈਂਨੂੰ ਦਿਲਚਸਪ ਲੱਗੀ, ਪਰ ਮੇਰੇ ਨਾਲ ਹੋਰ ਵੀ ਭੂਤ ਚਿੰਬੜੇ ਹੋਏ ਸਨ।

ਹੁਣ ਮੇਰੇ ਲਈ ਟੀ.ਵੀ ਹਸਤੀ ਐਂਡੀ ਰੁਨੀ ਦੇ ਸ਼ਬਦਾਂ ਨੂੰ ਵਿਚਾਰਨ ਦਾ ਸਮਾਂ ਆ ਗਿਆ ਸੀ, ਜੀਹਨੂੰ ਇਕ ਵਾਰ ਮੈਂ ਨੀਊ ਯਾਰਕ ਸ਼ਹਿਰ ਵਿਚ ਮਿਲਿਆ ਵੀ ਸੀ: ‘‘ਮੈਂ ਉਹ ਕੁਝ ਨਹੀਂ ਪੜ੍ਹਦਾ, ਜਿਸਨੂੰ ਦਿਲ ਨਾ ਕਰੇ, ਮੈਂ ਐਸੇ ਗਾਣੇ ਨਹੀਂ ਸੁਣਦਾ ਜਿਸਨੂੰ ਹੋਰ ਲੋਕ ਸੁਣਦੇ ਹਨ। ਸਿਆਣੀ ਉਮਰ ਦੇ ਕੁਝ ਫਾਇਦੇ ਵੀ ਹੁੰਦੇ ਹਨ।’’

ਬਲੈਕ ਚੈਸਮ ਗੁਫਾ ਦੀ ਯਾਤਰਾ ਤੋਂ ਦੋ ਦਿਨ ਪਹਿਲਾਂ ਯਾਤਰਾ-ਪ੍ਰਬੰਧਕਾਂ ਨੇ ਚਿਤਾਵਨੀ ਪੱਤਰ ਭੇਜ ਦਿੱਤਾ ਜਿਸ ਵਿਚ ਇਹ ਵੀ ਲਿਖਿਆ ਸੀ ਕਿ ਗੁਫਾ ਦੇਖਣ ਲਈ ਪੌੜੀ ਦੇ 165 ਡੰਡੇ ਉਤਰਨੇ-ਚੜ੍ਹਨੇ ਪੈਣਗੇ। ਇਸ ਸੂਚੀ ਨੇ ਸਾਡਾ ਧਿਆਨ ਖਿੱਚ ਲਿਆ, ਪਰ ਅਸੀਂ ਫੀਸ ਭਰ ਬੈਠੇ ਸਾਂ, ਸੋਚਿਆ ਕਿ ਹੁਣ ਪ੍ਰੋਗਰਾਂਮ ਬਦਲਣ ਦਾ ਕੋਈ ਫਾਇਦਾ ਨਹੀਂ।

ਦਹਾਕਾ ਪਹਿਲਾਂ ਕੀਮੋ ਅਤੇ ਰੇਡੀਆਲੋਜੀ ਨੇ ਮੇਰੇ ਗੋਡਿਆਂ ਦਾ ਕੂੰਡਾ ਕਰਕੇ ਤੁਰਨ ਜੋਗਾ ਨਹੀਂ ਸੀ ਛੱਡਿਆ। ਮੇਰੇ ਸਥਾਈ ਡਾਕਟਰ ਨੇ ਮੈਂਨੂੰ ਖਾਸ ਪਾਰਕਿੰਗ ਪਰਮਿਟ ਲੈਣ ਦੀ ਸਲਾਹ ਦਿੱਤੀ। ਉਦੋਂ ਮੈਂ ਜਕ ਗਿਆ ਕਿਉਂਕਿ ਮੇਰੀ ਹਾਲਤ ਚੰਗੀ ਹੋ ਰਹੀ ਸੀ ਤੇ ਮੈਂਨੂੰ ਠੀਕ ਨਾ ਲੱਗਿਆ। ਮੇਰੇ ਦਿਲ ਦਾ ਡਾਕਟਰ ਕਹਿੰਦਾ ਸੀ ਕਿ ਦਿਲ ਦੀ ਗਤੀ ਲਈ ਨਿਰਧਾਰਕ ਯੰਤਰ ਪਵਾ ਲਵਾਂ। ਸਥਾਈ ਡਾਕਟਰ ਦੀ ਸਲਾਹ ਲੈਕੇ ਮੈਂ ਨਿਰਧਾਰਕ ਯੰਤਰ ਪਵਾਉਣ ਤੋਂ ਵੀ ਨਾਂਹ ਕਰ ਦਿੱਤੀ।

ਮੈਂ ਅਪਰੇਸ਼ਨਾਂ ਤੋਂ ਅੱਕਿਆ ਥੱਕਿਆ ਹੋਇਆ ਸੀ।

ਅਗਲੇ 15 ਸਾਲ ਮੇਰੇ ਗੋਡੇ ਠੀਕ ਹੁੰਦੇ ਗਏ। ਫੇਰ ਉਹ ‘‘ਮੈਂ, ਵੀ’’ ਲਹਿਰ ਵਿਚ ਸ਼ਾਮਲ ਹੋ ਗਏ। ਉਹ ਮੇਰੇ ਵਰਗੇ ਲੋਕਾਂ ਨੂੰ ਸੁਣਦੇ ਰਹੇ ਹੋਣਗੇ। ਇਸ ਵਾਰ ਜਦ ਮੇਰੇ ਡਾਕਟਰ ਨੇ ਕਾਰ ਖੜੀ ਕਰਨ ਲਈ ਮੇਰੇ ਲਈ ਖਾਸ ਪਾਰਕਿੰਗ ਦੀ ਮਨਜੂਰੀ ਦੇ ਦਿੱਤੀ, ਮੈਂ ਅਰਜੀ ਭਰਨ ਲਈ ਪਾਧਾ ਨਾ ਪੁੱਛਿਆ।

10 ਮਈ, 2018 ਨੂੰ ਅਸੀਂ ਟੂਰ ਬੱਸ ਕੋਲ ਸਮੇਂ ਤੋਂ ਪਹਿਲਾਂ ਪਹੁੰਚ ਗਏ ਅਤੇ ਕਾਰ ਵੀ ਉਸ ਜਗਾ ਲਾ ਦਿੱਤੀ ਜੋ ਅਸਮਰਥ ਲੋਕਾਂ ਲਈ ਬਣਾਈ ਹੋਈ ਸੀ। ਕਿਸੇ ਨੇ ਸਾਡੇ ਵੱਲ ਹੋਰੂੰ ਹੋਰੂੰ ਨਾ ਝਾਕਿਆ, ਭਾਵੇਂ ਮੈਂਨੂੰ ਝਿਜਕ ਆ ਰਹੀ ਸੀ। ਸਿਆਰਾ ਕਾਲਜ ਦੇ ਡੀਟਰਿਕ ਥੀਏਟਰ ਦੇ ਮੂਹਰੇ, ਜਿੱਥੋਂ ਬੱਸ ਨੇ ਸਾਨੂੰ ਚੁੱਕਣਾ ਸੀ, ਕਿਤਾਰ ਬਣਨੀ ਸ਼ੁਰੂ ਹੋ ਗਈ ਸੀ, ਅਸੀਂ ਵੀ ਉਸੇ ਕਤਾਰ ਵਿਚ ਜਾ ਖੜੇ।

