26 April 2024

ਇਹ ਦੁਨੀਆਂ ਹੈ ਮੇਲਾ ਮਿੱਤਰੋ ਰੂਹ ਦਾ ਰੰਗ ਨਾ ਜਾਣੇ – ਸ਼ਾਮ ਸਿੰਘ (ਅੰਗ-ਸੰਗ)

ਇਹ ਦੁਨੀਆਂ ਹੈ ਮੇਲਾ ਮਿੱਤਰੋ ਰੂਹ ਦਾ ਰੰਗ ਨਾ ਜਾਣੇ

– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

ਇਹ ਸੱਚ ਹੈ ਕਿ ਇਹ ਦੁਨੀਆਂ ਇਕ ਮੇਲਾ ਹੈ ਜਿਸ ਵਿਚਲੀ ਰੰਗ ਬਰੰਗਤਾ ਤੇ ਵੰਨ-ਸੁਵੰਨਤਾ ਦੀ ਥਾਹ ਨਹੀਂ ਪਾਈ ਜਾ ਸਕਦੀ। ਇਸ ਵਿਚਲੀ ਮਨਮੋਹਕਤਾ ਇੰਨੀ ਪ੍ਰਭਾਵੀ ਹੁੰਦੀ ਹੈ ਕਿ ਹਰ ਕੋਈ ਆਖਰੀ ਦਮਾਂ ਤੱਕ ਵੀ ਇਸ ਦੇ ਝਮੇਲੇ ਵਿਚ ਹੀ ਫਸਿਆ ਰਹਿ ਜਾਂਦਾ। ਐਨ੍ਹ ਉਸ ਬੱਚੇ ਦੀ ਤਰ੍ਹਾਂ ਜਿਸ ਨੂੰ ਮੇਲੇ ’ਚ ਗੁਆਚੇ ਹੋਏ ਨੂੰ ਮੁੜ ਉਹ ਉਂਗਲ ਨਹੀਂ ਮਿਲਦੀ ਜਿਸ ਨੂੰ ਫੜ ਕੇ ਉਹ ਤੁਰਿਆ ਹੁੰਦਾ। ਪੈਰਾਂ ਹੇਠ ਰਾਹ ਹੁੰਦਿਆਂ ਵੀ ਉਸ ਕੋਲ ਕੋਈ ਰਾਹ ਨਹੀਂ ਰਹਿੰਦਾ ਅਤੇ ਸੇਧ ਨਹੀਂ ਰਹਿੰਦੀ। ਉਹ ਕਿੱਧਰ ਜਾਵੇ ਉਸ ਨੂੰ ਪਤਾ ਹੀ ਨਹੀਂ ਲਗਦਾ। ਉਸ ਨੂੰ ਕਈ ਆਸਰੇ ਮਿਲਦੇ ਹਨ ਪਰ ਉਹ ਕਿਸੇ ਦੇ ਨੇੜੇ ਨਹੀਂ ਢੁਕਦਾ। ਉਸ ਨੂੰ ਤਾਂ ਆਪਣਿਆਂ ਦੀ ਤਾਂਘ ਬਣੀ ਰਹਿੰਦੀ ਹੈ ਜਿਨ੍ਹਾਂ ਤੋਂ ਉਹ ਵਿਛੜ ਗਿਆ ਹੁੰਦਾ।

