ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਅੱਲ੍ਹਾ ਯਾਰ ਖ਼ਾਂ ਦੀ ਜ਼ਬਾਨੀ– ਹਰਬੀਰ ਸਿੰਘ ਭੰਵਰ- |
ਦੋ ਸ਼ਬਦ: ਸ: ਹਰਬੀਰ ਸਿੰਘ ਭੰਵਰ ‘ਪੰਜਾਬੀ ਸਾਹਿਤਕ ਜਗਤ’ ਵਿਚ ਇਕ ਸਫਲ ਲੇਖਕ ਅਤੇ ਪੱਤਰਕਾਰ ਵਜੋਂ ਜਾਣਿਆ ਪਹਿਚਾਣਿਆ ਨਾਂ ਹੈ। 31 ਵਰਿੵਆਂ ਤੋਂ ਆਪ ‘ਟ੍ਰਿਬੀਊਨ’ ਅਖ਼ਬਾਰ ਸੰਮੂਹ ਲਈ ‘ਸੀਨੀਅਰ ਪੱਤਰਕਾਰ’ ਵਜੋਂ ਕੰਮ ਕਰਦੇ ਆ ਰਹੇ ਹਨ। ਆਪ ਦੇ ਬਹੁ-ਮੁਲੇ ਲੇਖ ਪੰਜਾਬੀ ਦੇ ਪ੍ਰਮੁੱਖ ਪਰਚਿਆਂ ਵਿਚ ਵੀ ਛੱਪਦੇ ਰਹਿੰਦੇ ਹਨ। ਆਪਦੀਆਂ: (1) ਸੋਭਾ ਸਿੰਘ-ਜੀਵਨ, ਸ਼ਖ਼ਸ਼ੀਅਤ ਤੇ ਕਲਾ, (2) ਕੀ ਖ਼ਾਲਿਸਤਾਨ ਬਣੇਗਾ?, (3) ਪੰਜਾਬੀ ਦਾ ਲੋਕ ਨਾਇਕ(ਸੰਤ ਹਰਚੰਦ ਸਿੰਘ ਲੌਂਗੋਵਾਲ), (4) ਨਾਰੀਅਲ ਦੀ ਧਰਤੀ ਅਤੇ (5) ਡਾਇਰੀ ਦੇ ਪੰਨੇ ਆਦਿ ਪੁਸਤਕਾਂ ਪਰਕਾਸਿ਼ਤ ਹੋਈਆਂ ਜਿਹਨਾਂ ਨੂੰ ਪਾਠਕਾਂ ਵਲੋਂ ਭਰਵਾਂ ਹੁੰਘਾਰਾ ਮਿਲਿਆ। ‘ਡਾਇਰੀ ਦੇ ਪੰਨੇ’ ਲਈ ਆਪ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਸਨਮਾਨਿਆ ਵੀ ਗਿਆ। ਨਿਧੜਕ, ਨਿਰਪੱਖ, ਈਮਾਨਦਾਰ ਅਤੇ ਸ਼ਕਤੀਸ਼ਾਲੀ ਪੱਤਰਕਾਰ ਸ: ਭੰਵਰ ਦੀਆਂ ਹੁਣ ਤੱਕ ‘ਲਿਖਾਰੀ’ ਵਿੱਚ ਗਿਆਰਾਂ ਰਚਨਾਵਾਂ ਛਪੀਆਂ ਹਨ। ਉਹਨਾਂ ਵਲੋਂ ‘ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਅੱਲ੍ਹਾ ਯਾਰ ਖ਼ਾਂ ਦੀ ਜ਼ਬਾਨੀ’ ਲੇਖ ਲਿਖਾਰੀ ਦੇ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।—–ਲਿਖਾਰੀ *** ਗੁਰਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਇੱਕ ਬੜਾ ਹੀ ਮਹਾਨ ਅਤੇ ਅਮੀਰ ਵਿਰਸਾ ਲੈ ਕੇ ਪੈਦਾ ਹੁੰਦਾ ਹੈ। ਦਸ ਗੁਰੂ ਸਾਹਿਬਾਨ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲ੍ਹੀ ਮੁਕਤੇ, ਹਠੀ, ਜਪੀ, ਤਪੀ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ਼ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਹਰ ਨਵਜੰਮੇ ਸਿੱਖ ਬੱਚੇ ਦਾ ਵਿਰਸਾ ਹਨ। “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ” ਵੀ ਉਸ ਦਾ ਮਹਾਨ ਇਤਿਹਾਸ ਅਤੇ ਵਿਰਸਾ ਹਨ। ਸਿੱਖ ਆਪਣੇ ਇਸ ਮਹਾਨ ਇਤਿਹਾਸ, ਸ਼ਾਨਦਾਰ ਪਿਛੋਕੜ ਅਤੇ ਅਮੀਰ ਵਿਰਸੇ ਨੂੰ ਹਰ ਰੋਜ਼ ਆਪਣੀ ਅਰਦਾਸ ਵਿੱਚ ਯਾਦ ਕਰਦੇ ਹਨ ਅਤੇ ਇਸ ਤੋਂ ਪ੍ਰੇਰਣਾ ਲੈਂਦੇ ਹਨ। ਇਹੀ ਕਾਰਨ ਹੈ ਕਿ ਉਹ ਵੱਡੇ ਤੋਂ ਵੱਡੇ ਦੁੱਖ ਵਿੱਚ, ਮੁਸੀਬਤ ਵਿੱਚ, ਸਮੇਂ ਦੀ ਸਰਕਾਰ ਵੱਲੋਂ ਜ਼ੁਲਮ ਤਸ਼ੱਦਦ ਦੇ ਦੌਰ ਵਿੱਚ ਵੀ ‘ਚੜ੍ਹਦੀ ਕਲਾ’ ਵਿੱਚ ਰਹਿੰਦੇ ਹਨ ਅਤੇ ਹਮੇਸ਼ਾ ਹੀ ‘ਸਰਬਤ ਦਾ ਭਲਾ’ਮੰਗਦੇ ਹਨ। ਜਿਵੇਂ ਉੱਪਰ ਦੱਸਿਆ ਹੈ ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਨਾਲ, ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਭਾਵੇਂ ਸਿੱਖ ਧਰਮ ਦੀ ਉਮਰ ਵਿਸ਼ਵ ਦੇ ਦੂਜੇ ਪ੍ਰਮੁੱਖ ਧਰਮਾਂ ਨਾਲੋਂ ਬਹੁਤ ਛੋਟੀ ਹੈ, ਪਰ ਸੰਸਾਰ ਦੇ ਸਾਰੇ ਧਰਮਾਂ ਨਾਲੋਂ ਇਸ ਪਾਸ ਸਭ ਤੋਂ ਵੱਧ ਸ਼ਹੀਦਾਂ ਦਾ ਅਨਮੋਲ ਖਜ਼ਾਨਾ ਹੈ। ਧਰਮ, ਸੱਚਾਈ, ਇਨਸਾਫ਼, ਮਨੁੱਖੀ ਅਧਿਕਾਰਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਅਤੇ ਜ਼ੁਲਮ ਤਸ਼ੱਦਦ ਦਾ ਨਾਸ਼ ਕਰਨ ਲਈ ਸਿੰਘ ਸਿੰਘਣੀਆਂ ਹੱਸ-ਹੱਸ ਕੇ ਕੁਰਬਾਨੀਆਂ ਕਰਦੇ ਆਏ ਹਨ। ਸ਼ਹੀਦੀਆਂ ਦੇਣ ਵਿੱਚ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰ ਮੋਹਰੀ ਰਹੇ ਹਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਹਨ। ਨੌਵੇਂ ਸਤਿਗੁਰ ਸ੍ਰੀ ਗੁਰੂ ਤੇਗ਼ ਬਹਾਦਰ ਨੇ ਇਹ ਪ੍ਰਥਾ ਅਗਾਂਹ ਤੋਰੀ। ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ, ਜਿਸ ਦੀ ਮਿਸਾਲ ਸਾਰੇ ਸੰਸਾਰ ਵਿੱਚ ਨਹੀਂ ਮਿਲਦੀ। ਦਸੰਬਰ 1704 ਦੀ ਕੜਕਦੀ ਸਰਦੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਕਿਲ੍ਹਾ ਆਨੰਦਗੜ੍ਹ ਛੱਡਣਾ ਪਿਆ। ਬੇਈਮਾਨ ਤੇ ਝੂਠੇ ਮੁਗਲ ਹੁਕਮਰਾਨਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਵਿਸ਼ਵਾਸਘਾਤ ਤੇ ਫਰੇਬ ਕਾਰਨ ਗੁਰੂ ਪਰਿਵਾਰ ਨੂੰ ਅਨੇਕਾਂ ਹੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਗੁਰੂ ਪਰਿਵਾਰ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਅਤੇ ਤਿੰਨ ਪਿਆਰੇ ਚਮਕੌਰ ਸਾਹਿਬ ਵਿਖੇ ਬਹਾਦਰੀ ਨਾਲ ਜ਼ੁਲਮ,ਤਸ਼ੱਦਦ ਅਤੇ ਜ਼ਾਲਮਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਗੰਗੂ ਬ੍ਰਾਹਮਣ ਦੇ ਵਿਸ਼ਵਾਸਘਾਤ, ਲੋਭ, ਲਾਲਚ, ਨਮਕ ਹਰਾਮੀ ਤੇ ਬੇਵਫਾਈ ਸਦਕਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਹਿਰਾਸਤ ਵਿੱਚ ਨਜ਼ਰਬੰਦ ਹੋ ਕੇ ਧਰਮ ਦੀ ਖਾਤਰ ਤੇ ਜ਼ੁਲਮ ਤਸ਼ੱਦਦ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਸ਼ਹੀਦ ਹੋ ਗਏ। ਉਰਦੂ ਦੇ ਕੌਮੀ ਸ਼ਾਇਰ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਰਹਿਮਾਨੀ ਨੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਬਾਰੇ ਉਰਦੂ ਵਿੱਚ ਦੋ ਵੱਖ-ਵੱਖ ਮਹਾਕਾਵਿ ਲਿਖੇ ਹਨ। ਇੱਥੇ ਅਸੀਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਉਨ੍ਹਾਂ ਦੇ ਮਹਾਂਕਾਵਿ’ਗੰਜਿ ਸ਼ਹੀਦਾਂ’ਅਰਥਾਤ ਸਾਕਾ ਚਮਕੌਰ ਸਾਹਿਬ ਬਾਰੇ ਜ਼ਿਕਰ ਕਰਾਂਗੇ। ਸ਼ਾਇਰ ਅੱਲ੍ਹਾ ਯਾਰ ਖਾਂ ਆਪਣਾ ਇਹ ਮਹਾਂਕਾਵਿ ਗੁਰੂ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਛੱਡਣ ਅਤੇ ਸਰਸਾ ਲਾਗੇ ਪਰਿਵਾਰ ਦੇ ਵਿਛੜਣ ਪਿੱਛੋਂ ਚਮਕੌਰ ਸਾਹਿਬ ਵਿਖੇ ਪਧਾਰਨ ਤੋਂ ਸ਼ੁਰੂ ਕਰਦਾ ਹੈ ਜਦੋਂ ਕਲਗੀਧਰ ਪਿਤਾ ਤੋਂ ਬਿਨਾਂ ਹਰ ਸਿੰਘ ਦੁਸ਼ਮਣਾਂ ਦੇ ਝੂਠ, ਫਰੇਬ ਤੇ ਵਿਸ਼ਵਾਸਘਾਤ ਕਾਰਨ ਗੁੱਸੇ ਨਾਲ ਭਰਿਆ ਹੋਇਆ ਹੈ ਅਤੇ ਇਸ ਛਲ ਕਪਟ ਦਾ ਬਦਲਾ ਲੈਣਾ ਚਾਹੁੰਦਾ ਹੈ: ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੋ ਉਤਾਰੇ। ਉਨ੍ਹਾਂ ਨੇ ਦੂਰ ਸਰਸਾ ਨਦੀ ਵੱਲ ਨਜ਼ਰ ਮਾਰੀ ਜਿੱਥੇ ਅਨੇਕਾਂ ਸਿੰਘ ਡੁੱਬ ਗਏ ਸਨ ਤੇ ਦਸਮੇਸ਼ ਪਿਤਾ ਦਾ ਪਰਿਵਾਰ ਵਿਛੜ ਗਿਆ ਸੀ। ਸਿੰਘਾਂ ਦਾ ਕਹਿਣਾ ਸੀ ਕਿ ਸਾਨੂੰ ਆਗਿਆ ਨਹੀਂ, ਵਰਨਾ ਦੁਸ਼ਮਣ ਦੀ ਮਿੱਟੀ ਉਡਾ ਦਿੰਦੇ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਿਗਰ ਦੇ ਟੁਕੜਿਆਂ (ਛੋਟੇ ਸਾਹਿਬਜ਼ਾਦਿਆਂ) ਦੇ ਵਿਛੜ ਜਾਣ ‘ਤੇ ਵੀ ਸ਼ਾਂਤ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਸ ਥਾਂ (ਚਮਕੌਰ ਸਾਹਿਬ)ਕੱਲ੍ਹ ਨੂੰ ਕੀ ਹੋਣ ਵਾਲਾ ਹੈ: ਇਤਨੇ ਮੇਂ ਮੁਖਾਤਬ ਹੂਏ ਸਤਿਗੁਰੂ ਗੁਰੂ ਗੋਬਿੰਦ। ਅੱਲ੍ਹਾ ਯਾਰ ਖਾਂ ਦਾ ਕਹਿਣਾ ਹੈ ਕਿ ਜਦੋਂ ਡੇਢ ਘੜੀ ਰਾਤ ਗਈ, ਤਾਂ ਗੁਰੂ ਜੀ ਆਪਣੇ ਖੇਮੇ ਤੋਂ ਬਾਹਰ ਆ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਖਣ ਲੱਗੇ ਕਿ ਕੱਲ੍ਹ ਮੈਂ ਇੱਥੋਂ ਸੁਰਖਰੂ ਹੋ ਕੇ ਜਾਵਾਂਗਾ। ਮੈਂ ਤੇਰਾ ਹਾਂ, ਮੇਰੇ ਬੱਚੇ ਵੀ ਤੇਰੇ ਹਨ। ਹੇ ਅਕਾਲ ਪੁਰਖ, ਤੂੰ ਜਿਸ ਹਾਲਤ ਵਿੱਚ ਵੀ ਰੱਖੇਂ, ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ। ਮੇਰਾ ਖਾਲਸਾ ਭੁੰਜੇ ਜ਼ਮੀਨ ‘ਤੇ ਹੀ ਲੇਟ ਕੇ ਸੌਂ ਰਿਹਾ ਹੈ, ਮੈਨੂੰ ਉਸ ਕਾਰਨ ਚੈਨ ਨਹੀਂ ਆ ਰਹੀ: ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆੱ ਮੇਂ। ਥੋੜ੍ਹੀ ਦੇਰ ਬਾਅਦ ਸਤਿਗੁਰੂ ਖੇਮੇ ਵਿੱਚ ਵਾਪਸ ਆਏ ਜਿੱਥੇ ਦੋਨੋਂ ਵੱਡੇ ਸਾਹਿਬਜ਼ਾਦੇ ਸੁੱਤੇ ਪਏ ਸਨ। ਉਨ੍ਹਾਂ ਦੇ ਖੂਬਸੂਰਤ ਚਿਹਰੇ ਦੇਖ ਕੇ ਚੰਦਰਮਾ ਵੀ ਸ਼ਰਮਾ ਰਿਹਾ ਸੀ: ਬਾਕੀ ਥੀ ਘੜੀ ਰਾਤ, ਗੁਰੂ ਖੈਮੇਂ ਮੇ ਆਏ। ਗੁਰੂ ਜੀ ਨੇ ਆਪਣੇ ਦੁਲਾਰਿਆਂ ਦੇ ਸਿਰ ‘ਤੇ ਹੱਥ ਫੇਰਦਿਆਂ ਕਿਹਾ ਕਿ ਆਪਣੇ ਪਿਤਾ ਨੂੰ ਮੁਸੀਬਤਾਂ ਵਿੱਚ ਛੱਡ ਕੇ ਤੁਰ ਜਾਓਗੇ, ਕੱਲ ਮੇਰੇ ਪਾਸ ਚਾਰ ਸਾਹਿਬਜ਼ਾਦੇ ਸਨ, ਅੱਜ ਦੋ ਹਨ, ਸਵੇਰੇ (ਕੱਲ) ਇਹ ਵੀ ਨਹੀਂ ਹੋਣਗੇ, ਪਰ ਮੈਂ ਸਬਰ ਕਰ ਲਵਾਂਗਾ: ਸੋਏ ਹੂਏ ਬੱਚੋਂ ਕੋ ਕਹਾ ਸਿਰ ਕੋ ਪਕੜ ਕਰ। ਗੁਰੂ ਜੀ ਨੇ ਕਿਹਾ ਕਿ ਕੱਲ੍ਹ ਇਹ ਦੋਨੋਂ ਸਾਹਿਬਜ਼ਾਦੇ ਮੈਨੂੰ ਜੁਦਾਈ ਦੇ ਜਾਣਗੇ ਅਤੇ ਧਰਮ ਯੁੱਧ ਵਿੱਚ ਪਰਵਾਨ ਚੜ੍ਹ ਜਾਣਗੇ ਅਤੇ ਸਵਰਗ ਵਿੱਚ ਚੈਨ ਨਾਲ ਰਹਿਣਗੇ। ਅਗਲੀ ਸਵੇਰ ਖਾਲਸਾ ਉੱਠ ਕੇ, ਨਹਾ ਧੋ ਕੇ ਦੀਵਾਨ ਵਿੱਚ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗਾ। ਗੁਰੂ ਜੀ ਦੀਵਾਨ ਵਿੱਚ ਹਾਜ਼ਰ ਸਨ ਤੇ ਦੋਨੋਂ ਸਾਹਿਬਜ਼ਾਦੇ ਉਨ੍ਹਾਂ ਪਾਸ ਹੀ ਬੈਠੇ ਸਨ: ਬੇਦਾਰ ਥੇ ਸਭ ਖਾਲਸਾ ਜੀ ਹੋ ਚੁਕੇ ਕਬ ਕੇ। ਗੁਰੂ ਜੀ ਗੱਦੀ ‘ਤੇ ਬਿਰਾਜਮਾਨ ਸਨ ਅਤੇ ਸਾਹਿਬਜ਼ਾਦੇ ਆਸੇ ਪਾਸੇ ਸੁਸ਼ੋਭਿਤ ਸਨ ਜਿਨ੍ਹਾਂ ਦੇ ਸਿਰ ‘ਤੇ ਕਲਗੀਆਂ ਸਜੀਆਂ ਹੋਈਆਂ ਸਨ। ਉਹ ਸ਼ਹਿਨਸ਼ਾਹਾਂ ਨਾਲੋਂ ਵੀ ਖੁਬਸੂਰਤ ਲੱਗ ਰਹੇ ਸਨ। ਹਾਲੇ ਦੀਵਾਨ ਦੀ ਸਮਾਪਤੀ ਨਹੀਂ ਹੋਈ ਸੀ ਕਿ ਇੱਕ ਸਿੰਘ ਨੇ ਆ ਕੇ ਦੱਸਿਆ ਕਿ ਦੁਸ਼ਮਣਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ ਹੈ, ਆਪ ਜੀ ਦਾ ਕੀ ਹੁਕਮ ਹੈ : ਦੀਵਾਨ ਕਾ ਅਭੀ ਨ ਹੂਆ ਇਖ਼ਤਤਾਮ ਥਾ। ਕਈ ਸਿੰਘਾਂ ਨੇ ਆਪਣੇ ਦੋਨੋਂ ਹੱਥ ਜੋੜ ਕੇ ਗੁਰੂ ਸਾਹਿਬ ਤੋਂ ਯੁੱਧ ਦੇ ਮੈਦਾਨ ਵਿੱਚ ਜਾ ਕੇ ਵੈਰੀਆਂ ਨਾਲ ਟਾਕਰਾ ਕਰਨ ਦੀ ਆਗਿਆ ਮੰਗੀ। ਗੁਰੂ ਜੀ ਦੀ ਆਗਿਆ ਤੇ ਅਸ਼ੀਰਵਾਦ ਲੈ ਕੇ ਬਹਾਦਰ ਅਕਾਲੀ ਸਿੰਘ ਸ਼ਸਤਰਾਂ ਨਾਲ ਲੈਸ ਹੋ ਕੇ ਖੈਮੇ ਤੋਂ ਬਾਹਰ ਆਏ: ਖੈਮੋਂ ਸੇ ਲੈਸ ਹੋ ਕੇ ਅਕਾਲੀ ਨਿਕਲ ਪੜੇ। ਇਹ ਬਹਾਦਰ ਇੱਕ ਇੱਕ ਖਾਲਸਾ ਸਵਾ ਲੱਖ ਨਾਲ ਜੂਝ ਕੇ ਲੜਿਆ। ਪੰਜ ਪਿਆਰਿਆਂ ‘ਚੋਂ ਇੱਕ ਪਿਆਰੇ ਸਭ ਤੋਂ ਪਹਿਲਾਂ ਸ਼ਹੀਦ ਹੋਏ: ਏਕ ਏਕ ਲਾਖ ਲਾਖ ਸੇ ਮੈਦਾਨ ਮੇਂ ਲੜਾ। ਜਦੋਂ ਭਾਈ ਦਇਆ ਸਿੰਘ ਅਤੇ ਭਾਈ ਮੋਹਕਮ ਸਿੰਘ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਬਲਾ ਕਰਦੇ ਹੋਏ ਸ਼ਹੀਦ ਹੋ ਗਏ, ਉਸ ਨੂੰ ਸ਼ਾਇਰ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ: ਲਾਖੋਂ ਕੇ ਕਤਲ ਕਰਕੇ ‘ਪਯਾਰੇ’ ਗੁਜ਼ਰ ਗਏ! ਆਪਣੇ ਸਤਿਗੁਰੂ ਪਿਤਾ ਤੋਂ ਆਗਿਆ ਅਤੇ ਅਸ਼ੀਰਵਾਦ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਘੋੜੇ ‘ਤੇ ਸਵਾਰ ਹੋ ਕੇ ਮੈਦਾਨ ਵਿੱਚ ਆ ਗਰਜੇ। ਹੱਥ ਵਿੱਚ ਤਲਵਾਰ ਲਹਿਰਾ ਰਹੀ ਸੀ: ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ। ਸਾਹਿਬਜ਼ਾਦੇ ਨੇ ਵੈਰੀਆਂ ‘ਤੇ ਇਤਨੀ ਬਹਾਦਰੀ ਤੇ ਫੁਰਤੀ ਨਾਲ ਹਮਲੇ ਕੀਤੇ ਕਿ ਵੈਰੀਆਂ ਨੂੰ ਪਲ ਵਿੱਚ ਹੀ ਢੇਰ ਕਰ ਦਿੱਤਾ: ਪਲਟਨ ਪਿ ਗਿਰੀ, ਕਾਟ ਦੀਆ ਪਲ ਮੇਂ ਰਸਾਲਾ। ਬਿਜਲੀ ਵਾਂਗ ਕੀਤੇ ਹਮਲੇ ਨੇ ਵੈਰੀਆਂ ਨੂੰ ਭਾਜੜਾਂ ਪਾ ਦਿੱਤੀਆਂ। ਤਲਵਾਰ ਅੱਗ ਵਾਂਗ ਵੈਰੀਆਂ ਨੂੰ ਢੇਰ ਕਰ ਰਹੀ ਸੀ। ਗੁਰੁ ਸਾਹਿਬ ਇਹ ਸਭ ਕੁਝ ਦੇਖ ਰਹੇ ਤੇ ਸ਼ਾਬਾਸ਼ ਦੇ ਰਹੇ ਸਨ: ਸ਼ਾਹਜ਼ਾਦਾ ਇ ਜ਼ੀ-ਜਾਹ ਨੇ ਭਾਗੜ ਥੀ ਮਚਾ ਦੀ। ਸਾਹਿਬਜ਼ਾਦਾ ਅਜੀਤ ਸਿੰਘ ਦੁਸ਼ਮਣਾਂ ਨੂੰ ਢੇਰੀ ਕਰਦਾ ਹੋਇਆ ਬਹਾਦਰੀ ਨਾਲ ਅੱਗੇ ਵੱਧ ਰਿਹਾ ਸੀ ਕਿ ਕਿਸੇ ਦੁਸ਼ਮਣ ਨੇ ਪਿੱਛੇ ਤੋਂ ਪਿੱਠ ਵਿੱਚ ਬਰਛੀ ਦੇ ਮਾਰੀ ਤੇ ਉਹ ਜ਼ਮੀਨ ‘ਤੇ ਆ ਗਿਰੇ: ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ। ਆਪਣੇ ਸਪੁੱਤਰ ਨੂੰ ਦਸ਼ਮੇਸ਼ ਪਿਤਾ ਨੇ ਸ਼ਹੀਦ ਹੋਇਆ ਦੇਖਿਆ। ਉਸ ਸਮੇਂ ਦੂਸਰੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਪਿਤਾ ਤੋਂ ਆਗਿਆ ਮੰਗੀ ਕਿ ਮੈਨੂੰ ਆਪਣੇ ਭਰਾ ਪਾਸ ਜਾਣ ਦਿਓ: ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਦਰ ਨੇ। ਵੱਡੇ ਸਾਹਿਬਜ਼ਾਦੇ ਦੇ ਸ਼ਹੀਦ ਹੋ ਜਾਣ ਦੇ ਬਾਵਜੂਦ ਸਤਿਗੁਰਾਂ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਗਿਆ ਦੇ ਦਿੱਤੀ। ਸਰਬੰਸਦਾਨੀ ਪਿਤਾ ਨੇ ਆਪਣੇ ਸਾਹਿਬਜ਼ਾਦੇ ਨੂੰ ਯੁੱਧ ਦੇ ਮੈਦਾਨ ਵਿੱਚ ਜਾ ਕੇ ਸੂਰਬੀਰਾਂ ਵਾਂਗ ਜਾਣ ਦੀ ਕੇਵਲ ਆਗਿਆ ਹੀ ਨਹੀਂ ਦਿੱਤੀ, ਸਗੋਂ ਖੁਦ ਉਸ ਦੇ ਹਥਿਆਰ ਸਜਾਏ: “ਲੋ ਜਾਓ, ਸਿਧਾਰੋ! ਤੁਮੇਂ ਕਰਤਾਰ ਕੋ ਸੌਂਪਾ! ਪਿਤਾ ਨੂੰ ਫਤਹਿ ਬੁਲਾ ਕੇ ਜੁਝਾਰ ਸਿੰਘ ਸ਼ੇਰਾਂ ਵਾਂਗ ਮੈਦਾਨੇ ਵਿੱਚ ਆਏ ਅਤੇ ਵੈਰੀਆਂ ‘ਤੇ ਟੁੱਟ ਕੇ ਪੈ ਗਏ: ਦਸ ਬੀਸ ਕੋ ਜ਼ਖਮੀਂ ਕੀਆ, ਦਸ ਬੀਸ ਕੋ ਮਾਰਾ। ਵੈਰੀਆਂ ਨੂੰ ਢੇਰੀ ਕਰਦੇ ਹੋਏ ਸ਼ੇਰ ਨੇ ਸਭ ਨੂੰ ਭਾਜੜਾਂ ਪਾ ਦਿੱਤੀਆਂ। ਆਪਣੇ ਸ਼ਹੀਦ ਹੋਏ ਵੀਰ ਪਾਸ ਆ ਕੇ ਉਸਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਬੋਲੇ: ਸਰ ਗੋਦ ਮੇਂ ਲੇ ਕਰਕੇ, ਕਹਾ ਭਾਈ ਸੇ “ਬੋਲੋ! ਇਤਨੇ ਨੂੰ ਇੱਕ ਤੀਰ ਆ ਕੇ ਛਾਤੀ ਵਿੱਚ ਲੱਗਾ, ਤਾਂ ਉਹ ਵੀ ਵੱਡੇ ਭਰਾ ਵਾਂਗ ਧਰਮ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਏ। ਦਸਮੇਸ਼ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਸਾਹਿਬਜ਼ਾਦੇ ਜ਼ੁਲਮ ਤਸ਼ੱਦਦ ਤੇ ਅਨਿਆਏ ਦਾ ਮੁਕਾਬਲਾ ਅਤੇ ਧਰਮ ਦੀ ਰੱਖਿਆ ਕਰਦੇ ਹੋਏ ਸੂਰਬੀਰਾਂ ਵਾਂਗ ਸ਼ਹੀਦ ਹੋ ਗਏ ਹਨ। ਦੋਨੋਂ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਾ ਹੋਇਆ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਆਖਦਾ ਹੈ ਕਿ ਜੇਕਰ ਸਾਰੇ ਹਿੰਦੁਸਤਾਨ ਵਿੱਚ ਕੋਈ ਤੀਰਥ ਹੈ ਤਾਂ ਇਹੋ ਪਾਵਨ ਅਸਥਾਨ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਜਿਗਰ ਦੇ ਦੋ ਟੁਕੜੇ ਪਰਮਾਤਮਾ ਦੀ ਖ਼ਾਤਰ ਕੁਰਬਾਨ ਕਰ ਦਿੱਤੇ: ਬੱਸ, ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ। ***** |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 25 ਦਸੰਬਰ 2006)) *** |
# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