27 July 2024

ਇੰਗਲੈਂਡ ਤੇ ਵੇਲਜ਼ ਦੀ ਮਰਦਮਸ਼ੁਮਾਰੀ ਅਤੇ ਪੰਜਾਬੀ ਭਾਸ਼ਾ – ਮਹਿੰਦਰਪਾਲ ਸਿੰਘ ਧਾਲੀਵਾਲ

ਮਰਦਮਸ਼ੁਮਾਰੀ ਅਤੇ ਪੰਜਾਬੀ - ਮਹਿੰਦਰਪਾਲ ਸਿੰਘ ਧਾਲੀਵਾਲ

2021 ਵਿਚ ਹਰ ਦਸ ਸਾਲ ਬਾਅਦ ਹੋਈ ਮਰਦਮਸ਼ੁਮਾਰੀ ਦੇ ਅੰਕੜੇ ਯੂ ਕੇ ਦੀਆਂ ਅਖ਼ਬਾਰਾਂ ਵਿਚ ਨਸ਼ਰ ਹੋਏ ਹਨ। ਇਹਨਾਂ ਵਿਚ ਇਕ ਤਾਂ ਇਹ ਕਿ ਯੂ ਕੇ ਵਿਚ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਅੱਧ ਤੋਂ ਵੀ ਘੱਟ ਗਈ ਹੈ। ਇਸ ਦੇ ਕਈ ਕਾਰਨ ਹਨ।

ਸਭ ਤੋਂ ਵੱਡਾ ਕਾਰਨ ਯੂ ਕੇ ਵਿਚ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਗਰੁੱਪ ਵਿਚ ਬਹੁਤੇ ਲੋਕ ਨੌਜਵਾਨ ਹਨ ਜਿਹੜੇ ਕਿਸੇ ਵੀ ਧਰਮ ਨੂੰ ਮੰਨਣ ਤੋਂ ਇਨਕਾਰੀ ਹਨ। ਬ੍ਰਿਟੇਨ ਪਹਿਲਾਂ ਨਾਲੋਂ ਵੱਧ ਸੈਕੂਲਰ ਵੀ ਹੋ ਗਿਆ ਹੈ।

ਹੋਰ ਵੀ ਬਹੁਤ ਸਾਰੇ ਦਿਲਚਸਪ ਅੰਕੜੇ ਆਏ ਹਨ ਪਰ ਪੰਜਾਬੀ ਲੋਕਾਂ ਲਈ ਬੋਲੀ ਸਬੰਧੀ ਆਏ ਅੰਕੜੇ ਨੂੰ ਲੈ ਕੇ ਕੁਝ ਲੋਕ ਬਹੁਤ ਹੈਰਾਨ ਹੋਏ ਹਨ ਤੇ ਬੇਚੈਨ ਵੀ। ਤਕਰੀਬਨ 10 ਲੱਖ ਪੰਜਾਬੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਸਮੇਤ) ਇਸ ਦੇਸ਼ ਵਿਚ ਰਹਿੰਦੇ ਹਨ। ਤਿੰਨ ਕੁ ਲੱਖ ਲੋਕਾਂ ਨੇ ਆਪਣੇ ਬੋਲੀ ਪੰਜਾਬੀ ਲਿਖਾਈ ਹੈ। ਇਹ ਅੰਕੜਾ ਕਈ ਲੋਕਾਂ ਨੂੰ ਬਹੁਤ ਹੈਰਾਨੀਜਨਕ ਲਗਦਾ ਹੈ।

ਆਓ ਇਸ ਬਾਰੇ ਥੋੜ੍ਹੀ ਚਰਚਾ ਕਰੀਏ।

ਮਾਂ ਬੋਲੀ ਨਾਲ ਪਿਆਰ ਅਤੇ ਮਹੱਤਵ ਬਾਰੇ ਆਮ ਹੀ ਗੱਲ ਹੁੰਦੀ ਰਹਿੰਦੀ ਹੈ। ਪਰ ਮਾਂ ਬੋਲੀ ਦੀ ਪਰਿਭਾਸ਼ਾ ਬਾਰੇ ਘੱਟ ਹੀ ਵਿਚਾਰ ਹੁੰਦੀ ਹੈ। ਬਹੁਤੇ ਲੋਕਾਂ ਲਈ ਇਹ ਬਹੁਤ ਸਿੱਧੀ ਸਾਦੀ ਗੱਲ ਹੈ-ਮਾਂ ਦੀ ਬੋਲੀ। ਪਰ ਮਾਤ-ਭੂਮੀ ਦੀ ਬੋਲੀ ਦੇ ਮਹੱਤਵ ਬਾਰੇ ਕੋਈ ਘੱਟ ਹੀ ਗੱਲ ਕਰਦਾ ਹੈ। ਕੁਝ ਸਾਲ ਪਹਿਲਾਂ ਮਾਂ ਅਤੇ ਮਾਤ-ਭੂਮੀ ਦੀ ਬੋਲੀ ਇੱਕੋ ਹੀ ਹੁੰਦੀ ਸੀ। ਉਦੋਂ ਕੋਈ ਸਵਾਲ ਖੜ੍ਹਾ ਨਹੀਂ ਸੀ ਹੁੰਦਾ। ਹੁਣ ਮਾਈਗਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਜਦ ਪੰਜਾਬੀ ਵਿਚ ਜੰਮੀ ਕੁੜੀ ਬ੍ਰਿਟੇਨ ਵਿਚ ਵਿਆਹ ਕਰ ਲੈਂਦੀ ਹੈ ਤਾਂ ਉਸ ਦੇ ਬੱਚੇ ਇੱਥੇ ਜੰਮਦੇ ਹਨ। ਉਹਨਾਂ ਦੀ ਮਾਤ ਭੂਮੀ ਇੰਗਲੈਂਡ ਹੈ, ਉਹਨਾਂ ਦੀ ਮਾਂ ਦੀ ਮਾਤ-ਭੂਮੀ ਪੰਜਾਬ ਹੈ। ਜਿਵੇਂ ਉਹਨਾਂ ਦੀ ਮਾਂ ਦਾ ਆਪਣੀ ਮਾਤ-ਭੂਮੀ ਨਾਲ ਰਿਸ਼ਤਾ ਅਟੁੱਟ ਹੈ ਤੇ ਉਸ ਨੂੰ ਆਪਣੀ ਜਨਮ-ਭੋਇੰ ਨਾਲ ਪਿਆਰ ਹੈ ਓਵੇਂ ਹੀ ਉਸ ਦੇ ਬੱਚਿਆਂ ਨੂੰ ਆਪਣੀ ਮਾਤ-ਭੂਮੀ ਨਾਲ ਪਿਆਰ ਹੋਣਾ ਕੁਦਰਤੀ ਵਰਤਾਰਾ ਹੈ।

ਇਸ ਗੱਲ ਤੋਂ ਸਾਰੇ ਸਪਸ਼ਟ ਹਨ ਭਾਵੇਂ ਕਈ ਲੋਕਾਂ ਨੂੰ ਮੰਨਣਾ ਔਖਾ ਲੱਗੇ ਕਿ ਬੱਚਾ ਮਾਤ-ਭੂਮੀ ਦੀ ਬੋਲੀ ਨੂੰ ਹੀ ਅਪਣਾਉਂਦਾ ਹੈ। ਉਹੋ ਬੋਲੀ ਹੀ ਉਸ ਦੀ ਪਹਿਲੀ ਭਾਸ਼ਾ ਦਾ ਸਥਾਨ ਲੈਂਦੀ ਹੈ। ਸਾਡੇ ਸਭ ਦੇ ਬੱਚਿਆਂ ਦਾ ਇਹੋ ਹਾਲ ਹੈ। ਪੰਜਾਬ ਵਿਚ ਯੂ ਪੀ ਅਤੇ ਬਿਹਾਰ ਤੋਂ ਲੋਕ ਕੰਮਾਂ ਲਈ ਆਏ ਜਿਹੜੇ ਭੋਜਪੁਰੀ ਬੋਲਦੇ ਹਨ। ਜਦ ਉਹ ਪੰਜਾਬ ਵਿਚ ਰਹਿਣ ਲੱਗੇ ਤੇ ਉਹਨਾਂ ਦੇ ਬੱਚੇ ਪੰਜਾਬ ਵਿਚ ਪੈਦਾ ਹੋਏ ਤਾਂ ਉਹਨਾਂ ਨੇ ਪੰਜਾਬੀ ਨੂੰ ਹੀ ਆਪਣੀ ਪਹਿਲੀ ਬੋਲੀ ਬਣਾਇਆ, ਅਸਲ ਵਿਚ ਕੁਦਰਤੀ ਵਰਤਾਰਾ ਹੈ।

ਉਹ ਬੱਚੇ ਹੀ ਪੰਜਾਬੀ ਨੂੰ ਸਾਂਭ ਰਹੇ ਹਨ। ਉਹ ਪੰਜਾਬੀ ਵਿਚ ਭੰਗੜਾ, ਗਿੱਧਾ ਤੇ ਲੋਕ ਬੋਲੀਆਂ ਅਤੇ ਗੀਤਾਂ ਨੂੰ ਗਾਉਂਦੇ ਹਨ ਤੇ ਉਹਨਾਂ ਦਾ ਅਨੰਦ ਮਾਣਦੇ ਹਨ, ਓਵੇਂ ਹੀ ਜਿਵੇਂ ਸਾਡੇ ਬੱਚੇ ਅੰਗਰੇਜ਼ੀ ਬੋਲਦੇ ਅਤੇ ਉਸ ਦਾ ਅਨੰਦ ਮਾਣਦੇ ਹਨ। ਪੰਜਾਬ ਵਿਚੋਂ ਕਈ ਲੋਕ ਕਲਕੱਤੇ (ਜਾਂ ਹੋਰ ਸ਼ਹਿਰਾਂ ਵਿਚ) ਜਾ ਕੇ ਵਸੇ। ਜਿਹੜੇ ਆਪਣੇ ਪਰਿਵਾਰ ਵੀ ਨਾਲ ਲੈ ਗਏ ਉਹਨਾਂ ਦੇ ਬੱਚਿਆਂ ਦੀ ਪਹਿਲੀ ਭਾਸ਼ਾ ਬੰਗਾਲੀ ਬਣ ਗਈ ਭਾਵੇਂ ਉਹ ਕੁਝ ਪੰਜਾਬੀ ਵੀ ਬੋਲਦੇ ਸਮਝਦੇ ਹਨ ਜਿਵੇਂ ਸਾਡੇ।

ਮਾਂ ਬੋਲੀ ਦੀ ਪਰਿਭਾਸ਼ਾ ਕੁਝ ਇਸ ਤਰਾਂ ਬਣਦੀ ਹੈ ਕਿ ਉਹ ਬੋਲੀ ਜਿਸ ਵਿਚ ਬੱਚਾ ਆਪਣੀ ਮਾਂ ਨਾਲ ਗੱਲ ਕਰਦਾ ਹੈ ਤੇ ਉਹ ਬੋਲੀ ਮਾਤ-ਭੂਮੀ ਜਾਂ ਉਸ ਖ਼ਿੱਤੇ ਦੀ ਬੋਲੀ ਹੀ ਹੁੰਦੀ ਹੈ। ਉਹ ਬੋਲੀ ਜਿਸ ਨੂੰ ਉਹ ਸਾਰੀ ਉਮਰ ਨਹੀਂ ਭੁੱਲਦਾ ਤੇ ਜਿਸ ਵਿਚ ਉਹ ਆਪਣੇ ਆਪ ਨੂੰ ਸਪਸ਼ਟ ਢੰਗ ਨਾਲ ਬਿਆਨ ਕਰ ਸਕਦਾ ਹੈ। ਮੈਨੂੰ ਮੇਰੇ ਇਕ ਦੋਸਤ ਨੇ ਕਿਸੇ ਪੰਜਾਬੀ ਡਾਕਟਰ ਬਾਰੇ ਗੱਲ ਸੁਣਾਈ। ਇਹ ਔਰਤ ਇੰਡੀਆ ਵਿਚੋਂ ਡਾਕਟਰੀ ਕਰਕੇ ਇੰਗਲੈਂਡ ਆ ਗਈ ਸੀ ਤੇ ਬਾਕੀ ਦੀ ਉਮਰ ਇੱਥੇ ਹੀ ਰਹੀ। ਸਾਰੀ ਉਮਰ ਡਾਕਟਰੀ ਕੀਤੀ ਤਾਂ ਅੰਗਰੇਜ਼ੀ ਨਾਲ ਉਸ ਦਾ ਕਰੀਬੀ ਰਿਸ਼ਤਾ ਹੋਣਾ ਕੁਦਰਤੀ ਸੀ। ਪਿਛਲੀ ਉਮਰ ਵਿਚ ਉਸ ਨੂੰ ਡਿਮੈਨਸ਼ੀਆ ਜਾਣੀ ਭੁੱਲਣ ਦੀ ਬਿਮਾਰੀ ਹੋ ਗਈ। ਹੌਲੀ ਹੌਲੀ ਉਹ ਅੰਗਰੇਜ਼ੀ ਦਾ ਬਹੁਤਾ ਹਿੱਸਾ ਭੁੱਲ ਗਈ ਪਰ ਪੰਜਾਬੀ ਉਸ ਨੂੰ ਚੰਗੀ ਤਰ੍ਹਾਂ ਯਾਦ ਰਹੀ ਕਿਉਂਕਿ ਪੰਜਾਬੀ ਉਸ ਦੀ ਮਾਂ ਬੋਲੀ ਸੀ।
ਜਿੱਥੇ ਵੀ ਬੱਚੇ ਜੰਮਦੇ ਹਨ ਉੱਥੋਂ ਦਾ ਹੀ ਕਲਚਰ ਅਪਣਾਉਂਦੇ ਹਨ ਤੇ ਉੱਥੋਂ ਦੀ ਹੀ ਬੋਲੀ। ਪਹਿਲੀ ਪੀੜ੍ਹੀ ਕੁਝ ਕੁ ਆਪਣੀ ਮਾਂ ਦੀ ਬੋਲੀ ਅਤੇ ਉਸ ਦੇ ਕਲਚਰ ਨਾਲ ਜੁੜੀ ਰਹਿੰਦੀ ਹੈ। ਅਗਲੀ ਪੀੜ੍ਹੀ ਤਕਰੀਬਨ ਉੱਥੋਂ ਦੇ ਕਲਚਰ ਵਿਚ ਜਜ਼ਬ ਹੋ ਜਾਂਦੀ ਹੈ।

ਭਾਵੇਂ ਉਹਨਾਂ ਦੇ ਨਾਂ ਤੇ ਰੰਗ ਆਪਣੇ ਦਾਦੀ ਦੀ ਮਾਤ-ਭੂਮੀ ਵਰਗਾ ਹੀ ਹੋਵੇ।

ਮਾਂ ਬੋਲੀ ਅਤੇ ਮਾਤ-ਭੂਮੀ ਦੀ ਬੋਲੀ ਦੇ ਫ਼ਰਕ ਨੂੰ ਸਮਝਣਾ ਅਤੇ ਮੰਨਣਾ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਗਿਆ ਹੈ। ਨਹੀਂ ਤਾਂ ਅਸੀਂ ਬੋਲੀ ਬਾਰੇ ਵਿਚਾਰ ਕਰਦੇ ਸਮੇਂ ਹਵਾ ਵਿਚ ਹੀ ਤਲਵਾਰਾਂ ਮਾਰੀ ਜਾਵਾਂਗੇ।

   

