6 December 2024

ਪੰਜਾਬੀ ਗੀਤਾਂ ਨੂੰ ਅੰਗਰੇਜ਼ੀ ਦਾ ਤੜਕਾ— ਪ੍ਰੋ. ਨਵ ਸੰਗੀਤ ਸਿੰਘ 

ਬਚਪਨ ਵਿਚ ਮੇਰੇ ਪਿਤਾ ਜੀ ਮੈਨੂੰ ਕੁਝ ਅਜਿਹੀਆਂ ਕਾਵਿ-ਪੰਕਤੀਆਂ ਸੁਣਾਇਆ ਕਰਦੇ ਸਨ, ਜਿਨ੍ਹਾਂ ਵਿਚ ਪੰਜਾਬੀ-ਅੰਗਰੇਜ਼ੀ-ਫ਼ਾਰਸੀ ਅਤੇ ਹੋਰ ਭਾਸ਼ਾਵਾਂ ਦਾ ਅਰਥਮਈ ਅਜੀਬ ਸੁਮੇਲ ਸੀ:

            * ਲੁਕ ਦੇਖੋ ਅਸਮਾਨ ਸਕਾਈ
               ਪਿਜਨ ਕਬੂਤਰ ਉਡਣ ਫਲਾਈ।
ਅਤੇ 
            * ਬੇਰੀ ਹੇਠ ਨਿਸ਼ਸਤਾ ਬੂਤਮ
               ਆਈ ਇੱਟ ਘੁਕੇਂਦੀ।
               ਇਫ਼ ਆਈ ਹੈੱਡ ਪਰ੍ਹੇ ਨਾ ਕਰਦਾ
               ਮਸਤਕ ਵਿੱਚ ਲਗੇਂਦੀ।

ਉਦੋਂ ਮੈਨੂੰ ਇਹ ਕਾਵਿ-ਪੰਕਤੀਆਂ ਬਹੁਤ ਵਧੀਆ ਜਾਪਦੀਆਂ ਸਨ ਤੇ ਹੁਣ ਵੀ ਮੈਨੂੰ ਇਹ ਤੁਕਾਂ ਇਨਬਿਨ ਯਾਦ ਹਨ, ਜਿਨ੍ਹਾਂ ਨੂੰ ਮੈਂ ਅੱਗੇ ਆਪਣੇ ਵਿਦਿਆਰਥੀਆਂ ਨੂੰ ਵੀ ਸੁਣਾਉਂਦਾ ਰਹਿੰਦਾ ਹਾਂ। ਪਿਤਾ ਜੀ ਅੰਗਰੇਜ਼ੀ-ਮਿਸ਼ਰਿਤ ਪੰਜਾਬੀ ਵਾਕਾਂ ਦੀ ਇਕ ਹੋਰ ਮਿਸਾਲ ਵੀ ਸੁਣਾਇਆ ਕਰਦੇ ਸਨ ਕਿ ਇੱਕ ਵਾਰ ਇੱਕ ਅਨਪੜ੍ਹ ਪੰਜਾਬਣ ਬਾਹਰਲੇ ਮੁਲਕ ਗਈ, ਉਥੇ ਉਹਦਾ ਛੋਟਾ ਬੇਟਾ ਸੰਨੀ ਬੀਮਾਰ ਹੋ ਗਿਆ ਤਾਂ ਉਹ ਉਹਨੂੰ ਇੱਕ ਅੰਗਰੇਜ਼ ਡਾਕਟਰ ਕੋਲ ਲਿਜਾ ਕੇ ਉਹਦੀ ਬੀਮਾਰੀ ਦਾ ਬਿਰਤਾਂਤ  ‘ਖਿਚੜੀ ਪੰਜਾਬੀ’ (ਪੰਜਾਬੀ-ਅੰਗਰੇਜ਼ੀ ਮਿਸ਼ਰਿਤ) ਵਿੱਚ ਇਸ ਤਰ੍ਹਾਂ ਸੁਣਾਉਣ ਲੱਗੀ : “ਡਾਕਟਰ ਜੀ, ਡਾਕਟਰ ਜੀ! ਮੇਰਾ ਬੇਟਾ ਸੰਨੀ ਨਾ ਈਟਦਾ ਐ, ਨਾ ਸਲੀਪਦਾ ਐ, ਬਸ ਵੀਪਦਾ ਈ ਵੀਪਦਾ ਐ…”

 ਮੇਰੇ ਪਿਤਾ ਗਿਆਨੀ ਕਰਤਾਰ ਸਿੰਘ (1921-2013) ਪੰਜਾਬੀ ਭਾਸ਼ਾ ਦੇ ਜਾਣੇ-ਪਛਾਣੇ ਸਕੂਲ ਅਧਿਆਪਕ ਸਨ, ਜਿਨ੍ਹਾਂ ਦਾ ਪੰਜਾਬੀ ਅਧਿਆਪਨ ਵਿਚ ਜ਼ਿਕਰਯੋਗ ਨਾਂ ਸੀ। ਉਹ ਪੰਜਾਬੀ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵਰਤਣ ਦੇ ਸਖ਼ਤ ਖ਼ਿਲਾਫ਼ ਸਨ, ਖਾਸ ਤੌਰ ਤੇ ਉਦੋਂ, ਜਦੋਂ ਪੰਜਾਬੀ ਵਿੱਚ ਉਹਦਾ ਬਦਲਵਾਂ ਤੇ ਢੁਕਵਾਂ ਸ਼ਬਦ ਮੌਜੂਦ ਹੋਵੇ। ਉਹ ਉਰਦੂ-ਫ਼ਾਰਸੀ ਦੇ ਵੀ ਚੰਗੇ ਗਿਆਤਾ ਸਨ, ਪਰ ਇਨ੍ਹਾਂ ਭਾਸ਼ਾਵਾਂ ਦੇ ਸ਼ਬਦ ਉਦੋਂ ਹੀ ਵਰਤਦੇ ਸਨ, ਜਦੋਂ ਢੁਕਵਾਂ ਪੰਜਾਬੀ ਸ਼ਬਦ ਨਾ ਮੌਜੂਦ ਹੋਵੇ। ਉਹ ਪੰਜਾਬੀ ਵਿਚ ਹਿੰਦੀ-ਸੰਸਕ੍ਰਿਤ ਦੇ ਸ਼ਬਦਾਂ ਤੋਂ ਵੀ ਖਿਝਦੇ ਸਨ। ’80ਵਿਆਂ ਵਿਚ ਜਦੋਂ ਪੰਜਾਬੀ ਆਲੋਚਨਾ ਵਿੱਚ ਹਿੰਦੀ-ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਆਮ ਹੋਣ ਲੱਗੀ ਤਾਂ ਮੈਂ ਵੀ ‘ਅਭਿਵਿਅਕਤੀ’, ‘ਅਭਿਵਿਅੰਜਨਾ’, ‘ਵਿਅਕਤਿਤਵ’ ਜਿਹੇ ਸ਼ਬਦ ਵਰਤਣ ਲੱਗ ਪਿਆ, ਉਸ ਸਮੇਂ ਪਿਤਾ ਜੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਤੋਂ ਮੈਨੂੰ ਖ਼ਬਰਦਾਰ ਕਰਦੇ ਰਹਿੰਦੇ ਸਨ। ਖ਼ੈਰ…
    ਕਈ ਵਰੵੇ ਪਹਿਲਾਂ ਹਿੰਦੀ ਫ਼ਿਲਮੀ ਗੀਤਾਂ ਵਿਚ ਅੰਗਰੇਜ਼ੀ ਸ਼ਬਦ ਵਰਤਣ ਦਾ ਰੁਝਾਨ ਵੇਖਿਆ ਗਿਆ ਸੀ ਅਤੇ ਹਿੰਦੀ ਫ਼ਿਲਮਾਂ ਵਿਚ ਪੰਜਾਬੀ ਗੀਤ ਆਮ ਹੋਣ ਲੱਗ ਪਏ ਸਨ। ਵੀਹਵੀਂ ਸਦੀ ਦੇ ਅੰਤਲੇ ਦਹਾਕੇ (1998) ਦੀ ਇੱਕ ਫਿਲਮ (‘ਪਰਦੇਸੀ ਬਾਬੂ’) ਵਿੱਚ ਗੋਵਿੰਦਾ, ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈਟੀ ਤੇ ਫ਼ਿਲਮਾਏ; ਆਦਿਤਿਆ ਨਾਰਾਇਣ, ਅਲਕਾ ਯਾਗਨਿਕ ਤੇ ਆਨੰਦ ਰਾਜ ਆਨੰਦ ਵੱਲੋਂ ਗਾਏ (ਗੀਤਕਾਰ, ਸੰਗੀਤਕਾਰ ਤੇ ਨਿਰਦੇਸ਼ਕ : ਆਨੰਦ ਰਾਜ ਆਨੰਦ ਦੇ) ਇੱਕ ਗੀਤ ਵਿੱਚ ਵਰਤੀ ਗਈ ਸ਼ਬਦਾਵਲੀ ਦਾ ਨਮੂਨਾ ਵੇਖੋ :

    ਜਹਾਂ ਪਾਂਵ ਮੇ ਪਾਇਲ, ਹਾਥ ਮੇਂ ਕੰਗਨ
    ਹੋ ਮਾਥੇ ਪੇ ਬਿੰਦੀਆ …..
