28 April 2024

ਅਦੀਬ ਸਮੁੰਦਰੋਂ ਪਾਰ ਦੇ: ਸਮੇਂ ਨੂੰ ਸਮਝਦਾ ਸਾਹਿਤਕਾਰ ਡਾ. ਕਰਨੈਲ ਸ਼ੇਰਗਿੱਲ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (28 ਨਬੰਵਰ 2021 ਨੂੰ) 64ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸਮੇਂ ਨੂੰ ਸਮਝਦਾ ਸਾਹਿਤਕਾਰ ਡਾ. ਕਰਨੈਲ ਸ਼ੇਰਗਿੱਲ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਡਾ. ਕਰਨੈਲ ਸ਼ੇਰਗਿੱਲ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਸਮੇਂ ਨੂੰ ਸਮਝਦਾ ਸਾਹਿਤਕਾਰ ਡਾ. ਕਰਨੈਲ ਸ਼ੇਰਗਿੱਲ—ਹਰਮੀਤ ਸਿੰਘ ਅਟਵਾਲ

ਮੇਂ ਨੂੰ ਸਮਝਣਾ ਸਫਲਤਾ ਦਾ ਸੂਚਕ ਹੈ। ਪਿਛਲੇ ਕਈ ਦਹਾਕਿਆਂ ਤੋਂ ਵਲੈਤ ਵਿਚ ਵੱਸਦਾ ਡਾ. ਕਰਨੈਲ ਸ਼ੇਰਗਿੱਲ ਸਮੇਂ ਨੂੰ ਸੁਹਿਰਦ, ਸੂਖ਼ਮ, ਖੋਜਾਤਮਕ, ਵਿਗਿਆਨਕ ਤੇ ਵਿਸ਼ਲੇਸ਼ਣਾਤਮਕ ਸੂਝ ਨਾਲ ਸਮਝਣ ਵਾਲਾ ਸਾਹਿਤਕਾਰ ਹੈ। ਇਸੇ ਕਰਕੇ ਉਸ ਦੀਆਂ ਕਾਵਿ-ਕਿਰਤਾਂ ਤੇ ਕਥਾ ਰਚਨਾਵਾਂ ਵਰਤਮਾਨ ਸਮੇਂ ਦੀ ਜ਼ਹੀਨ ਚੇਤਨਾਤਮਕ ਪ੍ਰਸੰਗਿਕਤਾ ਨਾਲ ਓਤਪੋਤ ਹਨ, ਵਕਤ ਦੀ ਜ਼ਦੀਦ ਜਾਂ ਕਹਿ ਲਉ ਤਾਜ਼ੀ ਤਾਸੀਰ ਨੂੰ ਬਾਖ਼ੂਬੀ ਦਰਸਾਉਦੀਆਂ ਹਨ ਤੇ ਕੁਝ ਅਜਿਹੇ ਫ਼ਰਜ਼ਾਨਗੀ ਭਰਪੂਰ ਹਲੂਣਾਦੇਣ ਯੋਗ ਨੁਕਤੇ ਵੀ ਉਠਾਉਦੀਆਂ ਹਨ ਜਿਹੜੇ ਅੰਤ ਨੂੰ ਪਾਠਕ ਨੂੰ ਚਿੰਤਨ-ਮੰਥਨ ਦੇ ਰਾਹ ਪਾਉਦੇ ਹਨ। ਦਰਅਸਲ ਜਦੋਂ ਲੇਖਕ ਤੇ ਪਾਠਕ ਦਾ ਬੌਧਿਕ ਤੇ ਭਾਵਨਾਤਮਕ ਪੱਧਰ (ਭਾਵੇਂ ਉੱਨੀ-ਇੱਕੀ ਦੇ ਫ਼ਰਕ ਨਾਲ ਹੀ ਸਹੀ) ਗਲਵੱਕੜੀ ਪਾ ਲੈਂਦਾ ਹੈ ਤਾਂ ਸਬੰਧਿਤ ਸਾਹਿਤ ਦਾ ਪ੍ਰਯੋਜਨ ਪੂਰਾ ਹੋਇਆ ਮੰਨ ਲਿਆ ਜਾਂਦਾ ਹੈ ਤੇ ਸਾਹਿਤ ਦੀ ਤਵਾਨਗਰੀ ਅੱਗੇ ਨਤਮਸਤਕ ਹੋਣਾ ਸੁਭਾਵਿਕ ਹੀ ਹੁੰਦਾ ਹੈ। ਡਾ. ਕਰਨੈਲ ਸ਼ੇਰਗਿੱਲ ਦੀਆਂ ਸਾਹਿਤਕ ਕਿਰਤਾਂ ਇਹ ਪ੍ਰਯੋਜਨ ਸਹਿਜ ਰੂਪ ’ਚ ਪੂਰਾ ਕਰਦੀਆਂ ਹਨ ਕਿਉਕਿ ਉਹ ਸਮੇਂ ਨੂੰ ਸਮਝਣ ਵਾਲਾ ਸਮਰੱਥ ਸਾਹਿਤਕਾਰ ਹੈ, ਇਕ ਕਾਬਲ ਅਹਿਲੇ ਕਲਮ ਹੈ।

ਡਾ. ਕਰਨੈਲ ਸ਼ੇਰਗਿੱਲ ਦਾ ਜਨਮ 4 ਅਪ੍ਰੈਲ 1950 ਈ: ਨੂੰ ਪਿਤਾ ਰਜਿੰਦਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਪਿੰਡ ਬੈਂਚਾ (ਹੁਸ਼ਿਆਰਪੁਰ) ਵਿਖੇ ਹੋਇਆ। ਸ਼ੇਰਗਿੱਲ ਨੇ ਐੱਮਬੀਬੀਐੱਸ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਕੀਤੀ। ਡਾ. ਸ਼ੇਰਗਿੱਲ ਦਾ ਆਖਣਾ ਹੈ ਕਿ ਐਮਰਜੈਂਸੀ 1970 ਵਿਚ ‘ਪੰਦਰ੍ਹਵਾਂ ਲਾਲ ਕਰਾਸ’ ਕਹਾਣੀ ‘ਨਾਗਮਣੀ’ ਵਿਚ ਛਪੀ ਜਿਸ ਦੀ ਚਰਚਾ ਕਾਫ਼ੀ ਹੋਈ ਪਰ ਐਮਰਜੈਂਸੀ ਤੇ ਜੇਲ੍ਹ ਦੇ ਡਰਾਵੇ ਕਾਰਨ 1976 ਵਿਚ ਭਾਰਤ ਛੱਡਣਾ ਪਿਆ। ਜ਼ਿਕਰਯੋਗ ਹੈ ਕਿ ਡਾ. ਕਰਨੈਲ ਸ਼ੇਰਗਿੱਲ ਨੇ ਵਲੈਤ ਜਾ ਕੇ ਵੀ ਮੈਡੀਕਲ ਦੀ ਕਾਫ਼ੀ ਉੱਚ ਵਿੱਦਿਆ ਪ੍ਰਾਪਤ ਕੀਤੀ। ਖੋਜ ਕਾਰਜ ਵੀ ਕੀਤੇ ਤੇ ਕਈ ਇਨਾਮ ਸਨਮਾਨ ਵੀ ਪ੍ਰਾਪਤ ਕੀਤੇ। ਡਾ. ਸ਼ੇਰਗਿੱਲ ਦਾ ਵਾਸਾ ਵਲੈਤ ਦੇ ਲੈਸਟਰ ਸ਼ਹਿਰ ਵਿਚ ਹੈ।

ਪੰਜਾਬੀ ਸਾਹਿਤ ਸਿਰਜਣਾ ਵਾਲੇ ਪਾਸੇ ਰੁਚੀ ਵਿਕਸਤ ਹੋਣ ਦਾ ਸਬੱਬ ਡਾ. ਸ਼ੇਰਗਿੱਲ ਨੇ ਇਉ ਵਿਅਕਤ ਕੀਤਾ ਹੈ:-

