27 November 2022

ਪਾਠਕ ਕਿਉਂ ਪੜ੍ਹਦੇ ਨੇ?— ਡਾ: ਗੁਰਦਿਆਲ ਸਿੰਘ ਰਾਏ

ਪਾਠਕ ਕਿਉਂ ਪੜ੍ਹਦੇ ਨੇ?

ਡਾ: ਗੁਰਦਿਆਲ ਸਿੰਘ ਰਾਏ

Bartanvi Punjabi Kalman
ਬਰਤਾਨਵੀ ਪੰਜਾਬੀ ਕਲਮਾਂ

ਕਿਸੇ ਵੀ ਬੋਲੀ ਵਿਚ ਛਪਣ ਵਾਲੇ ਦੈਨਿਕ, ਹਫ਼ਤਾਵਾਰ, ਪੰਦਰਾ-ਰੋਜ਼ਾ, ਮਾਸਿਕ ਜਾਂ ਤ੍ਰੈ-ਮਾਸਿਕ ਪਰਚਿਆਂ ਦੇ ਪਾਠਕ, ਇਹਨਾਂ ਪਰਚਿਆਂ ਵਿਚੋਂ ਕਿਹੋ ਜਿਹੀ ਸਾਮੱਗਰੀ ਪੜ੍ਹਨਾ ਪਸੰਦ ਕਰਦੇ ਹਨ ਅਤੇ ਕਿਉਂ? ਪਾਠਕ ਕਿਹੋ ਜਿਹੀਆਂ ਪੁਸਤਕਾਂ ਪੜ੍ਹਨਾ ਪਸੰਦ ਕਰਦੇ ਹਨ ਅਤੇ ਕਿਉਂ? ਪਾਠਕ ਪੜ੍ਹਦੇ ਹੀ ਕਿਉਂ ਨੇ? ਇਹਨਾਂ ਸਾਰੇ ਪ੍ਰਸ਼ਨਾਂ ਦਾ ਨਿਰਭਰ ਇਸ ਗੱਲ ਤੇ ਹੈ ਕਿ ਪਾਠਕ ਦੀ ਰੁੱਚੀ ਕੀ ਹੈ। ਉਸਦੀ ਪੜ੍ਹਨ-ਲੋੜ ਕੀ ਹੈ। ਉਸਦੀ ਮੰਗ ਕੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਲੇਖਕ ਕਿਸੇ ਨਾ ਕਿਸੇ ਮੰਤਵ ਨੂੰ ਮੁੱਖ ਰੱਖਕੇ ਹੀ ਲਿਖਦੇ ਹਨ। ਤਾਂ ਫਿਰ ਨਿਰਸੰਦੇਹ ਪਾਠਕ ਵੀ ਆਪਣੀ ਪਾਠ ਸਾਮੱਗਰੀ ਵਿਚੋਂ ਕੁਝ ਵਿਸ਼ੇਸ ਗੱਲਾਂ ਲੱਭਣ ਦਾ ਯਤਨ ਕਰਦੇ ਹਨ ਅਤੇ ਉਹਨਾਂ ਦੀਆਂ ਮੰਗਾਂ ਦਾ ਵਿਸ਼ੇਸ਼ ਸਥਾਨ ਹੈ। ਉਂਝ ਕਿਸੇ ਵੀ ਲੇਖਕ ਦੀ ਸਫ਼ਲਤਾ ਇਸ ਗੱਲ ਵਿਚ ਨਹੀਂ ਕਿ ਉਹ ਗਿਨਣਾਤਮਿਕ ਤੌਰ ਤੇ ਕਿੰਨਾ ਕੁ ਛੱਪਦਾ ਹੈ। ਸਗੋਂ ਲੇਖਕ ਦੀ ਸਫ਼ਲਤਾ ਤਾਂ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸਨੂੰ ਵੱਧ ਤੋ ਵੱਧ ਕਿੰਨੇ ਕੁ ਪਾਠਕ ਪੜ੍ਹਦੇ ਹਨ। ਤਾਂ ਫਿਰ ਮੁੜਕੇ ਉਹੀ ਪ੍ਰਸ਼ਨ ਉਠਾਂਦੇ ਹਾਂ ਕਿ ਪਾਠਕ ਪੜ੍ਹਦੇ ਕਿਉਂ ਨੇ?

ਪਾਠਕ ਕਿਉਂ ਪੜ੍ਹਦੇ ਹਨ? ਇਸ ਪ੍ਰਸ਼ਨ ਦਾ ਜਵਾਬ ਆਪਣੀ ਆਪਣੀ ਸਮਝ ਤੇ ਸੂਝ ਅਨੁਸਾਰ ਵੱਖੋ-ਵੱਖ ਢੰਗ ਨਾਲ ਦਿੱਤਾ ਜਾ ਸਕਦਾ ਹੈ। ਬਹੁਤ ਹੀ ਸਾਧਾਰਨ ਤੇ ਸਰਲ ਰੂਪ ਵਿਚ ਆਮ-ਕਰਣ ਕਰਦਿਆਂ ਅਸੀਂ ਇਹ ਕਹਿ ਸਕਦੇ ਹਾਂ ਪਾਠਕ: ਮਨੋਰੰਜਨ ਜਾਂ ਜੀਅ ਪਰਚਾਵੇ ਲਈ ਪੜ੍ਹਦੇ ਹਨ, ਪਾਠਕ ਜਾਣਕਾਰੀ ਦੀ ਪਰਾਪਤੀ ਜਾਂ ਗਿਆਨ ਵਿਚ ਵਾਧਾ ਕਰਨ ਲਈ ਪੜ੍ਹਦੇ ਹਨ, ਪਾਠਕ ਆਪਣੇ ਨਿੱਤ-ਦਿਨ ਦੇ ਲਾਭ-ਹਿੱਤ ਉਪਯੋਗ ਵਿਚ ਲਿਆਉਣ ਲਈ ਪੜ੍ਹਦੇ ਹਨ, ਭਾਵੁਕਤਾ ਵਸ ਮਰਮ ਸਪਰਸ਼ਤਾ ਦਾ ਅਨੁਭਵ ਕਰਨ ਲਈ ਅਤੇ ਸਾਹਿਤਕ/ਕਰਤਾਰੀ ਕਿਰਤਾਂ ਦਾ ਆਨੰਦ ਮਾਨਣ ਲਈ ਪੜ੍ਹਦੇ ਹਨ ਅਤੇ ਅਕਾਦਮਿਕ ਲੋੜਾਂ ਦੀ ਪੂਰਤੀ ਲਈ ਜਿਵੇਂ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਲਈ ਪੜ੍ਹਦੇ ਹਨ।

ਹਰ ਪਾਠਕ ਦੀ ਆਪਣੀ ਆਪਣੀ ਲੋੜ ਹੁੰਦੀ ਹੈ ਪਰ ਸਮੁੱਚੇ ਤੌਰ ਤੇ ਇੰਝ ਆਖਿਆ ਜਾ ਸਕਦਾ ਹੈ ਕਿ ਪਾਠਕ ਨੂੰ ਮੁੱਖ ਰੂਪ ਵਿਚ ਅਜਿਹੀ ਰਚਨਾ ਦੀ ਭਾਲ ਰਹਿੰਦੀ ਹੈ ਜਿਹੜੀ ਰਚਨਾ ਉਸਦੇ ਪ੍ਰਤੀਦਿਨ ਦੇ ਕਾਰਜ ਲਈ ਲਾਭਦਾਇਕ ਹੁੰਦਿਆਂ ਉਸਦੇ ਗਿਆਨ ਵਿਚ ਵਾਧਾ ਕਰੇ ਅਤੇ ਨਾਲ ਹੀ ਭਾਵੁਕਤਾ ਨੂੰ ਟੁੰਬਦਿਆਂ ਸਿਰਜਣਾ ਅਤੇ ਸਿਰਜਣਹਾਰੇ ਨਾਲ ਸਾਂਝ ਪੈਦਾ ਕਰੇ। ਪਰ ਇੱਕ ਗੱਲ ਤਾਂ ਸਪਸ਼ਟ ਹੈ ਕਿ ਪਾਠਕ, ਲੇਖਕ ਪਾਸੋਂ ਆਪਣੀ ਦਿਲਚਸਪੀ ਜਾਂ ਮਨੋਰੰਜਨ ਜਾਂ ਜੀ-ਪਰਚਾਵੇ ਲਈ ਆਸਵੰਦ ਹੁੰਦਾ ਹੈ। ਅਖਬਾਰਾਂ, ਰਸਾਲੇ ਜਾਂ ਪੁਸਤਕਾਂ ਪੜ੍ਹਕੇ ਜੇਕਰ ਪਾਠਕ ਨੂੰ ਇਹ ਕਹਿਣਾ ਪਵੇ: ਐਵੇਂ ਸਮਾਂ ਹੀ ਬਰਬਾਦ ਕੀਤਾ। ਲੇਖ/ਰਚਨਾਵਾਂ ਨਿਰਜਿੰਦ ਹਨ। ਪੱਥਰ ਜਿਹੇ, ਗੰਭੀਰਤਾ ਦਾ ਪਰਗਟਾਵਾ ਕਰਦੇ ਨੀਰਸ ਸ਼ਬਦ। ਤਾਂ ਸਮਝੋ ਲਿਖਤ ਅਸਫ਼ਲ ਰਹਿ ਗਈ।