    ਇਟ ਹੈਪਨਜ਼ ਓਨਲੀ ਇਨ ਇੰਡੀਆ…

    ਅੱਜਕੱਲ੍ਹ ਟੀ.ਵੀ./ਡੀ.ਜੇ. ਉਤੇ ਵੱਜਦੇ ਪੰਜਾਬੀ ਗੀਤਾਂ ਵਿੱਚ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਕੁਝ ਵਧੇਰੇ ਹੀ ਵੱਧ ਗਈ ਹੈ, ਜਿਨ੍ਹਾਂ ਨੂੰ ਕਈ ਵਾਰ ਮੈਂ ਤਾਂ ਧਿਆਨ ਦੇਣ ‘ਤੇ ਵੀ ਸਮਝ ਨਹੀਂ ਸਕਦਾ ਪਰ ਮੇਰੀ ਬੇਟੀ ਇਨ੍ਹਾਂ ਨੂੰ ਸਹਿਜੇ ਹੀ ਸੁਣ ਕੇ ਆਮ ਗੁਣਗੁਣਾਉਂਦੀ ਰਹਿੰਦੀ ਹੈ, ਹਾਲਾਂਕਿ ਉਹ ਇਹਦੇ ਡੂੰਘੇ ਅਰਥਾਂ ਤੋਂ ਅਣਜਾਣ ਹੈ।
     ਕਿਸੇ ਸਮੇਂ ਗੁਰਦਾਸ ਮਾਨ ਜਾਂ ਹੰਸ ਰਾਜ ਹੰਸ ਦਿਆਂ ਗੀਤਾਂ ਵਿਚ ਬਹੁਤ ਹੀ ਆਮ ਵਰਤੇ ਜਾਂਦੇ ਅੰਗਰੇਜ਼ੀ ਸ਼ਬਦ ਆਏ ਸਨ ਤਾਂ ਸਰੋਤਿਆਂ ਨੇ ਕਾਫੀ ਹੋ-ਹੱਲਾ ਮਚਾਇਆ ਸੀ। ਇਨ੍ਹਾਂ ਵਿੱਚ ਟੈਲੀਫੋਨ, ਹੈਲੋ, ਥੈਂਕਯੂ ਅਤੇ ਸਿਲਕੀ ਜਿਹੇ ਆਮ ਵਰਤੀਂਦੇ ਸ਼ਬਦਾਂ ਦੀ ਵਰਤੋਂ ਹੋਈ ਸੀ :
     * ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ, 
        ਜਦੋਂ ਦਾ ਟੈਲੀਫੋਨ ਲੱਗਿਆ।
     * ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ 
       ਸ਼ਰਮ ਨੀ ਆਉਂਦੀ ਸਾਨੂੰ ਗਾਲ੍ਹਾਂ ਦਿੰਦੀ ਨੂੰ 
       ‘ਹੈਲੋ-ਹੈਲੋ’, ‘ਥੈਂਕਯੂ’ ਕਰਨ ਨੱਢੀਆਂ,
       ਆ ‘ਗੀਆਂ ਵਲੈਤੋਂ ਅੰਗਰੇਜ਼ ਵੱਡੀਆਂ…
     * ਓ ਮੈਡਮ ਤੇਰੀ ਚਾਲ, ਤੇਰੇ ਸਿਲਕੀ-ਸਿਲਕੀ ਵਾਲ
       ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ…

    ਕਿਸੇ ਸਮੇਂ ਗਿੱਪੀ ਗਰੇਵਾਲ ਦੇ ਇਸ ਗੀਤ ‘ਮਰ ਜਾਣੀ ਪਾਉਂਦੀ ਭੰਗੜਾ, ਅੰਗਰੇਜ਼ੀ ਬੀਟ ਤੇ…’ ਨੂੰ ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਜ਼ਿਆਦਾਤਰ ਸਮਾਗਮਾਂ ਵਿੱਚ ਆਮ ਵੱਜਦੇ ਸੁਣਿਆ ਜਾ ਸਕਦਾ ਸੀ। ਕਦੇ ਦਿਲਜੀਤ ਦੋਸਾਂਝ ਦੇ ਇਸ ਗੀਤ ‘ਲੱਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ…’ ਕਰਕੇ ਉਹਨੂੰ ‘ਮਾਈ ਭਾਗੋ ਬ੍ਰਿਗੇਡ’ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਤੇ ਅਜਿਹੇ ਗੀਤ ਗਾਉਣ ਤੋਂ ਤੌਬਾ ਕਰਨੀ ਪਈ ਸੀ, ਜਿਸ ਵਿਚ ਧੀਆਂ, ਔਰਤਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਗਈ ਸੀ, ਪਰ ਇਨ੍ਹੀਂ ਦਿਨੀਂ ਤਾਂ ਅਜਿਹੇ ਔਰਤ-ਵਿਰੋਧੀ ਅਤੇ ਅੰਗਰੇਜ਼ੀ ਸ਼ਬਦਾਂ ਦੇ ਭੰਡਾਰ ਵਾਲੇ ਗੀਤਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੈ।
     ਅੱਜਕੱਲ੍ਹ ਨਵੇਂ ਗਾਇਕਾਂ ਵੱਲੋਂ ਗਾਏ ਗੀਤਾਂ ਵਿਚ ਅੰਗਰੇਜ਼ੀ ਸ਼ਬਦਾਂ ਦੀ ਇੰਨੀ ਭਰਮਾਰ ਹੁੰਦੀ ਹੈ ਕਿ ਕਈ ਵਾਰ ਤਾਂ ਇਨ੍ਹਾਂ ਨੂੰ ਸਮਝਣ/ਸੁਣਨ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ।ਆਓ, ਅਜਿਹੇ ਗੀਤਾਂ ਦੀਆਂ ਕੁਝ ਪੰਕਤੀਆਂ ਵੇਖੀਏ/ਸੁਣੀਏ:
      * ਯੂ ਥਿੰਕ ਜੱਟ ਦੀ ਡਰਿੰਕ ਬੈਡ ਇ ਆ।
         ਘੁੱਟ ਪੀ ਕੇ ਦਿਲ ਜੱਟ ਦਾ ਗਲੈਡ ਇ ਆ।
               (ਦਿਲਜੀਤ ਦੋਸਾਂਝ, ਫਿਲਮ ‘ਅੰਬਰਸਰੀਆ’)
                        **
      * ਮੈਂ ਝਾਕੇ ਲੈਂਦਾ ਨਾ ਬਿਗਾਨੀ ਨਾਰ ਦੇ 
         ਭਾਬੀ ਥੋਡੀ ਐਂਡ ਇ ਆ।
                                           (ਰੇਸ਼ਮ ਅਨਮੋਲ)
                        **
      * ਬ੍ਹਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ
         ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ।
   ‌                                       (ਐਮੀ ਵਿਰਕ)
                        **
       * ਨੀ ਆਜਾ ਤੈਨੂੰ ਗੱਲ ਦੱਸਦਾਂ ,
          ਦੇਣਾ ਏ ਗਰੈਮੀ ਤੇਰੀ ਅੱਖ ਨੂੰ।
          ਜੇ ਬੇਬੀ ਮੇਰਾ ਵੱਸ ਚੱਲਦਾ,
          ਮੈਂ ਆਸਕਰ ਦਿੰਦਾ ਤੇਰੇ ਲੱਕ ਨੂੰ।
                     (ਗਿੱਪੀ ਗਰੇਵਾਲ, ਫਿਲਮ ‘ਕਪਤਾਨ’)
                        **
       * ਸੈਲਫ ਕਾਨਫੀਡੈਂਸ ਅਤੇ ਸੈਲਫੀ ਮਰਵਾ ਜਾਂਦੀ ….
