ਕੈਲਗਰੀ (ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮਿਲਣੀ 9 ਜੁਲਾਈ ਨੂੰ ਕੋਸੋ ਹਾਲ ਵਿੱਚ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਸਮਾਗਮ ਦੇ ਮੁੱਖ ਮਹਿਮਾਨ ਇੰਡੀਆ ਤੋਂ ਅੰਗਰੇਜ਼ੀ ਟ੍ਰਿਬਿਉਨ ਦੇ ਐਸੋਸੀਏਟ ਐਡੀਟਰ ਰਹੇ ਸ੍ਰ. ਰੁਪਿੰਦਰ ਸਿੰਘ ਸਨ। ਸਭਾ ਦੇ ਜਨਰਲ ਸੈਕਟਰੀ ਜਸਵੰਤ ਸਿੰਘ ਸੇਖੋਂ ਨੇ ਆਏ ਹੋਏ ਸਾਹਿਤ ਪ੍ਰੇਮੀਆ ਨੂੰ ਜੀ ਆਇਆ ਆਖਿਆ। ਰੁਪਿੰਦਰ ਸਿੰਘ, ਸਤਨਾਮ ਸਿੰਘ ਢਾਅ ਅਤੇ ਕੈਲਗਿਰੀ ਦੇ ਰੈੱਡ ਐੱਫ਼ ਐੱਮ ਰੇਡੀਓ ਦੇ ਨਿਊਜ਼ ਐਡੀਟਰ ਡਾਇਰੈਕਟਰ ਰਿਸ਼ੀ ਨਾਗਰਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਉਪਰੰਤ ਸਭਾ ਦੇ ਸੁਹਿਰਦ ਮੈਂਬਰ ਅਮਰੀਕ ਸਿੰਘ ਚੀਮਾਂ ਦੇ ਵਿਛੜ ਜਾਣ ਤੇ ਸਭਾ ਵੱਲੋਂ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕੇਸਰ ਸਿੰਘ ਨੀਰ ਨੇ ਸੰਖੇਪ ਤੇ ਭਾਵਪੂਰਵਕ ਸ਼ਬਦਾਂ ਵਿੱਚ ਰਪਿੰਦਰ ਸਿੰਘ ਦਾ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਰਪਿੰਦਰ ਸਿੰਘ ਅੰਗਰੇਜ਼ੀ ਟ੍ਰਿਬਿਉਨ ਦੇ ਐਸੋਸੀਏਟ ਐਡੀਟਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਸਾਹਿਤ ਦੀ ਸ਼ਾਹਕਾਰ ਰਚਨਾ, ‘ਮੇਰਾ ਪਿੰਡ’ ਦੇ ਰਚੇਤਾ ਗਿਆਨੀ ਦਿੱਤ ਸਿੰਘ ਅਤੇ ਬੀਬੀ ਇੰਦਰਜੀਤ ਕੌਰ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੁੱਤਰ ਹਨ। ਇਨ੍ਹਾਂ ਨੇ ਅੰਗਰੇਜ਼ੀ ਵਿੱਚ ਵਿਸ਼ਵ-ਪੱਧਰ ਦੀਆਂ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ। ਅੱਜ ਕੱਲ੍ਹ ਵਿਦੇਸ਼ਾਂ ਵਿਚਲੇ ਗੁਰੂ ਘਰਾਂ ਵਾਰੇ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ। ਸਭਾ ਵੱਲੋਂ ਉਨ੍ਹਾਂ ਨੂੰ ਦੁਸ਼ਾਲਾ ਅਤੇ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਸਵੰਤ ਸਿੰਘ ਸੇਖੋਂ ਨੇ ਪ੍ਰੋਗਰਾਮ ਦੀ ਰੂਪ ਰੇਖਾ ਦੱਸਦਿਆਂ, ਬੀਬੀ ਸੁਰਿੰਦਰ ਗੀਤ ਨੂੰ ਆਪਣੀ ਕਵਿਤਾ ਪੇਸ਼ ਕਰਨ ਲਈ ਸੱਦਾ ਦਿੱਤਾ। ਡਾ. ਜੋਗਾ ਸਿੰਘ ਸਹੋਤਾ ਨੇ ਕੈਸ਼ੀਓ ਨਾਲ ਗ਼ਜ਼ਲ ਗਾ ਕੇ ਆਪਣੀ ਦਮਦਾਰ ਅਵਾਜ਼ ਦੇ ਜਾਦੂ ਨਾਲ ਸਰੋਤੇ ਕੀਲ ਲਏ। ਡਾ. ਮਨਮੋਹਣ ਸਿੰਘ ਬਾਠ ਨੇ ਇੱਕ ਹਿੰਦੀ ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ। ਨਾਮਵਰ ਗ਼ਜ਼ਲ-ਗੋ ਕੇਸਰ ਸਿੰਘ ਨੀਰ ਨੇ ਆਪਣੇ ਨਿਵੇਕਲੇ ਅੰਦਾਜ਼ ਵਿਚ ਗ਼ਜ਼ਲ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਜਗਜੀਤ ਸਿੰਘ ਰਹਿਸੀ ਨੇ ਯਥਾਰਥ ਪੇਸ਼ ਕਰਦੇ ਸ਼ੇਅਰਾਂ ਦੀ ਵਰਖਾ ਕਰਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਸਰਬਜੀਤ ਉੱਪਲ਼ ਦੀ ਕਵਿਤਾ ਨੇ ਸਰੋਤਿਆਂ ਤੋਂ ਤਾੜੀਆਂ ਨਾਲ ਪ੍ਰਸੰਸਾ ਹਾਸਲ ਕੀਤੀ। ਗੁਰਚਰਨ ਕੌਰ ਥਿੰਦ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਉਪਰੰਤ ਸਤਨਾਮ ਸਿੰਘ ਢਾਅ ਦੀ ਮੁਲਾਕਾਤਾਂ ਦੀ ਤੀਸਰੀ ਪੁਸਤਕ ‘ਰੰਗ ਆਪੋ ਆਪਣੇ’ ਰੀਲੀਜ਼ ਕੀਤੀ ਗਈ। ਰਿਸ਼ੀ ਨਾਗਰ ਨੇ ਨਵੀਂ ਛਪੀ ਕਿਤਾਬ ਤੇ ਵਧਾਈ ਦਿੰਦਿਆਂ ਆਪਣੇ ਨਿਵੇਕਲੇ ਅੰਦਾਜ਼ ਵਿੱਚ ਪੁਸਤਕ ਦੇ ਸਾਰੇ ਪੱਖਾਂ ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਆਖਿਆ ਕਿ ਮੈਂ ਢਾਅ ਦੀਆਂ ਪਹਿਲੀਆਂ ਕਿਤਾਬਾਂ ਵੀ ਪੜ੍ਹੀਆਂ ਹਨ ਪਰ ਇਸ ਕਿਤਾਬ ਦਾ ਰੰਗ ਬਿਲਕੁਲ ਨਿਵੇਕਲਾ ਹੈ। ਮੈਂ ਇਸ ਨੂੰ ਪਹਿਲੀਆਂ ਕਿਤਾਬਾਂ ਦਾ ਸਿਖਰ ਮੰਨਦਾ ਹਾਂ। ਕੈਲਗਰੀ ਦੇ ਨਾਮਵਰ ਹਾਸ-ਵਿਅੰਗ ਦੇ ਲੇਖਕ ਤੇ ਮਨੋਵਿਗਿਆਨੀ, ਡਾ. ਮਹਿੰਦਰ ਸਿੰਘ ਹੱਲਨ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਢਾਅ ਦੀਆਂ ਮੁਲਾਕਾਤਾਂ ਵਿੱਚ ਰਵਾਨਗੀ, ਸਰਲਤਾ ਅਤੇ ਰੋਚਿਕਤਾ ਬਰਕਰਾਰ ਹੈ। ਮੁੱਖ ਮਹਿਮਾਨ ਰੁਪਿੰਦਰ ਸਿੰਘ ਨੇ ਢਾਅ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਅਸੀਂ ਸਤਨਾਮ ਸਿੰਘ ਤੋਂ ਆਸ ਕਰਦੇ ਹਾਂ ਕਿ ਇਹੋ ਜਿਹੀਆਂ ਹੋਰ ਕਿਤਾਬਾਂ ਵੀ ਲਿਖਣ। ਜਰਨੈਲ ਸਿੰਘ ਤੱਗੜ ਨੇ ਵਧਾਈ ਦਿੰਦਿਆਂ ਇਸ ਕਿਤਾਬ ਦੇ ਪਿਛੋਕੜ ਬਾਰੇ ਵਿਚਾਰ ਸਾਂਝੇ ਕੀਤੇ। ਜਗਦੇਵ ਸਿੰਘ ਸਿੱਧੂ ਨੇ ਇਸ ਕਿਤਾਬ ਦਾ ਅੱਖਰ ਅੱਖਰ ਪੜ੍ਹ ਕੇ, ਹਰ ਪੱਖ ਦੀ ਪੜਚੋਲ ਕਰਕੇ ਬਹੁਤ ਮਿਹਨਤ ਨਾਲ ਆਪਣਾ ਪਰਚਾ ਲਿਖਿਆ ਅਤੇ ਇਸ ਪੁਸਤਕ ਚਰਚਾ ਵਿੱਚ ਪੜ੍ਹ ਕੇ ਸਰੋਤਿਆਂ ਨਾਲ ਸਾਂਝਾ ਕਰਦਿਆਂ ਸਤਨਾਮ ਸਿੰਘ ਢਾਅ ਨੂੰ ਵਧਾਈ ਦਿੱਤੀ। ਉਸ ਨੇ ਆਖਿਆ ਕਿ ਇਸ ਪੁਸਤਕ ਦੀ ਸੁੰਦਰ ਛਪਾਈ, ਰੰਗਦਾਰ ਫ਼ੋਟੋ ਦੇ ਨਾਲ ਮੁਲਾਕਾਤੀਆਂ ਦੀਆਂ ਹੱਥ ਲਿਖਤਾਂ ਦਾ ਉਤਾਰਾ ਅਤੇ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਤੋਂ ਰਹਿਤ ਹੋਣਾ ਖ਼ਾਸ ਵਿਸ਼ੇਸ਼ਤਾ ਹੈ। ਦੂਜਾ ਉਨ੍ਹਾਂ ਨੇ ਢਾਅ ਵੱਲੋਂ ਪੁੱਛੇ ਗਏ ਦੋ ਸਵਾਲਾਂ ਦਾ ਖ਼ਾਸ ਜ਼ਿਕਰ ਕੀਤਾ: ਇੱਕ ਤਾਂ ਇਹ ਕਿ ਕੋਈ ਸੁਨੇਹਾ ਦਿਓ ਜੋ ਹਰ ਵਿਅਕਤੀ ਨੂੰ ਪੁੱਛਿਆ ਹੈ, ਜਿਸ ਦੇ ਜਵਾਬ ਜਤਿੰਦਰ ਪੰਨੂ ਅਤੇ ਕਹਾਣੀਕਾਰ ਜਰਨੈਲ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਅਤੇ ਸਾਨੂੰ ਸੋਚ ਵਿੱਚ ਪਾਉਣ ਵਾਲੇ ਜਵਾਬ ਦਿੱਤੇ ਹਨ। ਦੂਜਾ ਸਵਾਲ ਹੈ ਕਿ ਕੋਈ ਉਹ ਗੱਲ ਤੁਸੀਂ ਦੱਸੋ ਜੋ ਮੈਂ ਨਾ ਪੁੱਛ ਸਕਿਆ ਹੋਵਾਂ। ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਸ਼ਖ਼ਸੀਅਤਾਂ ਦੇ ਜਵਾਬ ਵੀ ਗੌਲ਼ਨ ਯੋਗ ਹਨ। ਬਹੁਤਿਆਂ ਦੇ ਜਵਾਬ ਹਨ ਕਿ ਤੁਸੀਂ ਪੁੱਛਿਆ ਹੀ ਏਨਾ ਹੈ ਕਿ ਬਾਕੀ ਪੁੱਛਣ ਵਾਲਾ ਰਿਹਾ ਹੀ ਕੁਝ ਨਹੀਂ। ਕੁਝ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਤੁਸੀਂ ਤਾਂ ਮੇਰੀ ਸਵੈ-ਜੀਵਨੀ ਦਾ ਖਰੜਾ ਹੀ ਤਿਆਰ ਕਰ ਦਿੱਤਾ ਹੈ। ਇਸ ਤੋਂ ਮੁਲਾਕਾਤ ਕਰਨ ਦੀ ਮੁਹਾਰਤ ਅਤੇ ਸਮਰੱਥਾ ਦਾ ਸਹਿਜੇ ਹੀ ਪਤਾ ਲੱਗਦਾ ਹੈ ਕਿ ਢਾਅ ਕੋਲ ਮੁਲਾਕਾਤਾਂ ਕਰਨ ਦੀ ਮੁਹਾਰਤ ਹੈ। ਇਸ ਕਿਤਾਬ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਵੱਖ ਵੱਖ ਖੇਤਰਾਂ ਦੇ ਵਿਸ਼ੇਸ਼ੱਗਾਂ ਨੂੰ ਲਿਆ ਗਿਆ ਹੈ, ਜੋ ਸਾਡੇ ਗਿਆਨ ਵਿਚ ਵਾਧਾ ਕਰਦੀ ਹੈ। ਇੱਥੇ ਇਹ ਗੱਲ ਵੀ ਹੈਰਾਨ ਕਰਦੀ ਹੈ ਕਿ ਬਹੁਤ ਸਾਰੀਆਂ ਕਿਤਾਬਾਂ ਸਾਹਿਤ ਪ੍ਰੇਮੀਆਂ ਨੇ ਮੌਕੇ ਤੇ ਖ਼ਰੀਦ ਕੇ ਪੰਜਾਬੀਆਂ ਵਿੱਚ ਕਿਤਾਬਾਂ ਨਾ ਪੜ੍ਹਨ ਦੀ ਮਿੱਥ ਨੂੰ ਝੁਠਲਾ ਦਿੱਤਾ। ਜਸਵੰਤ ਸਿੰਘ ਸੇਖੋਂ ਨੇ ਗ਼ਦਰ ਲਹਿਰ ਦੇ ਗ਼ੱਦਾਰ ਬੇਲਾ ਸਿੰਘ ਨੂੰ ਸੋਧਾਂ ਲਾਉਣ ਦਾ ਦ੍ਰਿਸ਼ ਕਵੀਸ਼ਰੀ ਰੰਗ ਵਿੱਚ ਪੇਸ਼ ਕਰਕੇ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ। ਉਸ ਦੀ ਮੰਚ ਸੰਚਾਲਨ ਦੀ ਵਿਧੀ ਹਮੇਸ਼ਾ ਦੀ ਤਰ੍ਹਾਂ ਦਿਲਚਸਪ ਤੇ ਸ਼ਲਾਘਾ ਯੋਗ ਰਹੀ। ਅਖੀਰ ਤੇ ਸਤਨਾਮ ਸਿੰਘ ਢਾਅ ਵੱਲੋਂ ਮੁਲਾਕਾਤੀ ਪ੍ਰਕ੍ਰਿਆ ਅਤੇ ਸਿਰਜਨਾ ਕਾਰਜ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ। ਸਰੋਤਿਆਂ ਅਤੇ ਪਾਠਕਾਂ ਵੱਲੋਂ ਦਿੱਤੇ ਹੌਸਲਾ-ਅਫ਼ਜ਼ਾਈ ਲਈ ਸਾਰਿਆਂ ਦਾ ਧੰਨਵਾਦ ਕੀਤਾ। ਢਾਅ ਨੇ ਖ਼ਾਸ ਕਰਕੇ ਪੰਜਾਬੀ ਮੀਡੀਆ ਤੋਂ ਪਹੁੰਚੇ ਰਿਸ਼ੀ ਨਾਗਰਾ ਅਤੇ ਹਰਬੰਸ ਬੁੱਟਰ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਵਡਮੁੱਲੇ ਵਿਚਾਰ ਸਾਂਝੇ ਕੀਤੇ, ਲਈ ਖ਼ਾਸ ਧੰਨਵਾਦ ਕੀਤਾ। *** |