13 June 2024

ਮਸਲਾ ਪੰਜਾਬੀ ਦੇ ਸ਼ਬਦ ਜੋੜਾਂ ਦਾ — ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ)

ਮਸਲਾ ਪੰਜਾਬੀ ਦੇ ਸ਼ਬਦ ਜੋੜਾਂ ਦਾ

-ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ)

ਪੰਜਾਬੀ ਜ਼ੁਬਾਨ ਕਿਉਂਕਿ ਇਸ ਵੇਲੇ ਕਿਸੇ ਨਾ ਕਿਸੇ ਗਿਣਤੀ ਵਿੱਚ ਲਗ ਭਗ ਪੂਰੇ ਗਲੋਬ ਉੱਪਰ ਹੀ ਬੋਲੀ ਜਾਂਦੀ ਹੈ। ਜਿੱਥੇ ਇਹ ਗੱਲ ਬਹੁਤ ਖੁਸ਼ੀ ਦੀ ਹੈ ਉੱਥੇ ਇਹ ਇੱਕ ਚੁਨੌਤੀ ਵੀ ਬਣ ਨਿਬੜਦੀ ਹੈ। ਕੋਈ ਵੀ ਬੋਲੀ ਕਿਸੇ ਨਾ ਕਿਸੇ ਸਭਿਆਚਾਰ ਦੀ ਪ੍ਰਤੀਨਿਧਤਾ ਕਰੇਗੀ ਚਾਹੇ ਉਹ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਹੋਵੇ ਅਰਥਾਤ ਉਸ ਬੋਲੀ ਦੇ ਸ਼ਬਦ ਭੰਡਾਰ ਵਿੱਚ ਉਸ ਸਭਿਆਚਾਰ ਨਾਲ ਸਬੰਧਿਤ ਹਰ ਗੱਲ ਦੇ ਪ੍ਰਗਟਾਵੇ ਲਈ ਢੁਕਵੇਂ ਸ਼ਬਦ ਲਾਜ਼ਮੀ ਹੋਣਗੇ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਪੰਜਾਬੀਆਂ ਦੇ ਜਾ ਕੇ ਵਸਣ ਅਤੇ ਵਿਚਰਨ ਨਾਲ ਪੰਜਾਬੀ ਸਭਿਆਚਾਰ ਉੱਪਰ ਸਥਾਨਿਕ ਸਭਿਆਚਾਰਾਵਾਂ ਦਾ ਪ੍ਰਭਾਵ ਪੈਣਾ ਕੁਦਰਤੀ ਵਰਤਾਰਾ ਹੈ ਤੇ ਇਹ ਕਿਸੇ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ। ਸਭਿਆਚਾਰ ਕਿਉਂਕਿ ਗਤੀਸ਼ੀਲ ਹੈ ਇਹ ਕਦੇ ਵੀ ਇੱਕ ਪੜਾਅ ਉੱਪਰ ਖੜ੍ਹਾ ਨਹੀਂ ਰਹਿ ਸਕਦਾ। ਆਮ ਤੌਰ ’ਤੇ ਬਹੁਗਿਣਤੀ ਦੇ ਸਭਿਆਚਾਰ ਦਾ ਘੱਟ ਗਿਣਤੀ ਸਭਿਆਚਾਰ ਉੱਪਰ ਮੁਕਾਬਲਤਨ ਪ੍ਰਭਾਵ ਵਧੇਰੇ ਹੁੰਦਾ ਹੈ। ਉਸ ਪ੍ਰਭਾਵ ਦਾ ਇੱਕ ਪਹਿਲੂ ਇਹ ਵੀ ਹੈ ਕਿ ਜੋ ਵਰਤਾਰੇ ਪੰਜਾਬੀ ਸਭਿਆਚਾਰ ਲਈ ਨਵੇਂ ਹਨ, ਉਨ੍ਹਾਂ ਨੂੰ ਬਿਆਨ ਕਰਨ ਲਈ ਨਵੀਂ ਸ਼ਬਦਾਵਲੀ ਤਿਆਰ ਕਰਨੀ ਜਾਂ ਪੰਜਾਬੀ ਬੋਲੀ ਦੇ ਮੌਜੂਦਾ ਸ਼ਬਦ ਜੋ ਅਜਿਹੇ ਵਰਤਾਰੇ ਨੂੰ ਥੋੜ੍ਹਾ ਬਹੁਤ ਬਿਆਨ ਸਕਣ ਦੇ ਨੇੜੇ ਪਹੁੰਚਦੇ ਹਨ, ਵਿੱਚ ਥੋੜ੍ਹੀ ਬਹੁਤ ਰੱਦੋ ਬਦਲ ਕਰਕੇ ਉਸ ਵਰਤਾਰੇ ਨੂੰ ਬਿਆਨਣ ਲਈ ਰਾਹ ਪੱਧਰਾ ਕਰਨਾ ਹੁੰਦਾ ਹੈ। ਇਸ ਰੱਦੋ ਬਦਲ ਦੀ ਕ੍ਰਿਆ ਦੌਰਾਨ ਦੋ ਗੱਲਾਂ ਹੋ ਸਕਦੀਆਂ ਹਨ :

ੳ) ਪੰਜਾਬੀ ਭਾਸ਼ਾ ਲਈ ਕਿਸੇ ਅਜਨਬੀ ਸ਼ਬਦ ਨੂੰ ਉਸੇ ਦਾ ਉਸੇ ਤਰ੍ਹਾਂ ਲੈ ਲਿਆ ਜਾਵੇ ਤੇ ਹੂ ਬਹੂ ਉਨ੍ਹਾਂ ਅਰਥਾਂ ਨਾਲ ਹੀ ਸਵੀਕਾਰ ਕਰ ਲਿਆ ਜਾਵੇ ਜੋ ਉਸ ਦੇ ਮੁੱਢਲੀ ਭਾਸ਼ਾ ਵਿੱਚ ਸਨ। ਇਸ ਨੂੰ ਤਤਸਮ ਰੂਪ ਕਿਹਾ ਜਾਂਦਾ ਹੈ। ਇਸ ਦੀ ਉਦਾਹਰਣ ਲਈ ਅੰਗ੍ਰੇਜ਼ਾਂ ਦੇ ਪੰਜਾਬ ਵਿੱਚ ਆਉਣ ਨਾਲ ਨਵੀਆਂ ਚੀਜ਼ਾਂ ਦਰਸਾਉਂਦੇ ਸ਼ਬਦ ਤਤਸਮ ਰੂਪ ਵਿੱਚ ਸਵੀਕਾਰੇ ਗਏ ਸ਼ਬਦ ਆਏ ਜਿਵੇਂ ਕਿ :

ਟਰੱਕ, ਬੱਸ, ਮੋਟਰ, ਕਾਰ, ਪੋਲੀਸ, ਪਾਸਪੋਰਟ, ਵੀਜ਼ਾ, ਫਿਲਮ, ਫੋਟੋ, ਕੈਮਰਾ, ਕੋਟ, ਪੈਂਟ, ਜੈਕਟ ਬੂਟ, ਬੰਬ, ਟੈਂਕ, ਰਾਕਟ ਆਦਿ ਸ਼ਬਦ ਸਾਡਾ ਅੰਗ੍ਰੇਜ਼ੀ ਜੀਵਨ ਜਾਚ ਨਾਲ ਵਾਹ ਪੈਣ ਤੋਂ ਪਹਿਲਾਂ ਸਾਡੇ ਸਭਿਆਚਾਰ ਵਿੱਚ ਇਹ ਚੀਜ਼ਾਂ ਮੌਜੂਦ ਨਹੀਂ ਸਨ। ਜਿਉਂ ਜਿਉਂ ਇਨ੍ਹਾਂ ਚੀਜ਼ਾਂ ਨਾਲ ਪੰਜਾਬੀ ਲੋਕਾਂ ਦਾ ਵਾਹ ਪੈਣਾ ਸ਼ੁਰੂ ਹੋਇਆ, ਇਨ੍ਹਾਂ ਦੇ ਅੰਗ੍ਰੇਜ਼ੀ ਨਾਮ ਹੀ ਪੰਜਾਬੀ ਦੇ ਬੁਲਾਰਿਆਂ ਦੇ ਜ਼ੁਬਾਨੀ ਰਚ ਗਏ।

ਅ) ਕਈ ਸ਼ਬਦ ਜੋ ਪੰਜਾਬੀ ਬੋਲਣ ਵਾਲਿਆਂ ਨੂੰ ਜਿਉਂ ਦੇ ਤਿਉਂ ਉਚਾਰ ਸਕਣ ਵਿੱਚ ਕੋਈ ਕਠਿਨਾਈ ਮਹਿਸੂਸ ਹੁੰਦੀ ਸੀ ਉਨ੍ਹਾਂ ਸ਼ਬਦਾਂ ਨੂੰ ਜ਼ਰੂਰਤ ਮੁਤਾਬਕ ਥੋੜ੍ਹੇ ਬਹੁਤੇ ਬਦਲਾਅ ਨਾਲ ਪੰਜਾਬੀ ਸ਼ਬਦ ਭੰਡਾਰ ਵਿੱਚ ਸ਼ਾਮਿਲ ਕਰ ਲਿਆ ਗਿਆ, ਉਦਾਹਰਣ ਦੇ ਤੌਰ ਤੇ :

ਸਾਈਕਲ ਦੀ ਜਗ੍ਹਾ ਸੈਕਲ
ਟਿਊਬਵੈੱਲ ਦੀ ਜਗ੍ਹਾ ਟੂਵਲ
ਪੰਕਚਰ ਦੀ ਜਗ੍ਹਾ ਪੈਂਚਰ
ਲੈਨਟਰਿਨ ਦੀ ਜਗ੍ਹਾ ਲਾਲਟੈਣ

ਇਸ ਤੋਂ ਇਲਾਵਾ ਤੁਰਕੀ, ਪੁਰਤਗਾਲੀ ਅਤੇ ਫ਼ਾਰਸੀ ਦੇ ਸ਼ਬਦ ਤਤਸਮ ਅਤੇ ਤਦਭਵ ਰੂਪਾਂ ਵਿੱਚ ਮੌਜੂਦ ਹਨ। ਜਿਉਂ ਜਿਉਂ ਪੰਜਾਬੀ ਲੋਕਾਂ ਦਾ ਵਾਹ ਬਾਹਰਲੇ ਸਭਿਆਚਾਰਾਂ ਨਾਲ ਪੈਂਦਾ ਰਿਹਾ, ਤਿਉਂ ਤਿਉਂ ਉਨ੍ਹਾਂ ਦੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਸਮਾਉਂਦੇ ਗਏ ਤੇ ਇਸ ਤਰ੍ਹਾਂ ਪੰਜਾਬੀ ਬੋਲੀ ਨੂੰ ਅਮੀਰ ਕਰਦੇ ਗਏ।

ਜੇਕਰ ਅੰਗ੍ਰੇਜ਼ੀ ਬੋਲਦੇ ਦੇਸ਼ਾਂ ਵਿੱਚ ਪੰਜਾਬੀਆਂ ਦੇ ਜਾ ਵਸਣ ਦੇ ਸੰਦਰਭ ਵਿੱਚ ਹੀ ਗੱਲ ਕੀਤੀ ਜਾਵੇ ਤਾਂ ਜਿਵੇਂ ਲੇਖ ਦੇ ਆਰੰਭ ਵਿੱਚ ਕਿਹਾ ਸੀ ਕਿ ਕਿਸੇ ਹੱਦ ਤੱਕ ਬਹੁ-ਗਿਣਤੀ ਸਭਿਆਚਾਰ ਵੀ ਘੱਟ-ਗਿਣਤੀ ਸਭਿਆਚਾਰ ਦਾ ਅਸਰ ਕਬੂਲਦਾ ਹੈ, ਇਸ ਵਰਤਾਰੇ ਦੀ ਉਦਾਹਰਣ ਕੁੱਝ ਸਮਾਂ ਪਹਿਲਾਂ ਹੀ ਅੰਗ੍ਰੇਜ਼ੀ ਦੀ ਵੈਬਸਟਰ ਡਿਕਸ਼ਨਰੀ ਵਿੱਚ ਸ਼ਾਮਿਲ ਕੀਤੇ ਗਏ ਪੰਜਾਬੀ ਦੇ ਸ਼ਬਦਾਂ ਤੋਂ ਮਿਲਦੀ ਹੈ। ਇਨ੍ਹਾਂ ਨਵੇਂ ਸ਼ਾਮਿਲ ਕੀਤੇ ਸ਼ਬਦਾਂ ਵਿੱਚ “ਭੰਗੜਾ” ਅਤੇ “ਢੋਲ” ਸ਼ਬਦ ਸ਼ਾਮਿਲ ਹਨ। ਜਿਸ ਤਰ੍ਹਾਂ ਨਾਲ ਵਿਸਾਖੀ ਦਾ ਤਿਉਹਾਰ ਸਾਰੇ ਉੱਤਰੀ ਅਮ੍ਰੀਕਾ ਅਤੇ ਇੰਗਲੈਂਡ ਵਿੱਚ ਬੜੀ ਧੂਮ ਧਾਮ ਨਾਲ ਮਨਇਆ ਜਾਂਦਾ ਹੈ, ਉਸ ਹਿਸਾਬ ਨਾਲ ਇਹ ਕੋਈ ਅੱਤ-ਕਥਨੀ ਨਹੀਂ ਕਿ ਇਹ ਸ਼ਬਦ ਵੀ ਕਿਸੇ ਦਿਨ ਡਿਕਸ਼ਨਰੀ ਵਿੱਚ ਸ਼ਾਮਿਲ ਕਰ ਲਿਆ ਜਾਵੇ।

ਜਿੱਥੇ ਇਹ ਖੁਸ਼ੀ ਵਾਲੀ ਗੱਲ ਹੈ, ਉੱਥੇ ਥੋੜ੍ਹੀ ਜਿਹੀ ਚਿੰਤਾ ਦਾ ਵਿਸ਼ਾ ਵੀ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਪੰਜਾਬੀ ਲੋਕ ਆਪਣੀ ਭਾਸ਼ਾ ਬਾਰੇ ਬਹੁਤੇ ਸੁਚੇਤ ਨਹੀਂ ਹਾਂ। ਉਦਾਹਰਣ ਦੇ ਤੌਰ ਤੇ ਸ਼ਬਦ “ਵਿਸਾਖੀ” ਹੀ ਲੈ ਲਉ, ਇੱਕ ਸਾਧਾਰਨ ਨਜ਼ਰੇ ਵੀ ਤੁਸੀਂ ਦੇਖ ਕੇ ਇਸ ਸਿੱਟੇ ਉੱਪਰ ਪਹੁੰਚ ਸਕਦੇ ਹੋ ਕਿ ਜੇਕਰ ਇਹ ਸ਼ਬਦ ਅੰਗ੍ਰੇਜ਼ੀ ਵਿੱਚ ਲਿਖਣਾ ਹੋਵੇ ਤਾਂ ਉਚਾਰਣ ਦੇ ਲਿਹਾਜ਼ ਨਾਲ ਇਸਦੇ ਅੰਗ੍ਰੇਜ਼ੀ ਵਿੱਚ ਸਪੈਲਿੰਗ (VISAKHI) ਹੋਣੇ ਚਾਹੀਦੇ ਹਨ ਤੇ ਜੇਕਰ ਇਸ ਸ਼ਬਦ ਦੇ ਅਰਥਾਂ ਵੱਲ ਧਿਆਨ ਕਰੀਏ ਤਾਂ ਇਹ ਸ਼ਬਦ (ਵਿ + ਸਾਖਾ) ਤੋਂ ਬਣਿਆ ਹੈ ਜਿਸ ਵਿੱਚ ‘ਵਿ’ ਤੋਂ ਭਾਵ ਹੈ ‘ਵਿਸ਼ੇਸ਼’ ਅਤੇ ‘ਸਾਖਾ’ ਦਾ ਅਰਥ ਹੈ ‘ਟਾਹਣੀ’ ਜਾਂ ‘ਕਰੂੰਬਲ ਦਾ ਫੁੱਟਣਾ’ ਅਰਥਾਤ ਇਹ ਤਿਉਹਾਰ ਕਰੂੰਬਲਾਂ ਜਾਂ ਨਵੀਆਂ ਟਾਹਣੀਆਂ ਫੁੱਟਣ ਦਾ ਵਿਸ਼ੇਸ਼ ਸਮਾਂ ਹੈ ਜੋ ਕਿ ਅੱਜ ਕੱਲ ਦੇ ਮੌਸਮ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ। ਪਰ ਜ਼ਰਾ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਘੱਟੋ ਘੱਟ ਕੈਨੇਡਾ ਦੇ ਅੰਗ੍ਰੇਜ਼ੀ ਪਰਚੇ ਇਸ ਨੂੰ (VAISAKHI or BAISAKHI) = ( ਵੈਸਾਖੀ ਜਾਂ ਬੈਸਾਖੀ) ਲਿਖਦੇ ਹਨ।

ਇੱਥੇ ਭਾਸ਼ਾ ਬਾਰੇ ਇੱਕ ਹੋਰ ਗੱਲ ਕਰਨੀ ਕੁਥਾਂਵੀਂ ਨਹੀਂ ਹੋਵੇਗੀ ਕਿ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਹਰ ਭਾਸ਼ਾ ਦੇ ਦੋ ਰੂਪ ਹੁੰਦੇ ਹਨ :

1) ਵਿਵਹਾਰਕ ਰੂਪ
2) ਸਾਹਿਤਕ ਰੂਪ

ਇਨ੍ਹਾਂ ਵਿੱਚੋਂ ਵਿਵਹਾਰਕ ਰੂਪ ਉਹ ਹੁੰਦਾ ਹੈ ਜੋ ਅਸੀਂ ਆਪਸੀ ਗੱਲਬਾਤ ਵੇਲੇ ਆਮ ਬੋਲਚਾਲ ਦੀ ਭਾਸ਼ਾ ਬੋਲਦੇ ਹਾਂ। ਇਸ ਵਿੱਚ ਬੋਲਣ ਵਾਲੇ ਦਾ ਇਲਾਕਾਈ ਮੁਹਾਵਰਾ ਜਾਂ ਉਪ-ਬੋਲੀ ਦਾ ਰੂਪ ਅਤੇ ਅਕਸਰ ਸਥਾਨਕ ਬੋਲੀ (ਬਹੁਤ ਵਾਰੀ ਅੰਗ੍ਰੇਜ਼ੀ) ਦੇ ਸ਼ਬਦਾਂ ਦੀ ਕਾਫ਼ੀ ਸ਼ਮੂਲੀਅਤ ਹੁੰਦੀ ਹੈ। ਜਿਵੇਂ ਉਦਾਹਰਣ ਦੇ ਤੌਰ ਤੇ:

“ਮੈਂ ਆਪਣਾ ਵੇਟ ਘਟਾਉਣ ਲਈ ਜੌਗਿੰਗ ਅਤੇ ਨਾਲ ਸਵਿਮਿੰਗ ਸਟਾਰਟ ਕੀਤੀ ਹੈ, ਦੋਨੋਂ ਚੀਜ਼ਾਂ ਮੈਂ ਪੂਰਾ ਵੀਕ ਬਾਰੀ ਬਾਰੀ ਕਰਦਾਂ ਹਾਂ।”

ਜਦੋਂ ਇਹੀ ਗੱਲ ਸਾਹਿਤਕ ਰੂਪ ਵਿੱਚ ਕਰੀਏ ਤਾਂ ਇੰਜ ਲਿਖੀ ਜਾਵੇਗੀ :

“ਮੈਂ ਆਪਣਾ ਵਜ਼ਨ ਘਟਾਉਣ ਲਈ ਪੂਰਾ ਹਫ਼ਤਾ ਵਾਰੀ ਵਾਰੀ ਰੋਜ਼ ਦੌੜਨਾ ਜਾਂ ਤੈਰਨਾ ਆਰੰਭ ਕੀਤਾ ਹੈ।”

ਜੇਕਰ ਸਾਧਾਰਨ ਪੱਧਰ ਉੱਪਰ ਵਿਚਾਰੀਏ ਤਾਂ ਉਪ੍ਰੋਕਤ ਦੋਵਾਂ ਰੂਪਾਂ ਵਿੱਚੋਂ ਪੜ੍ਹਨ ਜਾਂ ਸੁਣਨ ਵਾਲੇ ਨੂੰ ਗੱਲ ਦੀ ਸਮਝ ਦੋਨੋਂ ਤਰੀਕੇ ਲਗਭਗ ਇਕੋ ਜਿਹੀ ਹੀ ਪਵੇਗੀ। ਪਹਿਲੇ ਰੂਪ ਵਿੱਚ ਅੰਗ੍ਰੇਜ਼ੀ ਦੇ ਸ਼ਬਦਾਂ ਦੀ ਭਰਮਾਰ ਤੋਂ ਇਲਾਵਾ ਸ਼ਾਇਦ ਹੋਰ ਕੋਈ ਅੰਤਰ ਨਾ ਨਜ਼ਰ ਆਵੇ ਕਿੰਤੂ ਜ਼ਰਾ ਗੌਰ ਨਾਲ ਦੇਖਣ ਉਪਰੰਤ ਅਸੀਂ ਦੇਖਾਂਗੇ ਕਿ ਵਿਵਹਰਕ ਰੂਪ ਨਾਲੋਂ ਸਾਹਿਤਕ ਰੂਪ ਵਿੱਚ ਕੀਤੀ ਗੱਲ ਵਿੱਚ ਪੂਰੇ ਸੱਤ ਸ਼ਬਦ ਘੱਟ ਵਰਤੇ ਹਨ ਪਰ ਇਹ ਸੱਤ ਸ਼ਬਦ ਬਚਾਉਣ ਦੀ ਖਾਤਿਰ ਮੈਨੂੰ ਸੱਤ ਮਿੰਟ ਹੀ ਲਿਖਣ ਤੋਂ ਪਹਿਲਾਂ ਸੋਚਣਾ ਪਿਆ। ਜ਼ਾਹਿਰ ਹੈ ਕਿ ਆਮ ਚਲਦੀ ਗੱਲਬਾਤ ਵੇਲੇ ਤੁਹਾਡੇ ਕੋਲ ਹਰ ਵਾਕ ਬੋਲਣ ਤੋਂ ਪਹਿਲਾਂ ਇੰਨਾ ਸਮਾਂ ਨਹੀਂ ਹੁੰਦਾ। ਇਸੇ ਲਈ ਕਿਸੇ ਵੀ ਬੋਲੀ ਦਾ ਵਿਵਹਾਰਕ ਪੱਧਰ ਸਿਰਫ਼ ਜ਼ੁਬਾਨੀ ਤੇ ਗੈਰ ਰਸਮੀ ਗਲਬਾਤ ਤੱਕ ਹੀ ਸੀਮਿਤ ਹੁੰਦਾ ਹੈ ਤੇ ਉੱਥੇ ਤੱਕ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਅਕਸਰ ਹੋਰਨਾਂ ਊਣਤਾਈਆਂ ਦੇ ਨਾਲ ਨਾਲ ਇਸ ਵਿੱਚ ਵਿਆਕਰਣ ਸਬੰਧੀ ਤਰੁੱਟੀਆਂ ਵੀ ਸ਼ਾਮਿਲ ਹੁੰਦੀਆਂ ਹਨ।

ਸ਼ਾਇਦ ਇਹੋ ਜਿਹਾ ਹੀ ਕੁੱਝ ਸ਼ਬਦ “ਵਿਸਾਖੀ” ਨਾਲ ਵਾਪਰਿਆ ਹੋਵੇਗਾ। “ਵ” ਦੀ ਜਗ੍ਹਾ “ਬ” ਉਚਾਰਨਾ ਪੰਜਾਬੀ ਦੇ ਦੁਆਬੀ ਇਲਾਕਾਈ ਮੁਹਾਵਰੇ ਦਾ ਅੰਗ ਹੈ, ਜਿਵੇਂ ਇਨ੍ਹਾਂ ਸਤਰਾਂ ਦੇ ਲੇਖਕ ਨੇ ਵੀ ਉੱਪਰ ਭਾਸ਼ਾ ਦੇ ਵਿਵਹਾਰਕ ਰੂਪ ਦੀ ਗੱਲ ਕਰਦਿਆਂ “ਵਾਰੀ ਵਾਰੀ” ਨੂੰ “ਬਾਰੀ ਬਾਰੀ” ਲਿਖਿਆ ਹੈ, ਕਿੰਤੂ ਅਜਿਹਾ ਕਰਨਾ ਭਾਸ਼ਾ ਦੇ ਸਾਹਿਤਕ ਰੂਪ ਦੇ ਬਿਲਕੁਲ ਉਲਟ ਹੈ ਕਿਉਂਕਿ ਕਿਸੇ ਵੀ ਭਾਸ਼ਾ ਦਾ ਸਾਹਿਤਕ ਰੂਪ ਕਿਸੇ ਇੱਕ ਜਾਂ ਦਸ ਵੀਹ ਵਿਅਕਤੀਆਂ ਨੇ ਘਰ ਬਹਿ ਕੇ ਨਹੀਂ ਘੜਿਆ ਹੁੰਦਾ ਬਲਕਿ ਇਹ ਹਰ ਕਸੌਟੀ ਉੱਪਰ ਪਰਖ ਕੇ ਅਕਸਰ ਵਿਸ਼ਵ ਵਿਦਿਆਲਿਆਂ ਦੇ ਸੂਝਵਾਨਾਂ ਤੇ ਬੁੱਧੀ-ਜੀਵੀਆਂ ਦਵਾਰਾ ਨਿਰਧਾਰਿਤ ਰੂਪ ਹੁੰਦਾ ਹੈ। ਸਾਡਾ ਵੀ ਪੰਜਾਬੀ ਬੋਲੀ ਦੇ ਖੈਰਮੰਦਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੀ ਭਾਸ਼ਾ ਦੇ ਸਾਹਿਤਕ ਰੂਪ ਦਾ ਸਤਿਕਾਰ ਕਰੀਏ ਤੇ ਕਿਸੇ ਨੂੰ ਇਸ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਾ ਦੇਈਏ। ਤਦ ਹੀ ਅਸੀਂ ਇਸ ਬੋਲੀ ਦੀ ਨੁਹਾਰ ਅਤੇ ਮੜ੍ਹਕ ਕਾਇਮ ਰੱਖ ਸਕਾਂਗੇ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 21 ਅਗਸਤ 2008)
(ਦੂਜੀ ਵਾਰ 7 ਅਪਰੈਲ 2022)

***
723

About the author

ਅਮਨ ਪਾਲ ਸਾਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