‘‘ਬੱਸ ਆਉਣ ਵਾਲੀ ਹੈ। ਸਾਨੂੰ ਗੁਫਾ ਤੱਕ ਡੇਢ ਘੰਟਾ ਲੱਗ ਜਾਵੇਗਾ,’’ ਕਿਸੇ ਨੇ ਘੁਸਰ-ਮੁਸਰ ਕਰ ਦਿੱਤੀ। ਬੱਸ ਆਉਣ ਤੋਂ ਪਹਿਲਾਂ ਕਿਤਾਰ ਦੀਆਂ ਅੱਧੀਆਂ ਸਵਾਰੀਆਂ ਗੁਸਲਖਾਨੇ ਵੱਲ ਖਿਸਕ ਗਈਆਂ।

ਸਾਡਾ ਬੱਸ ਡਰਾਈਵਰ, ਲੈਰੀ, ਇਸ ਇਲਾਕੇ ਦਾ ਚੱਪਾ ਚੱਪਾ ਜਾਣਦਾ ਸੀ। ਉਹ ਸਾਨੂੰ ਗੁਫਾ ਕੋਲ ਸਮੇਂ ਸਿਰ ਲੈ ਗਿਆ। ਕਿਸੇ ਨੇ ਕੋਈ ਚੀਂ ਨਾ ਕੀਤੀ। ਰੌਕਲਿਨ ਤੋਂ ਚੱਲੀ ਬੱਸ ਨੇ ਸਾਨੂੰ ਰੋਜ਼ਵਿਲ, ਫੋਲਸਮ, ਰੈਂਚੋ ਕੋਰਡੋਵਾ, ਅਤੇ ਰੂਟ 16 ਦੇ ਛੋਟੇ ਖੇਤੀਬਾੜੀ ਕਰਦੇ ਪੇਂਡੂ ਇਲਾਕਿਆਂ ਦੀ ਸੈਰ ਕਰਾ ਦਿੱਤੀ। ਇਹ ਰਸਤਾ ਮੈਂ ਪਹਿਲਾਂ ਨਹੀਂ ਸੀ ਦੇਖਿਆ।

ਰਸਤੇ ਵਿਚ ਛੋਟੇ ਛੋਟੇ ਪਹਾੜ ਆਏ, ਨੀਵੇਂ ਪਾਸੇ ਪਸ਼ੂਵਾੜਿਆਂ ਵਿਚ ਘੋੜੇ ਚਰ ਰਹੇ ਸਨ। ਇਸ ਤਰ੍ਹਾਂ ਦੇ ਘੋੜੇ ਦੇਖ ਸਾਨੂੰ ਨੀਊ ਯਾਰਕ ਦਾ ਇੱਥਕਾ ਇਲਾਕਾ ਯਾਦ ਆਇਆ, ਜਿੱਥੇ ਅਸੀਂ ਰਹਿੰਦੇ ਹੁੰਦੇ ਸੀ। ਪਹਾੜੀਆਂ ਦੇ ਲਾਗੇ ਲਾਗੇ ਖੁਦਾਈ ਕੀਤੇ ਪੱਧਰ ਟੁਕੜੇ ਕੁਦਰਤ ਨੂੰ ਦਿਨੋ-ਦਿਨ ਬਦਸੂਰਤ ਬਣਾਈ ਜਾ ਰਹੇ ਸਨ। ਇਕ ਮਹੀਨਾ ਪਹਿਲਾਂ ਅਸੀਂ ਇੰਡੀਆ ਦੇ ਬਿਹਾਰ ਸੂਬੇ ਵਿਚ ਪਹਾੜਾਂ ਦੀ ਤਬਾਹੀ ਹੁੰਦੇ ਇਲਾਕੇ ਵਿੱਚੋਂ ਲੰਘੇ ਸਾਂ।

ਬਲੈਕ ਚੈਸਮ ਗੁਫਾ ਇਕ ਸੰਘਣੇ ਦਰਖਤਾਂ ਵਾਲੇ ਇਲਾਕੇ ਵਿਚ ਹੈ। ਕੈਲੇਫੋਰਨੀਆ ਦੇ ਇਸ ਨਗਰ ਦਾ ਨਾਂ ਹੈ, ਵੋਲਕੈਨੋ (Volcano) ਜਿਸਤੋਂ ਭੁਚਾਲ਼ ਦਾ ਭੁਲੇਖਾ ਪੈਂਦਾ ਹੈ। ਇਹਨੂੰ ਸੋਨੇ ਦਾ ਇਲਾਕਾ ਵੀ ਕਹਿੰਦੇ ਹਨ, ਪਰ ਏਥੇ ਭੁਚਾਲਾਂ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ।

ਬਲੈਕ ਚੈਸਮ ਗੁਫਾ ਨੂੰ ਭਾਵੇਂ ਕੌਮੀ ਨਿਸ਼ਾਨੀ ਗਰਦਾਨਿਆ ਜਾਂਦਾ ਹੈ, ਪਰ ਇਸਨੂੰ ਸਰਕਾਰ ਨਹੀਂ ਚਲਾਉਂਦੀ, ਸਗੋਂ ਕਿਸੇ ਦੀ ਨਿੱਜੀ ਜ਼ਾਇਦਾਦ ਹੈ, ਜਿਸਨੂੰ ਸਿਰਫ ਪੰਜ-ਛੇ ਕਰਮਚਾਰੀ ਚਲਾਉਂਦੇ ਹਨ। ਇਕ ਕਰਮਚਾਰੀ ਗਾਈਡ ਨੇ ਦੱਸਿਆ ਕਿ ਇਥੋਂ ਦੇ ਆਦਿਵਾਸੀਆਂ ਨੇ ਇਹ ਗ਼ੁਫਾ ਕੋਲੰਬਸ ਦੇ ਅਮ੍ਰੀਕਾ ਪਹੁੰਚਣ ਤੋਂ ਬਹੁਤ ਚਿਰ ਪਹਿਲਾਂ ਲੱਭ ਲਈ ਸੀ। ਪਰ ਸੋਨਾ-ਦੌੜ ਸਮੇਂ ਇਸ ਵਿਚ ਕੁਝ ਕੰਮ ਵੀ ਕੀਤਾ ਗਿਆ। ਕੁਝ ਸੋਨਾ ਲਭਦੇ ਲੋਕਾਂ ਨੇ ਭੰਨ-ਤੋੜ ਵੀ ਕੀਤੀ।

