18 September 2024

ਪੁਕਾਰੇ ਬਾਲ ਆਤਮਾਂ ਬਾਲ ਮਜ਼ਦੂਰੀ ਦਾ ਖਾਤਮਾ – ਰੋਜ਼ੀ ਸਿੰਘ

ਪੁਕਾਰੇ ਬਾਲ ਆਤਮਾਂ ਬਾਲ ਮਜ਼ਦੂਰੀ ਦਾ ਖਾਤਮਾ

– ਰੋਜ਼ੀ ਸਿੰਘ, ਫਤਿਹਗੜ੍ਹ ਚੂੜੀਆਂ,ਗੁਰਦਾਸਪੁਰ, ਪੰਜਾਬ-

ਦੇਸ਼ ਅੰਦਰ ਵੱਖ ਵੱਖ ਸਮੇ ਭਾਵੇਂ ਕੇ ਬੜੀ ਹੀ ਸ਼ਖਤੀ ਨਾਲ ਕਾਨੂੰਨ ਲਾਗੂ ਕੀਤੇ ਜਾਂਦੇ ਨੇ, ਪਰ ਇਹਨਾਂ ਕਾਨੂੰਨਾਂ ਦੇ ਤਹਿਤ ਪਤਾ ਨਹੀਂ ਕਦੇ ਕਿਸੇ ਨੂੰ ਸਜਾ ਹੋਈ ਹੋਵੇ ਕਿ ਨਾ ਇਹ ਤਾਂ ਰੱਬ ਹੀ ਜਾਣਦਾ ਏ। ਪਰ ਇਹਨਾਂ ਕਾਨੂੰਨਾਂ ਦੇ ਰਾਖੇ ਬਹੁਤੇ ਵਾਰੀ ਆਪ ਢਾਬਿਆਂ ਅਤੇ ਕਈ ਹੋਰ ਜਨਤਕ ਥਾਂਵਾਂ ਤੇ ਇਹਨਾਂ ਬਾਲ ਮਜਦੂਰਾਂ ਨੂੰ ਦਬਕੇ ਅਤੇ ਠੁੱਡੇ ਮਾਰਦੇ ਜ਼ਰੂਰ ਵੇਖੇ ਜਾ ਸਕਦੇ ਹਨ। ਅਤੇ ਮਜਦੂਰ ਵਿਚਾਰੇ ਆਪਣੀ ਗਰੀਬੀ ਅਤੇ ਲਾਚਾਰੀ ਦੀਆਂ ਚੀਕਾਂ ਨੂੰ ਆਪਣੇ ਅੰਦਰ ਦਬਾਈ ਟੁਰੇ ਰਹਿੰਦੇ ਹਨ। ਭਾਵੇ ਕੇ ਦੇਸ਼ ਅੰਦਰ ਬਾਲ ਮਜ਼ਦੂਰੀ ਦੇ ਕਾਨੂੰਨ ਨੂੰ ਬੜੀ ਸ਼ਖਤੀ ਨਾਲ ਲਾਗੂ ਕੀਤਾ ਗਿਆ ਸੀ। ਪਰ ਪੂਰੇ ਮੁਲਕ, ਪੁਰੇ ਸੂਬੇ ਦੇ ਨਾਲ ਨਾਲ, ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਇਸ ਕਾਨੂੰਨ ਦਾ ਕਿਸੇ ਤੇ ਕੋਈ ਅਸਰ ਨਹੀਂ ਏ, ਅਤੇ ਬਾਲ ਮਜ਼ਦੂਰੀ ਦਾ ਦੈਂਤ ਬੱਚਿਆਂ ਦੇ ਬਚਪਨ ਨੂੰ ਨਿਗਲੀ ਜਾ ਰਿਹਾ ਏ। ਇਥੋਂ ਤੱਕ ਕਿ ਕੁਝ ਸਰਕਾਰੀ ਦਫਤਰਾਂ, ਤਹਿਸੀਲਾਂ, ਕੰਪਲੈਕਸਾਂ, ਥਾਣਿਆਂ, ਹਸਪਤਾਲਾਂ ਅਤੇ ਹੋਰ ਅਜਿਹੀਆਂ ਥਾਂਵਾਂ ਤੇ ਬਾਲ ਮਜ਼ਦੂਰ ਮਜ਼ਦੂਰੀ ਕਰਦੇ ਵੇਖੇ ਜਾ ਸਕਦੇ ਨੇ, ਪਰ ਸਰਕਾਰ ਦੇ ਇਹ ਪਹਿਰੇਦਾਰ ਇਸ ਕਾਰੇ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਵੀ ਅਣਵੇਖਿਆ ਕਰ ਦਿੰਦੇ ਨੇ। ਸਗੋਂ ਇਥੋਂ ਤੱਕ ਕੇ ਕੁਝ ਸਰਕਾਰੀ ਅਫਸਰ ਤਾਂ ਆਪਣੇ ਨਿੱਜੀ ਕੰਮ ਤੱਕ ਵੀ ਕਰਵਾਉਂਦੇ ਨੇ। ਕਿਉਂਕਿ ਇਹ ਬੱਚੇ ਕੁਝ ਕੁ ਪੈਸਿਆਂ ਵਿੱਚ ਹੀ ਵੱਡੇ ਤੋ ਵੱਡਾਂ ਕੰਮ ਕਰਨ ਲਈ ਤਿਆਰ ਹੋ ਜਾਂਦੇ ਨੇ, ਭਾਵੇਂ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਹੀ ਕਿਉਂ ਨਾ ਹੋ ਜਾਵੇ। ਪਰ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਪਾਪੀ ਪੇਟ ਦਾ ਜੋ ਸਵਾਲ ਹੁੰਦਾ ਏ।

ਦੇਸ਼ ਦੇ ਬਹੁਤੇ ਸਰਹੱਦੀ ਖੇਤਰਾਂ ਵਿੱਚ ਹੋਟਲਾਂ, ਢਾਬਿਆਂ, ਚਾਹ ਦੀਆਂ ਕਨਟੀਨਾਂ, ਨਾਈ ਦੀਆਂ ਦੁਕਾਨਾਂ, ਮੀਟ, ਮੁਰਗੇ ਦੀਆਂ ਦੁਕਾਨਾਂ, ਚੱਕੀਆਂ, ਏਜੰਸੀਆਂ, ਡਾਕਟਰਾਂ ਦੀਆਂ ਕਲੀਨਿਕਾਂ, ਘਰਾਂ, ਕੋਠੀਆਂ, ਕਰਿਆਨੇ ਦੀਆਂ ਦੁਕਾਨਾ ਆਦਿ ਵਿੱਚ ਅਰਾਮ ਨਾਲ ਹੀ ਬਾਲ ਮਜ਼ਦੂਰ ਮਿਲ ਜਾਂਦੇ ਨੇ ਜਿਹੜੇ ਸਿਰਫ 2-3 ਸੋ ਰੁਪੈ ਮਹੀਨਾ ਜਾਂ ਫਿਰ 20-40 ਰੁਪੈ ਦਿਹਾੜੀ ਤੇ ਮਜ਼ਦੂਰੀ ਤੇ ਰੱਖੇ ਜਾਂਦੇ ਨੇ। ਬਹੁਤੇ ਵਾਰੀ ਤਾਂ ਸਿਵਲ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰੀ ਅਫਸਰਾਂ ਦੇ ਘਰਾਂ ਵਿੱਚ ਵੀ ਕੁਝ ਮਾਸੂਮ ਕੁੜੀਆਂ ਸਫਾਈ, ਕੱਪੜੇ ਧੋਣ, ਭਾਂਡੇ ਮਾਂਜਣ, ਤੇ ਜਾਂ ਫਿਰ ਨੰਨ੍ਹੌ ਆਇਆ ਦਾ ਕੰਮ ਕਰਦੀਆਂ ਵੀ ਵੇਖੀਆਂ ਗਈਆਂ ਨੇ। ਸ਼ਾਮ ਨੂੰ ਜਦ ਕਦੇ ਕਿਸੇ ਢਾਬੇ ਤੇ ਜਾਓ ਤਾਂ ਬਹੁਤੇ ਵਾਰੀ ਕੁਝ ਪੁਲਿਸ ਮੁਲਾਜਮ ਇਹਨਾਂ ਛੋਟੇ ਮਜ਼ਦੂਰਾਂ, ਜੋ ਢਾਬੇ ਤੇ ਭਾਂਡੇ ਧੋਣ ਜਾਂ ਟੇਬਲ ਸਾਫ ਕਰਨ ਤੇ ਲੱਗੇ ਹੁੰਦੇ ਨੇ, ਨੂੰ ਗਾਲਾਂ ਕੱਢਦੇ ਦੇਖੇ ਜਾ ਸਕਦੇ ਨੇ ਜਿਹੜੇ ਆਪਣੀ ਵਰਦੀ ਦਾ ਰੋਹਬ ਇਹਨਾਂ ਗਰੀਬਾਂ ਦੀ ਗਰੀਬੀ ਤੇ ਤਾਂ ਝਾੜ ਦਿੰਦੇ ਨੇ ਪਰ ਕਦੀ ਉਹਨਾਂ ਨੇ ਉਹਨਾਂ ਸਬੰਧੀ ਬਣੇ ਕਾਨੂੰਨ ਨੂੰ ਲਾਗੂ ਕਰਨ ਵਿੱਚ ਮਦਦ ਨਹੀਂ ਕੀਤੀ। ਕਰਨ ਵੀ ਕਿਉਂ ਉਹ ਤਾਂ ਆਪ ਢਾਬੇ ਵਾਲਿਆਂ ਤੋ ‘ਵਗਾਰ’ ਦੀਆਂ ਮੁਫਤ ਰੋਟੀਆਂ ਤੋੜਨ ਆਏ ਹੁੰਦੇ ਨੇ। ਤੇ ਜਦ ਵੱਡੇ ਵੱਡੇ ਅਫਸਰ ਤੇ ਕਾਨੂੰਨ ਬਣਾਉਣ ਵਾਲੇ ਹੀ ਇਸ ਦੀ ਕੋਈ ਪਰਵਾਹ ਨਹੀਂ ਕਰਦੇ ਤਾਂ ਬਾਕੀਆਂ ਦਾ ਤਾਂ ਰੱਬ ਈ ਰਾਖਾ ਏ।

