ਮੈ ਅਜੇ ਪਾਤਰ ਜੀ ਨੂੰ ਜਾਣਿਆ ਹੀ ਨਹੀਂ ਪੂਰਾ….. ਜੀ ਹਾਂ, ਤੁਸੀ ਮੇਰੀ ਨਾਲਾਇਕੀ ਕਹਿ ਸਕਦੇ ਹੋ, ਇਸਨੂੰ ….ਕਿ ਮੈ ਅਜੇ ਸਾਰੇ ਦੇ ਸਾਰੇ ਪਾਤਰ ਸਾਹਿਬ ਨੂੰ ਨਹੀਂ ਜਾਣਿਆ, ਨਹੀਂ ਮਾਣਿਆ!!! ਸ਼ਾਇਦ ਇੱਕ ਕਾਵਿਕ ਸੰਵੇਦਨਾ ਨੂੰ ਪੂਰੀ ਤਰਾਂ ਜਾਨਣਾ ਸੰਭਵ ਵੀ ਨਾ ਹੁੰਦਾ ਹੋਵੇ। ਸਭ ਤੋਂ ਪਹਿਲੀ ਵਾਰ 1983 ਦੇ ਲੱਗਭਗ ਮੈਂ ਏ ਐੱਸ ਕਾਲਜ ਖੰਨਾ ਦੀ ਸਟੇਜ ਤੋਂ ਉਨ੍ਹਾਂ ਦੀ ਗ਼ਜ਼ਲ ,”ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ..” ਗਾ ਕੇ ਸੁਣਾਈ ਸੀ…ਫੇਰ ਸਾਹਿਤ ਨਾਲ ਸਾਂਝ ਪੈਂਦੀ ਗਈ ਤੇ ਉਹਨਾਂ ਦੀਆਂ ਕਵਿਤਾਵਾਂ/ਗ਼ਜ਼ਲਾਂ ਪੜ੍ਹਨ ਸੁਨਣ ਨੂੰ ਮਿਲਦੀਆਂ ਰਹੀਆਂ। ਲੈਕਚਰਰ ਬਣ ਕੇ ਪੰਜਾਬੀ ਦੀ ਪੋਸਟ ਖਾਲੀ ਹੋਣ ਕਰਕੇ +1 ਕਲਾਸ ਨੂੰ ਚੋਣਵੀਂ ਪੰਜਾਬੀ ਪੜ੍ਹਾਈ ਅਤੇ ਸਲੇਬਸ ਵਿਚ ਲੱਗੀਆਂ ਉਹਨਾਂ ਦੀਆਂ ਕਵਿਤਾਵਾਂ ਦੀ ਵਿਆਖਿਆ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। 2014 ਵਿਚ ਮੇਰੇ ਸਕੂਲ ਵਿੱਚ ਇੱਕ ਸਮਾਗਮ ਤੇ ਉਹ ਆਏ ਸਨ(ਨਿਰਮਲ ਜੌੜਾ ਜੀ ਸਮੇਤ) ਅਤੇ ਸਟੇਜ ਸਕੱਤਰ ਉਦੋਂ ਮੈ ਹੀ ਸੀ (ਪੰਜਾਬੀ ਸਾਹਿਤ ਸਭਾ, ਭੈਣੀ ਸਾਹਿਬ ਵਲੋਂ ਸੰਪਾਦਿਤ ਪੁਸਤਕ – ਆਤਮਾ ਦੀ ਪੀੜ ਉਨ੍ਹਾਂ ਰਿਲੀਜ਼ ਕੀਤੀ ਸੀ।(ਇਸ ਵਿਚ ਮੇਰੀਆਂ ਰਚਨਾਵਾਂ ਵੀ ਸਨ), ਇਸ ਦੀ ਭੂਮਿਕਾ ਵੀ ਉਨ੍ਹਾਂ ਹੀ ਲਿਖੀ ਸੀ। ਮੇਰੀ ਬੇਨਤੀ ਮੰਨ ਕੇ ਉਨ੍ਹਾਂ ਤਰੰਨਮ ਵਿਚ ਆਪਣੀ ਕਵਿਤਾ ਮੋਮਬੱਤੀਆਂ ਗਾ ਕੇ ਸੁਣਾਈ ਸੀ। ਮੈਨੂੰ ਉਨ੍ਹਾਂ ਇਥੇ ਲੇਖਕ ਅਧਿਆਪਕ ਹੋਣ ਕਰਕੇ ਸਨਮਾਨਿਆ ਵੀ ਸੀ……ਇਹ ਮੇਰੀ ਉਨ੍ਹਾਂ ਨਾਲ ਪਹਿਲੀ ਅਤੇ ਆਖਰੀ ਮਿਲਣੀ ਸੀ ਸ਼ਾਇਦ,…. ਉਪਰੰਤ ਮੈ ਪੜ੍ਹਦਾ ਰਿਹਾ, ਲਿਖਦਾ ਰਿਹਾ, ਛਪਦਾ ਵੀ ਰਿਹਾ, ਪਰ ਆਪਣੀ ਆਦਤ ਅਨੁਸਾਰ ਸਾਹਿਤਿਕ ਸਮਾਗਮਾਂ ਤੇ ਮੇਰੀ ਹਾਜਰੀ ਬਹੁਤ ਘਟ ਰਹੀ ਸੀ। 