ਗਾਈਡ ਸਾਨੂੰ ਭੀੜੀ ਖ਼ੱਡ ਰਾਂਹੀਂ ਗੁਫਾ ਅੰਦਰ ਲੈ ਗਿਆ ਜਿਸ ਵਿਚ 165 ਡੰਡਿਆਂ ਵਾਲੀ ਪੌੜੀ ਲੱਗੀ ਹੋਈ ਸੀ। ਕਈ ਚੌਂਤਰੇ ਵੀ ਸਨ। ਹੇਠਲੀ ਪੌੜੀ ਦੇ ਲਾਗੇ ਜੋ ਚੌਂਤਰਾ ਸੀ, ਉਸ ਚੌਂਤਰੇ ਤੋਂ ਬਹੁਤ ਹੇਠਾਂ ਪਾਣੀ ਦਿਸਦਾ ਸੀ, ਜਿਸਦੇ ਕੋਲ ਪਹੁੰਚਣ ਲਈ ਕਿਸੇ ਹੋਰ ਪਾਸੇ ਦੀ ਜਾਣ ਲਈ ਰਸਤਾ ਸੀ, ਜੋ ਕਿਸੇ ਹੋਰ ਦਿਨ ਖੋਲਿਆ ਜਾਂਦਾ ਸੀ। ਸਾਡੇ ਲਈ ਇਤਨਾ ਹੀ ਕਾਫੀ ਸੀ। ਜਿਸ ਤਰ੍ਹਾਂ ਦੇ ਪੱਥਰਾਂ ਦੀ ਗੁਫਾ ਅੰਦਰੋਂ ਸੀ, ਕੁਦਰਤ ਦਾ ਕ੍ਰਿਸ਼ਮਾ ਵੱਖਰਾ ਹੈ। ਇਹ ਮਜਬੂਤ ਬਲੌਰੀ ਪੱਥਰਾਂ ਦਾ ਕ੍ਰਿਸ਼ਮਾ ਸਾਡੇ ਦੇਖਣ ਲਈ ਸੀ, ਹੱਥ ਲਾਉਣਾ ਮਨਾ ਸੀ।

ਵਿਗਿਆਨਕ ਅਨੁਮਾਨਾ ਅਨੁਸਾਰ ਇਸ ਗੁਫਾ ਵਿਚਲੇ ਬਲੌਰੀ ਪੱਥਰ ਇਸੇ ਤਰ੍ਹਾਂ ਅਰਬਾਂ-ਖਰਬਾਂ ਸਾਲਾਂ ਦੇ ਖੜੇ ਹਨ। ਅੰਦਰੋਂ ਇਹ ਐਨੇ ਮਜਬੂਤ ਹਨ ਕਿ ਕੈਲੇਫੋਰਨੀਆ ਦੇ ਬੇਅੰਤ ਭੂਚਾਲ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇ।
ਗੁਫਾ ਦੇ ਅੰਦਰਲਾ ਤਾਪਮਾਨ ਤਕਰੀਬਨ 58 ਡਿਗਰੀ ਦੇ ਲਾਗੇ ਤਾਗੇ ਰਿਹਾ, ਜਿਸ ਕਰਕੇ ਗਰਮੀਆਂ ਵਿਚ ਵੀ ਸਾਨੂੰ ਹਲਕੀ ਜਿਹੀ ਜੈਕਟ ਪਾਉਣੀ ਪਈ। ਗਾਈਡ ਨੇ ਬਲੌਰੀ ਪੱਥਰਾਂ ਤੇ ਬੈਟਰੀ ਨਾਲ ਇਸ਼ਾਰੇ ਕਰਕੇ ਭਾਸ਼ਣ ਦਿੱਤਾ। ਇਸੇ ਤਰ੍ਹਾਂ ਗੁਫਾ ਦੇ ਥੱਲੇ। ਦਰਸ਼ਕ ਪੌੜੀਆਂ ਤੇ ਖਿਲਰੇ ਸਵਾਲ ਪੁਛਦੇ ਰਹੇ। ਜੋ ਨਜ਼ਾਰੇ ਅਸੀਂ ਦੇਖੇ , ਇਨ੍ਹਾਂ ਨੂੰ ਇਨਸਾਨ ਨਹੀਂ ਘੜ ਸਕਦੇ, ਸਿਰਫ ਕੁਦਰਤ ਹੀ ਘੜ ਸਕਦੀ ਹੈ।

ਅੱਜ ਸਵਾਰੀਆਂ ਵੀ ਖ਼ੁਸ਼ ਲਗਦੀਆਂ ਸਨ। ਕੋਈ ਆਪਣੀਆਂ ਸਿਫਤਾਂ ਕਰਨ ਵਿਚ ਨਾ ਲੱਗਿਆ। ਘੰਟਾ ਕੁ ਗੁਫਾ ਦੇ ਅੰਦਰ ਲੱਗਿਆ, ਫਿਰ ਘਰੋਂ ਲਿਆਂਦਾ ਨਿੱਕ-ਸੁੱਕ ਖਾਕੇ ਘੁੰਮਣ ਲੱਗ ਪਏ। ਏਨੇ ਨੂੰ ਵਾਪਸ ਜਾਣ ਲਈ ਹੋਕਾ ਆ ਗਿਆ।

ਬਲੈਕ ਚੈਸਮ ਗੁਫਾ ਦੀ ਇਕ ਤਸਵੀਰ, ਮੇਰੀਆਂ ਯਾਦਾਂ ਦੀ ਗਠੜੀ ਵਿਚ ਹਮੇਸ਼ਾਂ ਲਈ ਜੜੀ ਹੋਈ ਹੈ।

ਐਮਾਡੋਰ ਕਾਊਂਟੀ ਵਿਚ ਪੈਂਦੀ ਬਲੈਕ ਚੈਸਮ ਗੁਫਾ ਦੀ ਅੰਦਰਲੀ ਛੱਤ। in Amador County, California ਫੋਟੋ,ਗੁਰਦੇਵ ਸਿੰਘ ਘਣਗਸ, 2018