                                         (ਬੱਬੂ ਮਾਨ)
                        **
       * ਐਸ.ਪੀ. ਦੇ ਰੈਂਕ ਵਰਗੀ,
          ਜੱਟੀ ਜੱਟ ਤੇ ਰੱਖੇ ਸਖਤਾਈਆਂ…
                                         (ਨਿਮਰਤ ਖਹਿਰਾ)
                        **
       * ਮੁੜ ਕੇ ਤਾਂ ਵੇਖ ਸੋਹਣੀਏਂ,
          ਮੁੰਡਾ ਹੌਰਨ ਬਲੋਅ ਕਰਦਾ
          ਹਵਾ ‘ਚ ਉਡਾਵੇ ਗੱਡੀ ਨੂੰ,
          ਤੈਨੂੰ ਵੇਖ ਕੇ ਸਲੋਅ ਕਰਦਾ
                                         (ਹਾਰਡੀ ਸੰਧੂ)    
                        **                                               
      * ਨੈਰੋ ਸਲਵਾਰ, ਸੂਟ ਰੈੱਡ ਮੁੰਡਿਆ,
         ਕਰੈਚ ਦੀ ਕਮਾਨ ਜੀ ਥਰੈੱਡ ਮੁੰਡਿਆ।
         ਰਿੰਗ ਵਿਚ ਨਗ ਜੜੇ ਸਵਾ ਲੱਖ ਦੇ,
         ਵਾਈਟ ਗੋਲਡ ਦੀ ਵੰਗ ਵੀਣੀ ਵਿਚ ਛਣਕੇ।
       ‌                           (ਕੌਰ ਬੀ. ਅਤੇ ਜੈਜ਼ੀ ਬੀ.)
                        **
      * ਮਿਸਟਰ ਬਲੈਕ-ਬਲੈਕ, ਮੁੜ ਕੇ ਆਜਾ ਬੈਕ-ਬੈਕ
         ਲੈ ਜਾ ਮੈਨੂੰ ਨਾਲ-ਨਾਲ, ਮੈਂ ‘ਟੈਚੀ ਕਰ ਲਿਆ ਪੈਕ।
          (ਅਮਰਿੰਦਰ ਗਿੱਲ , ਫਿਲਮ ‘ਗੋਰਿਆਂ ਨੂੰ ਦਫਾ ਕਰੋ’)
                        **
      * ਤੂੰ ਲਿਆ ਦੇ ਮੈਨੂੰ ਗੋਲਡਨ ਝੁਮਕੇ ,
         ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ।
         ਰਿਕੁਐਸਟਾਂ ਪਾਈਆਂ ਵੇ, ਚਿੱਟੀਆਂ ਕਲਾਈਆਂ ਵੇ।
         ਓ ਬੇਬੀ ਮੇਰੇ ਵ੍ਹਾਈਟ ਕਲਾਈਆਂ ਵੇ।
                   (ਮੀਤ ਬ੍ਰਦਰਜ਼, ਅੰਜਨ ਤੇ ਕਨਿਕਾ ਕਪੂਰ)
                 ‌       **
      * ਜੀਨ ਜਿਹੀ ਕਸੀ ਉਹਨੇ ਗੌਗਲ ਲਗਾਏ ਸੀ
         ਵਾਲ ਸਟਰੇਟ ਵਾਧੂ ਛਾਪਾਂ-ਛੱਲੇ ਪਾਏ ਸੀ….