ਮੇਰਾ ਸਾਹਿਤ ਨਾਲ ਪਿਆਰ ਬਚਪਨ ਤੋਂ ਹੀ ਸੀ। ਸਕੂਲ ਵਿਚ ਹੀ ਕਵਿਤਾਵਾਂ ਸ਼ੁਰੂ ਕੀਤੀਆਂ ਸਨ ਤੇ ਸਕੂਲ ਦੇ ਮੈਗਜ਼ੀਨ ਅਕਾਸ਼ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਸਾਂ। ਹਾਇਰ ਸੈਕੰਡਰੀ ਤੋਂ ਲੈ ਕੇ ਮੇਰਾ ਜ਼ਿਆਦਾ ਸਮਾਂ ਡਾਕਟਰ ਬਣਨ ਵਿਚ ਲੱਗ ਗਿਆ। ਮੇਰੇ ਮਾਤਾ ਤੇ ਪਿਤਾ ਮੇਰੇ ਜਨਮ ਤੋਂ ਹੀ ਅੰਮ੍ਰਿਤਸਰ ਆ ਗਏ ਸਨ ਜਿੱਥੇ ਉਨ੍ਹਾਂ ਦਾ ਆਪਣਾ ਕਾਰੋਬਾਰ ਸੀ। ਅੰਮ੍ਰਿਤਸਰ ਮੈਡੀਕਲ ਵਿਚ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਪਹਿਲਾਂ ਕਵਿਤਾਵਾਂ ਲਿਖੀਆਂ ਜੋ ਉਸ ਵੇਲੇ ‘ਕਵਿਤਾ’ ਨਾਂ ਦੇ ਮੈਗਜ਼ੀਨ ਵਿਚ ਛਪੀਆਂ। ਜ਼ਿਆਦਾ ਸਫ਼ਲਤਾ ਮੈਨੂੰ ਆਪਣੀਆਂ ਕਹਾਣੀਆਂ ਵਿਚ ਹੋਈ। ਪੰਜਾਬੀ ਵਿਚ ਇਕ ਨਵੇਂ ਪ੍ਰਸੰਗ ‘ਐਬਟਰੈਕਟ’ ਦੀਆਂ ਕਹਾਣੀਆਂ ਲਿਖੀਆਂ ਜਿਵੇਂ ਕਿ ‘ਪੰਦਰ੍ਹਵਾਂ ਲਾਲ ਕਰਾਸ’, ‘ਤੂੰ ਉਥੇ ਜ਼ਰੂਰ ਜਾਈਂ’, ‘ਪਾਗਲ ਔਰਤ ਪਾਗਲ ਮਰਦ’ ਤੇ ਕਈ ਹੋਰ ਜੋ ਕਿ ਲਗਾਤਾਰ ‘ਨਾਗਮਣੀ’ ਵਿਚ ਛਪੀਆਂ। ਅੰਮ੍ਰਿਤਾ ਪ੍ਰੀਤਮ ਨੇ ਮਿਲਣ ਲਈ ਸੁਨੇਹਾ ਭੇਜਿਆ ਤੇ ‘ਪੰਦਰ੍ਹਵਾਂ ਲਾਲ ਕਰਾਸ’ ਨੂੰ ਸਭ ਤੋਂ ਵਧੀਆ ਕਰਾਰ ਦਿੱਤਾ। ਉਸ ਨੇ ਇਸ ਕਹਾਣੀ ਨੂੰ ਪੰਜਾਬੀ ਸਾਹਿਤ ਦੀਆਂ ‘ਸਰਵੋਤਮ ਕਹਾਣੀਆਂ’ (ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਪ੍ਰੇਮ ਗੋਰਖੀ ਤਕ ਦੀਆਂ ਕਹਾਣੀਆਂ) ਦੇ ਸੰਗ੍ਰਹਿ ਵਿਚ ਲੈ ਲਿਆ। ਇਨ੍ਹਾਂ ਦਿਨਾਂ ਵਿਚ ਮੇਰੀ ਜਾਣ-ਪਛਾਣ ਮੁਖਤਾਰ ਗਿੱਲ, ਗੁੱਲ ਚੌਹਾਨ, ਪ੍ਰਮਿੰਦਰਜੀਤ, ਮੋਹਨਜੀਤ, ਖ਼ਾਲਿਦ ਹੁਸੈਨ, ਖੁਰਸ਼ੀਦ, ਗੁਰਵਿੰਦਰ ਤੇ ਯੂਨੀਵਰਸਿਟੀ ਦੇ ਸਾਹਿਤਕਾਰਾਂ ਨਾਲ ਹੋਈ। ਥੋੜ੍ਹੀ ਜਿਹੀ ਮੁਲਾਕਾਤ ਅਮਰਜੀਤ ਚੰਦਨ, ਪਾਸ਼ ਤੇ ਲੋਕ ਨਾਥ ਨਾਲ ਵੀ ਹੁੰਦੀ ਰਹੀ ਪਰ ਥੋੜ੍ਹਾ ਚਿਰ ਬਾਅਦ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਨਾ ਮੈਂ ਕਾਮਰੇਡ ਹਾਂ, ਨਾ ਕ੍ਰਾਂਤੀਕਾਰੀ ਹਾਂ ਤੇ ਨਾ ਆਜ਼ਾਦ ਹੋਏ ਮੁਲਕ ਵਿਚ ਨਕਸਲਾਈਟ ਬਣ ਸਕਦਾ ਹਾਂ। ਬਹੁਤ ਵਾਰੀ ਸੁਰਜੀਤ ਪਾਤਰ ਨਾਲ ਵੀ ਮਿਲਿਆ ਹਾਂ। ਮੈਡੀਕਲ ਕਾਲਜ ਵਿਚ ਨਵੇਂ ਉੱਠ ਰਹੇ ਸਾਹਿਤਕਾਰਾਂ ਦੀ ਸਾਡੀ ਆਪਣੀ ਟੋਲੀ ਸੀ ਜਿਵੇਂ ਪਿਆਰੇ ਦੋਸਤ ਡਾ. ਦਲਜੀਤ ਸਿੰਘ। ਹਰ ਮਹੀਨੇ ਕੰਪਨੀ ਬਾਗ਼ ਦੇ ਸਾਹਮਣੇ ‘ਠੰਢੀ ਖੂਹੀ’ ’ਤੇ ਸਾਡੀ ਮਹਿਫ਼ਲ ਜੰਮਦੀ ਤੇ ਅਸੀਂ ਆਪਣੀਆਂ ਰਚਨਾਵਾਂ ਸਾਂਝੀਆਂ ਕਰਦੇ। ਹਰ ਐਤਵਾਰ ਮੈਂ, ਡਾ. ਰਵਿੰਦਰ, ਪ੍ਰਮਿੰਦਰਜੀਤ, ਗੁੱਲ ਚੌਹਾਨ ਅਸੀਂ ਮੁਖਤਾਰ ਗਿੱਲ ਕੋਲ ਪ੍ਰੀਤਨਗਰ ਮਹਿਫ਼ਲ ਲਾਉਦੇ ਜਿੱਥੇ ਹੀ ਸਾਡੇ ਮੈਗਜ਼ੀਨ ‘ਅੱਖਰ’ ਦੀ ਸਥਾਪਨਾ ਹੋਈ ਜਿਸ ਨੂੰ ਮੈਂ ਹੁਣ ਤਕ ‘ਅੱਖਰ’ ਟੀਮ ਨਾਲ ਚੱਲਦਾ ਰੱਖਿਆ ਹੈ।