ਗੁਫਾ ਦੀ ਯਾਤਰਾ ਤੋਂ ਬਾਅਦ ਖਬਰਾਂ ਆਉਣ ਲੱਗ ਪਈਆਂ ਕਿ ਥਾਈਲੈਂਡ ਦੇ ਨੌਜਵਾਨ ਖਿਡਾਰੀ ਅਤੇ ਉਨ੍ਹਾਂ ਦਾ ਕੋਚ ਭਾਰੀ ਬਾਰਸ਼ਾਂ ਕਰਕੇ ਇਕ ਗੁਫਾ ਵਿੱਚ ਫਸ ਗਏ। ਆਖਰ ਵਿਚ ਉਹਨਾਂ ਨੂੰ ਜਿਊਂਦੇ ਬਾਹਰ ਲਿਆਂਦਾ ਗਿਆ। ਅਮਰੀਕਾ/ਮੈਕਸੀਕੋ ਦੇ ਬਾਰਡਰ ਤੇ ਬਾਹਰੋਂ ਆਏ ਮਾਪਿਆਂ ਅਤੇ ਬੱਚਿਆਂ ਨੂੰ ਵੱਖ ਕਰਨ ਦਾ ਮਸਲਾ ਫੁੱਟਬਾਲ ਬਣ ਚੁੱਕਾ ਸੀ, ਜਿਸਦਾ ਹੱਲ ਦਿਸ ਨਹੀਂ ਸੀ ਰਿਹਾ। ਅਤੇ, ਸਾਨੂੰ ਪੂਰਬੀ ਤੱਟ ਵੱਲੋਂ ਆਏ ਦੋ ਤਰ੍ਹਾਂ ਦੇ ਮਹਿਮਾਨਾਂ ਲਈ ਸਮਾਂ ਕੱਢਣਾ ਪਿਆ। ਪਹਿਲਾ ਟੋਲਾ, ਜੋ ਮੇਰੇ ਸਿਰਾਕਿਊਜ ਦੇ ਦਿਨਾਂ ਵੇਲੇ ਦਾ ਸੀ, ਜਾਣ ਦੀ ਗੱਲ ਨਾ ਕਰੇ। ਦੂਜਾ ਭਜੂੰ ਭਜੂੰ ਕਰਦਾ ਰਿਹਾ।

ਲਗਦਾ ਤਾਂ ਏਦਾਂ ਹੀ ਸੀ।

ਮੈਂਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ ਵਿਚ ਅਸੀਂ ਸਾਨ ਫਰਾਂਸਿਸਕੋ ਵੀ ਗਏ, ਲੇਕ ਟਾਹੋ ਵੀ ਗਏ। ਲੇਕ ਟਾਹੋ ਜਾਣ ਸਮੇਂ, ਮੈਂਨੂੰ ਅਨੁਭਵ ਹੋ ਗਿਆ ਕਿ ਹੁਣ ਮੈਂਨੂੰ ਵਿੰਗੀਆਂ ਟੇਢੀਆਂ ਸੜਕਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਲੇਕ ਟਾਹੋ ਦੇ ਕੈਲੇਫੋਰਨੀਆ ਵਾਲੇ ਪਾਸੇ ਇਨਸਪਿਰੇਸ਼ਨ ਪੋਆਇੰਟ (Inspiration Point) ਇਕ ਐਸੀ ਜਗ੍ਹਾ ਹੈ, ਜਿੱਥੋਂ ਝੀਲ ਦਾ ਨਜ਼ਾਰਾ ਤਾਂ ਦੇਖਣ ਵਾਲਾ ਹੈ, ਪਰ ਇੱਥੇ ਪਹੁੰਚਣ ਲਈ ਤੰਗ ਪੁਲ ਰਾਹੀਂ ਜਾਣਾ ਪੈਂਦਾ, ਜਿਸਦੇ ਕੰਢੇ ਖੁੱਲੇ ਹਨ ਅਤੇ ਥੱਲੇ ਪਾਣੀ ਤੱਕ ਸੁੰਨ-ਮਸਾਨ ਹੈ।

‘‘ਮੈਂ ਤੈਨੂੰ ਦੁਬਾਰਾ ਨੀ ਆਉਣ ਦੇਣਾ ਏਥੇ,’’ ਸੁਰਿੰਦਰ ਕਹਿੰਦੀ।
‘‘ਅਤੇ ਮੈਂ ਕਿਸੇ ਬੱਚੇ ਨਾਲ ਵੀ ਨਹੀਂ ਆਉਣਾ।’’

ਬੱਚੇ ਰੋਕਿਆਂ ਵੀ ਕਾਰਾਂ ਤੇਜ਼ ਚਲਾਉਂਦੇ ਰਹਿੰਦੇ ਹਨ। ਇਹ ਸੁਰਿੰਦਰ ਦੀ, ਟਾਹੋ ਝੀਲ਼ ਅਤੇ ਸੀਆਰਾ ਪਹਾੜਾਂ ਵੱਲ, ਆਖਰੀ ਫੇਰੀ ਜਾਪਣ ਲੱਗ ਪਈ ਸੀ।

ਕਦੇ ਕਦੇ ਸੁਰਿੰਦਰ ਨਾਲ ਮੈਂ 100% ਸਹਿਮਤ ਹੁੰਦਾ ਹਾਂ। ਇਹ ਵੀ ਇਕ ਐਸਾ ਮੌਕਾ ਸੀ।

***

ਅਧਿਆਇ 23
ਸੜਕਾਂ ਤੇ ਵਾਰ ਵਾਰ ਬਊਂ ਬਊਂ
ਸੈਲਮਾ ਦੇ ਦਰਸ਼ਨ

ਹਾਈ ਸਕੂਲ ਵਿਚ ਇਤਿਹਾਸ ਮੇਰਾ ਮਨ-ਪਸੰਦ ਮਜ਼ਮੂਨ ਨਹੀਂ ਸੀ। ਅਧਿਆਪਕ ਤਾਂ ਸੁਭਾਅ ਦੇ ਚੰਗੇ ਅਤੇ ਨਿਪੁੱਨ ਸਨ, ਪਰ ਇਹ ਵਿਸ਼ਾ ਮੇਰੇ ਲਈ ਸਿਰਫ ਘੋਟਾ ਲਾਕੇ ਪਾਸ ਕਰਨ ਵਾਲਾ ਸੀ, ਦਿਲਚਸਪ ਨਹੀਂ ਸੀ। ਮੈਂਨੂੰ ਉਹੀ ਮਜ਼ਮੂਨ ਚੰਗੇ ਲਗਦੇ, ਜਿਨ੍ਹਾਂ ਲਈ ਇਸ ਤਰ੍ਹਾਂ ਮੱਥਾ ਨਾ ਮਾਰਨਾ ਪਵੇ। ਮੈਂਨੂੰ ਘੁੰਮ ਫਿਰ ਕੇ ਦੁਨੀਆ ਦੇਖਣੀ ਪਸੰਦ ਸੀ। ਬਾਅਦ ਵਿਚ ਗਿਆਨ ਹੋਇਆ ਕਿ ਘੁਮੱਕੜ ਹੋਣਾ ਮੇਰੀ ਫਿਤਰਤ ਦਾ ਹਿੱਸਾ ਹੈ। ਇਸ ਕਰਕੇ ਮੈਂ ਦੁਨੀਆ ਨੂੰ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਘੋਖਦਾ ਹਾਂ।

ਅਗਸਤ 2014 ਵਿਚ, ਪਹਿਲੀ ਯਾਦਦਾਸ਼ਤ ਲਿਖਣ ਸਮੇਂ, ਮੈਂ ਐਲਾਬਾਮਾ ਅਤੇ ਜੋਰਜੀਆ ਸੂਬਿਆਂ ਵੱਲ ਘੁੰਮਣ ਗਿਆ। ਉਸ ਸਮੇਂ ਮੈਂ ਪਹਿਲੀ ਵਾਰ ਸੈਲਮਾ ਵੀ ਗਿਆ। ਸੈਲਮਾ ਇਕ ਪੁਰਾਣੀ ਇਤਿਹਾਸਕ ਜਗ੍ਹਾ ਹੈ, ਜੋ ਮਨੁੱਖੀ ਹੱਕਾਂ ਲਈ ਸੈਲਮਾ ਤੋਂ ਮੋਂਟਗੁਮਰੀ ਤੱਕ ਕੀਤੀ ਯਾਤਰਾ ਕਰਕੇ ਹੋਰ ਮਸ਼ਹੂਰ ਹੋ ਗਈ। ਇਹ ਸੰਨ 1965 ਦੀ ਗੱਲ ਹੈ।

ਸੈਲਮਾ ਸ਼ਹਿਰ ਦਾ ਜੰਮਪਲ਼, ਜੋਹਨ ਫਾਲਕਨਬੈਰੀ, ਇਕ ਵਕੀਲ ਸੀ ਜਿਸਨੇ ਪੱਚੀ ਸਾਲ ਪਹਿਲਾਂ ਬਰਮਿੰਘਮ ਤੋਂ ਮੇਰੀ ਪ੍ਰਤਿਨਿਧਤਾ ਕੀਤੀ ਸੀ। ਉਹਦਾ ਬਰਮਿੰਘਮ ਦਫਤਰ ਦਾ ਫੋਨ ਕਾਫੀ ਦੇਰ ਤੋਂ ਬੰਦ ਸੀ, ਇਸ ਲਈ ਮੈਂ ਉਹਨੂੰ ਸੈਲਮਾ ਵਿਚ ਲੱਭਣ ਦੀ ਕੋਸ਼ਿਸ਼ ਕੀਤੀ। ਉਹਦੇ ਬਾਰੇ ਪੁੱਛ-ਪੁਛਾਂਦਿਆ ਮੈਂ ਸਾਰਾ ਸ਼ਹਿਰ ਗਾਹ ਮਾਰਿਆ। ਭਾਵੇਂ ਮੈਂ ਉਹਨੂੰ ਲੱਭ ਨਾ ਸਕਿਆ, ਉਸ ਛੋਟੇ ਜਿਹੇ ਸ਼ਹਿਰ ਦੀ ਕਾਰ ਯਾਤਰਾ, ਮੈਂ ਖੂਭ ਮਾਣੀ।

ਸੈਲਮਾ ਇਤਿਹਾਸਕ ਘਰਾਂ ਨਾਲ ਭਰਿਆ ਹੋਇਆ ਹੈ। ਓਥੇ ਇਕ ਗਿਰਜ਼ਾ ਘਰ ਵੀ ਹੈ ਜਿੱਥੇ ਮਾਰਟਨ ਲੂਥਰ ਕਿੰਗ ਉਪਦੇਸ਼ ਦਿਆ ਕਰਦਾ ਸੀ। ਇਹ ਗਿਰਜ਼ਾ ਐਲਾਬਾਮਾ ਨਦੀ ਦੇ ਇਕ ਵਿਵਾਦੀ ਪੁਲ ਦੇ ਲਾਗੇ ਹੈ। ਇਹ ਚੰਦਰਾ ਪੁਲ ਜਿਸਦਾ ਨਾਂ ਹੈ ਐਡਮੰਡ ਪੀਟਸ ਬਰਿਜ (Edmund Pettus Bridge), ਹਾਈਵੇ 80 ਤੇ ਸੈਲਮਾ ਨੂੰ ਮੋਂਟਗੁਮਰੀ ਨਾਲ ਮਿਲਾਉਂਦਾ ਹੈ। ਇਸ ਪੁਲ਼ ਤੇ ਪੁਲਸ ਨੇ ਮੋਂਟਗੁਮਰੀ ਵੱਲ ਤੁਰੇ ਲੋਕ-ਹਿਤਕਾਰੀ ਨਿਹੱਥੇ ਲੋਕਾਂ ਤੇ ਮੋਟੇ ਡੰਡਿਆਂ ਨਾਲ ਬਾਰਸ਼ ਕੀਤੀ ਅਤੇ ਟੀਅਰ ਗੈਸ ਛਿੜਕੀ।

ਪੁਲ਼ ਦੇ ਥੱਲੇ ਲਗਦਾ ਇਕ ਦਿਲ ਖਿਚੂ ਪਾਰਕ ਹੈ, ਜਿੱਥੇ ਮੈਂ ਥੋੜੀ ਦੇਰ ਇਕੱਲਾ ਘੁੰਮਦਾ ਰਿਹਾ, ਤਸਵੀਰਾਂ ਖਿੱਚੀਆਂ ਅਤੇ ਇਕਾਂਤ ਦਾ ਆਨੰਦ ਮਾਣਿਆ। ਉਸੇ ਹਫਤੇ ਮਿਜ਼ੂਰੀ ਸੂਬੇ ਦੇ ਫਰਗੂਸਨ ਸ਼ਹਿਰ ਵਿਚ ਖਲਬਲ ਹੋ ਰਹੀ ਸੀ। ਮੈਂ ਟੀ.ਵੀ. ਤੋਂ ਪਰੇ ਰਹਿ ਰਿਹਾ ਸੀ। ਫਰਗੂਸਨ ਵਿਚਲੀ ਖਲਬਲ ਦਾ ਮੈਂਨੂੰ ਵਾਪਸ ਘਰ ਪਹੁੰਚ ਕੇ ਪਤਾ ਚੱਲਿਆ।

