16 April 2024
ਸਾਥੀ ਲੁਧਿਆਣਵੀ

ਗ਼ਜ਼ਲ – ਡਾਕਟਰ ਸਾਥੀ ਲੁਧਿਆਣਵੀ

ਉਸ ਦਾ ਦਰਦ  ਅੱਥਰੂ ਬਣ  ਕੇ ਅੱਖ਼ ਚੋਂ ਕਿਰ  ਗਿਆ ਹੋਣਾ।
ਉਸ ਦਾ ਆਹਲਣਾ ਜਦ ਤਿਨਕਾ ਤਿਨਕਾ ਬਿਖ਼ਰਿਆ ਹੋਣਾ।

ਹੁਣ ਇਹ ਸ਼ਾਂਤ ਦਿਸਦਾ ਹੈ, ਲਹਿਰਾਂ ‘ਚ ਵੀ ਨਹੀਂ ਹਲਚਲ,
ਤੂਫ਼ਾਨਾ   ਦੇ ਸਮੇਂ   ਸਾਗ਼ਰ ਇਹ   ਕਿੰਨਾ ਤੜਪਿਆ  ਹੋਣਾ।

ਪਿਆਸਾ ਸੀ,  ਸਮੁੰਦਰ ਕੋਲ਼ ਤਾਂ ਉਹ ਅੱਪੜ ਚੁੱਕਿਆ ਸੀ,
ਪਾਣੀ ਪੀ ਕੇ ਨਹੀਂ ਮਰਿਆ, ਪਿਆਸਾ ਮਰ ਗਿਆ ਹੋਣਾ।

ਉਸ ਨੂੰ  ਤਦੇ ਤਾਂ ਹੁਣ ਇਹ  ਖ਼ਿਜ਼ਾਂ ਚੰਗੀ   ਨਹੀਂ   ਲਗਦੀ,
ਉਸ ਦੇ ਬਾਗ਼ ਵਿਚ ਕੋਈ ਬੜਾ ਹੀ ਚਿਰ ਮਹਿਕਿਆ ਹੋਣਾ।

ਸ਼ਿਕਾਰੀ ਦਾ ਨਿਸ਼ਾਨਾ ਲੱਗ ਗਿਆ ਹੋਣਾ  ਨਿਸ਼ਾਨੇ ‘ਤੇ,
ਭੋਂ ‘ਤੇ ਡਿੱਗ  ਕੇ ਪੰਛੀ  ਬੜਾ ਹੀ ਚਿਰ ਤੜਪਿਆ ਹੋਣਾ।

ਉਸ   ਦੇ  ਪੈਰ   ਪੱਥਰ   ਹੋ  ਗਏ  ਹੋਣੇ    ਨੇ   ਦਰ  ਅੰਦਰ,
ਜਦ ਉਹ ਆਪਣੇ ਘਰ ਵਿਚ ਗ਼ੈਰ ਦੇ ਵਾਂਗਰ ਗਿਆ ਹੋਣਾ।

ਬਹੁਤ  ਛੋਟਾ ਸੀ, ਉਹ ਤਾਂ ਗੁੰਮ ਗਿਆ ਹੋਣਾ ਖ਼ਿਲਾਅ ਅੰਦਰ,
ਜੁਗਨੂੰ  ਵਿੱਤ   ਮੁਤਾਬਕ   ਰੋਸ਼ਨੀ   ਤਾਂ   ਕਰ   ਗਿਆ ਹੋਣਾ।

ਪਰਬਤ ਤੋਂ ਵੀ ਉੱਚਾ  ਸੀ, ਸਮੁੰਦਰ ਤੋਂ ਵੀ ਗ਼ਹਿਰਾ ਸੀ,
ਉਹ ਸ਼ਖ਼ਸ ਛਾ  ਗਿਆ ਹੋਣਾ , ਜਿਧਰ  ਗਿਆ ਹੋਣਾ।

ਉਸ ਦਾ ਅੰਗ ਅੰਗ ਤਾਂ ਬੜਾ ਹੀ ਨਸ਼ਿਆਅ ਗਿਆ ਹੋਣਾ,
”ਸਾਥੀ” ਅਚਨਚੇਤੀ   ਯਾਰ ਦੇ  ਜਦ  ਘਰ  ਗਿਆ  ਹੋਣਾ।  

***

955

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। (ਪਹਿਲੀ ਵਾਰ ਛਪਿਆ 2010) (ਦੂਜੀ ਵਾਰ 2022)

About the author

ਸਾਥੀ ਲੁਧਿਆਣਵੀ
drsathi@hotmail.co.uk | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