ਪਲਾਂ ਤੇ ਤੁਰਨਾ, ਹਰਕਤ ’ਚ ਰਹਿਣਾ ਤੇ ਕੁੱਝ ਕਰਦੇ ਰਹਿਣਾ ਕੰਮ ਹੈ ਜੋ ਹਰ ਕੋਈ ਕਰਦਾ। ਉਹ ਕੰਮ ਆਪ ਹੀ ਕਰਨੇ ਪੈਂਦੇ ਹਨ ਜਿਹੜੇ ਕਿਸੇ ਤੋਂ ਕਰਾਏ ਨਹੀਂ ਜਾ ਸਕਦੇ। ਕੰਮ, ਕੰਮ ਹੈ ਚੰਗਾ ਮਾੜਾ ਨਹੀਂ। ਜਿਹੜੇ ਕੰਮ ’ਤੇ ਚੰਗੇ ਮਾੜੇ ਦੀ ਮੋਹਰ ਲਾਉਂਦੇ ਹਨ ਉਹ ਖੁਦ ਚੰਗੇ ਨਹੀਂ ਹੁੰਦੇ। ਅਜਿਹੀ ਮੋਹਰ ਉਹ ਹੀ ਲਾਉਂਦੇ ਹਨ ਜਿਨ੍ਹਾਂ ਦੇ ਮਨ ਵਿਚ, ਮੱਥੇ ਵਿਚ ਹਓਮੈ ਦੀ ਬਦਬੋ ਹੋਵੇ। ਕੰਮ ਨਰਮ ਤੇ ਸਖਤ ਹੋ ਸਕਦਾ ਹੈ, ਸੌਖਾ ਤੇ ਔਖਾ ਹੋ ਸਕਦਾ, ਥੋੜਾ ਤੇ ਬਹੁਤਾ ਹੋ ਸਕਦਾ, ਠੀਕ ਤੇ ਗਲਤ ਹੋ ਸਕਦਾ ਹੈ ਪਰ ਚੰਗਾ ਤੇ ਮਾੜਾ ਨਹੀਂ ਹੋ ਸਕਦਾ, ਸਾਫ ਸੁਥਰਾ ਤੇ ਗੰਦਾ ਨਹੀਂ ਹੋ ਸਕਦਾ। ਕੋਈ ਵੀ ਕੰਮ ਹੋਵੇ ਜੇ ਧਿਆਨ, ਲਗਨ ਅਤੇ ਮਿਸ਼ਨ ਨਾਲ ਕੀਤਾ ਜਾਵੇ ਤਾਂ ਉਹ ਸਮਾਧੀ ਜਿਹਾ ਹੋ ਜਾਂਦਾ। ਜਿਹੜੇ ਮਨੁੱਖ ਸਮਾਜ ਦੇ ਹੋਰ ਮਨੁੱਖਾਂ ’ਤੇ ਜੇਬੋਂ ਕੱਢ ਮੋਹਰਾਂ ਲਾਈ ਜਾਂਦੇ ਹਨ ਉਹ ਕੰਮਾਂ ਦੇ ਮੱਥਿਆਂ ਉੱਤੇ ਵੀ ਆਪਣੀ ਘਟੀਆ ਸੋਚ ਦੀਆਂ ਚੇਪੀਆਂ ਚਿਪਕਾਣੋਂ ਨਹੀਂ ਹਟਦੇ।
ਜਿਹੜੇ ਹੱਥ ਕੰਮ ਕਰਦੇ ਹਨ ਉਨ੍ਹਾਂ ਨੂੰ ਕੋਈ ਮਿਹਣਾਂ ਨਹੀਂ। ਉਹ ਉਸਰੱਈਏ ਹੁੰਦੇ ਹਨ ਸਮਾਜ ਦੇ, ਵਿਕਾਸ ਦਾ ਹਿੱਸਾ। ਉਨ੍ਹਾਂ ਦੇ ਹੱਥਾਂ ਦਾ ਹੋਇਆ ਵਿਕਾਸ ਮੂੰਹੋਂ ਬੋਲਦਾ। ਆਪ ਮੁਹਾਰੇ ਹੋਏ ਉਸ ਵਿਕਾਸ ਦਾ ਨਾ ਕੋਈ ਨੀਂਹ ਪੱਥਰ ਰੱਖਿਆ ਹੁੰਦਾ ਹੈ ਅਤੇ ਨਾ ਹੀ ਉਸ ਦਾ ਕੋਈ ਕਿਸੇ ਵਲੋਂ ਉਦਘਾਟਨ। ਅਜਿਹੇ ਵਿਕਾਸ ਦੀ ਵਿਕਾਸ ਯਾਤਰਾ ਕੱਢਣ ਦੀ ਕੋਈ ਲੋੜ ਨਹੀਂ ਹੁੰਦੀ। ਅਸਲ ਵਿਚ ਜਿਹੜੇ ਹੱਥ ਅਜਿਹਾ ਵਿਕਾਸ ਕਰਦੇ ਹਨ ਉਹ ਆਪਣੇ ਕੰਮ ਦਾ ਇਸ਼ਤਿਹਾਰ ਨਹੀਂ ਬਣਦੇ ਅਤੇ ਨਾਲੇ ਉਹ ਵਿਕਾਸ ਯਾਤਰਾ ਤਾਂ ਕੱਢਣ ਜੋਗੇ ਹੀ ਨਹੀਂ ਹੁੰਦੇ। ਇਹ ਉਨ੍ਹਾਂ ਹੱਥਾਂ ਦੀ ਬਰਕਤ ਹੈ ਜਿਹੜੇ ਮੰਗਦੇ ਘੱਟ ਤੇ ਦਿੰਦੇ ਜਿ਼ਆਦਾ। ਹੱਥਾਂ ਨਾਲ ਕੀਤੇ ਜਾਂਦੇ ਔਖੇ ਤੇ ਕਰੜੇ ਕੰਮਾਂ ਦਾ ਮੁੱਲ ਉੱਨਾ ਨਹੀਂ ਮਿਲਦਾ ਜਿੰਨਾ ਮਿਲਣਾਂ ਚਾਹੀਦਾ। ਮੋਹਰਾਂ ਨਾਲ ਗਰਦਾਨੇ ਮਾੜੇ ਕੰਮਾਂ ਵਲੋਂ ਚੰਗੇ ਕੰਮਾਂ ਦੀ ਵੀ ਪੇਸ਼ ਨਹੀਂ ਜਾਣ ਦਿੱਤੀ ਜਾਂਦੀ। ਉਨ੍ਹਾਂ ਚੰਗੇ ਕੰਮਾਂ ਲਈ ਵੀ ਉੱਨੇ ਦਾਮ ਨਹੀਂ ਮਿਲਦੇ ਜਿੰਨਿਆਂ ਦੇ ਉਹ ਹੱਕਦਾਰ ਹੁੰਦੇ ਹਨ। ਏਹੀ ਕਾਰਨ ਹੈ ਕਿ ਹੱਥੀਂ ਸਖਤ ਕੰਮ ਕਰਨ ਵਾਲਿਆਂ ਨੂੰ ਅਜੇ ਜੱਦੋਜਹਿਦ ਤਾਂ ਕਿਤੇ ਵੱਧ ਕਰਨੀ ਪੈਂਦੀ ਹੈ ਪਰ ਪਰ ਇਵਜ਼ਾਨਾ ਪੂਰਾ ਕਦੇ ਨਹੀਂ ਮਿਲਦਾ। ਅਜਿਹੇ ਕੰਮ ਕਰਨ ਵਾਲਿਆਂ ਨੂੰ ਵੀ ਕੰਮ ’ਤੇ ਲੱਗੀ ਮੋਹਰ ਵਾਂਗ ਉਸ ਮੋਹਰ ਦੇ ਸਾਏ ’ਚ ਤੁਰਨਾ ਪੈਂਦਾ ਹੈ ਜਿਹੜੀ ਕਦੇ ਵੀ ਉਨ੍ਹਾਂ ਦੀ ਪਸੰਦ ਨਹੀਂ ਹੁੰਦੀ।
ਸਮਾਜ ਦੇ ਵਿਕਾਸ ਦਾ ਚਿਹਰਾ-ਮੋਹਰਾ ਨਿਖਾਰਨ ਵਾਲੇ ਕਾਮੇ ਦੀ ਕਦਰ ਅਜੇ ਉਹ ਨਹੀਂ ਬਣ ਸਕੀ ਜਿਹੜੀ ਹੁਣ ਤੱਕ ਬਣ ਗਈ ਹੁੰਦੀ। ਕਈ ਵਿਕਸਤ ਦੇਸ਼ਾਂ ਵਿਚ ਮਜਦੂਰ ਜਾਂ ਕਾਮੇ ਲੰਮੀਆਂ ਜੱਦੋ ਜਹਿਦਾਂ ਜਾਂ ਕੋਸਿ਼ਸ਼ਾਂ ਬਾਅਦ ਉਨ੍ਹਾਂ ਸਮਾਜਾਂ ਦਾ ਕਦਰਦਾਨ ਅੰਗ ਬਣ ਗਏ ਹਨ। ਵਿਕਾਸ ਦੇ ਰਾਹ ਪਏ ਮੁਲਕਾਂ ਵਿਚ ਅਜਿਹਾ ਕੁੱਝ ਨਹੀਂ ਹੋ ਸਕਿਆ। ਕਾਰਨ ਇਹ ਹੀ ਹੈ ਕਿ ਵਿਕਾਸਸ਼ੀਲ ਮੁਲਕਾਂ ਦੇ ਹਾਕਮ ਅਜਿਹੇ ਵਿਕਸਤ ਢਾਚੇ ਤੇ ਸਾਂਚੇ ਕਾਇਮ ਹੀ ਨਹੀਂ ਕਰ ਸਕੇ ਜਿੱਥੇ ਵਿਕਾਸ ਦੇ ਥੰਮ ਕਾਮੇ ਦੀ ਕਦਰ ਦਾ ਮਹੌਲ ਬਣ ਸਕੇ। ਜਿਹੜੇ ਸਿਰਫ ਮੱਥੇ ’ਚ ਚੜ੍ਹਕੇ ਬੈਠੇ ਹਨ, ਕੇਵਲ ਸੋਚ ਦਾ ਖੱਟਿਆ ਖਾਂਦੇ ਹਨ ਉਨ੍ਹਾਂ ਨੂੰ ਹੱਥਾਂ ਦੇ ਕੰਮਾਂ ਦੀ ਕਦਰ ਤੇ ਕਲਾ ਦਾ ਇਲਮ ਨਹੀਂ ਹੋ ਸਕਦਾ। ਜੇ ਹੋ ਵੀ ਜਾਵੇ ਤਾਂ ਉਹ ਉਸ ਕਲਾ ਦੀ ਕਦਰ ਕਰਨ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਅਜਿਹਾ ਹੋਣ ਨਾਲ ਉਨ੍ਹਾਂ ਦੇ ਹੱਥੋਂ ਮੋਹਰਾਂ ਲਾਉਣ ਦਾ ਕੰਮ ਹੀ ਗੁਆਚ ਕੇ ਰਹਿ ਜਾਵੇਗਾ।
ਸਮਾਜ ਦੇ ਹਰ ਕੰਮ ਪਿੱਛੇ ਕਾਮੇ ਦੇ ਹੱਥ ਹੁੰਦੇ ਹਨ ਜਿਹੜੇ ਕੰਮ ਨੂੰ ਰਾਹ ਵਿਚ ਰੁਕਣ ਨਹੀਂ ਦਿੰਦੇ। ਜਿੰਨਾ ਚਿਰ ਕੰਮ ਸਿਰੇ ਨਾ ਲੱਗ ਜਾਏ, ਨੇਪਰੇ ਨਾ ਚੜ੍ਹ ਜਾਏ ਉਹ ਆਪਣੇ ਯਤਨਾਂ ਤੋਂ ਪਿੱਛੇ ਨਹੀਂ ਹਟਦੇ। ਉਹ ਕੰਮ ਨੂੰ ਮਿਸ਼ਨ ਸਮਝਦੇ ਹਨ ਅਤੇ ਉਸਨੂੰ ਪੂਰਾ ਕਰਨਾ ਆਪਣਾ ਧਰਮ। ਸਮਾਜ ਦੇ ਹਰ ਵਿਕਾਸ ਪਿੱਛੇ ਕਾਮੇ ਦੇ ਹੱਥਾਂ ਦੀ ਮੋਹਰ ਹੁੰਦੀ ਹੈ ਜਿਸਨੂੰ ਥਾਂ-ਥਾਂ ਬੜੀ ਅਸਾਨੀ ਨਾਲ ਦੇਖਿਆ ਜਾ ਸਕਦੈ।
ਵਿਹਲੜ ਸਮਾਜ ’ਤੇ ਬੋਝ੍ਹ ਹੁੰਦੇ ਹਨ ਜਿਨ੍ਹਾਂ ਨੂੰ ਜੇ ਨਿੰਦਿਆ ਵੀ ਜਾਵੇ ਤਾਂ ਮਾੜਾ ਨਹੀਂ। ਉਹ ਆਪਣਾ ਤਾਂ ਕੀ ਕਿਸੇ ਦਾ ਵੀ ਕੁੱਝ ਨਹੀਂ ਸੁਆਰਦੇ। ਵਕਤ-ਕਟੀ ਉਨ੍ਹਾਂ ਦਾ ਕਰਮ ਹੁੰਦਾ ਹੈ ਅਤੇ ਦੂਜਿਆਂ ਵਲ ਤਕਾਵਾ ਉਨ੍ਹਾਂ ਦਾ ਧਰਮ। ਭਲਾਂ ਇਹੋ ਜਹੇ ਮਨੁੱਖਾਂ ਤੋਂ ਸਮਾਜ ਨੇ ਕੀ ਲੈਣਾ। ਫੇਰ ਕਿਉਂ ਇਨ੍ਹਾਂ ਨੂੰ ਆਪਣੇ ਸਿਰ ਤੇ ਬੋਝ ਵਾਂਗ ਬਿਠਾਈ ਰੱਖੇ।
ਸਾਰੇ ਹੀ ਕੰਮ ਉਦੋਂ ਬੜੀ ਹੀ ਅਸਾਨੀ ਨਾਲ ਹੋ ਜਾਂਦੇ ਹਨ ਜਦ ਹੱਥ ਕਾਮੇ ਬਣ ਜਾਣ। ਜਿਹੜੇ ਵੀ ਮਨੁੱਖ ਦੇ ਹੱਥ ਕਾਮੇ ਬਣ ਜਾਂਦੇ ਹਨ ਉਹ ਕਦੇ ਦੂਜਿਆਂ ਦੇ ਆਸਰੇ ਦੀ ਝਾਕ ਨਹੀਂ ਰੱਖਦਾ। ਉਹ ਆਪਣੇ ਕਾਮੇ ਹੱਥਾਂ ਨੂੰ ਅਜਿਹੀਆਂ ਆਦਤਾਂ ਦੇ ਆਲਮ ਵਿਚ ਲੈ ਜਾਂਦਾ ਹੈ ਜਿੱਥੇ ਹੱਥਾਂ ਵਿਚੋਂ ਕਿਰਤ ਉਗਦੀ ਹੈ ਤੇ ਕਲਾ, ਵਿਕਾਸ ਜਨਮ ਧਾਰਦਾ ਹੈ ਅਤੇ ਸਿਖਰਾਂ ਛੋਹਣ ਦੀ ਸਮਰੱਥਾ। ਅਜਿਹੇ ਹੱਥਾਂ ਅੱਗੇ ਕਦੇ ਵੀ ਨਾਂਹ ਨਹੀਂ ਆਉਂਦੀ। ਕੋਈ ਕੰਮ ਅਰੁਕ ਨਹੀਂ ਹੁੰਦਾ। ਕੋਈ ਕੰਮ ਅਸੰਭਵ ਨਹੀਂ ਬਣਦਾ ਸਗੋਂ ਅਜਿਹੀ ਸਿਰਜਕ ਸਥਿਤੀ ਵਿਚ ਤਾਂ ਦਿਲ ਵਾਰ-ਵਾਰ ਇਹ ਹੀ ਆਖਦਾ ਹੈ ਕਿ ਕੋਈ ਕੰਮ ਕਦੇ ਨਾ ਰੁਕਦਾ ਜੇ ਹੱਥ ਹੋਵਣ ਕਾਮੇ।
ਟਿੱਪਣੀ : ਇਹ ਰਚਨਾ ‘’ਲਿਖਾਰੀ” ਵੈੱਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ‘ਲਿਖਾਰੀ.ਨੈੱਟ’ ਤੇ ਲਗਾਉਣ ਦੀ ਖ਼ੁਸ਼ੀ ਲੈ ਰਹੇ ਹਾਂ। ਲਿਖਤ ਪਹਿਲੀ ਵਾਰੀ ਸਾਲ 2007 ਵਿਚ ਛਪੀ ਤੇ ਦੂਜੀ ਵਾਰ ਸਾਲ 2022 ਵਿਚ ਛਪੀ।
***
972
***
ਸ਼ਾਮ ਸਿੰਘ (ਅੰਗ-ਸੰਗ)