‘ਪੰਦਰ੍ਹਵਾਂ ਲਾਲ ਕਰਾਸ’ (ਕਹਾਣੀਆਂ), ‘ਹੁਣ ਮੈਂ ਅਜਨਬੀ ਨਹੀਂ’ (ਕਵਿਤਾਵਾਂ) ਤੇ ‘ਕੌਣ ਸੂਤਰਧਾਰ!’ (ਕਵਿਤਾਵਾਂ)- ਡਾ. ਕਰਨੈਲ ਸ਼ੇਰਗਿੱਲ ਦੀਆਂ ਤਿੰਨ ਪੁਸਤਕਾਂ ਪਾਠਕਾਂ ਦੇ ਅਧਿਐਨ ਦਾ ਵਸਤੂ ਬਣੀਆਂ ਹਨ। ਥਾਂ ਦੇ ਸੰਜਮ ਸਨਮੁਖ ਕ੍ਰਮਵਾਰ ਸੰਖਿਪਤ ਗੱਲ ਵੀ ਕਰੀਏ ਤਾਂ ‘ਪੰਦਰ੍ਹਵਾਂ ਲਾਲ ਕਰਾਸ’ ਵਿਚ ਕੁਲ 12 ਕਹਾਣੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕਹਾਣੀਆਂ ਦਾ ਜ਼ਿਕਰ ਉੱਪਰ ਡਾ. ਸ਼ੇਰਗਿੱਲ ਨੇ ਕੀਤਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਕਹਾਣੀਆਂ ਮਨੋਵਿਗਿਆਨਕ ਸੁਭਾਅ ਦੀਆਂ ਹਨ ਪਰ ਨਾਲੋਂ-ਨਾਲ ਯਥਾਰਥ ਦਾ ਸੰਯੋਗ ਵੀ ਹੈ। ਇਨ੍ਹਾਂ ਕਹਾਣੀਆਂ ਬਾਰੇ ਉੱਘੇ ਕਵੀ ਡਾ. ਮੋਹਨਜੀਤ ਦਾ ‘ਅੰਤਿਕਾ’ ਤਹਿਤ ਆਖਣਾ ਹੈ ਕਿ ਇਹ ਕਹਾਣੀਆਂ ਕਥਾ ਸਾਹਿਤ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਪ੍ਰੇਰਣਾ ਬਣ ਸਕਣ ਦੀ ਸਮਰੱਥਾ ਰੱਖਦੀਆਂ ਹਨ। ਇਹੋ ਰਚਨਾ ਦਾ ਸਲੀਕਾ ਹੈ। ਵਿਹਾਰ ਜਾਂ ਤੌਰ ਤਰੀਕਾ ਹੈ। ਚੰਗੀਆਂ ਰਚਨਾਵਾਂ ਨੂੰ ਕਤਾਰਬੱਧ ਕਰ ਕੇ ਜਾਂ ਤਰਤੀਬ ’ਚ ਰੱਖ ਕੇ ਪੜ੍ਹਨ ਦੀ ਲੋੜ ਨਹੀਂ। …ਚੰਗਾ ਤਾਂ ਜਿੱਥੇ ਵੀ ਹੋਵੇ ਚੰਗਾ ਹੈ। ਦੀਵਾ ਬੁੱਕਲ ’ਚ ਹੋਏ ਜਾਂ ਤਕੀਏ ਦੇ ਦਵਾਖੇ ’ਤੇ। ਲੋਅ ਉਹੋ ਰਹਿੰਦੀ ਹੈ।

