25 July 2024

ਕਹਾਣੀ: ਕੈਦਣ – ਰਾਮ ਸਰੂਪ ਅਣਖੀ

ਕਹਾਣੀ: ਕੈਦਣ

– ਰਾਮ ਸਰੂਪ ਅਣਖੀ –

ਹੁਣ ਤਾਂ ਇਸ ਇਲਾਕੇ ਵਿਚ ਟੈਕਸੀਆਂ ਆਮ ਹੋ ਗਈਆਂ ਹਨ। ਸੜਕਾਂ ਦਾ ਵੀ ਕੋਈ ਅੰਤ ਨਹੀਂ। ਪੈਸਿਆਂ ਦੀ ਖੇਡ ਹੈ। ਜਿਥੇ ਮਰਜ਼ੀ ਜਦੋਂ ਲੋੜ ਹੋਵੋ ਟੈਕਸੀ ਲੈ ਜਾਓ।

ਪਰ ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਿੱਬੂ ਤਖਾਣ ਪਿੱਤਲ ਦੀਆਂ ਫੁੱਲੀਆਂ ਵਾਲੇ ਆਪਣੇ ਰੱਥ ਉਤੇ ਬੈਠੇ ਹੈਲੀਕਾਪਟਰ ਦੇ ਕਿਸੇ ਪਾਈਲਟ ਨਾਲੋਂ ਘੱਟ ਨਹੀਂ ਸੀ ਹੁੰਦਾ।

ਚਿੱਟੀਆਂ ਝਾਲਰਾਂ ਵਾਲਾ ਟੂਲੀ ਰੰਗਾ ਉਛਾੜ ਨਵਾਂ ਹੀ ਰਥ ਉਤੇ ਤਖਾਣ ਨੇ ਚੜ੍ਹਵਾਇਆ ਸੀ। ਸ਼ੌਂਕੀ ਬਲਦ ਆਰ ਤਾਂ ਕੀ ਪਿੰਡੇ ਉੱਤੇ ਮੱਖੀ ਨਹੀਂ ਸੀ ਸਹਾਰਦੇ। ਬਹੁਤੇ ਹੀ ਚਲਾਕ।

ਦੇਸੂ ਸੁਨਿਆਰ ਤੇ ਮੱਖਣ ਨੂੰ ਨਾਲ ਲੈ ਕੇ ਮੈਂ ਸਹੁਰੀਂ ਗਿਆ ਸਾਂ। ਮੁਕਲਾਵਾ ਲੈਣ ਜਾਂਦੇ ਮੁੰਡੇ ਨੂੰ ਚਾਅ ਦੇ ਨਾਲ-ਨਾਲ ਕੁਝ ਸੰਗ ਜਿਹੀ ਵੀ ਹੁੰਦੀ ਹੈ। ਮਿੱਠਾ-ਮੱਠਾ ਡਰ। ਏਸੇ ਕਰ ਕੇ ਮੈਂ ਦੇਸੂ ਤੇ ਮੱਖਣ ਨੂੰ ਨਾਲ ਲੈ ਕੇ ਗਿਆ ਸਾਂ। ਮਾਂ ਨੇ ਤਾਂ ਸਗੋਂ ਜਾਣ ਕੇ ਉਨ੍ਹਾਂ ਨੂੰ ਮੇਰੇ ਨਾਲ ਤੋਰਿਆ ਸੀ। ਉਹ ਕਹਿੰਦੀ ਸੀ-‘ਸਾਡਾ ਕੰਦਾ ਤਾਂ ਕੁੜੀਆਂ ਅਰਗੈ। ਏਹਨੂੰ ਕੱਲੇ ਨੂੰ ਤਾਂ ਸਾਲੀ ਨੇ ਚੂੰਢੀਏਂ ਈ ਖਾ ਜਾਣੈਂ ਏਹਦੇ ਤਾਂ ਮੂੰਹ ‘ਚ ਬੋਲ ਨੀਂ, ਡੀਡੇ ਦੇ।

ਦੇਸੂ ਮੇਰਾ ਮਿਲਾਪੀ ਸੀ। ਸਾਡਾ ਗੁਆਂਢੀ ਵੀ। ਅਕਸਰ ਮੈਂ ਉਸ ਦੇ ਸਹਾਰੇ ‘ਤੇ ਬੈਠਾ ਰਹਿੰਦਾ। ਉਸ ਕੋਲ ‘ਰੂਪ-ਬਸੰਤ‘ ਦਾ ਚਿੱਠਾ ਲੈ ਕੇ ਉੱਚੀਂ ਉੱਚੀਂ ਪੜ੍ਹਦਾ। ਮੈਂਥੋਂ ਚਿੱਠਾ ਸੁਣ ਕੇ ਉਹ ਬਹੁਤ ਖ਼ੁਸ਼ ਹੁੰਦਾ।

ਮੱਖਣ ਨਾਲ ਮੇਰੀ ਬੁੱਕਲ ਖੁੱਲ੍ਹੀ ਸੀ। ਅਸੀਂ ਇਕੱਠੇ, ਘਰ ਦੀ ਕੱਢੀ ਸ਼ਰਾਬ ਪੀਂਦੇ ਤੇ ਬੋੜੇ ਖੂਹ ਵਾਲੇ ਪਿੱਪਲ ਦੀਆਂ ਜੜ੍ਹਾਂ ਵਿਚ ਬਹਿ ਕੇ ਸਾਧਾਂ ਦੀ ਨਿੰਮੋ ਦੀਆਂ ਗੱਲਾਂ ਕਰਦੇ। ਹਾਜ਼ਰ-ਜਵਾਬੀ ਵਿਚ ਮੱਖਣ ਸਾਰੇ ਪਿੰਡ ਵਿਚ ਉੱਘਾ ਸੀ। ਉਹਦੇ ਵਰਗੀ ਗੱਲ ਕਿਸੇ ਨੂੰ ਨਹੀਂ ਸੀ ਔੜਦੀ।

ਦੇਸੂ ਤੇ ਮੱਖਣ ਨੂੰ ਨਾਲ ਲਿਜਾ ਕੇ ਮੈਨੂੰ ਪੂਰਾ ਧਰਵਾਸ ਹੋ ਗਿਆ ਸੀ। ਮੈਨੂੰ ਡਰ ਨਹੀਂ ਸੀ ਰਿਹਾ ਕਿ ਸਹੁਰਿਆ ਦੀ ਕੋਈ ਕੁੜੀ ਮੈਨੂੰ ਤੰਗ ਕਰ ਸਕੇਗੀ। ਉਹ ਵੀ ਕਹਿੰਦੇ ਸਨ-ਕੰਦਿਆ ਤੂੰ ਝਿਪੀਂ ਨਾ। ਅਸੀਂ ਵਾਹਣੀਂ ਪਾ ਦਿਆਂਗੇ, ਸਾਰੀਆਂ ਨੂੰ।

ਸਹੁਰਿਆਂ ਦੇ ਘਰ ਚੁਬਾਰੇ ਵਿਚ ਜਾ ਕੇ ਅਸੀਂ ਅਜੇ ਬੈਠੇ ਹੀ ਸਾਂ ਕਿ ਕੁੜੀਆਂ ਮੀਂਹ ਦੀ ਵਾਛੜ ਵਾਂਗ ਆ ਖੜੀਆਂ। ਕੋਈ ਕੁਝ ਬੋਲਦੀ ਸੀ, ਕੋਈ ਕੁਝ। ਕਦੇ-ਕਦੇ ਉਨ੍ਹਾਂ ਦੀ ਦੀ ਕਿਚਰ ਕਿਚਰ ਬਿਲਕੁਲ ਬੰਦ ਹੋ ਜਾਂਦੀ। ਜਿਵੇਂ ਉਨ੍ਹਾਂ ਕੋਲੋਂ ਸਾਰੀਆਂ ਮਸ਼ਕਰੀਆਂ ਮੁੱਕ ਗਈਆਂ ਹੋਣ ਤੇ ਕਿਸੇ ਵੀ ਕੁੜੀ ਨੂੰ ਕੋਈ ਨਵੀਂ ਗੱਲ ਨਾ ਔੜਦੀ ਹੋਵੇ। ਕੋਈ ਕੁੜੀ ਫੇਰ ਉਹੀ ਘਸਿਆ ਹੋਇਆ ਸਵਾਲ ਕਰ ਦਿੰਦੀ-‘ਵੇ, ਮੁਕੰਦ, ਤੂੰ ਆਪਣੀ ਭੈਣ ਨੂੰ ਨਾਲ ਨਾ ਲੈ ਕੇ ਆਇਆ?

ਦੂਜੀ ਪੁੱਛਦੀ-‘ਵੇ ਮੁਕੰਦ, ਵੇ ਮੁੰਕਦ, ਮਾਂ ਨੇ ਤੈਨੂੰ ਕਿੰਨੇ ਰੁਪਈਏ ਦਿੱਤੇ ਨੇ, ਸਾਲੀਆਂ ਨੂੰ ਦੇਣ ਨੂੰ ?’

‘ਵੇ ਤੂੰ ਮਾਂ ਨੂੰ ਕਹਿੰਦਾ ਬਈ ਤੈਨੂੰ ਚੱਜ ਦਾ ਤਾਂ ਜੰਮਦੀ?’ ਤਾਂ ਇਕ ਕੁੜੀ ਨੇ ਮੇਰੇ ਗੰਦਮੀ ਰੰਗ ਉਤੇ ਚੋਟ ਕੀਤੀ।

ਮੈਂ ਤਾਂ ਘਾਊਂ ਮਾਊਂ ਜਿਹਾ ਪਹਿਲਾ ਹੀ ਸਾਂ, ਦੇਸੂ ਤੇ ਮੱਖਣ ਵੀ ਚੁੱਪ ਕਰੇ ਬੈਠੇ ਰਹੇ।

‘ਮਾਂ ਦਾ ਕੀ ਦੋਸ਼ ਐ ਵਿਚਾਰੀ ਦਾ।’

‘ਨੀ ਪਿਓ ਦਾ ਤਾਂ ਇਹ ਲਗਦਾ ਨੀਂ।’

ਤੇ ਫਿਰ ਕਿੰਨੇ ਹੀ ਸਵਾਲ। ਕਿੰਨੀਆਂ ਹੀ ਚੋਟਾਂ। ਤੇ ਫਿਰ ਕਿਚਰ ਕਿਕਰ। ਕਾਂਵਾਂ-ਰੌਲੀ। ਕਿਸੇ ਦੀ ਕੋਈ ਸਮਝ ਨਾ। ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਤਾਂ ਜ਼ਿੰਦਗੀ ਵਿਚ ਪਹਿਲੀ ਵਾਰ ਇਹੋ ਜਿਹੇ ਸਵਾਲ ਆਪਣੇ ਉਤੇ ਹੁੰਦੇ ਸੁਣ ਕੇ ਮੈਨੂੰ ਹਰਖ ਜਿਹਾ ਚੜ੍ਹ ਗਿਆ। ਮੇਰਾ ਚਿਹਰਾ ਘਰੁਟਿਆ ਗਿਆ।

ਦੇਸੂ ਨੇ ਖੰਘੂਰ ਮਾਰੀ ਤੇ ਥੁੱਕ ਨੂੰ ਸੰਘੋ ਥੱਲੇ ਲੰਘਾ ਕੇ ਆਖਿਆ-ਤੁਸੀਂ ਕੋਈ ਚੱਜ ਦੀ ਗੱਲ ਤਾਂ ਕਰੋ। ਬੈਠੋ, ਕੋਈ ਮਤਲਬ ਦੀ ਗੱਲ ਛੇੜੋ। ਤੁਸੀਂ ਤਾਂ ਚੂਹੜੀਆਂ ਮਾਤ ਪਾਤੀਆਂ। ‘ਤੂੰ ਚੁੱਪ ਕਰਕੇ ਬੈਠਾ ਰਹਿ ਵੇ ਆਂਡਲਾ। ਚੂਹੜੀ ਤੇਰੀ ਮਾਂ ਹੋਊਗੀ। ਨਹੀਂ ਭੈਣ ਨੂੰ ਬਣਾ ਲੈ ਚੂਹੜੀ। ਤੇਰੀ ਮਾਂ ਨੇ ਕੀ ਵੰਡਿਆ ਸੀ ਵੇ ਤੇਰੇ ਜੰਮੇ ਤੋਂ?’

ਕੋਲੇ‘ ਇਕ ਕੁੜੀ ਨੇ ਨਾਲ ਦੀ ਨਾਲ ਆਖ ਦਿੱਤਾ।

ਨਹੀਂ, ‘ਇੱਟਾਂ! ਕੋਲੇ ਤਾਂ ਮੁਕੰਦ ਦੀ ਮਾਂ ਨੇ ਵੰਡੇ ਹੋਣਗੇ।” ਇਕ ਹੋਰ ਕੁੜੀ ਟੇਢੇ ਢੰਗ ਨਾਲ ਦੇਸੂ ਦੇ ਗੋਰੇ ਰੰਗ ਦੀ ਤਾਰੀਫ਼ ਕਰ ਗਈ ਸੀ।

ਮੱਖਣ ਜਿਹੜਾ ਗੱਲ ਦਾ ਮੋੜ ਦੇਣ ਵਿਚ ਆਪਣੇ ਆਪ ਨੂੰ ਖੱਬੀਖਾਨ ਸਮਝਦਾ ਸੀ ਹੁਣ ਗੁੰਨਰਵੱਟਾ ਬਣਿਆ ਬੈਠਾ ਸੀ। ਮੇਰੇ ਚੁੱਪ ਕੀਤੇ ਮੂੰਹ ਝਾਕ ਕੇ ਉਸ ਨੇ ਕੁੜੀਆਂ ਨੂੰ ਆਖਿਆ-ਤੁਸੀਂ ਹਵਾ ਤਾਂ ਔਣ ਦੇ ਦਿਓ ਬਾਰ ਵਿਚ ਦੀ। ਬਹਿ ਜੋ ਜਾਂ ਅੰਦਰ ਲੰਘ ਆਓ।’ ਮੱਖਣ ਹੱਥ ਜੋੜ ਨੇ ਖੜ ਗਿਆ।

ਇਹ ਦੇਖੋ ਨੀਂ ਖਾਂਘੂ ਜਾ, ਓਦੂੰ ਵੀ ਚੜ੍ਹਦੈ’ ਮੱਖਣ ਦੇ ਕਹਿਰੇ ਸਰੀਰ ਉਤੇ ਇਕ ਕੁੜੀ ਨੇ ਚੋਟ ਕੀਤੀ।

ਕੁੜੀਆਂ ਵਿਚੋਂ ਇਕ ਕੁੜੀ ਜਿਹੜੀ ਅਜੇ ਤਾਈਂ ਬੋਲੀ ਨਹੀਂ ਸੀ ਤੇ ਹੁਣ ਤੱਕ ਮੁਸਕਰਾ ਹੀ ਰਹੀ ਸੀ ਤੇ ਜਾਂ ਕਿਸੇ ਗੱਲ ਉਤੇ ਕਦੇ ਕਦੇ ਸੰਕੋਚਵਾਂ ਜਿਹਾ ਹੱਸੀ ਸੀ, ਨੇ ਮੈਨੂੰ ਆਖਿਆ-‘ਮੁੰਕਦ‘ ਮਹਿੰਦੀ ਦੱਸ ਕੀਹਦੇ ਹੱਥੋਂ ਲਵੌਣੀ ਐਂ, ਸਾਡੇ ਚਂੋ? ਤੂੰ ਊਂਗਲ ਕਰਦੇ ਜੀਹਦੇ ਕੰਨੀ ਕਰਨੀ ਐ। ਉਹ ਤੇਰੀ ਪੱਕੀ ਸਾਲੀ। ਉਹੀ ਮਹਿੰਦੀ ਲਾਊ, ਉਹੀ ਰੁਪਈਆ ਲਊ।’

ਉਸ ਕੁੜੀ ਨੇ ਮੇਰੇ ਵਾਲੇ ਮੰਜੇ ਦੀ ਪੈਂਦ ਵੱਲ ਸੇਰਵੇ ਉਤੇ ਆਪਣੀ ਸੱਜੀ ਟੰਗ ਧਰ ਲਈ ਸੀ। ਗੋਡੇ ਉਤੇ ਕੂਹਣੀ ‘ਤੇ ਹਥੇਲੀ ਉਤੇ ਠੋਡੀ ਰੱਖ ਕੇ ਉਹ ਇਕ ਟੰਗ ਦੇ ਭਾਰ ਖੜੀ ਸੀ। ਗੱਲ ਕਰਦੀਂ ਤਾਂ ਉਹਦੇ ਕੰਨਾਂ ਦੇ ਕਾਂਟੇ ਉਹਦੀਆਂ ਗੱਲ੍ਹਾਂ ਨੂੰ ਛੋਹ ਜਾਂਦੇ। ਇਸ ਤਰ੍ਹਾਂ ਨਾਲ ਉਹ ਬਹੁਤ ਪਿਆਰੀ ਲਗ ਰਹੀ ਸੀ।

ਹੌਲੀ ਹੌਲੀ ਰਿਸਕਦੀਆਂ ਦੂਜੀਆਂ ਕੁੜ੍ਹੀਆਂ ਵੀ ਚੁਬਾਰੇ ਦਾ ਬਾਰ ਟੱਪ ਆਈਆਂ ਸਨ।

ਮੈਂ ਕੁਝ ਨਹੀਂ ਸੀ ਬੋਲ ਰਿਹਾ।

ਇਉਂ ਤਾਂ ਅਸੀਂ ਤਿੰਨੇ ਵੰਡ ਲਵਾਂਗੇ ਥੋਨੂੰ। ਰੁਪਈਆ ਲਈ ਜਾਇਓ ਤੇ ਪੱਕੀਆਂ ਸਾਲੀਆਂ ਬਣਦੀਆਂ ਜਾਇਓ।‘ ਮੱਖਣ ਹੌਂਸਲਾ ਫੜ ਚੁੱਕਿਆ ਸੀ। ਮੈਨੂੰ ਕੁਝ ਆਸਰਾ ਜਿਹਾ ਹੋਇਆ ਕਿ ਹੁਣ ਕੁਝ ਨਾ ਕੁਝ ਮੋੜ ਜ਼ਰੂਰ ਦਿੰਦਾ ਰਹੇਗਾ।

ਸਾਰੀਆਂ ਜਣੀਆਂ ਹਿੜ ਹਿੜ ਕਰ ਕੇ ਹੱਸ ਪਈਆਂ। ਇਕ ਬੋਲੀ_ਲੈ ਕੁੜੇ ਮੂੰਹ ਦੇਖ ਏਹਦਾ ਰੁਪਈਆ ਦੇਣ ਆਲੇ ਦਾ। ਰੁਪਈਆ ਜੇਬ ਹੈ ਵੀ ਤੇਰੇ, ਛਿਲਕਾਂ ਦਿਆਂ ਘੋੜਿਆਂ?

‘ਮੇਰੀ ਪੈਂਦ ਕੋਲ ਇਕ ਟੰਗ ਦੇ ਭਾਰ ਖੜੀ ਕੁੜੀ ਨੇ ਮੰਜੇ ਉਤੋਂ ਪੰਨਿਆਂ ਵਾਲੀ ਪੱਖੀ ਚੁੱਕ ਕੇ ਮੇਰੇ ਮੋਢੇ ਨੂੰ ਠਕੋਰਿਆ, ‘ਮਹਿੰਦੀ ਦੱਸ ਕੀਹਤੋਂ ਲਵੌਣੀ ਐਂ?’

ਤੂੰ ਹੀ ਲਾ ਦੀਂ! ‘ ਮੇਰੇ ਮੂੰਹੋਂ ਨਿਕਲਿਆ।

ਹੋਰ ਸਭ ਕੁੜੀਆਂ ਚੁੱਪ ਹੋ ਗਈਆਂ। ਮੈਂ ਮਹਿਸੂਸ ਕੀਤਾ ਜਿਵੇਂ ਉਨ੍ਹਾਂ ਨੂੰ ਉਸ ਕੁੜੀ ਨਾਲ ਈਰਖਾ ਹੋ ਗਈ ਹੋਵੇਂ।

ਨੀਂ ਤੂੰ ਲਾਹ ਲੀਂ ਚਾਅ ਮਹਿੰਦੀ ਲਾ ਕੇ। ਅਸੀਂ ਰੁਪਈਆ ਦੀਆਂ ਭੁੱਖੀਆਂ ਨੀਂ ਫਿਰਦੀਆਂ।

ਨੀਂ ਵਿੰਦਰ, ਆਹ ਖਾਂਘੂ ਜਾ ਤਾਂ ਜਮ੍ਹਾਂ ਤੇਰੇ ਪਰੌਹਣੇ ਅਰਗੈ।‘ ਇਕ ਕੂੜੀ ਨੇ ਇਕ ਟੰਗ ਦੇ ਭਾਰ ਕੁੜੀ ਦਾ ਧਿਆਨ ਮੱਖਣ ਵੱਲ ਕੀਤਾ।
‘ਤਾਂ ਮੇੇਰੇ ਤਾਂ ਮਹਿੰਦੀ ਤੂੰ ਈ ਲਾਈਂ ਮੱਖਣ ਨੇ ਵਿੰਦਰ ਨੂੰ ਕਿਹਾ।

ਵਿੰਦਰ ਦਾ ਹਉਂਕਾ ਨਿਕਲ ਗਿਆ। ਉਸ ਨੇ ਆਪਣੀ ਟੰਗ ਮੰਜੇ ਉਤੋਂ ਥੱਲੇ ਲਾਹ ਲਈ ਤੇ ਨਿਰੁੱਤਰ ਹੋ ਕੇ ਖੜੀ ਰਹੀ।

ਨੀਂ ਕਿਉਂ ਔਂਦਿਆਂ ਨੂੰ ਈ ਜੱਫਾ ਪਾ ਲਿਆ ਤੁਸੀਂ। ਪਾਣੀ ਧਾਣੀ ਤਾਂ ਪੀ ਲੈਣ ਦਿਓ ਇਨ੍ਹਾਂ ਨੂੰ।‘ ਮੇਰੀ ਸੱਸ ਨੇ
ਹੋਕਰਾ ਮਾਰਿਆ।

ਤਾਈ ਅਸੀਂ ਤੇਰੇ ਜਮਾਈ ਨੂੰ ਜ਼ੇਬ ‘ਚ ਪਾ ਕੇ ਤਾਂ ਨੀ ਲੈ ਜਾਂ ਗੀਆਂ।‘ ਵਿੰਦਰ ਨੇ ਕਿਹਾ।

ਨਾ ਭਾਈ, ਪਹਿਲਾਂ ਨ੍ਹਾ ਧੋ ਲੈਣ ਦਿਓ। ਮਹਿੰਦੀ ਲੈਣ ਆਈਆਂ ਮਿਟਾ ਲਿਓ ਸਿੱਕਾਂ।‘ ਸੱਸ ਨੇ ਉਨ੍ਹਾਂ ਨੂੰ ਜਾਣ ਲਈ ਆਖਿਆ।
‘ਚੱਲੋ ਨੀਂ ਚੱਲੋ। ਤਾਈ ਦਾ ਈ ਆਇਐ ਜਮਾਈ, ਖਰਾ ਅਨੋਖਾ ਇਕ ਵੱਡੀ ਉਮਰ ਦੀ ਕੁੜੀ ਨੇ ਕਿਹਾ ਤੇ ਆਪਣੀ ਗੋਦੀ ਚੁੱਕੇ ਹੋਏ ਜਵਾਕ ਦੀ ਨਲੀ ਪੂੰਝ ਕੇ ਕੰਧ ਨਾਲ ਮਲ ਦਿੱਤੀ।

ਸੂਰਜ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਉੱਤਰ ਰਿਹਾ ਸੀ, ਚੇਤ-ਵਸਾਖ ਦੇ ਦਿਨ ਸਨ। ਬਾਰਾਂ-ਤੇਰਾਂ ਕੋਹ ਰਥ ਵਿਚ ਬੈਠਿਆਂ ਦੇ ਪਾਸੇ ਦੁਖਣ ਲਗ ਪਏ ਸਨ। ਕੋਸੇ ਪਾਣੀ ਨਾਲ ਅਸੀਂ ਹੱਥ ਮੂੰਹ ਧੋਤਾ ਤੇ ਚਾਹ ਪੀਣ ਲਗ ਪਏ।

ਆਥਣ ਦੇ ਸੰਧੂਰੀ ਚਾਨਣ ਵਿਚ ਕਾਲਖ ਘੁਲਣ ਲੱਗੀ ਤਾਂ ਅਸੀਂ ਬੋਤਲ ਦਾ ਡਾਟ ਪੁੱਟ ਲਿਆ।

ਥਾਲੀ ਵਿਚ ਮਹਿੰਦੀ ਘੋਲ ਕੇ ਜਦ ਕੁੜੀਆਂ ਆਈਆਂ, ਅਸੀਂ ਜਭਲੀਆਂ ਮਾਰ ਰਹੇ ਸਾਂ। ਪਹਿਲੇ ਤੋੜ ਦੀ ਕੱਢੀ ਬੋਤਲ ਮੱਖਣ ਪਿੰਡੋ ਹੀ ਲੈ ਆਇਆ ਸੀ।

ਸਾਨੂੰ ਕੋਈ ਪਤਾ ਨਹੀਂ, ਕੁੜੀਆਂ ਕੀ ਕੀ ਬੋਲਦੀਆਂ ਰਹੀਆਂ ਤੇ ਅਸੀਂ ਉਨ੍ਹਾਂ ਨੂੰ ਕੀ ਜ਼ਵਾਬ ਦਿੰਦੇ ਰਹੇ। ਸਾਡੇ ਕਮਲਵਾਅ ਤੇ ਜਿੱਚ ਹੋ ਕੇ ਉਨ੍ਹਾਂ ਨੇ ਸਾਡੀਆਂ ਹਥੇਲੀਆਂ ਉਤੇ ਮਹਿੰਦੀ ਦੀ ਇਕ ਇਕ ਗਰੋਲੀ ਧਰੀ ਤੇ ਪੌੜੀਆਂ ਉੱਤਰ ਗਈਆਂ।

ਵਿੰਦਰ ਨੂੰ ਸ਼ਾਇਦ ਮੈ ਪੰਜ ਰੁਪਏ ਮਹਿੰਦੀ ਲਵਾਈ ਦੇ, ਦਿੱਤੇ ਸਨ।

ਕੁੜੀਆਂ ਪੌੜੀਆਂ ਉੱਤਰੀਆਂ ਤਾਂ ਦੇਸੂ ਤੇ ਮੱਖਣ ਨੇ ਮਹਿੰਦੀ ਵਾਲੇ ਹੱਥ ਕੰਧਾਂ ਨਾਲ ਘਸਾ ਦਿੱਤੇ।

ਮੇਰਾ ਹੱਥ ਤਾਂ ਲੈ ਕੰਜਰ ਦੀਆਂ ਕੱਟੇ ਦੀ ਮੋਕ ਨਾਲ ਲਬੇੜ ਗਈਆਂ।‘ ਹਥੇਲੀ ਨੂੰ ਨੱਕ ਕੋਲ ਕਰ ਕੇ ਮੱਖਣ ਨੇ ਕਿਹਾ।

ਉਏ ਮੈਨੂੰ ਵੀ ਲਗਦੈ ਦੇਸੂ ਨੇ ਹੁੰਗਾਰਾ ਭਰਿਆ। ਅਸੀਂ ਅੱਧਾ ਘੰਟਾ ਉੱਚੀ ਉੱਚੀ ਹੱਸਦੇ ਰਹੇ।

ਇਕ ਇਕ ਪੈੱਗ ਮੱਖਣ ਨੇ ਹੋਰ ਪਾਇਆ। ਮੈਂ ਪੀਤਾ। ਮੇਰੇ ਤਾਂ ਜਿਵੇਂ ਪੈਰ ਚੁੱਕੇ ਗਏ। ਬਹੁਤ ਸ਼ਰਾਬ ਮੈਨੂੰ ਸੁਖਾਂਦੀ ਨਹੀਂ ਸੀ।

ਰੋਟੀ ਅਸੀਂ ਅੱਧ-ਪਚੱਧ ਜਿਹੀ ਖਾਧੀ। ਨਾ ਖਾਣ ਵਰਗੀ ਹੀ।

ਦੇਸੂ ਤੇ ਮੱਖਣ ਤਾਂ ਚੁਬਾਰੇ ਮੂਹਰੇ ਮੰਜਿਆਂ ਉਤੇ ਬਿਸਤਰੇ ਵਿਛਾ ਕੇ ਪੈ ਗਏ। ਮੈਨੂੰ ਮੇਰੀ ਸੱਸ ਨੇ ਥੱਲੇ ਸੱਦ ਲਿਆ।

ਸ਼ਰਾਬ ਉਤੋਂ ਦੀ ਹੋ ਗਈ ਸੀ। ਮੈਨੂੰ ਗੱਲ ਨਹੀਂ ਸੀ ਔੜ ਰਹੀ। ਬੁੱਘ ਬੁੱਘ ਕਰ ਕੇ ਸਭ ਖਾਧਾ ਪੀਤਾ ਮੇਰੇ ਅੰਦਰੋਂ ਬਾਹਰ ਹੋ ਗਿਆ। ਬੇਸੁੱਧ ਹੋ ਕੇ ਦਰਵਾਜ਼ੇ ਵਿਚ ਡਹੇ ਪਏ, ਇਕ ਮੰਜੇ ਉਤੇ ਮੈਂ ਢੇਰੀ ਹੋ ਗਿਆ। ਅਜੇ ਵੀ ਮੈਨੂੰ ਉਲਟੀਆ ਆ ਰਹੀਆਂ ਸਨ। ਅਮਰਜੀਤ, ਮੇਰੀ ਪਤਨੀ, ਮਾਪਿਆਂ ਦੀ ਇੱਕਲੀ, ਧੀ ਸੀ। ਭਾਈ ਵੀ, ਕੋਈ ਨਹੀਂ ਸੀ। ਸਹੁਰਾ ਰੋਟੀ ਖਾ ਕੇ ਬਾਹਰਲੇ ਘਰ ਡੰਗਰਾਂ ਕੋਲ ਜਾ ਪਿਆ ਸੀ, ਸੱਸ ਪਤਾ ਨਹੀਂ ਕਿਹੜੇ ਧੰਦਿਆਂ ਵਿਚ ਫਸੀ ਹੋਈ ਸੀ। ਉਸ ਨੇ ਚੁਬਾਰੇ ਵਿਚੋਂ ਥੱਲੇ ਮੈਨੂੰ ਸੱਦ ਤਾਂ ਲਿਆ ਸੀ, ਪਰ ਅਜੇ ਗੱਲ ਕੋਈ ਨਹੀਂ ਸੀ ਕੀਤੀ। ਮੈਨੂੰ ਉਲਟੀਆਂ ਆ ਰਹੀਆਂ ਸਨ। ਸੁੱਕੇ ਬੱਤ ਆਉਂਦੇ ਤਾਂ ਜਿਵੇਂ ਮੇਰਾ ਕਾਲਜਾਂ ਇਕੱਠਾ ਹੋ ਜਾਂਦਾ। ਮੋ ਐਖਾ ਸਾਂ। ਸੁਰਤ ਵੀ ਕੋਈ ਨਹੀਂ ਸੀ। ਸ਼ਰਾਬ ਤੇਜ਼ ਸੀ ਤੇ ਮੈਂ ਪੀ ਵੀ ਬਹੁਤ ਹੀ ਲਈ ਸੀ। ਦਰਵਾਜ਼ੇ ਵਿਚ ਮੰਜੇ ਉਤੇ ਪਿਆ ਮੈਂ ਜ਼ਖ਼ਮੀ ਸੱਪ ਵਾਂਗ ਮੇਲ੍ਹ ਰਿਹਾ ਸਾਂ। ਕਦੇ ਉਸ ਬਾਹੀ ਨਾਲ, ਕਦੇ ਉਸ ਨਾਲ।

ਪਾਣੀ ਦੀ ਗੜਵੀ ਲੈ ਕੇ ਆਇਆ ਕੋਈ ਕੁਝ ਚਿਰ ਮੇਰੇ ਸਿਰਹਾਣੇ ਖੜਾ ਰਿਹਾ ਤੇ ਫਿਰ ਉਂਜਲ ਭਰ ਕੇ ਹਵਾੜਾਂ ਛੱਡਦਾ ਮੇਰਾ ਮੂੰਹ ਉਸ ਨੇ ਪਾਣੀ ਨਾਲ ਪੂੰਝ ਦਿੱਤਾ। ਮੇਰੇ ਬੁੱਲ੍ਹਾਂ ਨੂੰ ਉਸ ਦੇ ਨਰਮ ਨਰਮ ਪੋਟਿਆਂ ਨੇ ਸਾਫ ਕੀਤਾ ਤੇ ਫਿਰ ਪਾਣੀ ਦੀ ਗੜਵੀ ਉਸ ਨੇ ਮੇਰੇ ਮੂੰਹ ਨੂੰ ਲਾ ਦਿੱਤੀ। ਪਾਣੀ ਦੀ ਘੁੱਟ ਅੰਦਰ ਗਈ ਤੇ ਜਿਵੇਂ ਮੇਰੀ ਸੁਰਤ ਪਰਤ ਆਈ। ਮੈਨੂੰ ਲੱਗਿਆ ਜਿਵੇਂ ਉਹ ਮੇਰੀ ਸੱਸ ਹੋਵੋ। ਪਰ ਨਹੀਂ, ਉਹ ਸੱਸ ਨਹੀਂ ਸੀ। ਉਸ ਦੇ ਪੋਟੇ ਤਾਂ ਕੁਲੇ ਕੂਲੇ ਸਨ, ਅੰਗੂਰਾ ਦੀ ਛੋਹ ਵਰਗੇ। ਉਸ ਦੇ ਹੱਥ, ਤਾਂ ਨਰਮ ਨਰਮ ਸਨ, ਨਿੱਘੇ ਨਿੱਘੇ, ਘੁੱਗੀਆਂ ਵਰਗੇ,। ਫਿਰ ਮੈਂ ਸੋਚਿਆ, ਅਮਰਜੀਤ ਆਪ ਹੀ ਹੋਵੇਗੀ? ਪਰ ਨਹੀਂ, ਉਹ ਅਮਰਜੀਤ ਵੀ ਨਹੀਂ ਸੀ। ਜਦ ਉਹ ਕਰੰਟਵੈਲ ਦੀ ਆਪਣੀ ਚੁੰਨੀ ਨਾਲ ਮੇਰਾ ਮੂੰਹ ਪੂੰਝ ਰਹੀ ਸੀ, ਮੈਂ ਅੱਖਾਂ ਪੁੱਟ ਕੇ ਦੇਖਿਆ, ਇਹ ਤਾਂ ਉਹ ਕੁੜੀ ਸੀ- ਮਹਿੰਦੀ ਲਾਉਣ ਵਾਲੀ ਕੁੜੀ। ਪਤਲੀ ਜਿਹੀ, ਬੱਗੇ ਜਿਹੇ ਰੰਗ ਵਾਲੀ, ਮਧਰੀ ਜਿਹੀ, ਸਾਊ ਸਾਊ ਅੱਖਾਂ ਵਾਲੀ ਕੁੜੀ, ਵਿੰਦਰ।

ਮੁੰਕਦ, ਤੂੰ ਔਖਾ ਤਾਂ ਨੀਂ ਬਾਹਲਾ?‘ ਮੇਰੇ ਮੱਥੇ ਉਤੋਂ ਸਿਰ ਦੇ ਵਾਲ ਆਪਣੀ ਹਥੇਲੀ ਨਾਲ ਪਿਛਾਂਹ ਹਟਾ ਕੇ ਉਸ ਨੇ ਪੁੱਛਿਆ। ਬੇਸੁਰਤੀ ਵਿਚ ਮੇਰੀ ਪੱਗ ਪਤਾ ਨਹੀਂ ਕਿਥੇ ਡਿੱਗੀ ਪਈ ਸੀ।

ਮੇਰੇ ਮੂੰਹੋਂ ਸਿਰਫ ਐਨੀ ਗੱਲ ਹੀ, ਨਿਕਲੀ, ‘ਹਾਏ! ਅਮਰਜੀਤ ਨੇ ਬੁਲਾ ਦੇ।

ਅਮਰਜੀਤ ਕਿਵੇਂ ਆਜ?‘ ਉਹ ਘੁਰਕੀ ਲੈ ਕੇ ਪਈ।

ਹਾਏ ਅਮਰਜੀਤ! ਹਾਏ ਨੀਂ ਮਰ ਗਿਆ ਮੈਂ!‘ ਮੈਨੂੰ ਸ਼ਰਾਬੀਆਂ ਵਾਲਾ ਬੌੜ ਫੁੱਟ ਪਿਆ ਸੀ।

ਤੈਂ ਅਮਰਜੀਤ ਤੋਂ ਕੀ ਲੈਣਾ ਐ? ਮੈਨੂ ਦੱਸ, ਜਿਹੜੀ ਗੱਲ ਐ?‘ ਵਿੰਦਰ ਨੇ ਮੇਰੇ ਸਿਰ ਦਾ ਜੂੜਾ ਕਸ ਕੇ ਬੰਨ ਦਿੱਤਾ। ਦੋ ਤਿੰਨ ਸੁੱਕੇ ਵੱਤ ਮੈਨੂੰ ਫਿਰ ਆਏ। ਮੇਰਾ ਕਾਲਜਾਂ ਇੱਕਠਾ ਹੋ ਕੇ ਜਿਵੇਂ ਗਲ ਵਿਚ ਆ ਫਸਿਆ ਸੀ। ਮੇਰੀ ਜ਼ਾਨ ਨਿਕਲਣ ਵਾਲੀ ਹੋ ਗਈ। ਉਸ ਨੇ ਮੇਰੀਆਂ ਦੋਵੇਂ ਪੁੜਪਤੀਆਂ ਘੁੱਟ ਲਈਆਂ। ਚੁੰਨੀ ਦੇ ਲੜ ਨਾਲ ਮੇਰਾ ਮੂੰਹ ਪੂੰਝਿਆ। ਗੜਵੀ ਵਿਚੋਂ ਪਾਣੀ ਦੀ ਘੁੱਟ ਭਰਵਾਈ ਮੈਂ ਕੁਰਲੀ ਕੀਤੀ। ਦਰਵਾਜ਼ੇ ਵਿਚ ਘੁੱਪ ਹਨੇਰਾ ਸੀ। ਝਲਾਨੀ ਵਿਚ ਚੁਲ੍ਹਾ ਵੀ ਅੱਗ ਨਾਲ ਮਘਿਆ ਹੋਇਆ ਸੀ। ਚੁੱਲ੍ਹੇ ਉਤੇ ਦੁੱਧ ਦਾ ਪਤੀਲਾ ਕੜ੍ਹ ਰਿਹਾ ਸੀ। ਸਬਾਤ ਵਿਚ ਅੰਨ੍ਹੀ ਜਿਹੀ ਲਾਲਟੈਣ ਦਾ ਪੀਲਾ ਚਾਨਣ ਸੀ।

ਵੱਖੀ ਪਰਨੇ ਪਏ ਦੀ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈ। ਵਿੰਦਰ ਪਤਾ ਨਹੀਂ ਮੇਰੇ ਕੋਲੋਂ ਚਲੀ ਗਈ। ਸੱਸ ਦੁੱਧ ਦਾ ਗਲਾਸ ਲੈ ਕੇ ਆਈ। ਮੇਰੇ ਅੰਦਰ ਤਾਂ ਪਾਣੀ ਦੀ ਤਿੱਪ ਮਸਾਂ ਪਚਦੀ ਸੀ। ਦੁੱਧ ਨੂੰ ਕਿਵੇਂ ਮੂੰਹ ਲਾਉਂਦਾ। ਦਰਵਾਜੇ ਵਿਚੋਂ ਉਂਘਲਾਇਆ ਜਿਹਾ ਉੱਠ ਕੇ ਮੈਂ ਪੌੜੀਆਂ ਚੜਿਆ ਤੇ ਚੁਬਾਰੇ ਵਿਚ ਜਾ ਪਿਆ। ਪੈਣ ਸਾਰ ਸੌਂ ਗਿਆ।

ਦੂਜੇ ਦਿਨ ਤੜਕੇ ਹੀ ਵਿੰਦਰ ਪਤਾ ਨਹੀਂ ਕੀ ਕਿਥੋਂ ਕੋਈ ਦਵਾਈ ਲਿਆਈ ਤੇ ਪਾਣੀ ਦੇ ਗਲਾਸ ਵਿਚ ਘੋਲ ਕੇ ਉਹ ਮੈਨੂੰ ਪਿਆ ਗਈ। ਦਵਾਈ ਪੀ ਕੇ ਮੈਨੂੰ ਦੋ ਤਿੰਨ ਡਕਾਰ ਆ ਗਏ ਤੇ ਮੇਰਾ ਅੰਦਰ ਖੁਲ੍ਹ ਜਿਹਾ ਗਿਆ।

ਗੰਨਾ ਜੇ ਕਿਤੋਂ ਮਿਲਜੇ ਤਾਂ ਸਾਰਾ ਧੋਤਾ ਜਾਵੇ। ਮਿਲਜੂ ਮਾਂ ਜੀ ਕਿਤੋਂ?‘ ਮੈਂ ਸੱਸ ਤੋਂ ਪੁੱਛਿਆ।

ਗੰਨਿਆਂ ਦੀ ਰੁੱਤ ਵੀ ਐ ਹੁਣ ਕੋਈ, ਜੀਜਾ ਮੇਰਿਆ? ਪਾੜ੍ਹਾ ਈ ਰਹਿ ਗਿਆ ਨਾ ਬੱਸ।’ ਵਿੰਦਰ ਲੋਟ ਪੋਟ ਹੋ ਗਈ। ਮੇਰੀ ਸੱਸ ਵੀ ਹੱਸ ਪਈ। ਦੇਸੂ ਤੇ ਮੱਖਣ ਕੋਲ ਬੈਠਾ ਪੋਲਾ ਪੋਲਾ ਮੁਸਕਰਾਏ। ਮੈਨੂੰ ਉਨ੍ਹਾਂ ਮੁਹਰੇ ਸੰਗ ਲੱਗੀ।

ਉਸੇ ਦਿਨ ਦੁਪਿਹਰ ਦੀ ਰੋਟੀ ਖਾਣ ਪਿੱਛੋਂ ਅਸੀਂ ਅਮਰਜੀਤ ਨੂੰ ਲੈ ਕੇ ਪਿੰਡ ਆ ਗਏ। ਦੇਸੂ ਤੇ ਮੱਖਣ ਤਾਂ ਇਕ ਸਾਈਕਲ ਉਤੇ ਪਿੰਡ ਪਹੁੰਚ ਗਏ ਸਨ। ਰੱਥ ਵਿਚ ਮੈਂ ਤੇ ਅਮਰਜੀਤ ਹੀ ਸਾਂ। ਰਾਹ ਵਿਚ ਕਿੰਨੀਆਂ ਗੱਲਾਂ ਅਸੀਂ ਕਰ ਲਈਆਂ। ਗੱਲਾਂ ਗੱਲਾਂ ਵਿਚ ਵਿੰਦਰ ਦੀ ਗੱਲ ਵੀ ਛਿੜ ਗਈ। ਉਸ ਦੀ ਗੱਲ ਮੈਂ ਜਾਣ ਕੇ ਹੀ ਛੇੜੀ ਸੀ। ਉਸ ਕੜੀ ਦੇ ਵਿਵਹਾਰ ਨੇ ਤਾਂ ਮੇਰੇ ਅੰਦਰ ਕੋਈ ਖ਼ਾਸ ਥਾਂ ਬਣਾ ਲਈ ਸੀ।

ਅਮਰਜੀਤ ਨੇ ਮੈਨੂੰ ਦੱਸਿਆ ਕਿ ਵਿੰਦਰ ਦੀ ਆਪਣੇ ਪ੍ਰਾਹੁਣੇ ਨਾਲ ਬਣਦੀ ਨਹੀਂ, ਵਿੰਦਰ ਦਾ ਵੱਡਾ ਭਣੋਈਆ ਜਦ ਏਥੇ ਆਉਂਦਾ ਹੈ, ਵਿੰਦਰ ਜੇ ਏਥੇ ਹੋਵੋ ਤਾਂ ਉਸ ਦੀ ਐਨੀ ਸੇਵਾ ਕਰਦੀ ਹੈ ਕਿ ਰਹੇ ਰੱਬ ਦਾ ਨਾਉਂ। ਇਹਦਾ ਭਣੋਈਆ ਸਮਝਦਾ ਵੀ ਇਹਨੂੰ ਛੋਟੀ ਭੈਣ ਵਾਂਗ ਹੈ। ਵਿੰਦਰ ਦਾ ਪ੍ਰਾਹੁਣਾ ਪਰ ਇਹ ਦੇ ਸੁਭਾਅ ਉੱਤੇ ਸ਼ੱਕ ਕਰਦਾ ਹੈ।

ਅਮਰਜੀਤ ਜਦ ਦਰੌਜਾ ਲੈ ਕੇ ਆਈ, ਉਸ ਨੇ ਦੱਸਿਆ ਕਿ ਵਿੰਦਰ ਦਾ ਪ੍ਰਾਹੁਣਾ ਦੂਜਾ ਵਿਆਹ ਕਰਵਾਉਣ ਨੂੰ ਫਿਰਦਾ ਹੈ। ਮੇਰਾ ਦਿਲ ਢੇਰੀ ਹੋ ਗਿਆ, ਵਿੰਦਰ ਵਰਗੀ ਕੁੜੀ ਦੀ ਆਹ ਹਾਲਤ।

ਦਰੌਜੇ ਅਮਰਜੀਤ ਨੂੰ ਲੈਣ ਜਦ ਮੈਂ ਗਿਆ ਸਾਂ ਤਾਂ ਵਿੰਦਰ ਉਥੇ ਹੀ ਸੀ। ਪਰ ਉਹ ਸਾਡੇ ਘਰ ਨਹੀਂ ਸੀ ਆਈ। ਉਹ ਤਾਂ ਉਦੋਂ ਦੇਹਲੀਓਂ ਬਾਹਰ ਪੈਰ ਨਹੀਂ ਸੀ ਧਰਦੀ। ਬੁੜ੍ਹੀਆਂ ਸੌ ਸੌ ਗੱਲਾਂ ਬਣਾਉਂਦੀਆਂ ਸਨ।

ਉਸ ਤੋਂ ਬਾਅਦ ਜਦ ਕਦੇ ਮੈਂ ਸਹੁਰੇ ਜਾਂਦਾ, ਵਿੰਦਰ ਕਦੇ ਵੀ ਨਾ ਮਿਲਦੀ। ਕਦੇ ਉਹ ਨਾਨਕੀਂ ਗਈ ਹੁੰਦੀ, ਕਦੇ ਭੂਆ ਕੋਲ, ਕਦੇ ਮਾਸੀ ਕੋਲ, ਕਦੇ ਕਿਤੇ ਤੇ ਕਦੇ ਕਿਤੇ। ਉਸ ਦਾ ਪ੍ਰਾਹੁਣਾ ਹੁਣ ਉਸ ਨੂੰ ਲੈ ਕੇ ਨਹੀਂ ਸੀ ਜਾਂਦਾ! ਰੰਗਾੜਉ ਉਹ ਵੀ ਪੁਰਾ ਰੱਖਦੀ।

ਮੈਂ ਉਸ ਨੂੰ ਇਕ ਵਾਰ ਮਿਲਣਾ ਚਾਹੁੰਦਾ ਸਾਂ, ਮਿਲ ਕੇ ਉਸ ਦਾ ਦੁੱਖ ਪੁੱਛਣਾ ਚਾਹੁੰਦਾ ਸਾਂ। ਮੁੰਡੇ ਦੀ ਸੁਸ਼ਕ ਲੈ ਕੇ ਅਮਰਜੀਤ ਆਈ ਤਾਂ ਉਸ ਨੇ ਦੱਸਿਆ ਕਿ ਵਿੰਦਰ ਮਿਲੀ ਸੀ। ਉਹ ਤਾਂ ਸੁੱਕ ਕੇ ਤਾਂਬੜ ਬਣੀ ਪਈ ਹੈ, ਨਿਰੀ ਫੱਟੀ ਚਿਹਰਾ ਝੁਰੜਾ ਗਿਆ ਹੈ। ਅੱਖਾਂ ਦੇ ਘੇਰੇ ਕਾਲੇ ਹੋ ਗਏ ਹਨ। ਮੂੰਹ ਵਿਚ ਬੋਲ ਨਹੀਂ। ਖੁੱਦੋ ਵਾਂਗ ਬੁੜ੍ਹਕਣ ਟੱਪਣ ਵਾਲੀ ਤਾਂ ਉਹ ਵਿੰਦਰ ਹੀ ਨਹੀਂ ਰਹੀ।

ਉਸ ਦਾ ਕੁਦਰਤੀ ਖੁੱਲ੍ਹਾ ਸੁਭਾਅ ਉਸ ਲਈ ਇਕ ਸਰਾਪ ਬਣ ਗਿਆ ਸੀ। ਉਸ ਦਾ ਮੱਚੜ ਪ੍ਰਾਹੁਣਾ ਉਸ ਦੀ ਖੁੱਲ੍ਹ ਨੂੰ ਦੇਖ ਕੇ ਸਗੋਂ ਹੋਰ ਵਲ ਖਾ ਗਿਆ ਹੋਵੇਗਾ। ਵਿੰਦਰ ਦਾ ਕੀ ਕਸੂਰ? ਜਾਂ ਤਾਂ ਉਹ ਉਸ ਮੱਚੜ ਦੀ ਜੇਬ ਵਿਚ ਪੈ ਜਾਂਦੀ ਤੇ ਜਾਂ ਆਪਣੇ ਮੋਹ ਦੇ ਸੇਕ ਵਿਚ ਉਹਦਾ ਮੱਚੜਪੁਣਾ ਖੋਰ ਦਿੰਦੀ। ਉਸ ਅਣਭੋਲ ਨੂੰ ਕੀ ਪਤਾ ਸੀ ਕਿ ਉਸ ਦੇ ਹੱਸਦੇ ਦੰਦਾਂ ਨੂੰ ਇਕ ਦਿਨ ਹਥੌੜੇ ਦੀ ਸੱਟ ਪਵੇਗੀ ਤੇ ਉਹਦੇ ਮੂੰਹ ਵਿਚੋਂ ਸਦਾ ਲਈ ਹਾਸਾ ਮੁੱਕ ਜਾਵੇਗਾ। ਉਸ ਨੂੰ ਕੀ ਪਤਾ ਸੀ ਕਿ ਕਿਸੇ ਓਪਰੇ ਬੰਦੇ ਨਾਲ ਹੱਸ ਕੇ ਬੋਲ ਲੈਣਾ ਤੇ ਖੁੱਲ੍ਹ ਕੇ ਗੱਲ ਕਰ ਲੈਣੀ ਵੀ ਪਤੀ-ਧਰਮ ਦੇ ਉਲਟ ਹੈ। ਦੂਜਿਆਂ ਨਾਲ ਹੱਸਣਾ ਬੋਲਣਾ ਪਤੀ-ਧਰਮ ਦੇ ਉਲਟ ਕੋਈ ਕਿਉਂ ਸਮਝਦਾ ਹੈ ? ਉਹ ਸਮਝ ਨਾ ਸਕੀ। ਇਹੋ ਜਿਹਾ ਵੀ ਕੋਈ ਮਨੁੱਖ ਹੁੰਦਾ ਹੈ ਜਿਹੜਾ ਅੱਖੀਂ ਦੇਖੋ ਬਿਨਾਂ ਹੀ ਆਪਣੀ ਤੀਵੀਂ ਉਤੇ ਕੋਈ ਸ਼ੱਕ ਕਰ ਲਵੇ। ਤਰ੍ਹਾਂ ਤਰ੍ਹਾਂ ਦੇ ਉਸ ਨੂੰ ਸਵਾਲ ਪੁੱੱਛੇ। ਤਰ੍ਹਾਂ ਤਰ੍ਹਾਂ ਦੀਆਂ ਉਸ ਨਾਲ ਗੱਲਾਂ ਕਰੇ। ਵਿੰਦਰ ਵਿਚਾਰੀ ਸਮਝ ਨਾ ਸਕੀ। ਉਸਦੇ ਅੰਦਰ ਕਿਸੇ ਸੱਚ ਦੀ ਹੈਂਕੜ ਸੀ। ਓੁਸ ਹੈਂਕੜ ਨੇ ਹੀ ਉਸ ਨੂੰ ਡੋਬਿਆ।

ਵਿਚਾਰੀ ਵਿੰਦਰ!

ਉਹ ਆਪਣੇ ਆਪ ਵਿਚ ਕੈਦ ਸੀ। ਆਪਣੇ ਉਸ ਸੁਭਾਅ ਉਤੇ ਹੁਣ ਉਸ ਨੂੰ ਝੋਰਾ ਸੀ। ਜੋ ਕਦੇ ਪਹਿਲੇ ਦਿਨੋਂ ਹੀ ਉਹ ਏਵੇਂ ਜਿਵੇਂ ਚੁੱਪ ਕੀਤੀ ਜਿਹੀ ਰਹਿੰਦੀ? ਕੀ ਲੈਣਾ ਸੀ ਉਸ ਨੇ ਭਣੋਈਏ ਦੀ ਟਹਿਲ-ਸੇਵਾ ਤੋਂ?

ਕੰਮ ਕਾਰ ਵਿਚ ਐਨਾ ਰੁੱਝ ਗਿਆ ਸਾਂ ਕਿ ਮੈਂ ਕਈ ਸਾਲ ਸਹੁਰੀਂ ਨਾ ਜਾ ਸਕਿਆ। ਅਮਰਜੀਤ ਵੀ ਨਹੀਂ ਸੀ ਗਿਆ ਤੇ ਫਿਰ ਮੇਰੀ ਬਦਲੀ ਪਿੰਡ ਤੋਂ ਕਈ ਸੌ ਮੀਲ ਦੂਰ ਹੋ ਗਈ ਸਾਲ ਵਿਚਇਕ ਅੱਧ ਵਾਰ ਮੈਂ ਪਿੰਡ ਆਉਂਦਾ ਤਾਂ ਇਕ ਦੋ ਦਿਨ ਰਹਿ ਕੇ ਚਲਾ ਜਾਂਦਾ।

ਮੇਰੇ ਸੁਹਰਿਆਂ ਦੀਆਂ ਦੋ ਸੱਜਰ-ਸੂਈਆਂ ਮੱਝਾਂ ਇਕ ਫ਼ੋਜੀ ਟੈਂਕ ਦੀ ਫੇਟ ਲੱਗ ਕੇ ਮਰ ਗਈਆਂ ਤਾਂ ਮੈਂ ਅਫਸੋਸ ਕਰਨ ਉਥੇ ਗਿਆ। ਅੱਡੇ ਉਤੇ ਬੱਸ ਵਿਚੋਂ ਉਤਰਿਆਂ ਤਾਂ ਵਿੰਦਰ ਦੀ ਮਾਂ ਨੇ ਮੇਰੀ ਪਿੱਠ ਪਛਾਣ ਕੇ ਮੈਨੂੰ ਹਾਕ ਮਾਰ ਲਈ। ਹੌਲੀ ਹੌਲੀ ਮੇਰੀਆਂ ਅੱਖਾਂ ਨੇ ਗਵਾਹੀ ਭਰੀ, ਵਿੰਦਰ ਵੀ ਕੋਲ ਖੜੀ ਸੀ। ਉਸ ਨੇ ਮੈਨੂੰ ਸਤਿ ਸੀ੍ਰ ਅਕਾਲ ਕਹੀ। ਉਹਦੇ ਬੁੱਲ੍ਹ ਮਸਾਂ ਹੀ ਫਰਕੇ। ਉਹਦੀ ਨਿਗਾਹ ਧਰਤ ਉਤੇ ਹੀ ਗੱਡੀ ਰਹੀ। ਉਹਦੀ ਗੋਦੀ ਸਾਲ ਕੁ ਭਰ ਦੀ ਕੁੜੀ ਦੁੱਧ ਚੁੰਘ ਰਹੀ ਸੀ। ਮਲਵੀਂ ਜਿਹੀ ਜੀਭ ਨਾਲ ਉਸ ਨੇ ਅਮਰਜੀਤ ਦੇ ਮੁੰਡੇ ਕੁੜੀਆਂ ਦੀ ਸੁਖ-ਸਾਂਦ ਪੁੱਛੀ। ਮਾਂਵਾਂ-ਧੀਆਂ ਦੇ ਕੋਲ ਇਕ ਬੰਦਾ ਖੜਾ ਸੀ। ਹੱਥ ਵਿਚ ਕਿਰਪਾਨ, ਮਿਆਨ ਉਤੇ ਜ਼ਰ ਖਾਧੇ ਲੋਹੇ ਦੀਆਂ ਪੱਤੀਆਂ। ਉਹਦੀ ਦਾੜ੍ਹੀ ਵਿਚ ਕੋਈ ਕੋਈ ਕਾਲਾ ਵਾਲ ਸੀ। ਮਿਚੀਆਂ ਹੋਈਆਂ ਅੱਖਾਂ ਤੇ ਮੋਟਾ ਨਕੌੜਾ। ਕਾਲੇ ਧੂਸ਼ ਰੰਗ ਵਾਲਾ ਖੁਰਦਰਾ ਚਿਹਰਾ। ਵਿੰਦਰ ਦੇ ਨਵੇਂ ਪ੍ਰਾਹੁਣੇ ਨੇ ਮੇਰੇ ਨਾਲ ਹੱਥ ਮਿਲਾਇਆ। ਅਸੀਂ ਮੀਂਹ ਤੇ ਫ਼ਸਲਾਂ ਦੀਆਂ ਗੱਲਾਂ ਛੇੜ ਲਈਆਂ।

 

***
ਟਿੱਪਣੀ : ਇਹ ਰਚਨਾ ‘’ਲਿਖਾਰੀ” ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ‘ਲਿਖਾਰੀ.ਨੈੱਟ’ ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

ਪਹਿਲੀ ਵਾਰੀ 2004-2010

ਦੂਜੀ ਵਾਰ 17 ਜੁਲਾਈ 2022

***

825

***