2023 ਵਿਚ ਜਦੋਂ ਮੈ ਆਪਣੀਆਂ ਦੋ ਪੁਸਤਕਾਂ ਛਪਵਾਈਆਂ ਤਾਂ ਰਾਮਗੜ੍ਹੀਆ ਗਰਲਜ ਕਾਲਜ ਇੱਕ ਪ੍ਰੋਗਰਾਮ ਤੇ ਆਏ ਸਨ, ਮੈ ਤਾਂ ਉਥੇ ਨਹੀਂ ਪੁੱਜਿਆ, ਪਰ ਮੇਰੇ ਸ੍ਰੀ ਮਤੀ ਜੀ, ਜੋ ਇਸੇ ਕਾਲਜ ਦੇ ਮੁਲਾਜ਼ਮ ਹਨ, ਨੇ, ਉਨ੍ਹਾਂ ਨੂੰ ਮੇਰੀਆਂ ਦੋਵੇਂ ਕਿਤਾਬਾਂ ਭੇਟ ਕਰ ਦਿੱਤੀਆਂ ਸਨ। ਇੱਕ ਸ਼ਾਇਰ ਵਜੋਂ ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਮੈ ਅਜੇ ਤੱਕ ਨਹੀਂ ਪੜ੍ਹ ਸਕਿਆ, ਸ਼ਾਇਦ ਇਹ ਚੰਗੀ ਗੱਲ ਵੀ ਹੈ, ਅਜੇ ਉਹਨਾਂ ਨਾਲ ਮਿਲਣੀ ਹੁੰਦੀ ਰਹੇਗੀ। ਹੁਣ ਉਨ੍ਹਾਂ ਦੇ ਸਰੀਰਕ ਸਾਥ ਛਡਣ ਉਪਰੰਤ ਬਹੁਤ ਪੋਸਟਾਂ ਉਨ੍ਹਾਂ ਦੇ ਹੱਕ ਵਿੱਚ ਅਤੇ ਕੁਝ ਵਿਰੋਧ ਵਿਚ ਵੀ ਪੜ੍ਹੀਆਂ ਹਨ, ਪ੍ਰਸਿੱਧ ਸ਼ਾਇਰ ਪਰਮਿੰਦਰ ਸੋਢੀ ਜੀ ਦੀ ਇਹ ਗੱਲ ਵਧੀਆ ਲੱਗੀ ਹੈ ਕਿ ਲੇਖਕ ਨੂੰ ਬ੍ਰਹਮ ਗਿਆਨੀ ਨਾ ਮੰਨਿਆ ਜਾਵੇ, ਉਸ ਵਿੱਚ ਵੀ ਆਮ ਇਨਸਾਨ ਵਾਲੇ ਔਗਣ ਹੈ ਸਕਦੇ ਹਨ, …ਸਾਨੂੰ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸ਼ਬਦ ਹਮੇਸ਼ਾ ਸਾਨੂੰ ਟੁੰਬਦੇ ਰਹਿਣਗੇ। ਬੇਸ਼ਕ ਉਹ ਕਿਸੇ ਵੀ ਵਿਚਾਰਧਾਰਾ ਨੂੰ ਪ੍ਰਣਾਏ ਹੋਣ, ਉਨ੍ਹਾਂ ਦੇ ਸ਼ਬਦ ਉਸ ਇਨਸਾਨੀਅਤ ਲਈ ਚਾਨਣ ਮੁਨਾਰੇ ਹਨ, ਜਿਸ ਦੀ ਅਸੀਂ ਸਭ ਇੱਜ਼ਤ ਕਰਦੇ ਹਾਂ…..ਬਾਕੀ ਸੰਸਾਰ ਤਾਂ ਗੁਰੂ ਸਾਹਿਬਾਨ ਨੂੰ ਵੀ ਗਲਤ ਕਹਿੰਦਾ ਰਿਹਾ ਏ, …ਉਸ ਦੀ ਪ੍ਰਵਾਹ ਨਹੀਂ….. …..ਲੇਖਕ ਦੇ ਨਿੱਜੀ ਜੀਵਨ ਨਾਲੋਂ ਉਸ ਦੀ ਲਿਖਤ ਨੂੰ ਵਧੇਰੇ ਮਹੱਤਵ ਦੇਣਾ ਚਾਹੀਦਾ ਹੈ। ਸਲਾਮ ਉਸ ਕਲਮ ਨੂੰ…..ਉਨ੍ਹਾਂ ਦੇ ਸ਼ਬਦ ਮਨੁੱਖਤਾ ਦੇ ਦਿਲ ਟੁੰਬਦੇ ਰਹਿਣ !!!! ”ਜਦੋਂ ਤੱਕ ਲਫਜ਼ ਜਿਉਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796