2019 ’ਚ ‘ਹੁਣ ਮੈਂ ਅਜਨਬੀ ਨਹੀਂ’ ਕਾਵਿ-ਸੰਗ੍ਰਹਿ ਪਾਠਕਾਂ ਨੇ ਪੜ੍ਹਿਆ ਹੈ। ਇਸ ਸੰਗ੍ਰਹਿ ਦੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਵਿਚ ਬਾਹਰਮੁੱਖਤਾ ਨਾਲੋਂ ਅੰਤਰਮੁਖਤਾ ਵੱਧ ਹੈ। ਦਰਅਸਲ ਜਦੋਂ-ਜਦੋਂ ਵੀ ਕੋਈ ਕਾਵਿ-ਕਲਮ ਸਮੇਂ ਨੂੰ ਉਸ ਦੀਆਂ ਬਹੁਭਾਂਤੀ ਪਰਤਾਂ ਸੰਗ ਸਮਝ ਕੇ ਆਪਣੇ ਕਾਵਿ-ਸਿਰਜਣਾ ਦੇ ਪੰਧ ’ਤੇ ਤੁਰਦੀ ਹੈ ਤਾਂ ਬਾਹਰ ਨਾਲੋਂ ਅੰਦਰ ਨਾਲ ਵੱਧ ਜੁੜਦੀ ਜਾਂਦੀ ਹੈ। ਭਾਵੇਂ ਕਿ ਇਹ ਅੰਤਰਮੁਖਤਾ ਦਾ ਅਸਲ ਆਰੰਭ ਬਾਹਰਮੁੱਖਤਾ ਤੋਂ ਹੀ ਹੁੰਦਾ ਹੈ। ਇਸ ਕਾਵਿ-ਪੁਸਤਕ ਅੰਦਰਲੀਆਂ ਸਾਰੀਆਂ 62 ਕਾਵਿ-ਰਚਨਾਵਾਂ ਪਾਠਕ ਨੂੰ ਸਮੇਂ ਦੇ ਉਸ ਸੱਚ ਦੇ ਦਰਸ਼ਨ ਕਰਵਾਉਦੀਆਂ ਹਨ ਜਿਹੜਾ ਮਾਨਵ ਚਿੰਤਨ ਨੂੰ ਚੌਤਰਫੋਂ ਪ੍ਰਭਾਵਤ ਕਰਦਾ ਹੈ। ਪ੍ਰਸਿੱਧ ਆਲੋਚਕ ਡਾ. ਦੇਵਿੰਦਰ ਕੌਰ (ਯੂਕੇ) ਨੇ ਇਸ ਕਾਵਿ-ਸੰਗ੍ਰਹਿ ਨੂੰ ‘ਅਰਥਾਂ ਦੇ ਫੈਲਾਉ ਵਾਲੀ ਕਵਿਤਾ’ ਆਖਦਿਆਂ ਲਿਖਿਆ ਹੈ ਕਿ ‘ਇਸ ਵਿਚਲੀ ਕਾਵਿ-ਮੈਂ ਅੰਦਰ ਜੀਉਣ ਦੀ ਉਹ ਜ਼ਿੱਦ ਹੈ ਜੋ ਆਪਣੇ ਘੇਰੇ ’ਚੋਂ ਬਾਹਰ ਆਉਣਾ ਲੋਚਦੀ ਹੈ। ਡਾ. ਕਰਨੈਲ ਦੀਆਂ ਨਜ਼ਰਾਂ ਵਿਚ ਜ਼ਿੰਦਗੀ ਦੀ ਕਸ਼ਮਕਸ਼ ਵਿੱਚੋਂ ਅਖੀਰ ਤਕ ਗੁਜ਼ਰਨਾ ਹੀ ਸਿਧਾਰਥ ਬਣਨਾ ਹੈ। ‘ਸਿਧਾਰਥ’ ਨਾਂ ਦੀ ਕਵਿਤਾ ਦਾ ਆਖ਼ਰੀ ਬੰਦ ਵੀ ਕਵੀ ਦੀ ਕਾਵਿ ਸੋਚ ਦੇ ਕੇਂਦਰ ਵੱਲ ਇਸ਼ਾਰਾ ਕਰਦਾ ਹੈ:-

ਮੈਂ ਵਾਅਦਾ ਕਰਦਾ ਹਾਂ
ਮੈਂ ਕੋਈ ਨਵਾਂ ਵਾਦ ਜਾਂ ਧਰਮ
ਨਹੀਂ ਉਪਜਾਵਾਂਗਾ।
ਖ਼ਾਲੀ ਹੱਥ ਤੇ ਹੱਥਾਂ ’ਚੋਂ ਮਿਟੀਆਂ ਚਾਰ ਲਕੀਰਾਂ ਹੀ
ਮੇਰੀ ਹੋਂਦ ਦਾ ਸਵੈ ਗ੍ਰੰਥ ਹਨ।

ਡਾ. ਕਰਨੈਲ ਸ਼ੇਰਗਿੱਲ ਦੀ ਇਸੇ ਸਾਲ ਆਈ ਕਾਵਿ-ਪੁਸਤਕ ਦਾ ਨਾਂ ਹੈ ‘ਕੌਣ ਸੂਤਰਧਾਰ!’। ਇਸ ਦੇ ‘ਪੇਸ਼ਕਾਰੀ ਨੋਟ’ ਵਿਚ ਹੀ ਸ਼ੇਰਗਿੱਲ ਨੇ ਲਿਖ ਦਿੱਤਾ ਹੈ ਕਿ ‘ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਾਫ਼ੀ ਕਵਿਤਾਵਾਂ ਵਿਚ ਮੈਂ ਬੰਦੇ ਦੀ ਹੋਂਦ, ਰੱਬ ਤੇ ਪ੍ਰਕਿਰਤੀ ਨੂੰ ਜਾਣਨ ਦੀ ਅਸਮਰੱਥਾ ਬਾਰੇ ਆਪਣੇ ਅਨੁਭਵ ਤੇ ਅਹਿਸਾਸ ਰਚਾਏ ਹਨ।’ ਨਿਰਸੰਦੇਹ 70 ਕਵਿਤਾਵਾਂ ਦਾ ਇਹ ਸੰਗ੍ਰਹਿ ਨਿਵੇਕਲੇ ਰੰਗ ਦੀਆਂ ਕਵਿਤਾਵਾਂ ਵਾਲਾ ਹੈ।

ਡਾ. ਕਰਨੈਲ ਸ਼ੇਰਗਿੱਲ ਨਾਲ ਹੋਏ ਵਿਚਾਰ ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਲਿਖੇ ਜਾਂਦੇ ਹਨ:-

* ਖ਼ੁਸ਼ੀ ਵਾਲੀ ਗੱਲ ਹੈ ਕਿ ਇਕ-ਦੋ ਕਵੀਆਂ ਨੂੰ ਛੱਡ ਕੇ ਕਵਿਤਾ ਸਰਲ ਪੰਜਾਬੀ ਵਿਚ ਲਿਖੀ ਜਾ ਰਹੀ ਹੈ। ਕਈ ਕਵੀ ਅਜੇ ਵੀ ਖ਼ਿਆਲਾਂ ਨੂੰ ਜਰਬਾਂ ਤਕਸੀਮਾਂ ਦੇ ਕੇ ‘ਅਮੂਰਤ ਕਵਿਤਾ’ ਦਾ ਨਾਮ ਦੇਂਦੇ ਹਨ। ਰਮਨ ਸੰਧੂ, ਜਸਪਾਲ ਘਈ, ਸਿਮਰਨਜੋਤ ਮਾਨ ਤੇ ਪ੍ਰਮਿੰਦਰ ਸੋਢੀ ਦੀਆਂ ਕਵਿਤਾਵਾਂ ਪੜ੍ਹਕੇ ਪੰਜਾਬੀ ਰਚਨਾ ਦੇ ਮਿਆਰ ’ਤੇ ਮਾਣ ਹੁੰਦਾ ਹੈ।