ਦੇਸ਼ ਅੰਦਰ ਅਜਿਹੇ ਬਾਲ ਮਜ਼ਦੂਰਾਂ ਦੀ ਗਿਣਤੀ ਲੱਖਾਂ ਏ ਜਿਹੜੇ ਸਾਰਾ ਦਿਨ ਮਿਹਨਤ ਕਰਨ ਦੇ ਬਾਵਜੂਦ ਰਾਤ ਨੂੰ ਸੜਕਾਂ ਕਿਨਾਰੇ, ਗਲੀ ਦੀ ਕਿਸੇ ਨੁੱਕਰੇ, ਟਪਕਦੀ ਛੱਤ ਥੱਲੇ ਤੇ ਜਾਂ ਫਿਰ ਖੁਲੇ ਅਸਮਾਨ ਥੱਲੇ ਜਿੰਦਗੀ ਬਸਰ ਕਰਨ ਲਈ ਮਜਬੂਰ ਨੇ, ਪਰ ਜਦੋਂ ਕੋਈ ਨੇਤਾ ਕਿਸੇ ਸਟੇਜ ਤੇ ਬਾਲ ਮਜ਼ਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨ ਬਾਰੇ ਸਖਤੀ ਵਰਤਣ ਦੇ ਆਪਣੇ ਖੋਖਲੇ ਦਾਅਵੇ ਪ੍ਰਸ਼ਾਸਨ ਅਧਿਕਾਰੀਆਂ ਅਤੇ ਜਨਤਾ ਅੱਗੇ ਦੁਹਰਾਉਦਾ ਹੈ ਤਾਂ ਇਹਨਾ ਨੰਨ੍ਹੇ ਮਾਸੂਮਾਂ ਦੇ ਦਿਲ ਵਿੱਚ ਕਸਕ ਜਰੂਰ ਉਠਦੀ ਏ ਪਰ ਉਹ ਅੰਦਰ ਹੀ ਕਿਧਰੇ ਦਬ ਕੇ ਰਹਿ ਜਾਂਦੀ ਹੈ।

ਮਜਦੂਰੀ ਨਾ ਕਰੀਏ ਤਾਂ ਕਿਥੇ ਜਾਈਏ….!

ਕਰੀਬ 1 ਮਹੀਨਾਂ ਇਹਨਾਂ ਨੰਨ੍ਹੇ ਮਜ਼ਦੂਰਾਂ ਤੇ ਰਿਸਰਚ ਕਰਨ ਤੋਂ ਬਾਅਦ ਜਿਹੜੇ ਤੱਤ ਸਾਹਮਣੇ ਆਏ, ਉਹਨਾਂ ਅਨੁਸਾਰ ਬਹੁਤ ਸਾਰੇ ਬੱਚਿਆਂ ਦੇ ਮਾਂ-ਬਾਪ ਜਾਂ ਤਾਂ ਸ਼ੁਰੂ ਤੋਂ ਕਿਸੇ ਨਾਲ ਸੀਰੀ ਹਨ ਅਤੇ ਹਾਲੇ ਤੱਕ ਸੀਰੀ ਹੀ ਚੱਲੇ ਆ ਰਹੇ ਨੇ, ਤੇ ਇਹ ਛੋਟੇ ਮਜਦੂਰ ਉਹਨਾਂ ਦੀ ਗੁਰਬਤ ਦਾ ਸੂਦ ਚੁਕਾਉਣ ਲਈ ਸਾਰਾ ਦਿਨ ਹੱਡ ਭੰਨਵੀ ਮਿਹਨਤ ਕਰਦੇ ਨੇ। ਕੁਝ ਬਾਲਾਂ ਦੇ ਮਾਂ-ਬਾਪ ਸਰਕਾਰੀ ਹਸਪਤਾਲਾਂ ਦੇ ਚੱਕਰ ਕੱਟਦੇ ਕੱਟਦੇ ਇਲਾਜ ਖੁਣੋ ਮਰ ਗਏ ਪਰ ਉਹਨਾ ਦੇ ਦਰਦ ਦੀ ਦਵਾ ਕਿਸੇ ਡਾਕਟਰ ਕੋਲ ਨਹੀ ਸੀ। ਹੁੰਦੀ ਵੀ ਕਿਥੋਂ ਡਾਕਟਰਾਂ ਨੂੰ ਮਿਲਦੇ ਕੰਪਨੀਆਂ ਦੇ ਸੈਂਪਲ ਜੋ ਕੇ ਮੁਫ਼ਤ ਦੇਣ ਲਈ ਹੁੰਦੇ ਨੇ ਵੇਚ ਕੇ ਮੋਟੀ ਕਮਾਈ ਜੁ ਹੋ ਜਾਂਦੀ ਏ। ਡਾਕਟਰਾਂ ਦੀ ਅਣਗਹਿਲੀ ਤੇ ਲਾਪਰਵਾਹੀ ਕਾਰਨ ਮਾਂ-ਬਾਪ ਦਾ ਸਾਇਆ ਗੁਆ ਚੁੱਕੇ ਇਹਨਾਂ ਨੰਨ੍ਹੇ ਲਾਵਾਰਿਸਾਂ ਨੂੰ ਹੁਣ ਆਪਣੇ ਬਾਕੀ ਭੈਣ ਭਰਾਵਾਂ ਨਾਲ ਮਿਲ ਕੇ ਮਿਹਨਤ ਕਰਨੀ ਪੈ ਰਹੀ ਹੈ। ਬਹੁਤੇ ਬੱਚਿਆਂ ਦੇ ਪਿਓ ਨਸ਼ਈ ਹੋਣ ਕਰਕੇ ਕੋਈ ਕੰਮ ਨਹੀ ਕਰਦੇ ਜਿਸ ਕਰਕੇ ਬੱਚਿਆਂ ਨੂੰ ਮਜ਼ਦੂਰੀ ਕਰਨੀ ਪੈ ਰਹੀ ਏ। ਇਹਨਾ ਬੱਚਿਆਂ ਨੂੰ ਜਦ ਇਸ ਕਾਨੂੰਨ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੂੰ ਪਤਾ ਤਾਂ ਸੀ ਕਿ ਇਸਦੀ ਸਜ਼ਾ ਹੈ ਪਰ ਉਹ ਬੇ-ਬਸ ਹੋ ਕੇ ਬੋਲਦੇ ”ਮਜਦੂਰੀ ਨਾ ਕਰੀਏ ਤਾਂ ਕਿੱਥੇ ਜਾਈਏ ਸਾਬ੍ਹ ਜੀ ਸਾਨੂੰ ਕਿਹੜਾ ਸਰਕਾਰ ਪੜ੍ਹਾ ਲਿਖਾ ਕੇ ਕਿਸੇ ਕੰਮ ਤੇ ਲਾਦੂਗੀ‘‘। ਇਹਨਾਂ ਵਿੱਚੋਂ ਬਹੁਤੇ ਕਿਸਮਤ ਮਾਰਿਆਂ ਦੀ ਜ਼ਿੰਦਗੀ ਦੀ ਦਾਸਤਾਂ ਸੁਣ ਕੇ ਤਾਂ ਦਿਲ ਪਸੀਜ ਗਿਆ। ਪਰ ਸਾਡੇ ਕਾਨੂੰਨ ਦੇ ਰਾਖਿਆਂ ਦੇ ਤਾਂ ਸਾਇਦ ਦਿਲ ਹੀ ਨਹੀ ਨੇ।