                                     (ਗਿੱਪੀ ਗਰੇਵਾਲ)
                        **
       * ਡੂ ਯੂ ਨੋਅ, ਮੈਂ ਤੈਨੂੰ ਕਿੰਨਾ ਪਿਆਰ ਕਰਦਾਂ
          ਡੂ ਯੂ ਨੋਅ, ਮੈਂ ਕਿੰਨਾ ਤੇਰੇ ਉੱਤੇ ਮਰਦਾਂ …
                                       (ਦਿਲਜੀਤ ਦੁਸਾਂਝ)
                       **
       ਮੈਂ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਅਤੇ ਇਹੋ ਜਿਹੇ ਹੋਰ ਅਨੇਕਾਂ ਗੀਤਾਂ ਵਿਚ ਉਹੋ ਜਿਹੀ ਗਹਿਰਾਈ, ਮਿਠਾਸ ਤੇ ਸੋਜ਼ ਤਾਂ ਬਿਲਕੁਲ ਨਹੀਂ ਹੈ, ਜੋ ਕਦੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ ਜਾਂ ਯਮਲਾ ਜੱਟ ਦੇ ਗਾਏ ਗੀਤਾਂ ਵਿਚ ਹੁੰਦੀ ਸੀ ਪਰ ਬਦਲਦੇ ਜ਼ਮਾਨੇ ਦੀ ਤੋਰ ਵਿਚ ਅਜਿਹੇ ਗੀਤ ਯੁਵਾ-ਪੀੜ੍ਹੀ ਦੀ ਗੱਲਬਾਤ ਦਾ ਹਿੱਸਾ ਜ਼ਰੂਰ ਬਣ ਗਏ ਹਨ। ਇਨ੍ਹਾਂ ਗੀਤਾਂ ਵਿਚ ਸਿਰਫ ਅੰਗਰੇਜ਼ੀ ਬੀਟ ਅਤੇ ਥ੍ਰਿੱਲ ਹੈ, ਜੋ ਸਕੂਲਾਂ/ਕਾਲਜਾਂ ਦੀਆਂ ਪਾਰਟੀਆਂ ਦੇ ਨਾਲ-ਨਾਲ ਵਿਆਹ ਸ਼ਾਦੀਆਂ ਜਿਹੇ ਸਮਾਗਮਾਂ ਤੇ ਅਜੋਕੀ ਨਵੀਂ ਪੀੜ੍ਹੀ ਨੂੰ ਥਿਰਕਣ ਲਈ ਮਜਬੂਰ ਕਰ ਦਿੰਦੀ ਹੈ।
     ਪਰ ਇਹ ਸਭ ਗਾਇਕਾਂ ਕਰਕੇ ਨਹੀਂ ਹੈ। ਇਸ ਵਿੱਚ ਵੱਡਾ ਯੋਗਦਾਨ ਗੀਤਕਾਰਾਂ ਦਾ ਵੀ ਹੈ ਤੇ ਨਾਲ ਨਾਲ ਸਰੋਤਿਆਂ ਦਾ ਵੀ। ਜੇ ਸਰੋਤੇ ਪਸੰਦ ਕਰਦੇ ਹਨ ਤਾਂ ਗੀਤਕਾਰ ਲਿਖਦੇ ਹਨ, ਜਿਨ੍ਹਾਂ ਨੂੰ ਗਾਇਕ ਗਾਉਂਦੇ ਹਨ। ਸੋ ਜੇ ਸਾਡੇ ਗੀਤਾਂ ਵਿੱਚ ਅੰਗਰੇਜ਼ੀ ਸ਼ਬਦਾਵਲੀ ਹੈ ਤਾਂ ਇਹਦੀ ਜ਼ਿੰਮੇਵਾਰੀ ਸਿਰਫ਼ ਗਾਇਕਾਂ ਨੂੰ ਦੇਣੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਪਰਲੀਆਂ ਤਿੰਨੇ ਧਿਰਾਂ ਇਸਦੇ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ।

ਕਿਹਾ ਜਾਂਦਾ ਹੈ ਕਿ ‘ਮੱਛੀ ਪੱਥਰ ਚੱਟ ਕੇ ਮੁੜਦੀ ਹੈ’। ਸੰਭਵ ਹੈ ਕਿ ਜਦੋਂ ਗਾਇਕਾਂ/ਗੀਤਕਾਰਾਂ ਸਮੇਤ ਸਰੋਤਿਆਂ ਦਾ ਅਜਿਹੇ ਗੀਤਾਂ ਨਾਲੋਂ ਮੋਹ ਭੰਗ ਹੋ ਗਿਆ ਤਾਂ ਉਹ ਫਿਰ ਤੋਂ ਆਪਣੀ ਮਿੱਠੀ ਤੇ ਪਿਆਰੀ ਪੰਜਾਬੀ ਜ਼ੁਬਾਨ ਵੱਲ ਮੂੰਹ ਕਰਨਗੇ। ਵੇਖੋ, ਉਹ ਸਮਾਂ ਕਦੋਂ ਆਉਂਦਾ ਹੈ!
 ***                
# ਪ੍ਰੋ. ਨਵ ਸੰਗੀਤ ਸਿੰਘ,
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015
navsangeetsingh1957@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1162
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →