19 June 2024

ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਜੀ ਦੇ ਨਾਂ ਇੱਕ ਖ਼ਤ – ਰਿਪਨਜੋਤ ਕੌਰ ਸੋਨੀ ਬੱਗਾ

ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਜੀ ਦੇ ਨਾਂ ਇੱਕ ਖ਼ਤ

-ਰਿਪਨਜੋਤ ਕੌਰ ਸੋਨੀ ਬੱਗਾ-

ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਜੀ ਦੇ ਨਾਂ ਇੱਕ ਖ਼ਤ ਸਮੂਹ ਪੰਜਾਬੀਆਂ ਵੱਲੋਂ,
ਰਿਪਨਜੋਤ ਕੌਰ ਸੋਨੀ ਬੱਗਾ

ਆਪ ਜੀ ਦੇ ‌ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਅੱਜ ਕੱਲ੍ਹ ਪੰਜਾਬ ਦੇ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਵਿਗਿਆਨ ਸਮੇਤ ਸਾਰੇ ਵਿਸ਼ਿਆਂ ਦੀ ਪੜ੍ਹਾਈ ਸ਼ੁਰੂ ਤੋਂ ਹੀ ਅੰਗਰੇਜ਼ੀ ਮਾਧਿਅਮ ਵਿੱਚ ਕਰਵਾਈ ਜਾਂਦੀ ਹੈ। ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ-ਕਾਲਜਾਂ , ਯੂਨੀਵਰਸਿਟੀਆਂ ਵਿਚ ਗਿਆਰਵੀਂ ਤੋਂ ਬਾਅਦ ਕੇਵਲ ਵਿਗਿਆਨ, ਕਿੱਤਾ ਮੁਖੀ ਕੋਰਸਾਂ, ਇੰਜਨੀਅਰਿੰਗ , ਡਿਪਲੋਮਾ ਕੋਰਸਾਂ, ਕਨੂੰਨ ਆਦਿ ਦੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿੱਚ ਹੁੰਦੀ ਹੈ, ਬਾਕੀ ਸਭ ਵਿਸ਼ੇ ਬਹੁਤਾ ਕਰਕੇ ਪੰਜਾਬੀ ਮਾਧਿਅਮ ਵਿੱਚ ਪੜਾਏ ਜਾਂਦੇ ਹਨ ਜਾਂ ਗਲਤ ਵਿਚਾਰਧਾਰਾ ਕਰਕੇ ਹਿੰਦੀ ਵਿੱਚ( ਜੋ ਕਿ ਬੱਚੇ ਦੀ ਮਾਤ ਭਾਸ਼ਾ ਨਹੀਂ ਹੁੰਦੀ ਹੈ)। ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਜਦੋਂ ਵੀ ਕਿਸੇ ਬੱਚੇ ਨੂੰ ਸਧਾਰਨ ਜਾਣਕਾਰੀ ਤੋਂ ਹਟ ਕੇ ਉਸ ਨਾਲ ਕਿਸੇ ਡੂੰਘੇ ਸੰਕਲਪ ਵਾਲੀ ਗੱਲ ਕੀਤੀ ਜਾਂਦੀ ਹੈ ਤਾਂ ਮਾਤ ਭਾਸ਼ਾ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਬੱਚੇ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਹੈ। ਵਿਗਿਆਨਕ ਵਿਸ਼ਿਆਂ ਦੇ ਸੰਬੰਧ ਵਿੱਚ ਇਹ ਹੋਰ ਵੀ ਜਿਆਦਾ ਸਹੀ ਹੈ ਕਿਉਂਕਿ ਇੱਥੇ ਉਸ ਨੂੰ ਡੂੰਘੇ ਤੱਥ ਬੜੇ ਧਿਆਨ ਨਾਲ ਸਮਝਾਉਣੇ ਪੈਂਦੇ ਹਨ ਜੋ ਮਾਤ ਭਾਸ਼ਾ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਸਮਝਾਏ ਜਾ ਸਕਦੇ । ਇਸ ਲਈ ਇਸ ਤੱਥ ਨੂੰ ਕਬੂਲ ਕਰਨ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਕਿ ਵਿਗਿਆਨ ਸ਼ੁਰੂ ਤੋਂ ਹੀ ਮਾਤ ਭਾਸ਼ਾ ਵਿੱਚ ਪੜਾਇਆ ਜਾਵੇ।ਪੰਜਾਬ ਰਾਜ ਵਿਚ ਗਿਆਰਵੀ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਦੀ ਸਾਇੰਸ( ਵਿਗਿਆਨ), ਕਿੱਤਾ ਮੁਖੀ ਕੋਰਸ, ਪੈਰਾ ਮੈਡੀਕਲ ਕੋਰਸ, ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸ ਅਤੇ ਲਾਅ( ਕਾਨੂੰਨ) ਦੀ ਪੜਾਈ ਦਾ ਮਾਧਿਅਮ ਪੰਜਾਬੀ ਵਿੱਚ ਕਰਨ ਵਾਸਤੇ ਇੱਕ ਹੰਭਲਾ ਮਾਰਿਆ ਜਾਵੇ, ਇਸ ਕਾਰਜ ਦੇ ਬੜੇ ਹੀ ਸਾਰਥਕ ਅਤੇ ਦੂਰਗਾਮੀ ਪ੍ਰਭਾਵ ਹੋਣਗੇ। ਪੰਜਾਬੀ ਮਾਧਿਅਮ ਵਿੱਚ ਲਿਖੀਆਂ ਵਿਗਿਆਨ ਦੀਆਂ ਅਤੇ ਹੋਰ ਪਾਠ ਪੁਸਤਕਾਂ ਵਿੱਚ ਨਾਲੋ-ਨਾਲ ਅੰਗਰੇਜ਼ੀ ਵਾਲੀ ਤਕਨੀਕੀ ਸ਼ਬਦਾਵਲੀ ਵੀ ਸਿਖਾਈ ਜਾਵੇ ਤਾਂ ਜੋ ਵਿਦਿਆਰਥੀ ਨੂੰ ਅੰਤਰਰਾਸ਼ਟਰੀ ਸ਼ਬਦਾਵਲੀ ਦਾ ਗਿਆਨ ਵੀ ਹਾਸਲ ਹੋ ਜਾਏਗਾ।ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਭਾਰਤ ਦੇ ਕਈ ਰਾਜਾਂ ਵਿਚ ਉਥੋਂ ਦੇ ਵਸਨੀਕਾਂ ਦੀ ਮਾਂ ਬੋਲੀ ਵਿਚ ਇਹ ਪੜਾਈਆਂ ਕਰਵਾਈਆਂ ਜਾਂਦੀਆਂ ਹਨ , ਕਿਉਂ ਨਾ ਅਸੀਂ ਪੰਜਾਬ ਵਾਸੀ ਵੀ ਆਪਣੀ ਮਾਤ-ਭਾਸ਼ਾ ਵਿੱਚ ਵੀ ਉਚੇਰੀ ਪੜ੍ਹਾਈ ਕਰੀਏ। ਪੰਜਾਬੀ ਨੂੰ ਮਾਧਿਅਮ ਦੇ ਤੌਰ ਤੇ ਸਾਇੰਸ ਦੇ ਹੇਠ ਲਿਖੇ ਮੁੱਖ ਵਿਸ਼ਿਆ ਦੀ ਭਾਸ਼ਾ ਬਣਾਇਆ ਜਾਵੇ, ਅਤੇ ਬਾਅਦ ਵਿਚ ਹੌਲੀ ਹੌਲੀ ਦੂਜੇ ਕੋਰਸਾਂ ਵੱਲ ਧਿਆਨ ਦਿੱਤਾ ਜਾਵੇ। ਤੁਸੀਂ ਆਪਣੀ ਸਰਕਾਰ ਵੱਲੋਂ ਇਹ ਮਤਾ ਪਾਸ ਕਰ ਦਿਓਗੇ ਤਾਂ ਆਉਂਦੇ ਸਾਲਾਂ ਵਿਚ ਪਿੰਡਾਂ ਦੇ ਬੱਚੇ ਵਿਗਿਆਨ ਨੂੰ ਪੰਜਾਬੀ ਵਿੱਚ ਪੜ ਸਕਣਗੇ।ਇਸ ਨਾਲ ਸਮਾਜ ਵਿੱਚੋ ਅੰਧ ਵਿਸ਼ਵਾਸ ਦੂਰ ਕਰਨ ਵਿੱਚ ਬਹੁਤ ਮਦਦ ਮਿਲੇਗੀ। ਪਿੰਡਾਂ ਵਿਚ ਆਮ ਤੌਰ ਤੇ ਬਹੁਤ ਸਾਰੇ ਬੱਚੇ ਦਸਵੀਂ ਤੋਂ ਬਾਅਦ ਸਾਇੰਸ ਜਾਂ ਵਿਗਿਆਨ ਦਾ ਵਿਸ਼ਾ ਪੜਨਾ ਚਾਹੁੰਦੇ ਹਨ ਪਰ ਉਹ ਪੜ ਨਹੀਂ ਸਕਦੇ ਕਿਉਂਕਿ ਉਹ ਅੰਗਰੇਜ਼ੀ ਵਿੱਚ ਹੁੰਦਾ ਹੈ। ਜੇਕਰ ਕੁਝ ਵਿਦਿਆਰਥੀ ਦਸਵੀਂ ਪੰਜਾਬੀ ਮਾਧਿਅਮ ਤੋਂ ਬਾਅਦ ਅਗਲੇਰੀ ਵਿਗਿਆਨ ਦੀ ਪੜ੍ਹਾਈ ਕਰਦੇ ਵੀ ਹਨ ਤਾਂ ਉਹ ਫ਼ੇਲ੍ਹ ਹੋ ਜਾਂਦੇ ਹਨ।ਮੇਰੇ ਕਹਿਣ ਦਾ ਇਹ ਭਾਵ ਹੈ ਕਿ ਪੰਜਾਬ ਵਿੱਚ ਪੰਜਾਬੀ ਨਾਲ ਸਬੰਧਤ ਅਦਾਰੇ ਅਤੇ ਯੂਨੀਵਰਸਿਟੀਆਂ ਵਲੋਂ ਵਿਗਿਆਨ ਦੀਆਂ 12 ਵੀਂ ਅਤੇ ਹੋਰ ਜਮਾਤਾਂ ਤੱਕ ਦੀਆਂ ਪੁਸਤਕਾਂ ਪੰਜਾਬੀ ਮਾਧਿਅਮ ਵਿੱਚ ਲਿਖਵਾਈਆਂ ਜਾ ਸਕਦੀਆਂ ਹਨ ।ਜਿਵੇ ਕਿ ਭੌਤਿਕ ਵਿਗਿਆਨ (physics )ਰਸਾਇਣ ਵਿਗਿਆਨ (chemistry) ,ਜੀਵ ਵਿਗਿਆਨ (Zoology),ਬਨਸਪਤੀ ਵਿਗਿਆਨ(botany) ਹਿਸਾਬ(mathematics) ਦੀਆ ਕਿਤਾਬਾਂ ਪੰਜਾਬੀ ਵਿੱਚ ਤਰਜਮਾ ਕਰਵਾਈਆਂ ਜਾ ਸਕਦੀਆਂ ਹਨ। ਕੁਝ ਵਰ੍ਹੇ ਪਹਿਲਾਂ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਗਿਆਨਕ ਵਿਸ਼ਿਆਂ ਦੇ ਗਿਆਰ੍ਹਵੀਂ ਬਾਰ੍ਹਵੀਂ ਦੇ ਸਲਾਨਾ ਪ੍ਰਸ਼ਨ ਪੱਤਰ, ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਗਿਆਨ ਦੇ ਪ੍ਰਸ਼ਨ ਪੱਤਰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿੱਚ ਵੀ ਛਪਵਾਏ ਜਾਂਦੇ ਸਨ , ਸ਼ਾਇਦ ਇਹ ਦੱਸਣ ਲਈ ਕਿ ਅਸੀਂ ਪੰਜਾਬੀ ਮਾਧਿਅਮ ਦੀ ਆਗਿਆ ਦਿੱਤੀ ਹੋਈ ਹੈ, ਪਰ ਵਿਹਾਰਕ ਤੌਰ ਤੇ ਇਹਨਾਂ ਦੀਆਂ ਪੰਜਾਬੀ ਮਾਧਿਅਮ ਵਿਚ ਕਿਤਾਬਾਂ ਅਤੇ ਸਿਲੇਬਸ ਨਹੀਂ ਮਿਲਦਾ, ਸੀ ਫਿਰ ਬੱਚੇ ਕਿਵੇਂ ਉੱਤਰ ਲਿਖ ਦੇਣ।ਤੁਸੀਂ ਬੱਸ ਲਾਗੂ ਕਰ ਦਿਓ, ਕਿ ਵਿਦਿਆਰਥੀ ਅੰਗ੍ਰੇਜ਼ੀ ਮਾਧਿਅਮ ਦੇ ਨਾਲ-ਨਾਲ ਪੰਜਾਬੀ ਮਾਧਿਅਮ ਵਿੱਚ ਵੀ+1,+2, B.sc (ਮੈਡੀਕਲ) ,B.sc( ਨਾਨ-ਮੈਡੀਕਲ),B.A (law) ਇੰਜਨੀਅਰਿੰਗ ਅਤੇ ਹੋਰ ਵਿਸ਼ਿਆਂ ਦੇ ਡਿਪਲੋਮਾ ਕੋਰਸ, ਆਦਿ ਕਲਾਸ ਦੀ ਪੜ੍ਹਾਈ ਕਰ ਸਕਦੇ ਹਨ। ਭਾਰਤ ਦੇ ਨੈਸ਼ਨਲ ਟ੍ਰਾਂਸਲੇਸ਼ਨ ਮਿਸ਼ਨ ਨੇ ਵੀ ਵਿਗਿਆਨ ਦੀ ਉਚੇਰੀ ਪੜਾਈ ਦੀਆਂ ਪੁਸਤਕਾਂ ਦਾ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਕਾਰਜ ਚਲਾਇਆ ਹੋਇਆ ਹੈ। ਵਿਦਿਆਰਥੀ ਅਤੇ ਅਧਿਆਪਕ ਇਹਨਾਂ ਉੱਚ ਪੱਧਰ ਦੀਆਂ ਅਨੁਵਾਦਿਤ ਪੁਸਤਕਾਂ ਤੋਂ ਆਪਣੀ ਭਾਸ਼ਾ ਵਾਸਤੇ ਬਹੁਤ ਕੁਝ ਨਵਾਂ ਪ੍ਰਾਪਤ ਕਰ ਸਕਣਗੇ। ਬੀ.ਐਸ .ਸੀ ਪੱਧਰ ਦੀਆਂ ਮੌਲਿਕ ਪੁਸਤਕਾਂ ਵੀ ਤਜਰਬੇਦਾਰ ਅਧਿਆਪਕਾਂ ਤੋਂ ਲਿਖਵਾਈਆਂ ਜਾਣ ਜੋ ਆਪਣੇ ਵਿਸ਼ੇ ਤੋਂ ਇਲਾਵਾ ਪੰਜਾਬੀ ਭਾਸ਼ਾ ਅਤੇ ਪੰਜਾਬੀ ਮਾਧਿਅਮ ਦੀ ਸਹੀ ਜਾਣਕਾਰੀ ਰੱਖਦੇ ਹੋਣ। ਐਮ. ਐੱਸ .ਸੀ, ਅਤੇ ਪੀ .ਐਚ .ਡੀ ਦੇ ਪੱਧਰ ਤੇ ਅਜੇ ਅੰਗਰੇਜ਼ੀ ਮਾਧਿਅਮ ਹੀ ਠੀਕ ਹੈ।ਉੱਚ ਪੱਧਰ ਤੇ ਮਾਧਿਅਮ ਪਰਿਵਰਤਨ ਵਿਦਿਆਰਥੀਆਂ ਲਈ ਲਾਹੇਵੰਦ ਨਹੀਂ ਹੋਏਗਾ, ਕਿਉਂਕਿ ਉਚੇਰੀ ਪੜ੍ਹਾਈ ਦੌਰਾਨ ਅੰਤਰਰਾਸ਼ਟਰੀ ਪੱਧਰ ਦੀ ਤਾਜ਼ਾ ਜਾਣਕਾਰੀ ਕੰਮ ਆਉਂਦੀ ਹੈ। ਬਾਕੀ ਅੱਗੋਂ ਸਮਾਂ ਆਉਣ ਤੇ ਵਿਚਾਰ ਲਿਆ ਜਾਵੇਗਾ।ਇਹ ਸਾਡੇ ਆਮ ਲੋਕਾਂ ਵਾਸਤੇ ਬਹੁਤ ਫਾਇਦੇਮੰਦ ਰਹੇਗਾ ਜੀ, ਅਸੀਂ ਜੋ ਆਪਣੀ ਮਾਂ-ਬੋਲੀ ਵਿੱਚ ਪੜਦੇ ਹਾਂ ਸਾਨੂੰ ਸਾਰੀ ਉਮਰ ਯਾਦ ਰਹਿੰਦਾ ਹੈ ਅਤੇ ਜਿੰਦਗੀ ਵਿੱਚ ਕੰਮ ਵੀ ਆਉਂਦਾ ਹੈ। ਜਦੋਂ ਦੀ ਆਜ਼ਾਦੀ ਮਿਲੀ ਹੈ ਇਹ ਕੰਮ ਕਿਸੇ ਸਰਕਾਰ ਨੇ ਲਾਗੂ ਨਹੀਂ ਕੀਤਾ। ਲੋਕ ਤੁਹਾਨੂੰ ਦੁਆਵਾਂ ਦੇਣਗੇ ਜੀ।ਜੇਕਰ ਇਸ ਤਰਾਂ ਹੋ ਜਾਵੇ ਤਾਂ ਵਿਗਿਆਨਕ ਤੇ ਤਕਨੀਕੀ ਗਿਆਨ ਤਕਰੀਬਨ ਹਰ ਵਿਆਕਤੀ ਦੀ ਪਹੁੰਚ ਵਿੱਚ ਹੋ ਜਾਵੇਗਾ। ਤੇ ਫਿਰ ਦੇਖਿਉ ਕਿਵੇਂ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਛੂਹਂਦਾ ਹੈ। ਭਾਰਤ ਦੇ ਕਈ ਰਾਜਾਂ ਵਿੱਚ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਸਾਇੰਸ, ਕਨੂੰਨ ਅਤੇ ਹੋਰ ਕੋਰਸਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਅਹਿਮ ਕਾਰਜ ਲਈ ਤਾਮਿਲਨਾਡੂ ਦੀ ਉਦਾਹਰਣ ਲਈ ਜਾ ਸਕਦੀ ਹੈ ਜਿੱਥੇ ਵਿਗਿਆਨ ਦੀ ਪੜ੍ਹਾਈ ਮਾਤ ਭਾਸ਼ਾ ਵਿੱਚ ਹੋ ਰਹੀ ਹੈ, ਹਾਲ ਹੀ ਵਿੱਚ ਉਹਨਾਂ ਆਪਣੇ ਸੂਬੇ ਦੇ ਵਿਦਿਆਰਥੀਆਂ ਨੂੰ ਮਾਤਾ ਭਾਸ਼ਾ ਵਿੱਚ ਪੜ੍ਹਾਈ ਕਰਵਾਉਣ ਦੇ ਚਲਦਿਆਂ NTA(National Testing Agency) ਤੋਂ ਬਾਹਰ ਰੱਖਣ ਦਾ ਮਤਾ ਵੀ ਪਾਸ ਕਰਵਾ ਲਿਆ ਹੈ। ਯਕੀਨਨ ਪੇਂਡੂ ਪਿਛੋਕੜ ਵਾਲੇ ਬੱਚਿਆਂ ਨੂੰ ਵੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਅਤੇ ਉਚੇਰੀ ਸਿੱਖਿਆ ਵਿੱਚ ਲਾਭ ਮਿਲੇਗਾ।ਜਦੋਂ ਬੱਚਾ ਸਾਰੇ ਸਬਜੈਕਟ ਜਾਂ ਵਿਸ਼ੇ ਦੂਸਰੀ ਬੋਲੀ ਵਿਚ ਲਿਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਰਾ ਧਿਆਨ ਤੇ ਜ਼ੋਰ ਦੂਸਰੀ ਬੋਲੀ ਸਿੱਖਣ ਵਿਚ ਹੀ ਲਗ ਜਾਂਦਾ ਹੈ, ਜੋਂ ਯਾਦ ਰੱਖਣੇ ਮੁਸ਼ਕਿਲ ਹੋ ਜਾਂਦੇ ਹਨ। ਆਪਣੀ ਬੋਲੀ ਵਿਚ ਇਹ ਮੁਸ਼ਕਿਲ ਨਹੀਂ ਰਹਿੰਦੀ ਤੇ ਰੋਜ਼ ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਜਦੋਂ ਬੱਚਿਆਂ ਨੂੰ ਵਿਗਿਆਨ ਦੀ ਮੁੱਢਲੀ ਸਮਝ ਆ ਜਾਵੇਗੀ ਤਾਂ ਫਿਰ ਉਹ ਉਸ ਵਿਸ਼ੇ ਉੱਤੇ ਅੰਗਰੇਜ਼ੀ ਵਿੱਚ ਉਚੇਰੀ ਪੜ੍ਹਾਈ ਜਾਂ ਪੇਪਰ ਪੜ ਸਕਦਾ ਹੈ, ਕਿਉਕਿ ਉਸ ਨੇ ਅੰਗਰੇਜ਼ੀ ਨੂੰ ਇਕ ਵਿਸ਼ੇ ਦੇ ਤੌਰ ਤੇ ਪੜਿਆ ਹੁੰਦਾ ਹੈ। ਤੁਸੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ, ਭਾਸ਼ਾ ਵਿਭਾਗ ਦੇ ਨੁਮਾਇੰਦਿਆਂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੁਮਾਇੰਦਿਆਂ, ਅਤੇ ਪੰਜਾਬੀ ਦੇ ਬੁੱਧੀ ਜੀਵੀਆਂ, ਦੀ ਇਕ ਮੀਟਿੰਗ ਬੁਲਾ ਕੇ ਇਹ ਮਤਾ ਮੁੱਖ ਮੰਤਰੀ ਜੀ ਕੋਲੋ ਪਾਸ ਕਰਵਾਓ ਜੀ। ਡਾ. ‌ਵਿਦਵਾਨ ਸਿੰਘ ਸੋਨੀ ,ਅਤੇ ਹੋਰ ਨਾਮਵਰ ਬੁੱਧੀਜੀਵੀਆਂ ਨੇ ਪੰਜਾਬੀ ਬੋਲੀ ਦੀ ਅਣਥੱਕ ਸੇਵਾ ਕੀਤੀ ਹੈ , ਉਹਨਾਂ ਨੇ ਹਮੇਸ਼ਾਂ ਹੀ ਵਿਗਿਆਨ ਦੀ ਪੜਾਈ ਪੰਜਾਬੀ ਮਾਧਿਅਮ ਵਿੱਚ ਕਰਾਉਣ ਦੀ ਤਾਕੀਦ ਕੀਤੀ ਹੈ। ਪੰਜਾਬੀ ਭਾਸ਼ਾ ਬਾਰੇ ਇਕ ਸਮਾਜਿਕ ਚੇਤਨਾ ਲਿਆਉਣ ਦੀ ਬਹੁਤ ਲੋੜ ਹੈ। ਸਭ ਤੋਂ ਮਹੱਤਵਪੂਰਨ ਇਹ ਗੱਲ ਹੈ ਕਿ ਪੰਜਾਬ ਵਾਸੀ ਆਪਣੇ ਬੱਚਿਆਂ , ਪੋਤਿਆਂ, ਦੋਹਤਿਆਂ ਨਾਲ ਪੰਜਾਬੀ ਬੋਲਣ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ ਚੋਂ ਮਿਲੇ ਪੰਜਾਬੀ ਦੇ ਸ਼ਬਦ ਜਾਇਦਾਦ ਦੇ ਰੂਪ ਵਿਚ ਦੇਕੇ ਜਾਣ। ਅੰਗਰੇਜ਼ੀ ਸਕੂਲਾਂ ਵਿਚ ਭਾਵੇਂ ਬੱਚੇ ਅੰਗਰੇਜ਼ੀ ,ਹਿੰਦੀ ਬੋਲਣੀ ਸਿੱਖ ਲੈਣ ਪਰ ਪੰਜਾਬੀ ਨੂੰ ਵੀ ਨਾ ਛੱਡਣ, ਇਸ ਵਿੱਚ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ।

ਅਖੀਰ ਵਿੱਚ ਮੈਂ ਇਹ ਆਸ ਕਰਦੀ ਹਾਂ ਕਿ ਮੇਰਾ ਸੁਝਾਅ ਆਪਜੀ ਨੂੰ ਪਸੰਦ ਆਇਆ ਹੋਵੇਗਾ। ਆਪ ਇਸ ਸੁਝਾਅ ਬਾਰੇ ਧਿਆਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਆਪਜੀ ਦੀ ਵਿਸ਼ਵਾਸ ਪਾਤਰ:
ਰਿਪਨਜੋਤ ਕੌਰ ਸੋਨੀ ਬੱਗਾ,
9878753423
ਸਾਬਕਾ ਅਧਿਆਪਕਾ ਆਰਮੀ ਪਬਲਿਕ ਸਕੂਲ ਪਟਿਆਲਾ

 15 ਨਵੰਬਰ 2021

***
497
***

About the author

ਰਿਪਨਜੋਤ ਕੌਰ ਸੋਨੀ ਬੱਗਾ

ਰਿਪਨਜੋਤ ਕੌਰ ਸੋਨੀ ਬੱਗਾ

View all posts by ਰਿਪਨਜੋਤ ਕੌਰ ਸੋਨੀ ਬੱਗਾ →