ਡਾ. ਪ੍ਰੀਤਮ ਸਿੰਘ ਕੈਂਬੋ ਦੇ ਆਪਣੇ ਸ਼ਬਦਾਂ ਵਿਚ ਉਸ ਦੇ ਜਨਮ ਤੇ ਵਿੱਦਿਆ ਬਾਰੇ ਜਾਣਨਾ ਸੁਭਾਵਕ ਲੱਗੇਗਾ। ਜਿਹਾ ਕਿ :- * ਮੇਰਾ ਜਨਮ ਸਥਨ ਪਿੰਡ ਭੁੱਲਾ ਰਾਈ, ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ (ਪੰਜਾਬ) ਹੈ। ਮੇਰੀ ਵਿੱਦਿਆ ਐੱਮ.ਏ, ਪੀਐੱਚ.ਡੀ ਤਕ ਹੈ। ਮੈਂ ਬਤੌਰ ਟੀਚਰ ਰਿਟਾਇਰ ਹੋਇਆ ਸੀ। ਪਹਿਲੋਂ ਸਰਕਾਰੀ ਦਫ਼ਤਰ ਵਿਚ ਕੰਮ ਵੀ ਕੀਤਾ ਸੀ। ਮੇਰੀ ਮਾਤਾ ਜੀ ਦਾ ਨਾਂ ਸ੍ਰੀਮਤੀ ਰਤਨ ਕੌਰ ਸੀ ਤੇ ਪਿਤਾ ਸਰਦਾਰ ਕਿਸ਼ਨ ਸਿੰਘ। ਮੈਂ 1970 ਵਿਚ ਇੰਗਲੈਂਡ ਵਿਖੇ ਵਾਊਚਰ ਦੀ ਪ੍ਰਾਪਤੀ ਕਰ ਕੇ ਆਇਆ ਸੀ। ਇੱਥੇ ਆ ਕੇ ਇਕ ਫੈਕਟਰੀ ਵਿਚ ਵੀ ਕੰਮ ਕੀਤਾ ਸੀ ਤੇ ਬਾਅਦ ਵਿਚ ਟੀਚਿੰਗ ਵਿਚ ਆ ਗਿਆ ਸੀ। ਡਾ. ਪ੍ਰੀਤਮ ਸਿੰਘ ਕੈਂਬੋ ਦਾ ਸਕੂਲੀ ਵਿੱਦਿਆ ਸਮੇਂ ਹੀ ਸਾਹਿਤ ਨਾਲ ਲਗਾਉ ਹੋ ਗਿਆ ਸੀ। ਕਵਿਤਾ ਵੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਇਹ ਝੁਕਾਅ ਹੌਲੀ-ਹੌਲੀ ਵਿਕਸਤ ਹੋ ਗਿਆ ਤੇ ਸਾਹਿਤ ਨਾਲ ਰਿਸ਼ਤਾ ਗੂੜ੍ਹਾ ਤੇ ਸਦੀਵੀਂ ਹੋ ਗਿਆ। ਡਾ. ਕੈਂਬੋ ਦੀਆਂ ਜਿਹੜੀਆਂ ਪੁਸਤਕਾਂ ਹੁਣ ਤਕ ਪਾਠਕਾਂ ਦੇ ਹੱਥਾਂ ’ਚ ਪੁਜੀਆਂ ਹਨ, ਉਹ ਹਨ ‘ਬਰਤਾਨਵੀ ਪੰਜਾਬੀ ਸਾਹਿਤ’, ‘ਬਰਤਾਨਵੀ ਪੰਜਾਬੀ ਕਵਿਤਾ : ਇਕ ਦ੍ਰਿਸ਼ਟੀ’, ‘ਬਰਤਾਨਵੀ ਪੰਜਾਬੀ ਕਵਿਤਾ ‘ਅਧਿਐਨ ਤੇ ਮੁਲਾਂਕਣ’, ‘ਧੁਖਦਾ ਗੋਹਟਾ’ (ਕਹਾਣੀਆਂ), ‘ਦਿਸ਼ਾਵਾਂ’ (ਕਹਾਣੀਆਂ), ‘ਜਬਤਸ਼ੁਦਾ ਪੰਜਾਬੀ ਕਵਿਤਾ : ਇਕ ਆਲੋਚਨਾਤਮਕ ਅਧਿਐਨ’ (ਖੋਜ), ‘ਸਿਰਜਣਾ ਤੇ ਸੰਵਾਦ’ (ਮੁਲਾਕਾਤਾਂ)। ਅੱਗੋਂ ਇਹ ਪੰਜ ਪੁਸਤਕਾਂ ਸੰਪਾਦਤ ਕੀਤੀਆਂ ਹਨ : ‘ਇੰਟਰਨੈਸ਼ਨਲ ਪੰਜਾਬੀ ਸਾਹਿਤ’, ਗਿਆਨੀ ਮੱਖਣ ਸਿੰਘ ਅਭਿਨੰਦਨ ਗ੍ਰੰਥ’, ‘ਹਰਦੇਵ ਸਿੰਘ ਢੇਸੀ ਰਚਨਾਵਲੀ’, ‘ਪ੍ਰੋ. ਪ੍ਰੀਤਮ ਸਿੰਘ : ਜੀਵਨ, ਸ਼ਖ਼ਸੀਅਤ ਤੇ ਰਚਨਾ’ ਅਤੇ ‘ਪ੍ਰੋ. ਪਿਆਰਾ ਸਿੰਘ ਪਦਮ ਸਿਮਰਤੀ ਗ੍ਰੰਥ’। ਉਪਰੋਕਤ ਤੋਂ ਇਲਾਵਾ ਡਾ. ਪ੍ਰੀਤਮ ਸਿੰਘ ਕੈਂਬੋ ਨੇ 2 ਪੁਸਤਕਾਂ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤੀਆਂ ਹਨ। ਉਪਰਲੀਆਂ ’ਚੋਂ ਪਹਿਲੀਆਂ ਤਿੰਨ ਪੁਸਤਕਾਂ ਆਲੋਚਨਾ ਦੀਆਂ ਹਨ। ਇਨ੍ਹਾਂ ’ਚੋਂ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ (ਅਧਿਐਨ ਤੇ ਮੁਲਾਂਕਣ) ਦੇ ਆਰੰਭ ਵਿਚ ਡਾ. ਕੈਂਬੋ ਨੇ ਲਿਖਿਆ ਹੈ ਕਿ ‘ਬਰਤਾਨਵੀ ਪੰਜਾਬੀ ਕਵਿਤਾ ਸਬੰਧੀ ਲੇਖਾਂ ਨੂੰ 1991 ਵਿਚ ਪਹਿਲਾਂ ਮੈਂ ਆਪਣੀ ਪੁਸਤਕ ‘ਬਰਤਾਨਵੀ ਪੰਜਾਬੀ ਸਾਹਿਤ’ ਵਿਚ ਅੰਕਿਤ ਕੀਤਾ ਸੀ। ਉਸ ਸੰਗ੍ਰਹਿ ਵਿਚ ਕਵਿਤਾ ਸਬੰਧੀ ਲੇਖਾਂ ਤੋਂ ਇਲਾਵਾ ਖੋਜ ਭਰਪੂਰ ਤੇ ਹੋਰ ਵਾਰਤਕ ਬਾਰੇ ਲੇਖ ਵੀ ਸਨ। ਇਸ ਤੋਂ ਬਾਅਦ ਮੈਂ 1999 ਵਿਚ ਬਰਤਾਨਵੀ ਪੰਜਾਬੀ ਕਵਿਤਾ ਸਬੰਧੀ ਅਗਲੀ ਪੁਸਤਕ ਦੀ ਰਚਨਾ ਕੀਤੀ ਜਿਸ ਵਿਚ ਦੋ ਲੇਖਾਂ ਵਿਚ ਬਰਤਾਨਵੀ ਪੰਜਾਬੀ ਕਵਿਤਾ ਬਾਰੇ ਅਧਿਐਨ ਕਰਦਿਆਂ ਮੁਲਾਂਕਣ ਪੇਸ਼ ਕੀਤਾ ਸੀ। ਇਸ ਦੇ ਇਲਾਵਾ ਲਗਪਗ 17 ਕਵੀਆਂ ਦੀ ਰਚਨਾ ਸਬੰਧੀ ਵਿਚਾਰ ਅੰਕਿਤ ਕੀਤੇ ਸਨ। ਇਹ ਬਰਤਾਨਵੀ ਪੰਜਾਬੀ ਕਵਿਤਾ ਸਬੰਧੀ ਪਹਿਲਾ ਭਾਗ ਸੀ। ਹੱਥਲੀ ਰਚਨਾ ਵਿਚ ਬਰਤਾਨਵੀ ਪੰਜਾਬੀ ਕਵਿਤਾ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਸੰਕਲਨ ਵਿਚ ਪੁਰਾਤਨ ਤੇ ਨਵੀਨ ਕਵੀਆਂ ਬਾਰੇ ਲਿਖਿਆ ਗਿਆ ਹੈ। 25 ਕਵੀਆਂ ਦੇ ਰਚਨਾਤਮਕ ਸੰਸਾਰ ਨਾਲ ਸਮੀਖਿਆਤਮਕ ਸਾਂਝ ਪਵਾਈ ਗਈ ਹੈ। ਡਾ. ਪ੍ਰੀਤਮ ਸਿੰਘ ਕੈਂਬੋ ਨੇ ਆਲੋਚਨਾਤਮਕ ਕਾਰਜ ਦੇ ਨਾਲ-ਨਾਲ ਸਿਰਜਣਾਤਮਕ ਕਾਰਜ ਵੀ ਕੀਤਾ ਹੈ। ‘ਧੁਖਦਾ ਗੋਹਟਾ’ ਤੇ ‘ਦਿਸ਼ਾਵਾਂ’ ਕਹਾਣੀ ਸੰਗ੍ਰਹਿ ਉਸਦੇ ਪਾਠਕਾਂ ਨੇ ਪੜ੍ਹੇ ਹਨ ਜਿਨ੍ਹਾਂ ’ਚ ਕੁੱਲ 21 ਕਹਾਣੀਆਂ ਹਨ। ਇਨ੍ਹਾਂ ਵਿਚ ਪਰਵਾਸ ਨੂੰ ਵੀ ਬਿਰਤਾਂਤ ਦਾ ਵਿਸ਼ਾ ਬਣਾਇਆ ਗਿਆ ਹੈ ਤੇ ਮਾਨਵਵਾਦੀ ਨਜ਼ਰੀਏ ਨੂੰ ਵੀ ਕੇਂਦਰ ’ਚ ਰੱਖਿਆ ਗਿਆ ਹੈ। ਸੱਭਿਆਚਾਰਕ ਟਕਰਾਅ ਦੇ ਨਾਂਹ-ਪੱਖੀ ਪ੍ਰਭਾਵ ਵੀ ਕੁਝ ਕਹਾਣੀਆਂ ’ਚੋਂ ਸਾਹਮਣੇ ਆਉਦੇ ਹਨ। ‘ਭਾਗਵੰਤੀ’, ‘ਇੰਤਕਾਲ’, ‘ਰੰਗ ਦੀ ਦੀਵਾਰ’, ‘ਆਪਣਾ ਲਹੂ’, ‘ਮਮਤਾ’, ‘ਅਸੀਸ’ ਤੇ ‘ਸੁਪਨਿਆਂ ਦੀ ਸਿਰਜਣਾ’ ਆਦਿ ਕਹਾਣੀਆਂ ਤਾਂ ਮਾਨਵੀ ਵੇਦਨਾ ਦੀਆਂ ਵਧੀਆ ਮਿਸਾਲਾਂ ਹਨ। ਡਾ. ਕੈਂਬੋ ਦੀ ਕਥਾ ਸ਼ੈਲੀ ਬੜੀ ਗੁੰਦਵੀਂ ਤੇ ਦਿਲਚਸਪ ਹੈ। ਡਾ. ਕੈਂਬੋ ਦੀ ਅਗਲੀ ਪੁਸਤਕ ਜਬਤਸ਼ੁਦਾ ਪੰਜਾਬੀ ਕਵਿਤਾ ਬਾਰੇ ਹੈ ਜਿਸ ’ਚ ਬ੍ਰਿਟਿਸ਼ ਪ੍ਰੈੱਸ ਪਾਲਿਸੀ ਤੇ ਰਾਸ਼ਟਰੀ ਲਹਿਰਾਂ ਦੇ ਸੰਦਰਭ ਵਿਚ ਗੱਲ ਕੀਤੀ ਗਈ ਹੈ। ਇਹ ਪੁਸਤਕ ਡਾ. ਕੈਂਬੋ ਦੇ ਥੀਸਿਸ ਦਾ ਸੋਧਿਆ ਹੋਇਆ ਰੂਪ ਹੈ। ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸਾਹਿਤਕ ਇਤਿਹਾਸ ਨੂੰ ਜਾਣਨ-ਪਰਖਣ ਲਈ ਲਈ ਇਹ ਵੀ ਇਕ ਮਹੱਤਵਪੂਰਨ ਪੁਸਤਕ ਹੈ। ਡਾ. ਕੈਂਬੋ ਦੀ ਪੁਸਤਕ ‘ਸਿਰਜਣਾ ਤੇ ਸੰਵਾਦ’ ਵਿਚ ਗਿਆਰਾਂ ਨਾਮੀ ਲਿਖਾਰੀਆਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਐੱਸ.ਐੱਸ. ਅਮੋਲ, ਪ੍ਰਿੰ. ਸੁਜਾਨ ਸਿੰਘ, ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਡਾ. ਕਿਰਪਾਲ ਸਿੰਘ, ਡਾ. ਕਰਨੈਲ ਸਿੰਘ ਥਿੰਦ, ਪ੍ਰੋ. ਪਿਆਰਾ ਸਿੰਘ ਭੋਗਲ, ਜਸਵੰਤ ਸਿੰਘ ਵਿਰਦੀ, ਡਾ. ਸਤਿਆਨੰਦ ਸੇਵਕ, ਬਚਿੰਤ ਕੌਰ ਤੇ ਨਜ਼ੀਰ ਕਹੂਟ ਦੇ ਨਾਂ ਸ਼ਾਮਲ ਹਨ। ਮੁਲਾਕਾਤਾਂ ਦੀ ਇਹ ਪੁਸਤਕ ਬਹੁਤ ਮਾਅਰਕੇ ਦੀ ਤੇ ਸੱਜਰੇ ਸਾਹਿਤ ਵਾਂਗ ਪੜ੍ਹੀ ਜਾਣ ਵਾਲੀ ਹੈ। ਸੰਪਾਦਿਤ ਕੀਤੀਆਂ ਪੁਸਤਕਾਂ ਵਿਚ ਪ੍ਰੋ. ਪਿਆਰਾ ਸਿੰਘ ਪਦਮ ਦਾ ਸਿਮਰਤੀ ਗ੍ਰੰਥ 580 ਪੰਨਿਆਂ ਦਾ ਹੈ ਜਿਸ ਵਿਚ ਇਕ ਸੌ ਗਿਆਰਾਂ ਬੰਦਿਆਂ ਦੇ ਵਿਚਾਰ ਹਨ ਪਦਮ ਜੀ ਬਾਰੇ। ਇਹ ਪੁਸਤਕ ਪ੍ਰੋ. ਪਿਆਰਾ ਸਿੰਘ ਪਦਮ ਦੇ ਉਸਤਾਦ ਗਿਆਨੀ ਅਰਜਨ ਸਿੰਘ ਤੇ ਪਦਮ ਜੀ ਦੇ ਪੈਰ ਚਿੰਨ੍ਹਾਂ ’ਤੇ ਤੁਰਨ ਵਾਲੇ ਲੇਖਕਾਂ/ਪਾਠਕਾਂ ਦੇ ਨਾਮ ਕੀਤੀ ਗਈ ਹੈ। ਇਸੇ ਤਰ੍ਹਾਂ ‘ਪ੍ਰੋ. ਪ੍ਰੀਤਮ ਸਿੰਘ: ਜੀਵਨ, ਸ਼ਖ਼ਸੀਅਤ ਤੇ ਰਚਨਾ’ ਪੁਸਤਕ ’ਚ 80 ਸੂਝਵਾਨਾਂ ਦੇ ਵਿਚਾਰ ਦਰਜ ਹਨ ਪ੍ਰੋ. ਪ੍ਰੀਤਮ ਸਿੰਘ ਬਾਰੇ। ਇੰਜ ਹੀ ਬਾਕੀ ਪੁਸਤਕਾਂ ਵੀ ਬੜੀਆਂ ਪਾਏ ਦੀਆਂ ਤੇ ਆਪਣਾ ਚਿਰ ਸਥਾਈ ਪ੍ਰਭਾਵ ਰੱਖਣ ਵਾਲੀਆਂ ਹਨ। ਡਾ. ਪ੍ਰੀਤਮ ਸਿੰਘ ਕੈਂਬੋ ਨਾਲ ਹੋਏ ਵਿਚਾਰ ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਸਾਂਝੇ ਕੀਤੇ ਜਾਂਦੇ ਹਨ:- * ਲਿਖਣ ਲਈ ਸਾਧਨਾ ਬਹੁਤ ਜ਼ਰੂਰੀ ਹੈ। ਇਸ ਸਾਧਨਾ ਦਾ ਅਮਲ ਪੜ੍ਹਨ ਪ੍ਰਕਿਰਿਆ ਨਾਲ ਸ਼ੁਰੂ ਹੁੰਦਾ ਹੈ। ਸਾਧਨਾ ਤੇ ਗਿਆਨ ਦਾ ਅਮਲ ਨਿਰੰਤਰਤਾ ਦਾ ਅਮਲ ਹੈ। ਗਿਆਨ ਤੇ ਸਾਧਨਾ ਨਾਲੋ ਨਾਲ ਚੱਲਣ ਵਾਲੇ ਅਮਲ ਹਨ ਅਤੇ ਅੰਤਰ ਸਬੰਧਿਤ ਵੀ ਹੈ। ਇਸ ਲਈ ਲੇਖਕ ਜਿੰਨਾ ਵੀ ਪੜ੍ਹ ਸਕਦਾ ਹੈ, ਉਸ ਨੂੰ ਪੜ੍ਹਨਾ ਚਾਹੀਦਾ ਹੈ। * ਬਰਤਾਨਵੀ ਪੰਜਾਬੀ ਸਾਹਿਤ ਦੀ ਮੌਜੂਦਾ ਸਥਿਤੀ ਸੰਤੋਖਜਨਕ ਨਹੀਂ ਹੈ। ਲੇਖਕ ਅੱਜ ਕੱਲ੍ਹ ਆਮ ਤੌਰ ’ਤੇ ਫ਼ੋਨ ਰਾਹੀਂ ਜਾਂ ਜੂਮ ਮੀਟਿੰਗਾਂ ਕਰਦੇ ਹਨ। ਕੁਝ ਕੁ ਥਾਵਾਂ ’ਤੇ ਟਾਂਵੀਆਂ-ਟਾਂਵੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਸਹੀ ਮਾਅਨਿਆਂ ਵਿਚ ਲਿਖਾਰੀਆਂ ਵਿਚ ਤਾਲਮੇਲ ਨਹੀਂ ਹੋ ਰਿਹਾ। * ਬਰਤਾਨੀਆ ਵਿਚ ਪਲ਼ ਰਹੀ ਨਵੀਂ ਪੀੜ੍ਹੀ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਨਾਲ ਜੁੜੀ ਹੋਈ ਹੈ। ਪੰਜਾਬੀ ਸਾਹਿਤਕ ਪਰੰਪਰਾ ਨਾਲ ਜੁੜੀ ਪੀੜ੍ਹੀ ਘਟਦੀ ਜਾ ਰਹੀ ਹੈ। ਪੁਰਾਤਨ ਪੀੜ੍ਹੀ ਦਾ ਚੱਲਦਾ ਵਿਰਸਾ ਪੂਰਨ ਰੂਪ ਵਿਚ ਨਵੀਨ ਪੀੜ੍ਹੀ ਨਹੀਂ ਅਪਣਾ ਸਕਦੀ। ਜਿਨ੍ਹਾਂ ਦੇ ਹਿਰਦਿਆਂ ਵਿਚ ਆਪਣੇ ਮੂਲ ਕਲਚਰ ਨਾਲ ਪਿਆਰ ਅਤੇ ਬਜ਼ੁਰਗ ਲੇਖਕਾਂ ਦੇ ਕੀਤੇ ਕਾਰਜ ਦੀ ਇੱਜ਼ਤ ਹੈ, ਉਹ ਨਿਰਸੰਦੇਹ ਉਨ੍ਹਾਂ ਦੀਆਂ ਸਾਹਿਤਕ ਰਵਾਇਤਾਂ ਨੂੰ ਅੱਗੇ ਤੋਰਨਗੇ। ਪ੍ਰੰਤੂ ਇਹ ਗਿਣਤੀ ਦਿਨ-ਬ-ਦਿਨ ਘਟਣੀ ਹੈ ਕਿਉਕਿ ਪੁਰਾਤਨ ਪੀੜ੍ਹੀ ਦੀਆਂ ਲੀਹਾਂ ’ਤੇ ਚੱਲਣ ਵਾਲੇ ਲੇਖਕ ਘਟਦੇ ਜਾਣਗੇ। * ਪੰਜਾਬੀ ਸਾਹਿਤ ਆਲੋਚਨਾ ਪਹਿਲਾਂ ਨਾਲੋਂ ਵਿਕਸਿਤ ਹੋਈ ਹੈ ਅਤੇ ਹੋ ਰਹੀ ਹੈ। ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਪੰਜਾਬੀ ਸਾਹਿਤ ਦੇ ਵਿਕਸਣ ਵਿਚ ਭਾਰਤੀ ਪੰਜਾਬ ਤੇ ਵਿਦੇਸ਼ਾਂ ਵਿਚ ਵਿਚਰ ਰਿਹਾ ਪੰਜਾਬੀ ਅਮਲ ਦਾ ਅੰਤਰ ਹੈ। ਭਾਰਤੀ ਪੰਜਾਬ ਦਾ ਮਾਹੌਲ ਨਿਰਸੰਦੇਹ ਵਿਕਾਸ ਵਾਲਾ ਹੈ। ਬਰਤਾਨੀਆ ਵਿਚ ਮੇਰੀ ਜਾਚੇ ਜਿਹੜੇ ਲੇਖਕ ਕੁਝ ਵੱਧ ਸਰਗਰਮ ਹਨ, ਉਹ ਹਨ: ਡਾ. ਗੁਰਦਿਆਲ ਸਿੰਘ ਰਾਏ, ਡਾ. ਕਰਨੈਲ ਸਿੰਘ ਸ਼ੇਰਗਿੱਲ, ਡਾ. ਦਵਿੰਦਰ ਕੌਰ, ਗੁਰਸ਼ਰਨ ਸਿੰਘ ਅਜੀਬ, ਭੁਪਿੰਦਰ ਸਿੰਘ ਸੱਗੂ ਤੇ ਗੁਰਚਰਨ ਸਿੰਘ ਸੱਗੂ। * ਨਾਵਲ-ਕਹਾਣੀ ਦੇ ਮੁਕਾਬਲੇ ਕਵਿਤਾ ਵੱਧ ਲਿਖੇ ਜਾਣ ਦਾ ਕਾਰਨ ਭਾਵੁਕਤਾ ਹੈ। ਇਨਸਾਨ ਦਾ ਭਾਵੁਕ ਹੋਣਾ ਝਟਕੀ-ਭਟਕੀ ਦਾ ਅਮਲ ਹੈ। * ਉਮਰ ਦੇ ਇਸ ਅੰਤਿਮ ਪੜਾਅ ਉੱਤੇ ਹੁਣ ਮੇਰੀ ਸਿਰਜਣਾਤਮਿਕਤਾ ਘਟਦੀ ਜਾ ਰਹੀ ਹੈ। ਕੋਈ ਮਿੱਥੀ ਹੋਈ ਯੋਜਨਾ ਨਹੀਂ ਹੈ। ਸਿਹਤ ’ਤੇ ਬਹੁਤ ਨਿਰਭਰ ਕਰਦਾ ਹੈ। ਫਿਰ ਵੀ ਜੋ ਕੁਝ ਬਣੇ-ਸਰੇਗਾ, ਕਰੀ ਜਾਵਾਂਗਾ। ਨਿਰਸੰਦੇਹ ਡਾ. ਪ੍ਰੀਤਮ ਸਿੰਘ ਕੈਂਬੋ ਇਕ ਸਮਰੱਥ ਤੇ ਸਾਹਿਤਕ ਕਾਬਲੀਅਤ ਸੰਪੰਨ ਕਹਾਣੀਕਾਰ ਤੇ ਆਲੋਚਕ ਹੈ। ਉਸ ਦੀਆਂ ਲਿਖਤਾਂ ਵਿਚ ਲੋਹੜੇ ਦੀ ਗੰਭੀਰਤਾ ਹੈ, ਗਿਆਨ ਹੈ, ਪ੍ਰੇਰਨਾ ਹੈ ਤੇ ਨਵੀਂ ਖੋਜ ਲਈ ਪੂਰਨੇ ਹਨ। ਬਰਤਾਨੀਆ ਵਿਚ ਉਸ ਦੀ ਹਾਜ਼ਰੀ ਆਪਣੀ ਵਿਸ਼ੇਸ਼ ਵਿਲੱਖਣਤਾ ਦੀ ਧਾਰਨੀ ਹੈ। |