ਹਰਭਗਵਾਨ ਸਿੰਘ ਤੇ ਆਗਿਆਕਾਰ ਸਿੰਘ ਆਪਸ ਵਿੱਚ ਸਾਂਢੂ ਸਾਂਢੂ ਸਨ। ਹਰਭਗਵਾਨ ਖੇਤੀਬਾੜੀ ਯੂਨੀਵਰਸਿਟੀ ਤੋਂ 1972 ਵਿੱਚ ਪਲਾਂਟ ਪੈਥੌਲੋਜੀ ਵਿੱਚ ਐਮ. ਐਸ. ਸੀ. ਦੀ ਪੜ੍ਹਾਈ ਕਰਨ ਉਪਰੰਤ ਉੱਥੇ ਹੀ ਲੈਕਚਰਾਰ ਲੱਗ ਗਿਆ ਸੀ। ਆਗਿਆਕਾਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ. ਏ. ਅਰਥ ਸ਼ਾਸਤਰ ਸੀ ਤੇ ਲਾਗੇ ਦੇ ਇੱਕ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਸੀ। ਦੋਨੋਂ ਦੁਆਬੇ ਵਿੱਚ ਇੱਕ ਚੰਗੇ ਘਰ ਵਿਆਹੇ ਹੋਏ ਸਨ। ਦੋਹਾਂ ਦੀਆਂ ਘਰਵਾਲੀਆਂ ਹਾਈ ਸਕੂਲਾਂ ਵਿੱਚ ਸਾਇੰਸ ਅਧਿਆਪਕਾਂਵਾਂ ਸਨ। 1973 ਦੇ ਕਰੀਬ ਆਸਟਰੇਲੀਆ ਦੀ ‘ਵਾਈਟ ਆਸਟਰੇਲੀਆ ਪਾਲਿਸੀ’ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਤੇ ਦੁਨੀਆਂ ਦੇ ਬਾਕੀ ਦੇਸ਼ਾਂ ਤੋਂ ਇਧਰ ਨੂੰ ਵੀ ਮਾੜਾ ਮਾੜਾ ਪ੍ਰਵਾਸ ਸ਼ੁਰੂ ਹੋ ਗਿਆ ਸੀ। ਵੱਧ ਪ੍ਰਵਾਸ ਸਹੀ ਮਾਅਨਿਆਂ ਵਿੱਚ 1991 ਤੋਂ ਬਾਅਦ ਸ਼ੁਰੂ ਹੋਇਆ ਸੀ। 1992 ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਾਫੀ ਲੋਕ ਆਸਟਰੇਲੀਆ ਪਹੁੰਚ ਗਏ ਸਨ। ਬਹੁਤੇ ਪੜ੍ਹੇ ਲਿਖੇ ਉਦੋਂ ਸ਼ਾਇਦ 126 ਇੰਡੀਪੈਂਡੈਂਟ ਕੈਵੇਗਰੀ ਵਿੱਚ ਪੁਆਇੰਟ ਸਿਸਟਮ ਦੇ ਆਧਾਰ ਤੇ ਆਏ ਸਨ। ਹਰਭਗਵਾਨ ਵੀ ਇਸ ਸਾਲ ਹੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ ਸੀ। ਆਗਿਆਕਾਰ ਨੇ ਕਦੋਂ ਪਿੱਛੇ ਰਹਿਣਾ ਸੀ? ‘ਆਫਟਰ ਆਲ’ ਉਹ ਹਰਭਗਵਾਨ ਦਾ ਸਾਂਢੂ ਸੀ। ਉਸ ਨੇ ਅਰਜੀ ਪਾਈ, ਉਹ ਵੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ। ਸਾਂਢੂ ਆਪਸ ਵਿੱਚ ਘੱਟ ਹੀ ਬੋਲਦੇ ਹੁੰਦੇ ਸਨ। ਹਾਂ, ਭੈਣਾਂ ਇੱਕ ਦੂਜੀ ਨੂੰ ਗੁਰਦੁਆਰੇ ਅਕਸਰ ਮਿਲ ਲੈਂਦੀਆਂ ਸਨ। ਓਪਰਾ ਮੇਲ ਮਿਲਾਪ ਸੀ। ਅੰਦਰਲੀ ਗੱਲ ਸਾਂਢੂ ਤਾਂ ਕਦੀ ਕਰਦੇ ਹੀ ਨਹੀਂ। ਸਰਕਾਰ ਪ੍ਰਵਾਸੀ ਨੂੰ ਆਸਟਰੇਲੀਆ ਵਿੱਚ ਪਹੁੰਚਦੇ ਸਾਰ ਸੋਸ਼ਲ ਸਿਕਿਉਰਟੀ ਦੇ ਕੁਝ ਪੈਸੇ ਦੇ ਦਿੰਦੀ ਸੀ। ਇਹਨਾਂ ਨਾਲ ਛੋਟੇ ਘਰ ਦਾ ਕਿਰਾਇਆ ਤੇ ਰੋਟੀ ਦਾ ਖਰਚਾ ਪੂਰਾ ਹੋ ਜਾਂਦਾ ਸੀ। ਬਾਕੀ ਗੁਰੂ ਘਰ ਵਿੱਚ ਲੰਗਰ ਤਾਂ ਅਤੁੱਟ ਚੱਲਦਾ ਹੀ ਸੀ। ਦੋਹਾਂ ਸਾਂਢੂਆਂ ਤੇ ਭੈਣਾਂ ਨੇ ਸ਼ੁਰੂ ਵਿੱਚ ਕੋਈ ਨੌਕਰੀ ਲੈਣ ਲਈ ਹੱਥ ਪੈਰ ਮਾਰੇ ਪਰ ਚੱਜ ਨਾਲ ਗੱਲ ਨਾ ਬਣੀ। ਫਿਰ ਦੋਹਾਂ ਟੱਬਰਾਂ ਨੇ ਪੰਜਾਬ ਤੋਂ ਸਿਡਨੀ ਆਏ ਬਾਕੀ ਪੜ੍ਹੇ ਲਿਖੇ ਪ੍ਰਵਾਸੀਆਂ ਬਾਰੇ ਪਤਾ ਕੀਤਾ। ਉਹਨਾਂ ਵਿੱਚੋਂ ਕਈ ਗ੍ਰਿਫਤ ਸ਼ਹਿਰ ਵਿੱਚ ਜਾ ਕੇ ਫਲ ਸਬਜ਼ੀਆਂ ਤੋੜਨ ਦਾ ਕੰਮ ਕਰਨ ਲੱਗ ਪਏ ਸਨ। ਉਹਨਾਂ ਨਾਲ ਰਾਬਤਾ ਕਾਇਮ ਕਰਕੇ ਹਰਭਗਵਾਨ ਤਾਂ ਪਰਿਵਾਰ ਸਮੇਤ ਗ੍ਰਿਫਤ ਸ਼ਹਿਰ ਚਲਾ ਗਿਆ ਤੇ ਆਗਿਆਕਾਰ ਵੂਲਗੂਲਗਾ ਪਹੁੰਚ ਗਿਆ। ਪੰਜ ਛੇ ਮਹੀਨੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਇਹਨਾਂ ਕੋਲ ਗੁਜ਼ਾਰੇ ਜੋਗੇ ਪੈਸੇ ਹੋਣੇ ਸ਼ੁਰੂ ਹੋ ਗਏ। ਫਿਰ ਇਹਨਾਂ ਦੇ ਸਿਡਨੀ ਵੱਲ ਨੂੰ ਆਉਣ ਲਈ ਅੰਗ ਫਰਕਣ ਲੱਗ ਪਏ। ਹਰਭਗਵਾਨ ਨੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਲਈ ਅਰਜ਼ੀ ਪਾਈ, ਕੰਮ ਆਸਾਨੀ ਨਾਲ ਬਣ ਗਿਐ ਤੇ ਉਹ ਇਸ ਜਾਬ ਤੇ ਲੱਗ ਗਿਆ। ਬੱਚੇ ਸਕੂਲਾਂ ਵਿੱਚ ਦਾਖਲ ਕਰਾ ਦਿੱਤੇ ਤੇ ਜ਼ਿੰਦਗੀ ਦੀ ਗੱਡੀ ਸੋਹਣੀ ਰਿੜ੍ਹ ਪਈ। ਸਕੂਲਾਂ ਵਿੱਚ ਪੀ ਆਰ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਨਹੀਂ ਸੀ। ਆਗਿਆਕਾਰ ਤੇ ਉਸਦੀ ਘਰਵਾਲੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਸਿਕਿਉਰਟੀ ਦਾ ਕੋਰਸ ਕੀਤਾ ਤੇ ਉਹ ਏਅਰਪੋਰਟ ਤੇ ਸਿਕਿਉਰਟੀ ਗਾਰਡ ਲੱਗ ਗਿਆ। ਉਸ ਦੀ ਘਰ ਵਾਲੀ ਪਰਮਦੀਪ ਕੌਰ ਡਾਕਖਾਨੇ ਵਿੱਚ ਮੇਲ ਸੌਰਟਰ (mail sorter) ਲੱਗ ਗਈ। ਹਰਭਗਵਾਨ ਦੀ ਘਰਵਾਲੀ ਗੁਰਮੀਤ ਕੌਰ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਚੁਣੀ ਗਈ ਸੀ। ਹੁਣ ਦੋਹਾਂ ਪਰਿਵਾਰਾਂ ਦਾ ਰੋਜ਼ ਦਾ ਕੰਮ ਇੱਕ ਦੂਜੇ ਬਾਰੇ ਸੂਹਾਂ ਲੈਣਾ ਸੀ। ਦੌੜ ਇਹ ਲੱਗੀ ਰਹਿੰਦੀ ਸੀ ਕਿ ਅੱਗੇ ਕੌਣ ਨਿਕਲਦਾ ਏ। ਦੋਹਾਂ ਪਰਿਵਾਰਾਂ ਦੇ ਚਾਰ ਹੀ ਪਰੋਢ ਜੀਆਂ ਦਾ ਸਾਰਾ ਜ਼ੋਰ ਵਧੀਆ ਤੋਂ ਵਧੀਆ ਰੈਜੂਮੇ ਤਿਆਰ ਕਰਨ ਤੇ ਲੱਗਾ ਰਹਿੰਦਾ ਸੀ। ਆਪਣੇ ਤੋਂ ਪਹਿਲਾਂ ਇਹਨਾਂ ਜਾਬਾਂ ਤੇ ਕੰਮ ਕਰਦੇ ਕਰਮਚਾਰੀਆਂ ਦੀ ਸਲਾਹ ਲੈਣੀ ਇਹਨਾਂ ਦਾ ਦੂਜਾ ਕੰਮ ਸੀ। ਯੂਨਿਟਾਂ ਰੂਪੀ ਛੋਟੇ ਘਰ ਦੋਹਾਂ ਪਰਿਵਾਰਾਂ ਨੇ ਨੌਕਰੀਆਂ ਮਿਲਦੇ ਸਾਰ ਹੀ ਖਰੀਦ ਲਏ ਸਨ। ਪੇਅ ਸਲਿਪ ਭਾਵੇਂ ਮਿੱਟੀ ਦੀ ਹੀ ਕਿਉਂ ਨਾ ਹੋਵੇ, ਕਰਜ਼ਾ ਲੈਣ ਵਿੱਚ ਜਾਦੂ ਦਾ ਕੰਮ ਕਰਦੀ ਏ। ਚੌਹਾਂ ਜੀਆਂ ਦਾ ਹੀ ਸ਼ਿਫਟ ਵਰਕ ਸੀ। ਬੱਚੇ ਤਾਂ ਆਏ ਹੀ ਕੁਝ ਵੱਡੇ ਹੋ ਕੇ ਸਨ। ਉਹ ਖੁਦ ਹੀ ਤਿਆਰ ਹੋ ਕੇ ਸਕੂਲਾਂ ਨੂੰ ਚਲੇ ਜਾਇਆ ਕਰਦੇ ਸਨ। ਬੱਚਿਆਂ ਦੀ ਚੋਣਵੇਂ ਸਕੂਲਾਂ ਵਿੱਚ ਜਾਣ ਦੀ ਉਮਰ ਪਹਿਲਾਂ ਹੀ ਲੰਘ ਚੁੱਕੀ ਸੀ। ਵੈਸੇ ਵੀ ਜੇ ਲੋਕ ਲੇਟ ਉਮਰ ਵਿੱਚ ਬਾਹਰ ਨੂੰ ਆਉਂਦੇ ਹਨ ਤਾਂ ਉਹਨਾਂ ਲਈ ਇਥੋਂ ਦੇ ਸਰਕਾਰੀ ਸਕੂਲ ਵੀ ਭਾਰਤ ਦੇ ਸਭ ਕਿਸਮ ਦੇ ਸਕੂਲਾਂ ਤੋਂ ਉੱਪਰ ਲੱਗਦੇ ਰਹਿੰਦੇ ਹਨ। ਭਾਰਤੀ ਅਕਸਰ ਇਹੀ ਦੇਖਦੇ ਹਨ ਕਿ ਬੱਚਾ ਅੰਗਰੇਜ਼ੀ ਕਿੱਥੇ ਵੱਧ ਬੋਲਦਾ ਏ। ਜਦ ਬੱਚੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਆ ਗਏ ਤਾਂ ਪੜ੍ਹਾਈ ਦੇ ਮਿਆਰ ਵੱਲ ਪੰਜਾਬੀ ਘੱਟ ਹੀ ਧਿਆਨ ਹੀ ਦਿੰਦੇ ਹਨ। ਪੰਜਾਬੀਆਂ ਲਈ ਪਟਰ ਪਟਰ ਅੰਗਰੇਜ਼ੀ ਬੋਲਣਾ ਹੀ ਸਭ ਤੋਂ ਵੱਡਾ ਸਟੈਂਡਰਡ ਹੈ। ਹਰਭਗਵਾਨ ਦੇ ਮੁੰਡੇ ਜਸਰਾਜ ਦਾ ਨਾਮ ਹੁਣ ਜੇਸਨ ਚਲਦਾ ਸੀ। ਕੁੜੀ ਜਸਕਿਰਨ ਕੌਰ ਦਾ ਗੋਰਿਆਂ ਜਿਹਾ ਨਾਮ ਜੈਸੀਕਾ ਚਲਦਾ ਸੀ। ਆਗਿਆਕਾਰ ਦੀ ਲੜਕੀ ਕੁਲਵਿੰਦਰ ਦਾ ਛੋਟਾ ਨਾਮ ਕਾਇਲੀ ਤੇ ਮੁੰਡੇ ਹਰਪ੍ਰੀਤ ਦਾ ਛੋਟਾ ਨਾਮ ਹੈਰੀ ਚੱਲਦਾ ਸੀ। ਆਗਿਆਕਾਰ ਦੀ ਹਰ ਸਮੇਂ ਇਹੀ ਕੋਸ਼ਿਸ਼ ਸੀ ਕਿ ਰੇਲਵੇ ਦੇ ਸਟੇਸ਼ਨ ਅਟੈਂਡੈਂਟ ਦੀ ਜਾਬ ਤੱਕ ਪਹੁੰਚੇ। ਗਾਰਡ ਤੱਕ ਪਹੁੰਚਣਾ ਅਜੇ ਦੂਰ ਦੀ ਗੱਲ ਲੱਗਦੀ ਸੀ। ਦੋ ਕੁ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਉਹ ਇਹ ਜਾਬ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ। ਹਰਭਗਵਾਨ ਉਸ ਤੋਂ ਅੱਗੇ ਹੀ ਰਹਿਣਾ ਚਾਹੁੰਦਾ ਸੀ। ਉਸਨੇ ਗਾਰਡ ਦੀ ਜਾਬ ਦੀ ਦੋ ਕੁ ਵਾਰ ਕੋਸ਼ਿਸ਼ ਕੀਤੀ। ਆਖਰ ਉਹ ਬਣ ਗਿਆ। ਆਗਿਆਕਾਰ ਹੁਣ ਗਾਰਡ ਬਣਨ ਲਈ ਤਰਲੋ ਮੱਛੀ ਸੀ ਤੇ ਹਰਭਗਵਾਨ ਟਰੇਨ ਡਰਾਈਵਰ ਬਣਨ ਲਈ ਲੂਹਰੀਆਂ ਲੈਂਦਾ ਸੀ। ਇਹ ਕਸ਼ਮਕਸ਼ ਦੋ ਤਿੰਨ ਸਾਲ ਚਲਦੀ ਰਹੀ। ਪਰਮਦੀਪ ਡਾਕਖਾਨੇ ਤੋਂ ਛੁਟਕਾਰਾ ਪਾ ਕੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਬਣ ਕੇ ਓਵਰ ਟਾਈਮ ਲਗਾਉਣ ਨੂੰ ਝੂਰਦੀ ਸੀ ਤੇ ਗੁਰਮੀਤ ਤਾਂ ਹੁਣ ਤਕਰੀਬਨ ਟ੍ਰੇਨ ਗਾਰਡ ਬਣਨ ਹੀ ਵਾਲੀ ਸੀ। ਉੱਧਰ ਬੱਚਿਆਂ ਦੀ ਖਿੱਚ ਹੈਚ. ਐਸ. ਸੀ. ਦੀਆਂ ਪ੍ਰੀਖਿਆਵਾਂ ਵਿੱਚੋਂ ਚੰਗੇ ਤੋਂ ਚੰਗੇ ਨੰਬਰ ਲੈਣ ਦੀ ਦੌੜ ਵੀ ਚੱਲ ਰਹੀ ਸੀ। ਇਹਨਾਂ ਦਾ ਡਾਕਟਰੀ ਦੀ ਪੜ੍ਹਾਈ ਵੱਲ ਜਾਣਾ ਤਾਂ ਮੁਸ਼ਕਿਲ ਸੀ। ਕਿਉਂਕਿ ਇਹਨਾਂ ਦਾ ਆਧਾਰ ਓਨਾਂ ਮਜਬੂਤ ਨਹੀਂ ਸੀ। ਹਰਭਗਵਾਨ ਦੀ ਲੜਕੀ ਫਾਰਮੇਸੀ ਤੱਕ ਪਹੁੰਚ ਗਈ। ਲੜਕਾ ਅਜੇ ਹੈਚ. ਐਸ. ਸੀ. ਵਿੱਚ ਹੀ ਸੀ। ਆਗਿਆਕਾਰ ਦਾ ਲੜਕਾ ਬਿਜ਼ਨਸ ਦੀ ਡਿਗਰੀ ਕਰਨ ਲੱਗ ਪਿਆ ਸੀ। ਉਹ ਵੀ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ। ਉਸਨੂੰ ਹਰ ਵੇਲੇ ਇਹ ਤੌਖਲਾ ਸੀ ਕਿ ਹਰਭਗਵਾਨ ਦੀ ਕੁੜੀ ਫਾਰਮੇਸੀ ਵਿੱਚ ਚਲੀ ਗਈ। ਉਹ ਵੀ ਸਿਡਨੀ ਯੂਨੀਵਰਸਿਟੀ ਵਿੱਚ। ਸਿਡਨੀ ਯੂਨੀਵਰਸਿਟੀ ਚੰਗੀਆਂ ਵਿੱਚ ਗਿਣੀ ਜਾਂਦੀ ਸੀ ਤੇ ਵੈਸਟਰਨ ਸਿਡਨੀ ਕੁਝ ਮਾੜੀਆਂ ਵਿੱਚ। ਆਗਿਆਕਾਰ ਦੀ ਕੋਸ਼ਿਸ਼ ਸੀ ਕਿ ਉਸਦੀ ਲੜਕੀ ਸਿਡਨੀ ਯੂਨੀਵਰਸਿਟੀ ਵਿੱਚ ਜਾਵੇ ਜਾਂ ਫਿਰ ਯੂ. ਟੀ. ਐਸ. ਵਿੱਚ। ਹਰਭਗਵਾਨ ਵੀ ਹਰ ਸਮੇਂ ਆਪਣੇ ਲੜਕੇ ਲਈ ਯੂ. ਟੀ. ਐਸ. ਦੀ ਕਲਪਨਾ ਕਰਕੇ ਰੱਖਦਾ ਸੀ। ਹੋ ਗਿਆ ਦੋਹਾਂ ਲਈ ਮਾੜਾ। ਦੋਹਾਂ ਦੇ ਦੋਨੋਂ ਛੋਟੇ ਬੱਚੇ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਹੀ ਦਾਖਲਾ ਲੈਣ ਦੇ ਯੋਗ ਹੋ ਸਕੇ। ਇਹ ਮੈਨੂੰ ਯਾਦ ਨਹੀਂ ਉਹਨਾਂ ਨੇ ਕੀ ਕੀ ਕੋਰਸ ਕੀਤੇ ਸਨ। ਖ਼ੈਰ! ਚਾਰੇ ਬੱਚੇ ਡਿਗਰੀਆਂ ਪ੍ਰਾਪਤ ਕਰਕੇ ਸੋਹਣੀਆਂ ਨੌਕਰੀਆਂ ਤੇ ਲੱਗ ਗਏ। ਜਸਰਾਜ ਉਰਫ ਜੇਸਨ ਨੇ ਇਟੈਲੀਅਨ ਨਾਲ ਵਿਆਹ ਕਰਵਾ ਲਿਆ। ਕਾਇਲੀ ਇੱਕ ਗੋਰੇ ਨਾਲ ਰਹਿਣ ਲਈ ਜ਼ਿਦ ਕਰ ਗਈ। ਵਿਆਹਾਂ ਵਾਸਤੇ ਦੋਹਾਂ ਸਾਂਢੂਆਂ ਨੂੰ ਆਪਣੀ ਹਾਰ ਮੰਨਣੀ ਪਈ। ਦੋਹਾਂ ਦੀ ਇੱਛਾ ਸੀ ਕਿ ਬੱਚੇ ਆਪਣੀ ਜਾਤ ਬਰਾਦਰੀ ਵਿੱਚ ਚੰਗੇ ਪਰਿਵਾਰਾਂ ਨਾਲ ਆਪਣਾ ਰਿਸ਼ਤਾ ਗੰਢਣ। ਪ੍ਰੰਤੂ ਇੱਥੇ ਇਹ ਦੋਨੋਂ ਕਾਮਯਾਬ ਨਾ ਹੋ ਸਕੇ। ਹੁਣ ਦੋਵਾਂ ਸਾਢੂਆਂ ਦੀਆਂ ਉਮਰਾਂ 70 ਦੇ ਕਰੀਬ ਹੋ ਗਈਆਂ ਸਨ। ਜਾਬਾਂ ‘ਚੋਂ ਦੋਨੋਂ ਸੇਵਾ ਮੁਕਤ ਹੀ ਨਾ ਹੋਣ। ਸੋਚੀ ਜਾਣ ਜਿਹੜਾ ਸੇਵਾ ਮੁਕਤ ਹੋਊ ਉਹ ਹਾਰਿਆ ਹੋਇਆ ਸਮਝਿਆ ਜਾਊ ਜਾਂ ਇਹ ਕਹੋ ਕਿ ਡਾਲਰਾਂ ਦੀ ਘਾਟ ਦੋਹਾਂ ਤੋਂ ਹੀ ਨਹੀਂ ਸਹਾਰੀ ਜਾਂਦੀ ਸੀ। ਕੁਝ ਸਾਲ ਪਹਿਲਾਂ ਮੇਰੇ ਕੈਨੇਡਾ ਜਾਣ ਤੋਂ ਪਹਿਲਾਂ ਦੋਹਾਂ ਪਾਸ ਸੋਹਣੇ ਘਰ ਸਨ। ਹਰਭਗਵਾਨ ਪਾਸ 5 ਕਮਰਿਆਂ ਵਾਲਾ ਘਰ ਕੁਏਕਰਜ ਹਿੱਲ ਵਿੱਚ ਸੀ। ਉਸਨੇ ਦੋ ਕੁ ਘਰ ਹੋਰ ਲੈ ਕੇ ਕਿਰਾਏ ਤੇ ਵੀ ਦਿੱਤੇ ਹੋਏ ਸਨ। ਉਹ ਅਜੇ ਬੈਲਾ ਵਿਸਟਾ(Bella Vista) ਵੱਲ ਨੂੰ ਵਧਣਾ ਚਾਹੁੰਦਾ ਸੀ। ਆਗਿਆਕਾਰ ਅਜੇ ਪਲੰਪਟਨ (Pumpton) ਵਿੱਚ ਪੰਜ ਕਮਰਿਆਂ ਦੇ ਘਰ ਵਿੱਚ ਰਹਿੰਦਾ ਸੀ। ਉਹ ਝੂਰਦਾ ਤਾਂ ਬੌਖਮ ਹਿਲ (Baulkham) ਵਿੱਚ ਵੱਡਾ ਘਰ ਲੈਣ ਬਾਰੇ ਸੀ। ਪਰ ਸਫ਼ਲ ਨਹੀਂ ਸੀ ਹੋ ਰਿਹਾ। ਉਸ ਨੇ ਵੈਸੇ ਇੱਕ ‘ਦੋ ਕਮਰਾ’ ਘਰ ਲੈ ਕੇ ਕਿਰਾਏ ਤੇ ਦਿੱਤਾ ਹੋਇਆ ਸੀ। ਦੋਨੋਂ ਸਾਂਢੂਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਨਵਾਂ ਖਰੀਦਿਆ ਘਰ, ਚਾਰ ਕੁ ਸਾਲ ਬਾਅਦ, ਵੇਚ ਕੇ ਉਸ ਵਿੱਚੋਂ ਕੁਝ ਨਫ਼ਾ ਕਮਾ ਕੇ ਅੱਗੇ ਹੋਰ ਇੱਕ ਘਰ ਲੈ ਲਿਆ ਜਾਵੇ ਤੇ ਉਹ ਕਿਰਾਏ ‘ਤੇ ਦੇ ਦਿੱਤਾ ਜਾਵੇ। ਘਰਾਂ ਨੂੰ ਵੇਚ ਵੇਚ ਕੇ ਹਰ ਭਗਵਾਨ ਤਾਂ ਬੈਲਾ ਵਿਸਟਾ ਵਿੱਚ ਕਾਫੀ ਸ਼ਾਹੀ ਘਰ ਲੈਣ ਵਿੱਚ ਕਾਮਯਾਬ ਹੋ ਗਿਆ ਸੀ। ਪ੍ਰੰਤੂ ਆਗਿਆਕਾਰ ਪਲੰਪਟਨ ਤੋਂ ਅੱਗੇ ਨਾ ਵੱਧ ਸਕਿਆ। ਇਸ ਤੋਂ ਬਾਅਦ ਮੇਰਾ ਇਹਨਾਂ ਪਰਿਵਾਰਾਂ ਨਾਲ ਕਾਫੀ ਲੰਬਾ ਸਮਾਂ ਨਾਤਾ ਟੁੱਟਿਆ ਰਿਹਾ ਕਿਉਂਕਿ ਮੈਂ ਦੂਸਰੇ ਦੇਸ਼ ਚਲਾ ਗਿਆ ਸਾਂ। ਪਿਛਲੇ ਸਾਲ ਵਿਸਾਖੀ ਦੇ ਮੇਲੇ ਤੇ ਲੋਕਾਂ ਦਾ ਕਾਫੀ ਇਕੱਠ ਸੀ। ਮੈਂ ਵੀ ਮੇਲੇ ਵਿੱਚ ਗਿਆ ਹੋਇਆ ਸਾਂ। “ਅੰਕਲ, ਮੈਂ ਜਸਰਾਜ ਹਾਂ। ਤੁਸੀਂ ਕਿਸੇ ਵੇਲੇ ਸਾਡੇ ਘਰ ਆਉਂਦੇ ਹੁੰਦੇ ਸੀ। ਉਦੋਂ ਮੈਂ 12 ਕੁ ਸਾਲ ਦਾ ਸਾਂ।” “ਅੰਕਲ ਡੈਡ ਤਾਂ ਪੂਰੇ ਹੋ ਗਏ ਸਨ। ਮੰਮੀ ਜੀ ਠੀਕ ਹਨ।” “ਜੀ ਹਾਂ, ਕਿਡਨੀਆਂ ਦੇ ਮਰੀਜ਼ ਸਨ। ਸਾਲ ਕੁ ਡਾਇਲਾਈਸਸ ਤੇ ਰਹੇ ਤੇ ਫਿਰ ਪੂਰੇ ਹੋ ਗਏ। ਮਾਸੜ ਜੀ ਉਹਨਾਂ ਤੋਂ ਦੋ ਸਾਲ ਪਹਿਲਾਂ ਪੂਰੇ ਹੋ ਗਏ ਸਨ।” “ਮਾਸੜ ਤਾਂ 70 ਦਾ ਸੀ ਤੇ ਡੈਡ 72 ਦਾ। ਮਾਸੜ ਨੂੰ ਦਿਲ ਦਾ ਦੌਰਾ ਪਿਆ ਸੀ।” “ਬਾਬਾ ਜੀ ਅਜੇ ਵੀ ਠੀਕ ਹਨ। 91 ਸਾਲ ਦੇ ਹਨ। ਦਾਦੀ ਪੂਰੀ ਹੋ ਗਈ ਸੀ।” “ਛੇ ਸਾਲ ਪਹਿਲਾਂ ਗਏ ਸਾਂ।” “ਸਾਰਿਆਂ ਨੇ ਜਾਣਾ ਸੀ। ਕਿਉਂਕਿ ਨਾਨਕਿਆਂ ਵਿੱਚ ਵਿਆਹ ਸੀ।” “ਸਾਡੇ ਘਰ ਮਾਮੇ ਦੇ ਲੜਕੇ ਦਾ।” “ਦਾਦਾ ਜੀ ਤਾਂ ਡੈਡੀ ਨੂੰ ਮਿਲਣ ਲੱਗੇ ਫੁੱਟ ਫੁੱਟ ਕੇ ਰੋ ਪਏ ਸੀ। ਬਾਕੀ ਸਭ ਤਾਂ ਠੀਕ ਰਿਹਾ ਸੀ। ਪਰ ਡੈਡ ਤੇ ਮਾਸੜ ਉੱਥੇ ਵੀ ਚੰਗਾ ਜਲੂਸ ਕੱਢ ਕੇ ਆਏ ਸਨ। ਉਦੋਂ ਸਿਹਤ ਦੋਹਾਂ ਦੀ ਠੀਕ ਸੀ।” “ਵਿਆਹ ਤੇ ਗਾਣੇ ਵਾਲੀ ਆਈ ਹੋਈ ਸੀ। ਮਾਸੜ ਨੇ ਪੰਗਾ ਲੈ ਲਿਆ ਸਾਡੇ ਨਾਲ। ਦੋ ਕੁ ਵਾਰ 100-00 ਦੇ ਨੋਟ ਗਾਣੇ ਵਾਲੀ ਵੱਲ ਨੂੰ ਕਰ ਦਿੱਤੇ। ਡੈਡੀ ਨੇ ਜੋਸ਼ ਵਿੱਚ ਆ ਕੇ ਪੰਜ-ਪੰਜ ਸੌ ਦੇ ਨੋਟਾਂ ਦੀ ਥੱਦੀ ਗਾਣੇ ਵਾਲੀ ਵੱਲ ਨੂੰ ਸੁੱਟ ਦਿੱਤੀ। ਗਾਣੇ ਵਾਲੀ ਕਦੀ ਇੱਧਰ ਨੂੰ ਨੋਟ ਚੁੱਕਣ ਦੌੜੇ ਤੇ ਕਦੀ ਉੱਧਰ ਨੂੰ। ਪੀਤੀ ਦੋਹਾਂ ਦੀ ਬਥੇਰੀ ਸੀ। ਡੈਡੀ ਤੋਂ ਕਹਿ ਹੋ ਗਿਆ ‘ਨਿੱਤਰ ਉਏ ਮੈਦਾਨ ਵਿੱਚ ਭੂਤਨੀ ਦਿਆ।’ ਮਾਸੜ ਡੈਡੀ ਵੱਲ ਨੂੰ ਵਧਿਆ। ਲੋਕਾਂ ਨੇ ਦੋਹਾਂ ਨੂੰ ਫੜ ਲਿਆ। ਹੱਥੋ ਪਾਈ ਮਸਾਂ ਮਸਾਂ ਬਚੀ। ਮਾਮੇ ਦੇ ਮੁੰਡੇ ਭਿੰਦੇ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਪੰਡਾਲ ਵਿੱਚ ਦਬੀੜਾਂ ਲੱਗ ਗਈਆਂ। ਕੁਰਸੀਆਂ ਉਲਟਦੀਆਂ ਫਿਰਨ। ਗਲਾਸੀਆਂ ਤੇ ਸੋਢੇ ਦੀਆਂ ਬੋਤਲਾਂ ਕੀਚਰਾਂ ਕੀਚਰਾਂ ਹੋ ਗਈਆਂ।” “ਇੱਥੇ ਤਾਂ ਠੀਕ ਸਨ। ਜਦ ਬਿਮਾਰ ਹੋਏ ਉਦੋਂ ਵੀ ਟੱਬਰ ਘੱਟ ਹੀ ਮਿਲੇ। ਆਣਾ ਜਾਣਾ ਘੱਟ ਹੀ ਸੀ। ਨਾਲੇ ਮਾਸੜ ਤਾਂ ਅਚਾਨਕ ਹੀ ਪੂਰਾ ਹੋ ਗਿਆ ਸੀ। ਹਾਂ, ਮੰਮੀ ਤੇ ਅਸੀਂ ਕਦੀ ਕਦੀ ਗੁਰਦੁਆਰੇ ਮਿਲਦੇ ਰਹਿੰਦੇ ਸਾਂ।” “ਸਿੱਧੇ ਕ੍ਰੀਮੇਸ਼ਨ ਗਰਾਊਂਡ ਗਏ ਸਾਂ। ਘਰੇ ਨਹੀਂ ਗਏ। ਕ੍ਰੀਮੇਸ਼ਨ ਵੇਲੇ ਵੀ ਜਿੱਤ ਸਾਡੀ ਹੀ ਹੋਈ ਸੀ।” “ਸਾਡੀ ਤੇ ਮਾਸੜ ਜੀ ਦੀ ਤਕਰੀਬਨ 35 ਸਾਲ ਤੋਂ ਦੌੜ ਲੱਗੀ ਹੋਈ ਸੀ। ਕਦੀ ਕਦੀ ਉਹ ਸਮਝਣ ਉਹ ਜਿੱਤ ਗਏ ਅਸੀਂ ਹਾਰ ਗਏ ਤੇ ਕਦੀ ਅਸੀਂ ਸਮਝੀਏ ਅਸੀਂ ਜਿੱਤ ਗਏ ਤੇ ਉਹ ਹਾਰ ਗਏ। ਬਾਹਰ ਨੂੰ ਦੌੜਨ ਵੇਲੇ ਵੀ, ਇਸ ਦੇਸ਼ ਵਿੱਚ ਸੈਟ ਹੋਣ ਵੇਲੇ ਵੀ, ਗ੍ਰਿਫਤ ਤੋਂ ਸਿਡਨੀ ਵੱਲ ਨੂੰ ਦੌੜਨ ਵੇਲੇ ਵੀ, ਨੌਕਰੀਆਂ ਲੱਭਣ ਵੇਲੇ ਵੀ, ਘਰ ਖਰੀਦਣ ਵੇਲੇ ਵੀ, ਵੱਡੇ ਘਰ ਬਣਾਉਣ ਵੇਲੇ ਵੀ, ਮਾੜੇ ਰਿਹਾਇਸ਼ੀ ਇਲਾਕਿਆਂ ਤੋਂ ਚੰਗੇ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਦੌੜਨ ਵੇਲੇ ਵੀ, ਬੱਚਿਆਂ ਦੀ ਪੜ੍ਹਾਈ ਵੇਲੇ ਵੀ, ਬੱਚਿਆਂ ਨੂੰ ਸੈੱਟ ਕਰਨ ਵੇਲੇ ਵੀ, ਪੰਜਾਬ ਦੇ ਗੇੜੇ ਮਾਰਨ ਵੇਲੇ ਵੀ, ਦੁਨੀਆਂ ਦਾ ਟੂਰ ਲਗਾਉਣ ਵੇਲੇ ਵੀ, ਕਾਰਾਂ ਖਰੀਦਣ ਵੇਲੇ ਵੀ, ਦੂਰ ਮੰਜਲੇ ਵਿਆਹਾਂ (destination weddings) ਦੀ ਰਿਸੈਪਸ਼ਨ ਕਰਨ ਵੇਲੇ ਵੀ ਤੇ ਹੋਰ ਵੀ ਅਨੇਕਾਂ ਵਾਰੀ। ਜੇ ਉਹ ਜਸਲੀਨ ਦੀ destination wedding ਲਈ ਮਸਾਂ ਫਿਜ਼ੀ ਗਏ ਤਾਂ ਅਸੀਂ ਮੇਰੇ ਵਿਆਹ ਤੇ ਇਟਲੀ ਗਏ ਸਾਂ।” “ਅੰਕਲ, ਤੁਸੀਂ ਦੱਸੋ ਅੱਜ ਕੱਲ ਕਿਹੜਾ ਪੰਜਾਬੀ ਟੁੱਟੇ ਜਿਹੇ ਸ਼ਮਸ਼ਾਨ ਘਾਟ ਵਿੱਚ ਮੁਰਦੇ ਨੂੰ ਫੂਕਦਾ ਏ। ਅਸੀਂ ਆਪਣੇ ਡੈਡ ਦੇ ਦਾਗ ਕੈਸਲਬਰੁਕ ਦੇ ਕ੍ਰੀਮੇਟੋਰੀਅਮ (crematorium) ਵਿੱਚ ਦਿੱਤੇ। ਇਸ ਸ਼ਮਸ਼ਾਨ ਘਾਟ ਨੂੰ ਦੇਖ ਕੇ ਬੰਦੇ ਦੀ ਭੁੱਖ ਲਹਿੰਦੀ ਏ। ਇਹ ਸਵਰਗਾਂ ਦਾ ਬਾਗ (garden of Eden) ਲੱਗਦਾ ਏ। ਫੁੱਲਾਂ ਦੀਆਂ ਕਿਆਰੀਆਂ ਨਾਲ ਭਰਿਆ ਪਿਆ ਏ ਸਾਰਾ ਖੁੱਲਾ ਡੁੱਲਾ ਇਲਾਕਾ (No parking problem)। ਕਾਮੇ ਹਰ ਸਮੇਂ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹੀ ਰਹਿੰਦੇ ਹਨ। ਡੈਡ ਦੇ ਦਾਗਾਂ ਦੀ ਲਾਈਵ ਸਟਰੀਮਿੰਗ ਵੀ ਚੱਲੀ ਸੀ। ਵੀਡੀਓ ਵਾਲੇ ਚੰਗੇ ਪੈਸੇ ਲੈ ਗਏ ਸਨ। ਦੂਜੇ ਪਾਸੇ ਮਾਸੜ ਦਾ ਸੁਣ ਲਓ। ਦਾਗ ਪਲੰਪਟਨ (Plumpton) ਤੋਂ ਪਰ੍ਹੇ ਕਿਤੇ ਟੁੱਟੇ ਜਿਹੇ ਸ਼ਮਸ਼ਾਨ ਘਾਟ ਵਿੱਚ ਦਿੱਤੇ। ਕਹਿੰਦੇ ਕ੍ਰੀਮੇਟੋਰੀਅਮ ਵੀ ਪੁਰਾਣਾ ਜਿਹਾ ਸੀ। ਬੈਠਣ ਲਈ ਹਾਲ ਵੀ ਘਟੀਆ ਜਿਹਾ। ਹੋਰ ਤਾਂ ਹੋਰ ਸਾਲਿਆਂ ਤੋਂ ਲਾਈਵ ਸਟਰੀਮਿੰਗ ਵੀ ਨਹੀਂ ਕਰਵਾ ਹੋਈ। ਉਦਾਂ ਦੇ ਸ਼ਮਸ਼ਾਨ ਤੋਂ ਤਾਂ ਬੰਦਾ ਨਰਕਾਂ ਨੂੰ ਹੀ ਜਾਊ, ਅੰਕਲ ਜੀ। ਅਸੀਂ ਡੈਡ ਦਾ ਘਰ ਠਾਠ ਨਾਲ ਭੋਗ ਪਾਇਆ। ਮਾਸੜ ਦਾ ਕੰਮ ਗੁਰਦੁਆਰੇ ਹੀ ਨਿਬੇੜ ਆਏ। ਆਖਰਕਾਰ ਵੀ ਸਾਡੀ ਹੀ ਜਿੱਤ ਹੋਈ। ਸਾਡੇ ਘਰ ਇਸ ਜਿੱਤ ਦੀਆਂ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ।” ਮੈਂ ਮੁੰਡੇ ਦਾ ਆਖਰੀ ਜਿੱਤ ਵਾਲਾ ਵਿਚਾਰ ਸੁਣ ਕੇ ਹੈਰਾਨ ਰਹਿ ਗਿਆ। ਸਾਡੇ ਸੱਭਿਆਚਾਰ ਵਿੱਚ ਸਾਂਢੂ ਜਿਹੇ ਰਿਸ਼ਤੇ ਕਈ ਐਸੇ ਹਨ ਜਿਹੜੇ ਕਦਮ ਕਦਮ ਤੇ ਜਿੱਤ ਹਾਰ ਤਲਾਸ਼ਦੇ ਰਹਿੰਦੇ ਹਨ। ਵਾਹਿਗੁਰੂ! ਵਾਹਿਗੁਰੂ!! ਟੇਢੀ ਲੱਕੜੀ ਨੂੰ ਸ਼ਾਇਦ ਅੱਗ ਹੀ ਸਿੱਧਾ ਕਰਦੀ ਏ!! |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**