26 April 2024
ਉਜਾਗਰ ਸਿੰਘ

ਰਾਣੀ ਗੰਜ ‘ਕੋਲ ਖਾਣ’ ਦਾ ਅਣਗੌਲਿਆ ਹੀਰੋ: ਇੰਜ-ਜਸਵੰਤ ਸਿੰਘ ਗਿੱਲ—ਉਜਾਗਰ ਸਿੰ

11 ਅਪ੍ਰੈਲ 2022 ਨੂੰ ਜਸਵੰਤ ਸਿੰਘ ਗਿੱਲ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਈ ਜਾ ਰਹੀ ਹੈ।

ਸਿੱਖ ਇਤਿਹਾਸ ਪੰਜਾਬੀਆਂ ਦੀਆਂ ਵਿਲੱਖਣ ਕੁਰਬਾਨੀਆਂ ਅਤੇ ਪ੍ਰਾਪਤੀਆਂ ਨਾਲ ਭਰਿਆ ਪਿਆ ਹੈ। ਖਾਸ ਤੌਰ ਤੇ ਪੰਜਾਬੀ ਅਣਸੁਖਾਵੇਂ ਹਾਲਾਤਾਂ ਵਿੱਚ ਵੀ ਮਾਅਰਕੇ ਮਾਰਨ ਲਈ ਸੰਸਾਰ ਵਿੱਚ ਜਾਣੇ ਜਾਂਦੇ ਹਨ। ਪ੍ਰੰਤੂ ਸਿੱਖ ਸੰਸਥਾਵਾਂ ਅਤੇ ਸਰਕਾਰਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਦੇ ਯੋਗ ਮੁੱਲ ਨਹੀਂ ਪਾ ਰਹੇ। ਬਹਾਦਰੀ ਦੇ ਕਾਰਨਾਮੇ ਕਰਨ ਵਾਲਿਆਂ ਨੂੰ ਮਾਨ ਸਨਮਾਨ ਦੇਣ ਦੇ ਦਮਗਜੇ ਸਰਕਾਰਾਂ ਅਤੇ ਸਿੱਖ ਸੰਸਥਾਵਾਂ ਮਾਰਦੀਆਂ ਰਹਿੰਦੀਆਂ ਹਨ ਪ੍ਰੰਤੂ ਅਮਲੀ ਤੌਰ ‘ਤੇ ਸਭ ਬਿਆਨਬਾਜੀਆਂ ਹੀ ਹਨ। ਅਜਿਹਾ ਹੀ ਇਕ ਅਣਗੌਲਿਆ ਲੋਕ ਨਾਇਕ ਇੰਜੀਨੀਅਰ ਜਸਵੰਤ ਸਿੰਘ ਗਿੱਲ ਹਨ, ਜਿਨ੍ਹਾਂ ਨੂੰ ਰਾਣੀ ਗੰਜ ਕੋਲਾ ਖਾਣ ਦੇ ਹੀਰੋ ਵੱਜੋਂ ਸੰਸਾਰ ਵਿੱਚ ਜਾਣਿਆਂ ਜਾਂਦਾ ਹੈ।

ਸਿਆਸਤਦਾਨਾ ਅਤੇ ਸਿਫਾਰਸ਼ੀ ਲੋਕਾਂ ਨੂੰ ਦੇਸ਼ ਦੇ ਸਰਵੋਤਮ ਮਾਨ ਸਨਮਾਨ ਦਿੱਤੇ ਜਾ ਰਹੇ ਹਨ ਪ੍ਰੰਤੂ ਅਣਸੁਖਾਵੇਂ ਹਾਲਾਤ ਵਿੱਚ ਅਮਲੀ ਤੌਰ ਤੇ ਬਹਾਦਰੀ ਦੇ ਕਾਰਨਾਮੇ ਕਰਨ ਵਾਲਿਆਂ ਪੰਜਾਬੀਆਂ ਨੂੰ ਅਣਡਿਠ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨਾਗਰਿਕਾਂ ਨੂੰ ਪਦਮ ਸ੍ਰੀ, ਪਦਮ ਭੂਸ਼ਨ, ਪਦਮ ਵਿਭੂਸ਼ਨ ਅਤੇ ਭਾਰਤ ਰਤਨ ਵਰਗੇ ਚੋਟੀ ਦੇ ਮਾਨ ਸਨਮਾਨ ਦੇ ਰਹੇ ਹਨ ਪ੍ਰੰਤੂ ਉਸ ਅਣਖ਼ੀ ਯੋਧੇ ਨੂੰ ਜਿਸਨੇ ਸਿੱਖ ਧਰਮ ਦੀਆਂ ਕੁਰਬਾਨੀਆਂ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਮਾਨਵਤਾ ਦੀ ਰੱਖਿਆ ਕੀਤੀ, ਉਸਨੂੰ ਅਣਡਿਠ ਕੀਤਾ ਗਿਆ ਹੈ। 13 ਨਵੰਬਰ 1989 ਨੂੰ ਜਦੋਂ  ਪੱਛਵੀਂ ਬੰਗਾਲ ਵਿੱਚ ਮਹਾਂਵੀਰ ਕੋਇਲਰੀ ਰਾਣੀਗੰਜ ਵਿੱਚ 330 ਫੁੱਟ ਡੂੰਘੀ ਕੋਲਾ ਖਾਣ ਵਿੱਚ 71 ਮਜ਼ਦੂਰ ਕੰਮ ਕਰ ਰਹੇ ਸਨ ਤਾਂ ਅਚਾਨਕ ਖਾਣ ਵਿੱਚ ਪਾਣੀ ਰਿਸਣ ਲੱਗ ਗਿਆ ਸੀ। 71 ਮਜ਼ਦੂਰਾਂ ਦੀ ਜਾਨ ਜੋਖ਼ਮ ਵਿੱਚ ਪੈ ਗਈ ਸੀ। ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਰਕਾਰ ਦੇ ਸਾਰੇ ਉਪਰਾਲੇ ਫੇਲ੍ਹ ਹੋ ਗਏ ਸਨ, ਕਿਸੇ ਪਾਸਿਓਂ ਕੋਈ ਆਸ ਦੀ ਚਿਣਗ ਵਿਖਾਈ ਨਹੀਂ ਦੇ ਰਹੀ ਸੀ। ਉਸ ਸਮੇਂ ਇਕ ਮਰਦ ਅਗੰਬੜਾ ਇੰਜੀਨੀਅਰ ਜਸਵੰਤ ਸਿੰਘ ਗਿੱਲ ਸਵੈ ਇੱਛਾ ਨਾਲ ਮਾਨਵਤਾ ਦੀ ਰਾਖੀ ਲਈ ਬਹੁੜਿਆ ਹਾਲਾਂ ਕਿ ਉਸਦੀ ਖਾਣ ‘ਤੇ ਕੋਈ ਡਿਊਟੀ ਨਹੀਂ ਸੀ। ਵਿਭਾਗੀ ਇੰਜੀਨੀਅਰਾਂ ਨੇ ਜਦੋਂ ਹੱਥ ਖੜ੍ਹੇ ਕਰ ਦਿੱਤੇ ਤਾਂ ਉਨ੍ਹਾਂ ਸਰਬੱਤ ਦੇ ਭਲੇ ਲਈ ਇਨਸਾਨੀ ਜਾਨਾਂ ਬਚਾਉਣ ਲਈ ਇਕ ਵਾਲੰਟੀਅਰ ਦੇ ਤੌਰ ‘ਤੇ ਸੇਵਾਵਾਂ ਅਰਪਨ ਕਰ ਦਿੱਤੀਆਂ ਸਨ। ਉਸਨੇ 22 ਇੰਚ ਘੇਰੇ ਦੀ ਡਰਿਲ ਤਿਆਰ ਕਰਵਾਕੇ ਖਾਣ ਵਿੱਚੋਂ ਉਸ ਡਰਿਲ ਰਾਹੀਂ ਬਣਾਏ ਬੋਰ ਵਿੱਚ ਸਟੀਲ ਦੇ ਕੈਪਸੂਲ ਰਾਹੀਂ ਆਪ ਜਾ ਕੇ ਇਕ-ਇਕ ਕਰਕੇ 65 ਮਜ਼ਦੂਰਾਂ ਨੂੰ ਬਚਾ ਕੇ ਜਿਉਂਦੇ ਬਾਹਰ ਕੱਢਕੇ ਕਰਿਸ਼ਮਾ ਕਰ ਵਿਖਾਇਆ ਸੀ। ਹਾਲਾਂ ਕਿ ਵਿਭਾਗ ਕੋਲ 8 ਇੰਚ ਦੇ ਘੇਰੇ ਵਾਲੀ ਡਰਿਲ ਤੋਂ ਵੱਡੀ ਡਰਿਲ ਹੀ ਮੌਜੂਦ ਨਹੀਂ ਸੀ। 22 ਇੰਚ ਘੇਰੇ ਵਾਲੀ ਡਰਿਲ ਤੁਰੰਤ ਮੌਕੇ ਤੇ ਜਸਵੰਤ ਸਿੰਘ ਗਿੱਲ ਨੇ ਆਪ ਤਿਆਰ ਕਰਵਾਈ ਸੀ। 22 ਇੰਚ ਦੀ ਡਰਿਲ ਤਿਆਰ ਕਰਨ ਦੀ ਤਕਨੀਕ ਉਨ੍ਹਾਂ ਹੀ ਡਿਵੈਲਪ ਕੀਤੀ ਸੀ। ਸਟੀਲ ਦੇ ਕੈਪਸੂਲ ਵਿੱਚ ਕੋਈ ਵੀ ਵਿਅਕਤੀ ਖਾਣ ਦੇ ਵਿੱਚ ਜਾ ਕੇ ਮਜ਼ਦੂਰਾਂ ਨੂੰ ਕੱਢਣ ਲਈ ਤਿਆਰ ਨਹੀਂ ਸੀ। ਇਥੋਂ ਤੱਕ ਕਿ ਜਸਵੰਤ ਸਿੰਘ ਗਿੱਲ ਨੂੰ ਕੋਲ ਇੰਡੀਆ ਦੇ ਚੇਅਰਮੈਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਖਾਣ ਵਿੱਚ ਜਾਣ ਤੋਂ ਰੋਕਣ ਦੇ ਬਾਵਜੂਦ ਉਹ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ 65 ਮਜ਼ਦੂਰਾਂ ਨੂੰ ਬਾਹਰ ਕੱਢ ਕੇ ਲਿਆਏ। ਨੈਸ਼ਨਲ ਅਤੇ ਵਿਦੇਸ਼ੀ ਮੀਡੀਏ ਨੇ ਜਸਵੰਤ ਸਿੰਘ ਗਿੱਲ ਦੀ ਦਲੇਰੀ ਦੇ ਸੋਹਲੇ ਗਾਏ। ਕੋਲ ਇੰਡੀਆ ਅਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਨ ਸਨਮਾਨ ਦੇਣ ਦੇ ਦਮਗਜ਼ੇ ਮਾਰੇ ਗਏ ਪ੍ਰੰਤੂ 1991 ਵਿੱਚ ਸਿਰਫ਼ ‘ ਸਰਵੋਤਮ ਜੀਵਨ ਰਕਸ਼ਾ ਪਦਕ ਬਹਾਦਰੀ ਪੁਰਸਕਾਰ’ ਦੇਣ ਦਾ ਐਲਾਨ ਕੀਤਾ ਗਿਆ। ਵਿਭਾਗੀ ਖਿਚੋਤਾਣ ਕਰਕੇ ਉਹ ਪੁਰਸਕਾਰ ਵੀ ਕਾਗਜ਼ੀ ਕਾਰਵਾਈ ਲਈ ਜਿਲ੍ਹਾ ਕੁਲੈਕਟਰ ਧੰਨਵਾਦ ਕੋਲ ਹੀ ਭੇਜ ਦਿੱਤਾ ਗਿਆ, ਜਦੋਂ ਕਿ ਇਹ ਪੁਰਸਕਾਰ ਹਮੇਸ਼ਾ ਰਾਸ਼ਟਰਪਤੀ ਦਿੰਦੇ ਹਨ। ਜਸਵੰਤ ਸਿੰਘ ਗਿੱਲ ਦੀ ਵਿਲੱਖਣ ਬਹਾਦਰੀ ਕਰਕੇ ਉਨ੍ਹਾਂ ਦਾ ਨਾਮ ‘ਵਰਲਡ ਬੁਕ ਆਫ਼ ਰਿਕਾਰਡਜ਼’ ਵਿੱਚ ਦਰਜ ਹੋ ਗਿਆ ਸੀ। 

ਜਸਵੰਤ ਸਿੰਘ ਗਿੱਲ ਦਾ ਜਨਮ 22 ਨਵੰਬਰ, 1939 ਨੂੰ ਮਾਤਾ ਪ੍ਰੀਤਮ ਕੌਰ ਗਿੱਲ ਅਤੇ ਪਿਤਾ ਦਸਵੰਦਾ ਸਿੰਘ ਗਿੱਲ ਦੇ ਘਰ ਅੰਮ੍ਰਿਤਸਰ ਜਿਲ੍ਹੇ ਦੇ ਸਠਿਆਲਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੋਸਟ ਆਫਿਸ ਵਿੱਚ ਨੌਕਰੀ ਕਰਦੇ ਸਨ। ਉਹ ਪੰਜ ਭੈਣ ਭਰਾ ਸਨ। ਪੰਜਾਂ ਵਿੱਚੋਂ ਇਕ ਭੈਣ ਰਾਮਿੰਦਰ ਕੌਰ ਅਤੇ ਇਕ ਭਰਾ ਹਰਵੰਤ ਸਿੰਘ ਗਿੱਲ ਡਾਕਟਰ, ਇਕ ਭੈਣ ਨਰਿੰਦਰ ਕੌਰ ਮੁੱਖ ਅਧਿਆਪਕਾ ਅਤੇ ਇਕ ਭਰਾ ਕੁਲਵੰਤ ਸਿੰਘ ਬੈਂਕ ਮੈਨੇਜਰ ਸਨ। ਸਾਰਾ ਟੱਬਰ ਹੀ ਪੜ੍ਹਿਆ ਲਿਖਿਆ ਹੈ। ਉਨ੍ਹਾਂ ਦਾ ਸਪੁੱਤਰ ਡਾ. ਸਰਪ੍ਰੀਤ ਸਿੰਘ ਗਿੱਲ ਅੰਮ੍ਰਿਤਸਰ ਵਿਖੇ ਆਪਣਾ ਹਸਪਤਾਲ ਚਲਾ ਰਹੇ ਹਨ। ਉਨ੍ਹਾਂ ਨੇ ਮੁੱਢਲੀ ਸਿਖਿਆ ਖਾਲਸਾ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਬੀ. ਐਸਸੀ. ਨਾਨ ਮੈਡੀਕਲ 1959 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ। ਫਿਰ ਉਨ੍ਹਾਂ ਇੰਡੀਅਨ ਸਕੂਲ ਆਫ ਮਾਈਨਜ਼ ਧੰਨਵਾਦ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਚੋਣ ਹੋ ਗਈ। ਉਨ੍ਹਾਂ ਬੀ ਟੈਕ ਮਾਈਨਿੰਗ ਇੰਜੀਨੀਅਰਿੰਗ ਆਈ ਐਸ ਐਸ ਧੰਨਵਾਦ ਤੋਂ 1965 ਵਿੱਚ ਪਾਸ ਕੀਤੀ। ਫਿਰ ਉਹ ਕੋਲੇ ਦੀ ਕੰਪਨੀ ਕਰਮ ਚੰਦ ਥਾਪਰ ਐਂਡ ਸਨਜ਼ ਵਿੱਚ ਮਾਈਨਜ਼ ਇੰਜੀਨੀਅਰ ਭਰਤੀ ਹੋ ਗਏ। 1972 ਵਿੱਚ ਕੋਲੇ ਦੀਆਂ ਖਾਣਾਂ ਦਾ ਕੌਮੀਕਰਨ ਹੋ ਗਿਆ, ਜਿਸ ਕਰਕੇ ਉਹ ਕੋਲ ਇੰਡੀਆ ਵਿੱਚ ਚਲੇ ਗਏ। ਉਹ ਕੋਲ ਇੰਡੀਆ ਵਿੱਚ ਐਗਜੈਕਟਿਵ ਡਾਇਰੈਕਟਰ ਦੇ ਅਹੁਦੇ ਤੇ‘ ਪਹੁੰਚ ਗਏ ਸਨ। ਉਹ ਜਦੋਂ 1998 ਵਿੱਚ ਸੇਵਾ ਮੁਕਤ ਹੋਏ ਸਨ, ਉਦੋਂ ਭਾਰਤ ਕੁਕਿੰਗ ਕੋਲ ਲਿਮਟਿਡ ਵਿੱਚ ਨੌਕਰੀ ਕਰਦੇ ਸਨ, ਜੋ ਕੋਲ ਇੰਡੀਆ ਦੀ ਸਹਾਇਕ ਇਕਾਈ ਹੈ। ਉਨ੍ਹਾਂ ਨੂੰ ਸਰਕਾਰ ਤੋਂ ਬਿਨਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਮਾਨ ਸਨਮਾਨ ਦਿੱਤੇ ਸਨ। ਉਨ੍ਹਾਂ ਵਿੱਚ ਕੋਲ ਇੰਡੀਆ ਦੇ ਮੁਲਾਜ਼ਮਾ ਦੀ ਸੰਸਥਾ ਨੇ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਦਿੱਤਾ, ਇਨਸਟੀਚਿਊਟ ਆਫ਼ ਇੰਜੀਨੀਅਰ ਪੰਜਾਬ ਤੇ ਚੰਡੀਗੜ, ਇੰਡੀਅਨ ਸਕੂਲ ਆਫ਼ ਮਾਈਨਜ਼ ਐਲੂਮਨੀ ਦਿੱਲੀ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਸ਼ਾਮਲ ਹਨ। ਉਹ ਡਾ. ਬੀ. ਆਰ. ਅੰਬੇਦਕਰ ਨੈਸ਼ਨਲ ਇਨਸਟੀਚਿਊਟ ਆਫ਼ ਟੈਕਨਾਲੋਜੀ ਦੇ ਵਿਜ਼ਿਟਿੰਗ ਪ੍ਰੋਫ਼ੈਸਰ ਅਤੇ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਵੀ ਸਨ। ਉਹ 26 ਨਵੰਬਰ 2019 ਨੂੰ ਸਵਰਗਵਾਸ ਹੋ ਗਏ।

ਪਹਿਲੀ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 11 ਅਪ੍ਰੈਲ 2022 ਨੂੰ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀਆਂ ਸੇਵਾਵਾਂ ਨੂੰ ਮਾਣਤਾ ਦੇਣ ਲਈ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਜਾ ਰਹੀ ਹੈ। ‘ਦੇਰ ਆਏ ਦਰੁਸਤ ਆਏ’ ਦੀ ਅਖਾਣ ਅਨੁਸਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ, ਜਿਸਨੇ ਆਪਣੀ ਵਿਰਾਸਤ ਦੇ ਰਖਵਾਲੇ ਨੂੰ ਮਾਣਤਾ ਦੇਣ ਦਾ ਫ਼ੈਸਲਾ ਕੀਤਾ ਹੈ।
**
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
***
730

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