ਕੀ ਹੈ ਬਾਲ ਮਜਦੂਰੀ ਕਾਨੂੰਨ..?

ਪੂਰੇ ਦੇਸ ਅੰਦਰ ਬਾਲ ਮਜ਼ਦੂਰੀ ਬਾਰੇ ਸੋਧਿਆ ਹੋਇਆ ਕਾਨੂੰਨ 10 ਅਕਤੂਬਰ 2006 ਤੋਂ ਲਾਗੂ ਹੋ ਚੁੱਕਾ ਹੈ ਜਿਸ ਦੇ ਤਹਿਤ 14 ਸਾਲ ਤੋਂ ਘੱਟ ਉੱਮਰ ਦਾ ਕੋਈ ਵੀ ਬੱਚਾ ਮਜ਼ਦੂਰੀ ਨਹੀਂ ਕਰ ਸਕਦਾ ਅਤੇ ਨਾ ਹੀ ਓਸ ਕੋਲੋਂ ਜਬਰਦਸਤੀ ਕੰਮ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੱਚਿਆਂ ਤੇ ਤਿੰਨ-ਚਾਰ ਭਾਰੇ ਕੰਮ ਕਰਨ ਤੇ ਹੀ ਪਾਬੰਦੀ ਸੀ ਪਰ 10 ਅਕਤੂਬਰ ਤੋਂ ਬਾਅਦ ਕਰਿਆਨੇ ਦੀਆਂ ਦੁਕਾਨਾਂ, ਮਿਰਚਾਂ ਮਸਾਲੇ ਪੀਸਣ ਵਾਲੀਆਂ ਮਸ਼ੀਨਾ, ਚੱਕੀਆਂ, ਚਾਹ ਦੀਆਂ ਦੁਕਨਾਂ, ਸੈਨਟਰੀ ਦੁਕਾਨਾਂ, ਬਿਜਲੀ ਦਾ ਕੰਮ, ਢਾਬਿਆਂ ਤੇ ਭਾਂਡੇ ਧੋਣ ਆਦਿ ਕੰਮਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ। ਕਾਨੂੰਨ ਤਹਿਤ 14 ਸਾਲ ਤੋਂ ਘੱਟ ਉੱਮਰ ਦੀ ਕਿਸੇ ਵੀ ਲੜਕੀ ਜਾਂ ਲੜਕੇ ਤੋਂ ਘਰੇਲੂ ਨੌਕਰ ਦਾ ਕੰਮ, ਆਇਆ ਦਾ ਕੰਮ ਜਾਂ ਬੱਚੇ ਖਿਡਾਉਣ ਦਾ ਕੰਮ ਵੀ ਨਹੀ ਕਰਵਾਇਆ ਜਾ ਸਕਦਾ।