ਇਸਦਾ ਅਰਥ ਕੁਝ ਇੰਝ ਲੈਣ ਦਾ ਹੀਆ ਕੀਤਾ ਜਾ ਸਕਦਾ ਹੈ ਕਿ ਅਸੀਂ ਸਭ ਮਨੁੱਖ ਹਾਂ। ਮਨੁੱਖ ਅਕੇਵਿਆਂ, ਰੁਝੇਵਿਆਂ ਅਤੇ ਥਕੇਵਿਆਂ ਦੀ ਲਪੇਟ ਵਿਚ ਨਿਰਜਿੰਦ ਜਿਹਾ ਹੋ ਰਿਹਾ ਹੈ। ਗੱਲ ਬਹੁ-ਗਿਣਤੀ ਦੇ ਪਾਠਕਾਂ ਦੀ ਕੀਤੀ ਜਾ ਰਹੀ ਹੈ। (ਉਂਝ ਪੰਜਾਬੀ ਦੇ ਪਾਠਕ ਹੈ ਹੀ ਕਿੰਨੇ ਕੁ ਹਨ?) ਇਸ ਲਈ ਜਦੋਂ ਵੀ ਕੋਈ ਪਰਚਾ ਫਰੋਲਦੇ ਹਾਂ, ਪੜ੍ਹਦੇ ਹਾਂ, ਪੰਨੇ ਉਲੱਦਦੇ ਹਾਂ ਤਾਂ ਸਾਨੂੰ ਸਹਿਜ ਸੁਭਾਇਕੇ ਅਜਿਹੀ ਰਚਨਾ ਹੀ ਆਪਣੇ ਵਲਾਂ ਖਿਚ੍ਹਣ ਵਿਚ ਸਫ਼ਲ ਹੁੰਦੀ ਹੈੈ ਜਿਹੜੀ ਆਪਣੇ ਆਪ ਵਿਚ ਹਰ ਤਰ੍ਹਾਂ ਨਾਲ ਮੁਕੰਮਲ ਹੋਣ ਦੇ ਨਾਲ ਨਾਲ ਦਿਲਚਸਪ ਵੀ ਹੋਵੇ। ਕਈ ਵਾਰ ਇਹ ਪ੍ਰਸ਼ਨ ਉੱਠ ਸਕਦਾ ਹੈ ਕਿ ਸਾਰੀਆਂ ਹੀ ਰਚਨਾਵਾਂ ਨੂੰ ਦਿਲਚਸਪ ਨਹੀਂ ਬਣਾਇਆ ਜਾ ਸਕਦਾ ਜਾਂ ਸਾਰੇ ਹੀ ਲੇਖਕ ਇਸ ਦਾਇਰੇ ਵਿਚ ਨਹੀਂ ਲਿਆਂਦੇ ਜਾ ਸਕਦੇ। ਨਿਰਸੰਦੇਹ ਇਹ ਗੱਲ ਵੀ ਦਰੁਸਤ ਹੋ ਸਕਦੀ ਹੈ। ਪਰ ਇੱਕ ਕਿੰਤੂ ਕਰਨ ਦੀ ਖੁਲ੍ਹ ਲੈਣਾ ਚਾਹਾਂਗਾ ਕਿ ਸਦਾ ਹੀ, ਗੰਭੀਰਤਾ ਨਾਲ ਹੀ, ਰਚਨਾ ਕਿਉਂ ਕੀਤੀ ਜਾਵੇ? ਜਿਹਨਾਂ ਕਿਰਤਾਂ ਵਿਚ ਮਨੋਰੰਜਣ ਦੇਣ ਦਾ ਮੰਤਵ ਨਾ ਵੀ ਹੋਵੇ, ਜਿਵੇਂ ਕਿ ਪ੍ਰੇਰਨਾਦਾਇਕ, ਗਿਆਨ-ਵਾਧੇ ਵਾਲੀਆਂ ਰਚਨਾਵਾਂ ਆਦਿ ਵਿਚ ਹੁੰਦਾ ਹੈ। ਕੀ ਇਹਨਾਂ ਕਿਰਤਾਂ ਨੂੰ ਦਿਲਚਸਪ ਨਹੀਂ ਬਣਾਇਆ ਜਾ ਸਕਦਾ? ਇਹਨਾਂ ਨੂੰ ਮਨੋਰੰਜਨ ਦੀ ਪੁੱਠ ਨਹੀਂ ਦਿੱਤੀ ਜਾ ਸਕਦੀ ਕਿ ਪਾਠਕ ਪੜ੍ਹ ਸਕਣ, ਮਾਣ ਸਕਣ? ਲੇਖਕ ਨੂੰ ਸਦਾ ਹੀ ਸਾਵਧਾਨੀ ਵਰਤਣੀ ਪਵੇਗੀ ਜੇਕਰ ਉਸਨੇ ਪਾਠਕ ਦੀ ਦਰਗਾਹ ਵਿਚ ਕਬੂਲ ਹੋਣਾ ਹੈ ਤਾਂ। ਰਚਨਾ ਕਰਨ ਦਾ ਵਿਧਾਨ, ਵਿਧੀ ਦੀ ਸੀਮਾ ਵਿਚ ਰਹਿੰਦਿਆਂ ਅਜਿਹੀ ਕੋਈ ਬੰਦਸ਼ ਤਾਂ ਨਹੀਂ ਲਗਾਉਂਦਾ ਕਿ ਕੋਈ ਸਿਰਜਕ/ਲੇਖਕ ਆਪਣੀ ਲਿਖਤ ਦੀ ਸ਼ੈਲੀ ਅਜਿਹੀ ਨਾ ਵਰਤ ਸਕੇ ਜਿਸ ਨਾਲ ਪਾਠਕ ਦੇ ਸੁਹਜ-ਸੁਆਦ ਦੀ ਤ੍ਰਿਪਤੀ ਆਨੰਦਮਈ ਢੰਗ ਨਾਲ ਨਾ ਹੋ ਸਕੇ। ਕੀ ਕੋਈ ਅਜਿਹੀ ਬੰਦਸ਼ ਹੈ?

ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਆਪਣੀ ਰਚਨਾ ਨੂੰ ਆਨੰਦਮਈ ਅਤੇ ਮੰਗਲਮਈ ਬਣਾਕੇ, ਪਾਠਕਾਂ ਦੀ ਰੁੱਚੀ ਕਾਇਮ ਰੱਖਣ ਲਈ, ਆਪਣੀਆਂ ਕਿਰਤਾਂ ਵਿਚ ਅਜਿਹੇ ਨਵੇਂ ਤੱਥ-ਵੇਰਵੇ ਦਿੱਤੇ ਜਾ ਸਕਦੇ ਹਨ ਜਿਹਨਾਂ ਸਬੰਧੀ ਜਾਂ ਤਾਂ ਬਿਲਕੁਲ ਹੀ ਨਾ ਅਤੇ ਜਾਂ ਫਿਰ ਬਹੁਤ ਹੀ ਥੋੜਾ ਲਿਖਿਆ ਗਿਆ ਹੋਵੇ। ਆਪਣੀ ਗੱਲ ਨੂੰ, ਆਪਣੇ ਦ੍ਰਿਸ਼ਟੀਕੋਣ ਨੂੰ ਨਵੇਂ ਢੰਗ ਨਾਲ ਪੇਸ਼ ਕੀਤਿਆਂ ਵੀ ਵਿਸ਼ੇ ਵਿਚ ਜਾਨ ਪੈ ਜਾਇਆ ਕਰਦੀ ਹੈ। ਵਿਸ਼ੇ ਵਿਚ ਜਾਨ ਪਾਉਣ ਦਾ ਅਰਥ ਹੈ ਕਿ ਲੇਖਕ ਵਲੋਂ ਚੁਣਿਆ ਵਿਸ਼ਾ ਭਾਵੇਂ ਮੌਲਿਕ ਅਤੇ ਅਛੂਤਾ ਨਾ ਵੀ ਹੋਵੇ ਤਾਂ ਵੀ ਇਸ ਨੂੰ ਕਿਸੇ ਐਸੇ ਨਵੇਂ ਤੇ ਅਨੋਖੇ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਜਾਵੇ ਕਿ ਪਾਠਕ ਦੀ ਉਤਸੁਕਤਾ ਕਾਇਮ ਰੱਖਦਿਆਂ ਜੀ-ਪ੍ਰਚਾਵੇ ਦਾ ਸਾਧਨ ਵੀ ਬਣੇ ਅਤੇ ਪਾਠਕ ਦੇ ਦਿਲ-ਦਿਮਾਗ ਦੇ ਬੰਦ ਖਿੜਕ-ਦਰਵਾਜ਼ੇ ਵੀ ਖੁਲ੍ਹ ਸਕਣ। ਕਈ ਵਾਰ ਸਾਧਾਰਨ ਗੱਲ ਨੂੰ ਵੀ ਨਵੇਂ ਢੰਗ ਨਾਲ ਲਿਖਕੇ ਰੌਚਕਤਾ ਪੈਦਾ ਕੀਤੀ ਜਾ ਸਕਦੀ ਹੈ। ਇੱਕ ਉਦਾਹਰਣ ਪੇਸ਼ ਕਰ ਰਿਹਾ ਹਾਂ:

“ਅੱਜ 22 ਜੁਲਾਈ 1998 ਹੈ ਅਤੇ ਸ਼ਾਮ ਦੇ ਛੇ ਵਜੇ ਹਨ। ਮੈਂ ਇਹ ਸੱਤਰਾਂ, ਭਾਵ ਹੱਥਲਾ ਇਹ ਲੇਖ ਵਾਲਸਾਲ (ਬਰਮਿੰਘਮ, ਯੂਕੇ) ਵਿਖੇ, ਵੈਸਟ ਮਿੱਡਲੈਂਡਜ਼ ਕਾਲਜ ਦੀ ਲਾਇਬਰੇਰੀ ਦੇ ਕਿਊਬੀਕਲ ਨੰਬਰ 3 ਵਿਚ ਬੈਠ ਕੇ ਆਪਣੇ ਲੈਪ-ਟੌਪ (ਕੰਪੀਊਟਰ) ਉਤੇ ਲਿੱਖ ਰਿਹਾ ਹਾਂ। (ਤੁਸੀਂ ਕਹੋਗੇ ਤਾਂ ਫਿਰ ਅਸੀਂ ਕੀ ਕਰੀਏ?)”

ਲਿਖਣਾ ਜਾਰੀ ਹੈ: “ਜੇਕਰ ਮੈਂ ਇਸ ਕਾਲਜ ਦੇ ਪੁਸਤਕਾਲੇ ਵਿਚ ਪਈਆਂ ਪੁਸਤਕਾਂ ਦੀ ਗਿਣਤੀ ਆਪ ਨੂੰ ਦਸਣੀ ਚਾਹਾਂ ਤਾਂ ਬੜੀ ਸੁਗਮਤਾ ਨਾਲ ਲਾਇਬਰੇਰੀਅਨ ਨੁੰ ਪੁੱਛ ਕੇ ਦੱਸ ਸਕਦਾ ਹਾਂ। ਗਿਣਤੀ ਹੈ: ਸ਼ਾਇਦ ਇੱਕ ਲੱਖ ਪੁਸਤਕਾਂ। ਜਾਣਕਾਰੀ ਆਪ ਨੂੰ ਪੁੱਜ ਗਈ। ਕਿੱਸਾ ਖਤਮ। ਪਰ ਜੇਕਰ ਇਹ ਜਾਣਕਾਰੀ ਮੈਂ ਹੋਰ ਢੰਗ ਨਾਲ ਪੇਸ਼ ਕਰਾਂ ਤਾਂ ਕੀ ਹੋਵੇਗਾ? ਪੁਸਤਕਾਂ ਦੀ ਗਿਣਤੀ ਦਾ ਪਤਾ ਹੈ। ਪੁਸਤਕ ਦੀ ਲੰਬਾਈ ਅਤੇ ਮੋਟਾਈ ਦੀ ਔਸਤ ਨੂੰ ਜੇਕਰ ਪੁਸਤਕਾਂ ਦੀ ਗਿਣਤੀ ਨਾਲ ਗੁਣਾ ਕਰਕੇ ਇਸੇ ਹੀ ਤੱਥ ਨੂੰ ਇੰਝ ਦਿੱਤਾ ਜਾਵੇ ਤਾਂ ਸ਼ਾਇਦ ਗੱਲ ‘ਚ ਕੁਝ ਕੁ ਰੌਚਕਤਾ ਆ ਜਾਵੇ। ਹੁਣ ਮੈਂ ਆਖਦਾ ਹਾਂ: ਵਾਲਸਾਲ ਵਿਖੇ, ਵੈਸਟ ਮਿੱਡਲੈਂਡਜ਼ ਕਾਲਜ ਦੀ ਲਾਇਬਰੇਰੀ ਵਿਚ ਇਤਨੀਆਂ ਪੁਸਤਕਾਂ ਹਨ ਕਿ ਜੇਕਰ ਇਹਨਾਂ ਪੁਸਤਕਾਂ ਨੂੰ ਇੱਕ ਦੂਜੀ ਦੇ ਅੱਗੇ ਅੱਗੇ ਰੱਖਦਿਆਂ ਅੱਗੇ ਅੱਗੇ ਤੁਰਿਆ ਜਾਵੇ ਤਾਂ ਇਹ ਪੁਸਤਕਾਂ ਬਰਮਿੰਘਮ ਤੋਂ ਲੰਡਨ ਤਕ ਵਿਛ ਜਾਣਗੀਆਂ। ਭਾਵ ਇਹਨਾਂ ਦੀ ਲੰਬਾਈ ਇੱਕ ਸੌ ਚਾਲੀ ਮੀਲ ਅਤੇ ਪੁਸਤਕਾਂ ਦੀ ਗਿਣਤੀ ਇੱਕ ਲੱਖ।”  ਹੋ ਸਕਦਾ ਹੈ ਕਿ ਇਹ ਬਿਉਰਾ ਵੀ ਤੁਹਾਨੂੰ ਦਿਲਚਸਪ ਨਾ ਲੱਗਿਆ ਹੋਵੇ।

ਇੱਕ ਹੋਰ ਗੱਲ। ਰਚਨਾ ਵਿਚ ਸਿਧਾਂਤ ਜਾਂ ਵਿਆਖਿਆ ਪੜ੍ਹ ਪੜ੍ਹ ਕੇ ਆਮ ਪਾਠਕ ਅੱਕ ਜਾਂਦੇ ਹਨ। ਸਿਧਾਂਤ ਅਤੇ ਵਿਆਖਿਆ ਦੀ ਆਪਣੀ ਥਾਂ ਹੈ। ਸਿਧਾਂਤ ਜਾਂ ਵਿਆਖਿਆ ਅਕਾਦਮਿਕ ਪਾਠਕਾਂ, ਚਿੰਤਕਾਂ ਜਾਂ ਖੋਜੀਆਂ ਲਈ ਲੋੜੀਂਦੀਆਂ ਅਤੇ ਲਾਭਦਾਇਕ ਸਿੱਧ ਹੋ ਸਕਦੀਆਂ ਹਨ ਪਰ ਆਮ ਪਾਠਕ ਖਿੱਝ੍ਹ ਜਾਂਦਾ ਹੈ। ਆਮ ਪਾਠਕ ਨੂੰ ਸਿਧਾਂਤ ਦੀ ਥਾਂ ਘਟਨਾਵਾਂ ਜਿ਼ਆਦਾ ਭਾਉਣਗੀਆਂ। ਲੇਖਾਂ ਵਿਚ ਵੀ ਇੱਕ ਦੋ ਥਾਵਾਂ ਤੇ ਵਾਰਤਾਲਾਪ ਦਿੱਤਿਆਂ ਰੌਚਕਤਾ ਪੈਦਾ ਕੀਤੀ ਜਾ ਸਕਦੀ ਹੈ।

ਪਾਠਕ, ਗਿਆਨ ਵਿਚ ਵਾਧੇ ਲਈ ਵੀ ਪੜ੍ਹਦੇ ਹਨ। ਦਰਅਸਲ, ਗਿਆਨ ਦੀ ਪਰਾਪਤੀ ਤਾਂ ਹਰ ਇੱਕ ਰਚਨਾ ਵਿਚ ਥੋੜੀ-ਬਹੁਤ ਹੁੰਦੀ ਹੀ ਹੈ। ਪਰ ਗਿਆਨ ਵਿਚ ਵਾਧੇ ਲਈ, ਉਚੇਚ ਕਰਕੇ ਲਿਖੇ ਲੇਖਾਂ ਵਿਚ ਦਿਲਚਸਪੀ ਦੀ ਤਾਂ ਘਾਟ ਹੁੰਦੀ ਹੀ ਹੈ ਪਰ ਅਜਿਹੇ ਲੇਖ ਅਕਸਰ ਅਕਾਊ ਵੀ ਹੁੰਦੇ ਹਨ। ਗਿਆਨ ਵਧਾਊ ਲੇਖ ਕਈ ਵਾਰ ਇੱਕ ਤੋਂ ਵੱਧ ਵਾਰ ਪੜ੍ਹਨ ਤੇ ਵੀ ਸਮਝ ਨਹੀਂ ਪੈਂਦੇ। ਦਾਰਸ਼ਨਿਕ ਅਤੇ ਧਾਰਮਿਕ ਗੁੰਝਲਾਂ ਖੋਲ੍ਹਦੇ ਲੇਖ, ਵਿਸ਼ੇ ਦੀ ਵਿਸ਼ਾਲਤਾ ਅਤੇ ਗੰਭੀਰਤਾ ਕਾਰਨ ਗੂੜ੍ਹ ਅਤੇ ਜਟਿਲ ਸ਼ਬਦਾਵਲੀ ਦੀ ਮੰਗ ਕਰਦੇ ਹਨ। ਅਜਿਹੀਆਂ ਰਚਨਾਵਾਂ ਨੂੰ ਅਕਾਦਮਿਕ ਰਚਨਾਵਾਂ ਵੀ ਕਿਹਾ ਜਾ ਸਕਦਾ ਹੈ ਜਾਂ ਗੰਭੀਰ ਪਾਠਕਾਂ ਲਈ ਰਚੀਆਂ ਰਚਨਾਵਾਂ ਵੀ। ਉਂਝ ਤਾਂ ਅਜਿਹੀਆਂ ਰਚਨਾਵਾਂ ਨੂੰ ਵੀ ਦਿਲਚਸਪ ਅਤੇ ਮਨੋਰੰਜਕ ਬਣਾਇਆ ਜਾ ਸਕਦਾ ਹੈ ਪਰ ਨਿਰਸੰਦੇਹ ਅਜਿਹਾ ਕਰਨ ਲਈ ਲੇਖਕ ਨੂੰ ਬਹੁਤ ਸਾਧਨਾ ਕਰਨੀ ਪੈਂਦੀ ਹੈ।

ਮਨੋਰੰਜਨ ਅਤੇ ਗਿਆਨ ਪਰਾਪਤੀ ਦੇ ਨਾਲ ਨਾਲ, ਪਾਠਕ ਇਹ ਵੀ ਚਾਹੇਗਾ ਕਿ ਪੜ੍ਹਿਆ ਜਾਣ ਵਾਲਾ ਲੇਖ ਕਿਸੇ ਨਾ ਕਿਸੇ ਤਰ੍ਹਾਂ ਉਪਯੋਗੀ ਭਾਵ ਲਾਭਦਾਇਕ ਵੀ ਹੋਵੇ। ਪਾਠਕ, ਲਿਖਤਾਂ ਤੋਂ ਕਈ ਤਰ੍ਹਾਂ ਦੇ ਲਾਭ ਪਰਾਪਤ ਕਰਨਾ ਲੋੜਦਾ ਹੈ। ਸ਼ਾਇਦ ਉਹ ਚਾਹੇਗਾ: ਉਸਨੂੰ ਸੁੱਖ ਤੇ ਸ਼ਾਂਤੀ ਕਿਵੇਂ ਪਰਾਪਤ ਹੋਵੇ; ਚੰਗੀ ਸਿਹਤ ਦੀ ਪਰਾਪਤੀ ਲਈ ਉਹ ਕੀ ਕਰੇ; ਅਮੀਰ ਬਨਣ ਜਾਂ ਧਨ ਪਰਾਪਤੀ ਲਈ ਉਹ ਕਿਹੜੇ ਕਿੱਤੇ ਅਪਨਾਵੇ; ਪਰਸੰਸਾ ਅਤੇ ਜੱਸ ਖੱਟਣ ਲਈ ਉਹ ਕੀ ਕਰੇ ਅਤੇ ਕੀ ਨਾ ਕਰੇ ਅਤੇ ਇੰਝ ਹੀ, ਸੱਜ-ਸਜਾਵਟ, ਸੁੰਦਰਤਾ ਅਤੇ ਆਰਾਮ ਪਰਾਪਤੀ ਲਈ ਉਸਨੰ ਕਿਹੜੇ ਸਾਧਨ ਅਪਨਾਉਣੇ ਚਾਹੀਦੇ ਹਨ। ਪਾਠਕ ਦੀ ਅਜਿਹੀ ਲੋੜ ਵਿਚ ਹੋਰ ਵੀ ਬਹੁਤ ਸਾਰੇ ਵਾਧੇ ਕੀਤੇ ਜਾ ਸਕਦੇ ਹਨ। ਉਸਦੀ ਆਰਥਿਕਤਾ ਨਾਲ ਜੁੜੇ ਮਸਲੇ, ਮਾਪਿਆਂ ਤੋਂ ਦੂਰ ਹੁੰਦੀ ਸੰਤਾਨ ਕਾਰਨ ਪਰਿਵਾਰਕ ਔਕੜਾਂ ਅਤੇ ਪੀੜ੍ਹੀ ਪਾੜੇ ਦੀਆਂ ਸੱਮਸਿਆਵਾਂ ਸਬੰਧੀ ਵੀ ਗੱਲ ਹੋ ਸਕਦੀ ਹੈ। ਪਾਠਕ ਦੀ ਉਮਰ, ਵਿਦਿਅਕ ਯੋਗਤਾ, ਕਿੱਤਿਆਂ ਅਤੇ ਰੁਝੇਵਿਆਂ ਦੇ ਅਨੁਭਵ ਅਤੇ ਰਾਜਸੀ ਚੇਤਨਾ ਆਦਿ ਦੀਆਂ ਲੋੜਾਂ ਦੀ ਤ੍ਰਿਪਤੀ ਲਈ ਵੀ ਲਿਖਤਾਂ ਦੀ ਮੰਗ ਹੋ ਸਕਦੀ ਹੈ। ਲੇਖਕ ਨੂੰ ਆਪਣੇ ਪਾਠਕਾਂ ਦੀਆਂ ਸਭ ਰੁੱਚੀਆਂ ਦਾ ਧਿਆਨ ਹੋਣਾ ਲੋੜੀਂਦਾ ਹੈ। ਕਈ ਕਿੰਤੂ ਕਰ ਸਕਦੇ ਹਨ ਕਿ ਅਜਿਹੇ ਵਿਸ਼ਿਆਂ ਦੀ ਸਾਹਿੱਤਕ ਕੀਮਤ ਕੀ ਹੈ? ਬਹੁਤ ਕੁਝ ਨਾ ਕਹਿੰਦਿਆਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਸਿਰਜਕ ਦਾ ਕੰਮ ਜਾਂ ਮੰਤਵ, ਸਿਰਜਣਾ ਰਾਹੀਂ ਪਾਠਕ ਦਾ ਕੁਝ ਸੰਵਾਰਨਾ ਹੀ ਹੁੰਦਾ ਹੈ। ਜਿਹੜਾ ਸਿਰਜਕ ਇਸ ਵਿਚ ਸਫ਼ਲ ਹੈ ਉਹੀ ਪਾਠਕਾਂ ਵਿਚ ਜਿਉਂਦਾ ਹੈ ਅਰਥਾਤ ਸਾਹਿਤ ਵਿਚ ਵੀ।

ਪਾਠਕ ਅਜਿਹੀਆਂ ਰਚਨਾਵਾਂ ਵੀ ਪੜ੍ਹਨੀਆਂ ਪਸੰਦ ਕਰਦੇ ਹਨ ਜਿਹੜੀਆਂ ਰਚਨਾਵਾਂ ਉਹਨਾਂ ਦੇ ਅਹਿਸਾਸਾਂ ਨੂੰ ਟੁੰਬਦੀਆਂ ਹੋਣ। ਉਹਨਾਂ ਦੇ ਮਨੋਭਾਵਾਂ ਨੂੰ ਛੋਹਣ। ਇੱਥੇ ਗੱਲ ਕੇਵਲ ਲਲਿਤ ਨਿਬੰਧਾਂ ਦੀ ਹੀ ਨਹੀਂ ਸਗੋਂ ਅਜਿਹੀ ਰਚਨਾ ਵੀ ਇਸ ਵਿਚ ਸਾਮਲ ਹੈ ਜਿਹੜੀ ਪ੍ਰੇਮ, ਡਰ, ਹਿੰਸਾ, ਵਾਸਨਾ, ਕ੍ਰੋਧ, ਦਇਆ, ਸਾਹਸ ਅਤੇ ਹਾਸ-ਰੱਸ ਆਦਿ ਦੀ ਭਾਵਨਾ ਜਗਾਉਂਦੀ ਹੈ। ਮਨੁੱਖੀ ਭਾਵਾਂ ਜਾਂ ਵਿਚਾਰਾਂ ਦੀ ਹਲਚਲ ਨੂੰ ਸਮੁੱਚੇ ਸਮਾਜ ਦੇ ਪਿਛੋਕੜ ਵਿਚ ਰੱਖਕੇ ਪ੍ਰਗਟਾਉਣਾ ਹੀ ਚੰਗੀ ਰਚਨਾ ਦੀ ਨਿਸ਼ਾਨੀ ਹੈ। ਪਾਠਕ ਇਸਨੂੰ ਪਸੰਦ ਕਰਦਾ ਹੈ ਕਿਉਂਕਿ ਉਸਨੂੰ ਅਜਿਹੀ ਕਿਰਤ ਵਿਚੋਂ ਆਪਣਾ ਝਾਉਲਾ ਪੈਂਦਾ ਹੈ, ਆਪਣਾ ਪਰਛਾਵਾਂ ਦਿੱਸਦਾ ਹੈ। ਅਤੇ ਮਨੁੱਖ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿਚ ਇਕ ਤਰ੍ਹਾਂ ਨਾਲ ਆਪਣਾ ਆਪ ਹੀ ਤਾਂ ਵੇਖਣਾ ਚਾਹ ਰਿਹਾ ਹੁੰਦਾ ਹੈ।