ਮਰਦਮਸ਼ੁਮਾਰੀ ਦੇ ਅੰਕੜਿਆਂ ਵਿਚ 10 ਲੱਖ ਵਿਚੋਂ 3 ਕੂ ਲੱਖ ਦਾ ਪੰਜਾਬੀ ਲਿਖਾਉਣ ਦਾ ਜਵਾਬ ਵੀ ਇਸ ਗੱਲ ਵਿਚ ਹੀ ਪਿਆ ਹੈ। ਜਿਹੜੇ ਲੋਕਾਂ ਦੀ ਮਾਤ-ਭੂਮੀ ਪੰਜਾਬ ਹੈ ਉਹਨਾਂ ਨੇ ਆਪਣੀ ਬੋਲੀ ਪੰਜਾਬੀ ਲਿਖਾਈ ਹੈ ਤੇ ਉਹ ਏਨੇ ਕੁ ਹੀ ਲੋਕ ਹੋਣਗੇ। ਉਹਨਾਂ ਦੇ ਬੱਚਿਆਂ ਦੀ ਜਨਮ-ਭੂਮੀ ਯੂ ਕੇ ਹੈ ਤੇ ਉਹਨਾਂ ਦੀ ਪਹਿਲੀ ਬੋਲੀ ਜਾਂ ਮਾਂ ਬੋਲੀ ਅੰਗਰੇਜ਼ੀ ਹੈ ਉਹਨਾਂ ਨੇ ਆਪਣੀ ਬੋਲੀ ਅੰਗਰੇਜ਼ੀ ਲਿਖਾਈ ਹੈ। ਕੁਝ ਕੁ ਕੋਸ਼ਿਸ਼ਾਂ ਵੀ ਹੋਈਆਂ ਕਿ ਪੰਜਾਬੀ ਨੂੰ ਆਪਣੀ ਬੋਲੀ ਲਿਖਾਇਆ ਜਾਵੇ ਪਰ ਬੱਚੇ ਅਜਿਹਾ ਨਹੀਂ ਕਰਦੇ। ਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਫ਼ਾਇਦਾ ਵੀ ਨਹੀਂ।

ਮੇਰੇ ਖ਼ਿਆਲ ਵਿਚ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ।

ਮਹਿੰਦਰਪਾਲ ਸਿੰਘ ਧਾਲੀਵਾਲ

ਮਹਿੰਦਰਪਾਲ ਸਿੰਘ ਧਾਲੀਵਾਲ ਉੱਘੇ ਪੰਜਾਬੀ ਪਰਵਾਸੀ ਨਾਵਲਕਾਰ ਹਨ। ਮਹਿੰਦਰਪਾਲ ਸਿੰਘ ਧਾਲੀਵਾਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਦੇ ਪਿੰਡ ਬਿਲਾਸਪੁਰ ਦਾ ਹੈ। ਉਨ੍ਹਾਂ ਦਾ ਜਨਮ ਰਸੂਲਪੁਰ (ਜਗਰਾਉਂ) ਵਿੱਚ ਹੋਇਆ ਸੀ। ਉਹ ਪੰਜਾਬੀ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਸੰਸਥਾਵਾਂ ਨਾਲ ਜੁੜੇ ਹਨ। ਉਨ੍ਹਾਂ ਦਾ ਬਚਪਨ ਪਿੰਡ ਬਿਲਾਸਪੁਰ ਦੇ ਪੇਂਡੂ ਵਾਤਾਵਰਨ ਵਿੱਚ ਬੀਤਿਆ ਅਤੇ ਸੱਤਵੀਂ ਤੱਕ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹੇ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਉਚੇਰੀ ਪੜ੍ਹਾਈ ਲਈ ਦਾਖਲਾ ਲਿਆ। ਪਰ ਉਨ੍ਹਾਂ ਨੂੰ ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋਣ ਕਾਰਨ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ।
ਕੁਝ ਦੇਰ ਪਿੰਡ ਗੁਜ਼ਾਰਨ ਦੇ ਬਾਅਦ ਉਹ 1976 ਵਿਚ ਇੰਗਲੈਂਡ ਚਲੇ ਗਏ। ਇਨ੍ਹਾਂ ਦੇ ਨਾਵਲ ਹਨ ਨਥਾਵੇਂ, ਪਿਉਂਦ ਤੋਂ ਪਹਿਲਾਂ , ਮੰਜ਼ਿਲ ਹੋਰ ਪਰੇ, ਰੁੱਤਾਂ ਲਹੂ ਲੁਹਾਣ, ਨਹੀਂ ਸੁੱਕਣੇ ਕਦੇ ਦਰਿਆ, ਸੋਫੀਆ, ਅੰਕਲ ਟੌਮ ਦੀ ਝੌਂਪੜੀ (ਹੈਰੀਅਟ ਬੀਚਰ ਸਟੋਅ ਦੇ ਨਾਵਲ Uncle Tom’s Cabin ਦਾ ਪੰਜਾਬੀ ਅਨੁਵਾਦ), The Thames Never Sleeps (ਪਿਉਂਦ ਤੋਂ ਪਹਿਲਾਂ ਨਾਵਲ ਦਾ ਅਨੁਵਾਦ) ਅਤੇ ਬੇਚੈਨ ਥੇਮਜ਼। ਉਹ ਮੈਗਜ਼ੀਨ ਨਕਸਲਬਾੜੀ ਲਹਿਰ ਤੇ ਪੰਜਾਬੀ ਨਾਵਲ ਦੇ ਸਹਿ ਸੰਪਾਦਕ ਵਜੋਂ ਵੀ ਕਾਰਜਸ਼ੀਲ ਹਨ।