* ਬਰਤਾਨੀਆ ਦੀਆਂ ਸਾਹਿਤ ਸਭਾਵਾਂ ਦਾ ਯੋਗਦਾਨ ਕਾਫ਼ੀ ਹੈ। ਲੰਡਨ ਵਿਚ ਦੋ ਸਭਾਵਾਂ ਨੇ ਜਿਨ੍ਹਾਂ ਵਿਚ ਲੇਖਕਾਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ, ਨਾਵਲਾਂ ਤੇ ਲੇਖਾਂ ਨਾਲ ਕਾਫ਼ੀ ਯੋਗਦਾਨ ਪਾਇਆ ਏ। ਲੰਡਨ ਵਿਚ 2 ਇੰਟਰ ਨੈਸ਼ਨਲ ਪੰਜਾਬੀ ਕਾਨਫਰੰਸਾਂ ਵੀ ਹੋ ਚੱੁਕੀਆਂ ਨੇ ਜੋ ਕਾਫ਼ੀ ਸਫਲ ਰਹੀਆਂ ਨੇ। ਲੰਡਨ ਦੇ ਮਹਾਨ ਲੇਖਕ ਹਨ ਹਰਜੀਤ ਅਟਵਾਲ, ਸਾਥੀ ਲੁਧਿਆਣਵੀ, ਕੁਲਵੰਤ ਢਿੱਲੋਂ, ਅਜ਼ੀਮ ਸ਼ੇਖਰ, ਸੰਤੋਖ ਭੁੱਲਰ, ਗੁਰਚਰਨ ਸੱਗੂ, ਮਹਿੰਦਰਪਾਲ ਸਿੰਘ ਧਾਲੀਵਾਲ, ਪ੍ਰਕਾਸ਼ ਸੋਹਲ, ਅਜੀਬ ਸਿੰਘ ਗ਼ਰੀਬ ਆਦਿ। ਲੈਸਟਰ ਵਿਚ ਪੰਜਾਬੀ ਲੇਖਕ ਹਨ ਡਾ. ਕਰਨੈਲ ਸ਼ੇਰਗਿੱਲ, ਸੁਖਦੇਵ ਸਿੰਘ ਬਾਂਸਲ, ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਤੇ ਜਸਵੰਤ ਕੌਰ ਬੈਂਸ। (ਅੱਗੋਂ ਡਾ. ਸ਼ੇਰਗਿੱਲ ਨੇ ਵੁਲਵਰਹੈਂਪਟਨ, ਬਰਮਿੰਘਮ, ਕਵੈਂਟਰੀ, ਨੌਟਿੰਗਮ, ਡਰਬੀ ਤੇ ਯੂਕੇ ਦੇ ਕੁਝ ਹੋਰ ਪੰਜਾਬੀ ਲੇਖਕਾਂ ਬਾਰੇ ਵੀ ਵਿਸਤਾਰ ਸਾਹਿਤ ਜਾਣਕਾਰੀ ਦਿੱਤੀ ਹੈ।)

* ਇੰਗਲੈਂਡ ਵਿਚ ਸਾਡੀ ਪੀੜ੍ਹੀ ਤੋਂ ਬਾਅਦ ਤਾਂ ਕੋਈ ਪਾਠਕ ਨਹੀਂ ਮਿਲਣੇ। ਇਸੇ ਤਰ੍ਹਾਂ ਭਾਰਤ ਤੇ ਪੰਜਾਬ ਵਿਚ ਵੀ ਪਾਠਕਾਂ ਦੀ ਕਮੀ ਹੈ ਪਰ ਸੁਣਿਆ ਹੈ ਕਿ ਪੰਜਾਬੀ ਦੇ ਪਾਠਕ ਉੱਤਰੀ ਭਾਰਤ ਵਿਚ ਵੱਧ ਰਹੇ ਨੇ।

ਨਿਰਸੰਦੇਹ ਸਮੇਂ ਨੂੰ ਸਮਝਣ ਵਾਲੇ ਅਦੀਬ ਡਾ. ਕਰਨੈਲ ਸ਼ੇਰਗਿੱਲ ਦਾ ਕਿਹਾ-ਲਿਖਿਆ ਹਰ ਸ਼ਬਦ ਵਿਚਾਰਨਯੋਗ ਹੈ। ਸਾਨੂੰ ਇਸ ਗੱਲ ਦੀ ਵੀ ਤਸੱਲੀ ਹੈ ਡਾ. ਕਰਨੈਲ ਸ਼ੇਰਗਿੱਲ ਕੋਲ ਮਹਿਜ਼ ਅਸੀਮ ਅਨੁਭਵ ਹੀ ਨਹੀਂ ਹੈ ਸਗੋਂ ਅਨੁਭਵ ਦਾ ਬੇਹੱਦ ਨਿਖ਼ਾਰ ਵੀ ਹੈ।

***
520
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