ਅੰਤ ਵਿਚ ਇਹ ਗੱਲ ਵੀ ਕਹਿਣੀ ਕੁਥਾਂਹ ਨਹੀਂ ਕਿ ਪਾਠਕ ਲਈ ਇਹ ਕੋਈ ਬਹੁਤੀ ਮਹੱਤਤਾ ਵਾਲੀ ਗੱਲ ਨਹੀਂ ਕਿ ਕੋਈ ਲੇਖਕ ਕਿੰਨਾ ਕੁ ਵੱਡਾ ਵਿਦਵਾਨ ਹੈ ਜਾਂ ਉਸ ਪਾਸ ਕਿੰਨੀਆਂ ਕੁ ਅਕਾਦਮਿਕ ਡਿਗਰੀਆਂ ਹਨ। ਇਹ ਵੀ ਕੋਈ ਬਹੁਤੀ ਹੈਂਕੜ ਵਾਲੀ ਗੱਲ ਨਹੀਂ ਕਿ ਕਿਸੇ ਲੇਖਕ ਨੇ ਕਿੰਨੇ ਕੁ ਗ੍ਰੰਥਾਂ ਦਾ ਪਾਠ ਕੀਤਾ ਹੋਇਆ ਹੈ। ਸਗੋਂ ਪਾਠਕ ਤਾਂ, ਲੇਖਕ ਦੀ ਲਿਖਤ ਦਾ ਸ਼ੈਦਾਈ ਹੋਣਾ ਲੋੜਦਾ ਹੈ ਅਤੇ ਇਹ ਗੱਲ ਤਦੋਂ ਹੀ ਸੰਭਵ ਹੋ ਸਕਦੀ ਹੈ ਜੇਕਰ ਇੱਕ ਲੇਖਕ ਆਪਣੀ ਲਿੱਖਤ ਵਿਚ ਦਿਲਚਸਪੀ ਦੇ ਸਾਧਨ ਪੈਦਾ ਕਰਦਿਆਂ, ਸਹਿਜ ਨਾਲ ਗਿਆਨ ਵੰਡਦਿਆਂ, ਉਪਯੋਗੀ ਸਾਮੱਗਰੀ ਨੂੰ ਪਾਠਕਾਂ ਤਕ ਪਹੁੰਚਾਂਦਿਆਂ, ਪਾਠਕ ਦੇ ਜਜ਼ਬਿਆਂ ਨੂੰ ਵੀ ਹਲੂਣ ਜਾਵੇ। ਅਜਿਹਾ ਸਹਿਜ ਨਹੀਂ। ਇਸ ਲਈ ਲੇਖਕ ਨੂੰ ਬੜੀ ਯੋਗਤਾ ਦਰਕਾਰੀ ਹੈ। ਲੇਖਕ ਦੀ ਲਿਖਣ ਯੋਗਤਾ ਹੀ, ਲੇਖਕ ਦੀ ਲਿਖਤ ਨੂੰ ਉਸਦੇ ਪਾਠਕਾਂ ਲਈ ਆਨੰਦਮਈ ਬਣਾਉਂਦੀ ਹੈ। ਲੇਖਕ ਦੀ ਯੋਗਤਾ ਦੇ ਵਿਸ਼ੇਸ਼ ਅਰਥ ਹਨ। ਲੇਖਕ ਦੀ ਵਿਸ਼ੇਸ ਯੋਗਤਾ ਕਾਰਨ ਹੀ, ਪਾਠਕ ਲੇਖਕ ਦੀ ਲਿਖਤ ਨੂੰ ਪੜ੍ਹਦੇ ਹਨ।
*
(ਪੁਸਤਕ “ਬਰਤਾਨਵੀ ਪੰਜਾਬੀ ਕਲਮਾਂ” ਦਾ ਇੱਕ ਲੇਖ)

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ 11 ਫਰਵਰੀ 2022)

***
585
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