ਕਿਉਂ ਚਲੀ ਗਈ?-ਅਨਮੋਲ ਕੌਰ, ਕੈਨੇਡਾ- |
ਦੋ ਸ਼ਬਦ ਲੇਖਕਾ ਬਾਰੇ:
ਅਨਮੋਲ ਕੌਰ (ਕੈਨੇਡਾ) ਪੰਜਾਬੀ ਦੀ ਐਮ.ਏ. ਹਨ। ਉਂਝ ਲਿਖਣਾ ਤਾਂ ਭਾਵੇਂ ਉਹਨਾਂ ਨੇ ਦਸਵੀਂ ਜਮਾਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਸਨ ਪਰ ਕੁਝ ‘ਕਾਰਨਾਂ ਕਰਕੇ’ ਲਿਖਣਾ ਜਾਰੀ ਨਾ ਰਹਿ ਸਕਿਆ। ਹੁਣ ਉਹਨਾਂ ਨੇ ਆਪਣੇ ਪਤੀ ਸ: ਇਕਬਾਲ ਸਿੰਘ ਦੇ ਸਹਿਯੋਗ ਨਾਲ, ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ ਹੈ। ਉਹਨਾਂ ਦੀਆਂ ‘ਲਿਖਾਰੀ’ ਵਿੱਚ ਹੁਣ ਤੱਕ 15 ਕਹਾਣੀਆਂ ਛਪੀਆਂ ਹਨ। ਉਹਨਾਂ ਦੀ ਇੱਕ ਹੋਰ ਕਹਾਣੀ ‘ਕਿਉਂ ਚਲੀ ਗਈ?’, ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।—‘ਲਿਖਾਰੀ’ ***** “ਅੱਜ ਮੈਨੂੰ ਪੂਰੇ ਪੰਦਰਾਂ ਸਾਲ ਹੋ ਗਏ ਨੇ ਕਨੇਡਾ ਆਈ ਨੂੰ।” ਬਿੰਦੀ ਨੇ ਬਰੈੱਡਾਂ ਵਾਲੀ ਟਰੇ ਓਵਨ ਵਿੱਚੋਂ ਕੱਢਦੀ ਨੇ ਆਖਿਆ। “ਇਹਨਾਂ ਪੰਦਰ੍ਹਾਂ ਸਾਲਾਂ ਵਿਚ ਤੂੰ ਪੰਜਾਬ ਕਿੰਨੀ ਵਾਰੀ ਗਈ ਏਂ?” ਬੇਕਰੀ ਵਿਚ ਨਾਲ ਹੀ ਕੰਮ ਕਰਦੀ ਗਿੰਦਰ ਨੇ ਪੁੱਛਿਆ। “ਪਹਿਲਾਂ ਤਾਂ ਹਰ ਸਾਲ ਹੀ ਦੌੜ ਜਾਂਦੀ ਸੀ, ਵਿਆਹ ਕਰਾਉਣ ਦੇ ਚਾਅ ਨਾਲ, ਪਰ ਵਿਆਹ ਵਿਚਾਰੀ ਦਾ ਅਜੇ ਤੱਕ ਨਹੀਂ ਹੋਇਆ।” ਇਹ ਕਹਿ ਕੇ ਕੋਲ ਖਲੋਤੀ ਨਿੰਮੋ ਖਿੜ ਖਿੜਾ ਕੇ ਹੱਸ ਪਈ। ਨਿੰਮੋ ਦਾ ਹਾਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ‘ਬੰਨਾਂ’ ਨਾਲ ਭਰੀ ਟਰੇ ਹੀ ਉਸ ਦੇ ਸਿਰ ਵਿਚ ਮਾਰੇ। ਫਿਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਉਹ ਚੁੱਪ ਰਹੀ। ਬਿੰਦੀ ਜਦੋਂ ਪੰਜਾਬ ਆਪਣੇ ਮਾਂ ਬਾਪ ਕੋਲ ਵਿਆਹ ਕਰਵਾਉਣ ਜਾਂਦੀ, ਉਹ ਇਕ ਦੋ ਸਾਲ ਹੋਰ ਉਡੀਕ ਕਰਨ ਲਈ ਕਹਿ ਦਿੰਦੇ। ਬਿੰਦੀ ਬਹੁਤ ਹੀ ਸਾਊ ਕੁੜੀ ਹੋਣ ਕਾਰਨ ਮੰਨ ਜਾਂਦੀ। ਜਦੋਂ ਉਸ ਦੇ ਮਾਸੀ ਮਾਸੜ ਜੀ ਕਨੇਡਾ ਆਪਣੇ ਪੁੱਤ ਕੋਲ ਆਏ ਸਨ, ਉਸ ਨੂੰ ਵੀ ਆਪਣੀ ਧੀ ਬਣਾ ਕੇ ਨਾਲ ਲੈ ਆਏ ਸਨ। ਬਹੁਤ ਚਿਰ ਬਿੰਦੀ ਆਪਣੇ ਮਾਸੀ ਮਾਸੜ ਨੂੰ ਹੀ ਮੰਮੀ ਡੈਡੀ ਦੱਸਦੀ ਰਹੀ। ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਮਾਂ ਬਾਪ ਪੰਜਾਬ ਵਿਚ ਹੀ ਹਨ। ਬਹੁਤ ਦੇਰ ਤੋਂ ਬਿੰਦੀ ਦੋ ਦੋ ਸ਼ਿਫਟਾਂ ਕੰਮ ਕਰ ਰਹੀ ਸੀ। ਆਪਣੇ ਖਰਚੇ ਜੋਗੇ ਪੈਸੇ ਕੋਲ ਰੱਖ ਕੇ ਬਾਕੀ ਮਾਂ-ਬਾਪ ਨੂੰ ਭੇਜ ਦੇਂਦੀ। ਪਹਿਲਾਂ ਮਾਸੀ ਮਾਸੜ ਕੋਲ ਰਹਿਣ ਕਰਕੇ ਖਰਚਾ ਵੀ ਬਹੁਤਾ ਨਹੀਂ ਸੀ ਹੁੰਦਾ। ਪਿਛਲੇ ਸਾਲ ਤੋਂ ਹੀ ਕਿਸੇ ਕੁੜੀ ਨਾਲ ਬੇਸਮੈਂਟ ਵਿਚ ਰਹਿਣ ਲੱਗ ਪਈ। ਜਦੋਂ ਬਿੰਦੀ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ, “ਬਿੰਦੀ, ਮਿੱਠੀ ਪਿਆਰੀ ਹੋ ਕੇ ਮਾਸੀ ਵਿਚ ਹੀ ਰਹੀ ਜਾਂਦੀ, ਤੇਰੇ ਪੈਸੇ ਤਾਂ ਬਚੇ ਰਹਿੰਦੇ।” “ਬੀਬੀ, ਮੈਂ ਤਹਾਨੂੰ ਅੱਗੇ ਵੀ ਦੱਸਿਆ ਸੀ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਆ।” “ਪੁੱਤ, ਲਾਰੇ ਲਾ ਕੇ ਆਪਣਾ ਮਤਲਬ ਕੱਢੀਦਾ ਐ।” “ਮੇਰੇ ਕੋਲੋਂ ਇਸ ਤਰ੍ਹਾਂ ਨਹੀਂ ਹੁੰਦਾ।” “ਅੱਛਾ, ਚੱਲ ਛੱਡ ਮਾਸੜ ਨੂੰ; ਅਸੀਂ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲੱਭਾਂਗੇ। ਐਤਕੀਂ ਪੈਸੇ ਛੇਤੀ ਭੇਜ ਦਈਂ, ਤੇਰੇ ਵੀਰੇ ਜਿਦੂੰ ਨੂੰ ਪੜ੍ਹਨ ਲਈ ਹੋਸਟਲ ਵਿਚ ਪਾਉਣਾ ਆ।” ਬਿੰਦੀ ਬੀਬੀ ਧੀ ਬਣ ਕੇ ਜਿਵੇਂ ਉਸ ਦੇ ਮਾਂ ਪਿਓ ਆਖਦੇ, ਕਰੀ ਜਾਂਦੀ। ਸ਼ਿਫਟਾਂ ਵਿਚ ਕੰਮ ਕਰ ਕੇ ਉਹ ਪੈਸੇ ਲਗਾਤਾਰ ਆਪਣੇ ਮਾਪਿਆਂ ਨੂੰ ਭੇਜੀ ਗਈ, ਜਿਨ੍ਹਾਂ ਨਾਲ ਉਨ੍ਹਾਂ ਨੇ ਪਿੰਡ ਵਿਚ ਸੁਹਣਾ ਘਰ ਬਣਾ ਲਿਆ, ਟਰੈਕਟਰ ਆ ਗਿਆ। ਭਰਾ ਹੋਸਟਲ ਵਿਚ ਪੜ੍ਹਦਾ ਘੱਟ ਤੇ ਮੌਜ ਮਸਤੀ ਜ਼ਿਆਦਾ ਕਰਦਾ। ਅਜੇ ਵੀ ਬਿੰਦੀ ਆਪਣੇ ਨਾਲੋਂ ਆਪਣੇ ਮਾਪਿਆਂ ਦਾ ਫਿਕਰ ਵੱਧ ਕਰਦੀ। ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇਕ ਦੂਜੀ ਨੂੰ ਗੁੱਝੀਆਂ ਟਿੱਚਰਾਂ ਕਰਦੀਆਂ ਤਾਂ ਉਸ ਦਾ ਦਿਲ ਵੀ ਵਿਆਹ ਕਰਵਾਉਣ ਨੂੰ ਕਰਦਾ। ਗਿੰਦਰ ਉਸ ਦਾ ਮੂੰਹ ਦੇਖ ਕੇ ਇਹ ਭੇਦ ਸਮਝ ਜਾਂਦੀ ਤੇ ਕਹਿ ਦੇਂਦੀ, “ਬਿੰਦੀ, ਆਪਣੇ ਘਰਦਿਆਂ ਤੋਂ ਵਿਆਹ ਦੀ ਆਸ ਲਾਹ ਛੱਡ। ਉਹਨਾਂ ਨੂੰ ਤਾਂ ਤੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਏਂ। ਉਹਨਾਂ ਸਹਿਜੇ ਕੀਤੇ ਤੇਰਾ ਵਿਆਹ ਨਾ ਕੀਤਾ।” “ਮੈਂ ਤਾਂ ਇਹਨੂੰ ਬਥੇਰਾ ਕਿਹਾ,” ਨਿੰਮੋ ਨੇ ਆਪਣਾ ਦਾਅ ਦੱਸਿਆ, “ਮੇਰਾ ਭਰਾ ਪੰਜਾਬ ਤੋਂ ਮੰਗਾ ਲਾ, ਅਸੀਂ ਰਲ ਮਿਲ ਕੇ ਤੁਹਾਨੂੰ ਘਰ ਲੈ ਦੇਵਾਂਗੇ। ਤੁਸੀਂ ਐਸ਼ ਕਰਿਉ। ਪਰ ਇਹ ਕੰਨ ਹੀ ਨਹੀਂ ਧਰਦੀ। ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ।” “ਦੀਦੀ, ਤੁਸੀਂ ਮੇਰੇ ਘਰਦਿਆਂ ਦੇ ਖਿਲਾਫ਼ ਕੋਈ ਗੱਲ ਨਾ ਕਰਿਆ ਕਰੋ। ਕਦੀ ਮਾਪੇ ਵੀ ਕੁਮਾਪੇ ਹੋ ਸਕਦੇ ਆ?” ਇਕ ਹੋਰ ਕੁੜੀ ਬੋਲੀ, “ਭੋਲੀਏ ਭੈਣ ਮੇਰੀਏ, ਇਹ ਕੱਲਯੁਗ ਆ। ਮਤਲਬ ਦੀ ਖਾਤਰ ਬਥੇਰੇ ਮਾਪੇ ਕੁਮਾਪੇ ਹੁੰਦੇ ਦੇਖੇ ਆ।” “ਅੱਗੇ ਤਾਂ ਸਹੁਰੇ ਨੂੰਹਾਂ ਦੇ ਦਾਜ ਦੇ ਲਾਲਚੀ ਸੁਣਦੇ ਸਾਂ, ਹੁਣ ਕਈ ਮਾਪੇ ਧੀਆਂ ਦੀ ਕਮਾਈ ਦੇ ਲਾਲਚੀ ਹੋ ਗਏ ਆ।” ਨਿੰਮੋ ਨੇ ਆਪਣੀ ਰਾਏ ਦੱਸੀ। ਬਿੰਦੀ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰ ਕੇ ਲਗਾਤਾਰ ਕੰਮ ਕਰੀ ਗਈ ਅਤੇ ਕਮਾਈ ਮਾਪਿਆਂ ਨੂੰ ਭੇਜੀ ਗਈ। ਇਕ ਦਿਨ ਉਹਨੇ ਆਪਣੀ ਮਾਂ ਨੂੰ ਪੁੱਛ ਲਿਆ, “ਬੀਬੀ, ਤੁਸੀਂ ਮੇਰੇ ਵਿਆਹ ਬਾਰੇ ਕੁੱਝ ਸੋਚਿਆ? ਜਾਂ ਫਿਰ ਮੈਨੂੰ ਆਪ ਹੀ …।” ਮਾਂ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਕਹਿ ਦਿੱਤਾ , “ਨਾ ਨਾ ਪੁੱਤ! ਚੰਗੇ ਘਰਾਂ ਦੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ। ਤੇਰਾ ਵਿਆਹ ਅਸੀਂ ਗੱਜ ਵੱਜ ਕੇ ਕਰਾਂਗੇ। ਬੱਸ, ਧੀਰਜ ਰੱਖ ਜਰਾ।” ਧੀਰਜ ਰੱਖਦੀ ਬਿੰਦੀ ਕੰਮ ਤੋਂ ਛੁੱਟੀ ਵੀ ਘੱਟ ਹੀ ਕਰਦੀ। ਸਮੇਂ ਅਤੇ ਥਕਾਵਟ ਨੇ ਉਸਦੇ ਚਿਹਰੇ ‘ਤੇ ਪਹਿਲਾਂ ਵਾਲੀ ਟਹਿਕ ਨਹੀਂ ਸੀ ਰਹਿਣ ਦਿੱਤੀ। ਉਸ ਦੀਆਂ ਅੱਖਾਂ ਦੁਆਲੇ ਕਾਲੇ ਘੇਰੇ ਦਿਸਣ ਲੱਗ ਪਏ ਸਨ ਅਤੇ ਮੂੰਹ ਉੱਪਰ ਛਾਈਆਂ ਵੀ। ਘਰਦਿਆਂ ਦੇ ਵਤੀਰੇ ਤੋਂ ਬਿੰਦੀ ਨੂੰ ਇੰਝ ਲਗਦਾ ਜਿਵੇਂ ਉਹਨਾਂ ਨੂੰ ਉਸ ਦੇ ਵਿਆਹ ਦਾ ਕੋਈ ਫਿਕਰ ਹੀ ਨਾ ਹੋਵੇ। ਨਾਲ ਕੰਮ ਕਰਦੀਆਂ ਕੁੜੀਆਂ ਦੀਆਂ ਗੱਲਾਂ ਉਸ ਨੂੰ ਸੱਚੀਆਂ ਜਾਪਣ ਲੱਗਦੀਆਂ। ਅੱਜ ਬਿੰਦੀ ਅਜੇ ਕੰਮ ’ਤੇ ਪਹੁੰਚੀ ਹੀ ਸੀ ਕਿ ਜਾਂਦੀ ਨੂੰ ਗਿੰਦਰ ਕਹਿਣ ਲੱਗੀ, “ਤੈਨੂੰ ਆਖਰੀ ਵਾਰ ਰਿਸ਼ਤੇ ਲਈ ਕਹਿਣ ਲੱਗੀ ਆਂ। ਮੇਰੀ ਭੂਆ ਦਾ ਮੁੰਡਾ ਰਫਿਊਜ਼ੀ ਆਇਆ ਏ। ਬਹੁਤ ਹੀ ਚੰਗਾ ਆ। ਇਕ ਵਾਰੀ ਨਿਗਾਹ ਤਾਂ ਮਾਰ ਲੈ।” “ਅੱਛਾ, ਚੱਲ ਕਰ ਲੈ ਗੱਲ ਆਪਣੀ ਭੂਆ ਦੇ ਮੁੰਡੇ ਨਾਲ।” ਪਤਾ ਨਹੀਂ ਬਿੰਦੀ ਦੇ ਮੂੰਹੋਂ ਕਿਵੇਂ ਨਿਕਲ ਗਿਆ। ਜਾਂ ਫਿਰ ਉਸ ਦੀ ਢਲਦੀ ਉਮਰ ਆਪ ਹੀ ਬੋਲ ਉੱਠੀ, “ਐਤਕੀਂ ਤੂੰ ਵਿਚੋਲਣ ਬਣ ਹੀ ਜਾ।” “ਤੂੰ ਵਿਚੋਲਣ ਬਣਾਉਣ ਵਾਲੀ ਤਾਂ ਬਣ।” ਗਿੰਦਰ ਨੇ ਸੋਟੀ ਥਾਂ ਤੇ ਵੱਜੀ ਦੇਖ ਕੇ ਕਿਹਾ, “ਤੂੰ ਦੱਸ, ਕਦੋਂ ਮਿਲਾਵਾਂ ਆਪਣੇ ਹੀਰੇ ਵਰਗੇ ਭਰਾ ਨਾਲ?” “ਆਉਂਦੇ ਵੀਕਐਂਡ ਤੇ ਕਰ ਲਈਏ ਮੁਲਾਕਾਤ?” “ਠੀਕ ਆ, ਤੂੰ ਇਕ ਕੁ ਵਜੇ ਸਾਡੇ ਘਰ ਆ ਜਾਵੀਂ।” “ਮੈਂ ਤੇਰੇ ਘਰ ਨਹੀਂ ਆਉਣਾ, ਤੂੰ ਉਸ ਨੂੰ ਲੈ ਕੇ ਮੇਰੀ ਬੇਸਮੈਂਟ ਵਿਚ ਇਕ ਵਜੇ ਆ ਜਾਵੀਂ।” “ਚੱਲ, ਅਸੀਂ ਆ ਜਾਵਾਂਗੇ।” ਗਿੰਦਰ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਸ ਦੀ ਭੂਆ ਦਾ ਪੁੱਤ ਕਿਸੇ ਤਰ੍ਹਾਂ ‘ਫਰੀ’ ਹੋ ਜਾਵੇ। ਐਤਵਾਰ ਨੂੰ ਗਿੰਦਰ ਮੁੰਡੇ ਨੂੰ ਨਾਲ ਲੈ ਕੇ ਬਿੰਦੀ ਦੀ ਬੇਸਮੈਂਟ ਤੇ ਜਾ ਪੁੱਜੀ। ਬਿੰਦੀ ਦੇ ਨਾਲ ਰਹਿੰਦੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ। ਕਮਰੇ ਤੋਂ ਬਾਹਰ ਆ ਕੇ ਬਿੰਦੀ ਨੇ ਸੰਗਦੀ ਹੋਈ ਨੇ ਸਤਿ ਸ੍ਰੀ ਅਕਾਲ ਬੁਲਾਈ। ਮੁੰਡਾ ਬਿੰਦੀ ਨੂੰ ਬਣਦਾ-ਤਣਦਾ ਲੱਗਿਆ। ਸਮੋਸੇ ਅਤੇ ਬਰਫੀ ਦੀਆਂ ਪਲੇਟਾਂ ਮੇਜ਼ ਉੱਪਰ ਰੱਖ ਕੇ ਬਿੰਦੀ ਕੁਰਸੀ ਤੇ ਬੈਠ ਗਈ। ਗਿੰਦਰ ਨੇ ਗੱਲ ਤੋਰੀ, “ਭਾਈ, ਹੁਣ ਮੈਂ ਤੁਹਾਨੂੰ ਆਹਮਣੇ-ਸਾਹਮਣੇ ਕਰ ਦਿੱਤਾ ਹੈ। ਤੁਸੀਂ ਆਪ ਹੀ ਇਕ ਦੂਜੇ ਬਾਰੇ ਪੁੱਛ-ਪੜਤਾਲ ਕਰ ਲਵੋ।” “ਤੁਸੀਂ ਕਿਹੜੇ ਕਾਲਜ ਵਿਚ ਪੜ੍ਹੇ ਹੋ?” ਮੁੰਡੇ ਨੇ ਸਵਾਲ ਕੀਤਾ। “ਮੈ ਤਾਂ ਦਸਵੀਂ ਤੱਕ ਹੀ ਪੜ੍ਹੀ ਹਾਂ।” ਰਸਮੀ ਗੱਲਾਂਬਾਤਾਂ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ ਤਿੰਨ ਸਾਲ ਬਿੰਦੀ ਤੋਂ ਛੋਟਾ ਸੀ। ਬਿੰਦੀ ਚਾਹ ਪਾਣੀ ਪੀਣ ਤੋਂ ਬਾਅਦ ਜੂਠੇ ਭਾਂਡੇ ਚੁੱਕ ਕੇ ਕਿਚਨ ਵਿਚ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਿਹੀ ਗਿੰਦਰ ਨੂੰ ਕਿਹਾ, “ਭੈਣ, ਕੁੜੀ ਤਾਂ ਠੀਕ ਹੀ ਆ, ਜਿੰਨੀ ਉਮਰ ਤੂੰ ਦੱਸਦੀ ਹੈਂ, ਉਸ ਤੋਂ ਵੀ ਇਹ ਕਾਫੀ ਵੱਡੀ ਲੱਗਦੀ ਹੈ।” “ਤੂੰ ਉਮਰ ਦੇਖਣੀ ਹੈ, ਜਾਂ ਇੱਥੇ ਪੱਕਾ ਹੋਣਾ ਆ।” “ਇਹ ਵੀ ਠੀਕ ਆ ਭੈਣ। ਫਿਰ ਤੂੰ ਕਰਦੇ ਹਾਂ। ਬਾਕੀ ਬਾਅਦ ਵਿਚ ਦੇਖੀ ਜਾਊਗੀ।” ਜਦੋਂ ਬਿੰਦੀ ਭਾਂਡੇ ਕਿਚਨ ਵਿਚ ਰੱਖ ਕੇ ਮੁੜੀ ਤਾਂ ਗਿੰਦਰ ਨੇ ਉਸ ਨੂੰ ਦੱਸਿਆ, “ਕੁੱਕੂ ਕਹਿੰਦਾ ਹੈ ਕਿ ਉਸ ਲਈ ਤਾਂ ਸਭ ਠੀਕ ਹੈ, ਹੁਣ ਤੂੰ ਦੱਸ।” “ਮੈਨੂੰ ਇਕ ਵਾਰੀ ਇੰਡੀਆ ਨੂੰ ਫੋਨ ਕਰਨਾ ਪੈਣਾ ਆ।” “ਹਾਂ ਭਾਈ, ਤੂੰ ਆਪਣੇ ਮਾਪਿਆਂ ਨੂੰ ਫੋਨ ਕਰ ਦੇਵੀਂ। ਉਹ ਭੂਆ ਦੇ ਪਿੰਡ ਜਾ ਕੇ ਆਪਣੀ ਤਸੱਲੀ ਕਰ ਲੈਣ।” “ਤਸੱਲੀ ਦੀ ਤਾਂ ਕੋਈ ਗੱਲ ਨਹੀਂ, ਮੇਰਾ ਮਤਲਬ ਆ ਪਈ ਇਕ ਵਾਰੀ …।” “ਮੈਂ ਸਮਝ ਗਈ ਤੇਰੀ ਗੱਲ।” ਗਿੰਦਰ ਨੇ ਵਿਚੋਂ ਹੀ ਟੋਕਦੇ ਕਿਹਾ, “ਇੱਦਾਂ ਦੇ ਕੰਮਾਂ ਵਿਚ ਮਾਪਿਆਂ ਦੀ ਸਲਾਹ ਵੀ ਲੈਣੀ ਹੀ ਚਾਹੀਦੀ ਆ।— ਸਲਾਹ ਕਰ ਕੇ ਸਾਨੂੰ ਛੇਤੀ ਦੱਸ ਦੇਵੀਂ।” ਜਦੋਂ ਬਿੰਦੀ ਨੇ ਘਰ ਫੋਨ ਕੀਤਾ ਤਾਂ ਘਰਦਿਆਂ ਦਾ ਜਵਾਬ ਸੀ, “ਅਸੀਂ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ। ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਅਸੀਂ ਤੇਰੇ ਲਈ ਵਧੀਆ ਰਿਸ਼ਤਾ ਲੱਭ ਕੇ ਨਵੀਂ ਕੋਠੀ ਵਿਚ ਤੇਰਾ ਵਿਆਹ ਕਰਾਂਗੇ।” ਇਹ ਗੱਲ ਸੁਣ ਕੇ ਬਿੰਦੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਇਹ ਕਹਿੰਦਿਆਂ, ‘ਕੋਈ ਨਹੀਂ, ਤੁਸੀਂ ਆਪਣੀ ਕੋਠੀ ਪੂਰੀ ਕਰ ਲਉ, ਬਾਕੀ ਗੱਲ ਮੈਂ ਫਿਰ ਕਦੇ ਕਰ ਲਵਾਂਗੀ।’ ਫੋਨ ਰੱਖ ਦਿੱਤਾ ਤੇ ਗਿੰਦਰ ਨੂੰ ਆਖ ਦਿੱਤਾ ਕਿ ਘਰਦਿਆਂ ਵਲੋਂ ਰਜ਼ਾਮੰਦੀ ਮਿਲ ਗਈ ਹੈ। ਅੰਨ੍ਹਾਂ ਕੀ ਭਾਲੇ? ਦੋ ਅੱਖਾਂ। ਗਿੰਦਰ ਨੇ ਮਹੀਨੇ ਦੇ ਅੰਦਰ ਹੀ ਨੱਠ-ਭੱਜ ਕਰਕੇ ਦੋ ਚਾਰ ਬੰਦੇ ਗੁਰਦੁਆਰੇ ਸੱਦ ਕੇ ਬਿੰਦੀ ਅਤੇ ਕੁੱਕੂ ਦਾ ਵਿਆਹ ਕਰਵਾ ਦਿੱਤਾ। ਸਮਾਂ ਸੁਹਣਾ ਬੀਤਣ ਲੱਗਾ। ਪਰ ਜਿਉਂ ਹੀ ਕੁੱਕੂ ਪੱਕਾ ਹੋਇਆ ਤਿਉਂ ਹੀ ਉਸ ਦੇ ਤੇਵਰ ਬਦਲਣ ਲੱਗੇ। ਤਿੰਨ ਸਾਲ ਵੱਡੀ ਬਿੰਦੀ ਉਸ ਨੂੰ ਦੱਸ ਸਾਲ ਵੱਡੀ ਲੱਗਣ ਲੱਗ ਪਈ। ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਵੀ ਸਾਰਾ ਕੰਮ ਕਰਦੀ। ਕੁੱਕੂ ਪਾਣੀ ਦਾ ਗਿਲਾਸ ਵੀ ਆਪ ਭਰ ਕੇ ਨਾ ਪੀਂਦਾ; ਬਿੰਦੀ ਉੱਤੇ ਹੁਕਮ ਚਾੜ੍ਹਦਾ। ਪਰ ਬਿੰਦੀ ਫਿਰ ਵੀ ਆਪਣਾ ਘਰ ਵਸਦਾ ਰੱਖਣ ਲਈ ਧੱਕੇ-ਧੋੜੇ ਸਹਿੰਦੀ ਰਹੀ। ਕੁੱਕੂ ਨੇ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜਿਹੀ ਸੁਹਣੀ ਸੁਨੱਖੀ ਕੁੜੀ ਲੈ ਆਉਣ ਦਾ ਮਨ ਬਣਾ ਲਿਆ। ਬਿੰਦੀ ਨਾਲ ਇੱਟ-ਖੜਿਕਾ ਰੱਖਣ ਲੱਗਾ। ਬਿੰਦੀ ਨੇ ਕੁੱਕੂ ਦੇ ਬਦਲੇ ਹੋਏ ਰਵੱਈਏ ਬਾਰੇ ਗਿੰਦਰ ਨੂੰ ਦੱਸਿਆ। ਗਿੰਦਰ, ਜਿਹੜੀ ਪਹਿਲਾਂ ਹੀ ਸਭ ਕੁਝ ਜਾਣਦੀ ਸੀ, ਬੋਲੀ, “ਭਾਈ, ਮੈਂ ਹੁਣ ਕੀ ਕਰ ਸਕਦੀ ਹਾਂ। ਇਹ ਤਾਂ ਕੁੱਕੂ ਦੀ ਮਰਜ਼ੀ ਹੈ ਕਿ ਉਸ ਨੇ ਕੀ ਕਰਨਾ ਹੈ।” ਇਹ ਸੁਣ ਕੇ ਬਿੰਦੀ ਨੂੰ ਗੁੱਸਾ ਚੜ੍ਹ ਗਿਆ। ਭਰੀ-ਪੀਤੀ ਗਿੰਦਰ ਨੂੰ ਕਹਿਣ ਲੱਗੀ, “ਜਦੋਂ ਭਰਾ ਨੂੰ ਪੱਕਾ ਕਰਵਾਉਣਾ ਸੀ, ਉਦੋਂ ਕਿਹਦੀ ਮਰਜ਼ੀ ਚੱਲੀ ਸੀ?” “ਸ਼ੁਕਰ ਕਰ, ਤੇਰਾ ਸੰਜੋਗ ਤਾਂ ਮੈਂ ਬਣਾ’ਤਾ। ਨਹੀਂ ਤਾਂ ਦੱਸ ਤੇਰੇ ਅੱਧ-ਬੁੱਢ ਨਾਲ ਕੋਈ ਹੋਰ ਵਿਆਹ ਕਰਵਾਉਣ ਲਈ ਤਿਆਰ ਸੀ?” “ਹੁਣ ਤੈਨੂੰ ਅੱਧ-ਬੁੱਢ ਦਿਸਣ ਲੱਗ ਪਈ? ਜਦੋਂ ਮੇਰੇ ਮਗਰ ਮਗਰ ਰਿਸ਼ਤੇ ਲਈ ਫਿਰਦੀ ਸੀ, ਚੇਤਾ ਭੁੱਲ ਗਈ?” “ਤੂੰ ਹੈਂ ਜਿਉਂ ਹੂਰ-ਪਰੀ, ਤੇਰੇ ਮਗਰ ਫਿਰਦੀ ਸਾਂ ਮੈਂ। ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ।” ਗੱਲ ਬਣਨ ਦੀ ਥਾਂ ਸਗੋਂ ਹੋਰ ਵਿਗੜ ਗਈ। ਕੁੱਕੂ, ਬਿੰਦੀ ਵਾਲੀ ਬੇਸਮੈਂਟ ਛੱਡ ਕੇ ਕਿਤੇ ਹੋਰ ਚਲਾ ਗਿਆ। ਬਿੰਦੀ ਨੂੰ ਕੁਝ ਸਮਝ ਨਾ ਲੱਗੇ ਕਿ ਉਹ ਆਪਣੀ ਮਦਦ ਲਈ ਕਿਸ ਨੂੰ ਅਵਾਜ਼ ਮਾਰੇ। ਕੰਮ ਤੇ ਜਾਣ ਨੂੰ ਵੀ ਉਸ ਦਾ ਦਿਲ ਨਾ ਕਰੇ। ਕਦੇ ਬਿੰਦੀ ਸੋਚਦੀ ਜੇ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ। ਮਾਸੀ ਵੀ ਉਸ ਨਾਲ ਇਸ ਕਰਕੇ ਹੀ ਗੁੱਸੇ ਹੋਈ ਸੀ। ਮਾਪਿਆਂ ਨਾਲ ਉਸ ਦੀ ਉਦੋਂ ਦੀ ਟੁੱਟ ਗਈ ਸੀ, ਜਦੋਂ ਉਸ ਨੇ ਦੱਸਿਆ ਸੀ ਕਿ ਉਸ ਨੇ ਵਿਆਹ ਕਰਵਾ ਲਿਆ। ਗੁੱਸੇ ਵਿਚ ਲਾਲ ਪੀਲੇ ਹੋਏ ਪਿਓ ਨੇ ਕਹਿ ਦਿੱਤਾ ਸੀ, “ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਤੇ ਅਸੀਂ ਤੇਰੇ ਲਈ।” ਇਨ੍ਹਾਂ ਸੋਚਾਂ ਘਿਰੀ ਬਿੰਦੀ ਨੇ ਕਈ ਦਿਨ ਰੋਂਦੀ ਕੁਰਲਾਉਂਦੀ ਨੇ ਕੱਢੇ। ਘਰੋਂ ਬਾਹਰ ਹੀ ਨਾ ਨਿਕਲੀ। ਸਾਹਮਣੇ ਘਰ ਵਾਲੀ ਬੇਸਮੈਂਟ ਵਿਚ ਫਿਜੀ ਤੋਂ ਆਈ ਕੁਸ਼ੱਲਿਆ ਆਂਟੀ ਬਿੰਦੀ ਨੂੰ ਜਾਂਦੀ ਆਉਂਦੀ ਮਿਲ ਪੈਂਦੀ। ਇਕ ਦੂਜੀ ਨੂੰ ਹਾਏ-ਬਾਏ ਵੀ ਕਰ ਲੈਂਦੀਆਂ। ਜਦੋਂ ਕਈ ਦਿਨ ਬਿੰਦੀ ਨਾ ਦਿਸੀ ਤਾਂ ਕੁਸ਼ੱਲਿਆ ਨੇ ਆ ਬੇਸਮੈਂਟ ਦਾ ਦਰਵਾਜ਼ਾ ਖੜਕਾਇਆ। ਬਿੰਦੀ ਸੋਫੇ ਤੋਂ ਉੱਠ ਕੇ ਮਸੀਂ ਦਰਵਾਜੇ ਤਕ ਗਈ। ਕੁਸ਼ੱਲਿਆ ਆਂਟੀ ਨੂੰ ਸਾਹਮਣੇ ਦੇਖ ਕੇ ਬਿੰਦੀ ਉਸਦੇ ਗਲ਼ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਈ। “ਬਾਤ ਤੋ ਬਤਾ ਕਿਆ ਹੂਈ?” ਆਂਟੀ ਉਸ ਦੀ ਪਿੱਠ ਪਲੋਸਦੀ ਹੋਈ ਬੋਲੀ, “ਏਕ ਤੋ ਯੇਹ ਕੰਟਰੀ ਵੀ ਐਸਾ ਹੈ ਕਿ ਕਿਸੀ ਕੇ ਪਾਸ ਦੂਸਰੇ ਕੇ ਲੀਏ ਸਮਾਂ ਹੀ ਨਹੀਂ ਹੈ। ਰੋ ਮਤ, ਮੁਝੇ ਬਾਤ ਬਤਾ।” ਬਿੰਦੀ ਫਿਰ ਵੀ ਡੁਸਕਦੀ ਰਹੀ। “ਯਹਾਂ ਤੋ ਕਿਸੀ ਕੇ ਘਰ ਕਿਆ ਹੋ ਰਹਾ ਹੈ, ਪੜੋਸ ਤਕ ਖਬਰ ਨਹੀਂ ਹੋਤੀ,” ਆਂਟੀ ਫਿਰ ਆਪ ਹੀ ਬੋਲੀ, “ਜਬ ਪੁਲੀਸ ਕਾ ਗਾਡੀ ਸ਼ੋਰ ਮਚਾਤਾ ਆਤਾ ਹੈ, ਤਬ ਹੀ ਪਤਾ ਚਲਤਾ ਹੈ।” ਜਦੋਂ ਬਿੰਦੀ ਦਾ ਰੋਣਾ ਥੰਮ੍ਹਿਆ ਤਾਂ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਂਟੀ ਨੂੰ ਦੱਸੀ। ਆਂਟੀ ਨੇ ਉਸ ਨੂੰ ਆਪਣੇ ਗੱਲ਼ ਨਾਲ ਲਾ ਲਿਆ। ਉਸ ਵੇਲੇ ਬਿੰਦੀ ਨੂੰ ਆਂਟੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਜਾਪੀ। ਹੌਲੀ ਹੌਲੀ ਦੋਨੋਂ ਆਪਸ ਵਿਚ ਏਨੀਆਂ ਹੇਲ-ਮੇਲ ਹੋ ਗਈਆਂ ਕਿ ਮਾਂ ਧੀ ਦੀ ਤਰ੍ਹਾਂ ਰਹਿਣ ਲੱਗੀਆਂ। ਦੋਵਾਂ ਨੇ ਸਲਾਹ ਕਰਕੇ ਇਕ ਸਾਂਝੀ ਬੇਸਮੈਂਟ ਕਿਰਾਏ ਤੇ ਲੈ ਲਈ। ਬਿੰਦੀ ਦਾ ਮੁੜ ਬੇਕਰੀ ਵਿਚ ਕੰਮ ਕਰਨ ਨੂੰ ਦਿਲ ਨਾ ਕੀਤਾ। ਆਂਟੀ ਨੇ ਆਪਣੇ ਨਾਲ ਹੀ ਉਸ ਨੂੰ ਕੰਮ ਤੇ ਰਖਾ ਲਿਆ। ਕਲਾਸਾਂ ਵਿੱਚ ਜਾ ਕੇ ਸਿੱਖੀ ਇੰਗਲਿਸ਼ ਦਾ ਬਿੰਦੀ ਨੂੰ ਇਸ ਕੰਮ ਉੱਪਰ ਬਹੁਤ ਲਾਭ ਹੋਇਆ। ਕੰਮ ਉਤੇ ਗੋਰੇ ਗੋਰੀਆਂ ਹੀ ਕੰਮ ਕਰਦੇ ਹੋਣ ਕਾਰਨ ਬਿੰਦੀ ਖੁੱਲ੍ਹਾ ਖੁੱਲ੍ਹਾ ਮਾਹੌਲ ਮਹਿਸੂਸ ਕਰਦੀ। ਜੌਹਨ ਨਾਲ ਤਾਂ ਉਹ ਜ਼ਿਆਦਾ ਹੀ ਘੁਲਮਿਲ ਗਈ। ਕੰਮ ਤੋਂ ਕਈ ਵਾਰੀ ਉਹਨਾਂ ਨੂੰ ਉਹ ਰਾਈਡ ਦੇ ਦਿੰਦਾ। ਬਿੰਦੀ ਜਦੋਂ ਕਦੀ ਕਿਸੇ ਪਾਰਟੀ ਵਿਚ ਜਾਂਦੀ ਤਾਂ ਉਸ ਨੂੰ ਲੱਗਦਾ ਜਿਵੇਂ ਲੋਕੀਂ ਉਸ ਵੱਲ ਉਂਗਲਾਂ ਕਰ ਕਰ ਗੱਲਾਂ ਕਰ ਰਹੇ ਹੋਣ। ਕਈ ਪੰਜਾਬੀ ਮਰਦ ਉਸ ਵਲ ਇੰਜ ਦੇਖਦੇ ਜਿਵੇਂ ਉਸ ਦੀ ਕੋਈ ਇੱਜ਼ਤ ਹੀ ਨਾ ਹੋਵੇ। ਬਿੰਦੀ ਇਹ ਸਾਰੀਆਂ ਗੱਲਾਂ ਜੌਹਨ ਨਾਲ ਕਰ ਲੈਂਦੀ। ਜੌਹਨ ਉਸ ਨੂੰ ਪੂਰੀ ਇੱਜ਼ਤ ਦਿੰਦਾ। ਬਿੰਦੀ ਹੁਣ ਆਪਣਾ ਬਹੁਤਾ ਸਮਾਂ ਜੌਹਨ ਨਾਲ ਹੀ ਬਿਤਾਉਣ ਲੱਗੀ। ਕੁਸ਼ੱਲਿਆ ਆਂਟੀ ਇਹ ਸਭ ਦੇਖ ਕੇ ਖੁਸ਼ ਹੁੰਦੀ। ਪਰ ਬਿੰਦੀ, ਸਮਾਜ ਤੋਂ ਡਰਦੀ ਆਂਟੀ ਨਾਲ ਗੱਲ ਕਰਦੀ, “ਆਂਟੀ, ਗੋਰੇ ਕੇ ਸਾਥ ਮੁਝੇ ਦੇਖ ਕਰ, ਅਬ ਤੋ ਆਪਣੇ ਲੋਕ ਮੈਨੂੰ ਬਿਲਕੁਲ ਪਸੰਦ ਨਹੀਂ ਕਰਦੇ ਹੋਣਗੇ?” “ਅਪਨੇ ਲੋਗੋਂ ਨੇ ਤੁਝੇ ਦੀਆ ਹੀ ਕਿਆ ਹੈ?” ਆਂਟੀ ਬੋਲੀ, “ਜਬ ਤੂ ਮੁਸੀਬਤ ਮੇ ਥੀ ਤੋ ਕਿਸੀ ਨੇ ਦੀਆ ਤੇਰਾ ਸਾਥ? ਅਬ ਤੂ ਅਪਨੇ ਲੋਗੋਂ ਕੇ ਬਾਰੇ ਮੇ ਕਿਉਂ ਸੋਚਤੀ ਹੈ? ਜੌਹਨ ਗੋਰਾ ਹੈ, ਪਰ ਤੇਰਾ ਕਿਤਨਾ ਖਿਆਲ ਕਰਤਾ ਹੈ।” “ਆਂਟੀ, ਯੇਹ ਤੋ ਮੈਂ ਭੀ ਜਾਨਤੀ ਹੂੰ।” “ਜੌਹਨ ਬਹੁਤ ਦੇਰ ਸੇ ਮੇਰੇ ਸਾਥ ਕਾਮ ਕਰ ਰਹਾ ਹੈ। ਅੱਛਾ ਹੈ, ਉਸ ਕੀ ਬੀਵੀ ਉਸ ਕੋ ਛੋੜ ਕਰ ਕਿਸੀ ਕੇ ਸਾਥ ਭਾਗ ਗਈ।” “ਹਾਂ, ਬਤਾਇਆ ਥਾ ਉਸ ਨੇ।” ਕੁੱਕੂ ਨੇ ਪਹਿਲਾਂ ਜਦੋਂ ਬਿੰਦੀ ਨੂੰ ਤਲਾਕ ਦੇ ਪੇਪਰ ਭੇਜੇ ਸਨ ਤਾਂ ਬਿੰਦੀ ਨੇ ਦਸਖ਼ਤ ਨਹੀਂ ਸਨ ਕੀਤੇ। ਹੁਣ ਬਿੰਦੀ ਨੇ ਆਪ ਦਸਖ਼ਤ ਕਰਕੇ ਪੇਪਰ ਕੁੱਕੂ ਨੂੰ ਭੇਜ ਦਿੱਤੇ। ਉਸ ਨੂੰ ਲੱਗਾ ਜਿਵੇਂ ਉਸ ਨੇ ਕੁੱਕੂ ਦੇ ਮੂੰਹ ਉੱਤੇ ਚੁਪੇੜ ਮਾਰੀ ਹੋਵੇ। ਜੌਹਨ ਨੂੰ ਬਿੰਦੀ ਦੇ ਜਨਮਦਿਨ ਦਾ ਪਤਾ ਨਹੀਂ ਕਿਵੇਂ ਪਤਾ ਲੱਗਾ, ਉਹ ਬਿੰਦੀ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਉਸਦੇ ਘਰ ਪਹੁੰਚ ਗਿਆ। ਜਦੋਂ ਉਸ ਨੇ ਬਿੰਦੀ ਨੂੰ ‘ਹੈਪੀ ਬਰਥਡੇ ਟੂ ਯੂ’ ਕਿਹਾ ਤਾਂ ਬਿੰਦੀ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਜ਼ਿੰਦਗੀ ਵਿਚ ਪਹਿਲੀ ਵਾਰੀ ਕੋਈ ਉਸ ਦਾ ਜਨਮਦਿਨ ਮਨਾ ਰਿਹਾ ਸੀ। ਆਂਟੀ ਤੋਂ ਪੁੱਛ ਕੇ ਜੌਹਨ ਬਿੰਦੀ ਨੂੰ ਬਾਹਰ ਖਾਣੇ ਤੇ ਲੈ ਗਿਆ। ਬਿੰਦੀ ਜਦੋਂ ਘਰ ਆਈ, ਆਂਟੀ ਨੇ ਉਸ ਨੂੰ ਸਿੱਧਾ ਕਹਿ ਦਿੱਤਾ, “ਜੌਹਨ ਕੇ ਸਾਥ ਸ਼ਾਦੀ ਰਚਾ ਲੋ।” “ਆਂਟੀ, ਕਿਆ ਹੋ ਗਿਆ ਹੈ ਆਪ ਕੋ?” “ਮੈ ਠੀਕ ਕਹਿਤੀ ਹੂੰ, ਅਬ ਤੁਝ ਸੇ ਅਪਨਾ ਤੋ ਕੋਈ ਸ਼ਾਦੀ ਕਰੇਗਾ ਨਹੀਂ।” “ਜੌਹਨ ਕਰੇਗਾ?” ਹੱਸਦੀ ਹੋਈ ਬਿੰਦੀ ਨੇ ਕਿਹਾ। “ਇਸ ਕੇ ਬਾਰੇ ਮੇ ਮੈਨੇ ਉਸ ਸੇ ਬਾਤ ਕਰ ਰੱਖੀ ਹੈ।” “ਉਹ ਮੇਰੇ ਨਾਲ ਕਿਉਂ ਵਿਆਹ ਕਰੇਗਾ।” “ਵੋਹ ਬੋਲਤਾ ਹੈ ਕਿ ਇੰਡੀਅਨ ਬੀਵੀ ਖਾਨਾ ਬਹੁਤ ਅੱਛਾ ਬਨਾਤਾ ਹੈ। ਕਿਚਨ ਕਾ ਸਭ ਕਾਮ ਅਕੇਲੇ ਹੀ ਕਰ ਲੇਤਾ ਹੈ। ਪਤੀ ਕੀ ਇੱਜ਼ਤ ਭੀ ਬਹੁਤ ਕਰਤਾ ਹੈ।” ਬਿੰਦੀ ਇਹ ਗੱਲਾਂ ਸੁਣ ਕੇ ਸ਼ਰਮਾ ਗਈ। ਆਂਟੀ ਨੇ ਪਤਾ ਨਹੀਂ ਜੌਹਨ ਨਾਲ ਕੀ ਗੱਲ ਕੀਤੀ, ਉਸ ਨੇ ਸਵੇਰੇ ਹੀ ਬੇਸਮੈਂਟ ਦਾ ਦਰਵਾਜ਼ਾ ਆ ਖੜਕਾਇਆ। ਬਿੰਦੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਿੰਦੀ ਦੇ ਪੈਰਾਂ ਵਿਚ ਗੋਡਿਆਂ ਭਾਰ ਹੁੰਦਾ ਹੋਇਆ ਇਕ ਮੁੰਦੀ ਆਪਣੀ ਜੇਬ ਵਿੱਚੋਂ ਕੱਢ ਕੇ ਬੋਲਿਆ, “ਵਿੱਲ ਜੂ ਮੈਰੀ ਮੀ?” “ਯੈੱਸ!” ਬਿੰਦੀ ਨੇ ਉੱਤਰ ਦਿੱਤਾ। ਜੌਹਨ ਨੇ ਮੁੰਦੀ ਬਿੰਦੀ ਦੀ ਉਂਗਲ ਵਿਚ ਪਾ ਦਿੱਤੀ। ਕੋਲ ਖੜ੍ਹੀ ਆਂਟੀ ਨੇ ਦੋਵਾਂ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ। ਜੌਹਨ ਨਾਲ ਵਿਆਹ ਕਰਵਾਉਣ ਪਿੱਛੋਂ ਇਕ ਦਿਨ ਬਿੰਦੀ ਜੌਹਨ ਨੂੰ ਆਪਣੇ ਨਾਲ ਲੈ ਕੇ ਆਪਣੇ ਪੁਰਾਣੇ ਕੰਮ ਤੇ ਗਈ। ਜੌਹਨ ਦਾ ਹੱਥ ਫੜ ਕੇ ਕੁੜੀਆਂ ਦੇ ਸਾਹਮਣੇ ਦੀ ਲੰਘੀ ਤਾਂ ਸਾਰੀਆਂ ਦੇਖਦੀਆਂ ਰਹਿ ਗਈਆਂ। ਗਿੰਦਰ ਬੋਲ ਉੱਠੀ, “ਹਾਅ ਨੀ, ਇਹਨੇ ਗੋਰੇ ਨਾਲ ਵਿਆਹ ਕਰਵਾ ਲਿਆ।” “ਹਾਂ, ਕਰਵਾ ਲਿਆ। ਤੂੰ ਦੱਸ ਤੈਨੂੰ ਕੀ ਤਕਲੀਫ ਆ? ਤੇਰੇ ਭਰਾ ਵਾਂਗ ਕਿਸੇ ਮਤਲਬ ਲਈ ਨਹੀਂ ਕਰਵਾਇਆ।” ਇਹ ਕਹਿ ਕੇ ਬਿੰਦੀ ਅਗਾਂਹ ਤੁਰ ਪਈ। ਇਕ ਕੁੜੀ ਬੋਲੀ, “ਕੁੜੇ, ਗੋਰਾ ਵੀ ਦੇਖ ਕਿੱਦਾਂ ਦਾ ਲੱਭਿਆ।” ਦੂਜੀ ਬੋਲੀ, “ਹੁਣ ਤਾਂ ਆਪ ਵੀ ਬਥੇਰੀ ਨਿੱਖਰੀ ਫਿਰਦੀ ਆ।” ਇਹ ਗੱਲਾਂ ਸੁਣ ਬਿੰਦੀ ਨੂੰ ਲੱਗਾ, ਜਿਸ ਮਕਸਦ ਲਈ ਉਹ ਜੌਹਨ ਨੂੰ ਆਪਣੇ ਨਾਲ ਲੈ ਕੇ ਆਈ ਸੀ, ਉਹ ਪੂਰਾ ਹੋ ਗਿਆ ਸੀ। ਪਿੱਛੋਂ ਇਕ ਹੋਰ ਅਵਾਜ਼ ਆਈ, “ਹਾਅ ਕੁੜੇ, ਗੋਰੇ ਨਾਲ ਕਿਉਂ ਚਲੀ ਗਈ?” ਬਿੰਦੀ ਨੇ ਇਸ ਅਵਾਜ਼ ਦੀ ਕੋਈ ਪਰਵਾਹ ਨਾ ਕੀਤੀ। ਜੌਹਨ ਦੀ ਬਾਂਹ ਵਿਚ ਬਾਂਹ ਪਾਈ ਉਹ ਬੇਕਰੀ ਵਿੱਚੋਂ ਬਾਹਰ ਨਿਕਲ ਗਈ। |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 14 ਦਸੰਬਰ 2008) *** |