ਸੈਲਮਾ ਦੇ ਲਾਗੇ, ਲਿਖਾਰੀਆਂ ਲਈ ਮੋਨਰੋਵਿੱਲ ਇਕ ਦਿਲਚਸਪ ਨਗਰ ਹੈ। ਲੇਖਕ ਹਾਰਪਰ ਲੀਅ ਦੇ ਨਾਵਲ,‘‘ To Kill a Mockingbird,’’ ਕਰਕੇ ਇਹ ਬਸਤੀ ਮਸ਼ਹੂਰ ਹੋ ਗਈ। ਲੀਅ ਇਥੋਂ ਦਾ ਜੰਮਪਲ ਸੀ। ਮੈਂ ਵੀ ਲੀਅ ਬਾਰੇ ਅਤੇ ਉਹਦੇ ਲਿਖਾਰੀ ਹੋਣ ਬਾਰੇ ਕਾਫੀ ਕੁਝ ਪੜ੍ਹਿਆ ਸੀ।

ਮੋਨਰੋਵਿੱਲ ਅਤੇ ਸੈਲਮਾ ਦੇ ਦਰਸ਼ਨਾਂ ਤੋਂ ਬਾਅਦ, ਮੈਂ ਕਾਰ ਘੁਮਾਈ ਤੇ ਬਿਰਮਿੰਘਮ (ਐਲਾਬਾਮਾ) ਠਹਿਰਾਓ ਕੀਤਾ। ਓਥੇ ਮੈਂ ਪਹਿਲਾਂ ਬਸ ਰਾਹੀਂ ਟੂਰ ਕੀਤਾ, ਫੇਰ ਆਪਣੀ ਕਾਰ ਘੁਮਾਕੇ ਸ਼ਹਿਰ ਦੇਖਿਆ।

ਬਿਰਮਿੰਘਮ ਦਾ ਇਤਿਹਾਸ ਆਪੇ ਬੋਲਦਾ ਹੈ – – ਬੰਦੇ ਨੂੰ ਸੋਚਾਂ ਵਿਚ ਪਾ ਜਾਂਦਾ ਹੈ।
***

ਅਧਿਆਇ 24
ਯੂਬਾ ਸਿੱਟੀ ਅਤੇ ਅੱਗੇ

‘‘ਮੇਰਾ ਯੂਬਾ ਸਿਟੀ ਦੀ ਪਰੇਡ ਦੇਖਣ ਨੂੰ ਬਹੁਤ ਦਿਲ ਕਰਦਾ ਹੈ, ’’ ਜਦ ਸੈਂਡੀ ਨੇ ਇਹ ਸ਼ਬਦ ਕਹੇ, ਮੈਂ ਹੈਰਾਨ ਰਹਿ ਗਿਆ। ਅਸੀਂ ਰੈਸਟੋਰੈਂਟ ਵਿਚ ਬੈਠੇ ਖਾਣਾ ਉਡੀਕ ਰਹੇ ਸਾਂ। ਸੈਂਡੀ, ਅਤੇ ਉਸਦਾ ਪਤੀ, ਰੌਨ, ਉਸੇ ਛੱਤੇ ਤਲਾਅ ਵਿਚ ਜਾਂਦੇ ਜਿੱਥੇ ਮੈਂ ਪਾਣੀ ਵਿਚ ਕਸਰਤਾਂ ਕਰਦਾ ਹੁੰਦਾ ਸੀ। ਸੈਂਡੀ ਛਾਤੀ ਦੀ ਕੈਂਸਰ ਦੀ ਚੀੜ-ਫਾੜ ਕਰਵਾਉਣ ਤੋਂ ਬਾਅਦ ਕੀਮੋ ਕਰਵਾ ਰਹੀ ਸੀ।

ਮੈਂਨੂੰ ਲਗਦਾ ਸੀ ਕਿ ਯੂਬਾ ਸਿਟੀ ਦੀ ਪਰੇਡ ਮੇਰੀ ਉਮਰ ਦੇ ਲੋਕਾਂ ਦੀ ਸਿਹਤ ਲਈ ਖਤਰਾ ਸੀ। ਇਸ ਲਈ ਮੈਂ ਸੈਂਡੀ ਤੇ ਰੌਨ ਨੂੰ ਕਿਸੇ ਵੱਖਰੇ ਦਿਨ ਉਥੇ ਲੈ ਜਾਣ ਦਾ ਵਾਹਦਾ ਕਰ ਦਿੱਤਾ ਜਦ ਭੀੜ ਨਾ ਹੋਵੇ। ਪਰ, ਉਹ ਦਿਨ ਕਦੇ ਨਾ ਆਇਆ, ਪੂਰਾ ਸਾਲ ਬੀਤ ਗਿਆ।

ਹੁਣ ਨਵੰਬਰ ਦਾ ਮਹੀਨਾ ਨੇੜੇ ਆ ਪਹੁੰਚਿਆ, ਤੇ ਮੈਂ ਯੂਬਾ ਸਿਟੀ ਦੀ ਪਰੇਡ ਅਤੇ ਸੈਂਡੀ ਦੀ ਖਾਹਸ਼ ਬਾਰੇ ਸੋਚ ਰਿਹਾ ਸਾਂ। ਨਵੰਬਰ 6, 2018 ਦੀਆਂ ਮਿਡ-ਟਰਮ ਚੋਣਾਂ ਵਿਚ ਮਸਾਂ ਹਫਤਾ ਰਹਿ ਗਿਆ ਸੀ। ਕੈਲੇਫੋਰਨੀਆ ਦੇ ਗਵਰਨਰ, ਜੈਰੀ ਬਰਾਊਨ, ਦੇ ਚੋਣਾਂ ਤੋਂ ਬਾਅਦ, ਆਪਣੇ ਪਸ਼ੂਵਾੜੇ ਵਿਚ ਰੀਟਾਇਰ ਹੋਣ ਦੀਆਂ ਖਬਰਾਂ ਚੱਲ ਰਹੀਆਂ ਸਨ। ਇਹ ਪਸ਼ੂਵਾੜਾ ਕਲੂਸਾ ਦੇ ਇਲਾਕੇ ਵਿਚ ਹੈ, ਜਿਹੜਾ ਯੂਬਾ ਸਿਟੀ ਤੋਂ ਬਹੁਤਾ ਦੂਰ ਨਹੀਂ। ਮੈਂ ਕਦੇ ਕਲੂਸਾ ਨਹੀਂ ਸੀ ਗਿਆ। ਅਸੀਂ ਹੁਣੇ ਹੁਣੇ ਟਰੱਕੀ ਦੇ ਇਲਾਕੇ ਦੀ ਸੈਰ ਕੀਤੀ ਹੋਈ ਸੀ, ਜਿਸ ਕਰਕੇ ਮਨ ਲਾਗ-ਲਗਦੇ ਇਲਾਕੇ ਦੇਖਣ ਲਈ ਉਤਸ਼ਾਹਤ ਹੋ ਚੁੱਕਾ ਸੀ।