ਖਤਰਨਾਕ ਅੰਕੜੇ:

ਸਾਲ 2005 ਵਿੱਚ ਇਕੱਲੇ ਪੰਜਾਬ ਵਿੱਚ ਨੰਨ੍ਹੇ ਬਾਲ ਮਜ਼ਦੂਰਾਂ ਦੀ ਗਿਣਤੀ 75 ਹਜ਼ਾਰ 700 ਦੇ ਕਰੀਬ ਸੀ ਪਰ ਅੱਜ ਇਹ ਗਿਣਤੀ 1 ਲੱਖ 30 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਇਸੇ ਤਰਾਂ ਦਿੱਲੀ ਵਿੱਚ 13 ਲੱਖ 21 ਹਜ਼ਾਰ 500, ਯੂ.ਪੀ ਵਿੱਚ 20 ਲੱਖ ਦੇ ਕਰੀਬ ਅਤੇ ਪੂਰੇ ਭਾਰਤ ਵਿੱਚ 4 ਕਰੋੜ 51 ਲੱਖ ਦੇ ਕਰੀਬ ਬਾਲ ਮਜ਼ਦੂਰ ਹਨ ਜਿੰਨ੍ਹਾਂ ਵਿੱਚ ਬਹੁਤੇ ਬੂਟ ਪਾਲਿਸ਼ ਕਰਨ, ਚੋਕ ਚੁਰੱਸਤਿਆਂ ਤੇ ਮੰਗਣ, ਰੈਡ ਲਾਈਟਾਂ ਤੇ ਫੁੱਲ, ਸਨ ਸ਼ੇਡ, ਗੁਲਦਸਤੇ ਆਦਿ ਵੇਚਣ ਦਾ ਕੰਮ ਕਰਨ ਵਾਲੇ ਨੰਨੇ ਬੰਚੇ ਹਨ। ਇਸ ਤੋਂ ਇਲਾਵਾ ਭੱਠਿਆਂ ਤੇ ਇਟਾਂ ਚੁੱਕਣ, ਘਰੇਲੂ ਨੌਕਰ, ਚਾਹ ਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਇਸ ਵਿੱਚ ਸ਼ਾਮਿਲ ਹੈ । ਇਹ ਗੱਲ ਸਾਡੇ ਲਈ ਅਤੇ ਸਾਡੇ ਦੇਸ਼ ਲਈ ਬਹੁਤ ਹੀ ਮੰਦਭਾਗੀ ਹੈ ਕੇ ਸਾਡਾ ਭਵਿਖ ਸੜਕਾਂ ਤੇ ਰੁਲ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਝੁੱਗੀ ਝੋਂਪੜੀ ਵਸਨੀਕ ਅੱਤ ਮੰਦਹਾਲੀ, ਗਰਮੀ ਸਰਦੀ ਨਾਲ ਜੂਝਦੇ ਪਏ ਹਨ ਅਤੇ ਉਹਨਾਂ ਨੂੰ ਰੋਜੀ ਰੋਟੀ ਕਮਾਉਣ ਲਈ ਦਿਨ ਰਾਤ ਸਖ਼ਤ ਮੁਸ਼ੱਕਤ ਕਰਨੀ ਪੈਂਦੀ ਹੈ। ਇਹਨਾਂ ਦੇ ਬੱਚੇ ਸਕੂਲ ਨਾਮ ਦੀ ਚੀਜ ਤੋਂ ਕੋਹਾਂ ਦੂਰ ਨੇ । ਇਸ ਤਰਾਂ ਦੇ ਬੱਚੇ ਕਿਸੇ ਨਾ ਕਿਸੇ ਕੰਮ ਤੇ ਲੱਗ ਜਾਂਦੇ ਹਨ ਤੇ ਜਾਂ ਫਿਰ ਮੰਗਣ ਵੱਲ ਤੁਰ ਪੈਦੇ ਹਨ। ਰੋਜ਼ਾਨਾ 8-8, 10-10 ਘੰਟੇ ਇਹਨਾਂ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਹੈ ਜਿਹੜੀ ਕਿ ਕੰਮ ਕਰਨ ਦੇ ਸਮੇਂ (ਘੰਟਿਆਂ) ਸਬੰਧੀ ਬਣੇ ਕਾਨੂੰਨ ਦੀ ਵੀ ਉਲੰਘਣਾ ਹੈ। ਕਿਸੇ ਸਾਇਦ ਇਹ ਸਤਰਾਂ ਅਣਜਾਣ ਪੁਣੇ ਵਿੱਚ ਹੀ ਕਹਿ ਦਿੱਤੀਆ ਹੋਣਗੀਆਂ ਕਿ ”ਬੱਚੇ ਮਨ ਕੇ ਸੱਚੇ ਸਾਰੇ ਜੱਗ ਕੇ ਆਂਖ ਕੇ ਤਾਰੇ‘‘ ਪਰ ਅਸਲ ਗੱਲ ਤਾ ਇਹ ਹੈ ਕਿ ਅੱਜ ਇਹ ਬੱਚੇ ਵਿਚਾਰੇ ਸੜਕਾਂ ਤੇ ਰੁਲਣ ਲਈ ਮਜਬੂਰ ਨੇ। ਪਰ ਹਰ ਵਿਅਕਤੀ ਇਸ ਤਰਾਂ ਦੀ ਹਕੀਕਤ ਨੂੰ ਅੱਖੋਂ ਉਹਲੇ ਕਰਕੇ ਆਪਣੇ ਆਪ ਵਿੱਚ ਮਸਤ ਹੈ ਅਤੇ ਕੋਈ ਵੀ ਆਪਣਾ ਫਰਜ਼ ਨਹੀਂ ਸਮਝਦਾ । ਸਰਮਾਏਦਾਰ, ਵਪਾਰੀ ਅਤੇ ਅਮੀਰ ਲੋਕ ਇਸ ਕੰਮ ਲਈ ਬਿਲਕੁਲ ਵੀ ਅੱਗੇ ਨਹੀ ਆਉਂਦੇ ਕਿਉਂਕਿ ਉਹਨਾਂ ਨੂੰ ਸਸਤੇ ਮਜ਼ਦੂਰ ਨਹੀਂ ਮਿਲਣਗੇ ਇਸ ਲਈ ਇਹ ਵਰਗ ਕਦੇ ਵੀ ਇਸ ਕਾਨੂੰਨ ਨੂੰ ਲਾਗੂ ਹੋਣ ਵਿੱਚ ਮਦਦ ਨਹੀਂ ਕਰੇਗਾ। ਇਸ ਤਰ੍ਹਾਂ ਦੇ ਲੋਕਾਂ ਦੇ ਅਕਸਰ ਇਸ ਤਰਾਂ ਦੇ ਮੰਗਣ ਵਾਲੇ ਬੱਚਿਆ ਪ੍ਰਤੀ ਇਹ ਸ਼ਬਦ ਸੁਣੇ ਜਾ ਸਕਦੇ ਨੇ ”ਕਿਵੇਂ ਮੰਗਦੇ ਫਿਰਦੇ ਨੇ, ਰੱਬ ਨੇ ਹੱਥ ਦਿੱਤੇ ਨੇ ਕੰਮ ਕਰੋ‘‘ ਪਰ ਇਹਨਾਂ ਭਲੇ ਪੁਰਸਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਬੱਚੇ ਤੋਂ ਕੰਮ ਕਰਵਾਉਣਾ ਕਾਨੂੰਨ ਜ਼ੁਰਮ ਹੈ। ਇਸ ਤਰ੍ਹਾਂ ਦੇ ਲੋਕਾਂ ਕਦੀ ਵੀ ਇਹਨਾਂ ਮਾਸੁਮਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਨਹੀਂ ਸੋਚਿਆ ਤੇ ਸੋਚਣ ਵੀ ਕਿਉਂ? ਅੱਜ ਹਜਾਰਾਂ ਬੱਚੇ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਲੋਹਾ ਇਕੱਠਾ ਕਰਦੇ, ਕਾਗ਼ਜ਼ ਚੁਗਦੇ ਵੇਖੇ ਜਾ ਸਕਦੇ ਹਨ। ਅਤੇ ਅਸੀਂ ਹਾਲੀ ਵੀ ਕਹੀ ਜਾਂਦੇ ਹਾ ਕੇ ਮੇਰਾ ਭਾਰਤ ਮਹਾਨ।

ਬੇ-ਪਤ ਹੋ ਰਹੀਆਂ ਨੇ ਨਾਬਾਲਗ ਕੁੜੀਆਂ

ਭਾਵੇਂ ਕੇ ਇਹ ਕਾਨੂੰਨ ਬੜੀ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ ਪਰ ਇਸ ਨਾਲ ਕੋਈ ਵੀ ਮਸਲਾ ਹੱਲ ਹੁੰਦਾ ਨਜਰ ਨਹੀ ਆ ਰਿਹਾ, ਕਿਉਂਕਿ ਜਿਨਾਂ ਚਿਰ ਇਸ ਤਰ੍ਹਾਂ ਦੇ ਲੋਕਾਂ ਦੇ ਆਰਥਿਕ ਜੀਵਨ ਨੂੰ ਉਚਾ ਚੁੱਕਣ ਲਈ ਕੋਈ ਖਾਸ ਕਾਨੂੰਨ ਅਤੇ ਉਪਰਾਲੇ ਨਹੀਂ ਕੀਤੇ ਜਾਂਦੇ ਇਹ ਮਾਸੂਮ ਇਸੇ ਤਰਾਂ ਹੀ ਰੁਲਦੇ ਰਹਣਿਗੇ। ਇਸ ਗਰੀਬੀ ਲਾਚਾਰੀ ਬੇਵਸੀ ਦੀਆਂ ਸ਼ਿਕਾਰ ਨਾਬਾਲਗ ਧੀਆਂ ਸਭ ਤੋਂ ਵੱਧ ਹੋ ਰਹੀਆਂ ਨੇ। ਪਾਪੀ ਪੇਟ ਦੀ ਅੱਗ ਬੁਝਾਉਣ ਅਤੇ ਘਰ ਦਾ ਗੁਜਾਰਾ ਚਲਾਉਣ ਲਈ ਇਹ ਨੰਨੀਆਂ ਕੰਜਕਾਂ ਰੇਲਵੇ ਸਟੇਸ਼ਨਾ, ਬੱਸ ਅੱਡਿਆਂ, ਪਟਵਾਰ ਖਾਨਿਆਂ, ਕਚਿਹਰੀਆਂ ਰੇਲਵੇ ਫਾਟਕਾਂ, ਰੈਡ ਲਾਈਟਾਂ ਦੇ ਆਸ ਪਾਸ ਪੱਖੀਆਂ, ਗੁਲਦਸਤੇ, ਕਾਰਾਂ ਦੇ ਸ਼ੀਸਿਆਂ ਤੇ ਲਾਉਣ ਵਾਲੇ ਸ਼ੇਡ, ਨੈਪਕਿਨ ਪੇਪਰ ਅਤੇ ਹੋਰ ਕਈ ਕੁਝ ਵੇਚਣ ਲਈ ਗੱਡੀਆਂ ਦੇ ਖੜ੍ਹਨ ਦਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਨੇ ਅਤੇ ਬਹੁਤ ਸਾਰੇ ਲੋਕ ਇਹਨਾਂ ਵੱਲ ਕਾਮੁਕ ਅਤੇ ਲਲਚਾਈਆਂ ਨਜਰਾਂ ਨਾਲ ਝਾਕਦੇ ਰਹਿੰਦੇ ਹਨ। ਸਮੇਂ ਤੇ ਗਰੀਬੀ ਦੀ ਮਾਰ ਝੱਲਦੀਆਂ ਇਹਨਾਂ ਵਿਚਾਰੀਆਂ ਨੂੰ ਕਈ ਵਾਰ ਭੈੜੇ ਲੋਕਾਂ ਦੀਆਂ ਕਈ ਅਸ਼ਲੀਲ ਗੱਲਾਂ ਵੀ ਸੁਣਨੀਆਂ ਪੈਦੀਆਂ ਨੇ । ਇਥੇ ਹੀ ਬੱਸ ਨਹੀ ਹੋਟਲਾਂ ਢਾਬਿਆ ਆਦਿ ਦੇ ਬਾਹਰ ਇਸ ਤਰਾਂ ਦੀਆਂ 13-14 ਸਾਲਾਂ ਦੀਆਂ ਲੜਕੀਆਂ ਨੂੰ ਕਈ ਵਾਰ ਫੁਸਲਾ ਕੇ ਅਗਵਾ ਕਰਨ ਅਤੇ ਬਲਾਤਕਾਰ ਕਰਨ ਦੀਆ ਖਬਰਾਂ ਅਕਸਰ ਹੀ ਅਖਬਾਰਾਂ ਅਤੇ ਚੈਨਲਾਂ ਤੇ ਆਉਂਦੀਆਂ ਰਹਿੰਦੀਆਂ ਨੇ। ਕਈ ਵਿਗੜੇ ਕਿਸਮੇ ਦੇ ਮੁੰਡੇ ਤਾਂ ਸੜਕ ਤੇ ਹੀ ਇਸ ਤਰਾਂ ਦੇ ਬੱਚਿਆਂ ਨਾਲ ਭੱਦੇ ਮਜਾਕ ਅਤੇ ਛੇੜਖਾਨੀਆਂ ਕਰਦੇ ਵੇਖੇ ਗਏ ਨੇ ਜਿਸ ਤੋ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਦੇਸ਼ ਦਾ ਭਵਿੱਖ ਦੇਸ ਦੇ ਇਹ ਬੱਚੇ ਥਾਂ ਥਾਂ ਵਿਲਕ ਰਹੇ ਨੇ ਅਤੇ ਕਿਸੇ ਨੂੰ ਕੋਈ ਚਿੰਤਾਂ ਨਹੀ ਹੈ।

ਕਾਨੂੰਨ ਨਹੀਂ, ਸਗੋਂ ਬਾਂਹ ਫੜਨ ਦੀ ਲੋੜ

ਇਸ ਤਰਾਂ ਦੇ ਲੱਖਾਂ ਬੱਚੇ ਲੋਕਤੰਤਰ ਦਾ ਅਰਥ ਵੀ ਨਹੀਂ ਜਾਣਦੇ ਹੋਣੇ, ਅਜਿਹਾ ਭਾਣਾ ਸਾਡੇ ਮੁਲਕ ਲਈ ਬਹੁਤ ਹੀ ਮੰਦਭਾਗਾ ਹੈ । ਸਾਡਾ ਸਦਾਚਾਰ ਅਤੇ ਕਦਰਾਂ ਕੀਮਤਾਂ ਮਿੱਟੀ ਵਿੱਚ ਰੁਲ ਰਹੀਆਂ ਨ। ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਂਦੇ ਨੇ, ਲੀਡਰ ਲੋਕ ਵੋਟਾਂ ਵੇਲੇ ਇਸ ਤਰਾਂ ਦੇ ਝੁੱਗੀ ਝੋਂਪੜੀ ਵਾਸੀ ਲੋਕਾਂ ਦੇ ਬੱਚਿਆਂ ਨੂੰ ਬਿਸਕੁਟ, ਚਾਕਲੇਟ ਤੇ ਕੰਬਲ ਵੰਡ ਕੇ ਵੋਟਾਂ ਬਟੋਰ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਵੀ ਇਹਨਾਂ ਦੀ ਸਾਰ ਲੈਣ ਦਾ ਚੇਤਾ ਭੁੱਲ ਜਾਂਦਾ ਹੈ। ਕਿਨਾ ਚੰਗਾ ਹੋਵੇ ਜੇ ਇਸ ਤਰ੍ਹਾਂ ਦੇ ਕਾਨੂੰਨ ਬਣਾਉਣ ਦੀ ਥਾਂ ਇਹਨਾ ਗਰੀਬਾਂ ਦੀ ਬਾਂਹ ਫੜੀ ਜਾਵੇ ਤੇ ਉਹਨਾਂ ਨੂੰ ਇਸ ਹਾਲਤ ਤੋਂ ਬਾਹਰ ਕੱਢਿਆ ਜਾਵੇ ਤੇ ਉਹਨਾਂ ਦੀ ਇਸ ਦਸ਼ਾ ਦੇ ਜਿਮੇਵਾਰ ਲੋਕਾਂ ਨੂੰ ਨਕੇਲ ਪਾਈ ਜਾਵੇ। ਕਿਨਾ ਚੰਗਾ ਹੋਵੇ ਜੇ ਇਹਨਾ ਦੀ ਪੜਾਈ ਦਾ ਮੁਫਤ ਪ੍ਰਬੰਧ ਕੀਤਾ ਜਾਵੇ, ਉਹਨਾਂ ਦੇ ਰਹਿਣ ਸਹਿਣ ਦੇ ਪੱਧਰ ਨੂੰ ਉਚਾ ਚੁੱਕਣ ਲਈ ਕੋਈ ਉਪਰਾਲਾ ਕੀਤਾ ਜਾਵੇ ਨਾ ਕੇ ਇਸ ਤਰਾਂ ਦੇ ਕਾਨੂੰਨ ਬਣਾਏ ਜਾਣ ਜਿਨਾ ਤੇ ਕੋਈ ਅਮਲ ਹੀ ਨਹੀ ਹੁੰਦਾ। ਇਸ ਬਾਲ ਮਜ਼ਦੂਰੀ ਦੇ ਦੈਂਤ ਨੂੰ ਨਕੇਲ ਪਾਉਣ ਲਈ ਇਕੱਲੇ ਕਾਨੂੰਨ ਬਣਾ ਦੇਣਾ ਹੀ ਕਾਫੀ ਨਹੀਂ ਹੈ, ਅਤੇ ਨਾ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਸ ਨੂੰ ਰੋਕ ਸਕਦਾ ਹੈ। ਇਸ ਕੰਮ ਲਈ ਇਕ ਵੱਖਰਾ ਮਹਿਕਮਾਂ ਬਣਾਉਣ ਦੀ ਲੋੜ ਹੈ ਜੋ ਸਿਰਫ ਇਸ ਤਰਾਂ ਦੇ ਮਜਦੂਰਾਂ ਬਾਰੇ ਹੀ ਕੰਮ ਕਰੇ । ਅੱਜ ਲੋੜ ਹੈ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਆਪਣਾ ਫਰਜ ਸਮਝ ਕੇ ਇਸ ਵਰਤਾਰੇ ਨੂੰ ਰੋਕਣ ਦੀ। ਲੋੜ ਏ ਪੋਲੀਓ ਦੇ ਖਾਤਮੇ ਵਾਂਗ ਇਕ ਨਵਾਂ ਨਾਅਰਾ ਸਿਰਜਣ ਦੀ ”ਪੁਕਾਰੇ ਬਾਲ ਆਤਮਾਂ ਬਾਲ ਮਜਦੂਰੀ ਦਾ ਖਾਤਮਾਂ‘‘। ਲੋੜ ਏ ਅੱਜ ਦੇਸ਼ ਦੇ ਇਹਨਾਂ ਨੰਨੇ ਫੁੱਲਾਂ ਦੇ ਬਚਪਨ ਨੂੰ ਸੰਭਾਲਣ ਦੀ। ਨਹੀ ਤਾਂ ਇਹਨਾਂ ਦੇ ਬਚਪਨ ਦੇ ਚਾਅਵਾਂ, ਮਲਾਰਾਂ ਤੇ ਖਾਹਿਸ਼ਾਂ ਦੇ ਕਾਤਲ ਅਸੀਂ ਹੋਵਾਂਗੇ ਨਾ ਕਿ ਕੋਈ ਹੋਰ ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 3 ਮਈ 2007)
(ਦੂਜੀ ਵਾਰ 8 ਦਸੰਬਰ 2021)

***
537
***

ਫਤਿਹਗੜ ਚੂੜੀਆਂ
ਗੁਰਦਾਸਪੁਰ
9988964633

ਰੋਜ਼ੀ ਸਿੰਘ

ਫਤਿਹਗੜ ਚੂੜੀਆਂ ਗੁਰਦਾਸਪੁਰ 9988964633

View all posts by ਰੋਜ਼ੀ ਸਿੰਘ →