ਦੁਨੀਆਂ ਏਨੀ ਰੰਗ-ਰੰਗੀਲੀ ਹੈ ਕਿ ਇਸ ਵਿਚ ਦਾਖਲ ਹੁੰਦਿਆਂ ਹੀ ਬੰਦਾ ਅੱਗੇ ਪਿੱਛੇ ਨੂੰ ਯਾਦ ਹੀ ਨਹੀਂ ਰਖਦਾ/ਰਹਿੰਦਾ ਹੀ ਨਹੀਂ। ਉਸ ਦੀ ਸਮਰਥਾ ਤੇ ਸੋਚ ਦਾਇਰੇ ਦੇ ਗੇੜ ’ਚ ਹੀ ਨਹੀਂ ਹੁੰਦੇ। ਇਸ ਲਈ ਉਹ ਇਸ ਦੁਨੀਆਂ ਦੇ ਵੱਖ ਵੱਖ ਰੰਗਾਂ ਦੀਆਂ ਪਰਤਾਂ ਦੀ ਤਲਿਸਮੀ ਰੌਚਿਕਤਾ ਵਿਚ ਏਨੀ ਗਹਿਰੀ ਤਰ੍ਹਾਂ ਰੁਚਿਤ ਹੋ ਜਾਂਦਾ ਹੈ ਕਿ ਉਸ ਕੋਲ ਇਸ ਤੋਂ ਬਾਹਰ ਝਾਕਣ ਦੀ ਕੋਈ ਖਿੜਕੀ ਹੀ ਨਹੀਂ ਹੁੰਦੀ। ਬਾਹਰ ਨਾ ਦੇਖ ਸਕਣ ਕਾਰਨ ਉੱਥੋਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ।

ਇਹ ਸੱਚ ਹੈ ਕਿ ਦੁਨੀਆਂ ਇਕ ਮੇਲਾ ਹੀ ਹੈ ਜਿਸ ਕਾਰਨ ਮਨ ਵਿਚ ਵੀ ਮੇਲਾ ਲੱਗ ਜਾਂਦਾ। ਇਕ ਖੇਲ ਵਾਂਗ ਇਹ ਖਿੱਚ ਪਾਉਂਦਾ, ਨਵੇਂ ਮੇਲ ਵਾਂਗ ਇਹ ਖਿੱਚ ਰੱਖਦਾ । ਮੇਲਾ ਬੇਮਿਆਦਾ ਨਹੀਂ ਹੁੰਦਾ। ਜਦ ਇਹ ਉੱਜੜ ਜਾਂਦਾ ਹੈ ਤਾਂ ਮਨ ਅੰਦਰਲਾ ਮੇਲਾ ਵੀ ਬਹੁਤਾ ਚਿਰ ਟਿਕਿਆ ਨਹੀਂ ਰਹਿੰਦਾ। ਉੱਥੋਂ ਸ਼ੁਰੂ ਹੋ ਜਾਂਦਾ ਹੈ ਉਦਾਸੀ ਦਾ ਆਲਮ ਅਤੇ ਤਲਖੀਆ ਦਾ ਮਹੌਲ। ਇੱਥੋਂ ਹੀ ਸ਼ੁਰੂ ਹੁੰਦੀ ਹੈ ਯਾਤਰਾ ਅਸਲੀਅਤ ਵਲ ਤੁਰਨ ਦੀ ਅਤੇ ਆਪਣਾ ਆਪ ਵਾਚਣ ਤੇ ਪਰਖਣ ਦੀ। ਇਕ ਤਲਾਸ਼ ਤੁਰ ਪੈਂਦੀ ਹੈ ਕਿਸੇ ਖਿੜਕੀ ਦੀ ਭਾਲ਼ ਵਿਚ ਜਿਸ ’ਚੋਂ ਦੇਖੀ ਜਾ ਸਕਦੀ ਹੈ ਖੁੱਲ੍ਹੀ ਫਿਜ਼ਾ, ਅਜਾਦ ਉਡਾਰੀਆਂ ਅਤੇ ਰੂਹ ਦੇ ਅੰਬਰਾਂ ’ਤੇ ਉਡਦੀਆਂ ਤਿਤਲੀਆਂ।

ਇਹ ਸੱਚ ਹੈ ਕਿ ਮੇਲਾ ਸੱਚ ਹੁੰਦਾ ਹੋਇਆ ਵੀ ਸੱਚ ਨਹੀਂ ਹੁੰਦਾ। ਇਸ ਮੇਲੇ ਵਿਚ ਬਹੁਤ ਵਾਰ ਝੂਠ ਸੱਚ ਦੀ ਪਰਿਕਰਮਾਂ ਕਰਦਾ ਹੈ ਅਤੇ ਸੱਚ ਝੂਠ ਦੀ। ਬਹੁਤ ਵਾਰ ਝੂਠ ਸੱਚ ਨੂੰ ਬਚਾਉਂਦਾ ਹੈ ਅਤੇ ਸੱਚ ਝੂਠ ਨੂੰ। ਫੇਰ ਵੀ ਵਾਰ ਵਾਰ ਪੜ੍ਹਨ ਲਈ ਅਕਸਰ ਲਿਖਿਆ ਮਿਲਦਾ ਹੈ, ਝੂਠ ਨਾ ਬੋਲੋ ਸਦਾ ਸੱਚ ਬੋਲੋ। ਲਿਖਣ ਵਾਲੇ ਖੁਦ ਇਸ ’ਤੇ ਅਮਲ ਨਹੀਂ ਕਰਦੇ। ਕਰਦੇ ਹੁੰਦੇ ਤਾਂ ਸੱਚ-ਝੂਠ ਆਪਸ ਵਿਚ ਗਲਵਕੜੀ ਪਾ ਕੇ ਕਿਉਂ ਤੁਰਦੇ?

ਕੈਨਵਸ ਅੱਖਾਂ ਅੱਗੇ ਲਟਕੀ ਜਿਸ ’ਤੇ ਚਿਤਰੀ ਲਗਦੀ ਹੈ ਦੁਨੀਆਂ ਇਕ ਕੋਲਾਜ। ਰੰਗਾਂ ਦੀਆਂ ਛੋਹਾਂ ਦਾ ਮੇਲਾ ਜਿਸ ਵਿਚ ਰੂਹ ਵੀ, ਰਾਗ ਵੀ ਤੇ ਕਲਪਨਾ ਦੀ ਫੁਹਾਰ ਵੀ। ਖੁੱਲ੍ਹ ਜਾਂਦੀ ਹੈ ਖਿੜਕੀ ਜਿਸ ’ਚੋਂ ਪੜ੍ਹਿਆ ਜਾ ਸਕਦਾ ਹੈ ਰੂਹ ਨੂੰ ਅਤੇ ਅਣਦਿਸਦੇ ਖਿੱਤਿਆਂ ਦੀ ਇਬਾਰਤ। ਉੱਚ ਬਿਰਤੀ ਦੀ ਕਵਿਤਾ ਵੀ ਏਦਾਂ ਹੀ ਪ੍ਰੇਰੇ, ਸੁਰ ਤਾਂ ਲੈ ਉਡੇ ਕਿਤੇ ਦੂਰ ਰੂਹ ਪੂਰੀ ਦੀ ਪੂਰੀ।