ਸੰਨ 1974-76 ਦਰਮਿਆਨ ਯੂਨੀਵਰਸਿਟੀ ਆਫ ਕੈਲੇਫੋਰਨੀਆ, ਬਰਕਲੇ, ਵਿਚ ਕੰਮ ਕਰਦੇ ਸਮੇਂ, ਸੁਰਿੰਦਰ ਅਤੇ ਮੈਂ ਇਕ ਪੰਜਾਬੀ ਦੋਸਤ ਪਰਿਵਾਰ ਨਾਲ ਚੀਕੋ ਸ਼ਹਿਰ ਗਏ। ਰਾਹ ਵਿਚ ਯੂਬਾ ਸਿਟੀ ਹੈ। ਅਸੀਂ ਯੂਬਾ ਸਿਟੀ ਵੀ ਕਈ ਵਾਰ ਗਏ। ਗੁਰਦਵਾਰਾ ਟਾਇਰਾ ਬੁਇਨਾ ਰੋਡ ਵਾਲਾ, ਜੋ ਅਜੇ ਵੀ ਹੈ, ਉਸ ਸਮੇਂ ਉਥੇ 50-100 ਕੁ ਲੋਕਾਂ ਦੀ ਸੰਗਤ ਹੁੰਦੀ ਸੀ। ਲੰਗਰ ਵੀ ਚਲਦਾ ਸੀ। ਵਿਆਹ-ਸ਼ਾਦੀਆਂ ਬਾਰੇ ਕੁਝ ਨਹੀਂ ਯਾਦ।

ਸੰਨ 2010 ਵਿਚ ਜਦ ਅਸੀਂ ਕੈਲੇਫੋਰਨੀਆ ਵਾਪਸ, ਯੂਬਾ ਸਿਟੀ ਦੇ ਨੇੜੇ ਆ ਵਸੇ, ਤਾਂ ਆਉਣਾ ਜਾਣਾ ਵੀ ਸੌਖਾ ਹੋ ਗਿਆ। ਅਸੀਂ ਲਾਗ ਪਾਸ ਦੇ ਗੁਰੂ ਘਰਾਂ ਦੇ ਵਾਕਫ ਹੋ ਗਏ। ਹੁਣ ਗੁਰੂ ਘਰਾਂ ਵਿਚ ਵਿਆਹ-ਮੰਗਣਿਆਂ ਸਮੇਤ, ਅੰਤਮ ਅਰਦਾਸ ਦੀਆਂ ਰਸਮਾਂ ਵੀ ਚਲਦੀਆਂ ਰਹਿੰਦੀਆਂ ਹਨ।

ਦੋ ਸਾਲ ਰਹਿਕੇ, ਸੰਨ 1976 ਵਿਚ, ਅਸੀਂ ਕੈਲੇਫੋਰਨੀਆ ਛੱਡ ਗਏ। ਸਾਡੇ ਜਾਣ ਮਗਰੋਂ, ਪਿਛਲੇ 34 ਸਾਲਾਂ ਵਿਚ ਦੁਨੀਆ ਬਦਲ ਚੁੱਕੀ ਸੀ, ਯੂਬਾ ਸਿਟੀ ਵੀ ਬਦਲ ਗਈ ਸੀ। ਸੰਨ 1980 ਵਿਚ ਯੂਬਾ ਸਿਟੀ ਵਿਚ ਸਿੱਖ ਸੰਗਤਾਂ ਨੇ ਨਗਰ ਕੀਰਤਨ (ਪਰੇਡ) ਵੀ ਸ਼ੁਰੂ ਕਰ ਲਿਆ ਸੀ। ਪਹਿਲਾਂ ਪਹਿਲ ਤਾਂ ਇਸ ਵਿਚ ਹਾਜਰੀ ਸਿਰਫ 6,500 ਕੁ ਹੁੰਦੀ ਸੀ। ਸੰਨ 2017 ਤੱਕ ਇਹ ਗਿਣਤੀ 100,000 ਟੱਪ ਗਈ ਸੀ। ਦੁਨੀਆ ਭਰ ਦੇ ਛੋਟੇ ਵੱਡੇ ਮੁਲਕਾਂ ਤੋਂ ਸੰਗਤ ਆ ਜੁੜਦੀ।

ਯੂਬਾ ਸਿਟੀ ਦੇ ਆਸ-ਪਾਸ ਬਹੁਤ ਸਾਰੇ ਲੋਕ ਉਦੋਂ ਆਉਣੇ ਸ਼ੁਰੂ ਹੋਏ, ਜਦ ਇੰਦਰਾ ਗਾਂਧੀ 1966 ਵਿਚ ਪਰਧਾਨ ਮੰਤਰੀ ਬਣ ਗਈ। ਫੇਰ ਉਸਨੇ 1984 ਵਿਚ, ਪੰਜਾਬ ਦੇ ਗੁਰਦਵਾਰਿਆਂ ਵਿਚ ਫੌਜੀ ਹਮਲਾਵਾਰੀ ਸ਼ੁਰੂ ਕਰ ਲਈ, ਜਿਸ ਵਿਚ ਅਣਗਿਣੇ ਸ਼ਰਧਾਲੂ ਮਾਰੇ ਗਏ। ਉਹਦਾ ਆਪਣੇ ਸਿੱਖ ਰਖਵਾਲਿਆਂ ਹੱਥੋਂ ਮਾਰੇ ਜਾਣਾ ਕੋਈ ਅਚੰਭਵ ਗੱਲ ਨਹੀਂ ਸੀ।

ਹਿੰਦੂ-ਅੱਤਵਾਦੀਆਂ ਨੇ ਇਸ ਘਟਨਾ ਦਾ ਸਹਾਰਾ ਲੈਕੇ ਸਿਧਰੇ-ਪੁਧਰੇ ਬੇ-ਕਸੂਰ ਲੋਕਾਂ ਉਪਰ ਹਮਲੇ ਕੀਤੇ ਅਤੇ ਉਹਨਾਂ ਦੇ ਘਰ ਸਾੜੇ। ਸਰਕਾਰ ਖੜ੍ਹੀ ਦੇਖਦੀ ਰਹੀ। ਬਹੁਤ ਸਾਰੇ ਸਿੱਖ ਅਲੋਪ ਹੋ ਗਏ। ਜਿਹੜੇ ਬਚੇ ਉਹਨਾਂ ‘ਚੋਂ ਕੁਝ ਦਿੱਲੀ ਛੱਡ ਹੋਰ ਥਾਵਾਂ ਤੇ ਵਸ ਗਏ। ਕੁਝ ਯੂਬਾ ਸਿਟੀ ਲਾਗੇ ਵੀ ਹਨ। ਯੂਬਾ ਸਿਟੀ ਪਰੇਡ ਵਿਚ ਉਹ ਵੀ ਆਪਣੇ ਦੁੱਖ ਧੋ ਜਾਂਦੇ ਹਨ, ਜਾਂ ਦੱਸ ਜਾਂਦੇ ਹਨ ਜੇ ਕੋਈ ਸੁਣਦਾ ਹੋਵੇ।