 

ਮਹਿੰਦਰਪਾਲ ਸਿੰਘ ਧਾਲੀਵਾਲ

ਮਹਿੰਦਰਪਾਲ ਸਿੰਘ ਧਾਲੀਵਾਲ ਉੱਘੇ ਪੰਜਾਬੀ ਪਰਵਾਸੀ ਨਾਵਲਕਾਰ ਹਨ। ਮਹਿੰਦਰਪਾਲ ਸਿੰਘ ਧਾਲੀਵਾਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਦੇ ਪਿੰਡ ਬਿਲਾਸਪੁਰ ਦਾ ਹੈ। ਉਨ੍ਹਾਂ ਦਾ ਜਨਮ ਰਸੂਲਪੁਰ (ਜਗਰਾਉਂ) ਵਿੱਚ ਹੋਇਆ ਸੀ। ਉਹ ਪੰਜਾਬੀ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਸੰਸਥਾਵਾਂ ਨਾਲ ਜੁੜੇ ਹਨ। ਉਨ੍ਹਾਂ ਦਾ ਬਚਪਨ ਪਿੰਡ ਬਿਲਾਸਪੁਰ ਦੇ ਪੇਂਡੂ ਵਾਤਾਵਰਨ ਵਿੱਚ ਬੀਤਿਆ ਅਤੇ ਸੱਤਵੀਂ ਤੱਕ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹੇ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਉਚੇਰੀ ਪੜ੍ਹਾਈ ਲਈ ਦਾਖਲਾ ਲਿਆ। ਪਰ ਉਨ੍ਹਾਂ ਨੂੰ ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋਣ ਕਾਰਨ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ। ਕੁਝ ਦੇਰ ਪਿੰਡ ਗੁਜ਼ਾਰਨ ਦੇ ਬਾਅਦ ਉਹ 1976 ਵਿਚ ਇੰਗਲੈਂਡ ਚਲੇ ਗਏ। ਇਨ੍ਹਾਂ ਦੇ ਨਾਵਲ ਹਨ ਨਥਾਵੇਂ, ਪਿਉਂਦ ਤੋਂ ਪਹਿਲਾਂ , ਮੰਜ਼ਿਲ ਹੋਰ ਪਰੇ, ਰੁੱਤਾਂ ਲਹੂ ਲੁਹਾਣ, ਨਹੀਂ ਸੁੱਕਣੇ ਕਦੇ ਦਰਿਆ, ਸੋਫੀਆ, ਅੰਕਲ ਟੌਮ ਦੀ ਝੌਂਪੜੀ (ਹੈਰੀਅਟ ਬੀਚਰ ਸਟੋਅ ਦੇ ਨਾਵਲ Uncle Tom’s Cabin ਦਾ ਪੰਜਾਬੀ ਅਨੁਵਾਦ), The Thames Never Sleeps (ਪਿਉਂਦ ਤੋਂ ਪਹਿਲਾਂ ਨਾਵਲ ਦਾ ਅਨੁਵਾਦ) ਅਤੇ ਬੇਚੈਨ ਥੇਮਜ਼। ਉਹ ਮੈਗਜ਼ੀਨ ਨਕਸਲਬਾੜੀ ਲਹਿਰ ਤੇ ਪੰਜਾਬੀ ਨਾਵਲ ਦੇ ਸਹਿ ਸੰਪਾਦਕ ਵਜੋਂ ਵੀ ਕਾਰਜਸ਼ੀਲ ਹਨ।  

View all posts by ਮਹਿੰਦਰਪਾਲ ਸਿੰਘ ਧਾਲੀਵਾਲ →