ਇਹ ਦੁਨੀਆਂ ਇਕ ਮੇਲਾ , ਗੁਰੂ ਨਾ ਲੱਭੇ, ਨਾ ਕੋਈ ਚੇਲਾ। ਪੁੱਛਣ ਤੇ ਜਵਾਬ ਮਿਲਦਾ ਹੈ ਸ਼ਾਮ ਨੂੰ ਪੁੱਛੇਂ ਅਮ੍ਰਿਤ ਵੇਲਾ। ਸੋਚ ਆਖਦੀ ਅਮ੍ਰਿਤ ਵੇਲਾ ਉਦੋਂ ਹੀ ਹੁੰਦਾ ਜਦ ਮਨ ਜਾਗੇ, ਰੂਹ ਦੇ ਰੰਗ ਉਦੋਂ ਹੀ ਖਿੜਦੇ ਜਦ ਰੂਹ ਜਾਗੇ। ਪਰ ਦੁਨੀਆਂ ਦੀ ਹੋਰ ਕਹਾਣੀ, ਚੁੱਪ ਵਾਲਿਆਂ ਨੇ ਹੀ ਜਾਣੀ। ਮੇਲੇ ਦੇ ਰਾਮ ਰੌਲ਼ੇ ’ਚ ਵੀ, ਟੀਚਿਆਂ ਦੇ ਜੰਗਲ ’ਚ ਵੀ ਬਹੁਤ ਵਾਰ ਸਵਾਲ ਤਾਂ ਲਭਦੇ ਹਨ ਉੱਤਰ ਨਹੀਂ। ਜਿਹੜੇ ਉੱਤਰ ਲੱਭਣ ਦੇ ਰਾਹ ਪੈਂਦੇ ਹਨ ਉਨ੍ਹਾਂ ਖੋਜੀਆਂ ਦਾ ਸਮਾਂ ਜ਼ਾਇਆ ਨਹੀਂ ਜਾਂਦਾ ਕਿਉਂਕਿ ਉਨ੍ਹਾਂ ਲਈ ਖੋਜ ਹੀ ਕਈ ਵਾਰ ਸਵਾਲ ਬਣਦੀ ਹੈ ਤੇ ਕਈ ਵਾਰ ਉੱਤਰ।

ਮੇਲੇ ’ਤੇ ਤਰਦੀ ਜਹੀ ਨਜ਼ਰ ਫੇਰਦਿਆਂ ਕੁੱਝ ਹੋਰ ਦਿਸਦਾ ਹੈ, ਉਸ ਬਾਰੇ ਸੁਣਿਆਂ ਕੁੱਝ ਹੋਰ। ਜਿਹੜਾ ਦੁਨੀਆਂ ਦੇ ਮੇਲੇ ਵਿਚ ਵਿਚਰਦਾ ਹੈ ਉਸਨੂੰ ਇਸ ਦੇ ਸੰਗ ਦਾ ਅਨੁਭਵ ਵੀ ਹੁੰਦਾ ਹੈ ਤੇ ਇਸ ਦੇ ਰੰਗਾਂ ਦਾ ਤਜ਼ੁਰਬਾ ਵੀ, ਇਸ ਦੇ ਨੰਗਪੁਣੇ ਦਾ ਪਤਾ ਵੀ ਲਗਦਾ ਹੈ ਤੇ ਢੰਗਾਂ ਦਾ ਵੀ:

ਬੰਦਾ ਮਸਤ ਗੁਆਚਾ ਫਿਰਦਾ
ਮਨ ਦਾ ਢੰਗ ਨਾ ਜਾਣੇ
ਦੁਨੀਆਂ ਅੰਦਰ ਖੱਚਤ ਹੋਇਆ
ਆਪ ਦਾ ਸੰਗ ਨਾ ਮਾਣੇ
ਢਕਿਆ ਹੋਇਆ ਜਗਤ ਹੈ ਸਾਰਾ
ਰੂਹ ਦਾ ਨੰਗ ਨਾ ਜਾਣੇ
ਇਹ ਦੁਨੀਆਂ ਹੈ ਮੇਲਾ ਮਿੱਤਰੋ
ਰੂਹ ਦਾ ਰੰਗ ਨਾ ਜਾਣੇ ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 28 ਨਵੰਬਰ 2006)
(ਦੂਜੀ ਵਾਰ 21 ਅਕਤੂਬਰ 2021)

***
453
***

About the author

ਸ਼ਾਮ ਸਿੰਘ
ਸ਼ਾਮ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸ਼ਾਮ ਸਿੰਘ (ਅੰਗ-ਸੰਗ)

ਸ਼ਾਮ ਸਿੰਘ

ਸ਼ਾਮ ਸਿੰਘ (ਅੰਗ-ਸੰਗ)

View all posts by ਸ਼ਾਮ ਸਿੰਘ →