ਅਕਤੂਬਰ 29 ਵਾਲੇ ਦਿਨ, ਮੈਂ ਤੇ ਸੁਰਿੰਦਰ ਨੇ ਪਰੇਡ ਤੋਂ ਛੇ ਦਿਨ ਪਹਿਲਾਂ ਜਾਣ ਦਾ ਫੈਸਲਾ ਕਰ ਲਿਆ। ਸੇਵਕਾਂ ਨੇ ਤੰਬੂ ਖੜੇ ਕਰ ਲਏ ਸਨ। ਦੋ ਤੰਬੂਆਂ ਵਿਚ ਸੇਵਕ ਦੇਸੀ ਭੋਜਨ ਤਿਆਰ ਕਰਕੇ ਵੱਡੇ ਸਾਰੇ ਟਰੱਕ ਵਿਚਲੇ ਬਰਫ ਜਮਾਊ ਖਾਨੇ ਵਿਚ ਟਿਕਾਈ ਜਾ ਰਹੇ ਸਨ। ਅਸੀਂ ਕੁਝ ਫੋਟੋਆਂ ਖਿੱਚੀਆਂ ਤੇ ਕਲੂਸਾ ਵੱਲ ਜਾਂਦੇ ਰੂਟ 20 ਤੇ ਚੜ੍ਹ ਗਏ। ਯੂਬਾ ਸਿਟੀ ਤੋਂ ਕਲੂਸਾ 30 ਕੁ ਮੀਲ ਹੈ। ਸੂਚਨਾ ਕੇਂਦਰ ਦਾ ਦਫਤਰ ਉਸ ਦਿਨ ਬੰਦ ਹੋਣ ਕਰਕੇ ਅਸੀਂ ਨਾ ਤਾਂ ਕਲੂਸਾ ਬਾਰੇ ਜਾਣਕਾਰੀ ਲੈ ਸਕੇ, ਅਤੇ ਨਾਂ ਹੀ ਜੈਰੀ ਬਰਾਊਨ ਅਤੇ ਉਹਦੇ ਪਸ਼ੂਵਾੜੇ ਦੀ। ਤਦ ਅਸੀਂ ਘਰ ਨੂੰ ਉਸ ਰਸਤੇ ਮੋੜਾ ਪਾ ਲਿਆ, ਜਿਸਤੇ ਆਵਾਜਾਈ ਘੱਟ ਹੈ ਤੇ ਸੜਕ ਦੇ ਦੋਨੋ ਪਾਸੇ ਦੂਰ ਦੂਰ ਤੱਕ ਬਦਾਮਾਂ ਦੇ ਦਰਖਤ ਸੱਜਰੀ ਹਵਾ ਵਿਚ ਝੂਮ ਰਹੇ ਸਨ। ਕੈਲੇਫੋਰਨੀਆ ਦੇ ਹੋਰ ਹਲਕਿਆਂ ਵਾਂਗ, ਕਾਲੂਸਾ ਦਾ ਇਰਦ ਗਿਰਦ ਵੀ ਕੋਈ ਵੱਖਰੇ ਕਬੀਲੇ ਦਾ ਜੱਦੀ ਦੇਸ ਸੀ। ‘‘ਜੇਕਰ ਡੌਨਰ ਗਰੁੱਪ, ਜੋ 1946 ਵਿਚ ਟਰੱਕੀ ਦੀ ਬਰਫ ਨੇ ਫਸਾ ਲਿਆ ਸੀ, ਕਾਲੂਸਾ ਪਹੁੰਚ ਗਿਆ ਹੁੰਦਾ, ਤਾਂ ਨਤੀਜਾ ਵੀ ਹੋਰ ਹੁੰਦਾ,’’ ਮੈਂ ਸੋਚ ਰਿਹਾ ਸੀ।

ਦੋ ਦਿਨ ਬਾਅਦ ਮੈਂ ਯੂਬਾ ਸਿਟੀ ਇੱਕ ਹੋਰ ਚੱਕਰ ਲਾਇਆ। ਹੁਣ ਪਰੇਡ ਦੇਖਣ ਆਈ ਸੰਗਤ ਕਈ ਗੁਣਾਂ ਵਧ ਚੁੱਕੀ ਸੀ। ਮੈਂ ਕੁਝ ਤਸਵੀਰਾਂ ਲਈਆਂ, ਕੀਰਤਨ ਸੁਣਿਆ, ਅਤੇ ਘਰ ਪਰਤਣ ਸਮੇਂ ਲੰਗਰ ਛਕਿਆ। ਇਸ ਵਾਰ ਸੁਰਿੰਦਰ ਘਰੋਗੀ ਕੰਮਾਂ ਵਿਚ ਮਘਨ ਹੋਰ ਕਰਕੇ ਮੇਰੇ ਨਾਲ ਨਹੀਂ ਸੀ ਗਈ, ਪਰ ਮੈਂ ਤਾਂ ਕਲਾਸ ਲਈ ਕੁਝ ਲਿਖਣਾ ਵੀ ਸੀ।

ਮੇਰੀ ਐਨ ਦਾ ਫੋਨ ਆਏ ਨੂੰ ਦੇਰ ਹੋ ਗਈ ਸੀ। ਸੈਂਡੀ ਦੀ ਗਵਾਂਢਣ, ਮੇਰੀ ਐਨ, ਮੇਰੇ ਨਾਲ ਸੈਂਡੀ ਅਤੇ ਰੌਨ ਦੀ ਹਾਲਤ ਦਾ ਦੁਖ-ਸੁਖ ਕਰ ਲੈਂਦੀ ਸੀ। ਰੌਨ ਨੂੰ ਤਾਂ ਸੁਣਦਾ ਵੀ ਉੱਚੀ। ਰੌਨ ਅਤੇ ਸੈਂਡੀ ਦੀ ਉਮਰ ਅੱਸੀ-ਨੱਬੇ ਦੇ ਵਿਚਕਾਰ ਸੀ, ਇਕ-ਦੂਜੇ ਨਾਲ ਸਾਥ ਸੱਠ ਸਾਲ ਤੋਂ ਸੀ।

‘‘ਤੁਹਾਡੇ ਲੰਮੇ ਵਿਆਹ ਦਾ ਕੀ ਨੁਸਖਾ, ਰੌਨ?’’ ਅੱਜ ਉਹਦੇ ਕੰਨ ਵਿਚਲਾ ਪੁਰਜਾ ਠੀਕ ਸੀ।
‘‘ ਜੋ ਬੀਵੀ ਕਹੇ, ਮੈਂ ਉਹੀ ਕਰਦਾਂ।’’
***
785

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →